ਬਲਦੇਵ ਸਿੰਘ ਬਰਾੜ
ਬਲਦੇਵ ਸਿੰਘ ਬਰਾੜ ਜੋ 80 ਸਾਲ ਦੇ ਹਨ, ਪਰ ਉਹਨਾਂ ਦਾ ਦਿਲ ਅਤੇ ਦਿਮਾਗ 25 ਸਾਲ ਦੇ ਨੌਜਵਾਨ ਵਾਂਗ ਹੈ
ਸਾਲ 1960 ਦਾ ਸਮਾਂ ਸੀ ਜਦੋਂ ਅਰਜਨ ਸਿੰਘ ਦੇ ਪੁੱਤਰ ਬਲਦੇਵ ਸਿੰਘ ਬਰਾੜ ਨੇ ਖੇਤੀਬਾੜੀ ਸ਼ੂਰੂ ਕੀਤੀ ਸੀ ਅਤੇ ਇਹ ਉਹੀ ਸਮਾਂ ਸੀ ਜਦੋਂ ਹਰੀ ਕ੍ਰਾਂਤੀ ਆਪਣੇ ਸਿਖਰਾਂ ‘ਤੇ ਸੀ। ਉਦੋਂ ਤੋਂ ਹੀ ਖੇਤੀ ਪ੍ਰਤੀ ਨਾ ਤਾਂ ਉਨ੍ਹਾਂ ਦਾ ਉਤਸ਼ਾਹ ਘਟਿਆ ਅਤੇ ਨਾ ਹੀ ਜਨੂੰਨ।
ਪਿੰਡ ਸਿੰਘਾਵਾਲਾ, ਤਹਿਸੀਲ ਮੋਗਾ (ਪੰਜਾਬ) ਦੀ ਧਰਤੀ ‘ਤੇ ਜੰਮੇ ਅਤੇ ਪਲੇ ਬਲਦੇਵ ਸਿੰਘ ਬਰਾੜ ਨੇ ਖੇਤੀ ਦੇ ਖੇਤਰ ਵਿੱਚ ਬਹੁਤ ਉਪਲੱਬਧੀਆਂ ਹਾਸਲ ਕੀਤੀਆਂ ਅਤੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਤੋਂ ਕਈ ਪੁਰਸਕਾਰ ਜਿੱਤੇ।
ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ (ਪੰਜਾਬ) ਦੇ ਖੇਤੀ ਵਿਗਿਆਨਕਾਂ ਤੋਂ ਸਲਾਹ ਲੈਂਦੇ ਹੋਏ ਪਹਿਲ ਦੇ ਆਧਾਰ ‘ਤੇ ਖੇਤੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਧਿਆਨ ਮੁੱਖ ਤੌਰ ‘ਤੇ ਕਣਕ ਅਤੇ ਗੁਆਰ ਦੀ ਖੇਤੀ ਵੱਲ ਸੀ। ਕੁੱਝ ਸਮੇਂ ਬਾਅਦ ਝੋਨੇ ਵੱਲੋਂ ਧਿਆਨ ਹਟਾਇਆ ਅਤੇ ਉਨ੍ਹਾਂ ਨੇ ਪੋਪਲਰ ਅਤੇ ਪਪੀਤੇ ਦੀ ਖੇਤੀ ਵੱਲ ਧਿਆਨ ਦਿੱਤਾ। 1985 ਵਿੱਚ ਵਧੇਰੇ ਲਾਭ ਪ੍ਰਾਪਤੀ ਲਈ ਉਨ੍ਹਾਂ ਨੇ 9 ਏਕੜ ਵਿੱਚ ਕਿੰਨੂਆਂ ਦੀ ਖੇਤੀ ਅਤੇ 3 ਏਕੜ ਵਿੱਚ ਅੰਗੂਰਾਂ ਦੀ ਖੇਤੀ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਬਾਗਬਾਨੀ ਵੱਲ ਵੀ ਵਧਿਆ। ਉਹਨਾਂ ਨੇ ਘਰੇਲੂ ਮਹੱਤਵ ਲਈ ਅਲੱਗ ਫਲ ਅਤੇ ਸਬਜ਼ੀਆਂ ਵੀ ਉਗਾਈਆਂ। ਉਨ੍ਹਾਂ ਕੋਲ ਕੁੱਲ ਮਿਲਾ ਕੇ 37 ਏਕੜ ਜ਼ਮੀਨ ਹੈ, ਜਿਸ ਵਿੱਚੋਂ 27 ਏਕੜ ਉਨ੍ਹਾਂ ਦੀ ਖੁਦ ਦੀ ਹੈ ਅਤੇ 10 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲਈ ਹੈ।
ਉਨ੍ਹਾਂ ਦੀਆਂ ਪ੍ਰਾਪਤੀਆਂ
ਬਲਦੇਵ ਸਿੰਘ ਬਰਾੜ ਦੀ ਰੁਚੀ ਕੇਵਲ ਖੇਤੀ ਵੱਲ ਹੀ ਨਹੀਂ ਸੀ, ਸਗੋਂ ਖੇਤੀਬਾੜੀ ਦੇ ਕੰਮ ਨੂੰ ਆਸਾਨ ਬਣਾਉਣ ਲਈ ਖੇਤੀ ਮਸ਼ੀਨੀਕਰਨ ਵੱਲ ਵੀ ਉਨ੍ਹਾਂ ਦੀ ਪੂਰੀ ਦਿਲਚਸਪੀ ਸੀ। ਇੱਕ ਵਾਰ ਉਨ੍ਹਾਂ ਨੇ ਮੋਗੇ ਦੀ ਇੰਡਸਟ੍ਰੀਅਲ ਯੂਨਿਟ ਨੂੰ ਘੱਟ ਲਾਗਤ ‘ਤੇ ਝੋਨੇ ਵਿੱਚ ਕੱਦੂ ਕਰਨ ਵਾਲੀ ਮਸ਼ੀਨ ਵਿਕਸਿਤ ਕਰਨ ਦੇ ਲਈ ਤਕਨੀਕੀ ਸਲਾਹ ਵੀ ਦਿੱਤੀ ਅਤੇ ਉਹ ਮਸ਼ੀਨ ਹੁਣ ਬਹੁਤ ਪ੍ਰਸਿੱਧ ਹੋ ਗਈ ਹੈ।
ਉਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਸਪਰਿੰਗ ਕਲਟੀਵੇਟਰ ਵੀ ਵਿਕਸਿਤ ਕੀਤਾ, ਜਿਸ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ‘ਚੋਂ ਮਿੱਟੀ ਦੀ ਸਖ਼ਤ ਪਰਤ ਨੂੰ ਤੋੜਨ ਦੀ ਸਮਰੱਥਾ ਹੁੰਦੀ ਹੈ।
ਵਿਗਿਆਨਕਾਂ ਦੀ ਸਲਾਹ ਮੰਨ ਕੇ ਉਸ ਨੂੰ ਲਾਗੂ ਕਰਨਾ ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਰਿਹਾ ਹੈ, ਜਿਸ ਦੇ ਦੁਆਰਾ ਉਹ ਹੁਣ ਚੰਗਾ ਮੁਨਾਫ਼ਾ ਕਮਾ ਰਹੇ ਹਨ। ਉਹ ਹਮੇਸ਼ਾ ਆਪਣੇ ਕੰਮ ਅਤੇ ਖ਼ਰਚੇ ਦਾ ਪੂਰਾ ਦਸਤਾਵੇਜ਼ ਰੱਖਦੇ ਹਨ ਅਤੇ ਉਨ੍ਹਾਂ ਨੇ ਕਦੀ ਵੀ ਆਪਣੀ ਦਿਲਚਸਪੀ ਨੂੰ ਖਤਮ ਨਹੀਂ ਹੋਣ ਦਿੱਤਾ। ਖੇਤੀਬਾੜੀ ਖੇਤਰ ਵਿੱਚ ਹੋਣ ਵਾਲੇ ਨਵੇਂ ਆਵਿਸ਼ਕਾਰ ਅਤੇ ਤਕਨੀਕਾਂ ਨੂੰ ਜਾਣਨ ਦੇ ਲਈ ਉਹ ਹਮੇਸ਼ਾ ਕਿਸਾਨ ਮੇਲਿਆਂ ਵਿੱਚ ਜਾਂਦੇ ਹਨ। ਚੰਗੇ ਪਰਿਣਾਮ ਦੇ ਲਈ ਵਿਗਿਆਨਿਕ ਖੇਤੀ ਦੇ ਵੱਲ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ।
ਸੰਦੇਸ਼
“ਇੱਕ ਕਿਸਾਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਇਸ ਲਈ ਉਸ ਨੂੰ ਮੁਸ਼ਕਿਲਾਂ ਵਿੱਚ ਹਿੰਮਤ ਨਹੀਂ ਛੱਡਣੀ ਚਾਹੀਦੀ ਅਤੇ ਨਾ ਹੀ ਨਿਰਾਸ਼ ਹੋਣਾ ਚਾਹੀਦਾ ਹੈ। ਕਿਸਾਨ ਨੂੰ ਵਾਤਾਵਰਣ ਅਨੁਕੂਲ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ, ਤਦ ਹੀ ਉਹ ਤਰੱਕੀ ਕਰ ਸਕਦਾ ਹੈ ਅਤੇ ਆਪਣੀ ਜ਼ਮੀਨ ਤੋਂ ਚੰਗੀ ਪੈਦਾਵਾਰ ਪ੍ਰਾਪਤ ਕਰ ਸਕਦਾ ਹੈ।”