ਪ੍ਰਤੀਕ ਬਜਾਜ
ਬਰੇਲੀ ਦੇ ਨੌਜਵਾਨ ਨੇ ਸਿਰਫ਼ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਅਤੇ ਕਿਸਾਨਾਂ ਨੂੰ ਦੁੱਗਣਾ ਆਮਦਨ ਕਮਾਉਣ ਵਿੱਚ ਮਦਦ ਕਰਨ ਲਈ ਸੀ.ਏ. ਦੀ ਪੜ੍ਹਾਈ ਛੱਡ ਕੇ ਵਰਮੀਕੰਪੋਸਟਿੰਗ ਨੂੰ ਚੁਣਿਆ
ਪ੍ਰਤੀਕ ਬਜਾਜ ਆਪਣੇ ਯਤਨਾਂ ਦੇ ਯੋਗਦਾਨ ਦੁਆਰਾ ਮਾਤ-ਭੂਮੀ ਦਾ ਪਾਲਣ-ਪੋਸ਼ਣ ਕਰਨ ਅਤੇ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਵਿੱਚ ਖੇਤੀ ਸਮਾਜ ਦੇ ਲਈ ਇੱਕ ਉੱਜਵਲ ਉਦਾਹਰਨ ਹੈ। ਦ੍ਰਿਸ਼ਟੀਕੋਣ ਅਤੇ ਆਵਿਸ਼ਕਾਰ ਦੇ ਆਪਣੇ ਸੁੰਦਰ ਖੇਤਰ ਦੇ ਨਾਲ ਅੱਜ ਉਹ ਦੇਸ਼ ਦੀਆਂ ਕੂੜਾ ਪ੍ਰਬੰਧਨ ਸੰਬੰਧੀ ਸਮੱਸਿਆਵਾਂ ਨੂੰ ਬਹੁਤ ਕੋਸ਼ਿਸ਼ਾਂ ਨਾਲ ਹੱਲ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਵਰਮੀਕੰਪੋਸਟਿੰਗ ਤਕਨੀਕ ਅਪਨਾਉਣ ਅਤੇ ਆਪਣੀ ਖੇਤੀਬਾੜੀ ਨੂੰ ਨੁਕਸਾਨ ਦੇ ਸੌਦੇ ਦੀ ਬਜਾਏ ਇੱਕ ਲਾਭਦਾਇਕ ਉੱਦਮ ਬਣਾਉਣ ਵਿੱਚ ਮਦਦ ਕਰ ਰਿਹਾ ਹੈ।
ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿੱਚੋਂ ਇੱਕ ਬਰੇਲੀ ਅਤੇ ਇੱਕ ਬਿਜ਼ਨਸ ਕਲਾਸ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਪ੍ਰਤੀਕ ਬਜਾਜ ਹਮੇਸ਼ਾ ਸੀ.ਏ. ਬਣਨ ਦਾ ਸੁਪਨਾ ਦੇਖਦਾ ਸੀ ਤਾਂ ਕਿ ਬਾਅਦ ਵਿੱਚ ਉਹ ਆਪਣੇ ਪਿਤਾ ਦੇ ਰੀਅਲ ਐਸਟੇਟ ਕਾਰੋਬਾਰ ਨੂੰ ਜਾਰੀ ਰੱਖ ਸਕੇ। ਪਰ 19 ਸਾਲ ਦੀ ਛੋਟੀ ਉਮਰ ਵਿੱਚ ਇਸ ਲੜਕੇ ਨੇ ਆਪਣਾ ਮਨ ਬਦਲ ਲਿਆ ਅਤੇ ਵਰਮੀਕੰਪੋਸਟਿੰਗ ਦਾ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਵਰਮੀਕੰਪੋਸਟਿੰਗ ਦਾ ਵਿਚਾਰ ਪ੍ਰਤੀਕ ਬਜਾਜ ਦੇ ਦਿਮਾਗ ਵਿੱਚ 2015 ਵਿੱਚ ਆਇਆ ਜਦੋਂ ਇੱਕ ਦਿਨ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਆਈ.ਵੀ.ਆਰ.ਆਈ, ਇੱਜ਼ਤਨਗਰ ਵਿੱਚ ਵੱਡੇ ਭਰਾ ਨਾਲ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵਿੱਚ ਭਾਗ ਲਿਆ, ਜਿਸ ਨੇ ਹਾਲ ਹੀ ਵਿੱਚ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਪ੍ਰਤੀਕ ਬਜਾਜ ਨੇ ਪਹਿਲਾ ਤੋਂ ਹੀ ਸੀ.ਪੀ.ਟੀ. ਪ੍ਰੀਖਿਆ ਪਾਸ ਕੀਤੀ ਸੀ ਅਤੇ ਸੀ.ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੀ ਉਤਸ਼ਾਹੀ ਭਾਵਨਾ ਦੇ ਨਾਲ ਉਹ ਸੀ.ਏ. ਵੀ ਪਾਸ ਕਰ ਸਕਦਾ ਸੀ ਪਰ ਇੱਕ ਵਾਰ ਟ੍ਰੇਨਿੰਗ ਵਿੱਚ ਭਾਗ ਲੈਣ ਤੋਂ ਬਾਅਦ ਉਸ ਨੂੰ ਵਰਮੀਕੰਪੋਸਟਿੰਗ ਅਤੇ ਬਾਇਓਵੇਸਟ ਦੀਆਂ ਬੁਨਿਆਦੀ ਗੱਲਾਂ ਦਾ ਪਤਾ ਲੱਗਾ। ਉਸ ਨੂੰ ਵਰਮੀਕੰਪੋਸਟਿੰਗ ਦਾ ਵਿਚਾਰ ਇੰਨਾ ਦਿਲਚਸਪ ਲੱਗਾ ਕਿ ਉਸ ਨੇ ਆਪਣੇ ਕਰੀਅਰ ਦੇ ਟੀਚਿਆਂ ਨੂੰ ਛੱਡ ਕੇ ਜੈਵ ਕੂੜਾ ਪ੍ਰਬੰਧਨ ਨੂੰ ਆਪਣੀ ਭਵਿੱਖ ਦੀ ਯੋਜਨਾ ਦੇ ਰੂਪ ਵਿੱਚ ਅਪਨਾਉਣ ਦਾ ਫੈਸਲਾ ਕੀਤਾ।
“ਮੈਂ ਹੈਰਾਨ ਸੀ ਕਿ ਕਿਉਂ ਅਸੀਂ ਮੇਰੇ ਭਰਾ ਦੇ ਡੇਅਰੀ ਫਾਰਮ ਤੋਂ ਪ੍ਰਾਪਤ ਗਾਂ ਦੇ ਗੋਬਰ ਅਤੇ ਮੂਤਰ ਨੂੰ ਛੱਡ ਦਿੰਦੇ ਹਾਂ ਜਦਕਿ ਅਸੀਂ ਇਸ ਦੀ ਬਿਹਤਰ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ” – ਪ੍ਰਤੀਕ ਬਜਾਜ ਨੇ ਕਿਹਾ।
ਲਗਭਗ ਛੇ ਮਹੀਨੇ ਬਾਅਦ ਪ੍ਰਤੀਕ ਨੇ ਆਪਣੇ ਪਰਿਵਾਰ ਨਾਲ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਇਹ ਪਹਿਲਾਂ ਤੋਂ ਹੀ ਸਮਝਿਆ ਜਾ ਸਕਦਾ ਸੀ ਕਿ ਉਸ ਦੇ ਪਿਤਾ ਸੀ.ਏ. ਛੱਡਣ ਲਈ ਪ੍ਰਤੀਕ ਦੇ ਫੈਸਲੇ ਨੂੰ ਨਾ-ਮਨਜ਼ੂਰ ਕਰ ਦੇਣਗੇ। ਪਰ ਜਦੋਂ ਪਹਿਲੀ ਵਾਰ ਪ੍ਰਤੀਕ ਨੇ ਵਰਮੀਕੰਪੋਸਟਿੰਗ ਤਿਆਰ ਕੀਤੀ ਅਤੇ ਇਸ ਨੂੰ ਬਜ਼ਾਰ ਵਿੱਚ ਵੇਚਿਆ ਤਾਂ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਫੈਸਲੇ ਨੂੰ ਦਿਲੋਂ ਮਨਜ਼ੂਰ ਕਰ ਲਿਆ ਅਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ।
“ਮੇਰੇ ਲਈ ਸੀ.ਏ. ਬਣਨਾ ਮੁਸ਼ਕਿਲ ਨਹੀਂ ਸੀ, ਮੈਂ ਕਈ ਘੰਟੇ ਪੜ੍ਹਾਈ ਕਰ ਸਕਦਾ ਸੀ ਅਤੇ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਸਕਦਾ ਸੀ। ਪਰ ਮੈਂ ਉਹੀ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ। ਭਾਵੇਂ ਕੰਪੋਸਟਿੰਗ ਪਲਾਂਟ ਵਿੱਚ ਕੰਮ ਕਰਦੇ 24 ਘੰਟੇ ਲੱਗ ਜਾਂਦੇ ਹਨ, ਪਰ ਇਸ ਨਾਲ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਮੈਨੂੰ ਕਿਸੇ ਵੀ ਅੰਤਰਾਲ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂਨੂੰ ਪਤਾ ਹੈ ਕਿ ਮੇਰਾ ਜਨੂੰਨ ਹੀ ਮੇਰਾ ਕਰੀਅਰ ਹੈ ਅਤੇ ਇਹ ਮੇਰੇ ਕੰਮ ਨੂੰ ਜ਼ਿਆਦਾ ਮਜ਼ੇਦਾਰ ਬਣਾਉਂਦਾ ਹੈ” – ਪ੍ਰਤੀਕ ਬਜਾਜ ਨੇ ਕਿਹਾ।
ਵਰਮੀਕੰਪੋਸਟਿੰਗ ਦੀ ਨਵੀਂ ਯੂਨਿਟ ਖੋਲ੍ਹਣ ਸਮੇਂ ਪ੍ਰਤੀਕ ਨੇ ਫੈਸਲਾ ਕੀਤਾ ਕਿ ਉਹ ਕੂੜਾ ਪ੍ਰਬੰਧਨ ਸਮੱਸਿਆਵਾਂ ਨਾਲ ਨਜਿੱਠਣਗੇ ਅਤੇ ਕਿਸਾਨ ਦੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਵਾਤਾਵਰਨ ਅਨੁਕੂਲ ਅਤੇ ਆਰਥਿਕ ਤਰੀਕੇ ਨਾਲ ਪ੍ਰਬੰਧਿਤ ਕਰਨ ਵਿੱਚ ਵੀ ਮਦਦ ਕਰਨਗੇ।
ਆਪਣੀ ਕੰਪੋਸਟ ਨੂੰ ਹੋਰ ਵਧੀਆ ਬਣਾਉਣ ਲਈ ਉਨ੍ਹਾਂ ਨੇ ਅਲੱਗ ਤਰੀਕੇ ਨਾਲ ਕੂੜੇ ਨੂੰ ਵਿਭਿੰਨ ਤਰੀਕੇ ਨਾਲ ਵਰਤਿਆ। ਉਸ ਨੇ ਮੰਦਿਰਾਂ ਤੋਂ ਫੁੱਲ, ਸਬਜ਼ੀਆਂ ਦਾ ਕੂੜਾ, ਚੀਨੀ ਦੇ ਵਾਧੂ ਪਦਾਰਥ ਦੀ ਵਰਤੋਂ ਕੀਤੀ ਅਤੇ ਵਰਮੀਕੰਪੋਸਟ ਵਿੱਚ ਨਿੰਮ ਦੇ ਪੱਤਿਆਂ ਨੂੰ ਸ਼ਾਮਲ ਕੀਤਾ, ਜਿਸ ਵਿੱਚ ਐਂਟੀਬਾਇਓਟਿਕ ਗੁਣ ਭਰਪੂਰ ਹੁੰਦੇ ਹਨ।
ਇਸ ਉੱਦਮ ਨੂੰ ਪੂਰਾ ਲਾਭਦਾਇਕ ਪ੍ਰੋਜੈੱਕਟ ਵਿੱਚ ਬਦਲ ਦਿੱਤਾ ਗਿਆ, ਪ੍ਰਤੀਕ ਨੇ ਪਿੰਡ ਵਿੱਚ ਕੁੱਝ ਹੋਰ ਜ਼ਮੀਨ ਖਰੀਦ ਕੇ ਉੱਥੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ। ਆਪਣੀ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਤਕਨੀਕਾਂ ਨਾਲ ਉਸ ਨੇ ਸਿੱਟਾ ਕੱਢਿਆ ਕਿ ਜੇਕਰ ਗਊ-ਮੂਤਰ ਅਤੇ ਨਿੰਮ ਦੇ ਪੱਤਿਆਂ ਦੀ ਨਿਸ਼ਚਿਤ ਮਾਤਰਾ ਵਿੱਚ ਵਰਤੋਂ ਕੀਤੀ ਜਾਵੇ ਤਾਂ ਮਿੱਟੀ ਨੂੰ ਘੱਟ ਖਾਦ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ ਇਹ ਫ਼ਸਲ ਦੀ ਪੈਦਾਵਾਰ ਨੂੰ ਵੀ ਪ੍ਰਭਾਵਿਤ ਨਹੀਂ ਕਰਦੀ। ਕੰਪੋਸਟ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਸ਼ਾਮਲ ਕਰਨ ਨਾਲ ਫ਼ਸਲ ‘ਤੇ ਕੀਟਾਂ ਦਾ ਘੱਟ ਹਮਲਾ ਹੁੰਦਾ ਹੈ ਅਤੇ ਇਸ ਨਾਲ ਫ਼ਸਲ ਦੀ ਪੈਦਾਵਾਰ ਵੀ ਬਿਹਤਰ ਹੁੰਦੀ ਹੈ ਅਤੇ ਮਿੱਟੀ ਜ਼ਿਆਦਾ ਉਪਜਾਊ ਬਣਦੀ ਹੈ।
ਪ੍ਰਤੀਕ ਕਿਸਾਨਾਂ ਨੂੰ ਇਹ ਦਾਅਵੇ ਨਾਲ ਕਹਿੰਦੇ ਹਨ ਕਿ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਵਿੱਚ ਨਿਵੇਸ਼ ਕਰਕੇ ਇੱਕ ਕਿਸਾਨ ਜ਼ਿਆਦਾ ਆਰਥਿਕ ਤੌਰ ‘ਤੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦਾ ਹੈ ਅਤੇ ਖੇਤੀ ਦੀਆਂ ਜ਼ਹਿਰੀਲੀਆਂ ਤਕਨੀਕਾਂ ਦੀ ਤੁਲਨਾ ਵਿੱਚ ਬਿਹਤਰ ਪੈਦਾਵਾਰ ਵੀ ਲੈ ਸਕਦਾ ਹੈ ਅਤੇ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਜੈਵਿਕ ਉਤਪਾਦਾਂ ਦਾ ਹਮੇਸ਼ਾ ਬਾਜ਼ਾਰ ਵਿੱਚ ਬਿਹਤਰ ਮੁੱਲ ਹੁੰਦਾ ਹੈ।
ਉਸ ਨੇ ਰਸਾਇਣਿਕ ਤੌਰ ‘ਤੇ ਉਗਾਈ ਕਣਕ ਦੀ ਤੁਲਨਾ ਵਿੱਚ ਬਜ਼ਾਰ ਵਿੱਚ ਜੈਵਿਕ ਕਣਕ ਵੇਚਣ ਦਾ ਅਨੁਭਵ ਸਾਂਝਾ ਕੀਤਾ। ਸੋ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਨੂੰ ਅਪਨਾਉਣਾ ਕਿਸਾਨਾਂ ਲਈ ਇੱਕ ਲਾਭਦਾਇਕ ਸੌਦਾ ਹੈ।
ਪ੍ਰਤੀਕ ਨੇ ਆਪਣਾ ਅਨੁਭਵ ਦੱਸਦੇ ਹੋਏ ਸਾਡੇ ਨਾਲ ਗਿਆਨ ਦਾ ਇੱਕ ਛੋਟਾ ਜਿਹਾ ਅੰਸ਼ ਸਾਂਝਾ ਕੀਤਾ – ਵਰਮੀਕੰਪੋਸਟਿੰਗ ਵਿੱਚ ਗਾਂ ਦੇ ਗੋਬਰ ਦੀ ਵਰਤੋਂ ਕਰਨ ਤੋਂ ਪਹਿਲਾਂ ਦੋ ਮੁੱਖ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ- ਗਾਂ ਦਾ ਗੋਬਰ 15-20 ਦਿਨ ਪੁਰਾਣਾ ਹੋਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਸੁੱਕਾ ਹੋਣਾ ਚਾਹੀਦਾ ਹੈ।
ਇਸ ਸਮੇਂ 22 ਸਾਲ ਦਾ ਪ੍ਰਤੀਕ ਬਜਾਜ ਸਫ਼ਲਤਾਪੂਰਵਕ ਆਪਣਾ ਸਹਿਯੋਗੀ ਬਾਇਓਟੈੱਕ ਪਲਾਂਟ ਚਲਾ ਰਹੇ ਹਨ ਅਤੇ ਨੋਇਡਾ, ਗਾਜ਼ੀਆਬਾਦ, ਬਰੇਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਬ੍ਰੈਂਡ ਨਾਮ ਯੇਲੋ ਖਾਦ ਦੇ ਤਹਿਤ ਕੰਪੋਸਟ ਵੇਚ ਰਹੇ ਹਨ। ਪ੍ਰਤੀਕ ਆਪਣੇ ਉਤਪਾਦ ਨੂੰ ਵੇਚਣ ਲਈ ਕਈ ਹੋਰ ਤਰੀਕਿਆਂ ਨੂੰ ਵੀ ਅਪਣਾਉਂਦੇ ਹਨ।
ਮਿੱਟੀ ਨੂੰ ਸਾਫ਼ ਕਰਨ ਅਤੇ ਇਸ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਦ੍ਰਿੜ ਸੰਕਲਪ ਨਾਲ ਪ੍ਰਤੀਕ ਹਮੇਸ਼ਾ ਵਿਭਿੰਨ ਬੈਕਟੀਰੀਆ ਅਤੇ ਇਨਪੁੱਟ ਕੋਂਪੋਨੈਂਟ ਨਾਲ ਆਪਣਾ ਕੰਮ ਜਾਰੀ ਰੱਖਣਗੇ। ਪ੍ਰਤੀਕ ਇਸ ਸੰਤੁਸ਼ਟੀ ਵਾਲੇ ਕਾਰੋਬਾਰ ਦਾ ਹਿੱਸਾ ਬਣ ਕੇ ਬਹੁਤ ਆਨੰਦ ਮਹਿਸੂਸ ਕਰਦਾ ਹੈ, ਜਿਸ ਦੇ ਮਾਧਿਅਮ ਨਾਲ ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਦੇ ਹਨ ਬਲਕਿ ਧਰਤੀ ਨੂੰ ਵੀ ਬਿਹਤਰ ਸਥਾਨ ਬਣਾ ਰਿਹਾ ਹੈ।