anita-goyal-pb

ਅਨੀਤਾ ਗੋਇਲ

(ਬੇਕਰੀ ਉਤਪਾਦ ਪ੍ਰੋਸੈਸਸਿੰਗ)

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਆਪਣੀ ਮਿਹਨਤ ਨਾਲ ਇੱਕ ਆਮ ਗ੍ਰਹਿਣੀ ਤੋਂ ਜ਼ਾਇਕਾ ਮੈਮ ਦੇ ਨਾਮ ਤੋਂ ਜਾਣੀ ਜਾਣ ਲੱਗੀ

ਭਾਰਤ ਵਿੱਚ ਪੁਰਾਣੇ ਸਮੇਂ ਵਿੱਚ ਵਿਆਹ ਤੋਂ ਬਾਅਦ, ਜ਼ਿਆਦਾਤਰ ਮਹਿਲਾਵਾਂ ਵਿੱਚ ਇੰਨਾ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਅਪਣਾ ਸਕਣ। ਉਹ ਸਿਰਫ਼ ਘਰ ਬੈਠ ਕੇ ਘਰੇਲੂ ਕੰਮ-ਕਾਜ ਹੀ ਕਰਦੀਆਂ ਸਨ। ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਨਾ ਅਪਣਾ ਸਕਣ ਦੇ ਕਾਰਨ ਸਮਾਜਿਕ ਦਬਾਅ, ਪਰਿਵਾਰਿਕ ਦਬਾਅ, ਪਰੰਪਰਾਵਾਦੀ ਸਮਾਜ, ਆਰਥਿਕ ਸੰਕਟ, ਪਰਿਵਾਰਿਕ ਜ਼ਿੰਮੇਵਾਰੀਆਂ ਆਦਿ ਸਨ। ਪਰ ਕੁੱਝ ਮਹਿਲਾਵਾਂ ਅਜਿਹੀਆਂ ਸਨ ਜੋ ਇਨ੍ਹਾਂ ਸਭ ਕਾਰਨਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹਟੀਆਂ। ਇਸ ਤਰ੍ਹਾਂ ਦੀਆਂ ਮਹਿਲਾਵਾਂ ਲਈ ਇਹ ਵਾਕ ਢੁੱਕਵਾਂ ਹੈ- ਆਪਣੇ ਅੰਦਰ ਤੋਂ ਪ੍ਰਕਾਸ਼ਿਤ ਹੋਈ ਰੌਸ਼ਨੀ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਹੈ।

ਅਜਿਹੀ ਇੱਕ ਮਹਿਲਾ ਅਨੀਤਾ ਗੋਇਲ ਹੈ, ਜੋ ਪੂਰੇ ਮਹਿਲਾ ਸਮਾਜ ਲਈ ਇੱਕ ਪ੍ਰੇਰਣਾ ਹਨ। ਅਨੀਤਾ ਗੋਇਲ ਜੀ ਲੁਧਿਆਣਾ ਵਿੱਚ ਪੈਂਦੇ ਕਸਬੇ ਜਗਰਾਓਂ ਦੇ ਇੱਕ ਸਫ਼ਲ ਉਦਯੋਗਪਤੀ ਹਨ। ਉਹ ਆਪਣੇ ਇਲਾਕੇ ਵਿੱਚ ਕੁਕਿੰਗ ਕਲਾਸਾਂ ਲਈ ਬਹੁਤ ਪ੍ਰਸਿੱਧ ਹਨ ਅਤੇ ਜ਼ਾਇਕਾ ਕੁਕਿੰਗ ਕਲਾਸ ਦੇ ਬ੍ਰੈਂਡ ਅਧੀਨ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ, ਜਵਾਨ ਕੁੜੀਆਂ ਅਤੇ ਵੱਡੀ ਉਮਰ ਦੀਆਂ ਮਹਿਲਾਵਾਂ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਚਿੱਤਰਕਾਰੀ ਅਤੇ ਕਢਾਈ ਵੀ ਸਿਖਾਉਂਦੇ ਹਨ। ਉਨ੍ਹਾਂ ਦੀ ਕੰਮ ਪ੍ਰਤੀ ਭਾਵਨਾ ਕਾਰਨ ਉਹ ‘ਜ਼ਾਇਕਾ ਮੈਡਮ’ ਦੇ ਨਾਮ ਨਾਲ ਪੂਰੇ ਸ਼ਹਿਰ ਵਿੱਚ ਜਾਣੇ ਜਾਂਦੇ ਹਨ। ਉਹ 2009 ਵਿੱਚ ਪੀ ਏ ਯੂ ਵਿੱਚ ਕਿਸਾਨ ਕਲੱਬ ਦੇ ਮੈਂਬਰ ਬਣੇ ਅਤੇ ਅੱਜ ਵੀ ਉਹ ਪੀ ਏ ਯੂ ਦੇ ਵਿੱਚ ਲਗਾਤਾਰ ਕਲਾਸਾਂ ਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀ ਕੁਕਿੰਗ ਦੇ ਸਬਕ (ਵਿਸ਼ੇ) ਬੜੀ ਲਗਨ ਨਾਲ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ।

ਉਨ੍ਹਾਂ ਦੀ ਸਫ਼ਲਤਾ, ਖੁਸ਼ਹਾਲੀ ਅਤੇ ਨਾਮ ਇੰਨੀ ਆਸਾਨੀ ਨਾਲ ਹਾਸਿਲ ਨਹੀਂ ਹੋਇਆ। ਇਹ ਸਭ 1986 ਵਿੱਚ ਵਿਆਹ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜਿੱਥੇ ਮਹਿਲਾਵਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਜਾ ਕੇ ਆਪਣਾ ਕੋਈ ਕੰਮ ਕਰ ਸਕਦੀਆਂ ਸਨ। ਪਰ ਇਹ ਸਭ ਕਰਨ ਵਾਲੀ ਉਹ ਪਰਿਵਾਰ ਦੀ ਪਹਿਲੀ ਮਹਿਲਾ ਸੀ। ਉਨ੍ਹਾਂ ਦੇ ਪਤੀ ਪੇਸ਼ੇ ਤੋਂ ਇੱਕ ਵਕੀਲ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਵਧੀਆ ਸੀ, ਇਸ ਲਈ ਉਨ੍ਹਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ। ਪਰ ਉਨ੍ਹਾਂ ਦਾ ਜੋਸ਼ ਹੀ ਉਨ੍ਹਾਂ ਨੂੰ ਕਾਮਯਾਬੀ ਦੇ ਇਸ ਪੜਾਅ ‘ਤੇ ਲੈ ਆਇਆ, ਜਿਸ ‘ਤੇ ਅੱਜ ਉਹ ਮੌਜੂਦ ਹਨ। ਇਸ ਸਮੇਂ ਉਹ ਜਗਰਾਓਂ ਵਿਖੇ ਆਪਣੇ ਖੁਸ਼ਹਾਲ ਅਤੇ ਸੰਪੂਰਨ ਪਰਿਵਾਰ (ਪਤੀ, ਦੋ ਪੁੱਤਰ, ਇੱਕ ਧੀ, ਦੋ ਨੂੰਹਾਂ ਅਤੇ ਪੋਤੇ) ਨਾਲ ਰਹਿ ਰਹੇ ਹਨ ਅਤੇ ਆਪਣੇ ਛੋਟੇ ਪੁੱਤਰ ਨਾਲ ਰੋਜ਼ਾਨਾ ਕਾਰੋਬਾਰ ਅਤੇ ਸਿਖਲਾਈ ਸੂਚੀ ਸੰਭਾਲ ਰਹੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ, ਜਿਸਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ।

ਇਹ ਕਿਹਾ ਜਾਂਦਾ ਹੈ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸ਼੍ਰੀਮਤੀ ਅਨੀਤਾ ਗੋਇਲ ਨੇ ਵੀ ਅਜਿਹਾ ਕੀਤਾ। ਉਨ੍ਹਾਂ ਨੇ ਪਹਿਲੇ ਕੰਮ ਤੋਂ 750 ਰੁਪਏ ਪ੍ਰਤੀ ਮਹੀਨਾ ਕਮਾਉਣਾ ਸ਼ੁਰੂ ਕੀਤਾ, ਜਿਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਦੇ ਪਤੀ ਵੀ ਇਤਰਾਜ਼ ਕਰ ਰਹੇ ਸਨ ਅਤੇ ਉਨ੍ਹਾਂ ਲਈ ਵੀ ਇੰਨੇ ਥੋੜ੍ਹੇ ਪੈਸਿਆਂ ਵਿੱਚ ਸਾਰੇ ਖ਼ਰਚੇ (ਕੁਕਿੰਗ ਸਮੱਗਰੀ ਦਾ ਖ਼ਰਚਾ, ਸਹੂਲਤਾਂ, ਨਿੱਜੀ ਵਰਤੋਂ) ਚਲਾਉਣਾ ਮੁਸ਼ਕਿਲ ਸੀ। ਸ਼ੁਰੂ ਵਿੱਚ ਉਨ੍ਹਾਂ ਨੇ ਬੜੀਆਂ ਔਕੜਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਗਵਾਇਆ, ਪਰ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਜੋਸ਼ ਅਤੇ ਲਗਨ ਨੂੰ ਹਮੇਸ਼ਾ ਜਿਉਂਦੇ ਰੱਖਿਆ। ਸਖ਼ਤ ਮਿਹਨਤ ਤੋਂ ਬਾਅਦ ਆਖਿਰ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ ਅਤੇ ਆਪਣੀ ਕੁਕਿੰਗ ਕਲਾਸਾਂ ਸ਼ੁਰੂ ਕੀਤੀਆਂ ਅਤੇ ਅੱਜ ਉਹ ਸਫ਼ਲਤਾ-ਪੂਰਵਕ ਆਪਣਾ ਕਾਰੋਬਾਰ ਚਲਾ ਰਹੇ ਹਨ।

ਉਨ੍ਹਾਂ ਲਈ ਕੁਕਿੰਗ ਖੁਸ਼ੀਆਂ ਵੰਡਣ ਵਾਂਗ ਹੈ ਅਤੇ ਉਨ੍ਹਾਂ ਦੇ ਖਾਣਯੋਗ ਉਤਪਾਦਾਂ ਦਾ ਸਵਸਥ ਹੋਣਾ ਹੀ ਉਨ੍ਹਾਂ ਦੇ ਕੁਕਿੰਗ ਦੇ ਗੁਣ ਨੂੰ ਬਾਕੀਆਂ ਤੋਂ ਅਲੱਗ ਅਤੇ ਖਾਸ ਬਣਾਉਂਦਾ ਹੈ। ਉਹ ਹਰ ਤਰ੍ਹਾਂ ਦੇ ਬੇਕਰੀ ਉਤਪਾਦ, ਆਚਾਰ, ਚੱਟਨੀ, 17 ਤਰ੍ਹਾਂ ਦੇ ਮਸਾਲੇ, 3 ਤਰ੍ਹਾਂ ਦੇ ਮਿਕਸ ਮਸਾਲੇ ਅਤੇ 3 ਤਰ੍ਹਾਂ ਦੇ ਇੰਸਟੈਂਟ ਮਿੱਠੇ ਮਿਕਸ ਪਕਵਾਨ (ਠੰਡਾਈ, ਫਿਰਨੀ ਅਤੇ ਖੀਰ) ਬਣਾਉਂਦੇ ਹਨ। ਉਹ ਬਰੈੱਡ, ਮਫਿੱਨ, ਪਿੱਜ਼ਾ ਬੇਸ, ਵੱਖ-ਵੱਖ ਤਰ੍ਹਾਂ ਦੇ ਕੇਕ, ਨਾਰੀਅਲ ਕੈਸਲ, ਕੱਪ ਕੇਕ, ਬਿਸਕੁਟ ਅਤੇ ਹੋਰ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਲਈ ਮੈਦੇ ਦੀ ਜਗ੍ਹਾ ਕਣਕ ਦੇ ਆਟੇ ਦੀ ਵਰਤੋਂ ਕਰਦੇ ਹਨ। ਉਹ ਆਚਾਰ ਵਿੱਚ ਲੂਣ, ਖੰਡ ਅਤੇ ਤੇਲ ਤੋਂ ਇਲਾਵਾ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਤਿੰਨ ਚੀਜ਼ਾਂ ਕਾਫੀ ਹਨ। ਉਨ੍ਹਾਂ ਦੁਆਰਾ ਬਣਾਇਆ ਗਿਆ ਹਰ ਉਤਪਾਦ ਕੁਦਰਤੀ ਅਤੇ ਸਿਹਤ ਲਈ ਲਾਭਦਾਇਕ ਹੈ। ਆਚਾਰ ਦੇ ਬਹੁਤ ਸੁਆਦੀ ਹੋਣ ਕਾਰਨ ਵਿਦੇਸ਼ਾਂ ਵਿੱਚ ਵੀ ਇਸ ਆਚਾਰ ਦੀ ਬਹੁਤ ਮੰਗ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣਾ ਕੰਮ ਵਧੀਆ ਕਰਕੇ ਦਿਖਾਉਂਦੇ ਹੋ, ਤਾਂ ਯਕੀਨਨ ਤੁਸੀਂ ਬਾਕੀਆਂ ਸਾਰਿਆਂ ਤੋਂ ਅਲੱਗ ਦਿਖਾਈ ਦਿਉਗੇ।

ਸ੍ਰੀਮਤੀ ਅਨੀਤਾ ਗੋਇਲ ਵੱਲੋਂ ਦਿੱਤੋ ਗਿਆ ਸੰਦੇਸ਼
“ਉਹਨਾਂ ਦਾ ਕਹਿਣਾ ਹੈ ਕੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ , ਜੇਕਰ ਤੁਸੀਂ ਅਸਲ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਤੁਹਾਨੂੰ ਪੱਕਾ ਨਿਸਚਾ ਅਤੇ ਇੱਛਾ ਸ਼ਕਤੀ ਨਾਲ ਅੱਗੇ ਵਧਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਪੱਕਾ ਇਰਾਦਾ ਹੈਤਾਂ  ਤੁਸੀ ਕੁੱਝ ਵੀ ਪ੍ਰਾਪਤ ਕਰ ਸਕਦੇ ਹੋ। ਇਕ ਮਹਿਲਾ ਆਪਣੀ ਸ਼ਕਤੀ ਦੇ ਨਾਲ ਹੀ ਅੱਗੇ ਵੱਧ ਸਕਦੀ ਹੈ। ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ। ਮਹਿਲਾ ਦੀ ਪਹਿਚਾਣ ਉਸ ਦੇ ਗੁਣਾ ਅਤੇ ਪ੍ਰਤਿਭਾ ਨਾਲ ਹੁੰਦੀ ਹੈ ਨਾ ਕਿ ਸਿਰਫ਼ ਉਸ ਦੇ ਪਤੀ ਦੇ ਨਾਮ ਤੋਂ| ਜਦੋਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਬਹੁਤ ਮਾਨ ਮਹਿਸੂਸ ਹੁੰਦਾ ਹੈ।”