ਕਰਨਬੀਰ ਸਿੰਘ
ਅੰਨਦਾਤਾ ਫੂਡਜ਼ ਦੇ ਨਾਮ ਤੋਂ ਕਿਸਾਨ ਹੱਟ ਚਲਾਉਣ ਵਾਲਾ ਇਹ ਅਗਾਂਹਵਧੂ ਕਿਸਾਨ
ਅੱਜ ਦਾ ਸਮਾਂ ਅਜਿਹਾ ਹੈ ਜਿੱਥੇ ਹਰ ਕੋਈ ਦੂਜੇ ਬਾਰੇ ਨਹੀਂ ਆਪਣੇ ਫਾਇਦੇ ਬਾਰੇ ਜ਼ਿਆਦਾ ਚਿੰਤਿਤ ਰਹਿੰਦੇ ਹਨ ਪਰ ਉਹਨਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਹੁੰਦਾ ਹੈ, ਜਿਸ ਨਾਲ ਉਹ ਦੂਜਿਆਂ ਦੇ ਭਲੇ ਬਾਰੇ ਸੋਚਦਾ ਅਤੇ ਕਰਦਾ ਵੀ ਹੈ ਅਤੇ ਅਜਿਹੇ ਇਨਸਾਨ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।
ਇਸ ਗੱਲ ਨੂੰ ਸਹੀ ਸਾਬਿਤ ਕਰਨ ਵਾਲੇ ਕਰਨਬੀਰ ਸਿੰਘ ਜੋ ਪਿੰਡ ਸਾਫੂਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ MSC ਫ਼ੂਡ ਤਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਨੌਕਰੀ ਛੱਡ ਕੇ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਵਿੱਚ ਸਫਲ ਹੋ ਕੇ ਦਿਖਾਇਆ।
ਸਾਲ 2014 ਦੀ ਗੱਲ ਹੈ ਜਦੋਂ ਕਰਨਬੀਰ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ ਤੇ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ ਉੱਥੇ ਕੀ ਦੇਖਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਤੋਂ ਘੱਟ ਕੀਮਤ ‘ਤੇ ਵਸਤਾਂ ਲੈ ਕੇ ਉਹਨਾਂ ਨੂੰ ਵੱਧ ਕੀਮਤਾਂ ‘ਤੇ ਵੇਚਿਆ ਜਾ ਰਿਹਾ ਹੈ ਅਤੇ ਜਿਸ ਬਾਰੇ ਕਿਸਾਨਾਂ ਨੂੰ ਥੋੜੀ ਬਹੁਤ ਵੀ ਜਾਣਕਾਰੀ ਨਹੀਂ ਸੀ। ਬਹੁਤ ਸਮਾਂ ਉਹ ਇਸ ਤਰ੍ਹਾਂ ਹੀ ਦੇਖੀ ਗਏ ਪਰ ਉਹਨਾਂ ਨੇ ਮਨ ਨੂੰ ਇਹ ਗੱਲ ਬਿਲਕੁੱਲ ਚੰਗੀ ਨਹੀਂ ਲੱਗੀ ਕਿਉਂਕਿ ਜੋ ਉਗਾਉਂਦੇ ਹਨ ਉਹ ਕਮਾ ਨਹੀਂ ਰਹੇ ਸਨ ਅਤੇ ਜੋ ਕਮਾ ਰਹੇ ਸਨ ਉਹ ਪਹਿਲਾ ਹੀ ਵੱਡੇ ਘਰਾਣਿਆਂ ਦੇ ਮਾਲਿਕ ਸਨ।
ਇਹ ਸਭ ਦੇਖ ਕੇ ਕਰਨਬੀਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਆਖਿਰ ਕਰਨਬੀਰ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਖੁਦ ਆ ਕੇ ਘਰ ਖੇਤੀ ਤੇ ਪ੍ਰੋਸੈਸਿੰਗ ਕਰਨ ਲੱਗਾ। ਕਰਨਬੀਰ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਖੇਤੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਕਰਨਬੀਰ ਦੇ ਲਈ ਫਾਇਦੇਮੰਦ ਗੱਲ ਇਹ ਸੀ ਕਿ ਕਰਨਬੀਰ ਦੇ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਪੀ ਏ ਯੂ, ਲੁਧਿਆਣਾ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਜੋ ਸਮੇਂ-ਸਮੇਂ ‘ਤੇ ਹੋਰਨਾਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹਾਂ ਦਿੰਦੇ ਰਹਿੰਦੇ ਸਨ।
ਫਿਰ ਕਰਨਬੀਰ ਨੇ ਆਪਣੇ ਪਿਤਾ ਦੇ ਦੱਸੇ ਰਸਤੇ ਉੱਤੇ ਚੱਲਦੇ ਹੋਏ ਖੇਤੀ ਮਾਹਿਰਾਂ ਵੱਲੋਂ ਦੱਸੇ ਗਏ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਤਰ੍ਹਾਂ ਦੀ ਫਸਲਾਂ ਦੀ ਕਾਸ਼ਤ ਕਰਨ ਸ਼ੁਰੂ ਕਰ ਦਿੱਤੀ। ਫਿਰ ਕਰਨਬੀਰ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਫਸਲ ਪੱਕ ਕੇ ਤਿਆਰ ਹੋਵੇਗੀ ਤਾਂ ਇਸਦੀ ਮਾਰਕੀਟਿੰਗ ਕਿਸ ਤਰ੍ਹਾਂ ਕੀਤੀ ਜਾਵੇਗੀ।
ਫਿਰ ਕਰਨਬੀਰ ਨੇ ਮਾਰਕੀਟਿੰਗ ਕਰਨ ਦਾ ਇੱਕ ਤਰੀਕਾ ਸੋਚਿਆ ਕਿ ਕਿਉਂ ਨਾ ਪਹਿਲਾ ਛੋਟੇ ਪੱਧਰ ਤੋਂ ਮਾਰਕੀਟਿੰਗ ਕਰਨ ਸ਼ੁਰੂ ਕੀਤੀ ਜਾਵੇ, ਉਸ ਤੋਂ ਬਾਅਦ ਜਦੋਂ ਕਰਨਬੀਰ ਕੀਤੇ ਪਿੰਡ ਤੋਂ ਬਾਹਰ ਜਾਂਦਾ ਤਾਂ ਆਪਣੇ ਨਾਲ ਪ੍ਰੋਸੈਸਿੰਗ ਕੀਤੀਆਂ ਆਪਣੀਆਂ ਵਸਤਾਂ ਨਾਲ ਲੈ ਜਾਂਦਾ ਜਿੱਥੇ ਛੋਟੇ-ਛੋਟੇ ਸਮੂਹਾਂ ਦੇ ਲੋਕਾਂ ਦਾ ਇਕੱਠ ਦਿਖਦਾ ਸੀ ਉੱਥੇ ਜਾ ਕੇ ਫਿਰ ਕਰਨਬੀਰ ਆਪਣੇ ਉਤਪਾਦਾਂ ਬਾਰੇ ਦੱਸਦਾ ਅਤੇ ਉਤਪਾਦ ਵੇਚ ਕੇ ਆਉਂਦਾ। ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਅਤੇ ਸ਼ਿਵ ਪ੍ਰੀਤ ਬਾਖੂਬੀ ਨਿਭਾ ਰਹੇ ਹਨ।
ਫਿਰ ਉਨ੍ਹਾਂ ਨੇ ਇਸ ਤੋਂ ਬਾਅਦ ਥੋੜੇ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ ਅਤੇ 2016 ਦੇ ਵਿੱਚ “ਫਰੈਂਡਜ਼ ਟ੍ਰੇਡਿੰਗ” ਨਾਮ ਤੋਂ ਇੱਕ ਕੰਪਨੀ ਰਜਿਸਟਰਡ ਕਰਵਾਈ ਅਤੇ ਟ੍ਰੇਡਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਆਪਣੀ ਫਸਲ ਤਾਂ ਮਾਰਕੀਟ ਲੈ ਕੇ ਜਾਂਦੇ ਹੀ ਸਨ ਉੱਥੇ ਨਾਲ ਹੀ ਹੋਰਨਾਂ ਕਿਸਾਨਾਂ ਦੀ ਫਸਲ ਨੂੰ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ, ਜੋ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਗਾਈਆਂ ਗਈਆਂ ਸਨ। ਇਸ ਤਰੀਕੇ ਨਾਲ ਉਗਾਈ ਗਈ ਫਸਲ ਦੀ ਪੈਦਾਵਾਰ ਉੱਚ ਤੇ ਵਧੀਆ ਹੋਣ ਕਰਕੇ ਫਸਲ ਦੀ ਬਹੁਤ ਮੰਗ ਹੋਈ ਜਿਸ ਨਾਲ ਕਰਨਬੀਰ ਨੂੰ ਅਤੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਮੁਨਾਫ਼ਾ ਹੋਇਆ। ਜਿਸ ਨਾਲ ਬਹੁਤ ਖੁਸ਼ ਹੋਏ।
ਇਸ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਪ੍ਰੋਫੈਸਰ ਰਮਨਦੀਪ ਸਿੰਘ ਜੀ ਨਾਲ ਹੋਈ ਜੋ ਕਿ ਹਰ ਇੱਕ ਕਿਸਾਨ ਦੀ ਬੜੀ ਸ਼ਿੱਦਤ ਦੇ ਨਾਲ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਮਾਰਕੀਟਿੰਗ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਦੇ ਰਹਿੰਦੇ ਹਨ ਅਤੇ ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਫਿਰ ਮਾਰਕੀਟਿੰਗ ਕਰਨ ਦਾ ਤਰੀਕਾ ਬਦਲਣ ਬਾਰੇ ਸੋਚਿਆ।
ਤਾਂ ਦਿਮਾਗ ਵਿੱਚ ਆਇਆ ਕਿ ਜੇਕਰ ਪੈਦਾ ਕੀਤੀ ਜਿਣਸ ਦੀ ਮੁੱਢਲੇ ਪੱਧਰ ਤੇ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕੀਤੀ ਜਾਵੇ ਤਾਂ ਕੀ ਪਤਾ ਇਸ ਤੋਂ ਵਧੀਆ ਹੁੰਗਾਰਾ ਮਿਲ ਸਕਦਾ ਹੈ। ਬਸ ਫਿਰ ਕੀ ਸੀ ਉਨ੍ਹਾਂ ਨੇ ਮੁੱਢਲੇ ਪੱਧਰ ‘ਤੇ ਜਿਨ੍ਹਾਂ ਫਸਲਾਂ ਦੀ ਪ੍ਰੋਸੈਸਿੰਗ ਹੋ ਸਕਦੀ ਸੀ ਕਰਕੇ ਵੇਚਣ ਸ਼ੁਰੂ ਕਰ ਦਿੱਤਾ ਜਿਸ ਦੀ ਸ਼ੁਰੂਆਤ ਉਹਨਾਂ ਨੇ ਕਿਸਾਨ ਮੇਲਿਆਂ ਤੋਂ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ।
ਫਿਰ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਜਾਰੀ ਰੱਖਣ ਲਈ ਇੱਕ ਕਿਸਾਨ ਹੱਟ ਖੋਲਣ ਬਾਰੇ ਸੋਚਿਆ ਜਿੱਥੇ ਕਿ ਇੱਕ ਹੀ ਜਗ੍ਹਾਂ ਹੀ ਉਹਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਅਤੇ ਕਿਸਾਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਦਾ ਸਮਾਨ ਰੱਖ ਕੇ ਵੇਚਿਆ ਜਾ ਸਕੇ, ਜਿਸ ਦਾ ਸਿੱਧਾ ਮੁਨਾਫ਼ਾ ਕਿਸਾਨ ਦੇ ਖਾਤੇ ਵਿੱਚ ਹੀ ਪਵੇ ਨਾ ਕਿ ਵਿਚੋਲਿਆਂ ਦੇ ਹੱਥ ਅਤੇ ਜਿਸ ਨਾਲ ਇੱਕ ਤਾਂ ਉਸਦੀ ਮਾਰਕੀਟ ਬਣੀ ਰਹੇਗੀ ਅਤੇ ਦੂਜਾ ਲੋਕਾਂ ਨੂੰ ਵਧੀਆ ਤੇ ਸਾਫ-ਸਫਾਈ ਵਾਲੀ ਵਸਤਾਂ ਮਿਲਦੀਆਂ ਰਹਿਣਗੀਆਂ।
ਫਿਰ 2019 ਦੇ ਵਿੱਚ ਕਰਨਬੀਰ ਨੇ ਅੰਨਦਾਤਾ ਫੂਡਸ ਨਾਮ ਤੋਂ ਬਰੈਂਡ ਰਜਿਸਟਰਡ ਕਰਵਾ ਕੇ ਮੋਗਾ ਸ਼ਹਿਰ ਵਿਚ ਆਪਣੀ ਕਿਸਾਨ ਹੱਟ ਖੋਲ ਲਈ ਤੇ ਪ੍ਰੋਸੈਸਿੰਗ ਕੀਤਾ ਸਮਾਨ ਰੱਖ ਦਿੱਤਾ। ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਚੱਲਦਾ ਗਿਆ, ਉਸ ਤਰ੍ਹਾਂ ਹੀ ਲੋਕ ਹੌਲੀ-ਹੌਲੀ ਉਨ੍ਹਾਂ ਦੀ ਹੱਟ ਤੋਂ ਸਮਾਨ ਲੈਣ ਆਉਂਦੇ ਰਹੇ ਅਤੇ ਲੋਕਾਂ ਲਈ ਉਹ ਵਸਤਾਂ ਮਨਪਸੰਦ ਬਣ ਗਈਆਂ।
ਜਿਸ ਵਿੱਚ ਬਾਕੀ ਕਿਸਾਨਾਂ ਦੁਆਰਾ ਪ੍ਰੋਸੈਸਿੰਗ ਕੀਤਾ ਸਮਾਨ ਜਿਵੇਂ ਸ਼ਹਿਦ, ਦਾਲਾਂ, GSC 7 ਕਨੌਲ਼ਾ ਸਰਸੋਂ ਦਾ ਤੇਲ, ਛੋਲੇ ਆਦਿ ਬਹੁਤ ਵਸਤਾਂ ਰੱਖ ਕੇ ਵੇਚਦੇ ਹਨ।
ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਪ੍ਰਸਾਰ ਹੋਇਆ ਅਤੇ ਲੋਕ ਉਨ੍ਹਾਂ ਨੂੰ ਅੰਨਦਾਤਾ ਫੂਡਜ਼ ਨਾਮ ਤੋਂ ਜਾਨਣ ਲੱਗ ਗਏ। ਇਸ ਤਰ੍ਹਾਂ 2019 ਵਿੱਚ ਉਹ ਸਫਲ ਹੋਏ ਜਿਸ ਵਿੱਚ ਜ਼ਿਆਦਾ ਸਫਲਤਾ ਦਾ ਸਿਹਰਾ GSC 7 ਕਨੌਲ਼ਾ ਸਰਸੋਂ ਤੇਲ ਨੂੰ ਜਾਂਦਾ ਹੈ ਕਿਉਂਕਿ ਤੇਲ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਬਹੁਤ ਵਾਰ ਮੰਗ ਨੂੰ ਪੂਰਾ ਕਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹ ਤੇਲ ਬਾਕੀਆਂ ਤੇਲ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਇਸ ਤੇਲ ਵਿੱਚ ਬਹੁਤ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਨੂੰ ਮੁਨਾਫ਼ਾ ਤਾਂ ਹੁੰਦਾ ਹੀ ਹੈ ਪਰ ਉਹਨਾਂ ਨਾਲ ਹੋਰਾਂ ਕਿਸਾਨਾਂ ਨੂੰ ਵੀ ਮੁਨਾਫ਼ਾ ਹੋ ਰਿਹਾ ਹੈ।
ਮੇਰਾ ਮੰਨਣਾ ਇਹ ਹੈ ਜੇਕਰ ਅਸੀਂ ਕਿਸਾਨ ਅਤੇ ਗ੍ਰਾਹਕ ਵਿੱਚੋਂ ਵਿਚੋਲੇ ਨੂੰ ਕੱਢ ਦੇਈਏ ਤਾਂ ਹਰ ਇਨਸਾਨ ਵਧੀਆ ਤੇ ਸਾਫ-ਸਫਾਈ ਦੀ ਵਸਤੂ ਖਾ ਸਕਦਾ ਹੈ ਦੂਸਰਾ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਮੁੱਲ ਵੀ ਮਿਲ ਜਾਵੇਗਾ- ਕਰਨਬੀਰ ਸਿੰਘ
ਭਵਿੱਖ ਦੀ ਯੋਜਨਾ
ਉਹ ਚਾਹੁੰਦੇ ਹਨ ਕਿ ਕਿਸਾਨਾਂ ਦਾ ਸਮੂਹ ਬਣਾ ਕੇ ਓਹੀ ਫਸਲਾਂ ਉਗਾਈਏ ਜਿਨ੍ਹਾਂ ਦੀ ਖਪਤ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ।
ਸੰਦੇਸ਼
ਜੇਕਰ ਕੋਈ ਕਿਸਾਨ ਖੇਤੀ ਕਰਦਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਖੇਤੀ ਮਾਹਿਰਾਂ ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ ‘ਤੇ ਚੱਲ ਕੇ ਹੀ ਰੇਆਂ-ਸਪਰੇਆਂ ਦੀ ਵਰਤੋਂ ਕਰਨ ਜਿੰਨੀ ਫਸਲ ਨੂੰ ਵੱਧਣ-ਫੁੱਲਣ ਲਈ ਲੋੜੀਂਦੀ ਚਾਹੀਦੀ ਹੁੰਦੀ ਹੈ।