ਸੁਰਭੀ ਗੁਪਤਾ ਤ੍ਰੇਹਨ
ਇੱਕ ਅਜਿਹੀ ਮਹਿਲਾ ਜੋ ਖੁਦ ਸਮੱਸਿਆ ਨਾਲ ਲੜ ਕੇ ਦੂਜਿਆਂ ਨੂੰ ਸਿਹਤ ਪ੍ਰਤੀ ਪ੍ਰੇਰਿਤ ਕਰ ਰਹੀ ਹੈ
ਔਕੜਾਂ ਤਾਂ ਹਮੇਸ਼ਾਂ ਹਰ ਇਨਸਾਨ ਦਾ ਰਸਤਾ ਘੇਰ ਕੇ ਖੜ ਜਾਂਦੀਆਂ ਹਨ, ਬਸ ਉਸ ਸਮੇਂ ਹਾਰਨ ਦੀ ਨਹੀਂ ਬਲਕਿ ਹਿੰਮਤ ਦਿਖਾਉਣ ਦੀ ਲੋੜ ਹੁੰਦੀ ਹੈ, ਜੋ ਇਨਸਾਨ ਨੂੰ ਅਜਿਹੇ ਰਾਸਤੇ ‘ਤੇ ਲੈ ਕੇ ਜਾਂਦੀ ਹੈ, ਜਿੱਥੋਂ ਉਸਨੂੰ ਮੰਜ਼ਿਲ ਆਪਣੇ ਨੇੜੇ ਜਾਪਦੀ ਹੈ। ਉਹ ਫਿਰ ਆਪਣੇ ਮਿੱਥੇ ਹੋਏ ਮੁਕਾਮ ਨੂੰ ਪਾਉਣ ਲਈ ਅਜਿਹੀਆਂ ਕੋਸ਼ਿਸ਼ਾਂ ਕਰਦਾ ਕਿ ਰੱਬ ਕੋਲੋਂ ਉਸਨੂੰ ਆਪਣੀ ਝੋਲੀ ਵਿੱਚ ਪਵਾ ਕੇ ਹੀ ਸਾਹ ਲੈਂਦਾ ਹੈ।
ਜਿਸ ਦੀ ਗੱਲ ਕਰਨ ਜਾ ਰਹੇ ਹਾਂ ਉਨ੍ਹਾਂ ਦਾ ਨਾਮ ਸੁਰਭੀ ਗੁਪਤਾ ਤ੍ਰੇਹਨ ਹੈ, ਜੋ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੇ ਲੋਕਾਂ ਦੀ ਸਿਹਤ ਨੂੰ ਤੰਦਰੁਸਤ ਕਰਨ ਦਾ ਇੱਕ ਮੁਕਾਮ ਨਿਸ਼ਚਿਤ ਕੀਤਾ ਅਤੇ ਪੂਰਾ ਕਰਨ ਵਿੱਚ ਸਫਲ ਵੀ ਹੋਏ। ਉਨ੍ਹਾਂ ਨੇ ਸਿਰਫ ਪਹਿਲਾਂ ਵੈਸੇ ਹੀ ਘਰ ਵਿੱਚ ਸੋਚਿਆ ਹੀ ਸੀ ਕਿ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ, ਤਾਂ ਜੋ ਲੋਕ ਜੋ ਪੈਕੇਟ ਬੰਦ ਵਸਤਾਂ ਖਾਂਦੇ ਹਨ ਜੋ ਕਿ ਮਿਲਾਵਟੀ ਹੁੰਦੀਆਂ ਹਨ, ਉਹਨਾਂ ਤੋਂ ਬਚਾਵ ਕੀਤਾ ਜਾ ਸਕੇ। ਇਸ ਕੋਸ਼ਿਸ਼ ਨੂੰ ਜਾਰੀ ਰੱਖਦਿਆਂ ਉਹ ਫਿਰ ਆਪਣੇ ਮੰਜ਼ਿਲ ਵੱਲ ਚੱਲ ਪਏ।
ਕੁਝ ਸਮਾਂ ਪਹਿਲਾ ਉਹ ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕਰ ਰਹੇ ਸਨ ਤਾਂ ਥੋੜੇ ਸਮੇਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਨੂੰ ਅਨੀਮੀਆ ਨਾਮ ਦੀ ਬਿਮਾਰੀ ਹੈ, ਜੋ ਖੂਨ ਦੀ ਕਮੀ ਦੇ ਕਾਰਨ ਹੁੰਦੀ ਹੈ। ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਅੰਗਰੇਜ਼ੀ ਦਵਾਈਆਂ ਦਾ ਸੇਵਨ ਕੀਤਾ ਜਿਸ ਕਾਰਨ ਜਿੰਨਾ ਸਮਾਂ ਉਹ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਸੀ ਓਨਾ ਸਮਾਂ ਤਾਂ ਉਹ ਠੀਕ ਰਹਿੰਦੇ ਅਤੇ ਜਿਵੇਂ ਹੀ ਦਵਾਈ ਖਾਣਾ ਬੰਦ ਕਰਦੇ ਤਾਂ ਫਿਰ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ।
ਕਈ ਸਾਲ ਦਵਾਈ ਖਾਣ ਤੋਂ ਬਾਅਦ ਉਨ੍ਹਾਂ ਨੂੰ ਚਿੰਤਾ ਸਤਾਉਣ ਲੱਗ ਗਈ ਕਿ ਕੀ ਕੀਤਾ ਜਾਵੇ। ਸੋਚਦਿਆਂ ਸਮਝਦਿਆਂ ਇਹ ਸਿੱਟਾ ਕੱਢਿਆ ਕਿ ਉਨ੍ਹਾਂ ਦੀ ਬਿਮਾਰੀ ਦਾ ਕਾਰਨ ਸਹੀ ਖੁਰਾਕ ਦੀ ਕਮੀ ਕਰਕੇ ਹੈ ਜਾਂ ਫਿਰ ਰੇਆਂ-ਸਪਰੇਆਂ ਵਾਲੀ ਖੁਰਾਕ ਖਾਣ ਦਾ ਅਸਰ ਹੈ।
ਇਸ ਦੌਰਾਨ ਉਨ੍ਹਾਂ ਨੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੇਖਿਆ ਰਾਗੀ ਅਤੇ ਮਿਲਟ ਵਿੱਚ ਆਇਰਨ ਤੇ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਇਸ ਲਈ ਇਹਨਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਸਦਾ ਅਸਰ ਉਨ੍ਹਾਂ ਨੂੰ ਆਪਣੀ ਬਿਮਾਰੀ ਤੇ ਸਿਹਤ ‘ਤੇ ਵੀ ਨਜ਼ਰ ਆਇਆ।
ਇਹ ਖਿਆਲ ਉਨ੍ਹਾਂ ਦੇ ਮਨ ਵਿੱਚ ਉਦੋਂ ਆਇਆ ਜਦੋਂ ਖੁਦ ਦੀ ਸਿਹਤ ਦੀ ਫਰਕ ਪਿਆ ਅਤੇ ਉਨ੍ਹਾਂ ਨੇ ਫਿਰ ਸ਼ੁਰੂ ਕਰਨ ਬਾਰੇ ਸੋਚਿਆ ਅਤੇ ਸਿਆਣੇ ਕਹਿੰਦੇ ਹਨ
ਜਿਸ ਤਨ ਲਾਗੇ, ਵੋ ਤਨ ਜਾਨੇ
ਫਿਰ ਮੈਂ ਮਾਤਾ ਜੀ ਨਾਲ ਸਲਾਹ ਕੀਤੀ ਅਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ- ਸੁਰਭੀ ਗੁਪਤਾ ਤ੍ਰੇਹਨ
ਪਹਿਲੀ ਵਾਰ ਉਨ੍ਹਾਂ ਨੇ ਰਾਗੀ ਅਤੇ ਵਿਟਾਮਿਨਾਂ ਨੂੰ ਮਿਲਾ ਕੇ ਰਾਗੀ ਮਿਲਟ ਬਣਾਇਆ ਜਿਸ ਨਾਲ ਉਨ੍ਹਾਂ ਦਾ ਕੰਮ ਤਾਂ ਬੇਸ਼ੱਕ ਸ਼ੁਰੂ ਹੋ ਗਿਆ, ਪਰ ਉਨ੍ਹਾਂ ਦਾ ਬਹੁਤ ਸਾਰੀਆਂ ਮੁਸ਼ਕਿਲਾਂ ਨੇ ਆਣ ਕੇ ਰਸਤਾ ਘੇਰ ਲਿਆ। ਪਹਿਲਾਂ ਉਨ੍ਹਾਂ ਨੂੰ ਮਾਰਕੀਟਿੰਗ ਦਾ ਨਹੀਂ ਪਤਾ ਸੀ ਕਿ ਕਿਵੇਂ ਮਾਰਕੀਟਿੰਗ ਕਰਨੀ ਹੈ ਅਤੇ ਦੂਸਰਾ ਪੈਸੇ ਦੀ ਕਮੀ ਕਾਰਨ, ਉਨ੍ਹਾਂ ਨੂੰ ਬਹੁਤ ਸਾਰੀਆਂ ਹੋਰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਕੰਮ ਨੂੰ ਜਾਰੀ ਰੱਖਿਆ।
ਹੌਲੀ-ਹੌਲੀ ਉਨ੍ਹਾਂ ਨੇ ਛੋਟੇ ਪੱਧਰ ‘ਤੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਪਰ ਉਨ੍ਹਾਂ ਸਾਹਮਣੇ ਮਾਰਕੀਟਿੰਗ ਦੀ ਸਮੱਸਿਆ ਉਸ ਤਰ੍ਹਾਂ ਹੀ ਕੰਧ ਬਣ ਕੇ ਖੜੀ ਰਹੀ। ਪਰ ਕਹਿੰਦੇ ਹਨ ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ, ਜਦੋਂ ਵੀ ਕਦੇ ਇਨਸਾਨ ਹਿੰਮਤ ਹਾਰਨ ਲੱਗ ਜਾਵੇ ਤਾਂ ਉਨ੍ਹਾਂ ਨੂੰ ਧਰਤੀ ਤੋਂ ਕੰਧ ਉੱਪਰ ਚੜ੍ਹਦੇ ਕੀੜੀਆਂ ਦੇ ਕਾਫਲੇ ਵੱਲ ਦੇਖਣਾ ਚਾਹੀਦਾ ਹੈ, ਕਿਵੇਂ ਉਹ ਵਾਰ-ਵਾਰ ਡਿੱਗਣ ਦੀ ਵਜਾਏ ਵੀ ਵਾਰ-ਵਾਰ ਚੜਨ ਦੀ ਕੋਸ਼ਿਸ਼ ਵਿੱਚ ਲੱਗੀਆਂ ਰਹਿੰਦੀਆਂ ਪਰ ਉਹ ਹਿੰਮਤ ਨਹੀਂ ਹਾਰਦੀਆਂ, ਸਗੋਂ ਲਗਾਤਾਰ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਹੀ ਇਨਸਾਨ ਨੂੰ ਅਣਥੱਕ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ।
ਮੈਨੂੰ ਮਾਰਕੀਟਿੰਗ ਬਾਰੇ ਜਾਣਕਾਰੀ ਨਹੀਂ ਸੀ- ਸੁਰਭੀ ਗੁਪਤਾ ਤ੍ਰੇਹਨ
ਮਾਰਕੀਟਿੰਗ ਦੀ ਸਮੱਸਿਆ ਦਾ ਹੱਲ ਲੱਭਣ ਲਈ ਰਿਸਰਚ ਕਰਨ ਲੱਗੇ ਅਤੇ ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਆਰਟੀਕਲ, ਜੋ ਕਿ ਸਿਹਤ ਨਾਲ ਸੰਬੰਧਿਤ ਹੁੰਦੇ ਸੀ ਉਨ੍ਹਾਂ ਨੂੰ ਬਹੁਤ ਜ਼ਿਆਦਾ ਪੜਿਆ। ਆਰਟੀਕਲ ਪੜ੍ਹਨ ਦਾ ਇਹ ਫਾਇਦਾ ਹੋਇਆ ਕਿ ਉਨ੍ਹਾਂ ਨੂੰ ਉੱਥੋਂ ਬਹੁਤ ਸਾਰੇ ਮਾਰਕੀਟਿੰਗ ਅਤੇ ਕਿਵੇਂ ਇਨਸਾਨ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ, ਕਿਵੇਂ ਕੀ ਕਰਨਾ ਚਾਹੀਦਾ ਹੈ, ਬਹੁਤ ਸਾਰੇ ਸੁਝਾਅ ਮਿਲ ਗਏ। ਇੱਕ ਥਾਂ ‘ਤੇ ਇਹ ਲਿਖਿਆ ਹੋਇਆ ਸੀ ਕਿ ਇਨਸਾਨ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਬਣਾਈ ਰੱਖਣ ਲਈ ਰੋਜ਼ ਸਵੇਰੇ ਉੱਠ ਕੇ ਸੈਰ ਅਤੇ ਕਸਰਤ ਕਰਨੀ ਚਾਹੀਦੀ ਹੈ।
ਉਨ੍ਹਾਂ ਨੇ ਦਿਮਾਗ ਨੂੰ ਇਹ ਗੱਲ ਇੱਕ ਚੁੰਬਕ ਦੀ ਤਰ੍ਹਾਂ ਛੋਹ ਗਈ। ਉਨ੍ਹਾਂ ਲਈ ਇੱਕ ਲੁਧਿਆਣਾ ਸ਼ਹਿਰ ਵਿੱਚ ਰਹਿਣਾ ਸੁਨਹਿਰੀ ਮੌਕਾ ਬਣ ਕੇ ਆਇਆ ਕਿਉਂਕਿ ਲੁਧਿਆਣਾ ਸ਼ਹਿਰ ਦੇ ਲੋਕ ਆਪਣੀ ਸਿਹਤ ਨੂੰ ਲੈ ਕੇ ਬਹੁਤ ਚਿੰਤਿਤ ਰਹਿੰਦੇ ਹਨ ਅਤੇ ਰੋਜ਼ ਸਵੇਰੇ ਸੈਰ ਲਈ ਪਾਰਕ ਵਿੱਚ ਆਉਂਦੇ ਹਨ। ਇਸ ਮੌਕੇ ਨੂੰ ਨਾ ਗਵਾਉਂਦੇ ਹੋਏ ਉਹ ਆਪਣੇ ਉਤਪਾਦਾਂ ਨੂੰ ਲੈ ਕੇ ਪਾਰਕਾਂ ਵਿੱਚ ਜਾਂਦੇ ਅਤੇ ਉੱਥੇ ਲੋਕਾਂ ਨੂੰ ਆਪਣੇ ਉਤਪਾਦ ਬਾਰੇ ਜਾਣੂੰ ਕਰਵਾਉਂਦੇ।
ਇਹ ਉਨ੍ਹਾਂ ਨੂੰ ਚਿੰਤਾ ਰਹਿੰਦੀ ਸੀ ਪਰ ਕਹਿੰਦੇ ਹਨ ਜੇਕਰ ਤੁਸੀਂ ਕਿਸੇ ਦਾ ਭਲਾ ਕਰਨ ਦੀ ਕੋਸ਼ਿਸ਼ ਕਰਦੇ ਹੋ ਜਾਂ ਭਲਾ ਮੰਗਦੇ ਹੋ ਤਾਂ ਰੱਬ ਵੀ ਖੁਦ ਉਨ੍ਹਾਂ ਦੀ ਮਦੱਦ ਕਰਨ ਨੂੰ ਅੱਗੇ ਆ ਜਾਂਦਾ ਹੈ। ਇਸ ਦੌਰਾਨ ਜਦੋਂ ਉਨ੍ਹਾਂ ਨੇ ਲੋਕਾਂ ਨੂੰ ਉਤਪਾਦ ਅਤੇ ਉਸ ਦੇ ਫਾਇਦਿਆਂ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਲੋਕ ਯਕੀਨ ਕਰਨ ਲੱਗੇ ਅਤੇ ਲੋਕਾਂ ਨੇ ਉਤਪਾਦ ਲੈਣੇ ਸ਼ੁਰੂ ਕਰ ਦਿੱਤੇ। ਇਸ ਤਰ੍ਹਾਂ ਹੌਲੀ-ਹੌਲੀ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਹੋਣੀ ਸ਼ੁਰੂ ਹੋ ਗਈ।
ਜਦੋਂ ਉਹ ਮਾਰਕੀਟਿੰਗ ਕਰ ਰਹੇ ਸਨ ਤਾਂ ਉਹਨਾਂ ਦੀ ਜਾਣ-ਪਹਿਚਾਣ ਡਾਕਟਰ ਰਮਨਦੀਪ ਸਿੰਘ ਜੀ ਨਾਲ ਹੋਈ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੇਤੀ ਵਪਾਰ ਵਿਸ਼ੇ ਦੇ ਪ੍ਰੋਫੈਸਰ ਹਨ ਅਤੇ ਹੁਣ ਤੱਕ ਬਹੁਤ ਸਾਰੇ ਕਿਸਾਨਾਂ ਦੀ ਮਦੱਦ ਕਰ ਚੁੱਕੇ ਹਨ ਤੇ ਹੋਰ ਕਿਸਾਨਾਂ ਦੀ ਮਦੱਦ ਲਈ ਕਦੇ ਪਿੱਛਾ ਨਹੀਂ ਹੱਟਦੇ। ਡਾਕਟਰ ਰਮਨਦੀਪ ਸਿੰਘ ਜੀ ਨਾਲ ਬਹੁਤ ਸਾਰੇ ਅਗਾਂਹਵਧੂ ਕਿਸਾਨ ਜੁੜੇ ਹੋਏ ਹਨ। ਫਿਰ ਡਾਕਟਰ ਰਮਨਦੀਪ ਜੀ ਨੇ ਸੁਰਭੀ ਨੂੰ ਮਾਰਕੀਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਤਜਿੰਦਰ ਸਿੰਘ ਰਿਆੜ ਜੀ ਨੇ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਕਿਸਾਨਾਂ ਨਾਲ ਜੋੜਿਆ। ਜਿਸ ਨਾਲ ਉਨ੍ਹਾਂ ਨੂੰ ਪਹਿਚਾਣ ਮਿਲਣ ਲੱਗੀ ਅਤੇ ਮਾਰਕੀਟਿੰਗ ਵਿੱਚ ਦਿਨੋਂ-ਦਿਨੀਂ ਪ੍ਰਸਾਰ ਹੋਣ ਲੱਗਾ।
ਸੁਰਭੀ ਗੁਪਤਾ ਨੇ ਸਾਲ 2020 ਵਿੱਚ ਪੱਕੇ ਤੌਰ ‘ਤੇ ਇਸ ਕੰਮ ਨੂੰ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਨਾਲ-ਨਾਲ ਉਹ ਹੋਰ ਕਈ ਤਰ੍ਹਾਂ ਦੇ ਉਤਪਾਦ ਵੀ ਬਣਾਉਣ ਲੱਗ ਪਏ। ਜਿਸ ਵਿੱਚ ਗੁੜ, ਕਾਲੀ ਮਿਰਚ ਅਤੇ ਅਸ਼ਵਗੰਧਾ ਪਾ ਕੇ ਟਰਮੈਰਿਕ ਸੁਪਰਬਲੈਂਡਿਡ ਨਾਮ ਦਾ ਡਰਿੰਕ ਮਿਕਸ ਬਣਾਇਆ, ਜੋ ਕਿ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ, ਜਿਸ ਨੂੰ ਬੱਚਿਆਂ ਤੋਂ ਲੈ ਕੇ ਹਰ ਸਾਲ ਦਾ ਕੋਈ ਵੀ ਡਰਿੰਕ ਦਾ ਸੇਵਨ ਕਰ ਸਕਦਾ ਹੈ। ਜਿਸ ਨੂੰ ਮੈਪਿਕ ਫ਼ੂਡ ਬ੍ਰੈਂਡ ਨਾਮ ਦੇ ਤਹਿਤ ਵੇਚਣ ਲੱਗ ਗਏ, ਇਸ ਤੋਂ ਇਲਾਵਾ ਉਹ 5 ਤੋਂ 6 ਤਰ੍ਹਾਂ ਦੇ ਉਤਪਾਦ ਬਣਾਉਂਦੇ ਹਨ।
ਉਨ੍ਹਾਂ ਦੁਆਰਾ ਤਿਆਰ ਕੀਤੇ ਜਾਂਦੇ ਉਤਪਾਦ-
- ਟਰਮੈਰਿਕ ਸੁਪਰਬਲੈਂਡਿਡ
- ਮਿਲਟ ਬਿਸਕੁਟ
- ਰਾਗੀ ਹੈਲਥ ਮਿਕਸ
ਸਾਰੇ ਉਤਪਾਦਾਂ ਦੀ ਪੈਕਿੰਗ, ਲੇਬਲਿੰਗ ਕਰਨ ਲਈ ਸੁਰਭੀ ਗੁਪਤਾ ਨੇ ਅਲੱਗ ਸਟੋਰ ਬਣਾਇਆ ਹੈ, ਜਿੱਥੇ ਸਾਰਾ ਕੰਮ ਉਨ੍ਹਾਂ ਦੀ ਦੇਖ-ਰੇਖ ਵਿੱਚ ਹੁੰਦਾ ਹੈ, ਡਰਿੰਕ ਬਣਾਉਣ ਸਮੇਂ ਕਿਸੇ ਵੀ ਕੇਮੀਕਲ ਦੀ ਵਰਤੋਂ ਨਹੀਂ ਕਰਦੇ ਅਤੇ ਉਤਪਾਦਾਂ ਦੀ ਪ੍ਰੋਸੈਸਿੰਗ ਲਈ ਸਾਰੀਆਂ ਫ਼ਸਲਾਂ ਸਿੱਧੇ ਤੌਰ ‘ਤੇ ਕਿਸਾਨਾਂ ਤੋਂ ਖਰੀਦਦੇ ਹਨ।
ਉਹ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਿਸਾਨ ਮੇਲੇ ਅਤੇ ਹੋਰ ਵੱਖ- ਵੱਖ ਖੇਤੀ ਸਮਾਗਮਾਂ ਵਿੱਚ ਜਾ ਕੇ ਕਰਦੇ ਹਨ। ਇਸ ਤੋਂ ਇਲਾਵਾ ਉਹ ਫੇਸਬੁੱਕ ਅਤੇ ਇੰਸਟਾਗ੍ਰਾਮ ਰਾਹੀਂ ਵੀ ਆਪਣੇ ਉਤਪਾਦਾਂ ਦਾ ਮੰਡੀਕਰਨ ਕਰਦੇ ਹਨ ਅਤੇ ਜਿੱਥੋਂ ਉਨ੍ਹਾਂ ਨੂੰ ਬਹੁਤ ਵਧੀਆ ਹੁੰਗਾਰਾ ਮਿਲਦਾ ਹੈ।
ਭਵਿੱਖ ਦੀ ਯੋਜਨਾ
ਉਹ ਉਤਪਾਦਾਂ ਦੀ ਮਾਰਕੀਟਿੰਗ ਵੱਡੇ ਪੱਧਰ ‘ਤੇ ਕਰਨੀ ਚਾਹੁੰਦੀ ਹੈ ਅਤੇ ਇਸ ਦੇ ਨਾਲ ਨਾਲ ਉਹ ਇਸ ਦੀ ਮਾਰਕੀਟਿੰਗ ਆਨਲਾਈਨ ਤਰੀਕੇ ਨਾਲ ਕਰਨਾ ਚਾਹੁੰਦੇ ਹਨ। ਜਿਸ ਨਾਲ ਉਨ੍ਹਾਂ ਦੇ ਉਤਪਾਦਾਂ ਦੀ ਵਿਕਰੀ ਵੱਡੇ ਪੱਧਰ ‘ਤੇ ਹੋ ਸਕੇ, ਦੂਸਰਾ ਲੋਕਾਂ ਵਿੱਚ ਇਸ ਦੀ ਅਹਿਮੀਅਤ ਵੱਧ ਸਕੇ।
ਸੰਦੇਸ਼
ਜੇਕਰ ਅਸੀਂ ਬਾਹਰ ਦੇ ਬਣੇ ਉਤਪਾਦ ਛੱਡ ਕੇ ਕੁਦਰਤੀ ਪਦਾਰਥਾਂ ਨਾਲ ਬਣਾਏ ਗਏ ਉਤਪਾਦਾਂ ਦੀ ਤਰਫ ਜ਼ੋਰ ਦੇਈਏ ਤਾਂ ਸਾਡੀ ਇੱਕ ਤਾਂ ਸਿਹਤ ਤੰਦਰੁਸਤ ਰਹੇਗੀ ਅਤੇ ਨਾਲ ਹੀ ਕਈ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਾਂਗੇ।