gurdeep-pb

ਗੁਰਦੀਪ ਸਿੰਘ ਬਰਾੜ

(ਪ੍ਰਗਤੀਸ਼ੀਲ ਜੈਵਿਕ ਕਿਸਾਨ)

ਇੱਕ ਵਿਅਕਤੀ ਦੇ ਜਾਗਰੂਕ ਹੋਣ ਦੀ ਕਹਾਣੀ: ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ

ਲੋਕਾਂ ਦੇ ਜਾਗਰੂਕ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੇ ਉਹਨਾਂ ਚੀਜ਼ਾਂ ਨਾਲ ਸਹਿਮਤ ਹੋਣਾ ਬੰਦ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰਦੀਆਂ। ਕਿਹਾ ਜਾਂਦਾ ਹੈ ਕਿ ਜਦੋ ਕੋਈ ਵਿਅਕਤੀ ਕਿਸੇ ਚੰਗੇ ਕੰਮ ਵੱਲ ਮੁੜਦਾ ਹੈ ਤਾਂ, ਰਸਤੇ ‘ਤੇ ਕਈ ਵਾਰ ਇਕੱਲਾ ਵੀ ਮਹਿਸੂਸ ਹੁੰਦਾ ਹੈ, ਪਰ ਜਿਹੜੀਆਂ ਆਦਤਾਂ ਜਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਪਿੱਛੇ ਛੱਡਣਾ ਪੈਂਦਾ ਹੈ। ਇੱਕ ਅਜਿਹਾ ਵਿਅਕਤੀ ਜੋ ਸਮਾਜ ਦੇ ਖ਼ਿਲਾਫ਼ ਜਾ ਕੇ ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਿਆ: ਗੁਰਦੀਪ ਸਿੰਘ ਬਰਾੜ

ਗੁਰਦੀਪ ਸਿੰਘ ਬਰਾੜ ਪਿੰਡ ਮਹਿਮਾ ਸਵਾਈ, ਜਿਲਾ ਬਠਿੰਡਾ ਦੇ ਰਹਿਣ ਵਾਲੇ ਹਨ। 17 ਸਾਲ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਦਲਾਵ ਆਇਆ, ਜਿਸਨੇ ਉਹਨਾਂ ਦੇ ਖੇਤੀ ਕਰਨ ਦੇ ਢੰਗ ਨੂੰ ਹੀ ਬਦਲ ਦਿੱਤਾ। ਅੱਜ ਗੁਰਦੀਪ ਸਿੰਘ ਬਠਿੰਡੇ ਦੇ ਇੱਕ ਸਫ਼ਲ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਜ਼ਿਆਦਾ ਕਮਾ ਰਹੇ ਹਨ।

ਜੈਵਿਕ ਖੇਤੀ ਕਰਨ ਤੋਂ ਪਹਿਲਾਂ ਗੁਰਦੀਪ ਸਿੰਘ ਬਰਾੜ ਇੱਕ ਆਮ ਕਿਸਾਨ ਸਨ, ਜੋ ਕਿ ਦੂਜਿਆਂ ਦੀ ਤਰ੍ਹਾਂ ਇੱਕ ਹੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਸਨ। ਉਹਨਾਂ ਕੋਲ 2 ਏਕੜ ਜ਼ਮੀਨ ਸੀ ਜਿਸ ਉੱਪਰ ਉਹ ਖੇਤੀ ਕਰ ਰਹੇ ਸਨ ਅਤੇ ਉਹਨਾਂ ਦੀ ਆਮਦਨ ਬਹੁਤ ਘੱਟ ਸੀ।

1995 ਵਿੱਚ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਖੇਤੀਬਾੜੀ ਸੰਬੰਧਿਤ ਆਪਣੀਆਂ ਸਾਰੀਆਂ ਮੁਸ਼ਕਿਲ ਨੂੰ ਉਹਨਾਂ ਨਾਲ ਸਾਂਝਾ ਕੀਤਾ ਅਤੇ ਉਹਨਾਂ ਨੂੰ ਆਪਣਾ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵਿਗਿਆਨਿਕਾਂ ਦੇ ਸੰਪਰਕ ਵਿੱਚ ਆਏ। ਕੁੱਝ ਸਮੇਂ ਬਾਅਦ ਕਿਸਾਨ ਸਲਾਹਕਾਰ ਕੇਂਦਰ ਦੇ ਵਿਗਿਆਨਿਕਾਂ ਨੇ ਉਹਨਾਂ ਨੂੰ ਇੱਕ ਸਬਜ਼ੀਆਂ ਦੀ ਕਿੱਟ ਦੇ ਕੇ 1 ਕਨਾਲ ਵਿੱਚ ਘਰੇਲੂ ਬਗ਼ੀਚੀ ਲਾਉਣ ਲਈ ਪ੍ਰੇਰਿਤ ਕੀਤਾ। ਜਦ ਇਹ ਪ੍ਰਯੋਗ ਸਫ਼ਲ ਹੋਇਆ ਤਾ ਉਹਨਾਂ ਨੇ ਜ਼ਮੀਨ ਦਾ ਹਿੱਸਾ 1 ਕਨਾਲ ਤੋਂ ਵਧਾ ਕੇ 2 ਕਨਾਲ ਕਰ ਦਿੱਤਾ ਅਤੇ ਸਬਜ਼ੀਆਂ ਦਾ ਚੰਗਾ ਉਤਪਾਦਨ ਕਰਨਾ ਸ਼ੁਰੂ ਕੀਤਾ।

1999 ਵਿੱਚ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ 4 ਸਾਲ ਬਾਅਦ, ਉਹਨਾਂ ਨੇ ਟੀਮ ਨਾਲ ਸਹਿਯੋਗ ਕੀਤਾ ਅਤੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ…

ਕੁਝ ਫਾਰਮ ਹਨ :
• ਨਾਭਾ ਆਰਗੈਨਿਕ ਫਾਰਮ
• ਭਗਤ ਪੂਰਨ ਸਿੰਘ ਫਾਰਮ, ਗੰਗਾਨਗਰ
• ਆਰਗੈਨਿਕ ਫਾਰਮ

ਇਹਨਾਂ ਸਭ ਫਾਰਮਾਂ ਦੇ ਦੌਰੇ ਨੇ ਉਹਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੌਸਮੀ ਫਲ ਅਤੇ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਿੱਤਾ। ਉਹ ਬੀਜ ਉਪਚਾਰ ਲਈ ਜੈਵਿਕ ਢੰਗ, ਕੀੜਿਆਂ ਦੀ ਰੋਕਥਾਮ ਲਈ ਜਾਲੇ ਵਰਤਦੇ ਹਨ ਅਤੇ ਜੈਵਿਕ ਖਾਦ ਵੀ ਬਣਾਉਂਦੇ ਹਨ। ਬੀਜ ਉਪਚਾਰ ਲਈ ਉਹ ਨਿੰਮ ਦਾ ਪਾਣੀ, ਗੋਮੂਤਰ, ਚੂਨਾ ਪੱਥਰ, ਹਿੰਗ ਅਤੇ ਪਾਣੀ ਦਾ ਇਸਤੇਮਾਲ ਕਰਦੇ ਹਨ। ਉਹ ਸਬਜ਼ੀਆਂ ਦੀ ਜ਼ਿਆਦਾ ਪੈਦਾਵਾਰ ਅਤੇ ਉਹਨਾਂ ਨੂੰ ਰਸਾਇਣਿਕ ਖਾਦਾਂ ਤੋਂ ਬਚਾਉਣ ਲਈ ਆਪਣੇ ਦੁਆਰਾ ਹੀ ਤਿਆਰ ਕੀਤਾ ਗਿਆ ਜੀਵ ਅੰਮ੍ਰਿਤ ਵਰਤਦੇ ਹਨ। ਕੀੜਿਆਂ ਦੀ ਰੋਕਥਾਮ ਲਈ ਉਹ ਖੱਟੀ ਲੱਸੀ ਦੀ ਸਪਰੇਅ ਕਰਦੇ ਹਨ। ਉਹ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਵੀ ਬਹੁਤ ਸੋਚਦੇ ਹਨ ਇਸ ਲਈ ਤੁਪਕਾ ਸਿੰਚਾਈ ਵਰਤਦੇ ਹਨ।

ਗੁਰਦੀਪ ਸਿੰਘ ਨੇ ਆਪਣੇ ਫਾਰਮ ਤੇ ਇੱਕ ਵਰਮੀ- ਕੰਪੋਸਟ ਯੂਨਿਟ ਵੀ ਲਗਾਈ ਹੈ, ਤਾਂ ਜੋ ਉਹ ਆਪਣੇ ਸਬਜ਼ੀਆਂ ਅਤੇ ਫਲਾਂ ਨੂੰ ਜੈਵਿਕ ਖਾਦ ਦੇ ਸਕਣ। ਉਹਨਾਂ ਨੇ 1- 1 ਕਨਾਲ ਦੇ 2 ਵੱਡੇ ਖੱਡੇ ਬਣਾਏ ਹਨ, ਜਿੱਥੇ ਉਹ ਗਾਵਾਂ, ਮੱਝਾਂ ਅਤੇ ਪੋਲਟਰੀ ਦੀ ਰਹਿੰਦ ਖੂਹੰਦ ਨੂੰ ਗਲਣ ਲਈ ਰੱਖਦੇ ਹਨ।

ਖੇਤੀ ਦੇ ਨਾਲ ਨਾਲ ਉਹ ਕੱਦੂ, ਕਰੇਲੇ, ਤੌਰੀ ਆਦਿ ਦਾ ਬੀਜ ਵੀ ਘਰ ਵਿੱਚ ਹੀ ਤਿਆਰ ਕਰਦੇ ਹਨ। ਜਿਹਦੇ ਨਾਲ ਉਹਨਾਂ ਨੂੰ ਬਾਜ਼ਾਰ ਵਿੱਚੋਂ ਕੋਈ ਬੀਜ ਨਹੀਂ ਖਰੀਦਣਾ ਪੈਂਦਾ। ਕੱਦੂ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਲਈ ਉਹ ਕੱਦੂ ਦੀਆਂ ਬੇਲਾਂ ਨੂੰ ਸਹਾਰਾ ਦੇਣ ਲਈ ਰੱਸੀਆਂ ਦਾ ਜਾਲ ਵਰਤਦੇ ਹਨ।

ਅੱਜ ਉਹਨਾਂ ਦੁਆਰਾ ਉਗਾਈਆਂ ਗਈਆਂ ਸਬਜ਼ੀਆਂ ਇੰਨੀਆਂ ਮਸ਼ਹੂਰ ਹਨ ਕਿ ਬਠਿੰਡਾ, ਗੋਨਿਆਣਾ ਮੰਡੀ ਅਤੇ ਹੋਰ ਨਜ਼ਦੀਕੀ ਲੋਕ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਜਦ ਗੱਲ ਸਬਜ਼ੀਆਂ ਦੇ ਮੰਡੀਕਰਨ ਦੀ ਆਉਂਦੀ ਹੈ ਤਾਂ ਉਹ ਕਿਸੇ ਦੂਜੇ ਵਿਅਕਤੀ ਤੇ ਨਿਰਭਰ ਨਹੀਂ ਹੁੰਦੇ। ਉਹ 500 ਗ੍ਰਾਮ ਦੇ ਪੈਕੇਟ ਬਣਾ ਕੇ ਆਪਣੇ ਉਤਪਾਦਾਂ ਨੂੰ ਆਪ ਵੇਚਦੇ ਹਨ ਅਤੇ ਅੱਜ ਦੀ ਤਰੀਕ ਵਿੱਚ ਇਸ ਨਾਲ ਵਧੇਰੇ ਲਾਭ ਕਮਾ ਰਹੇ ਹਨ।

ਖੇਤੀਬਾੜੀ ਦੀਆਂ ਤਕਨੀਕਾਂ ਲਈ ਉਹਨਾਂ ਨੂੰ ਕਈ ਸਥਾਨਕ ਪੁਰਸਕਾਰ ਮਿਲੇ ਹਨ ਅਤੇ ਉਹ ਕਈ ਖੇਤੀਬਾੜੀ ਸੰਸਥਾਵਾਂ ਅਤੇ ਸੰਗਠਨਾਂ ਦੇ ਮੈਂਬਰ ਵੀ ਹਨ। 2015 ਵਿੱਚ ਉਹਨਾਂ ਨੇ ਪੀ.ਏ.ਯੂ ਤੋਂ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਵੀ ਪ੍ਰਾਪਤ ਕੀਤਾ। ਉਸ ਵਿਅਕਤੀ ਲਈ ਜਿਹੜਾ ਕਦੇ ਸਕੂਲ ਨਾ ਗਿਆ ਹੋਵੇ, ਇਸ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਬਹੁਤ ਮਹੱਤਵ ਰੱਖਦਾ ਹੈ। ਅਜੋਕੇ ਸਮੇਂ, ਉਹ ਆਪਣੇ ਮਾਤਾ ਜੀ, ਪਤਨੀ ਅਤੇ ਪੁੱਤਰ ਦੇ ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਜੈਵਿਕ ਖੇਤੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਸਮਾਜ ਵਿੱਚ ਸਵੱਸਥ ਅਤੇ ਰਸਾਇਣ ਮੁਕਤ ਭੋਜਨ ਉਪਲਬਧ ਕਰਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼


ਕਿਸਾਨਾਂ ਦੁਆਰਾ ਪ੍ਰਯੋਗ ਕੀਤੇ ਜਾਣ ਵਾਲੇ ਰਸਾਇਣਾ ਦੇ ਕਾਰਣ ਅੱਜ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਮੈ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਰਸਾਇਣਾ ਜਾਂ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ ਅਤੇ ਘਾਤਕ ਬਿਮਾਰੀਆਂ ਨੂੰ ਰੋਕ ਸਕਦੇ ਹਨ।