davinder-pb

ਦਵਿੰਦਰ ਸਿੰਘ

(ਨਰਸਰੀ ਦੀ ਤਿਆਰੀ)

ਕਿਵੇਂ ਇੱਕ ਕਿਸਾਨ ਨੇ ਖੇਤੀ ਵਿਭਿੰਨਤਾ ਨੂੰ ਆਪਣੀ ਸਫ਼ਲਤਾ ਦਾ ਰਾਹ ਬਣਾਇਆ ਅਤੇ ਇਸਦੇ ਜ਼ਰੀਏ ਦੂਜਿਆਂ ਨੂੰ ਵੀ ਪ੍ਰੇਰਿਤ ਕੀਤਾ

ਨਕੋਦਰ(ਜ਼ਿਲ੍ਹਾ ਜਲੰਧਰ) ਦੇ ਇੱਕ ਸਫ਼ਲ ਕਿਸਾਨ ਦਵਿੰਦਰ ਸਿੰਘ ਨੇ ਆਪਣੀ ਖੇਤੀ ਟੀਮ ਨੂੰ ਦੱਸਿਆ ਕਿ ਕਿਵੇਂ ਉਹ ਖੇਤੀ ਵਿਭਿੰਨਤਾ ਲਈ ਪ੍ਰੇਰਿਤ ਹੋਏ ਅਤੇ ਖੇਤੀਬਾੜੀ ਦੇ ਖੇਤਰ ਵਿਚ ਚੰਗੇ ਮੁਨਾਫ਼ੇ ਪ੍ਰਾਪਤ ਕਰਨ ਲਈ, ਉਨ੍ਹਾਂ ਨੇ ਕਿਹੜੀਆਂ ਨਵੀਆਂ ਖੋਜਾਂ ਕੀਤੀਆਂ?

ਦਵਿੰਦਰ ਸਿੰਘ ਇਸ ਸੋਚ ਵਿੱਚ ਇਕ ਮਜ਼ਬੂਤ ਵਿਸ਼ਵਾਸੀ ਹਨ – ਕਿ ਸਿਰਫ਼ ਖੁਦ ਦੁਆਰਾ ਕੀਤਾ ਕੰਮ ਮਹੱਤਵਪੂਰਨ ਹੈ ਅਤੇ ਅੱਜ ਉਹਨਾਂ ਨੇ ਜੋ ਵੀ ਪ੍ਰਾਪਤ ਕੀਤਾ ਹੈ, ਉਨ੍ਹਾਂ ਨੇ ਆਪਣੀ ਸਖ਼ਤ-ਮਿਹਨਤ ਅਤੇ ਖੇਤੀ ਦੇ ਖੇਤਰ ਵਿੱਚ ਕੰਮ ਕਰਨ ਦੀ ਇੱਛਾ ਦੁਆਰਾ ਪ੍ਰਾਪਤ ਕੀਤਾ ਹੈ। ਖੇਤੀਬਾੜੀ ਇੱਕ ਰਵਾਇਤੀ ਕਿੱਤਾ ਹੋਣ ਕਰਕੇ ਉਹਨਾਂ ਨੇ ਦਸਵੀਂ ਕਰਨ ਤੋਂ ਬਾਅਦ ਖੇਤੀ ਸ਼ੁਰੂ ਕੀਤੀ ਅਤੇ ਉੱਚ ਸਿੱਖਿਆ ਲਈ ਨਹੀਂ ਗਏ। ਉਨ੍ਹਾਂ ਨੇ ਇੱਕ ਆਮ ਕਿਸਾਨ ਵਾਂਗ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਹੀ 1.8 ਹੈਕਟੇਅਰ ਜ਼ਮੀਨ ਸੀ, ਪਰ ਉਨ੍ਹਾਂ ਨੇ 1 ਹੈਕਟੇਅਰ ਜ਼ਮੀਨ ਠੇਕੇ ‘ਤੇ ਲਈ। ਜੋ ਲਾਭ ਉਹ ਖੇਤੀ ਤੋਂ ਕਮਾ ਰਹੇ ਸਨ, ਉਹ ਉਹਨਾਂ ਦੇ ਪਰਿਵਾਰ ਦੀਆਂ ਵਰਤਮਾਨ ਜ਼ਰੂਰਤਾਂ ਪੂਰੀਆਂ ਕਰਨ ਲਈ ਕਾਫੀ ਸੀ, ਪਰ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਬਾਰੇ ਸੋਚਦੇ ਹੋਏ ਉਹਨਾਂ ਨੇ ਸੋਚਿਆ ਕਿ ਇਹ ਕਾਫੀ ਨਹੀਂ ਹੈ।

1990-91 ਵਿੱਚ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਪਰਕ ਵਿੱਚ ਆਏ ਅਤੇ ਖੇਤੀ ਬਾਰੇ ਕੁੱਝ ਨਵੀਆਂ ਤਕਨੀਕਾਂ ਬਾਰੇ ਜਾਣਿਆ, ਜੋ ਖੇਤੀਬਾੜੀ ਦੇ ਖੇਤਰ ਨੂੰ ਵਧਾਏ ਬਿਨਾਂ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਮਦਦ ਕਰਦੀਆਂ ਹਨ ਅਤੇ ਇਸ ਵਿੱਚ ਕੋਈ ਵੱਡੀ ਤਕਨੀਕੀ ਮਸ਼ੀਨਰੀ ਜਾਂ ਰਸਾਇਣ ਸ਼ਾਮਿਲ ਨਾ ਹੋਣ ਕਾਰਣ ਉਹ ਇਸ ਵੱਲ ਪ੍ਰੇਰਿਤ ਹੋਏ।

ਆਪਣੇ ਖੇਤਰ ਦਾ ਵਿਸਥਾਰ ਕਰਨ ਲਈ ਉਨ੍ਹਾਂ ਨੇ ਕੇ ਵੀ ਕੇ – ਨੂਰਮਹਿਲ, ਜਲੰਧਰ ਤੋਂ ਮਧੂਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ ਮਧੂ-ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ। ਇਸ ਸਹਾਇਕ ਕਿੱਤੇ ਨਾਲ ਉਹਨਾਂ ਨੇ ਵਧੇਰੇ ਲਾਭ ਕਮਾਇਆ ਅਤੇ ਇਸਨੂੰ ਜਾਰੀ ਰੱਖਿਆ। ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਜਿਵੇਂ ਕਿ ਬੈੱਡ ਫਾਰਮਿੰਗ ਅਤੇ ਟੱਨਲ ਫਾਰਮਿੰਗ ਅਪਣਾ ਕੇ ਉਹਨਾਂ ਨੇ ਖੇਤੀ ਵਿਭਿੰਨਤਾ ਸ਼ੁਰੂ ਕੀਤੀ।

ਖ਼ੈਰ, ਪੰਜਾਬ ਦੇ ਬਹੁਤ ਸਾਰੇ ਲੋਕ ਵਿਭਿੰਨਤਾ ਵਾਲੀ ਖੇਤੀ ਕਰ ਰਹੇ ਹਨ, ਪਰ ਉਹ ਸਿਰਫ਼ ਕੁੱਝ ਫ਼ਸਲਾਂ ਤੱਕ ਸੀਮਿਤ ਹਨ। ਦਵਿੰਦਰ ਸਿੰਘ ਜੀ ਨੇ ਆਪਣੀ ਸੋਚ ਦੇ ਘੋੜਿਆਂ ਨੂੰ ਭਜਾਇਆ ਅਤੇ ਬੰਦ-ਗੋਭੀ ਅਤੇ ਪਿਆਜ਼ ਨੂੰ ਅੰਤਰ-ਫ਼ਸਲਾਂ ਕਰਕੇ ਪ੍ਰਯੋਗ ਕੀਤਾ। ਖੇਤੀ ਵਿਭਿੰਨਤਾ ਦੀ ਇਸ ਪਹਿਲਕਦਮੀ ਨੇ ਬਹੁਤ ਚੰਗੀ ਪੈਦਾਵਾਰ ਦਿੱਤੀ ਅਤੇ ਉਨ੍ਹਾਂ ਨੇ ਇਸ ਸੀਜ਼ਨ ਵਿੱਚ 374 ਕੁਇੰਟਲ ਬੰਦ-ਗੋਭੀ ਅਤੇ 125 ਕੁਇੰਟਲ ਪਿਆਜ਼ ਦੀ ਪੈਦਾਵਾਰ ਕੀਤੀ। ਬਹੁਤ ਸਾਰੇ ਕਿਸਾਨਾਂ ਨੇ ਆਪਣੀ ਰਿਸਰਚ ਵਿੱਚ ਉਹਨਾਂ ਦੇ ਤਰੀਕਿਆਂ ਤੋਂ ਮਦਦ ਲਈ। ਉਹ ਪਿਆਜ਼, ਟਮਾਟਰ, ਧਨੀਏ ਦੀਆਂ ਅੰਤਰ-ਫ਼ਸਲਾਂ ਉਗਾਉਣ ਵਾਲੇ ਵੀ ਪਹਿਲੇ ਇਨਸਾਨ ਹਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਿਆਜ਼, ਖੀਰਾ, ਸ਼ਿਮਲਾ ਮਿਰਚ ਨੂੰ ਵੀ ਅੰਤਰ-ਫ਼ਸਲ ਦੀ ਤਰ੍ਹਾਂ ਉਗਾਇਆ ਅਤੇ ਫਿਰ ਬੰਦ ਗੋਭੀ, ਗੇਂਦੇ ਨੂੰ ਵੀ ਇੱਕਠੇ ਉਗਾਇਆ।

ਫ਼ਸਲੀ ਵਿਭਿੰਨਤਾ ਲਈ ਉਹਨਾਂ ਦੁਆਰਾ ਉਗਾਈਆਂ ਗਈਆਂ ਅੰਤਰ-ਫ਼ਸਲਾਂ ਇੱਕ ਬਹੁਤ ਵੱਡੀ ਸਫ਼ਲਤਾ ਸੀ ਅਤੇ ਉਹਨਾਂ ਨੇ ਇਸ ਨਾਲ ਕਾਫੀ ਲਾਭ ਕਮਾਇਆ। ਉਹਨਾਂ ਨੇ ਪਪੀਤਾ-ਬੈਂਗਣ ਅਤੇ ਬੰਦ ਗੋਭੀ-ਪਿਆਜ਼ ਦੀਆਂ ਅੰਤਰ ਫ਼ਸਲਾਂ ਉਗਾਉਣ ਲਈ ਜੈਨ ਅਡਵਾਈਜ਼ਰ ਸਟੇਟ ਅਵਾਰਡ ਵੀ ਜਿੱਤਿਆ।

ਉਨ੍ਹਾਂ ਦੀ ਸਿੱਖਿਆ ਕਦੇ ਵੀ ਖੇਤੀਬਾੜੀ ਦੀਆਂ ਆਧੁਨਿਕ ਤਕਨੀਕਾਂ ਵਿਚਕਾਰ ਕੋਈ ਰੁਕਾਵਟ ਨਹੀਂ ਬਣੀ। ਉਹਨਾਂ ਦਾ ਜਿਗਿਆਸੂ ਮਨ ਹਮੇਸ਼ਾ ਕੁੱਝ ਨਵਾਂ ਸਿੱਖਣਾ ਚਾਹੁੰਦਾ ਸੀ ਅਤੇ ਉਹਨਾਂ ਨੇ ਆਪਣੇ ਦਿਮਾਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਮੇਸ਼ਾ ਸਹੀ ਗਿਆਨ ਹਾਸਲ ਕੀਤਾ। ਉਹਨਾਂ ਨੇ ਸਬਜ਼ੀਆਂ ਦੀ ਖੇਤੀ ਬਾਰੇ ਜ਼ਰੂਰੀ ਗੱਲਾਂ ਜਾਣਨ ਲਈ ਮਲੇਰਕੋਟਲਾ ਦੇ ਕਈ ਅਗਾਂਹਵਧੂ ਕਿਸਾਨਾਂ ਦਾ ਦੌਰਾ ਵੀ ਕੀਤਾ ਅਤੇ ਉਹਨਾਂ ਨੇ ਹਰ ਤਰ੍ਹਾਂ ਦੀ ਮੀਟਿੰਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜਾਂ ਬਾਗਬਾਨੀ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਕੈਂਪਾਂ ਵਿੱਚ ਵੀ ਭਾਗ ਲਿਆ।

ਦਵਿੰਦਰ ਸਿੰਘ ਦੇ ਖੇਤੀ ਕਰਨ ਦੇ ਤਰੀਕੇ ਵਧੀਆ ਪੈਦਾਵਾਰ ਵਾਲੇ ਸਨ, ਜਿਸ ਕਾਰਨ ਟੱਨਲ ਫਾਰਮਿੰਗ ਲਈ 2010 ਵਿੱਚ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੁਰਜੀਤ ਸਿੰਘ ਢਿੱਲੋਂ ਐਵਾਰਡ ਮਿਲਿਆ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਲੱਬ ਅਤੇ ਆਤਮਾ ਗਵਰਨਿੰਗ ਬੋਡੀ, ਜਲੰਧਰ ਦੇ ਵੀ ਮੈਂਬਰ ਬਣੇ।

ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲਤਾ ਲਈ ਸ਼ੁਰੂ ਤੋਂ ਹੀ ਵੱਖਰੀ ਅਤੇ ਰਚਨਾਤਮਕ ਸੋਚ ਨੂੰ ਜਿਊਂਦਾ ਰੱਖਣਾ ਬਹੁਤ ਜ਼ਰੂਰੀ ਹੈ, ਦਵਿੰਦਰ ਸਿੰਘ ਨੇ ਵੀ ਇੱਦਾ ਹੀ ਕੀਤਾ। ਉਹਨਾਂ ਨੇ ਆਪਣੇ ਖੇਤਾਂ ਵਿੱਚ ਪਾਣੀ ਦੇ ਚੰਗੇ ਪ੍ਰਬੰਧ ਲਈ ਤੁਪਕਾ ਸਿੰਚਾਈ ਅਤੇ ਫੁਹਾਰਾ ਸਿੰਚਾਈ ਸ਼ੁਰੂ ਕੀਤੀ। ਉਹਨਾਂ ਨੇ ਝੋਨੇ ਦੀ ਖੇਤੀ ਲਈ Tensiometer ਦਾ ਵੀ ਇਸਤੇਮਾਲ ਕਰਨਾ ਸ਼ੁਰੂ ਕੀਤਾ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਜੰਤਰ ਦੀ ਫ਼ਸਲ ਨੂੰ ਵੀ ਅਪਣਾਇਆ।

ਹਾਲ ਹੀ ਵਿੱਚ, ਉਨ੍ਹਾਂ ਨੇ ਖੀਰੇ ਅਤੇ ਤਰਬੂਜ਼ ਦੀ ਖੇਤੀ ਕਰਨੀ ਸ਼ੁਰੂ ਕੀਤੀ ਹੈ ਅਤੇ ਉਮੀਦ ਹੈ ਕਿ ਇਸ ਨਾਲ ਬਹੁਤ ਲਾਭ ਹੋਵੇਗਾ। ਕਈ ਕਿਸਾਨ ਉਹਨਾਂ ਤੋਂ ਸਿੱਖਣ ਲਈ ਉਹਨਾਂ ਦੇ ਫਾਰਮ ਵਿੱਚ ਜਾਂਦੇ ਹਨ ਅਤੇ ਦਵਿੰਦਰ ਸਿੰਘ ਖੁੱਲ੍ਹੇ ਦਿਲ ਨਾਲ ਆਪਣੀਆਂ ਤਕਨੀਕਾਂ ਉਨ੍ਹਾਂ ਨਾਲ ਸਾਂਝੀਆਂ ਕਰਦੇ ਹਨ। ਉਹ ਫ਼ਸਲੀ ਵਿਭਿੰਨਤਾ ਨਾਲ ਹੋਰ ਵੀ ਪ੍ਰਯੋਗ ਕਰਨਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਤੱਕ ਵੀ ਆਪਣੀਆਂ ਤਕਨੀਕਾਂ ਪਹੁੰਚਾਉਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਲਈ ਉਹਨਾਂ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਹਨ, ਉਹ ਜਲਦ ਹੀ ਉਹਨਾਂ ਨੂੰ ਵੀ ਲਾਗੂ ਕਰਨਗੇ।

ਕਿਸਾਨਾਂ ਲਈ ਸੰਦੇਸ਼:

ਸਾਡੀ ਧਰਤੀ ਸੋਨਾ ਹੈ ਅਤੇ ਇਸ ਵਿੱਚ ਸੋਨਾ ਉਗਾਉਣ ਲਈ ਸਾਨੂੰ ਸਖ਼ਤ-ਮਿਹਨਤ ਅਤੇ ਤੇਜ਼ ਦਿਮਾਗ ਨਾਲ ਕੰਮ ਕਰਨ ਦੀ ਲੋੜ ਹੈ। ਸਾਨੂੰ ਸੋਨੇ ਦੀ ਫ਼ਸਲ ਹਾਸਲ ਕਰਨ ਲਈ ਚੰਗੀਆਂ ਖੇਤੀ ਤਕਨੀਕਾਂ ਦੀ ਲੋੜ ਹੈ ਅਤੇ ਜੇਕਰ ਸਾਡੇ ਕੋਲ ਇਨ੍ਹਾਂ ਤਕਨੀਕਾਂ ਬਾਰੇ ਜਾਣਕਾਰੀ ਹੈ ਤਾਂ ਸਾਨੂੰ ਦੂਜਿਆਂ ਤੱਕ ਵੀ ਇਹ ਜਾਣਕਾਰੀ ਪਹੁੰਚਾਉਣੀ ਚਾਹੀਦੀ ਹੈ।