ਹਰਿਮਨ ਸ਼ਰਮਾ
ਇੱਕ ਕਿਸਾਨ ਦੀ ਕਹਾਣੀ ਜਿਸਨੇ ਆਪਣੇ ਕਰਮ ਕਰਦੇ ਹੋਏ, ਆਪਣੀ ਮਿਹਨਤ ਨਾਲ ਸਫ਼ਲਤਾ ਦਾ ਸੁਆਦ ਚਖਿਆ
ਅਜਿਹਾ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਇੱਛਾ ਸ਼ਕਤੀ ਅੱਗੇ ਕੋਈ ਚੀਜ਼ ਨਹੀਂ ਟਿਕ ਸਕਦੀ। ਅਜਿਹੀ ਹੀ ਇੱਛਾ ਅਤੇ ਸ਼ਕਤੀ ਨਾਲ ਇੱਕ ਅਜਿਹੇ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਨਿਰੰਤਰ ਯਤਨਾਂ ਨਾਲ ਉਸ ਜ਼ਮੀਨ ‘ਤੇ ਸੇਬ ਦੀ ਇੱਕ ਨਵੀਂ ਕਿਸਮ ਦਾ ਵਿਕਾਸ ਕੀਤਾ, ਜਿੱਥੇ ਇਹ ਕਰਨਾ ਲਗਭਗ ਅਸੰਭਵ ਸੀ।
ਸ਼੍ਰੀ ਹਰਿਮਨ ਸ਼ਰਮਾ ਇੱਕ ਸਫ਼ਲ ਕਿਸਾਨ ਹਨ, ਜਿਨ੍ਹਾਂ ਕੋਲ ਸੇਬ, ਅੰਬ, ਆੜੂ, ਕਾੱਫੀ, ਲੀਚੀ ਅਤੇ ਅਨਾਰ ਦੇ ਬਗ਼ੀਚੇ ਹਨ। ਇੱਕ ਊਸ਼ਣ-ਕਟੀਬੰਧੀ ਸਥਾਨ ਹੈ (ਪਿੰਡ ਪਨੀਲਾ ਕੋਠੀ, ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ਼) ਜਿੱਥੇ ਤਾਪਮਾਨ 45° ਤੱਕ ਵੱਧ ਜਾਂਦਾ ਹੈ ਅਤੇ ਭੂਮੀ ਵਿੱਚ 80% ਚੱਟਾਨਾਂ ਅਤੇ 20% ਮਿੱਟੀ ਹੈ। ਇੱਥੇ ਸੇਬ ਉਗਾਉਣਾ ਲਗਭਗ ਅਸੰਭਵ ਸੀ, ਪਰ ਹਰਿਮਨ ਸ਼ਰਮਾ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਇਸਨੂੰ ਸੰਭਵ ਕਰ ਦਿੱਤਾ।
ਇਸ ਤੋਂ ਪਹਿਲਾਂ ਹਰਿਮਨ ਸ਼ਰਮਾ ਜੀ ਕਿਸਾਨ ਨਹੀਂ ਸਨ। ਜੋ ਸਫ਼ਲਤਾ ਅੱਜ ਉਨ੍ਹਾਂ ਨੇ ਹਾਸਿਲ ਕੀਤੀ ਹੈ, ਉਸ ਲਈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕਈ ਚੁਣੌਤੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ। 1971 ਤੋਂ 1982 ਤੱਕ ਉਹ ਮਜ਼ਦੂਰ ਸੀ, 1983 ਤੋਂ 1990 ਤੱਕ ਉਨ੍ਹਾਂ ਨੂੰ ਪੱਥਰ ਤੋੜਨ ਦਾ ਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਕੀਤਾ। 1991 ਤੋਂ 1998 ਤੱਕ ਉਨ੍ਹਾਂ ਨੇ ਸਬਜ਼ੀ ਦੀ ਖੇਤੀ ਦੇ ਨਾਲ-ਨਾਲ ਅੰਬ ਦੇ ਬਾਗ ਵੀ ਲਾਏ।
1999 ਵਿੱਚ ਇੱਕ ਅਜਿਹਾ ਮੋੜ ਆਇਆ, ਜਦੋਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਇੱਕ ਸੇਬ ਦਾ ਬੀਜ ਪੁੰਗਰਦਾ ਦੇਖਿਆ। ਉਨ੍ਹਾਂ ਨੇ ਉਸ ਪੌਦੇ ਨੂੰ ਸੰਭਾਲਿਆ ਅਤੇ ਖੇਤੀਬਾੜੀ ਵਿੱਚ ਪ੍ਰਾਪਤ ਕੀਤੇ ਤਜ਼ਰਬੇ ਨਾਲ ਇਸਦਾ ਪੋਸ਼ਣ ਕਰਨਾ ਸ਼ੁਰੂ ਕੀਤਾ। ਕੁਆਲਿਟੀ ਨੂੰ ਸੁਧਾਰਨ ਲਈ ਉਨ੍ਹਾਂ ਨੇ ਆਲੂਬੁਖਾਰੇ ਦੇ ਰੁੱਖ ਦੇ ਤਣੇ ‘ਤੇ ਸੇਬ ਦੇ ਰੁੱਖ ਦੀ ਸ਼ਾਖ ਦੀ ਗ੍ਰਾਫਟਿੰਗ ਕਰ ਦਿੱਤੀ ਅਤੇ ਇਸਦਾ ਪਰਿਣਾਮ ਬਿਲਕੁੱਲ ਅਲੱਗ ਸੀ। ਦੋ ਸਾਲ ਬਾਅਦ ਸੇਬ ਦੇ ਪੌਦੇ ਨੇ ਫਲ ਦੇਣੇ ਸ਼ੁਰੂ ਕਰ ਦਿੱਤੇ। ਆਖਿਰ ਉਨ੍ਹਾਂ ਨੇ ਇੱਕ ਅਲੱਗ ਤਰ੍ਹਾਂ ਦਾ ਸੇਬ ਵਿਕਸਿਤ ਕੀਤਾ, ਜੋ ਕਿ ਗਰਮ ਜਲਵਾਯੂ ਦੇ ਨਾਲ ਬਹੁਤ ਘੱਟ ਪਹਾੜੀਆਂ ‘ਤੇ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ।
ਹੌਲੀ-ਹੌਲੀ ਸਮੇਂ ਦੇ ਨਾਲ ਹਰਿਮਨ ਸ਼ਰਮਾ ਦੁਆਰਾ ਖੋਜੀ ਗਈ ਸੇਬ ਦੀ ਕਿਸਮ ਦੀ ਗੱਲ ਫੈਲ ਗਈ। ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਅਤੇ ਕੁੱਝ ਹੈਰਾਨ ਹੋਏ। ਪਰ 7 ਜੁਲਾਈ 2008 ਨੂੰ ਹਰਿਮਨ ਸ਼ਰਮਾ ਸ਼ਿਮਲਾ ਗਏ ਅਤੇ ਉਨ੍ਹਾਂ ਨੇ ਵਿਕਸਿਤ ਕੀਤੇ ਸੇਬ ਦੀ ਇੱਕ ਟੋਕਰੀ ਦੀ ਪੇਸ਼ਕਸ਼ ਕੀਤੀ, ਜੋ ਹਿਮਾਚਲ ਦੇ ਮੁੱਖ ਮੰਤਰੀ ਲਈ ਸੀ।
ਮੁੱਖ ਮੰਤਰੀ ਨੇ ਤੁਰੰਤ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਸੇਬ ਖਾਧੇ ਅਤੇ ਜਲਦੀ ਹੀ ਮੁੱਖ ਮੰਤਰੀ ਨੇ ਇਸ ਸੇਬ ਦੀ ਕਿਸਮ ਨੂੰ ਹਰਿਮਨ ਨਾਮ ਦਿੱਤਾ। ਬਾਗਬਾਨੀ ਯੂਨੀਵਰਸਿਟੀ ਅਤੇ ਵਿਭਾਗ ਦੇ ਕਈ ਮਾਹਿਰ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬਾਗ ਵਿੱਚ ਆਏ ਅਤੇ ਅਸਲ ਵਿੱਚ ਉਨ੍ਹਾਂ ਦਾ ਕੰਮ ਦੇਖ ‘ਤੇ ਹੈਰਾਨ ਅਤੇ ਸੰਤੁਸ਼ਟ ਹੋਏ।
ਉਨ੍ਹਾਂ ਨੇ ਇੱਕ ਹੀ ਕਿਸਮ ਦੇ ਸੇਬ ਦੇ 8 ਪੌਦੇ ਵਿਕਸਿਤ ਕੀਤੇ, ਜੋ ਕਿ ਬਾਗ ਵਿੱਚ ਅੰਬ ਦੇ ਪੌਦਿਆਂ ਨਾਲ ਵੱਧ ਰਹੇ ਹਨ ਅਤੇ ਹੁਣ ਤੱਕ ਚੰਗੀ ਪੈਦਾਵਾਰ ਦੇ ਰਹੇ ਹਨ। ਹਰਿਮਨ ਜੀ ਦੁਆਰਾ ਵਿਕਸਿਤ ਕੀਤੀ ਗਈ ਕਿਸਮ ਦਾ ਨਾਮ ਉਨ੍ਹਾਂ ਦੇ ਹੀ ਨਾਮ ‘ਤੇ HRMN-99 ਰੱਖਿਆ ਗਿਆ। ਉਨ੍ਹਾਂ ਨੇ ਦੇਸ਼ ਭਰ ਵਿੱਚ ਕਿਸਾਨਾਂ, ਮਾਲੀਆਂ, ਉੱਦਮੀਆਂ ਅਤੇ ਸਰਕਾਰੀ ਸੰਗਠਨਾਂ ਨੂੰ 3 ਲੱਖ ਤੋਂ ਵੱਧ ਪੌਦੇ ਵਿਕਸਿਤ ਕੀਤੇ ਅਤੇ ਵੰਡੇ। HRMN-99 ਕਿਸਮ ਦੇ 55 ਸੇਬ ਦੇ ਪੌਦੇ ਰਾਸ਼ਟਰਪਤੀ ਭਵਨ ਵਿੱਚ ਲਾਏ ਗਏ। ਉਨ੍ਹਾਂ ਨੇ ਅੰਬ, ਲੀਚੀ, ਅਨਾਰ, ਕਾੱਫੀ ਅਤੇ ਆੜੂ ਵਰਗੇ ਫਲਾਂ ਦੇ ਵੀ ਬਾਗ ਬਣਾਏ।
ਹਰਿਮਨ ਸ਼ਰਮਾ ਦੁਆਰਾ ਵਿਕਸਿਤ ਸੇਬ ਦੀ ਕਿਸਮ ਨੂੰ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਉਪ-ਊਸ਼ਣ ਕਟਿਬੰਧੀ ਮੈਦਾਨਾਂ ਵਿੱਚ ਫੁੱਲਾਂ ਅਤੇ ਫਲਾਂ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਦੀ ਉਪਲੱਬਧੀ ਬਾਗਬਾਨੀ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ, ਅੱਜ ਸਮਾਜ ਵਿੱਚ ਹਰਿਮਨ ਸ਼ਰਮਾ ਦਾ ਯੋਗਦਾਨ ਕੇਵਲ ਮਹਾਨ ਹੀ ਨਹੀਂ ਸਗੋਂ ਦੂਸਰੇ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਵੀ ਹੈ।
ਅੱਜ ਹਰਿਮਨ ਐੱਪਲ ਨੂੰ ਭਾਰਤ ਦੇ ਲਗਭਗ ਹਰੇਕ ਰਾਜ ਵਿੱਚ ਉਗਾਇਆ ਅਤੇ ਸੰਭਾਲਿਆ ਜਾਂਦਾ ਹੈ। ਉਨ੍ਹਾਂ ਦੀ ਸਖ਼ਤ-ਮਿਹਨਤ ਨੇ ਸਾਬਿਤ ਕਰ ਦਿੱਤਾ ਕਿ ਗਰਮ ਜਲਵਾਯੂ ਨਾਲ ਬਹੁਤ ਘੱਟ ਪਹਾੜੀਆਂ ‘ਤੇ ਸੇਬ ਨੂੰ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ। ਸ਼੍ਰੀ ਸ਼ਰਮਾ ਜੀ ਆਪਣੀਆਂ ਬਿਹਤਰ ਤਕਨੀਕਾਂ ਨੂੰ ਆਪਣੇ ਕਿਸਾਨ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਨ ਅਤੇ ਫੈਲਾ ਰਹੇ ਹਨ।
ਖੇਤੀ ਦੇ ਖੇਤਰ ਵਿੱਚ ਹਰਿਮਨ ਸ਼ਰਮਾ ਜੀ ਨੂੰ ਉਨ੍ਹਾਂ ਦੇ ਕੰਮ ਲਈ ਕਾਫੀ ਪ੍ਰਸੰਸਾ ਅਤੇ ਕਈ ਪੁਰਸਕਾਰ ਵੀ ਮਿਲੇ। ਇਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• ਭਾਰਤੀ ਖੇਤੀ ਰਿਸਰਚ ਸੰਸਥਾਨ, ਦਿੱਲੀ ਵਿੱਚ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
• ਰਾਸ਼ਟਰਪਤੀ ਭਵਨ ਵਿੱਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਪ੍ਰੋਗਰਾਮ ਵਿੱਚ ਆਪਣੀ ਨਵੀਂ ਖੋਜ ਲਈ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।
• 2010 ਦੇ ਸਭ ਤੋਂ ਚੰਗੇ ਹਿਮਾਚਲੀ ਕਿਸਾਨ ਦੀ ਪਦਵੀ ਨਾਲ ਸਨਮਾਨਿਤ ਕੀਤਾ।
• 15 ਅਗਸਤ 2009 ਵਿੱਚ ਪ੍ਰੇਰਣਾਸ੍ਰੋਤ ਸਨਮਾਨ ਪੁਰਸਕਾਰ।
• 15 ਅਗਸਤ 2008 ਵਿੱਚ ਰਾਜ ਪੱਧਰੀ ਸਭ ਤੋਂ ਵਧੀਆ ਕਿਸਾਨ ਪੁਰਸਕਾਰ।
• ਊਨਾ(2011 ਵਿੱਚ) ਸੇਬ ਦਾ ਸਫ਼ਲਤਾਪੂਰਵਕ ਉਤਪਾਦਨ ਪੁਰਸਕਾਰ।
• 19 ਜਨਵਰੀ 2017 ਨੂੰ ਕ੍ਰਿਸ਼ੀ ਪੰਡਿਤ ਪੁਰਸਕਾਰ।
• ਇੱਫਕੋ ਦੀ ਜਯੰਤੀ ਦੇ ਸ਼ੁੱਭ ਮੌਕੇ ‘ਤੇ 29 ਅਪ੍ਰੈਲ 2017 ਨੂੰ ਪ੍ਰਸਿੱਧ ਕਿਸਾਨ ਪੁਰਸਕਾਰ।
• ਪੂਸਾ ਭਵਨ ਦਿੱਲੀ ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਦੁਆਰਾ 17 ਮਾਰਚ 2010 ਵਿੱਚ IARI Fellow ਐਵਾਰਡ।
• 21 ਮਾਰਚ 2016 ਵਿੱਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਭਾਰਤ ਸਰਕਾਰ – ਰਾਧਾ ਮੋਹਨ ਸਿੰਘ ਦੁਆਰਾ ਰਾਸ਼ਟਰੀ ਇਨੋਵੇਟਿਵ ਕਿਸਾਨ ਸਨਮਾਨ।
• ਸੇਬ ਉਤਪਾਦਨ ਲਈ 3 ਫਰਵਰੀ 2016 ਨੂੰ ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੁਆਰਾ ਸਨਮਾਨ।
• ਭਾਰਤੀ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ 4 ਮਾਰਚ 2017 ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਦੂਜਾ ਪੁਰਸਕਾਰ।
• ਬੀਕਾਨੇਰ ਵਿਖੇ 9 ਮਾਰਚ 2017 ਨੂੰ ਰਾਜਸਥਾਨ ਯੂਨੀਵਰਸਿਟੀ ਆੱਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਦੁਆਰਾ ਵਿਗਿਆਨਕ ਕਿਸਾਨ ਦਾ ਖਿਤਾਬ
ਕਿਸਾਨਾਂ ਲਈ ਸੰਦੇਸ਼
“ਕਰਮ ਕਰਨਾ ਮਨੁੱਖ ਦਾ ਅਧਿਕਾਰ ਹੈ, ਫਲ ਪ੍ਰਾਪਤ ਕਰਨ ਲਈ ਕਰਮ ਨਹੀਂ ਕੀਤਾ ਜਾਂਦਾ। ਇੱਕ ਖੇਤ ਵਿੱਚ ਕਿਸਾਨ ਦਾ ਕੰਮ ਬੀਜ ਬੀਜਣਾ ਹੁੰਦਾ ਹੈ, ਪਰ ਅਨਾਜ ਦਾ ਵੱਧਣਾ ਕਿਸਾਨ ਦੇ ਹੱਥ ‘ਚ ਨਹੀਂ ਹੈ। ਕਿਸਾਨ ਨੂੰ ਆਪਣਾ ਕੰਮ ਕਦੇ ਵੀ ਅਧੂਰਾ ਨਹੀਂ ਛੱਡਣਾ ਚਾਹੀਦਾ ਅਤੇ ਪੂਰੇ ਯਤਨ ਕਰਨੇ ਚਾਹੀਦੇ ਹਨ। ਮੈਂ ਉਸ ਸੇਬ ਦੇ ਪੁੰਗਰਾਅ ਨੂੰ ਵਿਕਸਿਤ ਕਰਨ ਅਤੇ ਉਸ ਤੋਂ ਕੁੱਝ ਨਵਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਮੈਂ ਇੱਥੇ ਹਾਂ ਅਤੇ ਇਹੀ ਕਾਰਨ ਹੈ ਕਿ ਸੇਬ ਦੀ ਕਿਸਮ ਦਾ ਨਾਮ ਮੇਰੇ ਨਾਮ ‘ਤੇ ਹੈ। ਹਰ ਕਿਸਾਨ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ।”