nagra pb

ਸੁਰਿੰਦਰ ਸਿੰਘ ਨਾਗਰਾ

(ਚਕਿਤਸਿਕ ਪੌਦੇ)

ਅਜਿਹਾ ਕਿਸਾਨ ਜਿਸਨੇ ਸ਼ੌਂਕ ਨਾਲ ਸ਼ੁਰੂ ਕੀਤੀ ਜੜ੍ਹੀਆਂ-ਬੂਟੀਆਂ ਦੀ ਖੇਤੀ ਅਤੇ ਕਿਸਾਨ ਤੋਂ ਬਣਿਆ ਵੈਦ

ਸੁਰਿੰਦਰ ਸਿੰਘ ਨਾਗਰਾ ਜੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿੱਚ ਪੈਂਦੇ ਪਿੰਡ ਕੋਹਾਲਾ ਦੇ ਵਸਨੀਕ ਹਨ ਅਤੇ ਅੱਜ-ਕੱਲ੍ਹ ਕਰਤਾਰਪੁਰ ਸਾਹਿਬ ਵਿੱਚ ਰੇਸ਼ਮ ਆਯੁਰਵੈਦਿਕ ਨਰਸਰੀ ਚਲਾ ਰਹੇ ਹਨ। ਨਾਗਰਾ ਜੀ ਨੇ ਕਈ ਤਰ੍ਹਾਂ ਦੇ ਚਕਿਤਸਿਕ ਪੌਦਿਆਂ ਦੀ ਖੇਤੀ ਕਰ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ।

ਸੁਰਿੰਦਰ ਸਿੰਘ ਨਾਗਰਾ ਆਪਣੇ ਪਿਤਾ ਪਹਿਲਵਾਨ ਨਸੀਬ ਸਿੰਘ ਅਤੇ ਮਾਤਾ ਰੇਸ਼ਮ ਕੌਰ ਦੇ ਇਕਲੌਤੇ ਪੁੱਤਰ ਹਨ। ਨਸੀਬ ਸਿੰਘ ਜੀ ਖੇਤੀ ਦੇ ਨਾਲ-ਨਾਲ ਆੜ੍ਹਤੀਏ ਦਾ ਸਮਾਨ ਗੱਡੇ ‘ਤੇ ਲੱਦ ਕੇ ਜਲੰਧਰ ਵੀ ਛੱਡ ਕੇ ਆਉਂਦੇ ਸਨ, ਜਿਸ ਨਾਲ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ। ਘਰ ਵਿੱਚ ਆਰਥਿਕ ਤੰਗੀ ਦੇਖਦੇ ਹੋਏ ਸੁਰਿੰਦਰ ਜੀ ਨੇ ਵੀ ਪਿਤਾ ਨਾਲ ਹੱਥ ਵੰਡਾਉਣ ਲਈ 17-18 ਸਾਲ ਦੀ ਉਮਰ ਵਿੱਚ ਟੈਕਸੀ ਚਲਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹਾਲਾਤ ਠੀਕ ਹੁੰਦੇ ਦੇਖ ਸੁਰਿੰਦਰ ਜੀ ਦਾ ਵਿਆਹ ਕਰ ਦਿੱਤਾ ਗਿਆ। ਵਿਆਹ ਤੋਂ ਬਾਅਦ ਕੁੱਝ ਪਰਿਵਾਰਿਕ ਸਮੱਸਿਆਵਾਂ ਦੇ ਕਾਰਣ ਉਨ੍ਹਾਂ ਨੇ ਆਪਣੀ ਪਤਨੀ ਤੋਂ ਤਲਾਕ ਲੈ ਲਿਆ। ਕੁੱਝ ਸਮੇਂ ਬਾਅਦ ਨਾਗਰਾ ਜੀ ਦਾ ਦੂਜਾ ਵਿਆਹ ਹੋਇਆ। ਦੂਜੀ ਪਤਨੀ ਦੇ ਤੌਰ ‘ਤੇ ਉਹਨਾਂ ਨੂੰ ਨਛੱਤਰ ਕੌਰ ਦਾ ਸਾਥ ਮਿਲਿਆ। ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਨਿਭਾਉਣ ਲਈ ਉਹਨਾਂ ਨੇ ਸ਼ਰਾਬ ਦੇ ਠੇਕੇ ‘ਤੇ ਬਤੌਰ ਸੁਪਰਵਾਈਜ਼ਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਕੁੱਝ ਸਮੇਂ ਬਾਅਦ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਨਸ਼ਿਆਂ ਦਾ ਕਾਰੋਬਾਰ ਇੱਕ ਜੁਰਮ ਵਾਂਗ ਹੈ ਅਤੇ ਨਾਗਰਾ ਜੀ ਨੇ ਇਹ ਨੌਕਰੀ ਛੱਡ ਦਿੱਤੀ। ਇਸ ਦੌਰਾਨ ਪਿਤਾ ਦੇ ਅਚਨਚੇਤ ਦੇਹਾਂਤ ਤੋਂ ਬਾਅਦ ਘਰ ਦੀ ਪੂਰੀ ਜ਼ਿੰਮੇਵਾਰੀ ਸੁਰਿੰਦਰ ਜੀ ਦੇ ਸਿਰ ‘ਤੇ ਆ ਗਈ। ਇਸ ਪਿੱਛੋਂ ਸੁਰਿੰਦਰ ਜੀ ਨੇ ਕੀੜੇਮਾਰ ਦਵਾਈਆਂ ਅਤੇ ਖਾਦ ਦੀ ਦੁਕਾਨ ਖੋਲ੍ਹੀ। ਪਰ ਇਸ ਕਾਰੋਬਾਰ ‘ਚ ਵੀ ਸਫਲਤਾ ਨਾ ਮਿਲੀ। ਦੁਕਾਨ ਵਿੱਚ ਚੋਰੀ ਹੋਣ ਕਰਕੇ ਉਨ੍ਹਾਂ ਨੂੰ ਕਾਫ਼ੀ ਘਾਟਾ ਝੱਲਣਾ ਪਿਆ।

ਦੁਕਾਨ ਵਿੱਚ ਚੋਰੀ ਹੋਣ ਕਾਰਨ, ਸਾਰੇ ਲੋਕ ਕਹਿ ਰਹੇ ਸਨ ਕਿ ਬਹੁਤ ਮਾੜਾ ਹੋਇਆ, ਪਰ ਮੈਂ ਸਾਰਿਆਂ ਨੂੰ ਹੱਸ ਕੇ ਕਿਹਾ ਕਿ ਮੇਰੇ ਪਾਪਾਂ ਦੀ ਕਮਾਈ ਨਿਕਲ ਗਈ, ਬਹੁਤ ਚੰਗਾ ਹੋਇਆ। – ਸੁਰਿੰਦਰ ਸਿੰਘ ਨਾਗਰਾ

ਇਸ ਤੋਂ ਬਾਅਦ ਉਹਨਾਂ ਨੇ ਆੜ੍ਹਤ ਦੇ ਨਾਲ-ਨਾਲ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ। ਪਰ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਉਹ ਆੜ੍ਹਤੀਏ ਦੇ ਕੰਮ ਵਿੱਚ ਜ਼ਿਮੀਂਦਾਰਾਂ ਤੋਂ ਵਿਆਜ਼ ਨਹੀਂ ਲੈਂਦੇ ਸਨ। ਨਾਗਰਾ ਜੀ ਕਦੇ ਵੀ ਕਿਸੇ ਕਿਸਾਨ ਨੂੰ ਨਿਰਾਸ਼ ਅਤੇ ਖਾਲੀ ਹੱਥ ਵਾਪਸ ਨਹੀਂ ਭੇਜਦੇ, ਸਗੋਂ ਲੋੜ ਅਨੁਸਾਰ ਨਕਦੀ ਵੀ ਦੇ ਦਿੰਦੇ ਸਨ। ਇਸ ਤਰੀਕੇ ਨਾਲ ਕੰਮ ਕਰਨ ਵਿੱਚ ਕਿਸਾਨਾਂ ਦਾ ਭਲਾ ਤਾਂ ਸੀ ਪਰ ਉਹਨਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਸੀ, ਜਿਸ ਕਾਰਨ ਆਖਿਰਕਾਰ ਆੜ੍ਹਤ ਦਾ ਕੰਮ ਵੀ ਬੰਦ ਕਰਨਾ ਪਿਆ। ਫਿਰ ਉਹਨਾਂ ਨੇ ਆਪਣਾ ਸਾਰਾ ਧਿਆਨ ਟਰਾਂਸਪੋਰਟ ਦੇ ਕੰਮ ‘ਤੇ ਕੇਂਦਰਿਤ ਕਰ ਦਿੱਤਾ। ਇਸ ਕਾਰੋਬਾਰ ਵਿੱਚ ਮਿਹਨਤ ਕਰਕੇ ਹੌਲੀ-ਹੌਲੀ ਉਹਨਾਂ ਕੋਲ ਖੁਦ ਦੀਆਂ 4-5 ਗੱਡੀਆਂ ਹੋ ਗਈਆਂ।

ਪਰਿਵਾਰਿਕ ਜ਼ਿੰਮੇਵਾਰੀਆਂ ਦੇ ਨਾਲ, ਉਹਨਾਂ ਦਾ ਆਪਣਾ ਇਕ ਵੱਖਰਾ ਸ਼ੋਂਕ ਵੀ ਸੀ, ਜਿਸ ਨੇ ਉਨ੍ਹਾਂ ਨੂੰ ਪ੍ਰਸਿੱਧ ਕਰ ਦਿੱਤਾ। ਉਹਨਾਂ ਨੂੰ ਬਚਪਨ ਤੋਂ ਹੀ ਜੜ੍ਹੀਆਂ-ਬੂਟੀਆਂ ਬਾਰੇ ਗਿਆਨ ਰੱਖਣ ਦਾ ਸ਼ੌਂਕ ਸੀ ਅਤੇ ਆਪਣਾ ਵਿਹਲਾ ਸਮਾਂ ਉਹ ਅਕਸਰ ਇਸੇ ਸ਼ੌਂਕ ਨੂੰ ਪੂਰਾ ਕਰਨ ਵਿੱਚ ਬਿਤਾਉਂਦੇ ਸਨ।

ਜੜ੍ਹੀਆਂ-ਬੂਟੀਆਂ ਬਾਰੇ ਜਾਣਨ ਦਾ ਸ਼ੌਂਕ ਮੈਨੂੰ ਮੇਰੇ ਦੋਸਤ ਸ਼ਿਵ ਕੁਮਾਰ ਕਰਕੇ ਪਿਆ, ਜੋ ਕਿ ਜਲੰਧਰ ਵਿੱਚ ਕਾਨੂੰਗੋ ਲੱਗਾ ਸੀ। – ਸੁਰਿੰਦਰ ਸਿੰਘ ਨਾਗਰਾ
ਜ਼ਿੰਦਗੀ ਆਪਣੀ ਰਫਤਾਰ ਫੜ੍ਹ ਹੀ ਰਹੀ ਸੀ, ਕਿ ਫਿਰ ਸੁਰਿੰਦਰ ਜੀ ਨੂੰ ਕੁੱਝ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਗਿਆ। ਇੱਕ ਦੁਰਘਟਨਾ ਵਿੱਚ ਸੁਰਿੰਦਰ ਜੀ ਦੀ ਲੱਤ ਟੁੱਟ ਗਈ। ਇਸ ਹਾਦਸੇ ਦੀ ਖਬਰ ਸੁਣ ਕੇ ਉਨ੍ਹਾਂ ਦੇ ਮਿੱਤਰ ਸ਼ਿਵ ਕੁਮਾਰ ਉਨ੍ਹਾਂ ਨੂੰ ਮਿਲਣ ਆਏ। ਸ਼ਿਵ ਕੁਮਾਰ ਜੀ ਸ਼ੂਗਰ ਦੇ ਮਰੀਜ਼ ਸਨ ਅਤੇ ਉਹਨਾਂ ਦੇ ਛਾਲੇ ਹੋਏ ਸਨ, ਪਰ ਫਿਰ ਵੀ ਉਹ ਸੁਰਿੰਦਰ ਜੀ ਨੂੰ ਮਿਲਣ ਆਏ ਅਤੇ 10,000 ਰੁਪਏ ਅਤੇ ਆਪਣੀ ਇੱਕ ਘੜੀ ਦੇ ਕੇ ਗਏ।
ਸ਼ੂਗਰ ਦੀ ਬਿਮਾਰੀ ਕਾਰਣ ਸ਼ਿਵ ਕੁਮਾਰ ਜੀ ਦੀ ਬਹੁਤ ਭਿਆਨਕ ਮੌਤ ਹੋਈ, ਜਿਸਨੇ ਮੇਰੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਲਈ ਮੈਂ ਕੁੱਝ ਅਜਿਹਾ ਕਰਨ ਦੇ ਬਾਰੇ ਸੋਚਿਆ ਕਿ ਲੋਕਾਂ ਨੂੰ ਅਜਿਹੇ ਹਾਲਾਤਾਂ ਦਾ ਸਾਹਮਣਾ ਨਾ ਕਰਨਾ ਪਵੇ। – ਸੁਰਿੰਦਰ ਸਿੰਘ ਨਾਗਰਾ
ਫਿਰ ਉਹਨਾਂ ਨੇ ਜੜ੍ਹੀਆਂ-ਬੂਟੀਆਂ ਦੇ ਬਾਰੇ ਹੋਰ ਗੰਭੀਰਤਾ ਨਾਲ ਜਾਣਕਾਰੀ ਹਾਸਲ ਕਰਨੀ ਸ਼ੁਰੂ ਕੀਤੀ। ਇਸ ਮੰਤਵ ਲਈ ਉਹ ਕੇਰਲਾ ਦੇ ਪਹਾੜਾਂ ਵਿੱਚ ਵੀ ਗਏ ਅਤੇ ਆਪਣੇ ਨਾਲ ਆਪਣੇ ਪੁੱਤਰ ਨੂੰ ਵੀ ਲੈ ਗਏ, ਤਾਂ ਜੋ ਉਹਨਾਂ ਨੂੰ ਦੂਜੀ ਭਾਸ਼ਾ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ। ਇਸ ਉਦੇਸ਼ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਉਹਨਾਂ ਦੀਆਂ ਗੱਡੀਆਂ ਵਿੱਕ ਗਈਆਂ। ਬੈਂਕ ਤੋਂ ਲੋਨ ਲੈ ਕੇ ਉਹਨਾਂ ਨੇ ਜੋ ਦੁਕਾਨ ਪਾਈ ਸੀ, ਉਸ ਸੰਬੰਧੀ ਬੈਂਕ ਵਾਲਿਆਂ ਨੇ ਵੀ ਘਰ ਆ ਕੇ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ।
ਫਿਰ ਮੈਨੂੰ ਪਤਾ ਲੱਗਾ ਕਿ ਬੈਂਕ ਵਿੱਚ ਨਵਾਂ ਮੈਨੇਜਰ ਆਇਆ। ਮੈਂ ਉਸਨੂੰ ਮਿਲਿਆ ਅਤੇ ਆਪਣੇ ਹਾਲਾਤਾਂ ਬਾਰੇ ਦੱਸਿਆ। ਉਸਨੇ ਵੀ ਇੱਕ ਚੰਗੇ ਇਨਸਾਨ ਵਾਂਗ ਮੇਰੀਆਂ ਮਜ਼ਬੂਰੀਆਂ ਨੂੰ ਸਮਝਿਆ ਅਤੇ ਪਿਛਲੇ ਲੋਨ ਚੁਕਾਉਣ ਲਈ ਮੈਨੂੰ 12-13 ਲੱਖ ਰੁਪਏ ਦੇ ਲੋਨ ਦੀ ਮਨਜ਼ੂਰੀ ਦਿਵਾਈ। – ਸੁਰਿੰਦਰ ਸਿੰਘ ਨਾਗਰਾ

ਇਸ ਸਭ ਤੋਂ ਵਿਹਲੇ ਹੋ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਸਟੀਵੀਆ ਦਾ ਇੱਕ ਪੌਦਾ ਲਗਾਇਆ, ਜੋ ਕਿ ਉਹ ਪਾਲਮਪੁਰ ਤੋਂ ਲੈ ਕੇ ਆਏ ਸਨ। ਇਸ ਤੋਂ ਬਾਅਦ ਉਹਨਾਂ ਨੇ ਹੋਰ ਚਿਕਿਤਸਕ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਕੰਮ ਵਿੱਚ ਉਹਨਾਂ ਦੇ ਦੋਨੋਂ ਪੁੱਤਾਂ ਅਤੇ ਧੀ ਨੇ ਵੀ ਪੂਰਾ ਸਹਿਯੋਗ ਦਿੱਤਾ।

ਹੌਲੀ-ਹੌਲੀ ਉਨ੍ਹਾਂ ਆਪਣੇ ਦੁਆਰਾ ਲਗਾਏ ਗਏ ਚਿਕਿਤਸਕ ਪੌਦਿਆਂ ਤੋਂ ਦਵਾਈਆਂ ਤਿਆਰ ਕਰਕੇ ਵੇਚਣੀਆਂ ਸ਼ੁਰੂ ਕੀਤੀਆਂ ਹਨ, ਜਿਸ ਨਾਲ ਮਰੀਜ਼ਾਂ ਨੂੰ ਬਹੁਤ ਲਾਭ ਹੋਣ ਲੱਗਾ।

ਇਸ ਕੰਮ ਵਿੱਚ ਸਫ਼ਲਤਾ ਹਾਸਲ ਕਰਕੇ ਹੁਣ ਬਹੁਤ ਖੁਸ਼ੀ ਮਹਿਸੂਸ ਕਰਦੇ ਹਨ। ਇਸ ਕੰਮ ਨੂੰ ਉਹਨਾਂ ਦੀ ਧੀ, ਵੈਦ ਗੁਰਦੀਪ ਕੌਰ ਉਹਨਾਂ ਦੇ ਇਸ ਕੰਮ ਪੂਰੀ ਤਰ੍ਹਾਂ ਸੰਭਾਲ ਰਹੇ ਹਨ। ਸੁਰਿੰਦਰ ਜੀ ਦਾ ਛੋਟਾ ਪੁੱਤਰ ਡੇਅਰੀ ਫਾਰਮਿੰਗ ਦਾ ਕੰਮ ਕਰਦਾ ਹੈ। ਉਹ ਦੁੱਧ ਤੋਂ ਉਤਪਾਦ ਤਿਆਰ ਕਰਕੇ ਬਾਜ਼ਾਰ ਵਿੱਚ ਵੇਚਦੇ ਹਨ। ਹੁਣ ਉਹਨਾਂ ਦੇ ਸਾਰੇ ਪਰਿਵਾਰਿਕ ਮੈਂਬਰ ਚਕਿਤਸਕ ਪੌਦਿਆਂ ਤੋਂ ਪਾਊਡਰ ਤਿਆਰ ਕਰਦੇ ਹਨ ਅਤੇ ਪੌਦਿਆਂ ਦੀ ਦੇਖਭਾਲ ਕਰਦੇ ਹਨ।

ਨਾਗਰਾ ਜੀ ਦੁਆਰਾ ਉਗਾਏ ਜਾਣ ਚਕਿਤਸਕ ਬੂਟੇ
  • ਇਸੋਲੀਨ
  • ਸਟੀਵੀਆ
  • ਸੁਹਾਜਣਾ
  • ਛੋਟੀ ਇਲਾਇਚੀ
  • ਵੱਡੀ ਇਲਾਇਚੀ
  • ਬ੍ਰਹਮੀ
  • ਬਨਕਸ਼ਾ
  • ਬਾਂਸਾ
  • ਕਪੂਰ
  • ਅਰਜਣ
  • ਤੇਜ਼ ਪੱਤਾ
  • ਮਘ
  • ਜਰੈਨੀਅਮ
  • ਹੱਡ ਜੋੜ ਬੂਟੀ
  • ਸਦਾ ਬਹਾਰ
  • ਅਸ਼ਵਗੰਧਾ
  • ਸਤਾਵਰ
  • ਜਵੈਨ
  • ਓਡੋਮਾਸ
  • ਸੀਤਾ ਅਸ਼ੋਕਾ
  • ਸਫ਼ੈਦ ਚੰਦਨ
  • ਰੁਧਰਾਕਸ਼ (ਤਿੰਨ ਮੁੱਖੀ )
  • ਪੁਤਰਨਜੀਵਾ
  • ਲਸਣ ਵੇਲ
  • ਕਪੂਰ ਤੁਲਸੀ
  • ਰੋਜ਼ ਮੈਰੀ
  • ਨਾਗ ਕੇਸਰ
  • ਅਕਰਕਰਾ
  • ਸਰਪਗੰਧਾ
  • ਹਾਰ-ਸ਼ਿੰਗਾਰ
ਜੋ ਮਰੀਜ਼ ਦਵਾਈ ਦੇ ਪੈਸੇ ਨਹੀਂ ਦੇ ਸਕਦੇ, ਅਸੀਂ ਉਹਨਾਂ ਨੂੰ ਮੁਫ਼ਤ ਦਵਾਈ ਵੀ ਦਿੰਦੇ ਹਾਂ। – ਸੁਰਿੰਦਰ ਸਿੰਘ ਨਾਗਰਾ

ਇਸ ਕਾਰਜ ਦੇ ਕਾਰਣ ਉਹਨਾਂ ਨੂੰ ਸ਼੍ਰੋਮਣੀ ਵੈਦ ਕਮੇਟੀ ਵੱਲੋਂ ਕਾਫ਼ੀ ਸਨਮਾਨ ਵੀ ਮਿਲੇ ਹਨ ਅਤੇ ATMA ਨਾਲ ਵੀ ਉਹਨਾਂ ਦੇ ਸੰਬੰਧ ਬਹੁਤ ਚੰਗੇ ਹਨ। ਹੁਣ ਸੁਰਿੰਦਰ ਜੀ ਕੇਂਦਰ ਸਰਕਾਰ ਨਾਲ ਮਿਲ ਕੇ ਕਿਸਾਨਾਂ ਨੂੰ ਚਕਿਤਸਕ ਪੌਦਿਆਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਕਰਨ ਵਾਲੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ।

ਭਵਿੱਖ ਦੀ ਯੋਜਨਾ

ਸੁਰਿੰਦਰ ਜੀ ਚਾਹੁੰਦੇ ਹਨ ਕਿ ਉਹਨਾਂ ਦੁਆਰਾ ਸ਼ੁਰੂ ਕੀਤੇ ਹੋਏ ਇਸ ਕੰਮ ਨੂੰ ਉਹਨਾਂ ਦੇ ਬੱਚੇ ਸੰਭਾਲਣ ਅਤੇ ਇਸੇ ਤਰ੍ਹਾਂ ਲੋਕਾਂ ਦਾ ਇਲਾਜ ਅਤੇ ਮਦਦ ਕਰਨ।


ਸੰਦੇਸ਼
“ਨੌਜਵਾਨ ਪੀੜ੍ਹੀ ਨੂੰ ਚਕਿਤਸਿਕ ਪੌਦਿਆਂ ਬਾਰੇ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ ਤਾਂ ਜੋ ਘਰ-ਘਰ ਵਿੱਚ ਵੈਦ ਹੋਣ ਅਤੇ ਲੋਕਾਂ ਨੂੰ ਡਾਕਟਰਾਂ ਕੋਲ ਜਾ ਕੇ ਮਹਿੰਗੀਆਂ-ਮਹਿੰਗੀਆਂ ਫ਼ੀਸਾਂ ਨਾਲ ਇਲਾਜ ਨਾ ਕਰਵਾਉਣਾ ਪਵੇ। ਸੁਰਿੰਦਰ ਨਾਗਰਾ ਜੀ ਦਾ ਮੰਨਣਾ ਹੈ ਕਿ ਕਿਸਾਨ ਤੋਂ ਵਧੀਆ ਡਾਕਟਰ ਹੋਰ ਕੋਈ ਨਹੀਂ ਹੋ ਸਕਦਾ। ਇਸ ਲਈ ਕਿਸਾਨ ਨੂੰ ਜੈਵਿਕ ਤਰੀਕੇ ਨਾਲ ਖੇਤੀ ਕਰਨੀ ਚਾਹੀਦੀ ਹੈ।”