ਪ੍ਰਭਜੋਤ, ਸ਼ਮਿੰਦਰ ਅਤੇ ਸੌਰਵ

ਪੂਰੀ ਕਹਾਣੀ ਪੜ੍ਹੋ

ਤਿੰਨ ਸੂਖਮ-ਜੀਵ ਵਿਗਿਆਨੀਆਂ ਦੀ ਕਹਾਣੀ, ਜੋ ਸਮਾਜ ਨੂੰ ਉੱਤਮ ਭੋਜਨ ਪ੍ਰਦਾਨ ਕਰਨ ਲਈ ਉੱਦਮੀਆਂ ਦੇ ਸਮੂਹ ਦੇ ਰੂਪ ਵਿੱਚ ਉੱਭਰ ਰਹੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਹਰ ਸਫ਼ਲ ਕਾਰੋਬਾਰ, ਸੰਘਰਸ਼ ਨਾਲ ਸ਼ੁਰੂ ਹੋ ਕੇ ਸਿਖਰ ‘ਤੇ ਪਹੁੰਚਦਾ ਹੈ ਅਤੇ ਕੁੱਝ ਵੀ ਅਸਾਨੀ ਨਾਲ ਹਾਸਲ ਨਹੀਂ ਹੁੰਦਾ। ਹਰ ਇੱਕ ਵਪਾਰ ਦੀ ਸ਼ੁਰੂਆਤ ਦੇ ਪਿੱਛੇ ਸ਼ਾਨਦਾਰ ਵਿਚਾਰ, ਦੇਰ ਰਾਤ ਦੇ ਵਿਚਾਰ-ਵਟਾਂਦਰੇ, ਨਜ਼ਦੀਕੀ ਲੋਕਾਂ ਦੇ ਨਾਲ ਬਹਿਸ, ਵਿਚਾਰ ਪ੍ਰਕਿਰਿਆ ਅਤੇ ਹੋਰ ਬਹੁਤ ਕੁੱਝ ਹੁੰਦਾ ਹੈ। ਜੇਕਰ ਅਸੀਂ ਇਹ ਕਹੀਏ ਕਿ ਉਹ ਬੁੱਧੀਮਾਨ ਹੈ ਜਾਂ ਉਹ ਆਰਥਿਕ ਤੌਰ ‘ਤੇ ਚੰਗਾ ਹੈ, ਇਸ ਲਈ ਉਹ ਇੱਕ ਵਧੀਆ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਹੈ, ਤਾਂ ਇਹ ਸੱਚ ਨਹੀਂ ਹੈ। ਸਾਡੇ ਸਾਰਿਆਂ ਕੋਲ ਬਰਾਬਰ ਮੌਕੇ ਹੁੰਦੇ ਹਨ ਅਤੇ ਅਸੀਂ ਸਾਰੇ ਵੱਡੇ ਕਾਰੋਬਾਰੀ ਵਿਚਾਰਾਂ ਨਾਲ ਘਿਰੇ ਹੋਏ ਹਾਂ, ਸਾਨੂੰ ਸਿਰਫ਼ ਆਪਣੇ ਅੰਦਰ ਦੇਖਣਾ ਚਾਹੀਦਾ ਹੈ ਅਤੇ ਸੰਭਾਵਨਾਵਾਂ ਨੂੰ ਨੇੜੇ ਆਉਣ ਦੇਣਾ ਚਾਹੀਦਾ ਹੈ। ਅੱਜ ਅਸੀਂ ਉਨ੍ਹਾਂ ਤਿੰਨ ਨੌਜਵਾਨਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਆਲੇ-ਦੁਆਲੇ ਤੋਂ ਮੌਕਿਆਂ ਦੀ ਖੋਜ ਕੀਤੀ ਅਤੇ ਉੱਭਰਦੇ ਹੋਏ ਉੱਦਮੀਆਂ ਦੇ ਇੱਕ ਸਮੂਹ ਦੇ ਤੌਰ ‘ਤੇ ਅੱਗੇ ਆਏ।

ਇਹ ਤਿੰਨ ਨੌਜਵਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ – ਪ੍ਰਭਜੋਤ ਸਿੰਘ ਖੰਨਾ, ਸ਼ਮਿੰਦਰ ਸਿੰਘ ਬਰਾੜ ਅਤੇ ਸੌਰਵ ਸਿੰਗਲਾ, ਜੋ ਵਪਾਰਿਕ ਤੌਰ ‘ਤੇ ਨਹੀਂ, ਬਲਕਿ ਸੂਖਮ-ਜੀਵ ਵਿਗਿਆਨੀ ਦੇ ਤੌਰ ‘ਤੇ ਇਸ ਵਿਸ਼ਵਾਸ ਨਾਲ ਅੱਗੇ ਆਏ ਕਿ ਉਹ ਲੋਕਾਂ ਨੂੰ ਸਭ ਤੋਂ ਉੱਤਮ ਭੋਜਨ ਪ੍ਰਦਾਨ ਕਰਨਗੇ ਅਤੇ ਆਪਣੇ ਵਿਚਾਰ ਨੂੰ ਪਹਿਚਾਣ ਅਤੇ ਦਿਸ਼ਾ ਦੇਣ ਦੇ ਲਈ 2015 ਵਿੱਚ ਉਨ੍ਹਾਂ ਨੇ ਮਾਈਕ੍ਰੋ ਫੂਡਜ਼ ਦੇ ਨਾਮ ਨਾਲ ਲੁਧਿਆਣਾ(ਪੰਜਾਬ) ਵਿੱਚ ਆਪਣੀ ਕੰਪਨੀ ਸਥਾਪਿਤ ਕੀਤੀ।

ਇਹ ਸੱਚ ਹੈ ਕਿ ਇਹ ਇਨ੍ਹਾਂ ਤਿੰਨਾਂ ਦਾ ਸਾਂਝਾ ਯਤਨ ਸੀ, ਪਰ ਉਨ੍ਹਾਂ ਦੀ ਸ਼ੁਰੂਆਤ ਦੇ ਪਿੱਛੇ ਮੁੱਖ ਪ੍ਰੇਰਣਾ ਉਨ੍ਹਾਂ ਦੇ ਪ੍ਰੋਫੈਸਰ ਡਾ. ਸੰਜੀਵ ਕਪੂਰ ਅਤੇ ਡਾ. ਰਮਨਦੀਪ ਸਿੰਘ ਜੀ ਦੀ ਸੀ। ਆਪਣੀ ਪੜ੍ਹਾਈ ਅਤੇ ਵਿਨੇਗਰ ਦੇ ਖੇਤਰ ਵਿੱਚ ਖੋਜ ਪੂਰੀ ਕਰਨ ਦੇ ਬਾਅਦ, ਤਿੰਨਾਂ ਨੌਜਵਾਨਾਂ ਨੇ ਆਖਰ ‘ਚ ਇਹ ਉੱਦਮ ਸ਼ੁਰੂ ਕੀਤਾ। ਉਨ੍ਹਾਂ ਤਿੰਨਾਂ ਨੇ ਆਪ ਹੀ ਕੰਪਨੀ ਦਾ ਨਾਮ ਸੋਚਿਆ ਅਤੇ ਲੋਗੋ ਵੀ ਤਿਆਰ ਕੀਤਾ।

ਆਪਣੇ ਖੋਜ ਕਾਰਜ ਦੌਰਾਨ, ਉਹ ਪਹਿਲਾਂ ਹੀ ਕੰਮ ਦਾ ਅਨੁਭਵ ਅਤੇ ਕਈ ਵੱਡੇ ਖਮੀਰ ਅਤੇ ਸਿਰਕਾ ਉਦਯੋਗਾਂ ਦਾ ਗਿਆਨ ਰੱਖਦੇ ਸਨ। ਇਸ ਲਈ ਉਨ੍ਹਾਂ ਨੇ ਕੁਦਰਤੀ ਫਲਾਂ ਤੋਂ ਕੁਦਰਤੀ ਖਮੀਰ ਤਕਨੀਕਾਂ ਦੀ ਵਰਤੋਂ ਕਰ ਕੇ ਕਾਰਬਨਿਕ ਸਿਰਕਾ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ, ਉਹ ਵੀ ਨਕਲੀ ਐਸਿਡ ਜਾਂ ਨਕਲੀ ਸਮੱਗਰੀ ਦਾ ਇਸਤੇਮਾਲ ਕੀਤੇ ਬਿਨਾਂ। ਪ੍ਰਭਜੋਤ ਦੇ ਘਰ ਵਿੱਚ ਉਨ੍ਹਾਂ ਨੇ 500 ਗਜ ਦੇ ਖੇਤਰ ਵਿੱਚ ਆਪਣਾ ਉਤਪਾਦਨ ਯੂਨਿਟ ਸਥਾਪਿਤ ਕੀਤਾ। ਉਹ ਇਸ ਯੂਨਿਟ ਵਿੱਚ ਕੀਟਾਣੂਆਂ ਤੋਂ ਬਚਾਅ ਅਤੇ ਸਫ਼ਾਈ ਆਦਿ ਦਾ ਵਿਸ਼ੇਸ਼ ਧਿਆਨ ਰੱਖਦੇ ਹਨ।

ਉਨ੍ਹਾਂ ਨੇ FRUIGAR (ਫਰੂਗਰ) ਬ੍ਰੈਂਡ ਦੇ ਤਹਿਤ ਸੇਬ, ਜਾਮੁਨ, ਗੰਨਾ ਅਤੇ ਚਿੱਟੇ ਅੰਗੂਰਾਂ ਨਾਲ 4 ਕਿਸਮਾਂ ਦੇ ਸਿਰਕੇ ਦਾ ਉਤਪਾਦਨ ਸ਼ੁਰੂ ਕੀਤਾ। FRUIGAR ਨਾਮ ਚੁਣਨ ਦੇ ਪਿੱਛੇ ਇਹ ਵਿਚਾਰ ਸੀ ਕਿ FRUIT ਤੋਂ FRUI ਸ਼ਬਦ ਅਤੇ VINEGAR ਤੋਂ GAR ਸ਼ਬਦ ਲਿਆ ਗਿਆ। ਉਨ੍ਹਾਂ ਨੇ ਦੱਖਣੀ ਭਾਰਤ ਤੋਂ ਕੱਚਾ ਮਾਲ ਮੰਗਵਾਇਆ। ਇਨ੍ਹਾਂ ਫਲਾਂ ਨੂੰ ਚੁਣਨ ਦਾ ਕਾਰਨ ਇਹ ਸੀ ਕਿ ਇਨ੍ਹਾਂ ਸਾਰਿਆਂ ਦੇ ਮੁੱਖ ਸਿਹਤ ਲਾਭ ਹਨ ਅਤੇ ਬਜ਼ਾਰ ਵਿੱਚ ਇਨ੍ਹਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਦੇ ਇਲਾਵਾ ਇਹ ਜੈਵਿਕ ਹਨ ਅਤੇ ਮਨੁੱਖੀ ਜੀਵਨ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਉਤਪਾਦ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਮਾਰਕੀਟਿੰਗ ਯੋਜਨਾ ਬਣਾਈ। ਉਨ੍ਹਾਂ ਨੇ ਉਤਪਾਦ ਨੂੰ ਉਸ ਡਾਟੇ ਦੇ ਆਧਾਰ ‘ਤੇ ਮਾਰਕੀਟਿੰਗ ਕਰਨਾ ਸ਼ੁਰੂ ਕੀਤਾ, ਜਿਸ ਦਾ ਇਸਤੇਮਾਲ ਉਨ੍ਹਾਂ ਨੇ ਆਪਣੀ ਖੋਜ ਵਿੱਚ ਕੀਤਾ ਸੀ। ਉਨ੍ਹਾਂ ਨੇ ਆਪਣੇ ਉਤਪਾਦ ਨੂੰ ਸਾਰੇ ਡਾਕਟਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਨ੍ਹਾਂ ਨੇ ਆਪਣੇ ਜੈਵਿਕ ਵਿਨੇਗਰ ਦੇ ਸਰੀਰਕ ਫਾਇਦਿਆਂ ਦੀ ਵੀ ਜਾਣਕਾਰੀ ਦਿੱਤੀ। ਫਲਾਂ ਦਾ ਸਿਰਕਾ ਬਣਾਉਣ ਪਿੱਛੇ ਉਨ੍ਹਾਂ ਦਾ ਮੁੱਖ ਉਦੇਸ਼ ਕਿਸੇ ਵੀ ਨਕਲੀ ਸਮੱਗਰੀ ਦੇ ਬਿਨਾਂ ਸਮਾਜ ਨੂੰ ਅਰੋਗ ਉਤਪਾਦ ਪ੍ਰਦਾਨ ਕਰਨਾ ਸੀ।

ਇਹ ਉੱਦਮੀ ਇੱਥੇ ਹੀ ਨਹੀਂ ਰੁਕੇ। ਉਹ ਦੋ ਨਵੇਂ ਉਤਪਾਦਾਂ ਨਾਲ ਅੱਗੇ ਵਧੇ, ਜਿਨ੍ਹਾਂ ਨੂੰ ਹੁਣ ਸ਼ੂਗਰ ਦੇ ਮਰੀਜ਼ਾਂ ਲਈ ਆਟੇ ਅਤੇ ਗਲੂਟੇਨ ਤੋਂ ਮੁਕਤ ਆਟੇ ਦੇ ਨਾਮ ਨਾਲ ਜਾਣਿਆਂ ਜਾਂਦਾ ਹੈ, ਜਿਸ ਦੀ ਅੱਜ-ਕੱਲ੍ਹ ਬਹੁਤ ਮੰਗ ਹੈ। ਖੇਤੀ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਸ਼ਮਿੰਦਰਜੀਤ ਸਿੰਘ ਕਣਕ ਅਤੇ ਝੋਨੇ ਦਾ ਉਤਪਾਦਨ ਕਰਦੇ ਹਨ ਅਤੇ ਆਪਣੇ ਨਵੇਂ ਉਤਪਾਦ ਲਈ ਕੱਚਾ ਮਾਲ ਵੀ ਪ੍ਰਦਾਨ ਕਰਦੇ ਹਨ। ਉਹ ਆਪਣਾ ਕੰਮ ਪਿਛਲੇ ਦੋ ਸਾਲ ਤੋਂ ਕਰ ਰਹੇ ਹਨ ਅਤੇ ਹੌਲੀ-ਹੌਲੀ ਆਪਣੇ ਉਤਪਾਦ ਨੂੰ ਬਜ਼ਾਰ ਵਿੱਚ ਸਥਾਪਿਤ ਕਰਨ ਦੀ ਕੋਸ਼ਿਸ਼ ਰਹੇ ਹਨ। ਵਰਤਮਾਨ ਵਿੱਚ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋ ਰਿਹਾ, ਪਰ ਨਾਲ ਹੀ ਕੋਈ ਨੁਕਸਾਨ ਵੀ ਨਹੀਂ ਹੋ ਰਿਹਾ। ਪਰ ਥੋੜ੍ਹੇ ਸਮੇਂ ਵਿੱਚ ਉਨ੍ਹਾਂ ਨੇ ਚੰਗੇ ਗ੍ਰਾਹਕਾਂ ਦੀ ਭਾਰੀ ਸੰਖਿਆ ਆਪਣੇ ਨਾਲ ਜੋੜ ਲਈ ਹੈ, ਜੋ ਕਿ ਉਨ੍ਹਾਂ ਦੇ ਉਤਪਾਦਾਂ ਦੇ ਸਿਹਤ ਫਾਇਦਿਆਂ ਤੋਂ ਜਾਣੂ ਹਨ ਅਤੇ ਉਨ੍ਹਾਂ ਦੇ ਉਤਪਾਦਾਂ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ।

ਉਨ੍ਹਾਂ ਲਈ ਇਹ ਸਿਰਫ਼ ਸ਼ੁਰੂਆਤ ਹੈ। ਉਹ ਸਮਾਜ ਵਿੱਚ ਸਿਹਤਮੰਦ ਅਤੇ ਜੈਵਿਕ ਉਤਪਾਦਾਂ ਨਾਲ ਅੱਗੇ ਆਉਣਾ ਚਾਹੁੰਦੇ ਹਨ। ਭਵਿੱਖ ਵਿੱਚ ਉਹ ਮਾਰਕਿਟ ਅਤੇ ਵੱਡੀ ਸੰਖਿਆ ਵਿੱਚ ਫੈਕਟਰੀਆਂ ਨੂੰ ਕਵਰ ਕਰਨਾ ਚਾਹੁੰਦੇ ਹਨ। ਹੁਣ ਤੱਕ ਉਹ ਅੰਸ਼ਿਕ ਤੌਰ ‘ਤੇ ਪੈਕੇਜ਼ਿੰਗ, ਪ੍ਰੋਸੈੱਸਿੰਗ ਅਤੇ ਮੰਡੀਕਰਨ ਲਈ ਦੂਜਿਆਂ ‘ਤੇ ਨਿਰਭਰ ਹਨ। ਪਰ 2017 ਤੋਂ ਬਾਅਦ, ਉਹ ਆਪ ਉਤਪਾਦਾਂ ਦੀ ਪ੍ਰੋਸੈੱਸਿੰਗ, ਪੈਕਿੰਗ ਅਤੇ ਮੰਡੀਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਉਹ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਮਾਰਕਫੈੱਡ ਨਾਲ ਜੁੜਨ ਦੀ ਸੋਚ ਰਹੇ ਹਨ।

ਪ੍ਰਭਜੋਤ, ਸ਼ਮਿੰਦਰ ਅਤੇ ਸੋਰਵ ਦੁਆਰਾ ਸੰਦੇਸ਼
“ਅੱਜ ਦੇ ਨੌਜਵਾਨ, ਜੋ ਕਿ ਮਾਈਕਰੋਬਾਇਓਲੋਜੀ ਦੇ ਖੇਤਰ ਤੋਂ ਹਨ, ਉਨ੍ਹਾਂ ਨੂੰ ਆਪਣੀ ਸਿੱਖਿਆ ਨੂੰ ਸਮਾਜ ਲਈ ਵਰਦਾਨ ਬਣਾਉਣ ਦੀ ਦਿਸ਼ਾ ਬਾਰੇ ਸੋਚਣਾ ਚਾਹੀਦਾ ਹੈ। ਸੂਖਮ-ਜੀਵ ਵਿਗਿਆਨ ਵਿੱਚ ਕਈ ਅਲੱਗ-ਅਲੱਗ ਖੇਤਰ ਹਨ ਜਿਸ ਵਿੱਚ ਵਿਦਿਆਰਥੀ ਕੁੱਝ ਅਲੱਗ ਕਰ ਸਕਦੇ ਹਨ। ਪਰ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਖੇਤਰ ਦੇ ਸਿਆਣੇ ਲੋਕਾਂ ਦੇ ਨਾਲ ਚਰਚਾ ਕਰਨੀ ਚਾਹੀਦੀ ਹੈ। ਪੇਸ਼ੇਵਰ ਲੋਕਾਂ ਅਤੇ ਆਪਣੇ ਪ੍ਰੋਫੈਸਰਾਂ ਤੋਂ ਜਿੰਨਾ ਸੰਭਵ ਹੋ ਸਕੇ ਸਿੱਖਣਾ ਚਾਹੀਦਾ ਹੈ।”

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”

 

ਹਰਿਮਨ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸਨੇ ਆਪਣੇ ਕਰਮ ਕਰਦੇ ਹੋਏ, ਆਪਣੀ ਮਿਹਨਤ ਨਾਲ ਸਫ਼ਲਤਾ ਦਾ ਸੁਆਦ ਚਖਿਆ

ਅਜਿਹਾ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਇੱਛਾ ਸ਼ਕਤੀ ਅੱਗੇ ਕੋਈ ਚੀਜ਼ ਨਹੀਂ ਟਿਕ ਸਕਦੀ। ਅਜਿਹੀ ਹੀ ਇੱਛਾ ਅਤੇ ਸ਼ਕਤੀ ਨਾਲ ਇੱਕ ਅਜਿਹੇ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਨਿਰੰਤਰ ਯਤਨਾਂ ਨਾਲ ਉਸ ਜ਼ਮੀਨ ‘ਤੇ ਸੇਬ ਦੀ ਇੱਕ ਨਵੀਂ ਕਿਸਮ ਦਾ ਵਿਕਾਸ ਕੀਤਾ, ਜਿੱਥੇ ਇਹ ਕਰਨਾ ਲਗਭਗ ਅਸੰਭਵ ਸੀ।

ਸ਼੍ਰੀ ਹਰਿਮਨ ਸ਼ਰਮਾ ਇੱਕ ਸਫ਼ਲ ਕਿਸਾਨ ਹਨ, ਜਿਨ੍ਹਾਂ ਕੋਲ ਸੇਬ, ਅੰਬ, ਆੜੂ, ਕਾੱਫੀ, ਲੀਚੀ ਅਤੇ ਅਨਾਰ ਦੇ ਬਗ਼ੀਚੇ ਹਨ। ਇੱਕ ਊਸ਼ਣ-ਕਟੀਬੰਧੀ ਸਥਾਨ ਹੈ (ਪਿੰਡ ਪਨੀਲਾ ਕੋਠੀ, ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ਼) ਜਿੱਥੇ ਤਾਪਮਾਨ 45° ਤੱਕ ਵੱਧ ਜਾਂਦਾ ਹੈ ਅਤੇ ਭੂਮੀ ਵਿੱਚ 80% ਚੱਟਾਨਾਂ ਅਤੇ 20% ਮਿੱਟੀ ਹੈ। ਇੱਥੇ ਸੇਬ ਉਗਾਉਣਾ ਲਗਭਗ ਅਸੰਭਵ ਸੀ, ਪਰ ਹਰਿਮਨ ਸ਼ਰਮਾ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਇਸਨੂੰ ਸੰਭਵ ਕਰ ਦਿੱਤਾ।

ਇਸ ਤੋਂ ਪਹਿਲਾਂ ਹਰਿਮਨ ਸ਼ਰਮਾ ਜੀ ਕਿਸਾਨ ਨਹੀਂ ਸਨ। ਜੋ ਸਫ਼ਲਤਾ ਅੱਜ ਉਨ੍ਹਾਂ ਨੇ ਹਾਸਿਲ ਕੀਤੀ ਹੈ, ਉਸ ਲਈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕਈ ਚੁਣੌਤੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ। 1971 ਤੋਂ 1982 ਤੱਕ ਉਹ ਮਜ਼ਦੂਰ ਸੀ, 1983 ਤੋਂ 1990 ਤੱਕ ਉਨ੍ਹਾਂ ਨੂੰ ਪੱਥਰ ਤੋੜਨ ਦਾ ਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਕੀਤਾ। 1991 ਤੋਂ 1998 ਤੱਕ ਉਨ੍ਹਾਂ ਨੇ ਸਬਜ਼ੀ ਦੀ ਖੇਤੀ ਦੇ ਨਾਲ-ਨਾਲ ਅੰਬ ਦੇ ਬਾਗ ਵੀ ਲਾਏ।

1999 ਵਿੱਚ ਇੱਕ ਅਜਿਹਾ ਮੋੜ ਆਇਆ, ਜਦੋਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਇੱਕ ਸੇਬ ਦਾ ਬੀਜ ਪੁੰਗਰਦਾ ਦੇਖਿਆ। ਉਨ੍ਹਾਂ ਨੇ ਉਸ ਪੌਦੇ ਨੂੰ ਸੰਭਾਲਿਆ ਅਤੇ ਖੇਤੀਬਾੜੀ ਵਿੱਚ ਪ੍ਰਾਪਤ ਕੀਤੇ ਤਜ਼ਰਬੇ ਨਾਲ ਇਸਦਾ ਪੋਸ਼ਣ ਕਰਨਾ ਸ਼ੁਰੂ ਕੀਤਾ। ਕੁਆਲਿਟੀ ਨੂੰ ਸੁਧਾਰਨ ਲਈ ਉਨ੍ਹਾਂ ਨੇ ਆਲੂਬੁਖਾਰੇ ਦੇ ਰੁੱਖ ਦੇ ਤਣੇ ‘ਤੇ ਸੇਬ ਦੇ ਰੁੱਖ ਦੀ ਸ਼ਾਖ ਦੀ ਗ੍ਰਾਫਟਿੰਗ ਕਰ ਦਿੱਤੀ ਅਤੇ ਇਸਦਾ ਪਰਿਣਾਮ ਬਿਲਕੁੱਲ ਅਲੱਗ ਸੀ। ਦੋ ਸਾਲ ਬਾਅਦ ਸੇਬ ਦੇ ਪੌਦੇ ਨੇ ਫਲ ਦੇਣੇ ਸ਼ੁਰੂ ਕਰ ਦਿੱਤੇ। ਆਖਿਰ ਉਨ੍ਹਾਂ ਨੇ ਇੱਕ ਅਲੱਗ ਤਰ੍ਹਾਂ ਦਾ ਸੇਬ ਵਿਕਸਿਤ ਕੀਤਾ, ਜੋ ਕਿ ਗਰਮ ਜਲਵਾਯੂ ਦੇ ਨਾਲ ਬਹੁਤ ਘੱਟ ਪਹਾੜੀਆਂ ‘ਤੇ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ।

ਹੌਲੀ-ਹੌਲੀ ਸਮੇਂ ਦੇ ਨਾਲ ਹਰਿਮਨ ਸ਼ਰਮਾ ਦੁਆਰਾ ਖੋਜੀ ਗਈ ਸੇਬ ਦੀ ਕਿਸਮ ਦੀ ਗੱਲ ਫੈਲ ਗਈ। ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਅਤੇ ਕੁੱਝ ਹੈਰਾਨ ਹੋਏ। ਪਰ 7 ਜੁਲਾਈ 2008 ਨੂੰ ਹਰਿਮਨ ਸ਼ਰਮਾ ਸ਼ਿਮਲਾ ਗਏ ਅਤੇ ਉਨ੍ਹਾਂ ਨੇ ਵਿਕਸਿਤ ਕੀਤੇ ਸੇਬ ਦੀ ਇੱਕ ਟੋਕਰੀ ਦੀ ਪੇਸ਼ਕਸ਼ ਕੀਤੀ, ਜੋ ਹਿਮਾਚਲ ਦੇ ਮੁੱਖ ਮੰਤਰੀ ਲਈ ਸੀ।

ਮੁੱਖ ਮੰਤਰੀ ਨੇ ਤੁਰੰਤ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਸੇਬ ਖਾਧੇ ਅਤੇ ਜਲਦੀ ਹੀ ਮੁੱਖ ਮੰਤਰੀ ਨੇ ਇਸ ਸੇਬ ਦੀ ਕਿਸਮ ਨੂੰ ਹਰਿਮਨ ਨਾਮ ਦਿੱਤਾ। ਬਾਗਬਾਨੀ ਯੂਨੀਵਰਸਿਟੀ ਅਤੇ ਵਿਭਾਗ ਦੇ ਕਈ ਮਾਹਿਰ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬਾਗ ਵਿੱਚ ਆਏ ਅਤੇ ਅਸਲ ਵਿੱਚ ਉਨ੍ਹਾਂ ਦਾ ਕੰਮ ਦੇਖ ‘ਤੇ ਹੈਰਾਨ ਅਤੇ ਸੰਤੁਸ਼ਟ ਹੋਏ।

ਉਨ੍ਹਾਂ ਨੇ ਇੱਕ ਹੀ ਕਿਸਮ ਦੇ ਸੇਬ ਦੇ 8 ਪੌਦੇ ਵਿਕਸਿਤ ਕੀਤੇ, ਜੋ ਕਿ ਬਾਗ ਵਿੱਚ ਅੰਬ ਦੇ ਪੌਦਿਆਂ ਨਾਲ ਵੱਧ ਰਹੇ ਹਨ ਅਤੇ ਹੁਣ ਤੱਕ ਚੰਗੀ ਪੈਦਾਵਾਰ ਦੇ ਰਹੇ ਹਨ। ਹਰਿਮਨ ਜੀ ਦੁਆਰਾ ਵਿਕਸਿਤ ਕੀਤੀ ਗਈ ਕਿਸਮ ਦਾ ਨਾਮ ਉਨ੍ਹਾਂ ਦੇ ਹੀ ਨਾਮ ‘ਤੇ HRMN-99 ਰੱਖਿਆ ਗਿਆ। ਉਨ੍ਹਾਂ ਨੇ ਦੇਸ਼ ਭਰ ਵਿੱਚ ਕਿਸਾਨਾਂ, ਮਾਲੀਆਂ, ਉੱਦਮੀਆਂ ਅਤੇ ਸਰਕਾਰੀ ਸੰਗਠਨਾਂ ਨੂੰ 3 ਲੱਖ ਤੋਂ ਵੱਧ ਪੌਦੇ ਵਿਕਸਿਤ ਕੀਤੇ ਅਤੇ ਵੰਡੇ। HRMN-99 ਕਿਸਮ ਦੇ 55 ਸੇਬ ਦੇ ਪੌਦੇ ਰਾਸ਼ਟਰਪਤੀ ਭਵਨ ਵਿੱਚ ਲਾਏ ਗਏ। ਉਨ੍ਹਾਂ ਨੇ ਅੰਬ, ਲੀਚੀ, ਅਨਾਰ, ਕਾੱਫੀ ਅਤੇ ਆੜੂ ਵਰਗੇ ਫਲਾਂ ਦੇ ਵੀ ਬਾਗ ਬਣਾਏ।

ਹਰਿਮਨ ਸ਼ਰਮਾ ਦੁਆਰਾ ਵਿਕਸਿਤ ਸੇਬ ਦੀ ਕਿਸਮ ਨੂੰ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਉਪ-ਊਸ਼ਣ ਕਟਿਬੰਧੀ ਮੈਦਾਨਾਂ ਵਿੱਚ ਫੁੱਲਾਂ ਅਤੇ ਫਲਾਂ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਦੀ ਉਪਲੱਬਧੀ ਬਾਗਬਾਨੀ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ, ਅੱਜ ਸਮਾਜ ਵਿੱਚ ਹਰਿਮਨ ਸ਼ਰਮਾ ਦਾ ਯੋਗਦਾਨ ਕੇਵਲ ਮਹਾਨ ਹੀ ਨਹੀਂ ਸਗੋਂ ਦੂਸਰੇ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਵੀ ਹੈ।

ਅੱਜ ਹਰਿਮਨ ਐੱਪਲ ਨੂੰ ਭਾਰਤ ਦੇ ਲਗਭਗ ਹਰੇਕ ਰਾਜ ਵਿੱਚ ਉਗਾਇਆ ਅਤੇ ਸੰਭਾਲਿਆ ਜਾਂਦਾ ਹੈ। ਉਨ੍ਹਾਂ ਦੀ ਸਖ਼ਤ-ਮਿਹਨਤ ਨੇ ਸਾਬਿਤ ਕਰ ਦਿੱਤਾ ਕਿ ਗਰਮ ਜਲਵਾਯੂ ਨਾਲ ਬਹੁਤ ਘੱਟ ਪਹਾੜੀਆਂ ‘ਤੇ ਸੇਬ ਨੂੰ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ। ਸ਼੍ਰੀ ਸ਼ਰਮਾ ਜੀ ਆਪਣੀਆਂ ਬਿਹਤਰ ਤਕਨੀਕਾਂ ਨੂੰ ਆਪਣੇ ਕਿਸਾਨ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਨ ਅਤੇ ਫੈਲਾ ਰਹੇ ਹਨ।

ਖੇਤੀ ਦੇ ਖੇਤਰ ਵਿੱਚ ਹਰਿਮਨ ਸ਼ਰਮਾ ਜੀ ਨੂੰ ਉਨ੍ਹਾਂ ਦੇ ਕੰਮ ਲਈ ਕਾਫੀ ਪ੍ਰਸੰਸਾ ਅਤੇ ਕਈ ਪੁਰਸਕਾਰ ਵੀ ਮਿਲੇ। ਇਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:

• ਭਾਰਤੀ ਖੇਤੀ ਰਿਸਰਚ ਸੰਸਥਾਨ, ਦਿੱਲੀ ਵਿੱਚ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

• ਰਾਸ਼ਟਰਪਤੀ ਭਵਨ ਵਿੱਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਪ੍ਰੋਗਰਾਮ ਵਿੱਚ ਆਪਣੀ ਨਵੀਂ ਖੋਜ ਲਈ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।

• 2010 ਦੇ ਸਭ ਤੋਂ ਚੰਗੇ ਹਿਮਾਚਲੀ ਕਿਸਾਨ ਦੀ ਪਦਵੀ ਨਾਲ ਸਨਮਾਨਿਤ ਕੀਤਾ।

• 15 ਅਗਸਤ 2009 ਵਿੱਚ ਪ੍ਰੇਰਣਾਸ੍ਰੋਤ ਸਨਮਾਨ ਪੁਰਸਕਾਰ।

• 15 ਅਗਸਤ 2008 ਵਿੱਚ ਰਾਜ ਪੱਧਰੀ ਸਭ ਤੋਂ ਵਧੀਆ ਕਿਸਾਨ ਪੁਰਸਕਾਰ।

• ਊਨਾ(2011 ਵਿੱਚ) ਸੇਬ ਦਾ ਸਫ਼ਲਤਾਪੂਰਵਕ ਉਤਪਾਦਨ ਪੁਰਸਕਾਰ।

• 19 ਜਨਵਰੀ 2017 ਨੂੰ ਕ੍ਰਿਸ਼ੀ ਪੰਡਿਤ ਪੁਰਸਕਾਰ।

• ਇੱਫਕੋ ਦੀ ਜਯੰਤੀ ਦੇ ਸ਼ੁੱਭ ਮੌਕੇ ‘ਤੇ 29 ਅਪ੍ਰੈਲ 2017 ਨੂੰ ਪ੍ਰਸਿੱਧ ਕਿਸਾਨ ਪੁਰਸਕਾਰ।

• ਪੂਸਾ ਭਵਨ ਦਿੱਲੀ ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਦੁਆਰਾ 17 ਮਾਰਚ 2010 ਵਿੱਚ IARI Fellow ਐਵਾਰਡ।

• 21 ਮਾਰਚ 2016 ਵਿੱਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਭਾਰਤ ਸਰਕਾਰ – ਰਾਧਾ ਮੋਹਨ ਸਿੰਘ ਦੁਆਰਾ ਰਾਸ਼ਟਰੀ ਇਨੋਵੇਟਿਵ ਕਿਸਾਨ ਸਨਮਾਨ।

• ਸੇਬ ਉਤਪਾਦਨ ਲਈ 3 ਫਰਵਰੀ 2016 ਨੂੰ ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੁਆਰਾ ਸਨਮਾਨ।

• ਭਾਰਤੀ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ 4 ਮਾਰਚ 2017 ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਦੂਜਾ ਪੁਰਸਕਾਰ।

• ਬੀਕਾਨੇਰ ਵਿਖੇ 9 ਮਾਰਚ 2017 ਨੂੰ ਰਾਜਸਥਾਨ ਯੂਨੀਵਰਸਿਟੀ ਆੱਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਦੁਆਰਾ ਵਿਗਿਆਨਕ ਕਿਸਾਨ ਦਾ ਖਿਤਾਬ

ਕਿਸਾਨਾਂ ਲਈ ਸੰਦੇਸ਼
ਕਰਮ ਕਰਨਾ ਮਨੁੱਖ ਦਾ ਅਧਿਕਾਰ ਹੈ, ਫਲ ਪ੍ਰਾਪਤ ਕਰਨ ਲਈ ਕਰਮ ਨਹੀਂ ਕੀਤਾ ਜਾਂਦਾ। ਇੱਕ ਖੇਤ ਵਿੱਚ ਕਿਸਾਨ ਦਾ ਕੰਮ ਬੀਜ ਬੀਜਣਾ ਹੁੰਦਾ ਹੈ, ਪਰ ਅਨਾਜ ਦਾ ਵੱਧਣਾ ਕਿਸਾਨ ਦੇ ਹੱਥ ‘ਚ ਨਹੀਂ ਹੈ। ਕਿਸਾਨ ਨੂੰ ਆਪਣਾ ਕੰਮ ਕਦੇ ਵੀ ਅਧੂਰਾ ਨਹੀਂ ਛੱਡਣਾ ਚਾਹੀਦਾ ਅਤੇ ਪੂਰੇ ਯਤਨ ਕਰਨੇ ਚਾਹੀਦੇ ਹਨ। ਮੈਂ ਉਸ ਸੇਬ ਦੇ ਪੁੰਗਰਾਅ ਨੂੰ ਵਿਕਸਿਤ ਕਰਨ ਅਤੇ ਉਸ ਤੋਂ ਕੁੱਝ ਨਵਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਮੈਂ ਇੱਥੇ ਹਾਂ ਅਤੇ ਇਹੀ ਕਾਰਨ ਹੈ ਕਿ ਸੇਬ ਦੀ ਕਿਸਮ ਦਾ ਨਾਮ ਮੇਰੇ ਨਾਮ ‘ਤੇ ਹੈ। ਹਰ ਕਿਸਾਨ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ।”