ਨਵਰੂਪ ਸਿੰਘ ਗਿੱਲ
ਇੱਕ ਇੰਜੀਨੀਅਰ ਦੀ ਜੀਵਨ ਯਾਤਰਾ ਜੋ ਕਿਸਾਨ ਬਣ ਗਿਆ ਅਤੇ ਕੁਦਰਤ ਦੇ ਤਾਲਮੇਲ ਨਾਲ ਮਾਰੂਥਲ ‘ਚੋਂ ਭੋਜਨ ਪ੍ਰਾਪਤ ਕਰ ਰਿਹਾ ਹੈ
“ਖੇਤੀ ਦੇ ਗ਼ਲਤ ਢੰਗਾਂ ਨਾਲ ਅਸੀਂ ਉਪਜਾਊ ਜ਼ਮੀਨ ਨੂੰ ਰੇਗਿਸਤਾਨ ਵਿੱਚ ਬਦਲਦੇ ਹਾਂ। ਜਦੋਂ ਤੱਕ ਅਸੀਂ ਜੈਵਿਕ ਖੇਤੀ ਵੱਲ ਵਾਪਸ ਨਹੀਂ ਜਾਂਦੇ ਅਤੇ ਮਿੱਟੀ ਨਹੀਂ ਬਚਾਉਂਦੇ, ਤਦ ਤੱਕ ਤਾਂ ਸਾਡਾ ਕੋਈ ਭਵਿੱਖ ਨਹੀਂ।” – ਜੱਗੀ ਵਾਸੂਦੇਵ
ਮਿੱਟੀ ਜੀਵਾਂ ਲਈ ਕਿਸੇ ਜਾਇਦਾਦ ਤੋਂ ਘੱਟ ਨਹੀਂ, ਅਤੇ ਸਾਰੇ ਜੀਵਾਂ ਵਿੱਚੋਂ ਸਿਰਫ ਮਨੁੱਖ ਹੀ ਕੁਦਰਤ ਦੀ ਸਭ ਤੋਂ ਕੀਮਤੀ ਸੰਪਤੀ ਨੂੰ ਪ੍ਰਭਾਵਿਤ ਕਰਨ ਜਾਂ ਤਬਦੀਲੀ ਕਰਨ ਦੇ ਸਮਰੱਥ ਹੈ।
ਜੱਗੀ ਵਾਸੂਦੇਵ ਦੁਆਰਾ ਬਹੁਤ ਸਹੀ ਕਿਹਾ ਗਿਆ ਹੈ ਕਿ ਅਸੀਂ ਖੇਤੀ ਦੀ ਗਲਤ ਵਿਧੀ ਦੀ ਵਰਤੋਂ ਕਰਕੇ ਆਪਣੀ ਉਪਜਾਊ ਜ਼ਮੀਨ ਨੂੰ ਮਾਰੂਥਲ ਵਿੱਚ ਬਦਲ ਰਹੇ ਹਾਂ। ਪਰ ਇੱਥੇ ਅਸੀਂ ਇੱਕ ਵਿਅਕਤੀ ਦੀ ਕਹਾਣੀ ਨੂੰ ਸਾਂਝਾ ਕਰਨ ਜਾ ਰਹੇ ਹਾਂ- ਨਵਰੂਪ ਸਿੰਘ ਗਿੱਲ, ਜੋ ਮਿੱਟੀ ਨੂੰ ਵਧੇਰੇ ਉਪਜਾਊ ਅਤੇ ਕੁਦਰਤੀ ਸਰੋਤਾਂ ਨੂੰ ਘੱਟ ਜ਼ਹਿਰੀਲਾ ਬਣਾ ਕੇ ਮਾਰੂਥਲ ਵਿਚੋਂ ਕੁਦਰਤੀ ਤਰੀਕੇ ਨਾਲ ਭੋਜਨ ਪ੍ਰਾਪਤ ਕਰ ਰਹੇ ਹਨ।
ਖੇਤੀਬਾੜੀ ਇੱਕ ਆਸ਼ੀਰਵਾਦ ਦੀ ਤਰ੍ਹਾਂ ਮਨੁੱਖ ਨੂੰ ਪ੍ਰਾਪਤ ਹੋਈ ਹੈ ਅਤੇ ਇਸ ਨੂੰ ਕੁਦਰਤ ਦੇ ਤਾਲਮੇਲ ਨਾਲ ਵਰਤ ਕੇ ਲੋਕਾਂ ਦੇ ਕਲਿਆਣ ਦਾ ਖਜ਼ਾਨਾ ਹਾਸਲ ਕੀਤਾ ਜਾ ਸਕਦਾ ਹੈ। ਨਵਰੂਪ ਸਿੰਘ ਗਿੱਲ ਨੇ ਇਸ ਮਾਮਲੇ ਨੂੰ ਬਹੁਤ ਚੰਗੀ ਤਰ੍ਹਾਂ ਸਮਝਿਆ, ਬਹੁਤ ਸਮਾਂ ਪਹਿਲਾਂ ਉਨ੍ਹਾਂ ਨੇ ਲੋਕਾਂ ਦੀ ਤਰੱਕੀ ਅਤੇ ਕੁਦਰਤ ਨੂੰ ਬਚਾਉਣ ਲਈ ਕੁਦਰਤੀ ਖੇਤੀ ਵੱਲ ਮੁੜਨ ਦਾ ਫੈਸਲਾ ਕੀਤਾ।
ਨਵਰੂਪ ਸਿੰਘ ਗਿੱਲ ਵਿਦੇਸ਼ ਵਿੱਚ ਵੀ ਬਹੁਤ ਵਧੀਆ ਕੰਮ ਕਰ ਰਹੇ ਸੀ, ਪਰ ਇੱਕ ਦਿਨ ਉਹਨਾਂ ਨੇ ਭਾਰਤ ਆਉਣ ਦਾ ਫੈਸਲਾ ਕੀਤਾ ਅਤੇ ਆਪਣੇ ਵੱਡੇ ਭਰਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਜਿਵੇਂ ਹੀ ਉਹਨਾਂ ਨੇ ਜਲਦੀ ਆਪਣੇ ਆਪ ਨੂੰ ਜੀਵਨ ਦੀਆਂ ਸਮੱਸਿਆਵਾਂ ਨਾਲ ਜੋੜਨਾ ਸ਼ੁਰੂ ਕੀਤਾ, ਦ੍ਰਿੜਤਾ ਅਤੇ ਅਧਿਆਤਮਿਕ ਗਿਆਨ ਦੀ ਲਹਿਰ ਨੇ ਉਸ ਨੂੰ ਇੱਕ ਨਵੇਂ ਰੂਪ ਵਿੱਚ ਬਦਲ ਦਿੱਤਾ।
“ਮੇਰਾ ਪਰਿਵਾਰ ਸ਼ੁਰੂਆਤ ਤੋਂ ਖੇਤੀਬਾੜੀ ਦੇ ਖੇਤਰ ਵਿੱਚ ਨਹੀਂ ਸੀ। ਮੇਰੇ ਪਿਤਾ ਜੀ ਕਮਲਜੀਤ ਸਿੰਘ ਗਿੱਲ, ਇੱਕ ਬਿਜ਼ਨਸਮੈਨ ਸਨ ਅਤੇ ਉਹਨਾਂ ਨੇ 1998 ਤੱਕ ਕਪਾਹ ਦੀ ਕਤਾਈ ਅਤੇ ਬੁਣਾਈ ਦੀ ਮਿੱਲ ਚਲਾਈ, ਪਰ ਕੁੱਝ ਆਰਥਿਕ ਨੁਕਸਾਨ ਅਤੇ ਹਾਲਾਤਾਂ ਦੇ ਕਾਰਨ ਮਿੱਲ ਬੰਦ ਕਰਨੀ ਪਈ। ਉਸ ਵੇਲੇ ਅਸੀਂ ਸੋਚਿਆ ਨਹੀਂ ਸੀ ਕਿ ਇਹ ਬੁਰਾ ਅੰਤ ਸਾਨੂੰ ਇੱਕ ਵਧੀਆ ਸ਼ੁਰੂਆਤ ਵੱਲ ਲੈ ਜਾਵੇਗਾ…ਉਸ ਤੋਂ ਬਾਅਦ ਮੇਰੇ ਪਿਤਾ ਨੇ ਖੇਤੀਬਾੜੀ ਕਰਨੀ ਸ਼ੁਰੂ ਕੀਤੀ ਅਤੇ ਵੱਡੇ ਭਰਾ ਦੀ ਪੜਾਈ ਪੂਰੀ ਹੋਣ ਤੋਂ ਬਾਅਦ ਉਹ ਵੀ ਇਸ ਵਿੱਚ ਸ਼ਾਮਲ ਹੋ ਗਿਆ। 2010 ਵਿੱਚ ਮੈਂ ਵੀ ਇਸ ਧੰਦੇ ‘ਚ ਸ਼ਾਮਲ ਹੋ ਗਿਆ।”
ਪਹਿਲਾਂ, ਨਵਦੀਪ ਸਿੰਘ ਗਿੱਲ ਕੁਦਰਤੀ ਖੇਤੀ ਕਰਦੇ ਸਨ, ਪਰ ਵੱਡੇ ਪੈਮਾਨੇ ‘ਤੇ ਨਹੀਂ। ਨਵਦੀਪ ਨੇ ਛੋਟੇ ਭਰਾ(ਨਵਰੂਪ ਸਿੰਘ) ਦੀ ਸਹਾਇਤਾ ਨਾਲ ਹੌਲੀ-ਹੌਲੀ ਇਸ ਨੂੰ ਵਧਾਉਣਾ ਸ਼ੁਰੂ ਕੀਤਾ। ਇੱਕ-ਇੱਕ ਬਚਾਇਆ ਪੈਸਾ ਕੁਦਰਤੀ ਖੇਤੀ ਨੂੰ ਵਧਾਉਣ ਵੱਲ ਕਦਮ ਸੀ।
ਇੱਕ ਹੋਰ ਖੇਤਰ, ਜਿਸ ਵਿੱਚ ਨਵਰੂਪ ਸਿੰਘ ਗਿੱਲ ਜੀ ਦਾ ਰੁਝਾਨ ਬਣਿਆ, ਉਹ ਸੀ ਡੇਅਰੀ ਫਾਰਮਿੰਗ। ਇਹ ਉਹਨਾਂ ਦਾ ਗਾਵਾਂ ਪ੍ਰਤੀ ਪਿਆਰ ਹੀ ਸੀ, ਜਿਸ ਕਰਕੇ ਉਹਨਾਂ ਨੇ ਪਸ਼ੂ ਪਾਲਣ ਸ਼ੁਰੂ ਕੀਤਾ। ਉਹਨਾਂ ਨੇ ਸ਼ੁਰੂਆਤ ਵਿੱਚ ਕੁੱਝ ਕੁ ਗਾਵਾਂ ਨਾਲ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਫਾਰਮ ਵਿੱਚ ਜਾਨਵਰਾਂ ਦੀ ਗਿਣਤੀ ਵਧਾਈ।
2013 ਵਿੱਚ “ਥਾਰ ਨੈਚੁਰਲਜ਼” ਦਾ ਵਿਚਾਰ ਦੋਨਾਂ ਭਰਾਵਾਂ ਦੇ ਮਨ ਵਿੱਚ ਆਇਆ ਅਤੇ ਫਿਰ ਉਨ੍ਹਾਂ ਨੇ ਜ਼ਮੀਨ ਦੀ ਤਿਆਰੀ ਤੋਂ ਵਾਢੀ ਕਰਨ ਤੱਕ ਦੇ ਸਭ ਧੰਦੇ ਕੁਦਰਤੀ ਤੌਰ ‘ਤੇ ਕਰਨ ਦਾ ਫੈਸਲਾ ਕੀਤਾ। ਸਿੱਟੇ ਵਜੋਂ ਖੇਤਾਂ ਵਿੱਚ ਰਸਾਇਣ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਦੇ ਮੁਕਾਬਲੇ ਉਨ੍ਹਾਂ ਦੀ ਫ਼ਸਲ ਦੀ ਪੈਦਾਵਾਰ ਵਿੱਚ ਵੱਧ ਹੋਈ। ਹੌਲੀ-ਹੌਲੀ ਥਾਰ ਨੈਚੁਰਲਜ਼ ਮਸ਼ਹੂਰ ਬ੍ਰੈਂਡ ਬਣ ਗਿਆ ਅਤੇ ਗਿੱਲ ਭਰਾਵਾਂ ਨੇ ਆਪਣੀ ਉਤਪਾਦਾਂ ਦੀ ਸੂਚੀ ਵਿੱਚ ਹੋਰ ਫ਼ਸਲਾਂ ਸ਼ਾਮਿਲ ਕੀਤੀਆਂ।
ਇਹ ਨਵਰੂਪ ਸਿੰਘ ਦੇ ਸਕਾਰਾਤਮਕ ਵਿਚਾਰ ਅਤੇ ਪਰਿਵਾਰਕ ਸਹਿਯੋਗ ਹੀ ਸੀ, ਜਿਸਨੇ ਗਿੱਲ ਪਰਿਵਾਰ ਨੂੰ ਇੱਕ ਵਾਰ ਫਿਰ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ।
ਨਵਰੂਪ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਯਤਨਾਂ ਨੇ ਹੀ ਉਨ੍ਹਾਂ ਦੇ ਕੁਦਰਤੀ ਖੇਤੀ ਦੇ ਉੱਦਮ ਨੂੰ ਪਹਿਚਾਣ ਦਿਵਾਈ ਅਤੇ 2015 ਵਿੱਚ ਕ੍ਰਿਸ਼ਕ ਸਨਮਾਨ ਪੁਰਸਕਾਰ ਮਿਲਿਆ।
ਗਿੱਲ ਪਰਿਵਾਰ ਨੂੰ 2016 ਵਿੱਚ ਵੀ ਕ੍ਰਿਸ਼ਕ ਸਨਮਾਨ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ।
2016 ਵਿੱਚ ਕਮਲਜੀਤ ਸਿੰਘ ਗਿੱਲ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ(ਰਮਨਦੀਪ ਸਿੰਘ ਗਿੱਲ) ਨੇ ਵਿਦੇਸ਼ ਤੋਂ ਵਾਪਸ ਆਉਣ ਦਾ ਫੈਸਲਾ ਕੀਤਾ ਅਤੇ ਆਪਣੇ ਭਰਾ ਦੇ ਕਾਰੋਬਾਰ ਵਿੱਚ ਹੱਥ ਵੰਡਾਉਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਤਿੱਕੜੀ ਪੂਰੀ ਹੋ ਗਈ।
ਨਵਰੂਪ ਸਿੰਘ ਗਿੱਲ – “ਗਿੱਲ ਪਰਿਵਾਰ ਲਈ ਥਾਰ ਨੈਚੁਰਲਜ਼ ਕੁਦਰਤੀ ਖੇਤੀ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨ ਅਤੇ ਰਾਜਸਥਾਨ ਦੇ ਨਾਲ-ਨਾਲ ਹੋਰਨਾਂ ਰਾਜਾਂ ਦੇ ਕਿਸਾਨਾਂ ਨੂੰ ਇਹ ਜਾਣੂ ਕਰਵਾਉਣ ਦਾ ਤਰੀਕਾ ਹੈ ਕਿ ਕੁਦਰਤੀ ਖੇਤੀ ਦੁਆਰਾ ਉੱਚ ਪੈਦਾਵਾਰ ਅਤੇ ਚੰਗੀ ਗੁਣਵੱਤਾ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਥਾਰ ਨੈਚੁਰਲਜ਼ ਪੂਰੇ ਪਰਿਵਾਰ ਦੇ ਯਤਨਾਂ ਦੇ ਬਿਨਾਂ ਸੰਭਵ ਨਹੀਂ ਸੀ।”
ਅੱਜ ਥਾਰ ਨੈਚੁਰਲਜ਼ ਵਿੱਚ ਅਨਾਜ, ਦਾਲਾਂ, ਬਾਜਰੇ, ਫਲ ਅਤੇ ਸਬਜ਼ੀਆਂ ਦੀਆਂ ਵੱਖ ਵੱਖ ਕਿਸਮਾਂ ਤਿਆਰ ਕੀਤੀਆਂ ਜਾਂਦੀਆਂ ਹਨ; ਇਸ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ: ਖੇਤੀਬਾੜੀ, ਖਾਦ, ਡੇਅਰੀ ਅਤੇ ਬਾਗਬਾਨੀ। ਉਹ ਹਰੀ ਮੂੰਗੀ, ਕਾਲੇ ਚਨੇ, ਮੇਥੀ ਦੇ ਬੀਜ, ਚਿੱਟੇ ਚਨੇ, ਐਲੋਵੇਰਾ, ਸਣ ਦੇ ਬੀਜ ਅਤੇ ਕਨੋਲਾ ਤੇਲ ਆਦਿ ਦਾ ਵੀ ਉਤਪਾਦਨ ਕਰਦੇ ਹਨ। ਕੁੱਝ ਵਿਸ਼ੇਸ਼ ਉਤਪਾਦ, ਜੋ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਉਹ ਆਪਣੇ ਖੇਤਾਂ ਵਿੱਚ ਵਰਤਦੇ ਹਨ: ਜੀਵ ਅੰਮ੍ਰਿਤ, ਜੀਆਨ ਅਤੇ ਵਰਮੀਕੰਪੋਸਟ। ਉਹ ਡੇਅਰੀ ਉਤਪਾਦ ਵੀ ਵੇਚਦੇ ਹਨ: ਜਿਵੇਂ ਕਿ ਸਾਹੀਵਾਲ ਗਾਂ ਦਾ ਦੁੱਧ ਅਤੇ ਦੇਸੀ ਘਿਓ।
ਇਸ ਸਮੇਂ ਨਵਰੂਪ ਸਿੰਘ ਗਿੱਲ ਆਪਣੇ ਪਰਿਵਾਰ ਨਾਲ ਰਾਜਸਥਾਨ ਦੇ ਜ਼ਿਲ੍ਹਾ ਸ਼੍ਰੀ ਗੰਗਾਨਗਰ ਦੀ ਤਹਿਸੀਲ ਰਾਏ ਸਿੰਘ ਵਿੱਚ ਪੈਂਦੇ ਪਿੰਡ 58 ਆਰ. ਬੀ. ਵਿੱਚ ਰਹਿੰਦੇ ਹਨ। ਸ਼੍ਰੀਮਤੀ ਸੰਦੀਪ ਕੌਰ ਗਿੱਲ(ਸੁਪਤਨੀ ਨਵਦੀਪ ਸਿੰਘ), ਸ਼੍ਰੀਮਤੀ ਗੁਰਪ੍ਰੀਤ ਕੌਰ ਗਿੱਲ(ਸੁਪਤਨੀ ਨਵਰੂਪ ਸਿੰਘ) ਅਤੇ ਸ਼੍ਰੀਮਤੀ ਰਮਨਦੀਪ ਕੌਰ ਗਿੱਲ(ਸੁਪਤਨੀ ਰਮਨਦੀਪ ਸਿੰਘ) ਥਾਰ ਨੈਚੂਰਲ ਦੇ ਗੁਪਤ ਸਹਾਇਕ ਮੈਂਬਰ ਹਨ ਅਤੇ ਉਹ ਘਰ ਦੇ ਮੁੱਖ ਅਧਿਕਾਰੀ ਦੀ ਭੂਮਿਕਾ ਨਿਭਾਉਂਦੇ ਹਨ।
ਖੇਤੀ ਤਕਨੀਕ: ਪਾਣੀ ਦੇ ਪ੍ਰਬੰਧਨ ਲਈ ਮਲਚਿੰਗ।
ਨਵਰੂਪ ਸਿੰਘ ਜੀ ਕੁੱਝ ਕਾਮਿਆਂ ਦੀ ਮਦਦ ਨਾਲ ਖੁਦ ਹੀ ਡੇਅਰੀ ਫਾਰਮ ਦੀ ਸੰਭਾਲ ਕਰਦੇ ਹਨ।
ਸੰਦੇਸ਼
“ਕੁਦਰਤੀ ਖੇਤੀ ਕਿਸਾਨਾਂ ਲਈ ਲੰਬੇ ਸਮੇਂ ਤੱਕ ਸਫ਼ਲਤਾ ਹਾਸਲ ਕਰਨ ਦਾ ਇੱਕੋ ਇੱਕ ਰਸਤਾ ਹੈ।”
ਨਵਰੂਪ ਸਿੰਘ ਗਿੱਲ ਉਹਨਾਂ ਕਿਸਾਨਾਂ ਲਈ ਇੱਕ ਪ੍ਰਮੁੱਖ ਉਦਾਹਰਣ ਹੈ, ਜੋ ਭਵਿੱਖ ਵਿੱਚ ਖੁਦ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਸਫ਼ਲ ਬਣਾਉਣਾ ਚਾਹੁੰਦੇ ਹਨ। ਥਾਰ ਨੈਚੁਰਲਜ਼ ਇੱਕ ਮਿਸਾਲ ਹੈ ਕਿ ਕਿਸ ਤਰ੍ਹਾਂ ਰਸਾਇਣਾਂ ਅਤੇ ਸੁਧਰੇ ਬੀਜਾਂ ਵਾਲੀ ਖੇਤੀ ਦੇ ਮੁਕਾਬਲੇ ਕੁਦਰਤੀ ਖੇਤੀ ਨਾਲ ਵੀ ਸਮਾਨ ਮੁਨਾਫ਼ਾ ਲਿਆ ਜਾ ਸਕਦਾ ਹੈ।