jhusi

ਖੁਸ਼ੀ ਰਾਮ

(ਖੇਤੀ ਵਿਭਿੰਨਤਾ )

ਸਿੱਖਣ ਦੇ ਚਾਹਵਾਨ ਵਿਅਕਤੀ ਲਈ ਕੋਈ ਸੀਮਾ ਨਹੀਂ

ਖੁਸ਼ੀ ਰਾਮ ਜੀ ਟਿਹਰੀ, ਉੱਤਰਾਖੰਡ ਦੇ ਰਹਿਣ ਵਾਲੇ ਹਨ, ਅਤੇ ਇਹ ਹੈ ਉਹਨਾਂ ਦਾ ਇੱਕ ਆਮ ਕਿਸਾਨ ਤੋਂ ਪ੍ਰਗਤੀਸ਼ੀਲ ਕਿਸਾਨ ਬਣਨ ਦਾ ਅਨੋਖਾ ਸਫ਼ਰ।

ਸ਼ੁਰੂਆਤ

ਉਹਨਾਂ ਦੇ ਮਾਤਾ-ਪਿਤਾ ਰਵਾਇਤੀ ਖੇਤੀ ਦਾ ਅਭਿਆਸ ਕਰਦੇ ਸਨ ਅਤੇ ਫਿਰ ਖੁਸ਼ੀ ਰਾਮ ਜੀ ਨੇ ਆਪਣੇ ਵੱਡਿਆਂ ਦੇ ਤਜ਼ਰਬੇ ਨੂੰ ਵਿਗਿਆਨਕ ਤਕਨੀਕਾਂ ਨੂੰ ਜੋੜਿਆ ਜਿਹਨਾਂ ਦੀ ਸਿਖਲਾਈ ਉਹਨਾਂ ਨੇ ਕੇ.ਵੀ.ਕੇ, ਰਾਣੀਚੌਰੀ ਤੋਂ ਲਈ। 2002 ਤੱਕ ਉਹਨਾਂ ਨੇ ਖੇਤੀ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਦੀ ਯੋਜਨਾ ਨਹੀਂ ਬਣਾਈ ਸੀ ਪਰ ਉਸਦੇ ਮਾਤਾ-ਪਿਤਾ ਦੀ  ਖ਼ਰਾਬ ਸਿਹਤ ਅਤੇ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਾਰਨ ਖੁਸ਼ੀ ਰਾਮ ਜੀ ਨੂੰ ਇਹ ਜ਼ਿੰਮੇਵਾਰੀ ਲੈਣੀ ਪਈ। ਬਾਅਦ ਵਿੱਚ ਉਹਨਾਂ ਨੂੰ ਖੇਤੀ ਪਸੰਦ ਆਉਣ ਲੱਗ ਪਾਈ ਅਤੇ ਕੁਝ ਹੀ ਸਮੇਂ ਵਿੱਚ ਉਹ ਕੁਦਰਤ ਦੇ ਦੀਵਾਨੇ ਹੋ ਗਏ ਅਤੇ ਆਪਣੇ ਖੇਤ ਵਿੱਚ ਵੱਖ-ਵੱਖ ਫ਼ਸਲਾਂ ਉਗਾਉਣ ਦਾ ਤਜਰਬਾ ਕਰਨ ਲੱਗੇ।

ਫਸਲ ਉਤਪਾਦਨ ਅਤੇ ਟੈਕਨੋਲੋਜੀ

ਉਹਨਾਂ ਕੋਲ ਕੁੱਲ 4 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰਦੇ ਹਨ ਜਿਹਨਾਂ ਵਿੱਚੋਂ ਟਮਾਟਰ, ਸ਼ਿਮਲਾ ਮਿਰਚ, ਖੀਰਾ, ਬੈਂਗਣ, ਖੁੰਬ, ਕਣਕ, ਰਾਜਮਾ, ਸਟ੍ਰਾਬੇਰੀ ਅਤੇ ਕੀਵੀ ਕੁਝ ਮੁੱਖ ਫ਼ਸਲਾਂ ਹਨ। ਉਹਨਾਂ ਨੇ 5 ਪੌਲੀਹਾਊਸ ਬਣਾਏ ਹਨ, ਜਿਨ੍ਹਾਂ ਵਿੱਚੋਂ ਦੋ ਪੋਲੀਹਾਊਸ ਵਿੱਚ ਉਹ ਟਮਾਟਰ ਉਗਾਉਂਦੇ ਹਨ, ਇੱਕ ਪੋਲੀਹਾਊਸ ਵਿੱਚ ਉਹਨਾਂ ਨੇ ਨਰਸਰੀ ਲਗਾਈ ਹੈ ਅਤੇ ਬਾਕੀ ਦੋ ਵਿੱਚ ਉਹ ਕ੍ਰਮਵਾਰ ਖੀਰੇ ਅਤੇ ਸ਼ਿਮਲਾ ਮਿਰਚਾਂ ਦੀ ਕਾਸ਼ਤ ਕਰਦੇ ਹਨ।
ਉਹ ਬਰੋਕਲੀ ਅਤੇ ਕੇਲ, ਪਾਰਸਲੇ ਅਤੇ ਮਿਜ਼ੁਨਾ ਦੀਆਂ ਜਾਪਾਨੀ ਕਿਸਮਾਂ ਵੀ ਉਗਾਉਂਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਮੀਨ ‘ਤੇ ਆੜੂ ਦੇ 350 ਪੌਦੇ ਵੀ ਲਗਾਏ ਹੋਏ ਹਨ। ਇਸ ਤੋਂ ਇਲਾਵਾ, ਉਹ ਛੋਟੇ ਪੈਮਾਨੇ ‘ਤੇ ਐਕੁਆਕਲਚਰ ਅਤੇ ਪੋਲਟਰੀ ਫਾਰਮਿੰਗ ਦਾ ਅਭਿਆਸ ਵੀ ਕਰਦੇ ਹਨ। ਉਹ ਆਮ ਤੌਰ ‘ਤੇ ਜੈਵਿਕ ਖੇਤੀ ਦਾ ਅਭਿਆਸ ਕਰਦੇ ਹਨ  ਜਿੱਥੇ ਉਹ ਆਪਣੇ ਫਾਰਮ ਵਿੱਚ ਪਸ਼ੂਆਂ ਦੇ ਮਲ-ਮੂਤਰ, ਟ੍ਰਾਈਕੋਡਰਮਾ ਅਤੇ ਸੂਡੋਮੋਨਾਸ ਵਰਗੀਆਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਉਹਨਾਂ ਨੂੰ ਕੀਟ ਪ੍ਰਬੰਧਨ ਲਈ ਲੋੜ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ।
ਖੁਸ਼ੀ ਰਾਮ ਜੀ ਅਜਿਹੇ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਪਾਣੀ ਦੀ ਕਮੀ ਹੈ। ਇਸ ਸਮੱਸਿਆ ਨਾਲ ਲੜਨ ਲਈ ਉਹਨਾਂ ਨੇ ਬਾਰਿਸ਼ ਦੇ ਪਾਣੀ ਦੀ ਸੰਭਾਲ, ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ, ਪਲਾਸਟਿਕ ਮਲਚਿੰਗ ਅਤੇ ਮਾਈਕ੍ਰੋ ਸਿੰਚਾਈ ਸਮੇਤ ਕਈ ਬਿਹਤਰ ਤਕਨੀਕਾਂ ਨੂੰ ਅਪਣਾਇਆ ਹੈ।
ਉਹਨਾਂ ਨੇ ਕਦੇ ਵੀ ਸਿੱਖਣਾ ਬੰਦ ਨਹੀਂ ਕੀਤਾ ਅਤੇ ਖੇਤੀਬਾੜੀ ਦੇ ਵਿਸ਼ਾਲ ਖੇਤਰ ਵਿੱਚ ਸਿੱਖਣ ਵਾਲੇ ਨਵੇਂ ਗਿਆਨ ਨਾਲ ਪ੍ਰਯੋਗ ਕਰਦੇ ਰਹੇ। ਉਹਨਾਂ ਦਾ ਮੁੱਖ ਉਦੇਸ਼ ਆਪਣੀ ਆਮਦਨ ਵਧਾਉਣਾ ਸੀ ਅਤੇ ਇਸ ਤਰ੍ਹਾਂ ਉਹਨਾਂ ਨੇ ਸ਼ੁਰੂ ਵਿੱਚ ਪੋਲਟਰੀ ਫਾਰਮਿੰਗ ਨਾਲ ਸ਼ੁਰੂਆਤ ਕੀਤੀ ਜੋ ਸਫਲ ਨਹੀਂ ਹੋ ਸਕੀ ਅਤੇ ਬਾਅਦ ਵਿੱਚ ਉਹਨਾਂ ਨੇ ਮਸ਼ਰੂਮ ਦੀ ਖੇਤੀ ਕਰਨ ਦਾ ਮਨ ਬਣਾਇਆ ਜਿਸ ਵਿੱਚ ਉਹਨਾਂ ਨੂੰ ਮੁਨਾਫਾ ਹੋਇਆ।

ਇੱਕ ਮਿਸਾਲ ਕਾਇਮ ਕੀਤੀ

ਉਹਨਾਂ ਦੀ ਸਫਲਤਾ ਦੂਜਿਆਂ ਲਈ ਇੱਕ ਮਿਸਾਲ ਬਣ ਗਈ ਜਿਸਨੇ ਦੂਜੇ ਕਿਸਾਨਾਂ ਨੂੰ ਸਖਤ ਮਿਹਨਤ ਕਰਨ ਅਤੇ ਸਫਲ ਹੋਣ ਲਈ ਪ੍ਰੇਰਿਤ ਕੀਤਾ ਹੈ। ਵਾਢੀ ਦੇ ਮੌਸਮ ਵਿੱਚ ਜਦੋਂ ਕੰਮ ਦਾ ਬੋਝ ਵੱਧ ਜਾਂਦਾ ਹੈ ਤਾਂ ਉਹ ਆਪਣੇ ਪਿੰਡ ਦੀਆਂ ਔਰਤਾਂ ਦੀ ਮਦਦ ਲੈਂਦੇ ਹਨ। ਖੁਸ਼ੀ ਰਾਮ ਜੀ ਔਰਤਾਂ ਲਈ ਰੁਜ਼ਗਾਰ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਤੌਰ ‘ਤੇ ਕੰਮ ਕਰਨ ਅਤੇ ਰੋਜ਼ਗਾਰ ਕਮਾਉਣ ਲਈ ਸੁਤੰਤਰ ਬਣਾਉਦੇ ਹਨ। ਪਿਛਲੇ ਸੀਜ਼ਨ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਆਪਣੇ ਰੁਝੇਵੇਆਂ ਦੇ ਕਾਰਨ ਅਗਲੇ ਸੀਜ਼ਨ ਵਿੱਚ ਕੰਮ ਨਹੀਂ ਕਰ ਪਾਉਂਦੀਆ, ਤਾਂ ਇੱਕ ਨਵਾਂ ਗਰੁੱਪ ਆਉਂਦਾ ਹੈ ਅਤੇ ਖੁਸ਼ੀ ਰਾਮ ਜੀ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਹਨ।

ਸਹਾਇਕ ਥੰਮ੍ਹ

ਉਹ ਸਰਕਾਰ ਅਤੇ ਉਨ੍ਹਾਂ ਸਾਰੀਆਂ ਸਕੀਮਾਂ ਲਈ ਧੰਨਵਾਦੀ ਹਨ ਜੋ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀਆਂ ਹਨ। ਉਹਨਾਂ ਦੇ ਸਾਰੇ ਪੋਲੀਹਾਊਸ ਅਤੇ ਖੇਤੀ ਮਸ਼ੀਨਰੀ 80% ਸਬਸਿਡੀ ਦੇ ਅਧੀਨ ਹਨ ਅਤੇ ਪ੍ਰਤੀ ਪੌਲੀਹਾਊਸ ਉਹਨਾਂ ਨੂੰ ਸਿਰਫ 24000 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਰਾਣੀਚੌਰੀ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਖੇਤੀਬਾੜੀ ਸਕੀਮਾਂ ਨੂੰ ਸਮਝਣ ਅਤੇ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਨੂੰ ਸ਼ਾਮਿਲ ਕਰਨ ਲਈ ਉਹਨਾਂ ਦੀ ਮਦਦ ਕੀਤੀ ਹੈ। ਉਹਨਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਆਪਣੇ ਫਾਰਮ ‘ਤੇ ਸੇਬਾਂ ਦੇ 500 ਉੱਚ-ਘਣਤਾ ਵਾਲੇ ਪੌਦੇ ਲਗਾਏ ਹਨ। ਉਹਨਾਂ ਦੇ ਇਲਾਕੇ ਦੇ ਵਿੱਚ ਕੁਝ ਸਾਲਾਂ ਤੋਂ ਬਰਫ ਘੱਟ ਪੈਂਦੀ ਹੈ ਜਿਸਦੇ ਕਾਰਨ ਉਹਨਾਂ ਨੇ ਸੇਬ ਦੀਆਂ M9 ਅਤੇ M26 ਕਿਸਮਾਂ ਦੀ ਖੇਤੀ ਕੀਤੀ ਹੈ, ਉਹ ਆਪਣੇ ਖੇਤਰ ਵਿੱਚ ਇਹਨਾਂ ਨੂੰ ਉਗਾਉਣ ਵਾਲੇ ਪਹਿਲੇ ਕਿਸਾਨ ਹਨ ਅਤੇ ਆਉਣ ਵਾਲੇ ਸੀਜ਼ਨ ਵਿੱਚ ਝਾੜ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ।

ਚੁਣੌਤੀਆਂ

ਸਭ ਤੋਂ ਪਹਿਲਾਂ, ਉਹਨਾਂ ਦੇ ਇਲਾਕੇ ਵਿੱਚ ਪੈਦਾਵਾਰ ਜੰਗਲੀ ਜਾਨਵਰਾਂ ਦੁਆਰਾ ਕੀਤੇ ਗਏ ਵਿਨਾਸ਼ ਦੁਆਰਾ ਪ੍ਰਭਾਵਿਤ ਹੁੰਦੀ ਹੈ। ਦਿਨ ਵੇਲੇ ਬਾਂਦਰਾਂ ਅਤੇ ਰਾਤ ਨੂੰ ਸੂਰਾਂ ਤੋਂ ਖੇਤ ਦਾ ਨਿਰੀਖਣ ਕਰਨ ਵਾਲਾ ਵਿਅਕਤੀ ਹੋਣਾ ਚਾਹੀਦਾ ਹੈ। ਇੱਕ ਹੋਰ ਚੁਣੌਤੀ ਜਿਸਦਾ ਉਸਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ‘ਮਾਰਕੀਟ ਲਿੰਕੇਜ’ ਕਿਉਂਕਿ ਉਹਨਾਂ ਇਲਾਕਾ ਛੋਟਾ ਹੈ ਅਤੇ ਉਹਨਾਂ ਦਾ ਵਾਪਰ ਸਿਰਫ ਚੰਬਾ, ਰਿਸ਼ੀਕੇਸ਼ ਅਤੇ ਦੇਹਰਾਦੂਨ ਤੱਕ ਹੀ ਸੀਮਿਤ ਹੈ। ਸਲਾਨਾ ਮੁਨਾਫਾ ₹ 7 ਲੱਖ ਪ੍ਰਤੀ ਸਲਾਨਾ ਤੱਕ ਜਾਂਦਾ ਹੈ ਪਰ ਹੜ੍ਹ, ਬੱਦਲ ਫਟਣ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਜ਼ਿਆਦਾਤਰ ਕਮਾਈ ਨਾਲੋਂ ਵੱਧ ਨੁਕਸਾਨ ਹੁੰਦਾ ਹੈ।

ਪ੍ਰਾਪਤੀਆਂ

  • 2022 ਵਿੱਚ ICAR- ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਦੁਆਰਾ ਨਵੀਨਤਾਕਾਰੀ ਕਿਸਾਨ ਪੁਰਸਕਾਰ ਵਜੋਂ ਸਨਮਾਨਿਆ ਗਿਆ
  • 2022 ਵਿੱਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਦੁਆਰਾ ਖੁੰਬਾਂ ਦੀ ਖੇਤੀ ਦੇ ਖੇਤਰ ਵਿੱਚ ਲਗਾਤਾਰ ਯਤਨਾਂ ਲਈ ਪ੍ਰਸ਼ੰਸਾ ਕੀਤੀ ਗਈ।
  • 2019 ਵਿੱਚ ISHRD ਦੇਵ ਭੂਮੀ ਬਾਗਵਾਨੀ ਪੁਰਸਕਾਰ (2014-2018) ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਨੂੰ ਸੁਨੇਹਾ

ਉਹ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਜਹਿਰਾਂ ਦੀ ਵਰਤੋਂ ਘਟਾ ਕੇ ਜਾ ਜੈਵਿਕ ਖੇਤੀ ਵੱਲ ਰੁਖ ਕਰਕੇ ਮਨੁੱਖ ਇੱਕ ਸਿਹਤਮੰਦ ਜੀਵਨ ਜੀ ਸਕਦਾ ਹੈ ।

ਭਵਿੱਖ ਦੀਆਂ ਯੋਜਨਾਵਾਂ

ਉਹਨਾਂ ਦਾ ਮੁੱਖ ਉਦੇਸ਼ ਆਪਣੇ ਉਤਪਾਦਾਂ ਨੂੰ ਹੋਰ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ ਅਤੇ ਏਕੀਕ੍ਰਿਤ ਕਿਸਾਨ ਪ੍ਰਣਾਲੀ  ਨੂੰ ਆਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਹੈ।