ਜਗਦੀਪ ਸਿੰਘ
ਕਿਵੇਂ ਇਸ ਕਿਸਾਨ ਦੀ ਜ਼ੋਰਦਾਰ ਪਹਿਲ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਵਿੱਚ ਮਦਦ ਕੀਤੀ
ਪਰਾਲੀ ਸਾੜਨਾ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਾ ਪੁਰਾਣੇ ਢੰਗ ਹਨ ਜਿਹਨਾਂ ਦਾ ਵਾਤਾਵਰਣ ‘ਤੇ ਹਾਨੀਕਾਰਕ ਪ੍ਰਭਾਵ ਅੱਜ ਅਸੀਂ ਦੇਖ ਰਹੇ ਹਾਂ। ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੇ ਕਾਰਨ ਭਾਰਤ ਦੇ ਉੱਤਰੀ ਭਾਗਾਂ ਨੂੰ ਹਵਾ ਪ੍ਰਦੂਸ਼ਣ ਦਾ ਭਾਰੀ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਸਾਲਾਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਹੈ ਅਤੇ ਇਹ ਸਾਹ ਲੈਣ ਵਿੱਚ ਗੰਭੀਰ ਮੁਸ਼ਕਿਲ ਅਤੇ ਚਮੜੀ ਦੀਆਂ ਸਮੱਸਿਆਵਾਂ ਨੂੰ ਜਨਮ ਦੇ ਰਹੀ ਹੈ।
ਹਾਲਾਂਕਿ ਸਰਕਾਰ ਨੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਰੋਕਣ ਦੇ ਲਈ ਕਈ ਪ੍ਰਮੁੱਖ ਕਦਮ ਚੁੱਕੇ ਹਨ, ਫਿਰ ਵੀ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕ ਨਹੀ ਪਾ ਰਹੇ ਹਨ। ਕਿਸਾਨਾਂ ਵਿੱਚ ਗਿਆਨ ਅਤੇ ਜਾਗਰੂਕਤਾ ਦੀ ਘਾਟ ਕਾਰਨ ਪੰਜਾਬ ਵਿੱਚ ਪਰਾਲੀ ਸਾੜਨਾ ਇੱਕ ਵੱਡਾ ਮੁੱਦਾ ਬਣ ਰਿਹਾ ਹੈ। ਪਰ ਇੱਕ ਅਜਿਹੇ ਕਿਸਾਨ ਜਗਦੀਪ ਸਿੰਘ ਹਨ, ਜਿਨ੍ਹਾਂ ਨੇ ਨਾ ਕੇਵਲ ਆਪਣੇ ਖੇਤਰ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਿਆ ਬਲਕਿ ਉਨ੍ਹਾਂ ਨੂੰ ਜੈਵਿਕ ਖੇਤੀ ਵੱਲ ਉਤਸ਼ਾਹਿਤ ਵੀ ਕੀਤਾ।
ਜਗਦੀਪ ਸਿੰਘ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਇੱਕ ਉੱਭਰਦੇ ਹੋਏ ਕਿਸਾਨ ਹਨ। ਬਚਪਨ ਤੋਂ ਹੀ ਆਪਣੀ ਮਾਤ-ਭੂਮੀ ਅਤੇ ਮਿੱਟੀ ਨਾਲ ਉਨ੍ਹਾਂ ਨੂੰ ਬਹੁਤ ਪਿਆਰ ਸੀ। ਮਿੱਟੀ ਪ੍ਰੇਮੀ ਦੇ ਰੂਪ ਵਿੱਚ ਉਨ੍ਹਾਂ ਦੀ ਯਾਤਰਾ ਉਨ੍ਹਾਂ ਦੇ ਬਚਪਨ ਤੋਂ ਹੀ ਸ਼ੁਰੂ ਹੋ ਗਈ। ਜਨਮ ਤੋਂ ਬਾਅਦ ਉਨ੍ਹਾਂ ਦੇ ਚਾਚੇ ਨੇ ਉਨ੍ਹਾਂ ਨੂੰ ਗੋਦ ਲੈ ਲਿਆ, ਜਿਹਨਾਂ ਦਾ ਕਾਰੋਬਾਰ ਖੇਤੀਬਾੜੀ ਸੀ। ਉਨ੍ਹਾਂ ਦੇ ਚਾਚਾ ਜੀ, ਉਨ੍ਹਾਂ ਨੂੰ ਸ਼ੁਰੂ ਤੋਂ ਹੀ ਫਾਰਮ ‘ਤੇ ਲੈ ਜਾਂਦੇ ਸਨ ਅਤੇ ਇਸ ਤਰ੍ਹਾਂ ਹੀ ਜਗਦੀਪ ਸਿੰਘ ਜੀ ਦੀ ਖੇਤੀ ਵੱਲ ਦਿਲਚਸਪੀ ਵੱਧ ਗਈ।
ਵੱਧਦੀ ਉਮਰ ਦੇ ਨਾਲ ਉਨ੍ਹਾਂ ਦਾ ਦਿਮਾਗ ਵੀ ਵਿਕਾਸਸ਼ੀਲ ਰਿਹਾ ਅਤੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤਾਂ ਉਨ੍ਹਾਂ ਨੇ ਖੇਤੀ ਨੂੰ ਹੀ ਤਰਜੀਹ ਦਿੱਤੀ। ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਖੇਤੀ ਵਿੱਚ ਆਪਣੇ ਪਿਤਾ ਮੁਖਤਿਆਰ ਸਿੰਘ ਦੀ ਮਦਦ ਕਰਨੀ ਸ਼ੁਰੂ ਕੀਤੀ। ਖੇਤੀ ਦੇ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਦਿਨ ਪ੍ਰਤੀਦਿਨ ਵੱਧ ਰਹੀ ਸੀ, ਇਸ ਲਈ ਆਪਣੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ 1989 ਤੋਂ 1990 ਤੱਕ ਉਨ੍ਹਾਂ ਨੇ ਪੀ.ਏ.ਯੂ. ਦਾ ਦੌਰਾ ਕੀਤਾ। ਪੀ.ਏ.ਯੂ. ਦਾ ਦੌਰਾ ਕਰਨ ਤੋਂ ਬਾਅਦ ਜਗਦੀਪ ਸਿੰਘ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੇ ਖੇਤ ਦੀ ਮਿੱਟੀ ਦਾ ਬੁਨਿਆਦੀ ਪੱਧਰ ਬਹੁਤ ਜ਼ਿਆਦਾ ਹੈ, ਜੋ ਮਿੱਟੀ ਅਤੇ ਫ਼ਸਲਾਂ ਦੀਆਂ ਕਈ ਸਮੱਸਿਆਵਾਂ ਨੂੰ ਜਨਮ ਦੇ ਰਿਹਾ ਹੈ ਅਤੇ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਲਈ ਦੋ ਹੀ ਉਪਾਅ ਸਨ ਜਾਂ ਤਾਂ ਰੂੜੀ ਦੀ ਖਾਦ ਦੀ ਵਰਤੋਂ ਕਰਨਾ ਜਾਂ ਖੇਤਾਂ ਵਿੱਚ ਹਰੀ ਖਾਦ ਦੀ ਵਰਤੋਂ ਕਰਨਾ ਆਦਿ।
ਇਸ ਸਮੱਸਿਆ ਦਾ ਨਿਪਟਾਰਾ ਕਰਨ ਲਈ ਜਗਦੀਪ ਜੀ ਇੱਕ ਬਿਹਤਰ ਹੱਲ ਲੱਭਿਆ, ਕਿਉਂਕਿ ਰੂੜੀ ਦੀ ਖਾਦ ਵਿੱਚ ਨਿਵੇਸ਼ ਕਰਨਾ ਉਨ੍ਹਾਂ ਦੇ ਲਈ ਮਹਿੰਗਾ ਸੀ। 1990-1991 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੇ ਸਮਰਥਨ ਨਾਲ ਹੈਪੀ ਸੀਡਰ ਦੀ ਵਰਤੋਂ ਕਰਨੀ ਸ਼ੁਰੂ ਕੀਤੀ। ਹੈਪੀ ਸੀਡਰ ਦੀ ਵਰਤੋਂ ਨਾਲ ਉਹ ਖੇਤ ਵਿੱਚੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਕੱਢੇ ਹੀ ਮਿੱਟੀ ਵਿੱਚ ਬੀਜ ਲਾਉਣ ਲੱਗ ਗਏ। ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਝੋਨੇ ਦੀ ਪਰਾਲੀ ਨੂੰ ਖਾਦ ਦੇ ਰੂਪ ਵਿੱਚ ਵਰਤਣਾ ਸ਼ੁਰੂ ਕੀਤਾ। ਹੌਲੀ-ਹੌਲੀ ਜਗਦੀਪ ਜੀ ਨੇ ਆਪਣੀ ਇਸ ਪਹਿਲ ਵਿੱਚ 37 ਕਿਸਾਨਾਂ ਨੂੰ ਇਕੱਠਾ ਜੋੜ ਲਿਆ ਅਤੇ ਉਨ੍ਹਾਂ ਨੂੰ ਹੈਪੀ ਸੀਡਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਪਰਾਲੀ ਸਾੜਨ ਤੋਂ ਪਰਹੇਜ਼ ਕਰਨ ਨੂੰ ਕਿਹਾ। ਉਨ੍ਹਾਂ ਨੇ ਇਸ ਅਭਿਆਨ ਨੂੰ ਪੂਰੇ ਸੰਗਰੂਰ ਵਿੱਚ ਚਲਾਇਆ, ਜਿਸ ਦੇ ਅਧੀਨ ਉਨ੍ਹਾਂ ਨੇ 350 ਏਕੜ ਤੋਂ ਵੱਧ ਖੇਤਰ ਵਿੱਚ ਕੰਮ ਕੀਤਾ।
“2014 ਵਿੱਚ ਮੈਂ IARI (ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ) ਤੋਂ ਪੁਰਸਕਾਰ ਪ੍ਰਾਪਤ ਕੀਤਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਪਿੰਡ ਵਿੱਚ ‘ਸ਼ਹੀਦ ਬਾਬਾ ਸਿੱਧ ਸਵੈ ਸਹਾਇਤਾ ਗਰੁੱਪ’ ਨਾਮ ਦਾ ਗਰੁੱਪ ਬਣਾਇਆ। ਇਸ ਗਰੁੱਪ ਦੇ ਅਧੀਨ ਅਸੀਂ ਕਿਸਾਨਾਂ ਨੂੰ ਹਵਾ ਪ੍ਰਦੂਸ਼ਣ ਸਮੱਸਿਆਵਾਂ ਦੇ ਨਾਲ ਨਿਪਟਣ ਦੇ ਲਈ, ਪਰਾਲੀ ਨਾ ਸਾੜਨ ਦੇ ਲਈ ਪ੍ਰੇਰਿਤ ਕਰਦੇ ਹਾਂ।”
ਇਸ ਸਮੇਂ ਉਹ 40 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ 32 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਦਿੱਤੀ ਹੈ ਅਤੇ 4 ਏਕੜ ਦੀ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਖੇਤੀ ਵਿੱਚ ਬਹੁਤ ਘੱਟ ਮਾਤਰਾ ਵਿੱਚ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਹਨ।
ਜਗਦੀਪ ਸਿੰਘ ਦੇ ਵਿਅਕਤੀਤਵ ਦੇ ਬਾਰੇ ਵਿੱਚ ਸਭ ਤੋਂ ਆਕਰਸ਼ਕ ਚੀਜ਼ ਇਹ ਹੈ ਕਿ ਉਹ ਬਹੁਤ ਨਿਮਰਤਾ ਵਾਲੇ ਹਨ ਹੈ ਅਤੇ ਹਮੇਸ਼ਾ ਖੇਤੀਬਾੜੀ ਦੇ ਬਾਰੇ ਵਿੱਚ ਨਵੀਆਂ ਚੀਜ਼ਾਂ ਨੂੰ ਸਿੱਖਣ ਦੇ ਇੱਛੁਕ ਰਹਿੰਦੇ ਹਨ। ਉਹ ਪਸ਼ੂ ਪਾਲਣ ਵਿੱਚ ਵੀ ਬਹੁਤ ਦਿਲਚਸਪੀ ਰੱਖਦੇ ਹਨ ਅਤੇ ਘਰੇਲੂ ਮੰਤਵ ਲਈ ਉਨ੍ਹਾਂ ਕੋਲ 8 ਮੱਝਾਂ ਹਨ। ਉਹ ਮੱਝ ਦੇ ਦੁੱਧ ਦੀ ਵਰਤੋਂ ਸਿਰਫ਼ ਘਰ ਦੇ ਲਈ ਕਰਦੇ ਹਨ ਅਤੇ ਕਈ ਵਾਰ ਇਸ ਨੂੰ ਆਪਣੇ ਗੁਆਂਢੀਆਂ ਜਾਂ ਪਿੰਡ ਵਾਲਿਆਂ ਨੂੰ ਵੀ ਵੇਚਦੇ ਹਨ। ਖੇਤੀਬਾੜੀ ਅਤੇ ਦੁੱਧ ਦੀ ਵਿਕਰੀ ਨਾਲ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਬਹੁਤ ਹੀ ਵਧੀਆ ਸੰਭਾਲ ਰਹੇ ਹਨ ਅਤੇ ਭਵਿੱਖ ਵਿੱਚ ਉਹ ਵਧੀਆ ਮੁਨਾਫ਼ੇ ਲਈ ਆਪਣੀ ਫ਼ਸਲ ਦੀ ਮਾਰਕਟਿੰਗ ਖੁਦ ਸ਼ੁਰੂ ਕਰਨਾ ਚਾਹੁੰਦੇ ਹਨ।
“ਦੂਜੇ ਕਿਸਾਨਾਂ ਲਈ ਜਗਦੀਪ ਸਿੰਘ ਜੀ ਦਾ ਸੰਦੇਸ਼ ਇਹੋ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਤੀ ਦੇ ਬਾਰੇ ਸਿਖਾਉਣ ਅਤੇ ਬੱਚਿਆਂ ਦੇ ਮਨ ਵਿੱਚ ਖੇਤੀ ਬਾਰੇ ਨਕਾਰਾਤਮਕ ਵਿਚਾਰ ਨਾ ਪਾਉਣ, ਨਹੀਂ ਤਾਂ ਉਹ ਆਪਣੀਆਂ ਜੜ੍ਹਾਂ ਬਾਰੇ ਭੁੱਲ ਜਾਣਗੇ।”