ਮਨਿੰਦਰਜੀਤ ਕੌਰ
ਕਿਵੇਂ ਇਕ ਔਰਤ ਦੀ ਪ੍ਰਤਿਭਾ ਨੇ ਉਸ ਨੂੰ ਇਕ ਸਫ਼ਲ ਉੱਦਮੀ ਬਣਾ ਦਿੱਤਾ
ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਹਾਡੇ ਵਿੱਚ ਕੁਝ ਕਰਨ ਦਾ ਜੋਸ਼ ਹੈ ਤਾਂ ਉਹ ਸੰਭਵ ਵੀ ਜ਼ਰੂਰ ਹੁੰਦਾ ਹੈ। ਇਹ ਬਿਲਕੁੱਲ ਸੱਚ ਕਿਹਾ ਗਿਆ ਹੈ। ਇਸੇ ਤਰ੍ਹਾਂ ਦੀ ਇੱਕ ਮਹਿਲਾ ਜਿਸਨੇ ਆਪਣੇ ਸ਼ੌਂਕ ਨੂੰ ਜਾਰੀ ਰੱਖਿਆ ਤੇ ਅੱਜ ਉਹ ਸਫ਼ਲਤਾਪੂਰਵਕ ਆਪਣਾ ਕਾਰੋਬਾਰ ਚਲਾ ਰਹੀ ਹੈ।
ਮਨਿੰਦਰਜੀਤ ਕੌਰ ਇੱਕ ਸਾਧਾਰਣ ਮਹਿਲਾ ਹੈ ਜੋ ਆਪਣੇ ਬਚਪਨ ਵਿੱਚ ਕਲਾਤਮਕ ਹੈਂਡਵਰਕ ਨੂੰ ਦੇਖਦੇ ਹੋਏ ਪ੍ਰਭਾਵਿਤ ਹੁੰਦੀ ਸੀ ਅਤੇ ਬਾਅਦ ਵਿੱਚ ਜਵਾਨੀ ਵਿੱਚ ਸਿਲਾਈ-ਕਢਾਈ ਉਨ੍ਹਾਂ ਦੇ ਸ਼ੌਂਕ ਬਣ ਗਏ। ਰਚਨਾਤਮਕਤਾ ਲਈ ਉਨ੍ਹਾਂ ਦਾ ਸ਼ੌਂਕ ਇੰਨਾ ਵੱਧ ਗਿਆ, ਕਿ ਉਨ੍ਹਾਂ ਨੂੰ ਲੱਗਿਆ ਕਿ ਆਪਣੇ ਇਸ ਸ਼ੌਂਕ ਨੂੰ ਪੇਸ਼ੇਵਰ ਢੰਗ ਨਾਲ ਸਿੱਖਣਾ ਚਾਹੀਦਾ ਹੈ। ਆਖਿਰਕਾਰ ਉਨ੍ਹਾਂ ਨੇ 10ਵੀਂ ਕਲਾਸ ਤੋਂ ਬਾਅਦ ਸਿਲਾਈ ਵਿੱਚ ਡਿਪਲੋਮਾ ਕੀਤਾ।
ਵਿਆਹ ਤੋਂ ਬਾਅਦ ਆਮ ਤੌਰ ‘ਤੇ ਮਹਿਲਾਵਾਂ ਆਪਣੇ ਜੀਵਨਸਾਥੀ ਦੇ ਨਾਲ ਸਮਾਂ ਬਿਤਾਉਣ, ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਭਣ ਅਤੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਬਾਰੇ ਸੋਚਦੀਆਂ ਹਨ, ਪਰ ਮਨਿੰਦਰਜੀਤ ਕੌਰ ਅਜਿਹੀ ਨਹੀਂ ਸੀ। ਇਹ ਨਹੀਂ ਸੀ ਕਿ ਉਨ੍ਹਾਂ ਨੇ ਆਪਣੀ ਜਿੰਮੇਵਾਰੀਆਂ ਨੂੰ ਨਹੀਂ ਸੰਭਾਲਿਆ ਪਰ ਨਾਲ ਦੀ ਨਾਲ ਉਨ੍ਹਾਂ ਨੇ ਆਪਣੇ ਸ਼ੌਂਕ ਨੂੰ ਵੀ ਬਰਾਬਰ ਮਹੱਤਵ ਦਿੱਤਾ। ਇਸ ਸਮੇਂ ਉਹ ਜ਼ੀਰਕਪੁਰ ਵਿੱਚ ਆਪਣੇ ਪਰਿਵਾਰ ਨਾਲ ਖੁਸ਼ੀ ਨਾਲ ਰਹਿ ਰਹੀ ਹੈ ਅਤੇ ਆਪਣਾ ਕਾਰੋਬਾਰ ਚਲਾ ਰਹੀ ਹੈ।
20 ਸਾਲ ਪਹਿਲਾਂ ਮਨਿੰਦਰਜੀਤ ਕੌਰ ਨੇ ਮਨਿੰਦਰ ਸਿਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਆਪਣੇ ਕਾਰੋਬਾਰ ਨੂੰ ਕੋਹਿਨੂਰ ਨਾਮਕ ਲੇਬਲ ਦਿੱਤਾ ਜੋ ਅੱਜ ਕੱਲ੍ਹ ਕਾਰੋਬਾਰ-ਕਮ-ਵਰਕਸ਼ਾਪ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਕੁਝ ਵੱਡਾ ਕਰਨ ਲਈ ਛੋਟੇ ਪੱਧਰ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਮਨਿੰਦਰਜੀਤ ਕੌਰ ਨੇ ਆਪਣੇ ਘਰ ਵਿੱਚ ਕੁਝ ਕੁੜੀਆਂ ਨੂੰ ਸਿਲਾਈ, ਕਢਾਈ ਸਿਖਾਉਣਾ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਪ੍ਰਸਿੱਧੀ ਮਿਲੀ ਅਤੇ ਕਈ ਮਹਿਲਾਵਾਂ ਅਤੇ ਕੁੜੀਆਂ ਉਨ੍ਹਾਂ ਕੋਲ ਸਿਲਾਈ, ਕਢਾਈ ਸਿੱਖਣ ਆਉਣ ਲੱਗੀਆਂ। ਆਖਿਰਕਾਰ ਉਨ੍ਹਾਂ ਦੀ ਡਿਗਰੀ ਵਰਤੋਂ ਵਿੱਚ ਆਈ। ਉਨ੍ਹਾਂ ਨੇ ਇੱਕ ਥਾਂ ਕਿਰਾਏ ‘ਤੇ ਲਈ ਜਿੱਥੇ ਸਿਲਾਈ ਕਲਾਸਾਂ ਸ਼ੁਰੂ ਕੀਤੀਆਂ। ਉਹ ਆਪਣੇ ਵਿਦਿਆਰਥੀਆਂ ਨੂੰ ਡਿਜ਼ਾਇਨਰ ਸੂਟ, ਚਾਦਰਾਂ, ਸਿਰਹਾਣਾ ਕਵਰ, ਰਸੋਈ ਦੇ ਕੱਪੜੇ ਦੇ ਬੈਗ, ਗਰੋਸਰੀ ਸ਼ਾਪਿੰਗ ਬੈਗ, ਚਾਰਪਾਈ ਅਤੇ ਕਈ ਹੋਰ ਚੀਜ਼ਾਂ ਸਿਖਾਉਂਦੇ ਹਨ। ਅੱਜ ਉਨ੍ਹਾਂ ਕੋਲ ਕੁਲ 60 ਕੁੜੀਆਂ ਹਨ ਜਿਨ੍ਹਾਂ ਵਿੱਚੋਂ ਕੁੱਝ ਅਧਿਆਪਕ ਹਨ ਅਤੇ ਬਾਕੀ ਵਿਦਿਆਰਥੀ ਅਜੇ ਸਿੱਖ ਰਹੇ ਹਨ।
ਉਨ੍ਹਾਂ ਦੇ ਸਿਲਾਈ ਕੇਂਦਰ ਵਿੱਚ 15 ਸਿਲਾਈ ਮਸ਼ੀਨ ਹਨ। ਉਹ 10 ਵਿਸ਼ੇ ਸਿਖਾਉਂਦੇ ਹਨ ਜਿਵੇਂ ਸਿਲਾਈ, ਫੈਸ਼ਨ ਸਿਲਾਈ, ਰਜਾਈ ਬਣਾਉਣਾ, ਬੈੱਡ ਸ਼ੀਟ ਬਣਾਉਣਾ, ਪੇਂਟਿੰਗ, ਕਢਾਈ (ਮਸ਼ੀਨੀ ਅਤੇ ਹੱਥਾਂ ਨਾਲ), ਖਾਣਾ ਪਕਾਉਣਾ ਅਤੇ ਵਿਭਿੰਨ ਪ੍ਰਕਾਰ ਦੇ ਬੈਗਾਂ ਦੀ ਸਿਲਾਈ ਸਿਖਾਉਂਦੀ ਹੈ। ਉਨ੍ਹਾਂ ਦਾ ਸਿਲਾਈ ਕੇਂਦਰ ਅਤੇ ਕਲਾਸਾਂ ਇੰਨੀਆਂ ਮਸ਼ਹੂਰ ਹਨ ਕਿ ਜੋ ਮਹਿਲਾਵਾਂ ਪੜ੍ਹੀਆਂ-ਲਿਖੀਆਂ, ਡਾਕਟਰ, ਇੰਜੀਨਿਅਰ ਅਤੇ ਨਰਸ ਹਨ, ਉਹ ਵੀ ਆਪਣੇ ਵਿਅਸਤ ਕੰਮਾਂ ਤੋਂ ਸਮਾਂ ਕੱਢ ਕੇ ਉਨ੍ਹਾਂ ਕੋਲ ਸਿੱਖਣ ਆਉਂਦੀਆਂ ਹਨ। ਆਮ ਤੌਰ ‘ਤੇ ਉਹ ਸਿਲਾਈ ਵਿਸ਼ੇ ਲਈ 500 ਰੁਪਏ ਅਤੇ ਪੇਂਟਿੰਗ ਵਿਸ਼ੇ ਲਈ 1000 ਰੁਪਏ ਲੈਂਦੇ ਹਨ, ਪਰ ਕਈ ਵਾਰ ਉਹ ਲੜਕੀਆਂ ਅਤੇ ਮਹਿਲਾਵਾਂ ਜਿਨ੍ਹਾਂ ਦੇ ਆਰਥਿਕ ਹਾਲਾਤ ਚੰਗੇ ਨਹੀਂ ਹੁੰਦੇ ਅਤੇ ਕੋਰਸ ਦੀ ਫੀਸ ਦੇਣ ਲਈ ਉਨ੍ਹਾਂ ਕੋਲ ਲੋੜੀਂਦਾ ਧਨ ਨਹੀਂ ਹੁੰਦਾ, ਉਨ੍ਹਾਂ ਤੋਂ ਫੀਸ ਨਹੀਂ ਲੈਂਦੇ। ਇਨ੍ਹਾਂ ਤੋਂ ਇਲਾਵਾ ਉਹ ਆਪਣੇ ਵੱਲੋਂ ਉਨ੍ਹਾਂ ਨੂੰ ਸਿਲਾਈ ਦੀ ਸਮਾਨ ਵੀ ਪ੍ਰਦਾਨ ਕਰਦੇ ਹਨ ਤਾਂ ਜੋ ਉਹ ਇਹ ਕੰਮ ਸਿੱਖ ਸਕਣ ਅਤੇ ਖੁਦ ਲਈ ਕਮਾ ਸਕਣ।
ਸ਼ੁਰੂਆਤ ਵਿੱਚ ਜਦੋਂ ਉਨ੍ਹਾਂ ਨੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਕੰਮ ਦੀ ਕੁਆਲਿਟੀ ਨੇ ਵਧੀਆ ਗ੍ਰਾਹਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ। ਚੰਡੀਗੜ੍ਹ ਵਿੱਚ ਇੱਕ ਦੁਕਾਨ VIVCO ਹੈ ਜਿਸ ਨਾਲ ਉਨ੍ਹਾਂ ਨੇ ਸਾਂਝੇਦਾਰੀ ਕੀਤੀ, ਉਹ VIVCO ਤੋਂ ਥੋਕ ਵਿੱਚ ਕੱਪੜੇ ਖਰੀਦਦੇ ਸਨ ਤੇ ਉਨ੍ਹਾਂ ਨੂੰ ਧੋ ਲੈਂਦੇ ਸਨ। ਬੈਡ ਸ਼ੀਟ, ਸਿਰਹਾਣੇ ਦੇ ਕਵਰ, ਬੈਗ, ਸੂਟ ਆਦਿ ਚੀਜਾਂ ਉਹ ਆਪਣੀ ਵਰਕਸ਼ਾਪ ਤੇ ਬਣਾਉਂਦੇ ਸਨ ਅਤੇ ਉਨ੍ਹਾਂ ਸਾਰੇ ਉਤਪਾਦਾਂ ਨੂੰ VIVCO ਵਿੱਚ ਭੇਜਦੇ ਸਨ ਤਾਂ ਜੋ ਉਹ ਇਸਨੂੰ ਬਜ਼ਾਰ ਵਿੱਚ ਅੱਗੇ ਭੇਜ ਸਕਣ। ਇਸ ਪੂਰੀ ਪ੍ਰਕਿਰਿਆ ਨਾਲ ਉਨ੍ਹਾਂ ਦੇ ਕਾਰੋਬਾਰ ਨੂੰ ਵਧੀਆ ਮੁਨਾਫ਼ਾ ਹੋ ਜਾਂਦਾ ਸੀ। ਪਰ ਲਗਪਗ 3 ਸਾਲ ਪਹਿਲਾਂ 2014 ਵਿੱਚ VIVCO ਨੇ ਕਾਰੋਬਾਰ ਬੰਦ ਕਰ ਦਿੱਤਾ, ਜਿਸ ਨਾਲ ਮਨਿੰਦਰਜੀਤ ਕੌਰ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਉਦੋਂ ਤੋਂ ਹੀ ਉਹ ਆਪਣੇ ਕਾਰੋਬਾਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਉਨ੍ਹਾਂ ਕੋਲ ਆਪਣੀ ਵਰਕਸ਼ਾਪ ਵਿੱਚ ਬਣਾਏ ਗਏ ਉਤਪਾਦਾਂ ਨੂੰ ਵੇਚਣ ਲਈ ਉਚਿਤ ਮੰਚ ਨਹੀਂ ਹਨ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਉਨ੍ਹਾਂ ਨੇ ਖੁਦ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਅੱਜ ਉਨ੍ਹਾਂ ਨੂੰ ਜਦੋਂ ਵੀ ਕਦੇ ਮੌਕਾ ਮਿਲਦਾ ਹੈ ਤਾਂ ਉਹ ਇਸ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ ਅਤੇ ਆਪਣਾ 100 ਪ੍ਰਤੀਸ਼ਤ ਦਿੰਦੇ ਹਨ।
ਇਸ ਸਮੇਂ ਉਹ 65 ਸਾਲ ਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਅੰਦਰ ਦਾ ਜੋਸ਼ ਹੁਣ ਤੱਕ ਘੱਟ ਨਹੀਂ ਹੋਇਆ। ਉਹ ਹੁਣ ਵੀ ਪੂਰੀ ਜੋਸ਼ ਅਤੇ ਉਤਸ਼ਾਹ ਨਾਲ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦੇ ਹਨ। ਉਨ੍ਹਾਂ ਮੁਤਾਬਿਕ ਉਹ ਹੁਣ ਵੀ ਅੱਗੇ ਹੀ ਵੱਧ ਰਹੇ ਹਨ ਅਤੇ ਸਿਖਲਾਈ ਲੈ ਰਹੇ ਹਨ ਜੋ ਉਨ੍ਹਾਂ ਨੂੰ ਕਾਰੋਬਾਰ ਵਿੱਚ ਹੋਰ ਜ਼ਿਆਦਾ ਉਤਪਾਦ ਜੋੜਨ ਵਿੱਚ ਮਦਦ ਕਰਦਾ ਹੈ। ਉਹ ਆਪਣੇ ਬ੍ਰੈਂਡ ਨੂੰ ਪ੍ਰਸਿੱਧ ਬਣਾਉਣ ਅਤੇ ਹੋਰ ਗ੍ਰਾਹਕਾਂ ਨੂੰ ਜੋੜਨ ਲਈ ਹਰ ਪ੍ਰਕਾਰ ਦੀ ਪ੍ਰਦਰਸ਼ਨੀ ਅਤੇ ਸੰਮੇਲਨ ਵਿੱਚ ਜਾਂਦੇ ਹਨ।
ਮਨਿੰਦਰਜੀਤ ਕੌਰ ਕਿਸ਼ੋਰ-ਅਵਸਥਾ ਤੋਂ ਹੀ ਸਿਲਾਈ ਅਤੇ ਕਢਾਈ ਕਰ ਰਹੇ ਹਨ ਪਰ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਉਨ੍ਹਾਂ ਲਈ ਕਿਸੇ ਦਿਨ ਪੂਰਨ ਕਾਰੋਬਾਰ ਵਿੱਚ ਬਦਲ ਜਾਵੇਗਾ। ਉਹ ਸਫ਼ਲਤਾ ਲਈ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੀ ਜੋ ਵੀ ਪਹਿਚਾਣ ਬਣਾਈ ਹੈ। ਇਸਦਾ ਕਾਰਣ ਉਨ੍ਹਾਂ ਦਾ ਆਪਣੇ ਕੰਮ ਦੇ ਪ੍ਰਤੀ ਸ਼ੌਂਕ ਨੂੰ ਜਾਰੀ ਰੱਖਣਾ ਹੈ। ਹੁਣ ਉਹ ਸਿਰਫ਼ ਆਪਣੀ ਆਮਦਨ ਨੂੰ ਸੁਧਾਰਨ ਵਿੱਚ ਧਿਆਨ ਦੇ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲਾਭ ਕਮਾ ਸਕਣ ਅਤੇ ਆਪਣੇ ਕਾਰੋਬਾਰ ਨੂੰ ਹੋਰ ਉਚਾਈਆਂ ‘ਤੇ ਲੈ ਕੇ ਜਾ ਸਕਣ।
ਮਨਿੰਦਰਜੀਤ ਕੌਰ ਦੁਆਰਾ ਦਿੱਤਾ ਗਿਆ ਸੰਦੇਸ਼
“ਇੱਕ ਮਹਿਲਾ ਨੂੰ ਹੋਰ ਕਾਰਨਾਂ ਕਰਕੇ ਆਪਣੇ ਗੁਣਾਂ ਅਤੇ ਸ਼ੌਂਕ ਨੂੰ ਦਬਾਉਣਾ ਨਹੀਂ ਚਾਹੀਦਾ, ਤਾਂ ਜੋ ਇਨ੍ਹਾਂ ਗੁਣਾਂ ਅਤੇ ਸ਼ੌਂਕ ਕਾਰਨ ਹੀ ਮੁਸ਼ਕਿਲ ਸਮੇਂ ਵਿੱਚ ਰੋਜ਼ੀ ਰੋਟੀ ਕਮਾਉਣ ਵਿੱਚ ਮਦਦ ਮਿਲ ਸਕੇ। ਇਸ ਤੋਂ ਇਲਾਵਾ ਜੇਕਰ ਤੁਸੀ ਕੋਈ ਹੋਰ ਗੁਣ ਸਿੱਖਦੇ ਹੋ ਤਾਂ ਉਸਦੀ ਕੋਈ ਹਾਨੀ ਨਹੀਂ ਹੁੰਦੀ ਸਗੋਂ ਭਵਿੱਖ ਵਿੱਚ ਕਦੇ ਨਾ ਕਦੇ ਉਹ ਗੁਣ ਸਾਡੇ ਲਈ ਕੰਮ ਆ ਹੀ ਜਾਂਦਾ ਹੈ ਅਤੇ ਕਦੇ ਵੀ ਤੁਹਾਨੂੰ ਕੋਈ ਮੌਕਾ ਮਿਲੇ ਤਾਂ ਉਸਨੂੰ ਗੁਆਉਣਾ ਨਹੀਂ ਚਾਹੀਦਾ ਸਗੋਂ ਹਮੇਸ਼ਾ ਉਸਦਾ ਲਾਭ ਉਠਾਉਣਾ ਚਾਹੀਦਾ ਹੈ।”