ਹਰਬੰਤ ਸਿੰਘ
ਪਿਤਾ ਪੁੱਤਰ ਦੀ ਜੋੜੀ, ਜਿਸਨੇ ਇੰਟਰਨੈੱਟ ਨੂੰ ਆਪਣੀ ਖੋਜ ਦਾ ਹਥਿਆਰ ਬਣਾ ਕੇ ਜੈਵਿਕ ਖੇਤੀ ਨੂੰ ਅਪਨਾਇਆ
ਖੇਤੀਬਾੜੀ ਮਨੁੱਖੀ-ਸੱਭਿਅਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜੀਵਨ ਵਿੱਚ ਤਕਨੀਕਾਂ ਅਤੇ ਤਰੱਕੀ ਦੇ ਨਾਲ-ਨਾਲ ਕਈ ਸਾਲਾਂ ਵਿੱਚ ਖੇਤੀ ਵਿੱਚ ਵੀ ਬਦਲਾਅ ਆਏ ਹਨ। ਪਰ ਫਿਰ ਵੀ, ਭਾਰਤ ਵਿੱਚ ਕਈ ਕਿਸਾਨ ਰਵਾਇਤੀ ਢੰਗ ਨਾਲ ਹੀ ਖੇਤੀ ਕਰਦੇ ਹਨ, ਪਰ ਅਜਿਹੇ ਹੀ ਇੱਕ ਕਿਸਾਨ ਹਨ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਿਤਾ-ਪੁੱਤਰ ਦੀ ਜੋੜੀ- ਹਰਬੰਤ ਸਿੰਘ (ਪਿਤਾ) ਅਤੇ ਸਤਨਾਮ ਸਿੰਘ (ਪੁੱਤਰ), ਜਿਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਤਰੱਕੀ ਲਈ ਇੰਟਰਨੈੱਟ ਨੂੰ ਆਪਣਾ ਖੋਜੀ ਹਥਿਆਰ ਬਣਾਇਆ।
ਜਦੋਂ ਤੱਕ ਉਨ੍ਹਾਂ ਦਾ ਪੁੱਤਰ ਜੈਵਿਕ ਤਰੀਕੇ ਨਾਲ ਬਾਗਬਾਨੀ ਕਰਨ ਦਾ ਵਿਚਾਰ ਲੈ ਕੇ ਨਹੀਂ ਆਇਆ ਸੀ, ਉਦੋਂ ਤੱਕ ਉਹ ਰਵਾਇਤੀ ਖੇਤੀ ਹੀ ਕਰਦੇ ਸਨ। ਸਤਨਾਮ ਸਿੰਘ ਨੇ ਹੀ ਇੱਕ ਸਾਲ ਦੀ ਰਿਸਰਚ ਤੋਂ ਬਾਅਦ ਆਪਣੇ ਪਿਤਾ ਨੂੰ ਡ੍ਰੈਗਨ ਫਲ ਦੀ ਖੇਤੀ ਕਰਨ ਦੀ ਸਲਾਹ ਦਿੱਤੀ।
ਇਹ ਸਭ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ ਸਤਨਾਮ ਸਿੰਘ ਆਪਣੇ ਇੱਕ ਦੋਸਤ ਰਾਹੀਂ ਇੱਕ ਵਿਅਕਤੀ ਵਿਸ਼ਾਲ ਡੋਡਾ ਦੇ ਸੰਪਰਕ ਵਿੱਚ ਆਏ। ਵਿਸ਼ਾਲ ਡੋਡਾ ਜੀ 15 ਏਕੜ ਵਿੱਚ ਡ੍ਰੈਗਨ ਫਲ ਦੀ ਖੇਤੀ ਕਰਦੇ ਹਨ। ਸਤਨਾਮ ਸਿੰਘ ਨੇ ਡ੍ਰੈਗਨ ਫਲ ਦੇ ਪੌਦੇ ਦੇ ਬਾਰੇ ਸਭ ਕੁੱਝ ਰਿਸਰਚ ਕੀਤਾ ਅਤੇ ਆਪਣੇ ਪਿਤਾ ਨਾਲ ਇਸ ਬਾਰੇ ਚਰਚਾ ਕੀਤੀ। ਜਦੋਂ ਹਰਬੰਤ ਸਿੰਘ ਨੇ ਡ੍ਰੈਗਨ ਫਲ ਦੀ ਖੇਤੀ ਅਤੇ ਇਸਦੇ ਫਾਇਦਿਆਂ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਬੜੀ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕਰਨ ਅਤੇ ਨਿਵੇਸ਼ ਕਰਨ ਲਈ ਹਾਂ ਕਹੀ। ਜਲਦੀ ਹੀ ਉਨ੍ਹਾਂ ਨੇ ਗੁਜਰਾਤ ਦਾ ਦੌਰਾ ਕੀਤਾ ਅਤੇ ਡ੍ਰੈਗਨ ਫਲ ਦੇ ਪੌਦੇ ਖਰੀਦੇ ਅਤੇ ਵਿਸ਼ਾਲ ਡੋਡਾ ਜੀ ਕੋਲੋਂ ਇਸ ਫ਼ਸਲ ਦੀ ਖੇਤੀ ਬਾਰੇ ਹੋਰ ਸੇਧਾਂ ਵੀ ਲਈਆਂ।
ਅੱਜ ਇਹ ਪਿਤਾ-ਪੁੱਤਰ ਪੰਜਾਬ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕੀਤੀ। ਹੁਣ ਇਨ੍ਹਾਂ ਪੌਦਿਆਂ ਨੇ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ 1.5 ਬਿੱਘਾ ਖੇਤਰ ਵਿੱਚ ਡ੍ਰੈਗਨ ਫਲ ਦੇ 500 ਨਵੇਂ ਪੌਦੇ ਲਾਏ। ਇੱਕ ਪੌਦਾ 4 ਸਾਲ ਵਿੱਚ 4-20 ਕਿੱਲੋ ਫਲ ਦਿੰਦਾ ਹੈ। ਉਨ੍ਹਾਂ ਨੇ ਸੀਮਿੰਟ ਦਾ ਇੱਕ ਥੰਮ ਬਣਾਇਆ ਹੈ, ਜਿਸ ‘ਤੇ ਪਹੀਏ ਦੇ ਆਕਾਰ ਦਾ ਢਾਂਚਾ ਹੈ, ਜੋ ਕਿ ਪੌਦੇ ਨੂੰ ਸਹਾਰਾ ਦਿੰਦਾ ਹੈ। ਜਦੋਂ ਵੀ ਉਨ੍ਹਾਂ ਨੂੰ ਡ੍ਰੈਗਨ ਫਲ ਦੀ ਖੇਤੀ ਨਾਲ ਸੰਬੰਧਿਤ ਮਦਦ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਇੰਟਰਨੈੱਟ ‘ਤੇ ਉਸਦੀ ਖੋਜ ਕਰਦੇ ਹਨ ਜਾਂ ਵਿਸ਼ਾਲ ਡੋਡਾ ਜੀ ਤੋਂ ਸਲਾਹ ਲੈਂਦੇ ਹਨ।
ਉਹ ਕੇਵਲ ਡ੍ਰੈਗਨ ਫਲ ਦੀ ਹੀ ਖੇਤੀ ਨਹੀਂ ਕਰਦੇ ਸਗੋਂ ਉਨ੍ਹਾਂ ਨੇ ਆਪਣੇ ਖੇਤ ਵਿੱਚ ਚੰਦਨ ਦੇ ਪੌਦੇ ਵੀ ਲਾਏ ਹੋਏ ਹਨ। ਚੰਦਨ ਦੀ ਖੇਤੀ ਦਾ ਵਿਚਾਰ ਸਤਨਾਮ ਸਿੰਘ ਦੇ ਮਨ ਵਿੱਚ ਉਸ ਸਮੇਂ ਆਇਆ, ਜਦੋਂ ਇੱਕ ਨਿਊਜ਼ ਚੈਨਲ ਦੇਖ ਰਹੇ ਸਨ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਮੰਤਰੀ ਨੇ ਚੰਦਨ ਦੇ ਪੌਦੇ ਦਾ ਮੋਟਾ ਅਤੇ ਵੱਡਾ ਹਿੱਸਾ ਮੰਦਿਰ ਨੂੰ ਦਾਨ ਕੀਤਾ, ਜਿਸ ਦੀ ਕੀਮਤ ਲੱਖਾਂ ਵਿੱਚ ਸੀ। ਉਸ ਸਮੇਂ ਉਨ੍ਹਾਂ ਦੇ ਦਿਮਾਗ ਵਿੱਚ ਆਪਣੇ ਭਵਿੱਖ ਨੂੰ ਵਾਤਾਵਰਨ ਅਤੇ ਆਰਥਿਕ ਤੌਰ ‘ਤੇ ਸੁਰੱਖਿਅਤ ਅਤੇ ਲਾਭਦਾਇਕ ਬਣਾਉਣ ਦਾ ਵਿਚਾਰ ਆਇਆ। ਇਸ ਲਈ ਉਨ੍ਹਾਂ ਨੇ ਜੁਲਾਈ 2016 ਵਿੱਚ ਚੰਦਨ ਦੀ ਖੇਤੀ ਵਿੱਚ ਨਿਵੇਸ਼ ਕੀਤਾ ਅਤੇ 6 ਕਨਾਲ ਖੇਤਰ ਵਿੱਚ 200 ਪੌਦੇ ਲਾਏ।
ਹਰਬੰਤ ਸਿੰਘ ਜੀ ਅਨੁਸਾਰ, ਉਹ ਜਿਸ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਉਸਨੂੰ ਭਵਿੱਖ ਲਈ ਤਿਆਰ ਕਰ ਰਹੇ ਹਨ, ਕਿਉਂਕਿ ਡ੍ਰੈਗਨ ਫਲ ਅਤੇ ਚੰਦਨ ਦੋਨਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ(ਇਸਨੂੰ ਕੇਵਲ ਵਰਖਾ ਦੇ ਪਾਣੀ ਨਾਲ ਹੀ ਸਿੰਚਿਤ ਕੀਤਾ ਜਾ ਸਕਦਾ ਹੈ) ਅਤੇ ਕਿਸੇ ਖ਼ਾਸ ਤਰ੍ਹਾਂ ਦੀ ਖਾਦ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਜ਼ਮੀਨ-ਹੇਠਲੇ ਪਾਣੀ ਦੀ ਕਮੀ ਕਾਰਨ ਝੋਨੇ ਅਤੇ ਕਣਕ ਦੀ ਖੇਤੀ ਪੰਜਾਬ ‘ਚੋਂ ਗਾਇਬ ਹੋ ਜਾਵੇਗੀ ਅਤੇ ਬਾਗਬਾਨੀ ਆਉਣ ਵਾਲੇ ਸਮੇਂ ਦੀ ਲੋੜ ਬਣ ਜਾਵੇਗੀ।
ਹਰਬੰਤ ਸਿੰਘ ਡ੍ਰੈਗਨ ਫਲ ਅਤੇ ਚੰਦਨ ਦੀ ਖੇਤੀ ਲਈ ਜੈਵਿਕ ਤਰੀਕੇ ਅਪਨਾਉਂਦੇ ਹਨ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਉਹ ਆਪਣੀਆਂ ਹੋਰ ਫ਼ਸਲਾਂ ਵਿੱਚ ਵੀ ਰਸਾਇਣਾਂ ਦੀ ਵਰਤੋਂ ਘੱਟ ਕਰ ਦੇਣਗੇ। ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦਾ ਧਿਆਨ ਜੈਵਿਕ ਖੇਤੀ ਵੱਲ ਇਸ ਲਈ ਹੈ, ਕਿਉਂਕਿ ਸਮਾਜ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਉਹ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਨ ਤੰਦਰੁਸਤ ਅਤੇ ਰਹਿਣ-ਯੋਗ ਬਣਾਉਣਾ ਚਾਹੁੰਦੇ ਹਨ, ਜਿਵੇਂ ਉਨ੍ਹਾਂ ਦੇ ਬਜ਼ੁਰਗ ਉਨ੍ਹਾਂ ਲਈ ਛੱਡ ਕੇ ਗਏ ਸਨ। ਇੱਕ ਕਾਰਨ ਇਹ ਵੀ ਹੈ ਕਿ ਸਤਨਾਮ ਸਿੰਘ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਵਿਕ ਖੇਤੀ ਕਰਨ ਲੱਗੇ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਰੁਚੀ ਖੇਤੀਬਾੜੀ ਵਿੱਚ ਸੀ।
ਅੱਜ ਸਤਨਾਮ ਸਿੰਘ, ਆਪਣੇ ਪਿਤਾ ਦੀ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਵਿੱਚ ਪੂਰੀ ਮਦਦ ਕਰਦੇ ਹਨ। ਉਹ ਗਾਂ ਦੇ ਗੋਬਰ ਅਤੇ ਗਊ-ਮੂਤਰ ਦੀ ਵਰਤੋਂ ਕਰਕੇ ਘਰ ਵਿੱਚ ਹੀ ਜੀਵ ਅੰਮ੍ਰਿਤ ਅਤੇ ਖਾਦ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਨਹੀਂ ਕਰਦੇ। ਹਰਬੰਤ ਸਿੰਘ ਜੀ ਆਪਣੇ ਪਿੰਡ ਵਿੱਚ ਪਾਣੀ ਦੇ ਪ੍ਰਬੰਧਨ ਦਾ ਵੀ ਕੰਮ ਕਰ ਰਹੇ ਹਨ ਅਤੇ ਹੋਰਨਾਂ ਪਿੰਡਾਂ ਨੂੰ ਵੀ ਇਸ ਬਾਰੇ ਸਿੱਖਿਆ ਦੇ ਰਹੇ ਹਨ, ਤਾਂ ਕਿ ਉਹ ਟਿਊਬਵੈੱਲ ਦਾ ਘੱਟ ਪ੍ਰਯੋਗ ਕਰ ਸਕਣ। ਉਨ੍ਹਾਂ ਕੋਲ 12 ਏਕੜ ਖੇਤ ਲਈ ਕੇਵਲ ਇੱਕ ਹੀ ਟਿਊਬਵੈੱਲ ਹੈ। ਆਮ ਫ਼ਸਲਾਂ ਤੋਂ ਇਲਾਵਾ ਉਨ੍ਹਾਂ ਨੇ ਅਮਰੂਦ, ਕੇਲੇ, ਅੰਬ ਅਤੇ ਆੜੂ ਦੇ ਪੌਦੇ ਵੀ ਲਾਏ ਹਨ।
ਸਤਨਾਮ ਸਿੰਘ ਨੇ ਚੰਦਨ ਅਤੇ ਡ੍ਰੈਗਨ ਫਲ ਦੀ ਖੇਤੀ ਕਰਨ ਤੋਂ ਪਹਿਲਾਂ ਰਿਸਰਚ ਵਿੱਚ ਇੱਕ ਸਾਲ ਲਾਇਆ, ਕਿਉਂਕਿ ਉਹ ਇੱਕ ਅਜਿਹੀ ਫ਼ਸਲ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ, ਜਿਸ ਵਿੱਚ ਘੱਟ ਸਿੰਚਾਈ ਦੀ ਜ਼ਰੂਰਤ ਹੋਵੇ ਅਤੇ ਜਿਸਦੇ ਸਿਹਤ ਅਤੇ ਵਾਤਾਵਰਨ ਨਾਲ ਸੰਬੰਧਿਤ ਲਾਭ ਵੀ ਹੋਣ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਅਜਿਹਾ ਹੀ ਕਰਨ। ਉਨ੍ਹਾਂ ਨੂੰ ਵੀ ਖੇਤੀ ਦੀਆਂ ਅਜਿਹੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ, ਜੋ ਵਾਤਾਵਰਨ ਦੇ ਅਨੁਕੂਲ ਹੋਣ ਅਤੇ ਜਿਨ੍ਹਾਂ ਦੇ ਬਹੁਤ ਸਾਰੇ ਲਾਭ ਵੀ ਹੋਣ।
ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਲਸਣ ਅਤੇ ਮਹੋਗਨੀ ਪੌਦੇ ਉਗਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਇਸਦੀ ਸੰਭਾਵਨਾ ਨੂੰ ਪਹਿਚਾਣਨ ਅਤੇ ਆਪਣੇ ਚੰਗੇ ਭਵਿੱਖ ਲਈ ਇਸ ਵਿੱਚ ਨਿਵੇਸ਼ ਕਰਨ।
ਕਿਸਾਨਾਂ ਲਈ ਸੰਦੇਸ਼-
“ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੋਨੋਂ ਹੀ ਇਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਜੈਵਿਕ ਖੇਤੀ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ, ਤਾਂ ਹੀ ਉਹ ਜਿਊਂਦੇ ਰਹਿ ਸਕਦੇ ਹਨ ਅਤੇ ਧਰਤੀ ਨੂੰ ਰਹਿਣ ਲਈ ਬਿਹਤਰ ਜਗ੍ਹਾ ਬਣਾਇਆ ਜਾ ਸਕਦਾ ਹੈ।“