ਰਵਿੰਦਰ ਸਿੰਘ ਅਤੇ ਸ਼ਾਹਤਾਜ ਸੰਧੂ
ਕਿਵੇਂ ਸੰਧੂ ਭਰਾਵਾਂ ਨੇ ਆਪਣੇ ਵਿਰਾਸਤੀ ਕੰਮ ਨੂੰ ਜਾਰੀ ਰੱਖਿਆ ਅਤੇ ਪੋਲਟਰੀ ਦੇ ਕਾਰੋਬਾਰ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਇਆ
ਇਹ ਕਹਾਣੀ ਸਿਰਫ਼ ਮੁਰਗੀਆਂ ਅਤੇ ਅੰਡਿਆਂ ਬਾਰੇ ਹੀ ਨਹੀਂ ਹੈ। ਇਹ ਕਹਾਣੀ ਭਰਾਵਾਂ ਦੇ ਦ੍ਰਿੜ ਸੰਕਲਪ ਦੀ ਹੈ, ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਛੋਟੇ ਉੱਦਮ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਇੱਕ ਕਰੋੜਾਂ ਦੇ ਪ੍ਰੋਜੈੱਕਟ ਵਿੱਚ ਬਦਲ ਦਿੱਤਾ।
ਆਖਿਰ, ਕੌਣ ਜਾਣਦਾ ਸੀ ਕਿ ਇੱਕ ਸਧਾਰਨ ਕਿਸਾਨ- ਮੁਖਤਿਆਰ ਸਿੰਘ ਸੰਧੂ ਦੁਆਰਾ ਸ਼ੁਰੂ ਕੀਤਾ ਗਿਆ ਮੁਰਗੀ ਪਾਲਣ ਦਾ ਸਹਾਇਕ ਧੰਦਾ ਉਨ੍ਹਾਂ ਦੀ ਅਗਲੀ ਪੀੜ੍ਹੀ ਦੁਆਰਾ ਨਵੇਂ ਮੁਕਾਮ ‘ਤੇ ਪਹੁੰਚਾਇਆ ਜਾਵੇਗਾ।
ਇਹ 1984 ਦੀ ਗੱਲ ਹੈ, ਜਦੋਂ ਮੁਖਤਿਆਰ ਸਿੰਘ ਸੰਧੂ ਨੇ ਖੇਤੀਬਾੜੀ ਦੇ ਨਾਲ ਪੋਲਟਰੀ ਫਾਰਮਿੰਗ ਵਿੱਚ ਨਿਵੇਸ਼ ਕਰਨ ਦਾ ਫੈਸਲਾ ਕੀਤਾ। ਸ. ਸੰਧੂ ਨੇ ਵਿਕਲਪੀ ਆਮਦਨ ਦੇ ਵਧੀਆ ਸ੍ਰੋਤ ਦੇ ਤੌਰ ‘ਤੇ ਮੁਰਗੀ ਪਾਲਣ ਦੇ ਕਾਰੋਬਾਰ ਨੂੰ ਅਪਨਾਇਆ ਅਤੇ ਪਰਿਵਾਰ ਦੀਆਂ ਵੱਧਦੀਆਂ ਹੋਈਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਖੇਤੀਬਾੜੀ ਦੇ ਨਾਲ ਇਹ ਵਿਕਲਪ ਹੀ ਉਚਿੱਤ ਲੱਗਾ। ਉਨ੍ਹਾਂ ਨੇ 5000 ਬ੍ਰਾਇਲਰ ਮੁਰਗੀਆਂ ਨਾਲ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਸਮੇਂ ਅਤੇ ਆਮਦਨ ਦੇ ਨਾਲ-ਨਾਲ ਇਸ ਕਾਰੋਬਾਰ ਦਾ ਵਿਸਤਾਰ ਕੀਤਾ।
ਸਮਾਂ ਬੀਤਣ ਦੇ ਨਾਲ ਮੁਖਤਿਆਰ ਸਿੰਘ ਨੇ ਇਸ ਕਾਰੋਬਾਰ ਵਿੱਚ ਆਪਣਾ ਸਰਵਸ਼੍ਰੇਠ ਯੋਗਦਾਨ ਦਿੱਤਾ ਅਤੇ ਆਪਣਿਆਂ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਅਤੇ 1993 ਵਿੱਚ ਉਨ੍ਹਾਂ ਦੇ ਭਤੀਜੇ ਰਵਿੰਦਰ ਸਿੰਘ ਸੰਧੂ(ਲਾਡੀ) ਨੇ ਆਪਣੇ ਚਾਚਾ ਜੀ ਦੇ ਕਾਰੋਬਾਰ ਵਿੱਚ ਸ਼ਾਮਲ ਹੋਣ ਅਤੇ ਬ੍ਰਾਇਲਰ ਪਾਲਣ ਦੇ ਕਾਰੋਬਾਰ ਨੂੰ ਨਵੀਆਂ ਉੱਚਾਈਆਂ ਤੱਕ ਲਿਜਾਣ ਦਾ ਫੈਸਲਾ ਕੀਤਾ।
ਸਾਲ 2003-04 ਵਿੱਚ ਬਰਡ-ਫਲੂ ਫੈਲਣ ਨਾਲ ਪੋਲਟਰੀ ਉਦਯੋਗ ਨੂੰ ਇੱਕ ਵੱਡਾ ਨੁਕਸਾਨ ਹੋਇਆ। ਮੁਰਗੀ ਪਾਲਕਾਂ ਨੇ ਆਪਣੀਆਂ ਮੁਰਗੀਆਂ ਨਦੀ ਵਿੱਚ ਸੁੱਟ ਦਿੱਤੀਆਂ ਅਤੇ ਪੋਲਟਰੀ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਦੀ ਹਿੰਮਤ ਦੁਬਾਰਾ ਕਿਸੇ ਦੀ ਨਹੀਂ ਹੋਈ। ਸੰਧੂ ਪੋਲਟਰੀ ਨੂੰ ਵੀ ਇਸ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ, ਪਰ ਰਵਿੰਦਰ ਸਿੰਘ ਸੰਧੂ ਬਹੁਤ ਦ੍ਰਿੜ ਸਨ ਅਤੇ ਉਹ ਕਿਸੇ ਵੀ ਕੀਮਤ ‘ਤੇ ਆਪਣੇ ਕਾਰੋਬਾਰ ਨੂੰ ਮੁੜ ਸ਼ੁਰੂ ਕਰਨਾ ਚਾਹੁੰਦੇ ਸੀ। ਉਹ ਥੋੜ੍ਹਾ ਡਰੇ ਹੋਏ ਵੀ ਸਨ, ਕਿ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਜਾਏਗਾ, ਪਰ ਉਨ੍ਹਾਂ ਦੇ ਦ੍ਰਿੜ ਸੰਕਲਪ ਅਤੇ ਲਕਸ਼ ਵਿੱਚ ਕੁੱਝ ਵੀ ਨਾ ਟਿਕਿਆ। ਉਨ੍ਹਾਂ ਨੇ ਬੈਂਕ ਤੋਂ ਲੋਨ ਲਿਆ ਅਤੇ ਮੁਰਗੀ ਪਾਲਣ ਦਾ ਕਾਰੋਬਾਰ ਦੁਬਾਰਾ ਸ਼ੁਰੂ ਕੀਤਾ।
” ਪੋਲਟਰੀ ਉਦਯੋਗ ਦੁਬਾਰਾ ਸ਼ੁਰੂ ਕਰਨ ਦਾ ਕਾਰਨ ਸੀ ਕਿ ਮੇਰੇ ਚਾਚਾ ਜੀ(ਮੁਖਤਿਆਰ ਸਿੰਘ) ਦਾ ਇਸ ਉਦਯੋਗ ਨਾਲ ਕਾਫੀ ਮੋਹ ਸੀ, ਕਿਉਂਕਿ ਇਸ ਕਾਰੋਬਾਰ ਨੂੰ ਸ਼ੁਰੂ ਕਰਨ ਵਾਲੇ ਉਹ ਪਹਿਲੇ ਵਿਅਕਤੀ ਸਨ। ਇਸ ਤੋਂ ਇਲਾਵਾ ਪਰਿਵਾਰ ਵਿੱਚ ਹਰੇਕ ਮੈਂਬਰ ਦੀ ਸਿੱਖਿਆ(ਮੁੱਢਲੀ ਤੋਂ ਉੱਚ) ਦਾ ਖ਼ਰਚ ਅਤੇ ਪਰਿਵਾਰ ਦੇ ਹਰੇਕ ਮੈਂਬਰ ਦਾ ਖ਼ਰਚ ਇਸੇ ਉੱਦਮ ਤੋਂ ਚੱਲ ਰਿਹਾ ਸੀ। ਅੱਜ ਮੇਰੀ ਇੱਕ ਭੈਣ ਕੈਲਿਫੋਰਨੀਆ ਵਿੱਚ ਸਰਕਾਰੀ ਅਫਸਰ ਦੇ ਤੌਰ ‘ਤੇ ਕੰਮ ਕਰ ਰਹੀ ਹੈ। ਇੱਕ ਭੈਣ ਕਰਨਾਲ ਦੇ ਸਰਕਾਰੀ ਹਾਈ ਸਕੂਲ ਵਿੱਚ ਲੈਕਚਰਾਰ ਹੈ। ਕੁੱਝ ਸਾਲ ਪਹਿਲਾਂ ਸ਼ਾਹਤਾਜ ਸਿੰਘ(ਰਵਿੰਦਰ ਸਿੰਘ ਦਾ ਚਚੇਰਾ ਭਰਾ) ਨੇ ਫਲੋਰਿਡਾ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨਿਅਰਿੰਗ ਵਿੱਚ ਮਾਸਟਰ ਦੀ ਪੜ੍ਹਾਈ ਪੂਰੀ ਕੀਤੀ। ਦੋਨਾਂ ਬੇਟੀ ਅਤੇ ਬੇਟੇ ਦੇ ਵਿਆਹ ਦਾ ਖ਼ਰਚ… ਸਭ ਕੁੱਝ ਪੋਲਟਰੀ ਫਾਰਮ ਦੀ ਆਮਦਨ ਨਾਲ ਕੀਤਾ ਗਿਆ।”
2010 ਤੱਕ ਰਵਿੰਦਰ ਜੀ ਆਪਣੇ ਚਾਚਾ ਜੀ ਨਾਲ ਮਿਲ ਕੇ ਫਾਰਮ ਦੀ ਉਤਪਾਦਕਤਾ 2.5 ਲੱਖ ਮੁਰਗੀਆਂ ਤੱਕ ਵਧਾ ਦਿੱਤੀ। ਉਸੇ ਸਾਲ ਵਿੱਚ, ਉਨ੍ਹਾਂ ਨੇ 40000 ਪੰਛੀਆਂ ਦੀ ਸਮਰੱਥਾ ਵਾਲੀ ਇੱਕ ਹੈਚਰੀ ਦੀ ਸਥਾਪਨਾ ਕੀਤੀ, ਜਿਸ ਵਿੱਚੋਂ ਉਨ੍ਹਾਂ ਨੇ ਰੋਜ਼ਾਨਾ ਔਸਤਨ 15000 ਪੰਛੀ ਪ੍ਰਾਪਤ ਕਰਨੇ ਸ਼ੁਰੂ ਕਰਨੇ ਸ਼ੁਰੂ ਕੀਤੇ।
2012 ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸ਼ਾਹਤਾਜ ਸਿੰਘ ਸੰਧੂ ਆਪਣੇ ਚਚੇਰੇ ਭਰਾ(ਰਵਿੰਦਰ ਸਿੰਘ ਉਰਫ਼ ਲਾਡੀ) ਅਤੇ ਪਿਤਾ(ਮੁਖਤਿਆਰ ਸਿੰਘ) ਦੇ ਪੋਲਟਰੀ ਧੰਦੇ ਵਿੱਚ ਸ਼ਾਮਲ ਹੋਏ। ਪਹਿਲਾਂ ਉਹ ਦੂਜੀਆਂ ਕੰਪਨੀਆਂ ਤੋਂ ਖਰੀਦੀ ਫੀਡ ਦਾ ਪ੍ਰਯੋਗ ਕਰਦੇ ਸਨ, ਪਰ ਕੁੱਝ ਸਮੇਂ ਬਾਅਦ ਦੋਨੋਂ ਭਰਾ ਸੰਧੂ ਪੋਲਟਰੀ ਫਾਰਮ ਨੂੰ ਨਵੀਆਂ ਉੱਚਾਈਆਂ ‘ਤੇ ਲੈ ਗਏ ਅਤੇ ਸੰਧੂ ਫੀਡਸ ਦੀ ਸਥਾਪਨਾ ਕੀਤੀ। ਸੰਧੂ ਪੋਲਟਰੀ ਫਾਰਮ ਅਤੇ ਸੰਧੂ ਫੀਡ ਦੋਨੋਂ ਹੀ ਅਧਿਕਾਰਿਤ ਸੰਗਠਨ ਦੇ ਤਹਿਤ ਰਜਿਸਟਰਡ ਹੈ।
ਇਸ ਸਮੇਂ ਉਨ੍ਹਾਂ ਕੋਲ ਜੀਂਦ ਰੋਡ, ਅਸੰਧ(ਹਰਿਆਣਾ) ਵਿਖੇ ਸਥਿਤ 22 ਏਕੜ ਵਿੱਚ ਪੋਲਟਰੀ ਫਾਰਮ ਦੀਆਂ 7-8 ਯੂਨਿਟਾਂ, 4 ਏਕੜ ਵਿੱਚ ਹੈਚਰੀ, 4 ਏਕੜ ਵਿੱਚ ਫੀਡ ਪਲਾਂਟ ਹਨ ਅਤੇ ਉਹ 30 ਏਕੜ ਵਿੱਚ ਫ਼ਸਲਾਂ ਦੀ ਖੇਤੀ ਕਰਦੇ ਹਨ। ਆਪਣੇ ਫਾਰਮ ਨੂੰ ਹਰੇ ਰੰਗ ਦੇ ਦ੍ਰਿਸ਼ ਅਤੇ ਤਾਜ਼ਾ ਵਾਤਾਵਰਣ ਦੇਣ ਲਈ ਉਨ੍ਹਾਂ ਨੇ 5000 ਤੋਂ ਵੱਧ ਰੁੱਖ ਲਾਏ ਹਨ। ਫੀਡ ਪਲਾਂਟ ਦਾ ਉਚਿੱਤ ਪ੍ਰਬੰਧਨ 2 ਲੋਕਾਂ ਨੂੰ ਸੌਂਪਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਪੋਲਟਰੀ ਫਾਰਮ ਦੇ ਕੰਮ ਲਈ 100 ਕਰਮਚਾਰੀ ਹਨ, ਜਿਨ੍ਹਾਂ ਵਿੱਚੋਂ 40 ਅਧਿਕਾਰਿਤ ਕਰਮਚਾਰੀ ਹਨ।
ਜਦੋਂ ਗੱਲ ਸਵੱਛਤਾ ਅਤੇ ਫਾਰਮ ਦੀ ਸਥਿਤੀ ਦੀ ਆਉਂਦੀ ਹੈ ਤਾਂ ਇਹ ਸੰਧੂ ਭਰਾਵਾਂ ਦੀ ਸਖ਼ਤ ਨਿਗਰਾਨੀ ਦੁਆਰਾ ਹੀ ਬਣਾ ਕੇ ਰੱਖੀ ਜਾਂਦੀ ਹੈ। ਪੰਛੀਆਂ ਦੇ ਹਰੇਕ ਬੈਚ ਦੀ ਨਿਕਾਸੀ ਤੋਂ ਬਾਅਦ ਪੂਰੇ ਪੋਲਟਰੀ ਫਾਰਮ ਨੂੰ ਧੋਇਆ ਜਾਂਦਾ ਹੈ ਅਤੇ ਸਾਫ਼ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਚੂਚਿਆਂ ਨੂੰ ਤਾਜ਼ਾ ਅਤੇ ਸੁੱਕਾ ਵਾਤਾਵਰਣ ਪ੍ਰਦਾਨ ਕਰਨ ਲਈ ਝੋਨੇ ਦੀ ਪਰਾਲੀ ਦੀ ਇੱਕ ਮੋਟੀ ਪਰਤ(3-3.5 ਇੰਚ) ਜ਼ਮੀਨ ‘ਤੇ ਫੈਲਾ ਦਿੱਤੀ ਜਾਂਦੀ ਹੈ। ਤਾਪਮਾਨ ਬਣਾ ਕੇ ਰੱਖਣਾ ਪੋਲਟਰੀ ਫਾਰਮ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲਾ ਦੂਸਰਾ ਕਾਰਕ ਹੈ। ਇਸ ਲਈ ਉਨ੍ਹਾਂ ਨੇ ਗਰਮੀਆਂ ਦੇ ਮੌਸਮ ਵਿੱਚ ਫਾਰਮ ਨੂੰ ਹਵਾਦਾਰ ਬਣਾਉਣ ਲਈ ਕੂਲਰ ਲਾਏ ਹੋਏ ਹਨ ਅਤੇ ਸਰਦੀਆਂ ਦੇ ਮੌਸਮ ਦੌਰਾਨ ਪੋਲਟਰੀ ਦੇ ਅੰਦਰ ਭੱਠੀ ਨਾਲ ਗਰਮੀ ਬਣਾ ਕੇ ਰੱਖੀ ਜਾਂਦੀ ਹੈ।
“ਇੱਕ ਛੋਟੀ ਜਿਹੀ ਅਣਗਹਿਲੀ ਨਾਲ ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ, ਇਸ ਲਈ ਅਸੀਂ ਹਮੇਸ਼ਾ ਮੁਰਗੀਆਂ ਦੀ ਸਵੱਛਤਾ ਅਤੇ ਸਵੱਸਥ ਸਥਿਤੀ ਬਣਾ ਕੇ ਰੱਖਣ ਨੂੰ ਪਹਿਲ ਦਿੰਦੇ ਹਨ। ਅਸੀਂ ਸਰਕਾਰੀ ਪਸ਼ੂ ਹਸਪਤਾਲ ਅਤੇ ਕਦੇ ਕਦੇ ਖਾਸ ਪੋਲਟਰੀ ਹਸਪਤਾਲਾਂ ਵਿੱਚ ਰੈਫਰ ਕਰਦੇ ਹਨ, ਜਿਨ੍ਹਾਂ ਦੀ ਫੀਸ ਬਹੁਤ ਮਾਮੂਲੀ ਹੈ।”
ਮੰਡੀਕਰਨ
ਪੋਲਟਰੀ ਉਦਯੋਗ ਵਿੱਚ 24 ਸਾਲਾਂ ਦੇ ਅਨੁਭਵ ਨਾਲ ਰਵਿੰਦਰ ਸੰਧੂ ਅਤੇ 5 ਸਾਲਾਂ ਦੇ ਅਨੁਭਵ ਨਾਲ ਸ਼ਾਹਤਾਜ ਸੰਧੂ ਨੇ ਆਪਣੇ ਹੀ ਰਾਜ ਦੇ ਨਾਲ-ਨਾਲ ਗੁਆਂਢੀ ਰਾਜ ਜਿਵੇਂ ਕਿ ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇੱਕ ਮਜ਼ਬੂਤ ਮਾਰਕਿਟਿੰਗ ਨੈੱਟਵਰਕ ਸਥਾਪਿਤ ਕੀਤਾ ਹੈ। ਉਹ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵਿਭਿੰਨ ਡੀਲਰਾਂ ਦੇ ਮਾਧਿਅਮ ਨਾਲ ਅਤੇ ਕਦੇ-ਕਦੇ ਸਿੱਧੇ ਹੀ ਕਿਸਾਨਾਂ ਨੂੰ ਮੁਰਗੀਆਂ ਅਤੇ ਚੂਚਿਆਂ ਨੂੰ ਵੇਚਦੇ ਹਨ।
“ਜੇਕਰ ਪੋਲਟਰੀ ਫਾਰਮ ਸ਼ੁਰੂ ਕਰਨ ਵਿੱਚ ਦਿਲਚਸਪੀ ਰੱਖਦਾ ਹੈ ਤਾਂ ਉਸਨੂੰ ਘੱਟ ਤੋਂ ਘੱਟ 10000 ਪੰਛੀਆਂ ਨਾਲ ਇਸਨੂੰ ਸ਼ੁਰੂ ਕਰਨਾ ਚਾਹੀਦਾ ਹੈ। ਸ਼ੁਰੂਆਤ ਵਿੱਚ ਇਹ ਲਾਗਤ 200 ਰੁਪਏ ਪ੍ਰਤੀ ਪੰਛੀ ਅਤੇ ਇੱਕ ਪੰਛੀ ਤਿਆਰ ਕਰਨ ਲਈ 130 ਰੁਪਏ ਲੱਗਦੇ ਹਨ। ਤੁਹਾਡਾ ਖਰਚ ਲਗਭਗ 30-35 ਲੱਖ ਦੇ ਲਗਭਗ ਹੋਵੇਗਾ ਅਤੇ ਜੇਕਰ ਫਾਰਮ ਕਿਰਾਏ ‘ਤੇ ਹੈ ਤਾਂ 10000 ਪੰਛੀਆਂ ਦੇ ਬੈਚ ਲਈ 13-14 ਲੱਖ ਲੱਗਦੇ ਹਨ।”-ਇਹ ਸੰਧੂ ਭਰਾਵਾਂ ਦਾ ਕਹਿਣਾ ਹੈ।”
ਭਵਿੱਖ ਦੀਆਂ ਯੋਜਨਾਵਾਂ
“ਫਾਰਮ ਦਾ ਵਿਸਤਾਰ ਕਰਨਾ ਅਤੇ ਵਧੇਰੇ ਪੰਛੀ ਤਿਆਰ ਕਰਨਾ ਸਾਡੀ ਚੈੱਕਲਿਸਟ ਵਿੱਚ ਪਹਿਲਾਂ ਤੋਂ ਹੀ ਹੈ, ਪਰ ਇੱਕ ਨਵੀਂ ਚੀਜ਼ ਜੋ ਅਸੀਂ ਭਵਿੱਖ ਵਿੱਚ ਕਰਨ ਦੀ ਯੋਜਨਾ ਬਣਾ ਰਹੇ ਹਾਂ ਉਹ ਹੈ – ਪੋਲਟਰੀ ਦੇ ਉਤਪਾਦਾਂ ਦੀ ਫੁਟਕਲ ਵਿਕਰੀ ਦੇ ਉਦਯੋਗ ਵਿੱਚ ਨਿਵੇਸ਼ ਕਰਨਾ।”
ਭਾਈਚਾਰੇ ਦੇ ਆਪਣੇ ਅਤੁਲ ਮਜ਼ਬੂਤ ਬੰਧਨ ਨਾਲ ਦੋਨੋਂ ਭਰਾ ਆਪਣੇ ਪਰਿਵਾਰ ਦੇ ਕਾਰੋਬਾਰ ਨੂੰ ਨਵੀਆਂ ਉੱਚਾਈਆਂ ‘ਤੇ ਲੈ ਗਏ ਹਨ ਅਤੇ ਉਹ ਇਸਨੂੰ ਭਵਿੱਖ ਵਿੱਚ ਵੀ ਜਾਰੀ ਰੱਖਣਗੇ।
ਸੰਦੇਸ਼
“ਪੋਲਟਰੀ ਧੰਦਾ ਆਮਦਨ ਦਾ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨਾਂ ਨੂੰ ਨਿਵੇਸ਼ ਕਰਨਾ ਚਾਹੀਦਾ ਹੈ। ਜੇਕਰ ਉਹ ਖੇਤੀ ਨਾਲ ਚੰਗਾ ਲਾਭ ਕਮਾਉਣਾ ਚਾਹੁੰਦੇ ਹਨ। ਜੇਕਰ ਉਹ ਆਪਣੇ ਪੋਲਟਰੀ ਦੇ ਕਾਰੋਬਾਰ ਨੂੰ ਸਫ਼ਲਤਾਪੂਰਵਕ ਚਲਾਉਣਾ ਚਾਹੁੰਦੇ ਹਨ, ਤਾਂ ਕੁੱਝ ਚੀਜ਼ਾਂ ਹਨ ਜੋ ਹਰ ਪੋਲਟਰੀ ਕਿਸਾਨ ਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ, ਜਿਵੇਂ ਕਿ ਸਵੱਛਤਾ, ਤਾਪਮਾਨ ਬਣਾ ਕੇ ਰੱਖਣਾ ਅਤੇ ਚੰਗੀ ਕੁਆਲਿਟੀ ਵਾਲੀਆਂ ਮੁਰਗੀਆਂ, ਚੂਚੇ ਅਤੇ ਫੀਡ ਦੀ ਵਰਤੋਂ ਕਰਨਾ।“