ਕੌਸ਼ਲ ਸਿੰਘ
ਕਿਵੇਂ ਗੁਰਦਾਸਪੁਰ ਦੇ ਇਸ ਨੌਜਵਾਨ ਵਿਦਿਆਰਥੀ ਨੇ ਖੇਤੀ ਦੇ ਖੇਤਰ ਵਿੱਚ ਕਈ ਨੌਜਵਾਨਾਂ ਦੇ ਲਈ ਟੀਚੇ ਸਥਾਪਿਤ ਕੀਤੇ
ਗੁਰਦਾਸਪੁਰ ਦਾ ਇਹ ਨੌਜਵਾਨ ਵਿਦਿਆਰਥੀ ਦੂਸਰੇ ਵਿਦਿਆਰਥੀਆਂ ਵਰਗਾ ਨਹੀਂ ਹੈ, ਇਹ ਉਨ੍ਹਾਂ ‘ਚੋਂ ਨਹੀਂ ਹੈ ਜਿਸ ਨੇ ਖੇਤੀ ਦੀ ਚੋਣ ਇਸ ਲਈ ਕੀਤੀ, ਕਿਉਂਕਿ ਉਨ੍ਹਾਂ ਦੇ ਪਿਤਾ ਖੇਤੀ ਕਰਦੇ ਸਨ ਅਤੇ ਉਸ ਦੇ ਕੋਲ ਕੋਈ ਹੋਰ ਵਿਕਲਪ ਨਹੀਂ ਸੀ। ਬਲਕਿ ਕੌਸ਼ਲ ਨੇ ਖੇਤੀਬਾੜੀ ਨੂੰ ਇਸ ਲਈ ਚੁਣਿਆ, ਕਿਉਂਕਿ ਉਹ ਆਪਣੀ ਪੜ੍ਹਾਈ ਦੇ ਨਾਲ ਖੇਤੀਬਾੜੀ ਵਿੱਚ ਕੁੱਝ ਨਵਾਂ ਸਿੱਖਣਾ ਚਾਹੁੰਦੇ ਸਨ।
ਮਿਲੋ ਕੌਸ਼ਲ ਸਿੰਘ ਨੂੰ, ਜੋ ਇੱਕ ਚਾਹਵਾਨ ਵਿਦਿਆਰਥੀ, ਜਿਸ ਨੇ 22 ਸਾਲ ਦੀ ਛੋਟੀ ਉਮਰ ਵਿੱਚ ਆਪਣਾ ਖੇਤੀ-ਵਪਾਰ ਸਥਾਪਿਤ ਕੀਤਾ। ਇਸ ਵਿਕਸਿਤ ਹੋਣ ਵਾਲੀ ਉਮਰ ਵਿੱਚ ਜਿੱਥੇ ਜ਼ਿਆਦਾਤਰ ਨੌਜਵਾਨ ਆਪਣੇ ਰੁਜ਼ਗਾਰ ਨੂੰ ਲੈ ਕੇ ਉਲਝਣ ਵਿੱਚ ਰਹਿੰਦੇ ਹਨ, ਉੱਥੇ ਕੌਸ਼ਲ ਸਿੰਘ ਨੇ ਆਪਣਾ ਬ੍ਰੈਂਡ “CANE FARMS” ਸਥਾਪਿਤ ਕੀਤਾ ਅਤੇ ਮਾਰਕਿਟ ਵਿੱਚ ਇਸ ਬ੍ਰੈਂਡ ਦੇ ਉਤਪਾਦਾਂ ਦੀ ਮਾਰਕੀਟਿੰਗ ਵੀ ਸ਼ੁਰੂ ਕੀਤੀ।
ਕੌਸ਼ਲ ਜ਼ਿੰਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਅਤੇ ਉਹ ਕਈ ਕਿਸਾਨਾਂ ਨੂੰ ਆਪਣੀ ਜ਼ਮੀਨ ਕਿਰਾਏ ‘ਤੇ ਦਿੰਦੇ ਹਨ। ਇਸ ਤੋਂ ਪਹਿਲਾਂ ਇਸ ‘ਤੇ ਉਨ੍ਹਾਂ ਦੇ ਵਡੇਰੇ ਖੇਤੀ ਕਰਦੇ ਸਨ। ਪਰ ਵਰਤਮਾਨ ਪੀੜ੍ਹੀ ਖੇਤੀਬਾੜੀ ਤੋਂ ਦੂਰ ਜਾਣਾ ਪਸੰਦ ਕਰਦੀ ਹੈ, ਪਰ ਕੌਣ ਜਾਣਦਾ ਸੀ ਕਿ ਪਰਿਵਾਰ ਦੀ ਸਭ ਤੋਂ ਛੋਟੀ ਪੀੜ੍ਹੀ ਆਪਣੀ ਯਾਤਰਾ ਖੇਤੀ ਦੇ ਨਾਲ ਸ਼ੁਰੂ ਕਰੇਗੀ।
‘CANE FARMS’ ਤੱਕ ਕੌਸ਼ਲ ਸਿੰਘ ਦੀ ਯਾਤਰਾ ਸਪੱਸ਼ਟ ਅਤੇ ਅਸਾਨ ਨਹੀਂ ਸੀ। ਪੰਜਾਬ ਦੇ ਕਈ ਨੌਜਵਾਨਾਂ ਦੀ ਤਰ੍ਹਾਂ ਕੌਸ਼ਲ ਸਿੰਘ ਆਪਣੀ 12ਵੀਂ ਦੀ ਪੜ੍ਹਾਈ ਪੂਰੀ ਕਰਨ ਦੇ ਬਾਅਦ ਆਪਣੇ ਵੱਡੇ ਭਰਾ ਦੇ ਕੋਲ ਵਿਦੇਸ਼ ਜਾਣ ਦੀ ਯੋਜਨਾ ਬਣਾ ਰਹੇ ਸਨ। ਇਥੋਂ ਤੱਕ ਕਿ ਉਨ੍ਹਾ ਦਾ ਆਸਟ੍ਰੇਲੀਆ ਲਈ ਵੀਜ਼ਾ ਵੀ ਤਿਆਰ ਸੀ। ਪਰ ਅੰਤ ਵਿੱਚ ਉਸ ਦੇ ਪੂਰੇ ਪਰਿਵਾਰ ਨੂੰ ਇੱਕ ਬਹੁਤ ਬੁਰੀ ਖਬਰ ਮਿਲੀ। ਕੌਸ਼ਲ ਸਿੰਘ ਦੀ ਮਾਂ ਨੂੰ ਕੈਂਸਰ ਸੀ, ਜਿਸ ਦੇ ਕਾਰਨ ਕੌਸ਼ਲ ਸਿੰਘ ਨੇ ਆਪਣੇ ਵਿਦੇਸ਼ ਜਾਣ ਦਾ ਫੈਸਲਾ ਰੱਦ ਕੀਤਾ।
“ਮੈਂ ਸੋਚਿਆ ਕਿ ਸਾਡੇ ਕੋਲ ਕਾਫੀ ਪੈਸਾ ਹੈ ਅਤੇ ਪੰਜਾਬ ਵਿੱਚ 12 ਏਕੜ ਜ਼ਮੀਨ ਹੈ, ਤਾਂ ਇਸ ਦੀ ਉਚਿੱਤ ਵਰਤੋਂ ਕੀਤੀ ਜਾਵੇ।”
ਇਸ ਲਈ ਉਨ੍ਹਾਂ ਨੇ ਕਿਰਾਏਦਾਰਾਂ ਤੋਂ ਆਪਣੀ ਜ਼ਮੀਨ ਵਾਪਸ ਲੈ ਲਈ ਅਤੇ ਜੈਵਿਕ ਤਰੀਕੇ ਨਾਲ ਗੰਨੇ ਦੀ ਖੇਤੀ ਸ਼ੁਰੂ ਕੀਤੀ। 2015 ਵਿੱਚ ਉਨ੍ਹਾਂ ਨੇ ਗੰਨੇ ਤੋਂ ਗੁੜ ਅਤੇ ਸ਼ੱਕਰ ਬਣਾਉਣਾ ਸ਼ੁਰੂ ਕੀਤਾ। ਹਾਲਾਂਕਿ ਸ਼ੁਰੂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਦਾ ਕੋਈ ਗਿਆਨ ਨਹੀਂ ਸੀ, ਇਸ ਲਈ ਉਨ੍ਹਾਂ ਨੇ ਇਸ ਨੂੰ ਬਿਨਾਂ ਪੈਕਿੰਗ ਅਤੇ ਬ੍ਰੈਂਡ ਦੇ ਖੁੱਲ੍ਹਾ ਹੀ ਵੇਚਣਾ ਸ਼ੁਰੂ ਕੀਤਾ, ਪਰ ਕੌਸ਼ਲ ਸਿੰਘ ਨੂੰ ਇਸ ਉੱਦਮ ਵਿੱਚ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਪਰ ਕਹਿੰਦੇ ਹਨ ਕਿ ਉੱਡਣ ਵਾਲਿਆਂ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ, ਕੌਸ਼ਲ ਸਿੰਘ ਨੇ ਆਪਣੇ ਮਿੱਤਰ ਹਰਿੰਦਰ ਸਿੰਘ ਨਾਲ ਸਾਂਝਾ ਕੰਮ ਕਰਨ ਦਾ ਫੈਸਲਾ ਕੀਤਾ। ਕੌਸ਼ਲ ਸਿੰਘ ਨੇ ਆਪਣੀ 10 ਏਕੜ ਦੀ ਜ਼ਮੀਨ ਅਤੇ ਹਰਿੰਦਰ ਦੀ 20 ਏਕੜ ਦੀ ਜ਼ਮੀਨ ‘ਤੇ ਗੰਨੇ ਦੀ ਖੇਤੀ ਕੀਤੀ। ਇਸ ਵਾਰ ਕੌਸ਼ਲ ਸਾਵਧਾਨ ਸਨ ਅਤੇ ਉਸ ਨੇ ਡਾ.ਰਮਨਦੀਪ ਸਿੰਘ- ਪੰਜਾਬ ਐਗਰੀਕਲਚਰ ਵਿੱਚ ਮਾਹਿਰ ਤੋਂ ਸਲਾਹ ਲਈ।
ਡਾ.ਰਮਨਦੀਪ ਸਿੰਘ ਨੇ ਕੌਸ਼ਲ ਨੂੰ ਪ੍ਰੇਰਿਤ ਕੀਤਾ ਅਤੇ ਕੌਸ਼ਲ ਨੂੰ ਕਿਹਾ ਉਹ ਆਪਣੇ ਉਤਪਾਦਾਂ ਨੂੰ ਮਾਰਕਿਟ ਵਿੱਚ ਵੇਚਣ ਤੋਂ ਪਹਿਲਾਂ ਉਨ੍ਹਾਂ ਦੀ ਪੈਕਿੰਗ ਕਰੇ ਅਤੇ ਉਨ੍ਹਾਂ ਨੂੰ ਬ੍ਰੈਂਡ ਨਾਮ ਦੇਵੇ। ਕੌਸ਼ਲ ਨੇ ਇਸ ਤਰ੍ਹਾਂ ਹੀ ਕੀਤਾ, ਉਸ ਨੇ ਆਪਣੇ ਉਤਪਾਦਾਂ ਨੂੰ ਪਿੰਡ ਦੇ ਨੇੜੇ ਦੀ ਮਾਰਕਿਟ ਵਿੱਚ ਵੇਚਣਾ ਸ਼ੁਰੂ ਕੀਤਾ। ਉਸ ਨੇ ਸਫ਼ਲਤਾ ਅਤੇ ਅਸਫ਼ਲਤਾ ਦੋਨਾਂ ਦਾ ਸਾਹਮਣਾ ਕੀਤਾ। ਕੁੱਝ ਦੁਕਾਨਦਾਰ ਬੜੀ ਪ੍ਰਸੰਨਤਾ ਨਾਲ ਉਨ੍ਹਾਂ ਦਾ ਉਤਪਾਦ ਸਵੀਕਾਰ ਕਰ ਲੈਂਦੇ ਸਨ, ਪਰ ਕੁੱਝ ਨਹੀਂ ਕਰਦੇ। ਪਰ ਹੌਲੀ-ਹੌਲੀ ਕੌਸ਼ਲ ਨੇ ਆਪਣੇ ਪੈਰ ਮਾਰਕਿਟ ਵਿੱਚ ਜਮ੍ਹਾਂ ਲਏ ਅਤੇ ਉਸ ਨੇ ਚੰਗੇ ਪਰਿਣਾਮ ਪ੍ਰਾਪਤ ਕਰਨੇ ਸ਼ੁਰੂ ਕੀਤੇ। ਕੌਸ਼ਲ ਨੇ ਬ੍ਰੈਂਡ ਰਜਿਸਟਰਡ ਕਰਨ ਤੋਂ ਪਹਿਲਾਂ ‘SWEET GOLD’ ਬ੍ਰੈਂਡ ਨਾਮ ਦਿੱਤਾ, ਪਰ ਬਾਅਦ ਵਿੱਚ ਇਸ ਨੂੰ ਬਦਲ ਕੇ ‘CANE FARMS’ ਕਰ ਦਿੱਤਾ, ਕਿਉਂਕਿ ਉਸ ਨਾਮ ਦੀ ਉਪਲੱਬਧਤਾ ਨਹੀਂ ਸੀ।
ਅੱਜ ਕੌਸ਼ਲ ਅਤੇ ਉਸ ਦੇ ਦੋਸਤ ਨੇ ਖੇਤੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਸਾਰਾ ਕੰਮ ਖੁਦ ਸੰਭਾਲਿਆ ਹੋਇਆ ਹੈ ਅਤੇ ਉਹ ਪੂਰੇ ਪੰਜਾਬ ਵਿੱਚ ਆਪਣੇ ਉਤਪਾਦਾਂ ਨੂੰ ਵੇਚ ਰਹੇ ਹਨ। ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਲੋਗੋ ਵੀ ਡਿਜ਼ਾਈਨ ਕੀਤਾ। ਪਹਿਲਾਂ ਉਹ ਮਾਰਕਿਟ ਤੋਂ ਬਕਸੇ ਅਤੇ ਸਟਿੱਕਰ ਖਰੀਦਦੇ ਸਨ, ਪਰ ਹੁਣ ਕੌਸ਼ਲ ਨੇ ਆਪਣੇ ਪੱਧਰ ‘ਤੇ ਸਭ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ।
ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਅਸੀਂ ਉਤਪਾਦ ਵੇਚਣ ਲਈ ਆਪਣੇ ਉੱਦਮ ਵਿੱਚ ਹਰ ਜੈਵਿਕ ਕਿਸਾਨ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਾਂ, ਤਾਂ ਕਿ ਦੂਜੇ ਕਿਸਾਨ ਜੋ ਸਾਡੇ ਬ੍ਰੈਂਡ ਤੋਂ ਅਣਜਾਣ ਹਨ ਉਹ ਆਧੁਨਿਕ ਖੇਤੀ-ਵਪਾਰ ਦੇ ਰੁਝਾਨ ਦੇ ਬਾਰੇ ਵਿੱਚ ਜਾਣਨ ਅਤੇ ਇਸ ਤੋਂ ਲਾਭ ਲੈ ਸਕਣ।
ਕੌਸ਼ਲ ਦੇ ਲਈ ਇਹ ਸਿਰਫ਼ ਸ਼ੁਰੂਆਤ ਹੈ ਅਤੇ ਭਵਿੱਖ ਵਿੱਚ ਉਹ ਖੇਤੀਬਾੜੀ ਤੋਂ ਜ਼ਿਆਦਾ ਲਾਭ ਲੈਣ ਲਈ ਹੋਰ ਉੱਜਵਲ ਵਿਚਾਰਾਂ ਦੇ ਨਾਲ ਅੱਗੇ ਆਉਣਗੇ।
“ਇਹ ਸੰਦੇਸ਼ ਉਨ੍ਹਾਂ ਕਿਸਾਨਾਂ ਦੇ ਲਈ ਹੈ ਜੋ 18-20 ਸਾਲ ਦੀ ਉਮਰ ਵਿੱਚ ਸੋਚਦੇ ਹਨ ਕਿ ਖੇਤੀ ਤਾਂ ਸਭ ਕੁੱਝ ਗਵਾ ਦੇਣ ਵਾਲਾ ਵਪਾਰ ਹੈ। ਉਨ੍ਹਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਖੇਤੀ ਕੀ ਹੈ, ਕਿਉਂਕਿ ਜੇਕਰ ਉਹ ਸਾਡੇ ਵਾਂਗ ਕੁੱਝ ਨਵਾਂ ਕਰਨ ਬਾਰੇ ਸੋਚਣਾ ਸ਼ੁਰੂ ਕਰ ਦੇਣ ਤਾਂ ਉਹ ਸਾਡੇ ਨਾਲ ਮਿਲ ਕੇ ਕੰਮ ਕਰ ਸਕਦੇ ਹਨ।”