sunita-devi-pun-img

ਸੁਨੀਤਾ ਦੇਵੀ

(ਦਸਤਕਾਰੀ)

ਜਾਣੋ, ਕਿਵੇਂ ਇੱਕ ਮਾਂ-ਧੀ ਦਾ ਜੋੜੀ ਆਪਣੇ ਹੱਥਕੱਢ ਵਾਲੇ ਫੁਲਕਾਰੀ ਉਤਪਾਦਾਂ ਵੱਲ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ

ਸਾਡੇ ਭਾਰਤੀ ਸਮਾਜ ਵਿੱਚ ਸ਼ੁਰੂ ਤੋਂ ਹੀ ਪੁਰਸ਼ਾਂ ਨੂੰ ਹੀ ਘਰ ਦੇ ਖ਼ਾਸ ਅਤੇ ਹੈੱਡ ਮੈਂਬਰ ਮੰਨਿਆ ਜਾਂਦਾ ਹੈ, ਜੋ ਪਰਿਵਾਰ ਲਈ ਕਮਾਈ ਕਰਦੇ ਹਨ। ਦੂਜੇ ਪਾਸੇ ਔਰਤਾਂ ਨੂੰ, ਜੋ ਘਰ ਦੇ ਸਾਰੇ ਕੰਮ (ਕੱਪੜੇ ਧੋਣਾ, ਖਾਣਾ ਬਣਾਉਣਾ, ਘਰ ਦੀ ਸਫ਼ਾਈ ਆਦਿ) ਸਹੀ ਸਮੇਂ ‘ਤੇ ਕਰਕੇ ਪਰਿਵਾਰ ਨੂੰ ਉਪਲੱਬਧ ਕਰਵਾਉਂਦੀਆਂ ਹਨ, ਉਹਨਾਂ ਨੂੰ ਘਰੇਲੂ ਮਹਿਲਾ ਤੋਂ ਵੱਧ ਨਹੀਂ ਸਮਝਿਆ ਜਾਂਦਾ। ਇਹ ਸਭ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਪਰ ਹੁਣ ਸਭ ਬਦਲ ਗਿਆ ਹੈ। ਹੁਣ ਕਈ ਮਹਿਲਾਵਾਂ ਅੱਗੇ ਆ ਕੇ ਸਮਾਜ ਲਈ ਪ੍ਰੇਰਣਾ ਬਣ ਰਹੀਆਂ ਹਨ ਅਤੇ ਪਰਿਵਾਰ ਵਿੱਚ ਮਰਦ ਅਤੇ ਔਰਤ ਵਾਲੀਆਂ ਦੋਨੋਂ ਭੂਮਿਕਾਵਾਂ ਨਿਭਾ ਰਹੀਆਂ ਹਨ ਅਤੇ ਨਾਲ ਹੀ ਦੁਨੀਆ ਦੀ ਸੋਚ ਨੂੰ ਬਦਲ ਰਹੀਆਂ ਹਨ।

ਪੰਜਾਬ ਵਿੱਚ ਪੈਂਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਛੋਟੇ ਜਿਹੇ ਪਿੰਡ (ਚਨਾਰਥਲ ਖੁਰਦ) ਤੋਂ ਦੋ ਅਜਿਹੀਆਂ ਮਹਿਲਾਵਾਂ ਆਪਣੇ ਪਿੰਡ ਤੋਂ 10 ਮਹਿਲਾਵਾਂ ਨੂੰ ਆਪਣੇ ਨਾਲ ਜੋੜ ਕੇ ਫੁਲਕਾਰੀ ਦਾ ਸਫ਼ਲ ਕਾਰੋਬਾਰ ਚਲਾ ਰਹੀਆਂ ਹਨ। ਮਹਿਲਾਵਾਂ ਦੀ ਇਹ ਜੋੜੀ ਮਾਂ-ਧੀ ਦੀ ਹੈ। ਉਹ ਕਾਰੋਬਾਰ ਦੇ ਹਰੇਕ ਕੰਮ ਦਾ ਬੜੀ ਅਸਾਨੀ ਨਾਲ ਪ੍ਰਬੰਧ ਕਰਦੀਆਂ ਹਨ। ਇਸ ਗਰੁੱਪ ਦੀ ਪ੍ਰਧਾਨ ਸੁਨੀਤਾ ਦੇਵੀ (ਮਾਂ) ਅਤੇ ਬੇਅੰਤ ਸ਼ਰਮਾ (ਬੇਟੀ) ਹਨ। ਬੇਅੰਤ ਇੱਕ ਉੱਦਮੀ, ਜਵਾਨ ਅਤੇ ਵਿਚਾਰ-ਵਟਾਂਦਰੇ ਵਾਲੀ ਮੈਂਬਰ ਹੈ, ਜੋ ਹਰ ਮੰਚ ‘ਤੇ ਗਰੁੱਪ ਦੀ ਨੁਮਾਇੰਦਗੀ ਕਰਦੀ ਹੈ।

1996 ਵਿੱਚ ਸੁਨੀਤਾ ਜੀ ਦੇ ਪਤੀ ਜੀ ਦੀ ਮੌਤ ਹੋ ਗਈ ਅਤੇ ਇਹ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁੱਖ ਅਤੇ ਤੰਗੀ ਵਾਲਾ ਸੀ। ਇੱਥੋਂ ਤੱਕ ਕਿ ਪਰਿਵਾਰ ਦੇ ਮੈਂਬਰਾਂ ਦਾ ਜਿਊਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਸੁਨੀਤਾ ਜੀ ਅਤੇ ਉਨ੍ਹਾਂ ਦੇ ਬੱਚੇ ਉਸ ਸਦਮੇ ‘ਚੋਂ ਬਾਹਰ ਆਏ ਅਤੇ ਹੌਲੀ-ਹੌਲੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਅੱਜ ਜਿਸ ਮੁਕਾਮ ‘ਤੇ ਹਨ, ਉਸ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਆਂਗਣਵਾੜੀ ਨੇ ਸਥਾਨਕ ਪੱਧਰ ‘ਤੇ ਉਸ ਪਿੰਡ ਦੀਆਂ ਮਹਿਲਾਵਾਂ ਦੀ ਮਦਦ ਲਈ 2012 ਵਿੱਚ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਸੁਨੀਤਾ ਜੀ ਦੀਆਂ ਬੇਟੀਆਂ ਇਸ ਸੈੱਲਫ ਹੈੱਲਪ ਗਰੁੱਪ ਦੀਆਂ ਮੈਂਬਰ ਸਨ। ਉਹ ਫੁਲਕਾਰੀ, ਸੂਟ, ਦੁਪੱਟਾ, ਸ਼ਾਲ ਅਤੇ ਜੈਕੇਟ ਦੇ ਹਰ ਟੁਕੜੇ ‘ਤੇ ਮਿਹਨਤ ਨਾਲ ਕੰਮ ਕਰਦੇ ਸਨ, ਪਰ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦੀ ਸਹੀ ਕੀਮਤ ਨਹੀਂ ਪ੍ਰਾਪਤ ਕਰ ਰਹੇ ਸਨ। ਕੁੱਝ ਵੀ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਿਹਾ ਸੀ। ਇਸ ਲਈ ਇੱਕ ਮੀਟਿੰਗ ਵਿੱਚ ਬੇਅੰਤ ਸ਼ਰਮਾ ਨੇ ਆਪਣੀ ਅਤੇ ਹੋਰ ਮਹਿਲਾਵਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਸ ਤੋਂ ਬਾਅਦ 2017 ਵਿੱਚ ਦੋ ਗਰੁੱਪ ਬਣਾਏ ਗਏ- ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਅਤੇ ਦੇਵੀ ਅੰਨਪੂਰਣਾ ਗਰੁੱਪ। ਸੁਨੀਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਦੇ ਪ੍ਰਧਾਨ ਚੁਣੇ ਗਏ ਅਤੇ ਬੇਅੰਤ ਨੂੰ ਗਰੁੱਪ ਦੀ ਨੁਮਾਇੰਦਗੀ ਲਈ ਚੁਣਿਆ ਗਿਆ। ਹਾਲਾਂਕਿ ਪੂਰੇ ਗੁਰੱਪ ਨੇ ਵਧੀਆ ਕੋਸ਼ਿਸ਼ ਕੀਤੀ, ਪਰ ਗਰੁੱਪ ਬਣਾਉਣ ਵਿੱਚ ਬੇਅੰਤ ਦੀ ਇੱਛਾ-ਸ਼ਕਤੀ ਅਤੇ ਸੁਨੀਤਾ ਜੀ ਦੇ ਆਪਣੀ ਧੀ ਨੂੰ ਦਿੱਤੇ ਗਏ ਸਮਰਥਨ ਦਾ ਮੁੱਖ ਹਿੱਸਾ ਹੈ। ਜਦੋਂ ਪਿਆਰ ਅਤੇ ਕੌਸ਼ਲ ਮਿਲ ਕੇ ਕੰਮ ਕਰਦੇ ਹਨ. ਤਾਂ ਉੱਤਮ-ਰਚਨਾ ਹੋਣ ਦੀ ਉਮੀਦ ਹੁੰਦੀ ਹੈ।

ਇਸ ਤੋਂ ਪਹਿਲਾਂ ਆਰਥਿਕ-ਸੰਕਟ ਦੇ ਕਾਰਨ ਬੇਅੰਤ ਅਤੇ ਹੋਰ ਬੱਚਿਆਂ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ, ਪਰ ਹੁਣ ਸਭ ਵਧੀਆ ਹੋ ਰਿਹਾ ਹੈ। ਬੇਅੰਤ ਅਤੇ ਹੋਰ ਕੁੜੀਆਂ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਯੋਜਨਾ ਬਣਾ ਰਹੀਆਂ ਹਨ। ਬੇਅੰਤ ਨੇ ਪੰਜਾਬੀ ਯੂਨੀਵਰਸਿਟੀ ਤੋਂ B.A. ਪ੍ਰਾਈਵੇਟ ਕਰਨ ਦੀ ਯੋਜਨਾ ਬਣਾਈ ਗਈ ਹੈ।

ਸੁਨੀਤਾ ਦੇ ਪਰਿਵਾਰ ਵਿੱਚ ਕੁੱਲ 6 ਮੈਂਬਰ ਹਨ, ਚਾਰ ਧੀਆਂ, ਇੱਕ ਪੁੱਤਰ ਅਤੇ ਖੁਦ। ਪੁੱਤਰ ਕੌਂਟਰੈਕਟ ਆਧਾਰ ‘ਤੇ ਗੁਜਰਾਤ ਵਿੱਚ ਹੌਂਡਾ ਸਿਟੀ ਵਿੱਚ ਕੰਮ ਕਰ ਰਿਹਾ ਹੈ ਅਤੇ ਧੀਆਂ ਗਰੁੱਪ ਚਲਾਉਣ ਵਿੱਚ ਆਪਣੀ ਮਾਂ ਦਾ ਸਾਥ ਦੇ ਰਹੀਆਂ ਹਨ। ਬੇਅੰਤ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਹੈ ਅਤੇ ਵੱਖ-ਵੱਖ ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਵਿੱਚ ਆਪਣੇ ਗਰੁੱਪ ਦੀ ਪ੍ਰਤੀਨਿਧਤਾ ਕਰਦੀ ਹੈ। ਅੱਜ, ਸੁਨੀਤਾ ਜੀ ਅਤੇ ਬੇਅੰਤ ਬਹੁਤ ਸਾਰੇ ਗ੍ਰਾਹਕਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੇ ਉਤਪਾਦ ਵੇਚ ਕੇ ਉਤਪਾਦਨ ਵਸਤੂਆਂ ਦਾ ਸਹੀ ਮੁੱਲ ਪ੍ਰਾਪਤ ਕਰਦੇ ਹਨ। ਬੇਅੰਤ ਇੱਕ ਜਵਾਨ ਕੁੜੀ ਹੈ, ਜੋ ਵਰਤਮਾਨ ਸਮੇਂ ਦੇ ਮੰਡੀਕਰਨ ਦੀਆਂ ਪ੍ਰਕਿਰਿਆਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਉਨ੍ਹਾਂ ਦਾ ਪਾਲਣ ਵੀ ਕਰਦੀ ਹੈ। ਉਸਨੇ ਗਰੁੱਪ ਦੇ ਨਾਮ ‘ਤੇ ਵਿਜ਼ੀਟਿੰਗ ਕਾਰਡ ਬਣਾਏ ਹਨ ਅਤੇ ਵੱਟਸ-ਐਪ ਦੇ ਮਾਧਿਅਮ ਨਾਲ ਸਾਰੇ ਗ੍ਰਾਹਕਾਂ ਨਾਲ ਜੁੜੀ ਹੋਈ ਹੈ। ਇਸ ਗਰੁੱਪ ਦੁਆਰਾ ਬਣਾਏ ਗਏ ਹੈਂਡਕਰਾਫਟਿੰਗ ਦੇ ਉਤਪਾਦ ਅਸਲ ਵਿੱਚ ਬਹੁਤ ਹੀ ਸੁੰਦਰ, ਅਲੱਗ ਅਤੇ ਕੁਆਲਿਟੀ ਵਿੱਚ ਉੱਤਮ ਹੁੰਦੇ ਹਨ। ਉਹ ਸਾਰਾ ਕੱਚਾ ਮਾਲ ਸਰਹਿੰਦ ਤੋਂ ਖਰੀਦਦੇ ਹਨ ਅਤੇ ਫੁਲਕਾਰੀ ਸੂਟ, ਦੁਪੱਟਾ, ਕੀ-ਰਿੰਗ, ਬੂਕ-ਮਾਰਕਰ, ਸ਼ਾੱਲ, ਜੈਕੇਟ ਅਤੇ ਹੋਰ ਘਰੇਲੂ ਸਜਾਵਟ ਦੀਆਂ ਚੀਜ਼ਾਂ ਤਿਆਰ ਕਰਦੇ ਹਨ। ਭਵਿੱਖ ਵਿੱਚ ਉਹ ਫੁਲਕਾਰੀ ਉਤਪਾਦ ਨੂੰ ਹੋਰ ਰਚਨਾਤਮਕ ਡਿਜ਼ਾਈਨਾਂ ਨਾਲ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਮਾਂ-ਧੀ ਦੁਆਰਾ ਦਿੱਤਾ ਗਿਆ ਸੰਦੇਸ਼
“ਮਹਿਲਾ ਵਿੱਚ ਸਭ ਕੁੱਝ ਕਰਨ ਦੀ ਸ਼ਕਤੀ ਹੁੰਦੀ ਹੈ, ਪਰ ਇਹ ਸਭ ਅੰਦਰੂਨੀ ਸ਼ਕਤੀ ਅਤੇ ਦ੍ਰਿੜ ਇਰਾਦੇ ‘ਤੇ ਨਿਰਭਰ ਹੈ। ਇਸ ਲਈ ਕਦੇ ਵੀ ਖੁਦ ਨੂੰ ਘੱਟ ਨਾ ਸਮਝੋ ਅਤੇ ਹਮੇਸ਼ਾ ਆਪਣੇ ਗੁਣ ਨੂੰ ਖੁਦ ਲਈ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕਰੋ। ਇੱਕ ਚੀਜ਼ ਜੋ ਮਹਿਲਾ ਨੂੰ ਹੋਰ ਮਜ਼ਬੂਤ ਕਰਦੀ ਹੈ, ਉਹ ਹੈ ਸਿੱਖਿਆ। ਦੁਨੀਆ ਦੀ ਵਰਤਮਾਨ ਸਥਿਤੀ ਨਾਲ ਅੱਪਡੇਟ ਅਤੇ ਜਾਗਰੂਕ ਹੋਣ ਲਈ ਮਹਿਲਾ ਨੂੰ ਪੂਰੀ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ।”