ਤਰਨਜੀਤ ਸੰਧੂ
ਅਜਿਹੇ ਇੱਕ ਕਿਸਾਨ ਜਿਨ੍ਹਾਂ ਦੀ ਜ਼ਿੰਦਗੀ ਦੇ 25 ਸਾਲ ਸੰਘਰਸ਼ ਕਰਦਿਆਂ ਗੁਜ਼ਰੇ ਅਤੇ ਬਾਗਬਾਨੀ ਦੇ ਨਾਲ-ਨਾਲ ਹੋਰ ਸਹਾਇਕ ਕਿੱਤਿਆਂ ਵਿੱਚ ਵੀ ਕਾਮਯਾਬ ਹੋ ਕੇ ਦਿਖਾਇਆ- ਤਰਨਜੀਤ ਸੰਧੂ
ਜ਼ਿੰਦਗੀ ਦਾ ਸੰਘਰਸ਼ ਬਹੁਤ ਹੀ ਵਿਸ਼ਾਲ ਹੈ, ਹਰ ਇੱਕ ਮੌੜ ‘ਤੇ ਅਜਿਹੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ਕਿ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਕਿੰਨੇ ਹੀ ਸਾਲ ਬੀਤ ਜਾਂਦੇ ਹਨ, ਪਰ ਪਤਾ ਨਹੀਂ ਚੱਲਦਾ। ਉਹਨਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਮੁਸ਼ਕਿਲਾਂ ਨਾਲ ਡੱਟ ਕੇ ਸਾਹਮਣਾ ਤਾਂ ਕਰਦੇ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਹਾਰਨ ਦਾ ਡਰ ਬੈਠਾ ਹੁੰਦਾ ਹੈ, ਪਰ ਫਿਰ ਵੀ ਹਿੰਮਤ ਕਰਕੇ ਜ਼ਿੰਦਗੀ ਦੀ ਚਾਲ ਨਾਲ ਪਾਣੀ ਦੀ ਤਰ੍ਹਾਂ ਨਿਰੰਤਰ ਚੱਲਦੇ ਜਾਂਦੇ ਹਨ, ਕਿ ਕਦੇ ਨਾ ਕਦੇ ਮਿਹਨਤ ਦੇ ਸਮੁੰਦਰ ਵਿੱਚੋਂ ਉਭਰ ਕੇ ਬੁਲਬੁਲੇ ਬਣ ਕਿਸੇ ਲਈ ਮਿਸਾਲ ਬਣ ਕੇ ਖੜੇ ਤਾਂ ਹੋਵਾਂਗੇ।
ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਲਈ ਅਜਿਹੇ ਹੀ ਇੱਕ ਕਿਸਾਨ ਤਰਨਜੀਤ ਸੰਧੂ, ਪਿੰਡ ਗੰਧੜ, ਜ਼ਿਲ੍ਹਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜੋ ਲਗਾਤਾਰ ਵੱਗ ਰਹੇ ਪਾਣੀ ਦੀ ਤਰ੍ਹਾਂ ਔਕੜਾਂ ਨਾਲ ਲੜਦੇ ਰਹੇ, ਪਰ ਹਿੰਮਤ ਨਹੀਂ ਹਾਰੀ ਅਤੇ ਪੂਰੇ 25 ਸਾਲਾਂ ਬਾਅਦ ਕਾਮਯਾਬ ਹੋਏ ਤੇ ਅੱਜ ਤਰਨਜੀਤ ਸੰਧੂ ਹੋਰ ਕਿਸਾਨਾਂ ਅਤੇ ਲੋਕਾਂ ਨੂੰ ਹਰ ਇੱਕ ਮੁਸ਼ਕਿਲ ਨਾਲ ਲੜਨ ਲਈ ਪ੍ਰੇਰਿਤ ਕਰ ਰਹੇ ਹਨ।
ਸਾਲ 1992 ਦੀ ਗੱਲ ਹੈ ਤਰਨਜੀਤ ਦੀ ਉਮਰ ਜਦੋਂ ਨਿੱਕੀ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ ਉਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਤਰਨਜੀਤ ਨੂੰ ਛੋਟੀ ਉਮਰ ਵਿੱਚ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਮਜ਼ਬੂਰ ਕਰ ਦਿੱਤਾ, ਜੋ ਕਿ ਇੱਕ 17-18 ਸਾਲਾਂ ਦੇ ਬੱਚੇ ਲਈ ਬਹੁਤ ਔਖੀ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਤੋਂ ਬਾਅਦ ਘਰ ਸੰਭਾਲਣ ਵਾਲਾ ਕੋਈ ਨਹੀਂ ਸੀ। ਜਿਸ ਨਾਲ ਤਰਨਜੀਤ ਦੇ ਸਿਰ ਉੱਤੇ ਮੁਸ਼ਕਿਲਾਂ ਦਾ ਹੜ੍ਹ ਆ ਰੁੜ੍ਹਿਆ।
ਵੈਸੇ ਤਾਂ ਤਰਨਜੀਤ ਦੇ ਪਿਤਾ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਕਰਦੇ ਸਨ ਪਰ ਜਦੋਂ ਤਰਨਜੀਤ ਨੂੰ ਥੋੜੀ ਸੋਝੀ ਆਈ ਤਾਂ ਕੁਝ ਅਲਗ ਕਰਨ ਬਾਰੇ ਸੋਚਿਆ ਕਿ ਰਵਾਇਤੀ ਖੇਤੀ ਤੋਂ ਕੁਝ ਹਟ ਕੇ ਕੀਤਾ ਜਾਵੇ ਅਤੇ ਕੁਝ ਵੱਖਰੀ ਪਹਿਚਾਣ ਬਣਾਈ ਜਾਵੇ। ਉਹ ਛੋਟੇ ਹੁੰਦੇ ਸੋਚਦੇ ਸਨ ਕਿ ਅਜਿਹਾ ਕੁੱਝ ਕਰਨਾ ਹੈ ਬੇਸ਼ੱਕ ਜ਼ਿੰਦਗੀ ਪੂਰੀ ਲੱਗ ਜਾਵੇ ਪਰ ਕਰਨਾ ਵੱਖਰਾ ਹੀ ਹੈ।
ਤਰਨਜੀਤ ਕੋਲ ਕੁੱਲ 50 ਏਕੜ ਜ਼ਮੀਨ ਹੈ ਤਾਂ ਸੋਚਿਆ ਕਿ ਅਜਿਹਾ ਜ਼ਮੀਨ ਉੱਤੇ ਕੀ ਉਗਾਵਾਂਗੇ ਕੀ ਜੋ ਵੱਖਰਾ ਹੋਵੇ। ਫਿਰ ਦਿਨ ਰਾਤ ਉਹ ਸੋਚਣ ਲੱਗੇ, ਕਾਫ਼ੀ ਦਿਨ ਸੋਚਣ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਬਾਗ਼ਬਾਨੀ ਵਿੱਚ ਹੀ ਕਾਮਯਾਬੀ ਹਾਸਿਲ ਕੀਤੀ ਜਾਵੇ। ਫਿਰ ਦੇਰੀ ਨਾ ਕਰਦੇ ਤਰਨਜੀਤ ਨੇ ਬੇਰੀ ਦੇ ਪੌਦੇ ਮੰਗਵਾ ਕੇ 16 ਏਕੜ ਦੇ ਵਿੱਚ ਉਸ ਦੀ ਕਾਸ਼ਤ ਕਰ ਦਿੱਤੀ, ਪਰ ਉਸਦੇ ਨਫ਼ੇ ਜਾਂ ਨੁਕਸਾਨ ਬਾਰੇ ਨਹੀਂ ਜਾਣਦੇ ਸਨ, ਬੇਸ਼ਕ ਸੋਝੀ ਤਾਂ ਆ ਗਈ ਸੀ ਪਰ ਜਲਦਬਾਜ਼ੀ ਨੇ ਆਪਣਾ ਅਸਰ ਥੋੜ੍ਹੇ ਸਮੇਂ ਬਾਅਦ ਦਿਖਾ ਦਿੱਤਾ।
ਉਹਨਾਂ ਨੇ ਨਾ ਹੀ ਕੋਈ ਟ੍ਰੇਨਿੰਗ ਲਈ ਸੀ ਨਾ ਹੀ ਕੋਈ ਪੌਦਿਆਂ ਬਾਰੇ ਇੰਨੀ ਜਾਣਕਾਰੀ ਸੀ ਜਿਸ ਤਰ੍ਹਾਂ ਆਏ ਉਸ ਤਰ੍ਹਾਂ ਹੀ ਲਗਾ ਦਿੱਤੇ, ਨਾ ਪਾਣੀ ਦਾ, ਨਾ ਖਾਦ ਦਾ, ਕਿਸੇ ਚੀਜ਼ ਦਾ ਕੁੱਝ ਵੀ ਪਤਾ ਨਹੀਂ ਸੀ। ਜਿਸ ਦਾ ਨੁਕਸਾਨ ਬਾਅਦ ਵਿੱਚ ਉਠਾਉਣਾ ਪਿਆ ਕਿਉਂਕਿ ਵੱਡਾ ਕੋਈ ਸਮਝਾਉਣ ਵਾਲਾ ਨਹੀਂ ਸੀ। ਪਰ ਹਿੰਮਤੀ ਬਹੁਤ ਸੀ ਬੇਸ਼ੱਕ ਨੁਕਸਾਨ ਵੀ ਬਹੁਤ ਹੋਇਆ, ਦੁੱਖ ਵੀ ਬਹੁਤ ਝੱਲੇ ਪਰ ਹਿੰਮਤ ਨਹੀਂ ਹਾਰੀ।
ਬੇਰੀ ਵਿੱਚ ਅਸਫਲਤਾ ਹਾਸਿਲ ਕਰਨ ਤੋਂ ਬਾਅਦ ਫਿਰ ਕਿੰਨੂੰ ਦੇ ਪੌਦੇ ਲਿਆ ਕੇ ਬਾਗ਼ ਵਿੱਚ ਲਗਾ ਦਿੱਤੇ, ਪਰ ਇਸ ਵਾਰ ਉਹਨਾਂ ਨੇ ਹਰ ਇੱਕ ਗੱਲ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਕਿਉਂਕਿ ਜਦੋਂ ਇਨਸਾਨ ਇੱਕ ਵਾਰ ਹਾਰਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਕੁਝ ਸਿੱਖਦਾ ਹੈ, ਜਦੋਂ ਬੂਟਿਆਂ ਨੂੰ ਫਲ ਲੱਗਣੇ ਸ਼ੁਰੂ ਹੋਏ ਤਾਂ ਉਨ੍ਹਾਂ ਦਾ ਚਿਹਰਾ ਖਿੜ ਗਿਆ ਕਿ ਹਾਂ ਅੱਜ ਸਫਲ ਹੋ ਗਿਆ।
ਪਰ ਇਹ ਖੁਸ਼ੀ ਥੋੜੇ ਸਮੇਂ ਲਈ ਸੀ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਸਾਰਾ ਸਹੀ ਚਲ ਰਿਹਾ ਹੈ ਕਿਉਂ ਨਾ ਇੱਕ ਵਾਰ ਵਿੱਚ ਹੀ ਸਾਰੀ ਜਮੀਨ ਨੂੰ ਬਾਗ਼ ਵਿਚ ਤਬਦੀਲ ਕਰ ਦਿੱਤਾ ਜਾਵੇ ਜਿਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੋੜ ਲੈ ਕੇ ਆਉਂਦੇ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਭਰੇ ਸਮੇਂ ਵਿੱਚੋਂ ਲੰਘਣਾ ਪਿਆ।
ਗੱਲ ਇਹ ਸੀ ਕਿ ਉਨ੍ਹਾਂ ਨੇ ਸੋਚਿਆ ਇਸ ਤਰ੍ਹਾਂ ਜੇਕਰ ਇਕੱਲੇ-ਇਕੱਲੇ ਫਲ ਦੇ ਪੌਦੇ ਲਗਾਉਣ ਲੱਗ ਗਿਆ ਤਾਂ ਬਹੁਤ ਸਮਾਂ ਲੱਗ ਜਾਵੇਗਾ। ਫਿਰ ਉਹਨਾਂ ਨੇ ਕੀ ਕੀਤਾ ਇਸ ਤੋਂ ਫਾਇਦਾ ਲੈਣ ਲਈ ਹਰ ਤਰ੍ਹਾਂ ਦੇ ਫਲ ਦੇ ਬੂਟੇ ਜਿਸ ਵਿੱਚ ਅਮਰੂਦ, ਮੌਸਮੀ ਫਲ, ਅਰਲੀ ਗੋਲਡ ਮਾਲਟਾ, ਬੇਰੀ, ਕਾਗਜ਼ੀ ਨਿੰਬੂ, ਜਾਮਣ ਦੇ ਬੂਟੇ ਲਗਾ ਦਿੱਤੇ ਜੋ ਕਿ ਭਰਪੂਰ ਮਾਤਰਾ ਵਿੱਚ ਲਗਾ ਦਿੱਤੇ। ਜਿਸ ਨਾਲ ਇਹ ਹੋਇਆ ਕਿ ਉਹਨਾਂ ਦਾ ਹੱਦ ਤੋਂ ਵੱਧ ਖ਼ਰਚਾ ਹੋਇਆ ਕਿਉਂਕਿ ਬੂਟੇ ਲਗਾ ਤੇ ਲਏ ਸਨ ਪਰ ਉਨ੍ਹਾਂ ਦੀ ਸਾਂਭ-ਸੰਭਾਲ ਵੀ ਉਸ ਤਰੀਕੇ ਨਾਲ ਕਰਨ ਲਈ ਕਾਫੀ ਬੈਂਕ ਤੋਂ ਕਰਜ਼ਾ ਲੈਣਾ ਪਿਆ। ਇੱਕ ਸਮਾਂ ਅਜਿਹਾ ਆਇਆ ਕਿ ਉਹਨਾਂ ਕੋਲ ਖਰਚੇ ਨੂੰ ਵੀ ਪੈਸੇ ਨਹੀਂ ਸਨ। ਉਪਰੋਂ ਬੱਚੇ ਦੀਆਂ ਸਕੂਲ ਦੀਆਂ ਫੀਸਾਂ, ਘਰ ਸੰਭਾਲਣਾ ਉਹਨਾਂ ‘ਤੇ ਹੀ ਸੀ।
ਕੁੱਝ ਸਮਾਂ ਬੀਤਿਆ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਜਦੋਂ ਸਮਾਂ ਆਉਣ ‘ਤੇ ਫ਼ਲ ਲੱਗਣੇ ਸ਼ੁਰੂ ਹੋਏ ਤਾਂ ਉਹਨਾਂ ਦੇ ਮਨ ਨੂੰ ਜ਼ਰੂਰ ਤਸੱਲੀ ਮਿਲੀ ਸੀ ਪਰ ਜਦੋਂ ਉਹਨਾਂ ਨੇ ਆਪਣੇ ਕਿੰਨੂੰ ਦੇ ਬਾਗ ਨੂੰ ਠੇਕੇ ‘ਤੇ ਦੇ ਦਿੱਤਾ ਹੋਇਆ ਸੀ ਤੇ ਬਸ ਇੱਕ ਫਲ ਮਗਰ 2 ਜਾਂ 3 ਰੁਪਏ ਉੱਪਰ ਮਿਲ ਰਹੇ ਸੀ।
16 ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਤਰਨਜੀਤ ਜੀ ਨੂੰ ਆਰਥਿਕ ਪੱਧਰ ‘ਤੇ ਜ਼ਿਆਦਾ ਮੁਨਾਫ਼ਾ ਨਹੀਂ ਹੋ ਰਿਹਾ ਸੀ। ਸਾਲ 2011 ਵਿੱਚ ਜਦੋਂ ਸਮੇਂ ਅਨੁਸਾਰ ਫਲ ਪੱਕ ਰਹੇ ਸਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਇਸ ਵਾਰ ਬਾਗ ਨੂੰ ਠੇਕੇ ‘ਤੇ ਨਾ ਦੇ ਕੇ ਸਗੋਂ ਖੁਦ ਮਾਰਕੀਟ ਵਿੱਚ ਜਾ ਕੇ ਵੇਚ ਕੇ ਆਉਣਾ ਹੈ। ਜਦੋਂ ਉਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮਾਰਕੀਟ ਵਿੱਚ ਵੇਚਣ ਗਏ ਤਾਂ ਉਹਨਾਂ ਨੂੰ ਉਹਨਾਂ ਦੇ ਮੁੱਲ ਤੋਂ ਕਈ ਗੁਣਾ ਮੁਨਾਫ਼ਾ ਹਾਸਿਲ ਹੋਇਆ ਤੇ ਉਹ ਖੁਸ਼ ਹੋ ਗਏ ਕਿ ਚੱਲੋ ਘੱਟੋਂ-ਘੱਟ ਮਿਹਨਤ ਦਾ ਮੁੱਲ ਤਾਂ ਪਇਆ, ਨਹੀਂ ਤਾਂ ਠੇਕੇਦਾਰਾਂ ਤੋਂ ਹੀ ਲੁੱਟ ਹੋ ਰਿਹਾ ਸੀ।
ਤਰਨਜੀਤ ਨੇ ਜਦੋਂ ਇਸ ਤਰੀਕੇ ਨਾਲ ਪਹਿਲੀ ਵਾਰ ਮਾਰਕੀਟਿੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਤਰੀਕਾ ਬਹੁਤ ਹੀ ਵਧੀਆ ਲੱਗਾ, ਇਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਉੱਤੇ ਦਿੱਤੇ ਬਾਗਾਂ ਨੂੰ ਵਾਪਸ ਲੈ ਲਿਆ ਅਤੇ ਖੁਦ ਪੱਕੇ ਤੌਰ ‘ਤੇ ਮਾਰਕੀਟਿੰਗ ਕਰਨ ਦਾ ਫੈਸਲਾ ਕੀਤਾ। ਫਿਰ ਸੋਚਣ ਲੱਗੇ ਕਿ ਮਾਰਕੀਟਿੰਗ ਸੌਖੇ ਤਰੀਕੇ ਨਾਲ ਕਿਵੇਂ ਹੋ ਸਕਦੀ ਹੈ, ਉਨ੍ਹਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿਉਂ ਨਾ ਪੱਕੀ ਗੱਡੀ ਇਸ ਕੰਮ ਲਈ ਹੀ ਰੱਖੀ ਜਾਵੇ ਤੇ ਜਿਸ ਵਿੱਚ ਫ਼ਲ ਰੱਖ ਕੇ ਮਾਰਕੀਟ ਪਹੁੰਚਾਇਆ ਜਾਵੇ। ਇਸ ਤਰ੍ਹਾਂ ਉਹ 2011 ਤੋਂ ਗੱਡੀਆਂ ਵਿੱਚ ਫ਼ਲ ਰੱਖ ਕੇ ਮਾਰਕੀਟ ਵਿੱਚ ਲੈ ਕੇ ਜਾਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਦਿਨ ਪ੍ਰਤੀ ਦਿਨ ਮੁਨਾਫ਼ਾ ਹੋਣ ਲੱਗਾ, ਜਦੋਂ ਉਨ੍ਹਾਂ ਨੂੰ ਲੱਗਾ ਕਿ ਇਸ ਤਰ੍ਹਾਂ ਸਹੀ ਚੱਲ ਰਿਹਾ ਹੈ, ਫਿਰ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਲਈ ਪੱਕੇ ਬੰਦੇ ਰੱਖ ਲਏ, ਜੋ ਫਲਾਂ ਦੀ ਤੁੜਾਈ ਅਤੇ ਮਾਰਕੀਟਿੰਗ ਵਿੱਚ ਪਹੁੰਚਾਉਂਦੇ ਵੀ ਹਨ।
ਜੋ ਫਲਾਂ ਦੀ ਮਾਰਕੀਟਿੰਗ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਈ ਸੀ ਅੱਜ ਉਹ ਚੰਡੀਗੜ੍ਹ, ਲੁਧਿਆਣਾ, ਬੀਕਾਨੇਰ, ਦਿੱਲੀ ਆਦਿ ਵੱਡੇ-ਵੱਡੇ ਸ਼ਹਿਰਾਂ ਵਿੱਚ ਆਪਣਾ ਪ੍ਰਸਾਰ ਕਰ ਚੁੱਕੀ ਹੈ ਜਿਸ ਨਾਲ ਫ਼ਲ ਵਿਕਦੇ ਹੀ ਸਿੱਧੀ ਪੇਮੈਂਟ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਅਤੇ ਅੱਜ ਉਹ ਸਿਰਫ ਬਾਗ਼ ਦੀ ਦੇਖ-ਰੇਖ ਹੀ ਕਰਦੇ ਹਨ ਅਤੇ ਬਸ ਘਰ ਬੈਠੇ ਹੀ ਮੁਨਾਫ਼ਾ ਕਮਾ ਰਹੇ ਹਨ ਜੋ ਕਿ ਉਨ੍ਹਾਂ ਦੇ ਰੋਜ਼ਾਨਾ ਦੀ ਆਮਦਨ ਦਾ ਸਾਧਨ ਬਣ ਚੁੱਕੀ ਹੈ।
ਤਰਨਜੀਤ ਨੇ ਇਕੱਲੀ ਬਾਗਬਾਨੀ ਦੇ ਖੇਤਰ ਵਿੱਚ ਹੀ ਕਾਮਯਾਬੀ ਹਾਸਿਲ ਨਹੀਂ ਕੀਤੀ, ਸਗੋਂ ਨਾਲ-ਨਾਲ ਹੋਰ ਸਹਾਇਕ ਕਿੱਤੇ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ ਵਿੱਚ ਵੀ ਕਾਮਯਾਬ ਹੋਏ ਹਨ ਅਤੇ ਜਿਸ ਦਾ ਹੁਣ ਉਹ ਮੀਟ ਦਾ ਆਚਾਰ ਬਣਾ ਕੇ ਵੀ ਵੇਚ ਰਹੇ ਹਨ। ਇਸ ਤੋਂ ਇਲਾਵਾ ਸਬਜ਼ੀਆਂ ਦੀ ਵੀ ਕਾਸ਼ਤ ਕਰ ਰਹੇ ਹਨ ਜੋ ਕਿ ਆਰਗੈਨਿਕ ਤਰੀਕੇ ਨਾਲ ਕਰ ਰਹੇ ਹਨ। ਉਹਨਾਂ ਦੇ ਫਾਰਮ ‘ਤੇ 30 ਤੋਂ 35 ਬੰਦੇ ਕੰਮ ਕਰਦੇ ਹਨ, ਜੋ ਉਨ੍ਹਾਂ ਦੇ ਪਰਿਵਾਰ ਲਈ ਰੁਜ਼ਗਾਰ ਦਾ ਜ਼ਰੀਆ ਵੀ ਬਣੇ ਹਨ। ਉਸ ਦੇ ਨਾਲ ਉਹ ਟੂਰਿਸਟ ਪੁਆਇੰਟ ਪਲੈਸ ਵੀ ਚਲਾ ਰਹੇ ਹਨ।
ਇਸ ਕੰਮ ਦੇ ਸਦਕਾ ਉਨ੍ਹਾਂ ਨੂੰ PAU, ਕੇ.ਵੀ.ਕੇ. ਅਤੇ ਹੋਰ ਕਈ ਸੰਸਥਾਵਾਂ ਵੱਲੋਂ ਬਹੁਤ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
ਜੇਕਰ ਅੱਜ ਤਰਨਜੀਤ ਅੱਜ ਕਾਮਯਾਬ ਹੋਏ ਹਨ, ਤਾਂ ਉਸ ਪਿੱਛੇ ਉਹਨਾਂ ਦੇ ਜ਼ਿੰਦਗੀ ਦੇ 25 ਸਾਲ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਗੁਜ਼ਰੇ ਹਨ, ਪਰ ਕੋਈ ਵੀ ਪਲ ਅਜਿਹਾ ਨਹੀਂ ਸੀ ਜਿੱਥੇ ਉਨ੍ਹਾਂ ਨੇ ਇੱਕ ਕਦਮ ਵੀ ਪਿਛਾਂਹ ਪੁੱਟਿਆ ਹੋਵੇ, ਬਸ ਇਸ ਉਮੀਦ ਨਾਲ ਲੜਦੇ ਰਹੇ ਕਿ ਕਦੇ ਨਾ ਕਦੇ ਕਾਮਯਾਬ ਹੋਵਾਂਗੇ।
ਭਵਿੱਖ ਦੀ ਯੋਜਨਾ
ਉਹ ਬਾਗਬਾਨੀ ਦਾ ਦਾਇਰਾ ਪੂਰੀ ਜ਼ਮੀਨ ਵਿੱਚ ਫੈਲਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਜਿੱਥੇ ਹੁਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਫ਼ਲ ਵਿਕ ਰਿਹਾ ਹੈ, ਉਹ ਭਾਰਤ ਦੇ ਕੋਨੇ-ਕੋਨੇ ਤੱਕ ਉਨ੍ਹਾਂ ਦੇ ਫ਼ਲ ਦੀ ਪਹੁੰਚ ਹੋਵੇ।
ਸੰਦੇਸ਼
ਜੇਕਰ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਉਹ ਚੰਗਾ ਕਰਨ ਲਈ ਆਉਂਦੀਆਂ ਹਨ, ਖੇਤੀ ਵਿੱਚ ਇਕੱਲੀ ਰਵਾਇਤੀ ਖੇਤੀ ਨਹੀਂ ਹੈ, ਇਸ ਤੋਂ ਵੀ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਸਹਾਇਕ ਕਿੱਤੇ ਹਨ ਤੁਸੀਂ ਉਹ ਕਰਕੇ ਕਾਮਯਾਬ ਹੋ ਸਕਦੇ ਹੋ।