ਧਰਮਜੀਤ ਸਿੰਘ
ਇੱਕ ਸਫਲ ਅਧਿਆਪਕ ਦੇ ਨਾਲ-ਨਾਲ ਇੱਕ ਸਫਲ ਕਿਸਾਨ ਬਣਨ ਤੱਕ ਦਾ ਸਫ਼ਰ
ਕਿੱਤਾ ਕੋਈ ਵੀ ਆਸਾਨ ਨਹੀਂ ਹੁੰਦਾ, ਮੁਸ਼ਕਿਲਾਂ ਹਰ ਇੱਕ ਖੇਤਰ ਵਿੱਚ ਆਉਂਦੀਆਂ ਹਨ। ਭਾਵੇਂ ਉਹ ਖੇਤਰ ਖੇਤੀ ਦਾ ਹੈ ਜਾਂ ਫਿਰ ਕੋਈ ਹੋਰ ਕਿੱਤਾ ਹੈ। ਆਪਣੇ ਰੋਜ਼ਾਨਾ ਦੇ ਕੰਮ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾਉਣਾ ਇੱਕ ਚੁਣੌਤੀ ਹੀ ਹੁੰਦੀ ਹੈ, ਜੋ ਚੁਣੌਤੀਆਂ ਅੱਗੇ ਚੱਟਾਨ ਬਣਕੇ ਖੜ ਗਿਆ ਜਾਂ ਲੜ ਗਿਆ, ਆਖਿਰ ਓਹੀ ਮੰਜ਼ਿਲਾਂ ‘ਤੇ ਜਿੱਤ ਹਾਸਿਲ ਕਰਦਾ ਹੈ।
ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਇੱਕ ਅਜਿਹੇ ਅਗਾਂਹਵਧੂ ਕਿਸਾਨ ਦੀ, ਜੋ ਸਕੂਲ ਦੇ ਅਧਿਆਪਕ ਹੋਣ ਦੇ ਨਾਤੇ ਇੱਕ ਤਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰ ਰਹੇ ਹਨ ਅਤੇ ਦੂਸਰਾ ਜੈਵਿਕ ਖੇਤੀ ਕਰਕੇ ਲੋਕਾਂ ਦੇ ਜ਼ਿੰਦਗੀ ਨੂੰ ਸੰਜੀਵਨੀ ਬੂਟੀ ਪ੍ਰਦਾਨ ਕਰ ਰਹੇ ਹਨ, ਕਿਉਂਕਿ ਕੋਈ ਵਿਰਲਾ ਹੀ ਹੁੰਦਾ ਹੈ, ਜੋ ਆਪਣੇ ਬਾਰੇ ਨਹੀਂ ਦੂਜਿਆਂ ਬਾਰੇ ਚੰਗਾ ਸੋਚਦਾ ਹੈ।
ਅਜਿਹੇ ਇੱਕ ਕਿਸਾਨ ਹਨ “ਧਰਮਜੀਤ ਸਿੰਘ”, ਜੋ ਪਿੰਡ ਮੈਣ ਮਾਜਰੀ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਜਿਵੇਂ ਇੱਕ ਕਹਾਵਤ ਹੈ “ਜੈਸਾ ਨਾਮ, ਵੈਸਾ ਕਾਮ” ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਧਰਮਜੀਤ ਸਿੰਘ ਜੀ ਦਾ ਨਾਮ ਉਹ ਉਸ ਤਰ੍ਹਾਂ ਦਾ ਹੀ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਚੰਗੇ ਅਤੇ ਵਧੀਆ ਇਨਸਾਨ ਦੁਨੀਆਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।
ਕੰਮ ਦੀ ਸ਼ੋਭਾ ਵੀ ਉਸ ਇਨਸਾਨ ‘ਤੇ ਹੀ ਜੱਚਦੀ ਹੈ ਜਿਸ ਕੰਮ ਦੇ ਲਈ ਉਸ ਨੂੰ ਚੁਣਿਆ ਗਿਆ ਹੁੰਦਾ ਹੈ। ਕੰਮ ਵੀ ਉਹ ਜਿਸ ਬਾਰੇ ਉਨ੍ਹਾਂ ਨੂੰ ਥੋੜੀ ਵੀ ਜਾਣਕਾਰੀ ਨਹੀਂ ਸੀ ਨਾ ਹੀ ਕਦੇ ਸੁਣਿਆ ਸੀ।
ਜਦੋਂ ਸੂਰਜ ਰੋਸ਼ਨੀ ਬਖੇਰਦਾ ਹੈ ਤਾਂ ਉਹ ਹਰ ਉਸ ਥਾਂ ‘ਤੇ ਵੀ ਚਾਨਣ ਕਰ ਦਿੰਦਾ ਹੈ, ਜਿੱਥੇ ਹਨੇਰਾ ਹੀ ਛਾਇਆ ਹੁੰਦਾ ਹੈ। ਉਸ ਤਰ੍ਹਾਂ ਹੀ ਧਰਮਜੀਤ ਸਿੰਘ ਜੀ ਦੇ ਜੀਵਨ ਉੱਤੇ ਗੱਲ ਬਿਲਕੁਲ ਢੁੱਕਦੀ ਹੈ। ਕਿਉਂਕਿ ਉਹ ਬੇਸ਼ੱਕ ਉਸ ਰਸਤੇ ਜਾ ‘ਤੇ ਰਹੇ ਸੀ ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਮਤਲਬ ਖੇਤੀ ਤਾਂ ਕਰ ਰਹੇ ਸਨ, ਪਰ ਰਸਾਇਣਿਕ ਨਾ ਕਿ ਜੈਵਿਕ ਖੇਤੀ।
ਜਦੋਂ ਸਮਾਂ ਆਉਂਦਾ ਹੈ, ਤਾਂ ਉਹ ਪੁੱਛ ਕੇ ਨਹੀਂ ਆਉਂਦਾ, ਬਸ ਆ ਕੇ ਦਰਵਾਜ਼ੇ ‘ਤੇ ਦਸਤਕ ਦੇ ਦਿੰਦਾ ਹੈ। ਅਜਿਹਾ ਇੱਕ ਸਮਾਂ ਆਇਆ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਰਿਸ਼ਤੇਦਾਰ ਆਏ ਸਨ। ਆਪਸੀ ਗੱਲਬਾਤ ਕਰਦਿਆਂ ਅਚਾਨਕ ਗੱਲ ਖੇਤੀਬਾੜੀ ਦੀ ਹੋਣ ਲੱਗ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਗੱਲਬਾਤ ਦੌਰਾਨ ਜੈਵਿਕ ਖੇਤੀ ਬਾਰੇ ਜ਼ਿਕਰ ਕੀਤਾ ਤਾਂ ਧਰਮਜੀਤ ਸਿੰਘ ਜੀ ਨੂੰ ਨਾਮ ਸੁਣ ਕੇ ਹੈਰਾਨੀ ਹੋਈ ਕਿ ਇਹ ਕਿਹੜੀ ਖੇਤੀ ਹੈ। ਜੈਵਿਕ ਅਤੇ ਰਸਾਇਣਿਕ ਖੇਤੀ ਨਾਲ ਕੀ ਫਰਕ ਪੈਂਦਾ ਹੈ, ਖੇਤੀ ਤਾਂ ਖੇਤੀ ਹੀ ਹੁੰਦੀ ਹੈ। ਉਦੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਿਹਾ, “ਜੈਵਿਕ ਖੇਤੀ ਬਿਨਾਂ ਸਪਰੇਅ, ਦਵਾਈਆਂ, ਰਸਾਇਣਿਕ ਖਾਦਾਂ ਤੋਂ ਕੀਤੀ ਜਾਂਦੀ ਹੈ ਅਤੇ ਕੁਦਰਤ ਵਿੱਚੋਂ ਮਿਲੇ ਉਪਹਾਰ ਨੂੰ ਵਰਤ ਕੇ ਜਿਵੇਂ ਕਿ ਗੰਡੋਇਆਂ ਦੀ ਖਾਦ, ਜੀਵ ਅੰਮ੍ਰਿਤ ਆਦਿ ਹੋਰ ਵੀ ਬਹੁਤ ਢੰਗ ਨਾਲ ਕੀਤੀ ਜਾਂਦੀ ਹੈ।
ਪਰ ਮੈਂ ਤਾਂ ਕਦੇ ਜੈਵਿਕ ਖੇਤੀ ਕੀਤੀ ਨਹੀਂ ਜੇਕਰ ਹੁਣ ਮੈਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਕਿਵੇਂ ਕਰ ਸਕਦਾ ਹਾਂ- ਧਰਮਜੀਤ ਸਿੰਘ
ਫਿਰ ਉਹਨਾਂ ਦੋਨਾਂ ਨੇ ਅਭਿਆਸ ਦੇ ਤੌਰ ‘ਤੇ ਇੱਕ ਕਿੱਲੇ ਦੇ ਵਿੱਚ ਕਣਕ ਦੀ ਫਸਲ ਲਗਾ ਦਿੱਤੀ। ਉਨ੍ਹਾਂ ਨੇ ਫਸਲ ਦੀ ਕਾਸ਼ਤ ਤਾਂ ਕਰ ਦਿੱਤੀ ਅਤੇ ਰਿਸ਼ਤੇਦਾਰ ਵਾਪਿਸ ਚਲੇ ਗਏ। ਪਰ ਉਨ੍ਹਾਂ ਦੋਨਾਂ ਨੂੰ ਫ਼ਿਕਰ ਲੱਗੀ ਹੋਈ ਸੀ ਅਤੇ ਕਾਸ਼ਤ ਕੀਤੀ ਫਸਲ ਦੇ ਨਤੀਜੇ ਦਾ ਇੰਤਜ਼ਾਰ ਸੀ, ਕਿ ਫਸਲ ਕਿਸ ਤਰ੍ਹਾਂ ਦੀ ਹੋਵੇਗੀ, ਕਿੰਨੀ ਪੈਦਾਵਾਰ ਹੋਵੇਗੀ। ਉਹਨਾਂ ਨੂੰ ਇਹ ਚਿੰਤਾ ਦਿਨ ਪ੍ਰਤੀ ਦਿਨ ਸਤਾਈ ਜਾ ਰਹੀ ਸੀ।
ਜਦੋਂ ਫਸਲ ਪੱਕ ਕੇ ਤਿਆਰ ਹੋਈ, ਜਿਸ ਵਿੱਚੋਂ ਅੱਧੀ ਫਸਲ ਉਨ੍ਹਾਂ ਦੇ ਰਿਸ਼ਤੇਦਾਰ ਲੈ ਗਏ ਅਤੇ ਅੱਧੀ ਉਹ ਆਪਣੇ ਘਰ ਲੈ ਆਏ। ਪਰ ਉਹਨਾਂ ਨੂੰ ਜਿੰਨੀ ਫਸਲ ਦੀ ਉਮੀਦ ਸੀ ਪੈਦਾਵਾਰ ਉਸ ਤੋਂ ਘੱਟ ਨਿਕਲੀ।
ਮੈਂ ਅਤੇ ਮੇਰੇ ਪਰਿਵਾਰ ਨੇ ਜਦੋਂ ਫਸਲ ਨੂੰ ਵਰਤ ਕੇ ਦੇਖਿਆ ਸੀ ਤਾਂ ਸਾਡੀ ਚਿੰਤਾ ਖੁਸ਼ੀ ਦੇ ਵਿੱਚ ਤਬਦੀਲ ਹੋ ਗਈ- ਧਰਮਜੀਤ ਸਿੰਘ
ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ ਮਨ ਬਣਾ ਲਿਆ ਜੇਕਰ ਖੇਤੀ ਕਰਨੀ ਹੈ, ਤਾਂ ਜੈਵਿਕ ਖੇਤੀ ਹੀ ਕਰਨੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਫਿਰ ਮੌਸਮ ਦੇ ਹਿਸਾਬ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ 11 ਏਕੜ ਦੇ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ।
ਉਹਨਾਂ ਦੇ ਲਈ ਜੈਵਿਕ ਖੇਤੀ ਕਰਨਾ ਇੱਕ ਚੁਣੌਤੀ ਹੀ ਸੀ ਜਿਸ ਦਾ ਸਾਹਮਣਾ ਕਰਨ ਸਮੇਂ ਉਹਨਾਂ ਨੂੰ ਕਠਿਨਾਈ ਤਾਂ ਜ਼ਰੂਰ ਆਈ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਹਿੰਮਤ ਨੂੰ ਬਰਕਰਾਰ ਰੱਖਦੇ ਹੋਏ ਉਹ ਆਪਣੇ ਮਿੱਥੇ ਰਸਤੇ ‘ਤੇ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੇ ਰਹੇ ਜਿਵੇਂ-ਜਿਵੇਂ ਜੈਵਿਕ ਖੇਤੀ ਬਾਰੇ ਜਾਣਕਾਰੀ ਮਿਲਦੀ ਰਹੀ, ਉਸ ਤਰ੍ਹਾਂ ਹੀ ਉਹ ਅਭਿਆਸ ਕਰਦੇ ਗਏ। ਉਨ੍ਹਾਂ ਦੀ ਮਿਹਨਤ ਉਸ ਦਿਨ ਰੰਗ ਲੈ ਕੇ ਆਈ ਜਦੋਂ ਫਸਲ ਪੱਕ ਕੇ ਅਤੇ ਵੱਢਣ ਦੇ ਲਈ ਤਿਆਰ ਸੀ।
ਫਸਲ ਦੀ ਪੈਦਾਵਾਰ ਤਾਂ ਹੋਈ ਸੀ ਪਰ ਫਸਲ ਘੱਟ ਹੋਈ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਕਿ ਕਿੱਥੇ ਇਹ ਪਹਿਲਾਂ ਰਸਾਇਣਿਕ ਖੇਤੀ ਕਰਕੇ ਨਫ਼ਾ ਕਮਾ ਰਿਹਾ ਸੀ ਅਤੇ ਹੁਣ ਘਾਟੇ ਵਾਲੇ ਸੌਦਾ ਕਰ ਰਿਹਾ ਹੈ।
ਮੈਂ ਜਦੋਂ ਕੱਲਾ ਬੈਠ ਕੇ ਸੋਚਦਾ ਸੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਕਿਤੇ ਕੁੱਝ ਗਲਤ ਤੇ ਨਹੀਂ ਕਰ ਰਿਹਾ- ਧਰਮਜੀਤ ਸਿੰਘ
ਇੱਕ ਪਾਸੇ ਉਹ ਪ੍ਰੇਸ਼ਾਨ ਹੋ ਰਹੇ ਸੀ ਅਤੇ ਦੂਜੇ ਪਾਸੇ ਸੋਚ ਰਹੇ ਸਨ ਕਿ ਘੱਟੋਂ-ਘੱਟ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ। ਜੋ ਅਨਾਜ ਖੁਦ ਖਾ ਅਤੇ ਦੂਜਿਆਂ ਨੂੰ ਖਿਲਾ ਰਿਹਾ ਹਾਂ, ਉਹ ਸ਼ੁੱਧ ਅਤੇ ਸਾਫ-ਸੁਥਰਾ ਹੈ।
ਇਸ ਤਰ੍ਹਾਂ ਕਰਦੇ-ਕਰਦੇ ਉਨ੍ਹਾਂ ਨੇ ਪਹਿਲੇ 4 ਸਾਲ ਤਾਂ ਅਭਿਆਸ ਦੇ ਤੌਰ ‘ਤੇ ਜੈਵਿਕ ਖੇਤੀ ਸਿੱਖਣ ਅਤੇ ਨਾਲ ਹੀ ਬਹੁ-ਫਸਲੀ ਵਿਧੀ ਅਪਨਾਉਣੀ ਵੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਗੰਨੇ ਦੀ ਖੇਤੀ, ਦਾਲਾਂ ਅਤੇ ਹੋਰ ਮੌਸਮੀ ਫਸਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।
ਚੰਗੀ ਤਰ੍ਹਾਂ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਮੰਡੀਕਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਵੈਸੇ ਤਾਂ ਉਹਨਾਂ ਨੂੰ ਜੈਵਿਕ ਖੇਤੀ ਕਰਦਿਆਂ ਨੂੰ 8 ਸਾਲ ਹੋ ਗਏ ਹਨ। ਜੈਵਿਕ ਖੇਤੀ ਦੇ ਨਾਲ-ਨਾਲ ਜੈਵਿਕ ਖਾਦ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਸ ਸਮੇਂ ਗੰਡੋਇਆਂ ਦੀ ਖਾਦ ਅਤੇ ਜੀਵ ਅੰਮ੍ਰਿਤ ਦੀ ਹੀ ਵਰਤੋਂ ਕਰਦੇ ਹਨ।
ਇਸ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਪ੍ਰੋਸੈਸਿੰਗ ਕੀਤੀ ਜਾਵੇ, ਹੌਲੀ-ਹੌਲੀ ਪ੍ਰੋਸੈਸਿੰਗ ‘ਤੇ ਧਿਆਨ ਲਗਾਉਣ ਉਪਰੰਤ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸ ਵਿੱਚ ਲਗਭਗ ਉਹ 7 ਤੋਂ 8 ਤਰ੍ਹਾਂ ਦੇ ਉਤਪਾਦ ਬਣਾਉਂਦੇ ਹਨ ਜੋ ਕਿ ਬਿਲਕੁਲ ਸ਼ੁੱਧ ਅਤੇ ਦੇਸੀ ਹੁੰਦੇ ਹਨ।
ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ-
- ਕਣਕ ਦਾ ਆਟਾ
- ਸਰੋਂ ਦਾ ਤੇਲ
- ਦਾਲਾਂ
- ਬਾਸਮਤੀ ਚਾਵਲ
- ਗੁੜ
- ਸ਼ੱਕਰ
- ਹਲਦੀ ਆਦਿ।
ਜਿਸ ਦਾ ਮੰਡੀਕਰਨ ਪਿੰਡ ਤੋਂ ਬਾਹਰ ਹੀ ਕਰਦੇ ਹਨ ਅਤੇ ਹੁਣ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਮੰਡੀ ਚੰਡੀਗੜ੍ਹ ਵਿੱਚ ਹੀ ਕਰ ਰਹੇ ਹਨ। ਮੰਡੀਕਰਨ ਕਰਕੇ ਜਿੰਨਾ ਉਹ ਕਮਾ ਰਹੇ ਹਨ ਉਹ ਉਸ ਨਾਲ ਬਿਲਕੁਲ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ “ਥੋੜਾ ਖਾਈਏ, ਪਰ ਸਾਫ ਖਾਈਏ”। ਉਨ੍ਹਾਂ ਦਾ ਸਾਥ ਇਸ ਕੰਮ ਵਿੱਚ ਕੇਵਲ ਉਨ੍ਹਾਂ ਦਾ ਪਰਿਵਾਰ ਹੀ ਨਿਭਾ ਰਿਹਾ ਹੈ।
ਜੇਕਰ ਚੰਗਾ ਉਗਾਵਾਂਗੇ, ਤਾਂ ਚੰਗਾ ਹੀ ਖਾਵਾਂਗੇ
ਭਵਿੱਖ ਦੀ ਯੋਜਨਾ
ਉਹ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਹੋਰਨਾਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਅਤੇ ਜੋ ਕਿਸਾਨ ਰਸਾਇਣਿਕ ਖੇਤੀ ਕਰ ਰਹੇ ਹਨ ਉਹਨਾਂ ਦਾ ਧਿਆਨ ਜੈਵਿਕ ਖੇਤੀ ਦੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ। ਉਹ ਆਪਣੇ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਦੱਸਣਾ ਚਾਹੁੰਦੇ ਹਨ ਜੈਵਿਕ ਖੇਤੀ ਵਿੱਚ ਘਾਟੇ ਦਾ ਸੌਦਾ ਨਹੀਂ, ਬਲਕਿ ਸਰੀਰ ਨੂੰ ਤੰਦਰਸੁਤ ਰੱਖਣ ਦਾ ਰਾਜ ਹੈ।
ਸੰਦੇਸ਼
ਹਰ ਉਹ ਕਿਸਾਨ ਜੋ ਖੇਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ, ਕਿ ਜਦੋਂ ਉਹ ਵੀ ਖੇਤੀ ਕਰ ਰਹੇ ਹੋਣ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਵੱਲ ਦੇਖਣਾ ਚਾਹੀਦਾ ਹੈ, ਜੋ ਉਹ ਉਗਾ ਰਹੇ ਹਨ ਉਹ ਸਹੀ ਅਤੇ ਸ਼ੁੱਧ ਉਗਾ ਰਹੇ ਹਨ। ਫਿਰ ਹੀ ਖੇਤੀ ਕਰਨੀ ਚਾਹੀਦੀ ਹੈ।