ਢੱਡਾ ਗੋਟ ਫਾਰਮ
(ਬੱਕਰੀ ਪਾਲਣ ਅਤੇ ਪ੍ਰਜਣਨ)
ਇਨ੍ਹਾਂ ਚਾਰ ਭਵਿੱਖਵਾਦੀ ਪੁਰਸ਼ਾਂ ਦੀ ਮੰਡਲੀ, ਪੰਜਾਬ ਵਿੱਚ ਬੱਕਰੀ ਪਾਲਣ ਨੂੰ ਵਧੀਆ ਬਣਾ ਰਹੇ ਹਨ
ਢੱਡਾ ਬੱਕਰੀ ਫਾਰਮ – ਚਾਰ ਭਵਿੱਖਵਾਦੀ ਮਨੁੱਖਾਂ (ਬੀਰਬਲ ਕੁਮਾਰ, ਜੁਗਰਾਜ ਸਿੰਘ, ਅਮਰਜੀਤ ਸਿੰਘ ਅਤੇ ਮਨਜੀਤ ਕੁਮਾਰ) ਦੁਆਰਾ ਚਲਾਇਆ ਫਾਰਮ, ਜਿਨ੍ਹਾਂ ਨੇ ਸਹੀ ਸਮੇਂ ‘ਤੇ ਪੰਜਾਬ ਵਿੱਚ ਬੱਕਰੀ ਦੇ ਮੀਟ ਅਤੇ ਦੁੱਧ ਦੇ ਭਵਿੱਖ ਵਾਲੇ ਬਾਜ਼ਾਰ ਨੂੰ ਦੇਖਦੇ ਹੋਏ ਇੱਕ ਬੱਕਰੀ ਫਾਰਮ ਹਾਊਸ ਦੀ ਸਥਾਪਨਾ ਕੀਤੀ, ਜਿੱਥੇ ਤੁਸੀਂ ਨਾ ਸਿਰਫ਼ ਦੁੱਧ ਅਤੇ ਮਾਸ ਖਰੀਦ ਸਕਦੇ ਹੋ, ਬਲਕਿ ਤੁਸੀਂ ਬੱਕਰੀ ਪਾਲਣ ਦੀਆਂ ਵੱਖ-ਵੱਖ ਨਸਲਾਂ ਵੀ ਖਰੀਦ ਸਕਦੇ ਹੋ।
ਸ਼ੁਰੂਆਤ ਵਿੱਚ, ਬੱਕਰੀ ਫਾਰਮ ਸਥਾਪਨਾ ਦਾ ਵਿਚਾਰ ਬੀਰਬਲ ਅਤੇ ਉਨ੍ਹਾਂ ਦੇ ਚਾਚਾ ਮਨਜੀਤ ਕੁਮਾਰ ਦਾ ਸੀ। ਇਸ ਤੋਂ ਪਹਿਲਾਂ ਬੀਰਬਲ ਇੱਕ ਕਾਲਜ ਵਿੱਚ ਸੁਪਰਵਾਈਜ਼ਰ ਦੇ ਤੌਰ ‘ਤੇ ਕੰਮ ਕਰਦੇ ਅੱਕ ਚੁੱਕੇ ਸਨ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨਾ ਚਾਹੁੰਦੇ ਸਨ। ਪਰ ਕਿਸੇ ਵੀ ਚੀਜ਼ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਬੀਰਬਲ ਪੂਰੀ ਮਾਰਕਿਟ ਰਿਸਰਚ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਪੰਜਾਬ ਦੇ ਕਈ ਫਾਰਮਾਂ ਦਾ ਦੌਰਾ ਕੀਤਾ ਅਤੇ ਨਾਲ ਹੀ ਮਾਰਕਿਟ ਦਾ ਵਿਸ਼ਲੇਸ਼ਣ ਕਰਨ ਅਤੇ ਕੁੱਝ ਜਾਣਕਾਰੀ ਹਾਸਲ ਕਰਨ ਲਈ ਦਿੱਲੀ ਵੀ ਗਏ।
ਵਿਸ਼ਲੇਸ਼ਣ ਤੋਂ ਬਾਅਦ, ਬੀਰਬਲ ਨੂੰ ਪਤਾ ਲੱਗਾ ਕਿ ਪੰਜਾਬ ਵਿੱਚ ਬਹੁਤ ਘੱਟ ਬੱਕਰੀ ਫਾਰਮ ਹਨ ਅਤੇ ਬੱਕਰੀ ਦੇ ਮੀਟ ਅਤੇ ਦੁੱਧ ਦੀ ਮੰਗ ਜ਼ਿਆਦਾ ਹੈ। ਬੀਰਬਲ ਦੇ ਚਾਚਾ ਜੀ, ਮਨਜੀਤ ਕੁਮਾਰ ਨੇ ਸ਼ੁਰੂ ਤੋਂ ਹੀ ਇਸ ਉੱਦਮ ਵਿੱਚ ਉਨ੍ਹਾਂ ਦਾ ਹਮੇਸ਼ਾ ਸਾਥ ਨਿਭਾਇਆ ਅਤੇ ਇਸ ਤਰ੍ਹਾਂ ਢੱਡਾ ਬੱਕਰੀ ਫਾਰਮ ਦਾ ਵਿਚਾਰ ਅਸਲ ਵਿੱਚ ਸਾਹਮਣੇ ਆਇਆ। ਦੂਜੇ ਦੋ ਮੁੱਖ ਭਾਈਵਾਲ ਇਸ ਉੱਦਮ ਵਿੱਚ ਉਦੋਂ ਸ਼ਾਮਲ ਹੋਏ ਜਦੋਂ ਬੀਰਬਲ ਇੱਕ ਖਾਲੀ ਜ਼ਮੀਨ ਦੀ ਭਾਲ ਵਿੱਚ ਸਨ, ਜਿੱਥੇ ਉਹ ਆਪਣੇ ਬੱਕਰੀ ਫਾਰਮ ਦੀ ਸਥਾਪਨਾ ਕਰ ਸਕਣ ਅਤੇ ਫਿਰ ਉਹ ਸੂਬੇਦਾਰ ਜੁਗਰਾਜ ਸਿੰਘ ਅਤੇ ਅਮਰਜੀਤ ਸਿੰਘ ਨਾਲ ਮਿਲੇ। ਉਹ ਦੋਨੋਂ ਹੀ ਫੌਜ ‘ਚੋਂ ਸੇਵਾ-ਮੁਕਤ ਸਨ। ਬੱਕਰੀ ਫਾਰਮ ਦੇ ਵਿਚਾਰ ਬਾਰੇ ਜਾਣਨ ਲਈ ਜੁਗਰਾਜ ਸਿੰਘ ਅਤੇ ਅਮਰਜੀਤ ਸਿੰਘ ਨੇ ਇਸ ਵਪਾਰ ਵਿੱਚ ਦਿਲਚਸਪੀ ਦਿਖਾਈ। ਜੁਗਰਾਜ ਸਿੰਘ ਨੇ ਬੀਰਬਲ ਨੂੰ 10 ਸਾਲਾਂ ਲਈ ਆਪਣੀ 4 ਏਕੜ ਜ਼ਮੀਨ ਠੇਕੇ ‘ਤੇ ਦੇ ਦਿੱਤੀ। ਆਖਰ, ਜੁਲਾਈ 2015 ਵਿੱਚ 23 ਲੱਖ ਦੀ ਲਾਗਤ ਨਾਲ ਢੱਡਾ ਬੱਕਰੀ ਫਾਰਮ ਦੀ ਸਥਾਪਨਾ ਹੋਈ।
ਫਾਰਮ 70 ਜਾਨਵਰਾਂ (40 ਮਾਦਾ ਬੱਕਰੀਆਂ, 5 ਬੱਕਰੇ ਅਤੇ 25 ਲੇਲਿਆਂ) ਦੇ ਨਾਲ ਸ਼ੁਰੂ ਕੀਤਾ ਗਿਆ, ਬਾਅਦ ਵਿੱਚ ਉਨ੍ਹਾਂ ਨੇ 60 ਹੋਰ ਜਾਨਵਰ ਖਰੀਦ ਲਏ। ਆਪਣੇ ਵਪਾਰ ਨੂੰ ਬਿਹਤਰ ਪ੍ਰਬੰਧਨ ਅਤੇ ਸੁਰੱਖਿਆ ਦੇਣ ਲਈ, ਚਾਰਾਂ ਮੈਂਬਰਾਂ ਨੇ ਗਡਵਾਸੂ ਤੋਂ 5 ਦਿਨ ਦੀ ਬੱਕਰੀ ਪਾਲਣ ਦੀ ਸਿਖਲਾਈ ਲਈ।
ਖੈਰ, ਢੱਡਾ ਬੱਕਰੀ ਫਾਰਮ ਚਲਾਉਣਾ ਇੰਨਾ ਅਸਾਨ ਨਹੀਂ ਸੀ, ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ। ਬੱਕਰੀਆਂ ਨੂੰ ਵੱਡੇ ਪੈਮਾਨੇ ‘ਤੇ ਖਰੀਦਣ ਸਮੇਂ ਉਨ੍ਹਾਂ ਨੇ ਕੁੱਝ ਬੱਕਰੀਆਂ ਸਥਾਨਕ ਬੱਕਰੀ ਪਾਲਕ ਕਿਸਾਨਾਂ ਤੋਂ ਬਿਨਾਂ ਕਿਸੇ ਟੀਕਾਕਰਣ ਦੇ ਖਰੀਦੀਆਂ, ਜਿਸ ਨਾਲ ਬੱਕਰੀਆਂ ਨੂੰ PPR ਰੋਗ ਹੋਇਆ ਅਤੇ ਕੁੱਝ ਸਮੇਂ ਵਿੱਚ ਕਈ ਬੱਕਰੀਆਂ ਦੀ ਮੌਤ ਹੋ ਗਈ। ਇਸ ਘਟਨਾ ਤੋਂ, ਉਨ੍ਹਾਂ ਨੇ ਆਪਣੀ ਗ਼ਲਤੀਆਂ ਤੋਂ ਸਿੱਖਿਆ ਅਤੇ ਫਿਰ ਉਨ੍ਹਾਂ ਨੇ ਪਸ਼ੂਆਂ ਦੇ ਡਾ. ਸਰਬਜੀਤ ਤੋਂ ਆਪਣੇ ਫਾਰਮ ਦੀਆਂ ਬੱਕਰੀਆਂ ਦਾ ਸਹੀ ਟੀਕਾਕਰਣ ਸ਼ੂਰੂ ਕਰਵਾਇਆ।
ਡਾ. ਸਰਬਜੀਤ ਨੇ ਬਿਮਾਰੀ ਮੁਕਤ ਬੱਕਰੀ ਫਾਰਮ ਦੀ ਸਥਾਪਨਾ ਕਰਨ ਵਿੱਚ ਉਨ੍ਹਾਂ ਦੀ ਬਹੁਤ ਮਦਦ ਕੀਤੀ, ਉਹ ਹਰ ਹਫ਼ਤੇ ਢੱਡਾ ਬੱਕਰੀ ਫਾਰਮ ‘ਤੇ ਜਾਂਦੇ ਅਤੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਦੇ। ਵਰਤਮਾਨ ਵਿੱਚ, ਬੱਕਰੀਆਂ ਦੀ ਗਿਣਤੀ 400 ਤੋਂ ਜ਼ਿਆਦਾ ਹੋ ਗਈ ਹੈ। ਬੱਕਰੀਆਂ ਦੀ ਬੀਟਲ, ਸਿਰੋਹੀ, ਬਾਰਬਰੀ, ਤੋਤਾਪੁਰੀ ਅਤੇ ਜਖਰਾਨਾ ਨਸਲ ਢੱਡਾ ਬੱਕਰੀ ਫਾਰਮ ‘ਤੇ ਮਿਲਦੀ ਹੈ। ਢੱਡਾ ਫਾਰਮ ‘ਤੇ ਬੱਕਰੀ ਦੀਆਂ ਨਸਲਾਂ, ਬੱਕਰੀ ਦਾ ਦੁੱਧ ਅਤੇ ਬੱਕਰੀ ਦੇ ਗੋਬਰ ਤੋਂ ਤਿਆਰ ਖਾਦ ਵੇਚੀ ਜਾਂਦੀ ਹੈ। ਬਕਰੀਦ ਦੌਰਾਨ ਵਧੀਆ ਮੁਨਾਫ਼ਾ ਕਮਾਉਣ ਲਈ ਉਹ ਨਰ(ਬੱਕਰੇ) ਵੀ ਵੇਚਦੇ ਹਨ।
ਸਭ ਤੋਂ ਮਹੱਤਵਪੂਰਣ ਚੀਜ਼ ਫੀਡ ਹੈ ਜਿਸ ਦਾ ਉਹ ਧਿਆਨ ਰੱਖਦੇ ਹਨ। ਉਹ ਗਰਮੀਆਂ ਵਿੱਚ ਬੱਕਰੀਆਂ ਨੂੰ ਹਰਾ ਘਾਹ, ਪੱਤੇ, ਹਰੇ ਚਨੇ ਅਤੇ ਹਰੀ ਮੂੰਗ ਦੇ ਪੌਦਿਆਂ ਦਾ ਮਿਸ਼ਰਣ ਅਤੇ ਸਰਦੀਆਂ ਵਿੱਚ ਬਰਸੀਮ, ਸਰ੍ਹੋਂ, ਗੁਆਰ ਅਤੇ ਮੂੰਗਫਲੀ ਦਾ ਘਾਹ ਦਿੰਦੇ ਹਨ। ਉਨ੍ਹਾਂ ਕੋਲ ਦੋ ਪੱਕੇ ਕਰਮਚਾਰੀ ਹਨ ਜੋ ਬੱਕਰੀ ਫਾਰਮ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰਦੇ ਹਨ। ਬਿਹਤਰ ਫੀਡ ਤਿਆਰ ਕਰਨ ਲਈ ਉਹ ਸਾਰਾ ਚਾਰਾ ਘਰ ਵਿੱਚ ਉਗਾਉਂਦੇ ਹਨ। ਬੱਕਰੀ ਦੀਆਂ ਲੋੜਾਂ ਦਾ ਸਹੀ ਧਿਆਨ ਰੱਖਣ ਲਈ ਉਨ੍ਹਾਂ ਨੇ ਬੱਕਰੀਆਂ ਦੇ ਖੁੱਲ੍ਹ ਕੇ ਘੁੰਮਣ ਲਈ 4 ਕਨਾਲ ਖੇਤਰ ਵੀ ਰੱਖਿਆ ਹੈ। ਡੀ-ਵਾਰਮਿੰਗ ਗਨ, ਚਾਰਾ ਕੁਤਰਨ ਲਈ ਮਸ਼ੀਨ, ਮੈਡੀਕਲ ਕਿੱਟ ਅਤੇ ਦਵਾਈਆਂ ਆਦਿ ਕੁੱਝ ਜ਼ਰੂਰੀ ਚੀਜ਼ਾਂ ਹਨ ਜਿਹਨਾਂ ਦੀ ਵਰਤੋਂ ਬੀਰਬਲ ਅਤੇ ਹੋਰ ਮੈਂਬਰ ਆਪਣੀ ਬੱਕਰੀ ਪਾਲਣ ਦੀ ਪ੍ਰਕਿਰਿਆ ਨੂੰ ਅਸਾਨ ਅਤੇ ਸਰਲ ਬਣਾਉਣ ਲਈ ਕਰਦੇ ਹਨ।
ਢੱਡਾ ਬੱਕਰੀ ਤੋਂ ਹਰ ਸਾਲ ਔਸਤਨ 750000 ਦਾ ਮੁਨਾਫ਼ਾ ਲਿਆ ਜਾਂਦਾ ਹੈ ਜੋ ਫਾਰਮ ਦੇ ਚਾਰਾਂ ਮੈਂਬਰਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਬੱਕਰੀ ਫਾਰਮ ਕਾਰੋਬਾਰ ਨੂੰ ਵਧੀਆ ਚਲਾਉਣ ਦੇ ਬਾਵਜੂਦ ਵੀ ਢੱਡਾ ਬੱਕਰੀ ਫਾਰਮ ਦਾ ਕੋਈ ਵੀ ਮੈਂਬਰ ਆਪਣੀ ਸਫ਼ਲਤਾ ਦਾ ਘਮੰਡ ਨਹੀਂ ਕਰਦਾ ਅਤੇ ਜਦੋਂ ਵੀ ਕੋਈ ਕਿਸਾਨ ਮਦਦ ਲਈ ਜਾਂ ਮਾਰਗਦਰਸ਼ਨ ਲਈ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦਾ ਤਾਂ ਉਹ ਪੂਰੇ ਦਿਲ ਨਾਲ ਉਨ੍ਹਾਂ ਦੀ ਸਹਾਇਤਾ ਕਰਦੇ ਹਨ।
ਪੁਰਸਕਾਰ:
ਬੱਕਰੀ ਪਾਲਣ ਵਿੱਚ ਸਫ਼ਲਤਾ ਦੇ ਲਈ ਸ. ਜੁਗਰਾਜ ਸਿੰਘ ਨੂੰ ਢੱਡਾ ਬੱਕਰੀ ਫਾਰਮ ਦੇ ਲਈ 23 ਮਾਰਚ 2018 ਨੂੰ ਮੁੱਖ ਮੰਤਰੀ ਪੁਰਸਕਾਰ ਵੀ ਮਿਲਿਆ।
ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਢੱਡਾ ਬੱਕਰੀ ਫਾਰਮ ਦੇ ਭਵਿੱਖਵਾਦੀ ਮਨੁੱਖ ਬੱਕਰੀਆਂ ਦੀ ਗਿਣਤੀ ਨੂੰ 1000 ਤੱਕ ਵਧਾਉਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਬੱਕਰੀ ਪਾਲਣ ਇੱਕ ਸਹਾਇਕ ਗਤੀਵਿਧੀ ਹੈ ਜੋ ਕੋਈ ਵੀ ਕਿਸਾਨ ਫ਼ਸਲਾਂ ਦੀ ਖੇਤੀ ਦੇ ਨਾਲ ਅਪਣਾ ਸਕਦਾ ਹੈ ਅਤੇ ਇਸ ਤੋਂ ਚੰਗਾ ਮੁਨਾਫ਼ਾ ਕਮਾ ਸਕਦਾ ਹੈ। ਕਿਸਾਨਾਂ ਨੂੰ ਇਸ ਕਾਰੋਬਾਰ ਦੀਆਂ ਮੁੱਖ ਸੀਮਾਵਾਂ ਅਤੇ ਇਸ ਦੇ ਲਾਭ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ।”
ਅੱਜ ਦੇ ਸਮੇਂ ਵਿੱਚ ਖੇਤੀ ਸਮਾਜ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਇਕੱਠੇ ਰਹਿਣ ਵਿੱਚ ਹੀ ਫਾਇਦਾ ਹੈ। ਇਨ੍ਹਾਂ ਚਾਰ ਵਿਅਕਤੀਆਂ ਨੇ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ, ਜਿਸ ਨੇ ਉਨ੍ਹਾਂ ਨੂੰ ਇੱਕ ਸਫ਼ਲ ਕਾਰੋਬਾਰ ਚਲਾਉਣ ਵਿੱਚ ਮਦਦ ਕੀਤੀ। ਬੱਕਰੀ ਪਾਲਣ ਸੰਬੰਧਿਤ ਜੇਕਰ ਤੁਹਾਡਾ ਕੋਈ ਸਵਾਲ ਹੈ ਤਾਂ ਤੁਸੀਂ ਢੱਡਾ ਬੱਕਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ ਅਤੇ ਉਨ੍ਹਾਂ ਤੋਂ ਅਗਵਾਈ ਲੈ ਸਕਦੇ ਹੋ।