mandeep-pb

ਮਨਦੀਪ ਵਰਮਾ

(ਕੀਵੀ)

ਜਾਣੋ ਕਿਵੇਂ ਇਹ ਕਿਸਾਨ ਬੰਜਰ ਜ਼ਮੀਨ ਉੱਤੇ ਖੇਤੀ ਕਰ ਕੇ ਕਮਾ ਰਿਹਾ ਹੈ ਲੱਖਾਂ ਰੁਪਏ

ਇੱਕ ਕਿਸਾਨ ਲਈ ਉਸਦੀ ਜ਼ਮੀਨ ਹੀ ਸਭ ਕੁੱਝ ਹੁੰਦੀ ਹੈ। ਫ਼ਸਲ ਦੀ ਪੈਦਾਵਾਰ ਜ਼ਮੀਨ ਦੇ ਉਪਜਾਊਪਣ ‘ਤੇ ਹੀ ਨਿਰਭਰ ਕਰਦੀ ਹੈ, ਪਰ ਜੇਕਰ ਜ਼ਮੀਨ ਹੀ ਬੰਜਰ ਹੋਵੇ ਤਾਂ ਕਿਸਾਨ ਦੀਆਂ ਉਮੀਦਾਂ ਹੀ ਟੁੱਟ ਜਾਂਦੀਆਂ ਹਨ। ਪਰ ਹਿਮਾਚਲ ਦਾ ਇੱਕ ਅਜਿਹਾ ਕਿਸਾਨ ਹੈ ਜੋ ਬੰਜਰ ਜ਼ਮੀਨ ‘ਤੇ ਖੇਤੀ ਕਰਕੇ ਅੱਜ ਲੱਖਾਂ ਰੁਪਏ ਕਮਾ ਰਿਹਾ ਹੈ।

ਐਮ.ਬੀ.ਏ. ਦੀ ਪੜ੍ਹਾਈ ਕਰਨ ਵਾਲੇ ਮਨਦੀਪ ਵਰਮਾ ਨੇ ਬਤੌਰ ਮੈਨੇਜਰ ਵਿਪਰੋ ਕੰਪਨੀ ਵਿੱਚ 4 -5 ਸਾਲ ਨੌਕਰੀ ਕੀਤੀ। ਪਰ ਇਸ ਨੌਕਰੀ ਤੋਂ ਉਹਨਾਂ ਨੂੰ ਸੰਤੁਸ਼ਟੀ ਨਾ ਮਿਲੀ ਅਤੇ ਉਹਨਾਂ ਨੇ ਆਪਣੀ ਪਤਨੀ ਸਮੇਤ ਵਾਪਸ ਆਪਣੇ ਸ਼ਹਿਰ ਸੋਲਨ ਆਉਣ ਦਾ ਫੈਸਲਾ ਕੀਤਾ। ਸੋਲਨ ਵਾਪਸ ਆ ਕੇ ਉਹਨਾਂ ਨੇ ਆਪਣੀ ਬੰਜਰ ਜ਼ਮੀਨ ‘ਤੇ ਖੇਤੀ ਕਰਨ ਬਾਰੇ ਸੋਚਿਆ। ਪਰ ਉਹ ਸਾਰੇ ਕਿਸਾਨਾਂ ਵਾਂਗ ਰਿਵਾਇਤੀ ਖੇਤੀ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਸਭ ਨਾਲੋਂ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਨੇ ਬਾਗਬਾਨੀ ਕਰਨ ਦਾ ਵਿਚਾਰ ਬਣਾਇਆ।

ਆਪਣੇ ਇਸ ਵਿਚਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਉਹਨਾਂ ਨੇ ਪਹਿਲਾ ਆਪਣੇ ਇਲਾਕੇ ਦੇ ਮੌਸਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਮਿਲ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਅਤੇ ਅੰਤ ਉਹਨਾਂ ਨੇ ਕੀਵੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

ਕੀਵੀ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਲਈ ਮੈਂ ਲਾਇਬ੍ਰੇਰੀ ਵਿੱਚ ਗਿਆ, ਬਹੁਤ ਕਿਤਾਬਾਂ ਪੜ੍ਹੀਆਂ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਵੀ ਮਿਲਿਆ ਅਤੇ ਸਾਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਕੀਵੀ ਦੀ ਖੇਤੀ ਸ਼ੁਰੂ ਕੀਤੀ – ਮਨਦੀਪ ਵਰਮਾ

ਸੋਲਨ ਦੇ ਬਾਗਬਾਨੀ ਵਿਭਾਗ ਅਤੇ ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਦੇ ਵਿਗਿਆਨਿਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ 2014 ਵਿੱਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾਇਆ। ਉਹਨਾਂ ਨੇ 14 ਬਿੱਘੇ ਜ਼ਮੀਨ ‘ਤੇ ਕੀਵੀ ਦ ਬਗ਼ੀਚਾ ਬਣਾਇਆ।

ਇਸ ਬਗ਼ੀਚੇ ਵਿੱਚ ਉਹਨਾਂ ਨੇ ਕੀਵੀ ਦੀਆਂ ਉੱਨਤ ਕਿਸਮਾਂ ਐਲੀਸਨ ਅਤੇ ਹੈਬਰਡ ਦੇ ਪੌਦੇ ਲਗਾਏ। ਕਰੀਬ 14 ਲੱਖ ਰੁਪਏ ਵਿੱਚ ਬਗ਼ੀਚਾ ਤਿਆਰ ਕਰਨ ਦੇ ਬਾਅਦ 2017 ਵਿੱਚ ਮਨਦੀਪ ਨੇ ਕੀਵੀ ਵੇਚਣ ਲਈ ਇੱਕ ਵੈੱਬਸਾਈਟ ਬਣਾਈ।

ਬਾਗ ਤੋਂ ਫਲ ਸਿੱਧਾ ਗ੍ਰਾਹਕ ਤੱਕ ਪਹੁੰਚਾਉਣ ਦੀ ਮੇਰੀ ਇਹ ਕੋਸ਼ਿਸ਼ ਸਫ਼ਲ ਰਹੀ – ਮਨਦੀਪ ਵਰਮਾ

ਕੀਵੀ ਦੀ ਸਪਲਾਈ ਵੈੱਬਸਾਈਟ ‘ਤੇ ਆਨਲਾਈਨ ਬੁਕਿੰਗ ਤੋਂ ਬਾਅਦ ਕੀਤੀ ਜਾਂਦੀ ਹੈ। ਹੈਦਰਾਬਾਦ, ਬੰਗਲੌਰ, ਦਿੱਲੀ, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਨਲਾਈਨ ਕੀਵੀ ਫਲ ਵੇਚਿਆ ਜਾਂਦਾ ਹੈ।

ਕੀਵੀ ਦੇ ਡੱਬੇ ਉੱਪਰ ਕਦ ਫਲ ਤੋੜਿਆ, ਕਦ ਡੱਬੇ ਵਿੱਚ ਪੈਕ ਕੀਤਾ ਸਾਰੀ ਜਾਣਕਾਰੀ ਡੱਬੇ ਉੱਪਰ ਦਿੱਤੀ ਜਾਂਦੀ ਹੈ। ਇੱਕ ਡੱਬੇ ਵਿੱਚ ਇੱਕ ਕਿੱਲੋ ਕੀਵੀ ਫਲ ਪੈਕ ਕੀਤਾ ਜਾਂਦਾ ਹੈ ਅਤੇ ਇਸਦੀ ਕੀਮਤ 350 ਰੁਪਏ ਪ੍ਰਤੀ/ਬਾਕਸ ਹੈ। ਜਦਕਿ ਸੋਲਨ ਵਿੱਚ ਕੀਵੀ 150 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕਦਾ ਹੈ।

ਮਨਦੀਪ ਮੁਤਾਬਿਕ ਦੇਸ਼ ਵਿੱਚ ਕੀਵੀ ਦੀ ਖੇਤੀ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਤੋਂ ਹੀ ਹੋਈ। ਅੱਜ ਦੇਸ਼ ਦੇ ਕੁੱਲ ਕੀਵੀ ਉਤਪਾਦਨ ਦਾ 60 ਫੀਸਦੀ ਅਰੁਣਾਚਲ ਪ੍ਰਦੇਸ਼ ਵਿੱਚ ਤਿਆਰ ਹੁੰਦਾ ਹੈ।

ਮਨਦੀਪ ਕੀਵੀ ਫਲ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਤਿਆਰ ਕਰਦੇ ਹਨ। ਜੈਵਿਕ ਖੇਤੀ ਦੀ ਮੰਤਵ ਨੂੰ ਅਪਣਾਉਂਦੇ ਹੋਏ ਉਹ ਕੰਪੋਸਟ ਅਤੇ ਜੀਵ ਅੰਮ੍ਰਿਤ ਵੀ ਖੁਦ ਤਿਆਰ ਕਰਦੇ ਹਨ।

ਸਾਡੇ ਫਾਰਮ ਵਿੱਚ ਤਿਆਰ ਹੋਏ ਕੀਵੀ ਡੇਢ-ਦੋ ਮਹੀਨੇ ਤੱਕ ਖ਼ਰਾਬ ਨਹੀਂ ਹੁੰਦਾ – ਮਨਦੀਪ ਵਰਮਾ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੇ 2018 ਵਿੱਚ ਸੇਬ ਦੀ ਖੇਤੀ ਸ਼ੁਰੂ ਕੀਤੀ। ਮਨਦੀਪ ਜ਼ੀਰੋ ਬਜਟ ਖੇਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਉਪਲੱਬਧੀਆਂ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਕਾਰਨ ਮਨਦੀਪ ਵਰਮਾ ਨੂੰ 2019 ਵਿੱਚ ਕ੍ਰਿਸ਼ੀ ਮੇਲਾ ਹਿਮਾਚਲ ਪ੍ਰਦੇਸ਼ ਵਿੱਚ ਪ੍ਰੋਗਰੈਸਿਵ ਫਾਰਮਰ ਦਾ ਐਵਾਰਡ ਦਿੱਤਾ ਗਿਆ।

ਭਵਿੱਖ ਦੀ ਯੋਜਨਾ

ਇਸ ਸਮੇਂ ਮਨਦੀਪ ਵਰਮਾ ਦੀਆਂ ਦੋ ਨਰਸਰੀਆਂ ਹਨ ਅਤੇ ਉਹ ਇਹੋ ਜਿਹੀਆਂ ਹੋਰ ਨਰਸਰੀਆਂ ਤਿਆਰ ਕਰਨਾ ਚਾਹੁੰਦੇ ਹਨ।

ਸੰਦੇਸ਼
“ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੀ ਮੌਸਮ ਸੰਬੰਧੀ ਸਾਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਸੋਸ਼ਲ ਮੀਡਿਆ ‘ਤੇ ਸਾਰੀ ਜਾਣਕਾਰੀ ਉਪਲੱਬਧ ਹੈ, ਸਾਨੂੰ ਸੋਸ਼ਲ ਮੀਡਿਆ ਨੂੰ ਸੁਚਾਰੂ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਜੈਵਿਕ ਖੇਤੀ ਅਤੇ ਜ਼ੀਰੋ ਬਜਟ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਜ਼ਿਆਦਾ ਮੁਨਾਫ਼ਾ ਹੈ।”