paramjeet-kau-pun-img

ਪਰਮਜੀਤ ਕੌਰ

(ਉਤਪਾਦ ਪ੍ਰੋਸੇਸਿੰਗ)

ਕਿਵੇਂ ਇਕ ਸਿੱਖ ਔਰਤ ਨੇ ਆਪਣੀ ਜ਼ਿੱਦ ਨਾਲ ਉਦਯੋਗਪਤੀ ਬਣਨ ਲਈ ਮੀਲ ਪੱਥਰ ਰੱਖਿਆ ਹੈ-ਮਾਈ ਭਾਗੋ ਸੈੱਲਫ ਹੈੱਲਪ ਗਰੁੱਪ

ਪੁਰਾਣੇ ਸਮਿਆਂ ਤੋਂ ਹੀ ਸਮਾਜ ਵਿੱਚ ਮਰਦਾਂ ਦੇ ਨਾਲ-ਨਾਲ ਮਹਿਲਾਵਾਂ ਨੇ ਆਪਣਾ ਬਹੁਤ ਯੋਗਦਾਨ ਦਿੱਤਾ ਹੈ, ਪਰ ਅਕਸਰ ਹੀ ਮਹਿਲਾਵਾਂ ਦੇ ਯੋਗਦਾਨ ਨੂੰ ਅਣ-ਦੇਖਿਆ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਅਜਿਹੀਆਂ ਬਹੁਤ ਮਹਿਲਾਵਾਂ ਹਨ, ਜਿਨ੍ਹਾਂ ਨੇ ਪੁਰਾਣੇ ਸਮਿਆਂ ਵਿੱਚ ਆਪਣੇ ਦੇਸ਼, ਸਮਾਜ ਅਤੇ ਲੋਕਾਂ ‘ਤੇ ਰਾਜ ਕੀਤਾ, ਉਨ੍ਹਾਂ ਨੂੰ ਸਿਖਾਇਆ ਅਤੇ ਉਨ੍ਹਾਂ ਦੀ ਸੇਵਾ ਕੀਤੀ। ਉਨ੍ਹਾਂ ਨੇ ਸੰਸਥਾਵਾਂ ਦਾ ਪ੍ਰਬੰਧਨ ਕੀਤਾ, ਸਮਾਜ ਦੀ ਅਗਵਾਈ ਕੀਤੀ ਅਤੇ ਦੁਸ਼ਮਣਾਂ ਵਿਰੁੱਧ ਵਿਦਰੋਹ ਕੀਤਾ। ਇਹ ਸਾਰੀਆਂ ਉਪਲੱਬਧੀਆਂ ਪ੍ਰਸੰਸਾਯੋਗ ਹਨ। ਇਹ ਸਾਰੀਆਂ ਸੂਰਬੀਰ ਮਹਿਲਾਵਾਂ ਪੁਰਾਣੇ ਅਤੇ ਹੁਣ ਦੇ ਸਮਿਆਂ ਵਿੱਚ ਵੀ ਹੋਰਨਾਂ ਮਹਿਲਾਵਾਂ ਲਈ ਪ੍ਰੇਰਣਾ ਹਨ। ਇੱਕ ਅਜਿਹੀ ਮਹਿਲਾ ਪਰਮਜੀਤ ਕੌਰ, ਜੋ ਮਹਾਨ ਸਿੱਖ ਸੂਰਬੀਰ ਮਹਿਲਾ-ਮਾਈ ਭਾਗੋ ਤੋਂ ਪ੍ਰੇਰਿਤ ਹਨ ਅਤੇ ਇੱਕ ਉੱਭਰਵੇਂ ਉੱਦਮਕਰਤਾ ਹਨ।

ਪਰਮਜੀਤ ਕੌਰ ਜੀ ਤਾਕਤ ਅਤੇ ਵਿਸ਼ਵਾਸ ਵਾਲੀ ਮਹਿਲਾ ਹਨ, ਜਿਨ੍ਹਾਂ ਨੇ ਆਪਣੇ ਪਿੰਡ ਲੋਹਾਰਾ(ਲੁਧਿਆਣਾ) ਵਿੱਚ ਮਾਈ ਭਾਗੋ ਗਰੁੱਪ ਸਥਾਪਿਤ ਕਰਨ ਲਈ ਪਹਿਲਾ ਕਦਮ ਉਠਾਇਆ। ਉਨ੍ਹਾਂ ਨੇ ਇਹ ਗਰੁੱਪ 2008 ਵਿੱਚ ਸ਼ੁਰੂ ਕੀਤਾ ਸੀ ਅਤੇ ਅੱਜ ਵੀ ਉਹ ਆਪਣਾ ਸਭ ਤੋਂ ਵੱਧ ਸਮਾਂ ਇਸ ਕਾਰੋਬਾਰ ਨੂੰ ਵਧਾਉਣ ਅਤੇ ਉਤਪਾਦਾਂ ਨੂੰ ਸੁਧਾਰਨ ਵਿੱਚ ਲਗਾਉਂਦੇ ਹਨ। ਖੈਰ, ਇਸ ਵਿੱਚ ਕੋਈ ਸ਼ੱਕ ਨਹੀਂ, ਕਿ ਇੱਕ ਮਹਿਲਾ ਹੁੰਦੇ ਹੋਏ ਇਸ ਪੁਰਸ਼ ਜਗਤ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨਾ ਆਸਾਨ ਨਹੀਂ ਹੁੰਦਾ ਹੈ। ਇਹ ਪਰਮਜੀਤ ਕੌਰ ਜੀ ਦੀ ਇੱਛਾ-ਸ਼ਕਤੀ ਅਤੇ ਪਰਿਵਾਰਿਕ ਸਹਿਯੋਗ ਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਇਹ ਗਰੁੱਪ ਬਣਾਉਣ ਵਿੱਚ ਬਹੁਤ ਸਹਾਇਤਾ ਮਿਲੀ।

ਜਿਵੇਂ ਕਿ ਹਰ ਕੰਮ ਦੀ ਸ਼ੁਰੂਆਤ ਲਈ ਇੱਕ ਚੰਗੇ ਮਾਰਗਦਰਸ਼ਕ ਦੀ ਲੋੜ ਹੁੰਦੀ ਹੈ, ਇਸੇ ਤਰ੍ਹਾਂ ਖੁਦ ਗਰੁੱਪ ਤਿਆਰ ਲਈ ਪਰਮਜੀਤ ਕੌਰ ਜੀ ਦੇ ਉਤਸ਼ਾਹ ਪਿੱਛੇ ਸਮਾਜ ਸੇਵਿਕਾ ਸੁਮਨ ਬਾਂਸਲ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਪਰਮਜੀਤ ਕੌਰ ਜੀ ਦੀ ਪੰਜਾਬ ਯੂਨੀਵਰਸਿਟੀ, ਲੁਧਿਆਣਾ ਵਿਖੇ ਘਰੇਲੂ ਭੋਜਨ ਉਤਪਾਦ ਦੀ ਇੱਕ ਮਹੀਨੇ ਦੀ ਮੁਫ਼ਤ ਟ੍ਰੇਨਿੰਗ ਵਿੱਚ ਬਹੁਤ ਮਦਦ ਕੀਤੀ। ਉਸ ਤੋਂ ਬਾਅਦ ਉਨ੍ਹਾਂ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਉਨ੍ਹਾਂ ਦੇ ਗਰੁੱਪ ਵਿੱਚ 16 ਮੈਂਬਰ ਹਨ ਅਤੇ ਉਹ ਹਰੇਕ ਵਿਅਕਤੀ ਨੂੰ ਆਪ ਨਿੱਜੀ ਤੌਰ ‘ਤੇ ਸਮਝਾਉਂਦੇ ਹਨ।

ਮਾਈ ਭਾਗੋ ਗਰੁੱਪ ਦੁਆਰਾ ਸੱਤ ਤਰ੍ਹਾਂ ਦੇ ਸਕਵੈਸ਼(ਸ਼ਰਬਤ), ਇਤਰ, ਜਲ-ਜੀਰਾ, ਫਿਨਾਈਲ, ਬਾੱਡੀ ਮੋਇਸਚਰਾਇਜ਼ਿੰਗ ਬਾਮ, ਸਬਜ਼ੀ ਤੜਕਾ, ਸ਼ਹਿਦ, ਹਰਬਲ ਸ਼ੈਂਪੂ ਅਤੇ ਅੰਬ ਦੀ ਚਟਨੀ ਆਦਿ। ਪਰਮਜੀਤ ਕੌਰ ਜੀ ਖੁਦ ਬਾਜ਼ਾਰ ਤੋਂ ਜਾ ਕੇ ਸਾਰੇ ਉਤਪਾਦਾਂ ਦਾ ਕੱਚਾ ਮਾਲ ਖਰੀਦ ਕੇ ਲਿਆਉਂਦੇ ਹਨ। ਮਾਈ ਭਾਗੋ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦ ਹੱਥੀਂ ਤਿਆਰ ਕੀਤੇ ਜਾਂਦੇ ਹਨ ਅਤੇ ਫਲਾਂ ਦਾ ਜੂਸ ਕੱਢਣ, ਪੈਕਿੰਗ ਅਤੇ ਸੀਲ ਲਗਾਉਣ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।

• ਸਾਰੇ ਸਕਵੈਸ਼(ਸ਼ਰਬਤ) ਫਲਾਂ ਤੋਂ ਕੁਦਰਤੀ ਕਿਰਿਆ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਦਾ ਸੁਆਦ ਅਸਲੀ ਫਲਾਂ ਵਾਂਗ ਹੀ ਹੁੰਦਾ ਹੈ।

• ਇਤਰ ਵੱਖ-ਵੱਖ ਤਰ੍ਹਾਂ ਦੇ ਗੁਲਾਬਾਂ ਤੋਂ ਤਿਆਰ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਗੁਲਾਬਾਂ ਦੀ ਕੁਦਰਤੀ ਖੁਸ਼ਬੋ ਮਹਿਸੂਸ ਕੀਤੀ ਜਾ ਸਕਦੀ ਹੈ।

• ਜਲ-ਜੀਰਾ ਪਾਊਡਰ ਤਾਜ਼ਗੀ ਦਾ ਸੁਆਦ ਦਿੰਦਾ ਹੈ।

• ਸ਼ੁੱਧ ਸ਼ਹਿਦ ਕੁਦਰਤੀ ਪ੍ਰਕਿਰਿਆ ਦੁਆਰਾ ਕੱਢਿਆ ਜਾਂਦਾ ਹੈ।

• ਹਰਬਲ ਸ਼ੈਂਪੂ ਵਿੱਚ ਕਿਸੇ ਵੀ ਤਰ੍ਹਾਂ ਦੇ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

ਇਨ੍ਹਾਂ ਦੇ ਕੁੱਝ ਹੀ ਉਤਪਾਦ ਉੱਪਰ ਦੱਸੇ ਗਏ ਹਨ, ਪਰ ਭਵਿੱਖ ਵਿੱਚ ਇਹ ਹੋਰ ਵੀ ਬਹੁਤ ਸਾਰੇ ਕੁਦਰਤੀ ਅਤੇ ਹਰਬਲ ਉਤਪਾਦ ਲੈ ਕੇ ਆ ਰਹੇ ਹਨ।

ਪਰਮਜੀਤ ਕੌਰ ਜੀ ਕੇਵਲ 10ਵੀਂ ਪਾਸ ਹਨ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਕੁੱਝ ਹਾਸਿਲ ਕਰਨ ਦੇ ਪੱਕੇ ਇਰਾਦੇ ਸਦਕਾ, ਕੋਪਰੇਟਿਵ ਸੁਸਾਇਟੀ ਦੀ 55ਵੀਂ ਸਮਾਰੋਹ ‘ਤੇ ਉਨ੍ਹਾਂ ਨੇ ਕੈਪਟਨ ਕੰਵਲਜੀਤ ਸਿੰਘ ਤੋਂ ਪੁਰਸਕਾਰ ਅਤੇ 50,000 ਦੀ ਨਕਦ ਰਾਸ਼ੀ ਹਾਸਿਲ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪ੍ਰਸੰਸਾਯੋਗ ਕੰਮ ਲਈ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹ ਸਮਾਗਮਾਂ, ਪ੍ਰਦਰਸ਼ਨੀਆਂ ਅਤੇ ਕਿਸਾਨਾਂ, ਸੈੱਲਫ ਹੈੱਲਪ ਗੁਰੱਪ ਅਤੇ ਉੱਦਮਕਰਤਾ ਦੀਆਂ ਵੈਲਫੇਅਰ ਕਮੇਟੀਆਂ ਵਿੱਚ ਹਿੱਸਾ ਲੈਂਦੇ ਹਨ। ਉਹ ਅਤੇ ਉਨ੍ਹਾਂ ਦੇ ਪਤੀ ਕੋਪਰੇਟਿਵ ਸੁਸਾਇਟੀ ਦੇ ਸੈਕਟਰੀ ਹਨ ਅਤੇ ਉਹ ਲੋੜਵੰਦ ਲੋਕਾਂ ਦੀ ਮਦਦ ਲਈ ਫੈਸਲੇ ਲੈਂਦੇ ਹਨ। ਉਹ ਕਿਸਾਨ ਕਲੱਬ ਦੇ ਵੀ ਮੈਂਬਰ ਹਨ ਅਤੇ ਉਹ ਮਹੀਨੇਵਾਰ ਮੀਟਿੰਗਾਂ ਅਤੇ ਕਿਸਾਨ ਮੇਲਿਆਂ ਵਿੱਚ ਵੀ ਨਿਯਮਿਤ ਤੌਰ ‘ਤੇ ਪਹੁੰਚਦੇ ਹਨ, ਤਾਂ ਜੋ ਖੇਤੀਬਾੜੀ ਦੇ ਖੇਤਰ ਨਾਲ ਸੰਬੰਧੀ ਨਵੀਆਂ ਚੀਜ਼ਾਂ ਅਤੇ ਤਕਨੀਕਾਂ ਦੀ ਜਾਣਕਾਰੀ ਤੋਂ ਜਾਣੂ ਹੋ ਸਕਣ।

ਇੰਨੀਆਂ ਕਿਰਿਆਵਾਂ ਅਤੇ ਆਪਣੇ ਕਾਰੋਬਾਰ ਵਿੱਚ ਰੁੱਝੇ ਹੋਣ ਦੇ ਬਾਵਜੂਦ ਵੀ ਪਰਮਜੀਤ ਕੌਰ ਜੀ ਆਪਣੇ ਬੱਚਿਆਂ ਅਤੇ ਪਰਿਵਾਰਿਕ ਜ਼ਿੰਮੇਵਾਰੀਆਂ ਪ੍ਰਤੀ ਲਾਪਰਵਾਹੀ ਨਹੀਂ ਦਿਖਾਉਂਦੇ। ਉਹ ਆਪਣੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਪੂਰਾ ਧਿਆਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਉੱਚੇਰੀ ਵਿੱਦਿਆ ਲਈ ਕਾਲਜ ਭੇਜਣਾ ਚਾਹੁੰਦੇ ਹਨ, ਤਾਂ ਉਹ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਹੋਰ ਵਧੀਆ ਬਣਾ ਸਕਣ। ਇਸ ਵੇਲੇ ਉਨ੍ਹਾਂ ਦਾ ਪੁੱਤਰ ਇਲੈਕਟ੍ਰੀਕਲ ਵਿੱਚ ਡਿਪਲੋਪਾ ਕਰ ਰਿਹਾ ਹੈ ਅਤੇ ਉਨ੍ਹਾਂ ਦੀ ਧੀ ਬੀ.ਏ. ਕਰ ਚੁੱਕੀ ਹੈ ਅਤੇ ਹੁਣ ਐੱਮ.ਏ. ਕਰ ਰਹੀ ਹੈ। ਉਨ੍ਹਾਂ ਦੇ ਬੱਚੇ ਭਵਿੱਖ ਵਿੱਚ ਉਨ੍ਹਾਂ ਦੇ ਕਾਰੋਬਾਰ ਵਿੱਚ ਯੋਗਦਾਨ ਦੇਣ ਲਈ ਦਿਲਚਸਪ ਹਨ ਅਤੇ ਉਨ੍ਹਾਂ ਨੂੰ ਜਦੋਂ ਵੀ ਆਪਣੀ ਪੜ੍ਹਾਈ ਅਤੇ ਕਾਲਜ ਤੋਂ ਸਮਾਂ ਮਿਲਦਾ ਹੈ, ਤਾਂ ਉਹ ਉਨ੍ਹਾਂ ਦੀ ਮਦਦ ਲਈ ਸਮਾਰੋਹ ਅਤੇ ਪ੍ਰਦਰਸ਼ਨੀਆਂ ਵਿੱਚ ਵੀ ਜਾਂਦੇ ਹਨ।

ਇਸ ਵਿਅਸਤ ਦੁਨੀਆ ਤੋਂ ਇਲਾਵਾ, ਉਨ੍ਹਾਂ ਦੇ ਕੁੱਝ ਸ਼ੌਂਕ ਹਨ, ਜਿਨ੍ਹਾਂ ਲਈ ਉਹ ਬਹੁਤ ਉਤਾਵਲੇ ਰਹਿੰਦੇ ਹਨ। ਉਨ੍ਹਾਂ ਦਾ ਸ਼ੌਂਕ ਘਰੇਲੂ ਬਗ਼ੀਚੀ ਤਿਆਰ ਕਰਨਾ ਅਤੇ ਬੱਚਿਆਂ ਨੂੰ ਧਾਰਮਿਕ ਸੰਗੀਤ ਸਿਖਾਉਣਾ ਹੈ। ਚਾਹੇ ਉਹ ਜਿੰਨੇ ਮਰਜ਼ੀ ਕੰਮ ਵਿੱਚ ਰੁੱਝੇ ਹੋਣ, ਪਰ ਉਹ ਆਪਣੇ ਵਿਅਸਤ ਕਾਰੋਬਾਰ ਵਿੱਚੋਂ ਆਪਣੇ ਸ਼ੌਂਕ ਲਈ ਸਮਾਂ ਕੱਢ ਹੀ ਲੈਂਦੇ ਹਨ। ਉਨ੍ਹਾਂ ਨੂੰ ਘਰੇਲੂ ਬਗ਼ੀਚੀ ਦਾ ਬਹੁਤ ਸ਼ੌਂਕ ਹੈ ਅਤੇ ਉਨ੍ਹਾਂ ਦੇ ਘਰ ਛੋਟੀ ਜਿਹੀ ਘਰੇਲੂ ਬਗ਼ੀਚੀ ਵੀ ਹੈ, ਜਿੱਥੇ ਉਨ੍ਹਾਂ ਨੇ ਮੌਸਮੀ ਸਬਜ਼ੀਆਂ (ਭਿੰਡੀ, ਸਫੇ਼ਦ ਬੈਂਗਣ, ਕਰੇਲੇ, ਮਿਰਚ ਆਦਿ) ਅਤੇ ਹਰਬਲ ਪੌਦੇ (ਕਵਾਰ, ਤੁਲਸੀ, ਸੇਜ, ਅਜਵਾਇਣ, ਪੁਦੀਨਾ ਆਦਿ) ਉਗਾਏ ਹਨ। ਉਨ੍ਹਾਂ ਵਿੱਚ ਬੱਚਿਆਂ ਨੂੰ ਧਾਰਮਿਕ ਸੰਗੀਤ, ਸੰਗੀਤਕ ਸਾਜ਼ ਅਤੇ ਗੁਰੂ ਗ੍ਰੰਥ ਸਾਹਿਬ ਪੜਨ ਦੇ ਤਰੀਕੇ ਸਿਖਾਉਣ ਦਾ ਬਹੁਤ ਜਨੂੰਨ ਹੈ। ਸ਼ਾਮ ਵੇਲੇ ਨੇੜਲੇ ਇਲਾਕਿਆਂ ਤੋਂ ਬੱਚੇ ਬੜੇ ਜੋਸ਼ ਨਾਲ ਹਰਮੋਨੀਅਮ, ਸਿਤਾਰ ਅਤੇ ਤਬਲਾ ਵਜਾਉਣਾ ਸਿੱਖਣ ਲਈ ਉਨ੍ਹਾਂ ਕੋਲ ਆਉਂਦੇ ਹਨ। ਉਹ ਬੱਚਿਆਂ ਨੂੰ ਇਹ ਸਭ ਕੁੱਝ ਮੁਫ਼ਤ ਸਿਖਾਉਂਦੇ ਹਨ।

ਪਰਮਜੀਤ ਕੌਰ ਜੀ ਆਪਣੇ ਪਿੰਡ ਦੀਆਂ ਮਹਿਲਾਵਾਂ ਲਈ ਪ੍ਰੇਰਣਾਸ੍ਰੋਤ ਹਨ। ਉਹ ਹਮੇਸ਼ਾ ਖੁਦ ਤੋਂ ਕੁੱਝ ਕਰਨ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਖੁਦ ਕੁੱਝ ਕਰਨ ਨਾਲ ਮਹਿਲਾਵਾਂ ਵਿੱਚ ਭਰੋਸਾ ਆਉਂਦਾ ਹੈ ਅਤੇ ਉਹ ਆਤਮ-ਨਿਰਭਰ ਬਣਦੀਆਂ ਹਨ। ਇੱਥੋਂ ਤੱਕ ਕਿ ਉਨ੍ਹਾਂ ਨੇ ਕਦੇ ਵੀ ਆਪਣੀ ਧੀ ਨੂੰ ਕੁੱਝ ਵੀ ਕਰਨ ਤੋਂ ਨਹੀਂ ਰੋਕਿਆ, ਤਾਂ ਜੋ ਉਹ ਭਵਿੱਖ ਵਿੱਚ ਆਤਮ-ਨਿਰਭਰ ਬਣ ਸਕੇ। ਅੱਜ-ਕੱਲ੍ਹ ਉਹ ਆਪਣੇ ਗਰੁੱਪ ਦੀ ਪ੍ਰਮੋਸ਼ਨ ਵੱਖ-ਵੱਖ ਤਰ੍ਹਾਂ ਦੇ ਪਲੇਫਾਰਮ ‘ਤੇ ਕਰ ਰਹੇ ਹਨ ਅਤੇ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲਿਜਾਣ ਦੀ ਯੋਜਨਾ ਬਣਾ ਰਹੇ ਹਨ।

ਸ਼ੈਡ ਹੈਲਮਸਟੈੱਟਰ ਦੁਆਰਾ ਕਹੀ ਗਈ ਇੱਕ ਸੱਚੀ ਗੱਲ –

“ਅਸੀਂ ਜੋ ਵੀ ਵਿਕਲਪ ਚੁਣਦੇ ਹਾਂ, ਉਹੀ ਸਾਡੀ ਦਿਸ਼ਾ ਨਿਰਧਾਰਿਤ ਕਰਦੇ ਹਨ ਜਾਂ ਸਾਡੇ ਦੁਆਰਾ ਚੁਣੇ ਗਏ ਵਿਕਲਪ ਹੀ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਜਾਂਦੇ ਹਨ।”

ਇਸ ਲਈ ਇਹ ਸਭ ਤੁਹਾਡੀ ਚੋਣ ‘ਤੇ ਨਿਰਭਰ ਹੈ, ਕਿ ਤੁਸੀਂ ਕਿਹੜਾ ਰਸਤਾ ਚੁਣਦੇ ਹੋ ਅਤੇ ਕਿੱਥੇ ਪਹੁੰਚਦੇ ਹੋ। ਸ਼੍ਰੀਮਤੀ ਪਰਮਜੀਤ ਕੌਰ ਜੀ ਨੇ ਆਪਣਾ ਰਸਤਾ ਚੁਣ ਲਿਆ ਹੈ।

 

ਪਰਮਜੀਤ ਕੌਰ ਜੀ ਦੁਆਰਾ ਦਿੱਤਾ ਗਿਆ ਸੰਦੇਸ਼
ਅੱਜ ਦੇ ਸਮੇਂ ਵਿੱਚ ਜ਼ਿੰਦਗੀ ਜਿਊਣ ਲਈ ਹਰ ਮਹਿਲਾ ਦਾ ਆਤਮ-ਨਿਰਭਰ ਹੋਣਾ ਅਤੇ ਉਸ ਵਿੱਚ ਆਤਮ-ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਕਿਸੇ ਵੀ ਸਫ਼ਲਤਾ ਨੂੰ ਹਾਸਿਲ ਕਰਨ ਲਈ ਖੁਦ ਕੁੱਝ ਸਿੱਖਣਾ ਇੱਕ ਅਹਿਮ ਯੋਗਦਾਨ ਹੈ। ਮਹਿਲਾਵਾਂ ਨੂੰ ਆਪਣੀ ਪਹਿਚਾਣ ਬਣਾਉਣ ਲਈ ਆਪਣੀ ਕਲਾ ਦੇ ਨਾਲ ਅੱਗੇ ਵੱਧਣਾ ਚਾਹੀਦਾ ਹੈ, ਤਾਂ ਕਿ ਉਹ ਆਰਥਿਕ, ਮਾਨਸਿਕ ਅਤੇ ਜਜ਼ਬਾਤੀ ਤੌਰ ‘ਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ, ਕਿਉਂਕਿ ਆਖਿਰ ਵਿੱਚ ਤੁਸੀ ਖੁਦ ਹੀ ਆਪਣਾ ਸਹਾਰਾ ਬਣੋਗੇ।