ਕਮਲਾ ਸ਼ੌਕੀਨ
ਇੱਕ ਮਹਿਲਾ ਦੀ ਪ੍ਰੇਰਣਾਸ੍ਰੋਤ ਕਹਾਣੀ, ਜਿਸਨੇ ਆਪਣੀ ਰਿਟਾਇਰਮੈਂਟ(ਸੇਵਾ-ਮੁਕਤੀ) ਤੋਂ ਬਾਅਦ ਖੁਦ ਦਾ ਉੱਦਮੀ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਸ ਕਾਰੋਬਾਰ ਵਿੱਚ ਸਫ਼ਲ ਹੈ
ਭਾਰਤ ਵਿੱਚ, ਜਦੋਂ ਇੱਕ ਮਨੁੱਖ ਸੇਵਾ-ਮੁਕਤੀ ਵਾਲੀ ਉਮਰ ‘ਤੇ ਪਹੁੰਚਦਾ ਹੈ, ਤਾਂ ਉਸਦੀ ਉਮਰ ਲਗਭਗ 60 ਸਾਲ ਹੁੰਦੀ ਹੈ ਅਤੇ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਸੇਵਾ-ਮੁਕਤੀ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਕਿਉਂਕਿ ਹਰ ਕਿਸੇ ਦੇ ਆਪਣੇ ਸੇਵਾ-ਮੁਕਤੀ ਦੇ ਸਮੇਂ ਲਈ ਵੱਖ-ਵੱਖ ਸੁਪਨੇ ਹੁੰਦੇ ਹਨ। ਕੁੱਝ ਲੋਕ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹਨ, ਕੁੱਝ ਲੋਕ ਆਰਾਮ ਅਤੇ ਸ਼ਾਂਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਅਤੇ ਕੁੱਝ ਲੋਕ ਪ੍ਰਮਾਤਮਾ ਦੀ ਭਗਤੀ ਦਾ ਰਸਤਾ ਚੁਣਦੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਸੇਵਾ-ਮੁਕਤੀ ਤੋਂ ਬਾਅਦ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਚੁਣਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦੂਜੀ ਨੌਕਰੀ ਦੀ ਤਰ੍ਹਾਂ ਪੂਰਾ ਕਰਦੇ ਹਨ। ਕਮਲਾ ਸ਼ੌਕੀਨ ਜੀ ਵੀ ਅਜਿਹੀ ਇੱਕ ਮਹਿਲਾ ਹਨ, ਜਿਨ੍ਹਾਂ ਨੇ ਸੇਵਾ-ਮੁਕਤੀ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ।
ਕਮਲਾ ਸ਼ੌਕੀਨ ਜੀ ਆਤਮਿਕ ਤੌਰ ‘ਤੇ ਅਜੇ ਵੀ ਜਵਾਨ ਹਨ ਅਤੇ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ। ਪਰ ਰਿਟਾਇਰ ਹੋਣ ਤੋਂ ਪਹਿਲਾਂ ਉਹ 39 ਸਾਲਾਂ ਤੱਕ ਸਰਕਾਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਸਨ। ਉਨ੍ਹਾਂ ਨੂੰ ਆਚਾਰ ਬਣਾਉਣ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਸੀ, ਇਸ ਲਈ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਇਸ ਸ਼ੌਂਕ ਨੂੰ ਕਾਰੋਬਾਰ ਵਿੱਚ ਬਦਲਣ ਬਾਰੇ ਸੋਚਿਆ ਅਤੇ ਉਹ ਅੱਜ ਕਮਲ ਆਚਾਰ ਦੇ ਬ੍ਰੈਂਡ ਹੇਠਾਂ ਆਪਣਾ ਸਫ਼ਲ ਆਚਾਰ ਦਾ ਕਾਰੋਬਾਰ ਚਲਾ ਰਹੇ ਹਨ।
ਕਮਲਾ ਸ਼ੌਕੀਨ ਜੀ ਨੇ ਆਪਣਾ ਆਚਾਰ ਦਾ ਕਾਰੋਬਾਰ 7 ਸਾਲ ਪਹਿਲਾਂ 2010 ਵਿੱਚ ਅਧਿਆਪਕ ਦੇ ਪੇਸ਼ੇ ਤੋਂ ਰਿਟਾਇਰ ਹੋਣ ਤੋਂ ਬਾਅਦ ਸ਼ੁਰੂ ਕੀਤਾ। ਆਪਣੇ ਆਚਾਰ ਦੇ ਕਾਰੋਬਾਰ ਨੂੰ ਹੋਰ ਵਿਹਾਰਿਕ ਬਣਾਉਣ ਲਈ ਉਨ੍ਹਾਂ ਨੇ ਕੰਮਕਾਜੀ ਮਹਿਲਾ ਕੁਟੀਰ ਉਦਯੋਗ ਹੇਠਾਂ ਪੂਸਾ ਦੀ ਸ਼ਾਖਾ-ਕੇ ਵੀ ਕੇ ਉਜਵਾ ਤੋਂ ਆਚਾਰ ਬਣਾਉਣ ਦੀ ਟ੍ਰੇਨਿੰਗ ਹਾਸਿਲ ਕੀਤੀ। ਉੱਥੋਂ ਪ੍ਰਮਾਣ-ਪੱਤਰ ਹਾਸਿਲ ਕਰਨ ਤੋਂ ਬਾਅਦ ਉਸਨੇ ਪਿੰਡ ਡਿਚਾਓਂ ਕਲਾਂ, ਜੋ ਕਿ ਨਜ਼ਫਗੜ੍ਹ ਜ਼ਿਲ੍ਹੇ ਵਿੱਚ ਪੈਂਦਾ ਹੈ, ਦੀਆਂ ਲੋੜਵੰਦ ਅਤੇ ਗਰੀਬ ਮਹਿਲਾਵਾਂ ਨੂੰ ਆਚਾਰ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਇਕੱਠਾ ਕੀਤਾ। ਅੱਜ ਉਨ੍ਹਾਂ ਦੇ ਫਲਾਂ ਦਾ ਫਾਰਮ 2.75 ਏਕੜ ਦੀ ਜ਼ਮੀਨ ਤੱਕ ਫੈਲ ਚੁੱਕਾ ਹੈ, ਜਿਸ ਵਿੱਚ ਉਹ ਆਚਾਰ ਬਣਾਉਣ ਲਈ ਬੇਰ, ਕਰੋਂਦਾ, ਆਮਲਾ, ਜਾਮੁਨ ਅਤੇ ਅਮਰੂਦ ਆਦਿ ਉਗਾਉਂਦੇ ਹਨ। ਉਹ ਖੇਤ ਦਾ ਸਾਰਾ ਕੰਮ ਕੁੱਝ ਕਾਮਿਆਂ ਦੀ ਸਹਾਇਤਾ ਨਾਲ ਖੁਦ ਹੀ ਸੰਭਾਲਦੇ ਹਨ। ਪੌਦਿਆਂ ਤੋਂ ਵਧੀਆ ਪੈਦਾਵਾਰ ਲੈਣ ਲਈ ਉਹ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦੇ। ਉਹ ਕੇਵਲ ਗੰਡੋਆ ਖਾਦ ਦੀ ਹੀ ਵਰਤੋਂ ਕਰਦੇ ਹਨ।
ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸ਼ਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਕਿ ਉਹ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਦਾ ਹੈ।
ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਮਹਿਸੂਸ ਨਹੀਂ ਕੀਤਾ ਕਿ ਉਹ ਜੋ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪਤੀ ਸ਼੍ਰੀ ਮੂਲਚੰਦ ਸ਼ੌਕੀਨ ਜੀ ਡੀ.ਏ. ਤੋਂ ਰਿਟਾਇਰਡ ਨਿਰਦੇਸ਼ਕ ਹਨ। ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ‘ਚੋਂ ਇੱਕ ਪਾਇਲਟ ਅਤੇ ਦੂਜਾ ਇੰਜੀਨੀਅਰ ਹੈ, ਇੱਕ ਬੇਟੀ ਪੇਸ਼ੇ ਤੋਂ ਡਾਕਟਰ ਹੈ ਅਤੇ ਦੋਨੋਂ ਨੂੰਹਾਂ ਅਧਿਆਪਿਕਾ ਹਨ ਅਤੇ ਇਹ ਸਭ ਉਨ੍ਹਾਂ ਦੇ ਕਾਰੋਬਾਰ ਵਿੱਚ ਸਹਿਯੋਗ ਦਿੰਦੇ ਹਨ।
ਇਸ ਸਮੇਂ ਉਹ 69 ਸਾਲ ਦੇ ਹਨ, ਪਰ ਆਪਣੇ ਸ਼ੌਂਕ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਰਿਟਾਇਰਮੈਂਟ ਤੋਂ ਬਾਅਦ ਦੇ ਪਹਿਲੇ ਦਿਨ ਵਾਂਗ ਹੀ ਹੈ। ਕਮਲਾ ਸ਼ੌਕੀਨ ਨੇ ਹਮੇਸ਼ਾ ਆਪਣੇ ਅਧਿਆਪਨ ਦੇ ਕਾਰਜ-ਕਾਲ ਅਤੇ ਆਚਾਰ ਦੇ ਕਾਰੋਬਾਰ ਵਿੱਚ ਪੂਰੇ ਯਤਨ ਕੀਤੇ। ਸਕੂਲ ਵਿੱਚ ਉਨ੍ਹਾਂ ਨੂੰ ਅਧਿਆਪਨ ਲਈ ‘ਬੈਸਟ ਟੀਚਰ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਚਾਰ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੂਸਾ ਦੁਆਰਾ ਉੱਤਮ ਆਚਾਰ ਦੀ ਕੁਆਲਿਟੀ ਲਈ ਵੀ ਸਨਮਾਨਿਤ ਕੀਤਾ ਗਿਆ।
ਆਮ ਤੌਰ ‘ਤੇ ਉਹ ਆਪਣੇ ਹੱਥੀਂ ਤਿਆਰ ਆਚਾਰ ਨੂੰ ਵੇਚਣ ਲਈ ਸੰਮੇਲਨਾਂ, ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਾਂਦੇ ਹਨ, ਪਰ ਆਪਣੇ ਉਤਪਾਦ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲੀ ਹੈ। ਉਹ ਸਭ ਤੋਂ ਜ਼ਿਆਦਾ ਪ੍ਰਗਤੀ ਮੈਦਾਨ ਅਤੇ ਪੂਸਾ ਮੇਲਿਆਂ ਵਿੱਚ ਜਾਂਦੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਵੇਚ ਕੇ ਸਭ ਤੋਂ ਜ਼ਿਆਦਾ ਲਾਭ ਕਮਾਉਂਦੇ ਹਨ। ਇੱਕ ਸਾਲ ਵਿੱਚ ਉਹ 60-70 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦੇ ਹਨ ਅਤੇ ਭਵਿੱਖ ਵਿੱਚ ਆਪਣੇ ਆਚਾਰ ਦੇ ਕਾਰੋਬਾਰ ਵਿੱਚ ਹੋਰ ਕਿਸਮਾਂ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਵੇਂ ਕਿ ਅੰਬ ਅਤੇ ਨਿੰਬੂ ਆਦਿ। ਜਦੋਂ ਵੀ ਕੋਈ ਵਿਅਕਤੀ ਆਚਾਰ ਬਣਾਉਣ ਸੰਬੰਧੀ ਸਲਾਹ ਲੈਣ ਆਉਂਦਾ ਹੈ, ਤਾਂ ਉਹ ਉਨ੍ਹਾਂ ਨੂੰ ਕਦੇ ਮਨ੍ਹਾਂ ਨਹੀਂ ਕਰਦੇ ਅਤੇ ਹਮੇਸ਼ਾ ਚੰਗਾ ਅਤੇ ਸਹੀ ਸੁਝਾਅ ਦਿੰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੂਸਾ ਤੋਂ ਟ੍ਰੇਨਿੰਗ ਲੈ ਰਹੇ ਕਈ ਲੋਕਾਂ ਨੂੰ ਸੁਝਾਅ ਦਿੱਤੇ ਹਨ, ਤਾਂ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।
ਕਮਲਾ ਸ਼ੌਕੀਨ ਜੀ ਦੁਆਰਾ ਦਿੱਤਾ ਗਿਆ ਸੰਦੇਸ਼
“ਸਾਰਾ ਦਿਨ ਕੁਰਸੀ ‘ਤੇ ਬੈਠ ਕੇ ਕੁੱਝ ਨਾ ਕਰਨ ਤੋਂ ਚੰਗਾ ਹੈ, ਖੁਦ ਨੂੰ ਉਪਯੋਗੀ ਬਣਾਉਣਾ। ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਆਚਾਰ ਬਣਾਉਣ ਦਾ ਸ਼ੌਂਕ ਸੀ ਅਤੇ ਮੈਂ ਘਰ ਵਿਹਲੇ ਬੈਠ ਕੇ ਅੱਕਣਾ ਨਹੀਂ ਚਾਹੁੰਦੀ ਸੀ। ਆਪਣੇ ਆਚਾਰ ਦੇ ਕਾਰੋਬਾਰ ਨਾਲ ਮੈਂ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਸਮਰਥਨ ਵੀ ਕਰਦੀ ਹਾਂ। ਮੇਰੇ ਅਨੁਸਾਰ, ਹਰ ਮਹਿਲਾ ਨੂੰ ਆਪਣੀ ਕਲਾ ਅਤੇ ਸ਼ੌਂਕ ਦੀ ਵਰਤੋਂ ਵਿਆਹ ਤੋਂ ਬਾਅਦ ਵੀ ਖੁਦ ਨੂੰ ਆਤਮ-ਨਿਰਭਰ ਬਣਾਉਣ ਲਈ ਕਰਨੀ ਚਾਹੀਦੀ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਿੱਖਿਆ ਪੂਰੀ ਕਰਨੀ ਚਾਹੀਦੀ ਹੈ।“