gg

ਧਰਮਬੀਰ ਕੰਬੋਜ

(ਸਫਲ ਇਨੋਵੇਟਰ)

ਰਿਕਸ਼ਾ ਚਾਲਕ ਤੋਂ ਸਫਲ ਇਨੋਵੇਟਰ ਬਣਨ ਤੱਕ ਦਾ ਸਫ਼ਰ

ਧਰਮਬੀਰ ਕੰਬੋਜ, ਇੱਕ ਰਿਕਸ਼ਾ ਚਾਲਕ ਤੋਂ ਇੱਕ ਸਫਲ ਇਨੋਵੇਟਰ ਦਾ ਜਨਮ 1963 ਵਿੱਚ ਹਰਿਆਣਾ ਦੇ ਪਿੰਡ ਦਾਮਲਾ ਵਿੱਚ ਹੋਇਆ। ਉਹ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟੇ ਹਨ। ਆਪਣੀ ਛੋਟੀ ਉਮਰ ਦੌਰਾਨ, ਧਰਮਬੀਰ ਜੀ ਨੂੰ ਆਪਣੇ ਪਰਿਵਾਰ ਨੂੰ ਆਰਥਿਕ ਸਹਾਇਤਾ ਪ੍ਰਦਾਨ ਕਰਨ ਲਈ ਆਪਣੀ ਪੜ੍ਹਾਈ ਛੱਡਣੀ ਪਈ। ਧਰਮਬੀਰ ਕੰਬੋਜ, ਜੋ ਕਿ ਕਿਸੇ ਸਮੇਂ ਰੋਜ਼ੀ ਰੋਟੀ ਕਮਾਉਣ ਲਈ ਸੰਘਰਸ਼ ਕਰਦੇ ਸਨ, ਹੁਣ ਉਹ ਆਪਣੀਆਂ ਪੇਟੈਂਟ ਵਾਲੀਆਂ ਮਸ਼ੀਨਾਂ 15 ਦੇਸ਼ਾਂ ਵਿੱਚ ਵੇਚਦੇ ਹਨ ਅਤੇ ਉਸ ਤੋਂ ਸਾਲਾਨਾ ਲੱਖਾਂ ਰੁਪਏ ਕਮਾ ਰਹੇ ਹਨ।
80 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਧਰਮਬੀਰ ਕੰਬੋਜ ਉਨ੍ਹਾਂ ਹਜ਼ਾਰਾਂ ਲੋਕਾਂ ਵਿੱਚੋਂ ਇੱਕ ਸੀ ਜੋ ਆਪਣਾ ਪਿੰਡ ਛੱਡ ਕੇ ਬਿਹਤਰ ਜੀਵਨ ਦੀ ਭਾਲ ਵਿੱਚ ਦਿੱਲੀ ਚਲੇ ਗਏ ਸਨ। ਉਹਨਾਂ ਦੀਆਂ ਕੋਸ਼ਿਸ਼ਾਂ ਵਿਅਰਥ ਸਨ ਕਿਉਂਕਿ ਉਹਨਾਂ ਕੋਲ ਕੋਈ ਡਿਗਰੀ ਨਹੀਂ ਸੀ, ਇਸ ਲਈ ਉਹਨਾਂ ਨੇ ਗੁਜ਼ਾਰਾ ਕਰਨ ਲਈ ਕੁੱਝ ਛੋਟੇ-ਛੋਟੇ ਕੰਮ ਕੀਤੇ।
ਧਰਮਬੀਰ ਸਿੰਘ ਕੰਬੋਜ ਦੀ ਕਹਾਣੀ ਦ੍ਰਿੜਤਾ ਬਾਰੇ ਹੈ ਜਿਸ ਕਾਰਨ ਉਹ ਇੱਕ ਕਿਸਾਨ-ਉਦਮੀ ਬਣ ਗਏ ਜੋ ਹੁਣ ਲੱਖਾਂ ਰੁਪਏ ਕਮਾ ਰਹੇ ਹਨ। 59 ਸਾਲਾ ਧਰਮਬੀਰ ਕੰਬੋਜ ਦੀ ਜ਼ਿੰਦਗੀ ‘ਚ ਮਿਹਨਤ ਅਤੇ ਖੁਸ਼ੀ ਦੋਵੇਂ ਰੰਗ ਲੈ ਕੇ ਆਈ।
ਧਰਮਬੀਰ ਕੰਬੋਜ ਜਿਨ੍ਹਾਂ ਨੇ ਸਫਲਤਾ ਦੇ ਮਾਰਗ ਵਿਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਦਾ ਸਾਮਣਾ ਕੀਤਾ, ਇਹਨਾਂ ਦੇ ਅਨੁਸਾਰ ਜ਼ਿੰਦਗੀ ਕਮਜ਼ੋਰੀਆਂ ‘ਤੇ ਜਿੱਤ ਪ੍ਰਾਪਤ ਕਰਨ ਅਤੇ ਸਖਤ ਮਿਹਨਤ ਜਾਰੀ ਰੱਖਣ ਬਾਰੇ ਹੈ। ਕੰਬੋਜ ਜੀ ਆਪਣੀ ਮਲਟੀਪਰਪਜ਼ ਪ੍ਰੋਸੈਸਿੰਗ ਮਸ਼ੀਨ ਕਰਕੇ ਕਾਫੀ ਜਾਣੇ ਜਾਂਦੇ ਹਨ, ਜੋ ਕਿਸਾਨਾਂ ਨੂੰ ਛੋਟੇ ਪੈਮਾਨੇ ‘ਤੇ ਕਈ ਤਰ੍ਹਾਂ ਦੇ ਖੇਤੀਬਾੜੀ ਉਤਪਾਦਾਂ ਨੂੰ ਪ੍ਰੋਸੈਸ ਕਰਨ ਦੀ ਆਗਿਆ ਦਿੰਦੀ ਹੈ।
ਦਿੱਲੀ ਵਿੱਚ ਇੱਕ ਸਾਲ ਤੱਕ ਰਿਕਸ਼ਾ ਚਾਲਕ ਵਜੋਂ ਕੰਮ ਕਰਨ ਤੋਂ ਬਾਅਦ, ਧਰਮਬੀਰ ਜੀ ਨੂੰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਜਨਤਕ ਲਾਇਬ੍ਰੇਰੀ ਬਾਰੇ ਪਤਾ ਲੱਗਾ। ਜਿੱਥੇ ਉਹ ਆਪਣੇ ਖਾਲੀ ਸਮੇਂ ਵਿੱਚ ਖੇਤੀ ਦੇ ਵਿਸ਼ਿਆਂ ਜਿਵੇਂ ਕਿ ਬਰੋਕਲੀ, ਸ਼ਤਾਵਰੀ, ਸਲਾਦ ਅਤੇ ਸ਼ਿਮਲਾ ਮਿਰਚ ਉਗਾਉਣ ਬਾਰੇ ਪੜ੍ਹਦੇ ਸਨ। ਉਹ ਕਹਿੰਦੇ ਹਨ, “ਉਹਨਾਂ ਨੇ ਦਿੱਲੀ ਵਿੱਚ ਬਹੁਤ ਕੁੱਝ ਸਿੱਖਿਆ ਅਤੇ ਬਹੁਤ ਵਧੀਆ ਅਨੁਭਵ ਰਿਹਾ।” ਹਾਲਾਂਕਿ, ਦਿੱਲੀ ਵਿੱਚ ਇੱਕ ਦੁਰਘਟਨਾ ਤੋਂ ਬਾਅਦ, ਉਹ ਹਰਿਆਣਾ ਵਿੱਚ ਆਪਣੇ ਪਿੰਡ ਵਾਪਸ ਚਲੇ ਗਏ।
ਪਿੰਡ ਵਾਪਸ ਆਉਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਵਿੱਚ ਸੁਧਾਰ ਕਰਨ ਬਾਰੇ ਵਿੱਚ ਵਧੇਰੇ ਜਾਣਨ ਲਈ ਗ੍ਰਾਮ ਵਿਕਾਸ ਸਮਾਜ ਦੁਆਰਾ ਚਲਾਏ ਗਏ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਹਿੱਸਾ ਲਿਆ। 2004 ਵਿੱਚ ਹਰਿਆਣਾ ਦੇ ਬਾਗਬਾਨੀ ਵਿਭਾਗ ਨੇ ਉਨਾਂ ਨੂੰ ਰਾਜਸਥਾਨ ਜਾਣ ਦਾ ਮੌਕਾ ਦਿੱਤਾ। ਇਸ ਦੌਰਾਨ, ਧਰਮਬੀਰ ਨੇ ਚਿਕਿਤਸਕ ਮਹੱਤਵ ਵਾਲੇ ਉਤਪਾਦਾਂ ਨੂੰ ਪ੍ਰਾਪਤ ਕਰਨ ਲਈ ਐਲੋਵੇਰਾ ਅਤੇ ਅਰਕ ਬਾਰੇ ਜਾਨਣ ਲਈ ਕਿਸਾਨਾਂ ਨਾਲ ਗੱਲਬਾਤ ਕੀਤੀ।
ਧਰਮਬੀਰ ਰਾਜਸਥਾਨ ਤੋਂ ਵਾਪਸ ਆਏ ਅਤੇ ਇੱਕ ਲਾਭਦਾਇਕ ਕਾਰੋਬਾਰ ਵਜੋਂ ਐਲੋਵੇਰਾ ਦੇ ਨਾਲ-ਨਾਲ ਹੋਰ ਪ੍ਰੋਸੈਸਡ ਉਤਪਾਦਾਂ ਨੂੰ ਮਾਰਕੀਟ ਵਿੱਚ ਲੈ ਕੇ ਆਉਣ ਦੇ ਤਰੀਕੇ ਲੱਭਣੇ ਸ਼ੁਰੂ ਕੀਤੇ। 2002 ਵਿੱਚ, ਉਹਨਾਂ ਦੇ ਮੁਲਾਕਾਤ ਇੱਕ ਬੈਂਕ ਮੈਨੇਜਰ ਨਾਲ ਹੋਈ, ਜਿਸ ਨੇ ਉਹਨਾਂ ਨੂੰ ਫੂਡ ਪ੍ਰੋਸੈਸਿੰਗ ਲਈ ਮਸ਼ੀਨਰੀ ਬਾਰੇ ਦੱਸਿਆ, ਪਰ ਮਸ਼ੀਨ ਦੇ ਲਈ 5 ਲੱਖ ਰੁਪਏ ਤੱਕ ਦਾ ਖਰਚਾ ਦੱਸਿਆ।
ਧਰਮਬੀਰ ਜੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ “ਮਸ਼ੀਨ ਦੀ ਕੀਮਤ ਬਹੁਤ ਜ਼ਿਆਦਾ ਸੀ।” ਇੱਕ ਬਹੁ-ਉਦੇਸ਼ੀ ਪ੍ਰੋਸੈਸਿੰਗ ਮਸ਼ੀਨ ਦਾ ਮੇਰਾ ਪਹਿਲਾ ਪ੍ਰੋਟੋਟਾਈਪ 25,000 ਰੁਪਏ ਦੇ ਨਿਵੇਸ਼ ਅਤੇ ਅੱਠ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਪੂਰਾ ਹੋਇਆ।”
ਕੰਬੋਜ ਜੀ ਦੀ ਬਹੁ-ਮੰਤਵੀ ਮਸ਼ੀਨ ਸਿੰਗਲ-ਫੇਜ਼ ਮੋਟਰ ਵਾਲੀ ਇੱਕ ਪੋਰਟੇਬਲ ਮਸ਼ੀਨ ਹੈ ਜੋ ਕਈ ਪ੍ਰਕਾਰ ਦੇ ਫਲਾਂ, ਜੜ੍ਹੀ-ਬੂਟੀਆਂ ਅਤੇ ਬੀਜਾਂ ਨੂੰ ਪ੍ਰੋਸੈੱਸ ਕਰ ਸਕਦੀ ਹੈ।
ਇਹ ਤਾਪਮਾਨ ਨਿਯੰਤਰਣ ਅਤੇ ਆਟੋ-ਕਟੌਫ ਵਿਸ਼ੇਸ਼ਤਾ ਦੇ ਨਾਲ ਇੱਕ ਵੱਡੇ ਪ੍ਰੈਸ਼ਰ ਕੁੱਕਰ ਦੇ ਰੂਪ ਵਿੱਚ ਵੀ ਕੰਮ ਕਰਦੀ ਹੈ।
ਮਸ਼ੀਨ ਦੀ ਸਮਰੱਥਾ 400 ਲੀਟਰ ਹੈ। ਇਹ ਇੱਕ ਘੰਟੇ ਵਿੱਚ 200 ਲੀਟਰ ਐਲੋਵੇਰਾ ਨੂੰ ਪ੍ਰੋਸੈਸ ਕਰ ਸਕਦੀ ਹੈ। ਮਸ਼ੀਨ ਹਲਕੀ ਅਤੇ ਪੋਰਟੇਬਲ ਹੈ ਅਤੇ ਇਸ ਨੂੰ ਕਿਤੇ ਵੀ ਲਿਜਾਇਆ ਜਾ ਸਕਦਾ ਹੈ। ਇਹ ਇੱਕ ਮੋਟਰ ਦੁਆਰਾ ਕੰਮ ਕਰਦੀ ਹੈ। ਇਹ ਇੱਕ ਅਲੱਗ ਕਿਸਮ ਦੀ ਮਸ਼ੀਨ ਹੈ ਜੋ ਚੂਰਨ ਬਣਾਉਣ, ਮਿਕਸਿੰਗ, ਸਟੀਮਿੰਗ, ਪ੍ਰੈਸ਼ਰ ਕੁਕਿੰਗ ਅਤੇ ਜੂਸ, ਤੇਲ ਜਾਂ ਜੈੱਲ ਕੱਢਣ ਦਾ ਕੰਮ ਕਰਦੀ ਹੈ।
ਧਰਮਬੀਰ ਦੀ ਮਲਟੀਪਰਪਜ਼ ਪ੍ਰੋਸੈਸਿੰਗ ਮਸ਼ੀਨ ਬਹੁਤ ਮਸ਼ਹੂਰ ਹੋਈ। ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਨੇ ਉਨਾਂ ਨੂੰ ਇਸ ਮਸ਼ੀਨ ਲਈ ਪੇਟੈਂਟ ਵੀ ਦਿੱਤਾ ਸੀ। ਇਹ ਮਸ਼ੀਨਾਂ ਧਰਮਬੀਰ ਕੰਬੋਜ ਦੁਆਰਾ ਅਮਰੀਕਾ, ਇਟਲੀ, ਨੇਪਾਲ, ਆਸਟ੍ਰੇਲੀਆ, ਕੀਨੀਆ, ਨਾਈਜੀਰੀਆ, ਜ਼ਿੰਬਾਬਵੇ ਅਤੇ ਯੂਗਾਂਡਾ ਸਮੇਤ 15 ਦੇਸ਼ਾਂ ਨੂੰ ਵੇਚੀਆਂ ਜਾਂਦੀਆਂ ਹਨ।
2009 ਵਿੱਚ, ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ-ਇੰਡੀਆ (ਐਨ.ਆਈ.ਐਫ.) ਨੇ ਉਹਨਾਂ ਨੂੰ ਪੰਜਵੇਂ ਰਾਸ਼ਟਰੀ ਦੋ ਸਾਲਾਂ ਪੁਰਸਕਾਰ ਸਮਾਰੋਹ ਵਿੱਚ ਇੱਕ ਬਹੁ-ਉਦੇਸ਼ੀ ਪ੍ਰੋਸੈਸਿੰਗ ਮਸ਼ੀਨ ਦੀ ਕਾਢ ਲਈ ਹਰਿਆਣਾ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਧਰਮਬੀਰ ਜੀ ਨੇ ਦੱਸਿਆ ਕਿ, “ਜਦੋਂ ਮੈਂ ਪਹਿਲੀ ਵਾਰ ਆਪਣੇ ਪ੍ਰਯੋਗ ਕਰਨੇ ਸ਼ੁਰੂ ਕੀਤੇ ਤਾਂ ਲੋਕਾਂ ਨੇ ਮੇਰਾ ਸਮਰਥਨ ਕਰਨ ਦੀ ਬਜਾਏ ਮੇਰਾ ਮਜ਼ਾਕ ਉਡਾਇਆ।” ਉਹ ਕਦੇ ਵੀ ਮੇਰੇ ਕੰਮ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ। “ਜਦੋਂ ਮੈਂ ਸਖ਼ਤ ਮਿਹਨਤ ਅਤੇ ਵਿਭਿੰਨ ਪ੍ਰਯੋਗ ਕਰ ਰਿਹਾ ਸੀ, ਤਾਂ ਮੇਰੇ ਪਿਤਾ ਜੀ ਨੂੰ ਲੱਗਿਆ ਕਿ ਮੈਂ ਆਪਣਾ ਸਮਾਂ ਬਰਬਾਦ ਕਰ ਰਿਹਾ ਹਾਂ।”
ਕਿਸਾਨ ਧਰਮਬੀਰ ਦੇ ਨਾਮ ਨਾਲ ਮਸ਼ਹੂਰ ਧਰਮਬੀਰ ਕੰਬੋਜ ਨੂੰ 2013 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਨੈਸ਼ਨਲ ਐਵਾਰਡ ਵੀ ਮਿਲਿਆ। ਕੰਬੋਜ, ਜੋ ਰਾਸ਼ਟਰਪਤੀ ਦੇ ਮਹਿਮਾਨ ਵਜੋਂ ਚੁਣੇ ਗਏ ਪੰਜ ਇਨੋਵੇਟਰਜ਼ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਇੱਕ ਫੂਡ ਪ੍ਰੋਸੈਸਿੰਗ ਮਸ਼ੀਨ ਵਿਕਸਤ ਕੀਤੀ ਜੋ ਪ੍ਰਤੀ ਘੰਟਾ 200 ਕਿਲੋ ਟਮਾਟਰਾਂ ਵਿੱਚੋਂ ਗੁੱਦਾ ਕੱਢ ਸਕਦੀ ਹੈ।
ਉਹ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਮਹਿਮਾਨ ਦੇ ਤੌਰ ‘ਤੇ ਰੁਕੇ ਸਨ, ਇਹ ਸਨਮਾਨ ਉਨ੍ਹਾਂ ਨੂੰ ਇੱਕ ਬਹੁ-ਮੰਤਵੀ ਫੂਡ ਪ੍ਰੋਸੈਸਿੰਗ ਮਸ਼ੀਨ ਬਣਾਉਣ ਲਈ ਦਿੱਤਾ ਗਿਆ ਸੀ ਜੋ ਜੜ੍ਹੀ-ਬੂਟੀਆਂ ਤੋਂ ਰਸ ਕੱਢ ਸਕਦੀ ਹੈ।
ਧਰਮਵੀਰ ਕੰਬੋਜ ਦੀ ਕਹਾਣੀ ਬਾਲੀਵੁਡ ਫਿਲਮ ਵਰਗੀ ਲੱਗਦੀ ਹੈ, ਜਿੱਥੇ ਅੰਤ ਵਿੱਚ ਹੀਰੋ ਦੀ ਜਿੱਤ ਹੁੰਦੀ ਹੈ।
ਧਰਮਵੀਰ ਦੀ ਫੂਡ ਪ੍ਰੋਸੈਸਿੰਗ ਮਸ਼ੀਨ 2020 ਵਿੱਚ ਭਾਰਤ ਦੀ ਗ੍ਰਾਮੀਣ ਆਰਥਿਕਤਾ ਵਿੱਚ ਮਦਦ ਕਰਨ ਲਈ ਪਾਵਰਿੰਗ ਲਾਈਵਲੀਹੁੱਡ ਪ੍ਰੋਗਰਾਮ ਦੇ ਲਈ ਵਿਲਗਰੋ ਇਨੋਵੇਸ਼ਨ ਫਾਊਂਡੇਸ਼ਨ ਅਤੇ ਕੌਂਸਲ ਆਨ ਐਨਰਜੀ, ਐਨਵਾਇਰਮੈਂਟ ਐਂਡ ਵਾਟਰ (CEEW) ਦੁਆਰਾ ਲਈ ਚੁਣੀਆਂ ਗਈਆਂ 6 ਕੰਪਨੀਆਂ ਵਿੱਚੋਂ ਇੱਕ ਸੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ CEEW ਦੇ ਇੱਕ ਬਿਆਨ ਅਨੁਸਾਰ 22 ਕਰੋੜ ਦਾ ਕੰਮ, ਜੋ ਸਾਫ਼ ਊਰਜਾ-ਅਧਾਰਿਤ ਆਜੀਵਿਕਾ ਹੱਲ ‘ਤੇ ਕੰਮ ਕਰ ਰਹੇ ਭਾਰਤੀ ਉੱਦਮਾਂ ਨੂੰ ਪੂੰਜੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਦਾ ਹੈ। ਇਨ੍ਹਾਂ 6 ਕੰਪਨੀਆਂ ਨੂੰ ਕੋਵਿਡ ਸੰਕਟ ਨਾਲ ਨਜਿੱਠਣ ਵਿੱਚ ਮਦਦ ਵਜੋਂ 1 ਕਰੋੜ ਰੁਪਏ ਦੀ ਕੁੱਲ ਫੰਡਿੰਗ ਵੀ ਪ੍ਰਦਾਨ ਕੀਤੀ ਗਈ।
“ਇਸ ਪ੍ਰੋਗਰਾਮ ਤੋਂ ਪਹਿਲਾਂ, ਧਰਮਵੀਰ ਦਾ ਉਤਪਾਦਨ ਬਹੁਤ ਘੱਟ ਸੀ।” ਹੁਣ ਇਹਨਾਂ ਦਾ ਕੰਮ ਇੱਕ ਮਹੀਨੇ ਵਿੱਚ ਚਾਰ ਮਸ਼ੀਨਾਂ ਬਣਾਉਣ ਵੱਧ ਕੇ 15-20 ਮਸ਼ੀਨਾਂ ਬਣਾਉਣ ਤੱਕ ਚਲਾ ਗਿਆ। ਆਮਦਨ ਵੀ ਤੇਜ਼ੀ ਨਾਲ ਵਧਣ ਲੱਗੀ। ਇਸ ਕੰਮ ਨੇ ਕੰਬੋਜ ਅਤੇ ਉਨਾਂ ਦੇ ਪੁੱਤਰ ਪ੍ਰਿੰਸ ਨੂੰ ਮਾਰਗਦਰਸ਼ਨ ਦਿੱਤਾ ਕਿ ਸੂਰਜੀ ਊਰਜਾ ਨਾਲ ਚੱਲਣ ਵਾਲੀਆਂ ਮਸ਼ੀਨਾਂ ਵਰਗੇ ਤਰੀਕਿਆਂ ਦੀ ਵਰਤੋਂ ਕਰਕੇ ਉਤਪਾਦਨ ਨੂੰ ਵਧਾਉਣ ਅਤੇ ਮਾਰਗਦਰਸ਼ਨ ਕਰਨ ਬਾਰੇ ਸਹਾਇਤਾ ਕੀਤੀ। ਵਿਲਗਰੋ ਨੇ ਕੋਵਿਡ ਦੌਰਾਨ ਧਰਮਵੀਰ ਪ੍ਰੋਸੈਸਿੰਗ ਕੰਪਨੀ ਨੂੰ ਲਗਭਗ 55 ਲੱਖ ਰੁਪਏ ਵੀ ਦਿੱਤੇ। ਧਰਮਵੀਰ ਅਤੇ ਉਨਾਂ ਦਾ ਪੁੱਤਰ ਪ੍ਰਿੰਸ ਕਈ ਲੋਕਾਂ ਨੂੰ ਮਸ਼ੀਨ ਚਲਾਉਣ ਬਾਰੇ ਜਾਣਕਾਰੀ ਦਿੰਦੇ ਅਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਰੁਜ਼ਗਾਰ ਪੈਦਾ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ

ਇਹ ਕੰਪਨੀ ਆਉਣ ਵਾਲੇ ਪੰਜ ਸਾਲਾਂ ਵਿੱਚ ਆਪਣੀਆਂ ਫੂਡ ਪ੍ਰੋਸੈਸਿੰਗ ਮਸ਼ੀਨਾਂ ਨੂੰ ਲਗਭਗ 100 ਦੇਸ਼ਾਂ ਵਿੱਚ ਨਿਰਯਾਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦਾ ਟੀਚਾ ਇਸ ਸਾਲ ਵਿੱਚ 2 ਕਰੋੜ ਰੁਪਏ ਅਤੇ ਵਿੱਤੀ ਸਾਲ 27 ਤੱਕ ਲਗਭਗ 10 ਕਰੋੜ ਤੱਕ ਲੈ ਜਾਣਾ ਹੈ। ਹੁਣ ਤੱਕ ਕੰਬੋਜ ਜੀ ਲਗਭਗ 900 ਮਸ਼ੀਨਾਂ ਵੇਚ ਚੁੱਕੇ ਹਨ, ਜਿਸ ਤੋਂ ਲਗਭਗ 8000 ਦੇ ਕਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ।

ਸੰਦੇਸ਼

ਧਰਮਬੀਰ ਸਿੰਘ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ ਆਪਣੇ ਉਤਪਾਦ ਨੂੰ ਪ੍ਰੋਸੈਸ ਕਰਨ ਦੇ ਯੋਗ ਬਣਾਉਣਾ ਚਾਹੀਦਾ ਹੈ ਜਿਸ ਤੋਂ ਉਹ ਵੱਧ ਆਮਦਨ ਕਮਾ ਸਕਣ। ਸਰਕਾਰੀ ਸਕੀਮਾਂ ਅਤੇ ਟ੍ਰੇਨਿੰਗ ਨੂੰ ਲਾਗੂ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਕਿਸਾਨ ਸਮੇਂ-ਸਮੇਂ ‘ਤੇ ਸਿੱਖ ਕੇ ਆਪਣੇ ਆਪ ਨੂੰ ਬੇਹਤਰ ਬਣਾ ਸਕਣ ਅਤੇ ਉਨ੍ਹਾਂ ਮੌਕਿਆਂ ਦਾ ਲਾਭ ਉਠਾ ਸਕਣ ਜੋ ਉਨ੍ਹਾਂ ਦੇ ਭਵਿੱਖ ਸੁਰੱਖਿਅਤ ਕਰਨ ਵਿੱਚ ਮਦਦ ਕਰਨਗੇ।