gurpreet-shergill-pb-1200x1202

ਗੁਰਪ੍ਰੀਤ ਸ਼ੇਰਗਿੱਲ

(ਫੁੱਲਾਂ ਦੀ ਖੇਤੀ)

 ਇੱਕ ਵਿਅਕਤੀ ਜੋ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਾਲੀ ਕ੍ਰਾਂਤੀ ਲਿਆ ਰਿਹਾ ਹੈ

ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਵਿੱਚ ਫੁੱਲਾਂ ਦੀ ਖੇਤੀ ਉੱਭਰਦੇ ਖੇਤੀਬਾੜੀ ਕਾਰੋਬਾਰ ਦੇ ਰੂਪ ਵਿੱਚ ਉੱਭਰ ਕੇ ਆਈ ਅਤੇ ਫੁੱਲਾਂ ਦੇ ਕਾਰੋਬਾਰ ਦੇ ਨਿਰਯਾਤ ਵਿੱਚ ਸਾਲਾਨਾ 20% ਵਾਧਾ ਦੇਖਿਆ ਗਿਆ। ਇਹ ਭਾਰਤ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਵਧੀਆ ਸੰਕੇਤ ਹੈ ਜੋ ਕਿ ਕੁੱਝ ਮਿਹਨਤੀ ਅਗਾਂਹਵਧੂ ਕਿਸਾਨਾਂ ਦੇ ਯੋਗਦਾਨ ਕਾਰਨ ਹੀ ਸੰਭਵ ਹੋਇਆ।

1996 ਉਹ ਸਾਲ ਸੀ ਜਦੋਂ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਫੁੱਲਾਂ ਦੀ ਖੇਤੀ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਅੱਜ ਉਹ ਪ੍ਰਸਿੱਧ ਸਰਕਾਰੀ ਸੰਸਥਾਵਾਂ ਨਾਲ ਜੁੜੇ ਫੁੱਲਾਂ ਦੀ ਖੇਤੀ ਕਰਨ ਵਾਲੇ ਮੰਨੇ-ਪ੍ਰਮੰਨੇ ਕਿਸਾਨ ਹਨ।

ਗੁਰਪ੍ਰੀਤ ਸਿੰਘ ਸ਼ੇਰਗਿੱਲ –“1993 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ, ਮੈਂ ਆਪਣੇ ਰੁਜ਼ਗਾਰ ਦੀ ਚੋਣ ਲੈ ਕੇ ਉਲਝਣ ਵਿੱਚ ਸੀ। ਮੈਂ ਹਮੇਸ਼ਾ ਤੋਂ ਅਜਿਹਾ ਕੰਮ ਕਰਨਾ ਚਾਹੁੰਦਾ ਸੀ ਜੋ ਮੈਨੂੰ ਖੁਸ਼ੀ ਦੇਵੇ ਨਾ ਕਿ ਉਹ ਕੰਮ ਜੋ ਮੈਨੂੰ ਸੰਸਾਰੀ ਸੁੱਖ ਦੇਵੇ।”

ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਖੇਤੀਬਾੜੀ ਦੇ ਖੇਤਰ ਦੀ ਚੋਣ ਕੀਤੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਡੇਅਰੀ ਫਾਰਮਿੰਗ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ। ਉਹ ਕਦੇ ਵੀ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਮਹਿਸੂਸ ਕਰਦੇ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਗਹਿਰਾਈ ਨਾਲ ਸੋਚਣ ਵਾਲਾ ਬਣਾਇਆ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਲਈ ਨਹੀਂ ਹਨ ਅਤੇ ਇਸ ਨੂੰ ਸਮਝਣ ਵਿੱਚ ਉਨ੍ਹਾਂ ਨੂੰ 3 ਸਾਲ ਲੱਗ ਗਏ। ਫੁੱਲਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਆਕਰਸ਼ਿਤ ਕੀਤਾ, ਇਸ ਲਈ ਆਪਣੇ ਪਿਤਾ ਬਲਦੇਵ ਸਿੰਘ ਸ਼ੇਰਗਿੱਲ ਦੀ ਸਲਾਹ ਅਤੇ ਭਰਾ ਕਰਨਜੀਤ ਸਿੰਘ ਸ਼ੇਰਗਿੱਲ ਦੇ ਸਮਰਥਨ ਨਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਗੇਂਦੇ ਦੇ ਫੁੱਲਾਂ ਦੀ ਪੈਦਾਵਾਰ ਉਨ੍ਹਾਂ ਦੀ ਪਹਿਲੀ ਸਫ਼ਲ ਪੈਦਾਵਾਰ ਸੀ ਜੋ ਉਨ੍ਹਾਂ ਨੇ ਉਸ ਸੀਜ਼ਨ ਵਿੱਚ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਨੂੰ ਉਹ ਪ੍ਰਾਪਤ ਕਰਨ ਤੋਂ ਰੋਕ ਸਕਿਆ ਜੋ ਉਹ ਚਾਹੁੰਦੇ ਸਨ … ਇੱਕ ਮੁੱਖ ਵਿਅਕਤੀ ਜਿਸ ਨੂੰ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੇ ਪਿਤਾ ਅਤੇ ਭਰਾ ਤੋਂ ਇਲਾਵਾ ਮੁੱਖ ਸ਼੍ਰੇਅ ਦਿੰਦੇ ਹਨ ਉਹ ਹੈ ਉਨ੍ਹਾਂ ਦੀ ਪਤਨੀ। ਉਹ ਉਨ੍ਹਾਂ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਮੁੱਖ ਸਹਾਰਾ ਹਨ।

ਗੇਂਦੇ ਦੇ ਉਤਪਾਦਨ ਤੋਂ ਬਾਅਦ ਉਨ੍ਹਾਂ ਨੇ ਗਲੇਡਿਓਲਸ, ਗੁਲਜ਼ਾਫਰੀ, ਗੁਲਾਬ, ਸਟੇਟਾਈਸ ਅਤੇ ਜਿਪਸੋਫਿਲਾ ਫੁੱਲਾਂ ਦਾ ਉਤਪਾਦਨ ਕੀਤਾ। ਇਸ ਤਰ੍ਹਾਂ ਉਹ ਆਮ ਕਿਸਾਨ ਤੋਂ ਅਗਾਂਹਵਧੂ ਕਿਸਾਨ ਬਣ ਗਏ।

ਕੁੱਝ ਵਿਦੇਸ਼ੀ ਯਾਤਰਾਵਾਂ ਬਾਰੇ ਕੁੱਝ ਅੰਕੜੇ….

• 2002 ਵਿੱਚ ਜਾਣਕਾਰੀ ਲਈ ਉਨ੍ਹਾਂ ਦੇ ਸਵਾਲ ਉਨ੍ਹਾਂ ਨੂੰ ਹਾੱਲੈਂਡ ਲੈ ਗਏ, ਜਿੱਥੇ ਉਨ੍ਹਾਂ ਨੇ ਫਲੋਰੀਏਡ (ਹਰੇਕ 10 ਸਾਲਾਂ ਬਾਅਦ ਆਯੋਜਿਤ ਅੰਤਰ ਰਾਸ਼ਟਰੀ ਪ੍ਰਦਰਸ਼ਨੀ) ਵਿੱਚ ਹਿੱਸਾ ਲਿਆ।• ਉਨ੍ਹਾਂ ਨੇ ਆਲਸਮੀਰ, ਹਾੱਲੈਂਡ ਵਿੱਚ ਤਾਜ਼ੇ ਫੁੱਲਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਨਿਲਾਮੀ ਕੇਂਦਰ ਦਾ ਵੀ ਦੌਰਾ ਕੀਤਾ।

• 2003 ਵਿੱਚ ਗਲਾਸਗੋ, ਯੂ.ਕੇ. ਵਿੱਚ ਵਰਲਡ ਗੁਲਾਬ ਸੰਮੇਲਨ ਵਿੱਚ ਵੀ ਹਿੱਸਾ ਲਿਆ।

ਕਿਵੇਂ ਉਨ੍ਹਾਂ ਨੇ ਆਪਣੀ ਖੇਤੀ ਦੀਆਂ ਗਤੀਵਿਧੀਆਂ ਨੂੰ ਵਿਭਿੰਨਤਾ ਦਿੱਤੀ…

ਫੁੱਲਾਂ ਦੀ ਖੇਤੀ ਵਿਸਥਾਰ ਦੇ ਨਾਲ-ਨਾਲ, ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਦੀ ਸਥਾਪਨਾ ਕੀਤੀ ਅਤੇ ਆਪਣੀਆਂ ਖੇਤੀ ਗਤੀਵਿਧੀਆਂ ਵਿੱਚ ਮੱਛੀ ਪਾਲਣ ਨੂੰ ਸ਼ਾਮਿਲ ਕੀਤਾ।

ਵਰਮੀਕੰਪੋਸਟ ਪਲਾਂਟ ਉਨ੍ਹਾਂ ਨੂੰ ਦੋ ਤਰ੍ਹਾਂ ਨਾਲ ਸਮਰਥਨ ਦੇ ਰਿਹਾ ਹੈ – ਉਹ ਆਪਣੇ ਖੇਤਾਂ ਵਿੱਚ ਖਾਦ ਦੀ ਵਰਤੋਂ ਕਰਨ ਨਾਲ-ਨਾਲ ਬਜ਼ਾਰ ਵਿੱਚ ਵੀ ਵੇਚ ਰਹੇ ਹਨ।

ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਲੜੀ ਤਿਆਰ ਕੀਤੀ ਹੈ, ਜਿਸ ਵਿੱਚ ਗੁਲਾਬ ਜਲ, ਗੁਲਾਬ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ ਸ਼ਾਮਲ ਹਨ।

ਕੰਪੋਸਟ ਅਤੇ ਰੋਜ਼ ਵਾਟਰ “ਬਾਲਸਨ” ਬ੍ਰੈਂਡ ਦੇ ਤਹਿਤ, ਅਤੇ ਰੋਜ਼ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ “ਸ਼ੇਰਗਿੱਲ ਫਾਰਮ ਫਰੈੱਸ਼” ਬ੍ਰੈਂਡ ਤਹਿਤ ਵੇਚੇ ਜਾਂਦੇ ਹਨ।

ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਨਾਲ ਉਨ੍ਹਾਂ ਨੇ ਖੇਤੀਬਾੜੀ ਲਈ ਆਪਣੇ ਜਨੂੰਨ ਨੂੰ ਇੱਕ ਸਫ਼ਲ ਰੁਜ਼ਗਾਰ ਵਿੱਚ ਬਦਲ ਦਿੱਤਾ।

ਖੇਤੀਬਾੜੀ ਨਾਲ ਸੰਬੰਧਿਤ ਸਰਕਾਰੀ ਸੰਸਥਾਵਾਂ ਨੇ ਜਲਦੀ ਹੀ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚੋਂ ਕੁੱਝ ਪ੍ਰਮੁੱਖ ਪੁਰਸਕਾਰ ਹਨ:

• 2011 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਪੰਜਾਬ ਮੁੱਖ ਮੰਤਰੀ ਪੁਰਸਕਾਰ

• 2012 ਵਿੱਚ ICAR, ਨਵੀਂ ਦਿੱਲੀ ਦੁਆਰਾ ਜਗਜੀਵਨ ਰਾਮ ਇਨੋਵੇਟਿਵ ਕਿਸਾਨ ਪੁਰਸਕਾਰ

• 2014 ਵਿੱਚ ICAR, ਨਵੀਂ ਦਿੱਲੀ ਦੁਆਰਾ ਐੱਨ.ਜੀ. ਰੰਗਾ ਕਿਸਾਨ ਪੁਰਸਕਾਰ

• 2015 ਵਿੱਚ IARI, ਨਵੀਂ ਦਿੱਲੀ, ਦੁਆਰਾ ਇਨੋਵੇਟਿਵ ਕਿਸਾਨ ਪੁਰਸਕਾਰ

• 2016 ਵਿੱਚ IARI ਨਵੀਂ ਦਿੱਲੀ ਦੁਆਰਾ ਕਿਸਾਨ ਦੇ ਪਹਿਲੇ ਪ੍ਰੋਗਰਾਮ ਲਈ ਰਾਸ਼ਟਰੀ ਸਲਾਹਕਾਰ ਪੈਨਲ ਦੇ ਮੈਂਬਰ ਲਈ ਨਾਮਜ਼ਦ ਹੋਏ।

ਬਹੁਤ ਕੁੱਝ ਪ੍ਰਾਪਤ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਸ਼ੇਖੀ ਨਹੀਂ ਮਾਰਦੇ। ਉਹ ਬਹੁਤ ਹੀ ਸਪੱਸ਼ਟ ਵਿਅਕਤੀ ਹਨ ਜੋ ਹਮੇਸ਼ਾ ਗਿਆਨ ਪ੍ਰਾਪਤ ਕਰਨ ਲਈ ਵਿਭਿੰਨ ਸਰੋਤਾਂ ਦੀ ਤਲਾਸ਼ ਕਰਦੇ ਹਨ ਅਤੇ ਇਸ ਨੂੰ ਆਪਣੀਆਂ ਖੇਤੀਬਾੜੀ ਤਕਨੀਕਾਂ ਨਾਲ ਜੋੜਦੇ ਹਨ। ਇਸ ਸਮੇਂ ਉਹ ਆਧੁਨਿਕ ਖੇਤੀ, ਫਲੋਰੀਕਲਚਰ ਟੂਡੇ(Floriculture Today), ਖੇਤੀ ਦੁਨੀਆ ਆਦਿ ਖੇਤੀਬਾੜੀ ਮੈਗਜ਼ੀਨ ਪੜ੍ਹਨਾ ਪਸੰਦ ਕਰਦੇ ਹਨ। ਉਹ ਖੇਤੀਬਾੜੀ ਮੇਲਿਆਂ ਅਤੇ ਸਮਾਰੋਹਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਹ ਗਿਆਨ ਨੂੰ ਸਾਂਝਾ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਜੋ ਕਿਸਾਨ ਉਨ੍ਹਾਂ ਕੋਲ ਮਦਦ ਲਈ ਆਉਂਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਕਿਸਾਨ ਭਾਈਚਾਰੇ ਦੀ ਮਦਦ ਕਰਨ ਲਈ ਉਹ ਆਪਣੇ ਗਿਆਨ ਦਾ ਯੋਗਦਾਨ ਦੇ ਕੇ ਆਪਣੀ ਖੇਤੀ ਮਾਹਿਰ ਦੇ ਤੌਰ ‘ਤੇ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

ਗੁਰਪ੍ਰੀਤ ਸ਼ੇਰਗਿੱਲ ਜੀ ਨੇ ਇਹ ਕਰਕੇ ਦਿਖਾਇਆ ਹੈ ਕਿ ਜੇਕਰ ਕੋਈ ਵਿਅਕਤੀ ਕੰਮ ਦੇ ਪ੍ਰਤੀ ਸਮਰਪਿਤ ਅਤੇ ਮਿਹਨਤੀ ਹੈ, ਤਾਂ ਉਹ ਕੋਈ ਵੀ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਜਦੋਂ ਕਿਸਾਨ ਨੁਕਸਾਨ ਅਤੇ ਕਰਜ਼ਿਆਂ ਦੀ ਵਜ੍ਹਾ ਕਰਕੇ ਆਤਮ-ਹੱਤਿਆ ਕਰ ਰਹੇ ਹਨ, ਤਾਂ ਗੁਰਪ੍ਰੀਤ ਜੀ ਸਮੁੱਚੇ ਖੇਤੀਬਾੜੀ ਭਾਈਚਾਰੇ ਲਈ ਇੱਕ ਮਿਸਾਲ ਦੇ ਰੂਪ ਵਿੱਚ ਖੜ੍ਹੇ ਹਨ, ਇਹ ਦਰਸਾਉਂਦਾ ਹੈ ਕਿ ਵਿਵਿਧੀਕਰਨ ਸਮੇਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਖੇਤੀਬਾੜੀ ਸਮਾਜ ਦੇ ਬਿਹਤਰ ਭਵਿੱਖ ਲਈ ਰਸਤਾ ਵੀ ਹੈ।

ਉਨ੍ਹਾਂ ਦੇ ਵਿਵਿਧ ਖੇਤੀਬਾੜੀ ਕਾਰੋਬਾਰ ਦੇ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਓ।