gurpreet_pb

ਗੁਰਪ੍ਰੀਤ ਸਿੰਘ ਅਟਵਾਲ

(ਜੈਵਿਕ ਖੇਤੀ, ਮੰਡੀਕਰਨ)

ਜਾਣੋ ਕਿਵੇਂ ਇਹ ਕਿਸਾਨ ਜੈਵਿਕ ਖੇਤੀ ਨੂੰ ਸਰਲ ਤਰੀਕੇ ਨਾਲ ਅਪਣਾ ਕੇ ਸਫ਼ਲਤਾ ਪ੍ਰਾਪਤ ਕਰ ਰਹੇ ਹਨ

35 ਸਾਲ ਦੇ ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਜੈਵਿਕ ਕਿਸਾਨ ਹਨ, ਜੋ ਜ਼ਿਲ੍ਹਾ ਜਲੰਧਰ (ਪੰਜਾਬ) ਦੇ ਇੱਕ ਛੋਟੇ ਜਿਹੇ ਸਾਧਾਰਨ ਅਤੇ ਮਿਹਨਤੀ ਪਰਿਵਾਰ ਵਿੱਚੋਂ ਆਏ ਹਨ। ਪਰ ਸਫ਼ਲਤਾ ਦੇ ਇਸ ਪੱਧਰ ਤੱਕ ਪਹੁੰਚਣ ਤੋਂ ਪਹਿਲਾਂ ਅਤੇ ਆਪਣੇ ਸਮਾਜ ਦੇ ਹੋਰ ਕਿਸਾਨਾਂ ਨੂੰ ਪ੍ਰੇਰਣਾ ਦੇਣ ਤੋਂ ਪਹਿਲਾਂ, ਸ਼੍ਰੀ ਅਟਵਾਲ ਵੀ ਆਪਣੇ ਪਿਤਾ ਅਤੇ ਆਲੇ-ਦੁਆਲੇ ਦੇ ਹੋਰ ਕਿਸਾਨਾਂ ਦੀ ਤਰ੍ਹਾਂ ਰਸਾਇਣਿਕ ਖੇਤੀ ਕਰਦੇ ਸਨ।

ਬਾਰ੍ਹਵੀਂ ਤੋਂ ਬਾਅਦ ਗੁਰਪ੍ਰੀਤ ਸਿੰਘ ਅਟਵਾਲ ਨੇ ਕਾਲਜ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ, ਉਨ੍ਹਾਂ ਨੇ ਜਲੰਧਰ ਦੇ ਖਾਲਸਾ ਕਾਲਜ ਬੀ.ਏ. ਵਿੱਚ ਦਾਖਲਾ ਲਿਆ, ਪਰ ਛੇਤੀ ਹੀ ਕੁੱਝ ਮਨ ਵਿਚਲੇ ਵਿਚਾਰਾਂ ਕਾਰਨ, ਉਨ੍ਹਾਂ ਨੇ ਪਹਿਲੇ ਸਾਲ ਵਿੱਚ ਹੀ ਕਾਲਜ ਛੱਡ ਦਿੱਤਾ ਅਤੇ ਆਪਣੇ ਚਾਚੇ ਅਤੇ ਪਿਤਾ ਨਾਲ ਖੇਤੀਬਾੜੀ ਕਰਨ ਲੱਗੇ। ਉਹ ਖੇਤੀ ਦੇ ਨਾਲ-ਨਾਲ 2006 ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਵਿੱਚ ਵੀ ਖੜ੍ਹੇ ਹੋਏ ਅਤੇ ਜਿੱਤ ਵੀ ਗਏ। ਸਮੇਂ ਦੇ ਨਾਲ ਸ਼੍ਰੀ ਅਟਵਾਲ 2015 ਵਿੱਚ ਜ਼ਿਲ੍ਹਾ ਪੱਧਰ ‘ਤੇ ਉਸੇ ਸੰਗਠਨ ਦੇ ਪ੍ਰਧਾਨ ਤੋਂ ਸੀਨੀਅਰ ਪ੍ਰਧਾਨ ਬਣ ਗਏ।

ਪਰ ਸ਼ਾਇਦ ਖੇਤੀ ਵਿੱਚ ਕਿਸਮਤ ਉਨ੍ਹਾਂ ਦੇ ਨਾਲ ਨਹੀਂ ਸੀ ਅਤੇ ਉਨ੍ਹਾਂ ਨੂੰ ਲਗਾਤਾਰ ਨੁਕਸਾਨ ਅਤੇ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਗੰਨੇ ਅਤੇ ਕਣਕ ਦੀ ਖੇਤੀ ਦਾ ਕੋਈ ਲਾਭ ਨਹੀਂ ਹੋ ਰਿਹਾ ਸੀ, ਇਸ ਲਈ 2014 ਵਿੱਚ ਉਨ੍ਹਾਂ ਨੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਹ ਵੀ ਉਨ੍ਹਾਂ ਲਈ ਘਾਟੇ ਦਾ ਸੌਦਾ ਸਾਬਿਤ ਹੋਇਆ, ਕਿਉਂਕਿ ਉਹ ਬਜ਼ਾਰ ਵਿੱਚ ਸਹੀ ਢੰਗ ਨਾਲ ਆਪਣੀ ਫ਼ਸਲ ਵੇਚਣ ਦੇ ਯੋਗ ਨਹੀਂ ਸੀ। ਅੰਤ ਵਿੱਚ ਉਨ੍ਹਾਂ ਨੇ ਸਾਰੀ ਹਲਦੀ ਤੋਂ ਹਲਦੀ ਪਾਊਡਰ ਬਣਾਇਆ ਅਤੇ ਗੁਰਦੁਆਰਿਆਂ ਅਤੇ ਮੰਦਿਰਾਂ ਵਿੱਚ ਮੁਫ਼ਤ ਵੰਡ ਦਿੱਤਾ। ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਤੋਂ ਬਾਅਦ, ਗੁਰਪ੍ਰੀਤ ਸਿੰਘ ਅਟਵਾਲ ਨੇ ਫੈਸਲਾ ਕੀਤਾ ਕਿ ਉਹ ਖੁਦ ਸਾਰੇ ਉਤਪਾਦਾਂ ਦਾ ਮੰਡੀਕਰਨ ਕਰਨਗੇ ਅਤੇ ਵਿਚੌਲਿਆਂ ‘ਤੇ ਨਿਰਭਰ ਨਹੀਂ ਰਹਿਣਗੇ।

ਉਸ ਸਾਲ ਹੀ ਗੁਰਪ੍ਰੀਤ ਸਿੰਘ ਅਟਵਾਲ ਨੂੰ ਆਪਣੇ ਪਿੰਡ ਨੇੜੇ ਦੇ ਭੰਗੂ ਫਾਰਮ ਬਾਰੇ ਪਤਾ ਲੱਗਾ। ਭੰਗੂ ਫਾਰਮ ਦਾ ਦੌਰਾ ਸ਼੍ਰੀ ਅਟਵਾਲ ਲਈ ਇੰਨਾ ਪ੍ਰੇਰਨਾਦਾਇਕ ਸੀ ਕਿ ਉਨ੍ਹਾਂ ਨੇ ਜੈਵਿਕ ਖੇਤੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਭੰਗੂ ਫਾਰਮ ‘ਤੇ ਗੰਨੇ ਦੀ ਖੇਤੀ ਅਤੇ ਪ੍ਰੋਸੈਸਿੰਗ ਹੁੰਦੀ ਸੀ, ਪਰ ਉਨ੍ਹਾਂ ਨੇ ਉੱਥੋਂ ਜੈਵਿਕ ਖੇਤੀ ਦੀਆਂ ਤਕਨੀਕਾਂ ਬਾਰੇ ਬਹੁਤ ਜਾਣਕਾਰੀ ਪ੍ਰਾਪਤ ਹੋਈ ਅਤੇ ਇਸ ਅਧਾਰ ‘ਤੇ ਉਨ੍ਹਾਂ ਨੇ ਆਪਣੇ ਪਰਿਵਾਰ ਲਈ 2.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਜੈਵਿਕ ਖੇਤੀ ਸ਼ੁਰੂ ਕੀਤੀ।

ਹੁਣ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਸਾਰੇ ਫਾਰਮ ‘ਤੇ ਜੈਵਿਕ ਖੇਤੀ ਸ਼ੁਰੂ ਕਰ ਦਿੱਤੀ ਅਤੇ ਪੈਦਾਵਾਰ ਪਹਿਲਾ ਨਾਲੋਂ ਬਿਹਤਰ ਹੈ। ਉਹ ਮੱਕੀ, ਕਣਕ, ਝੋਨਾ, ਗੰਨਾ ਅਤੇ ਮੌਸਮੀ ਸਬਜ਼ੀਆਂ ਆਦਿ ਉਗਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਕਣਕ ਦਾ ਆਟਾ ਅਤੇ ਮੱਕੀ ਦਾ ਆਟਾ ਪ੍ਰੋਸੈੱਸ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੌਰਾਨ ਸ਼੍ਰੀ ਅਟਵਾਲ ਨੇ ਭੋਗਪੁਰ ਸ਼ਹਿਰ ਵਿੱਚ 2 ਕਿਲੋਮੀਟਰ ਦੇ ਖੇਤਰ ਵਿੱਚ ਫਾਰਮ ਵਿੱਚ ਉਤਪਾਦਿਤ ਤਾਜ਼ੀਆਂ ਸਬਜ਼ੀਆਂ ਦੀ ਘਰੇਲੂ ਸਪਲਾਈ ਵੀ ਸ਼ੁਰੂ ਕੀਤੀ।

ਜੈਵਿਕ ਖੇਤੀ ਤੋਂ ਇਲਾਵਾ ਗੁਰਪ੍ਰੀਤ ਸਿੰਘ ਅਟਵਾਲ ਡੇਅਰੀ ਫਾਰਮਿੰਗ ਵਿੱਚ ਵੀ ਸਰਗਰਮੀ ਨਾਲ ਸ਼ਾਮਲ ਹਨ। ਉਹ ਘਰੇਲੂ ਉੇਦੇਸ਼ ਲਈ ਗਾਵਾਂ ਅਤੇ ਮੱਝਾਂ ਦੀਆਂ ਦੇਸੀ ਨਸਲਾਂ ਰੱਖੀਆਂ ਹਨ ਅਤੇ ਜ਼ਿਆਦਾ ਦੁੱਧ ਪਿੰਡ ਵਿੱਚ ਵੇਚਦੇ ਹਨ। ਅੱਜ ਗੁਰਪ੍ਰੀਤ ਸਿੰਘ ਅਟਵਾਲ ਨੇ ਆਪਣੇ ਜੀਵਨ ਵਿੱਚ ਜੋ ਪ੍ਰਾਪਤ ਕੀਤਾ ਹੈ, ਉਹ ਸਾਰਾ ਕਰੈਡਿਟ ਕ੍ਰਿਸ਼ੀ ਵਿਗਿਆਨ ਕੇਂਦਰ ਨੂੰ ਦਿੰਦੇ ਹਨ। ਕੇ.ਵੀ.ਕੇ ਦੇ ਆਯੋਜਿਤ ਸਿਖਲਾਈ ਕੈਂਪ, ਸਹਿਯੋਗ ਅਤੇ ਪ੍ਰੋਤਸਾਹਨ ਨੇ ਗੁਰਪ੍ਰੀਤ ਸਿੰਘ ਅਟਵਾਲ ਦੀ ਜੈਵਿਕ ਖੇਤੀ ਵਿੱਚ ਬਹੁਤ ਕੁੱਝ ਸਿੱਖਣ ਵਿੱਚ ਸਹਾਇਤਾ ਕੀਤੀ ਹੈ।

ਭਵਿੱਖ ਦੀ ਯੋਜਨਾ:
ਗੁਰਪ੍ਰੀਤ ਸਿੰਘ ਅਟਵਾਲ ਪੰਜਾਬ ਪੱਧਰ ‘ਤੇ ਅਤੇ ਫਿਰ ਭਾਰਤ ਪੱਧਰ ‘ਤੇ ਜੈਵਿਕ ਸਟੋਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਹਰੇਕ ਕਿਸਾਨ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜੇਕਰ ਵੱਡੇ ਪੱਧਰ ‘ਤੇ ਸੰਭਵ ਨਾ ਹੋਵੇ ਤਾਂ ਇਸ ਨੂੰ ਘੱਟੋ-ਘੱਟ ਘਰੇਲੂ ਉਦੇਸ਼ਾਂ ਲਈ ਇੱਕ ਛੋਟੇ ਜਿਹੇ ਖੇਤਰ ਵਿੱਚ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਅੰਤਰ ਲਿਆ ਸਕਦੇ ਹਨ ਅਤੇ ਇਸ ਨੂੰ ਬਿਹਤਰ ਬਣਾ ਸਕਦੇ ਹਨ।

ਗੁਰਪ੍ਰੀਤ ਸਿੰਘ ਅਟਵਾਲ ਇੱਕ ਅਗਾਂਹਵਧੂ ਕਿਸਾਨ ਹਨ ਜੋ ਨਾ ਕੇਵਲ ਆਪਣੇ ਫਾਰਮ ‘ਤੇ ਜੈਵਿਕ ਖੇਤੀ ਕਰ ਰਹੇ ਹਨ ਬਲਕਿ ਆਪਣੇ ਪਿੰਡ ਦੇ ਹੋਰ ਕਿਸਾਨਾਂ ਨੂੰ ਇਸ ਨੂੰ ਅਪਨਾਉਣ ਲਈ ਪ੍ਰੇਰਨਾ ਵੀ ਦਿੰਦੇ ਹਨ। ਉਹ ਡੀਕੰਪੋਜ਼ਰ ਦੀ ਮਦਦ ਨਾਲ ਕੁਦਰਤੀ ਕੀਟਨਾਸ਼ਕ ਅਤੇ ਖਾਦਾਂ ਤਿਆਰ ਕਰਦੇ ਹਨ ਅਤੇ ਇਸ ਨੂੰ ਕਿਸਾਨਾਂ ਵਿੱਚ ਵੰਡ ਦਿੰਦੇ ਹਨ। ਆਪਣੇ ਕਾਰਜਾਂ ਨਾਲ ਗੁਰਪ੍ਰੀਤ ਸਿੰਘ ਅਟਵਾਲ ਨੇ ਇਹ ਸਿੱਧ ਕੀਤਾ ਹੈ ਕਿ ਉਹ ਦੂਰ ਦੀ ਸੋਚ ਰੱਖਦੇ ਹਨ ਅਤੇ ਵਰਤਮਾਨ ਅਤੇ ਮੁਸ਼ਕਿਲ ਸਮੇਂ ਦਾ ਸਾਹਮਣਾ ਕਰਦੇ ਹਨ ਅਤੇ ਸਫ਼ਲਤਾ ਹਾਸਲ ਕਰਦੇ ਹਨ।