ਸਰਬਜੀਤ ਸਿੰਘ ਗਰੇਵਾਲ

ਪੂਰੀ ਸਟੋਰੀ ਪੜ੍ਹੋ

ਮੁਸ਼ਕਿਲਾਂ ਦਾ ਸਾਹਮਣਾ ਕਰਕੇ ਅਗਾਂਹਵਧੂ ਕਿਸਾਨ ਬਣਨ ਤੱਕ ਦਾ ਸਫ਼ਰ- ਸਰਬਜੀਤ ਸਿੰਘ ਗਰੇਵਾਲ

ਪਟਿਆਲਾ ਸ਼ਹਿਰ ਜਿੱਥੇ ਤੁਹਾਨੂੰ ਦੂਰ-ਦੂਰ ਤੱਕ ਦੇਖਣ ‘ਤੇ ਹਰੇ ਭਰੇ ਅਤੇ ਫੈਲੇ ਹੋਏ ਖੇਤ ਹੀ ਨਜ਼ਰ ਆਉਣਗੇ, ਅਗਾਂਵਧੂ ਕਿਸਾਨ ਸਰਬਜੀਤ ਸਿੰਘ ਗਰੇਵਾਲ ਜੀ ਉਸ ਸ਼ਹਿਰ ਦੇ ਨਿਵਾਸੀ ਹਨ। 6.5 ਏਕੜ ਉਪਜਾਊ ਜ਼ਮੀਨ ਦਾ ਹੋਣਾ ਉਹਨਾਂ ਦੇ ਬਾਗਬਾਨੀ ਸਫ਼ਰ ਦੀ ਸ਼ੁਰੂਆਤ ਬਣੀ ਅਤੇ ਉਹਨਾਂ ਨੇ ਖੇਤੀਬਾੜੀ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਾਲ 1985 ਵਿੱਚ ਫਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

ਖੇਤੀ ਪ੍ਰਤੀ ਉਹਨਾਂ ਦੇ ਜਨੂੰਨ ਦੇ ਇਲਾਵਾ ਸਰਬਜੀਤ ਦਾ ਪਰਿਵਾਰਕ ਇਤਿਹਾਸ ਵੀ ਉਹਨਾਂ ਦੇ ਖੇਤੀ ਜੀਵਨ ਵਿੱਚ ਪ੍ਰੇਰਣਾ ਬਣਿਆ। ਉਹਨਾਂ ਦੇ ਪਿਤਾ ਜਗਦਿਆਲ ਸਿੰਘ ਜੀ 1980 ਵਿੱਚ ਪੰਜਾਬ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਤੋਂ ਸੇਵਾਮੁਕਤ ਹੋਏ ਅਤੇ ਬਠਿੰਡਾ ਵਿੱਚ ਫਲ ਖੋਜ ਕੇਂਦਰ ਦੀ ਸਥਾਪਨਾ ਵਿੱਚ ਵੀ ਸ਼ਾਮਲ ਸਨ। ਸਰਬਜੀਤ ਸਿੰਘ ਜੀ ਆਪਣੇ ਪਿਤਾ ਦੀ ਮੁਹਾਰਤ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਾਰਗਦਰਸ਼ਨ ‘ਤੇ ਚੱਲੇ ਅਤੇ ਉਹਨਾਂ ਨੇ 1983 ਵਿੱਚ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ।

ਅਸਫਲਤਾਵਾਂ ਤੋਂ ਨਿਰਾਸ਼ ਨਾ ਹੋ ਕੇ ਸਰਬਜੀਤ ਨੇ ਖੇਤੀ ਦੇ ਤਰੀਕਿਆਂ ਬਾਰੇ ਹੋਰ ਸਿੱਖਣਾ ਸ਼ੁਰੂ ਕੀਤਾ, ਪੰਜਾਬੀ ਯੂਨੀਵਰਸਿਟੀ ਤੋਂ ਜੀਵ ਵਿਗਿਆਨ ਵਿੱਚ ਮਾਸਟਰ ਅਤੇ ਪੀ ਐਚ.ਡੀ. ਦੀ ਡਿਗਰੀ ਹਾਸਲ ਕੀਤੀ, ਸਰਬਜੀਤ ਦਾ ਇੱਕ ਮਜ਼ਬੂਤ Academic ਪਿਛੋਕੜ ਸੀ ਜਿਸ ਨੇ ਉਹਨਾਂ ਦੀ ਗਿਆਨ ਪ੍ਰਤੀ ਪਿਆਸ ਨੂੰ ਵਧਾਇਆ। ਉਹਨਾਂ ਨੇ ਬਾਗਬਾਨੀ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਇੰਟਰਨੈਟ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਆਪਣੇ ਦੁਆਰਾ ਕੀਤੀ ਗਈ ਖੋਜ ਦੇ ਮਾਧਿਅਮ ਨਾਲ ਗਈਆਂ ਪ੍ਰਾਪਤ ਕੀਤਾ ਜਿਸ ਨੇ ਭਵਿੱਖ ਵਿੱਚ ਖੇਤੀਬਾੜੀ ਫੈਸਲੇ ਲੈਣ ਵਿੱਚ ਮਦਦ ਕੀਤੀ।

2018 ਵਿੱਚ, ਅਮਰੂਦ, ਭਾਰਤੀ ਕਰੌਦਾ ਅਤੇ ਅਨਾਰ ਵਰਗੀਆਂ ਵੱਖ-ਵੱਖ ਫਸਲਾਂ ਦੇ ਨਾਲ ਲਗਭਗ 15 ਸਾਲਾਂ ਦੇ ਪ੍ਰਯੋਗ ਤੋਂ ਬਾਅਦ, ਸਰਬਜੀਤ ਨੇ ਬੇਰ, ਅਮਰੂਦ ਅਤੇ ਆੜੂ ਦੀ ਖੇਤੀ ‘ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ। ਆਪਣੇ ਪਿਛਲੇ ਤਜ਼ਰਬਿਆਂ ਤੋਂ ਸਿੱਖਦੇ ਹੋਏ, ਉਸਨੇ ਆੜੂ ਦੇ ਪੌਦਿਆਂ ਦੀਆਂ ਵਿਲੱਖਣ ਲੋੜਾਂ ਦਾ ਅਧਿਐਨ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਮਿੱਟੀ, ਪਾਣੀ ਅਤੇ ਜਲਵਾਯੂ ਦੀਆਂ ਸਥਿਤੀਆਂ ਉਹਨਾਂ ਦੇ ਵਿਕਾਸ ਲਈ ਆਦਰਸ਼ ਸਨ। ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਸਿਫ਼ਾਰਸ਼ ਪੈਕੇਜ ਓਫ ਪ੍ਰੈਕਟਿਸ ਨੂੰ ਵੀ ਅਪਣਾਇਆ ਅਤੇ ਬਾਗਬਾਨੀ ਅਧਿਕਾਰੀਆਂ ਤੋਂ ਮਦਦ ਲਈ।

ਸਰਬਜੀਤ ਜੀ ਦਾ ਆੜੂ ਦਾ ਬਾਗ ਵਧਣ-ਫੁੱਲਣ ਲੱਗਾ ਅਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਬਾਗ ਵਿੱਚ ਆਈਆਂ ਚੁਣੌਤੀਆਂ ਨੂੰ ਸਮਝਦੇ ਹੋਏ ਸਿੱਖ ਗਏ ਹਰੇਕ ਪੌਦੇ ਨੂੰ ਦੇਖਭਾਲ ਅਤੇ ਨਿਗਰਾਨੀ ਦੀ ਲੋੜ ਹੁੰਦੀ ਹੈ ਜਿਸ ਵਿੱਚ ਸਹੀ ਛਾਂਟ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਆਦਿ ਸ਼ਾਮਲ ਹਨ। ਸਖ਼ਤ ਮਿਹਨਤ ਨਾਲ, ਉਹਨਾਂ ਨੇ ਆਪਣੇ ਬਾਗ ਦੀ ਦੇਖਭਾਲ ਕਰਨ ਵਿੱਚ ਕਈ ਘੰਟੇ ਬਿਤਾਏ ਜਿਸ ਦੇ ਨਤੀਜੇ ਵਜੋਂ ਭਰਪੂਰ ਫ਼ਸਲ ਹੋਈ।

ਆਪਣੀ ਉਪਜ ਲਈ ਇੱਕ ਮਾਰਕੀਟ ਸਥਾਪਿਤ ਕਰਨ ਲਈ, ਸਰਬਜੀਤ ਜੀ ਇੱਕ ਵਿਚੋਲੇ ਦੀਆਂ ਸੇਵਾਵਾਂ ‘ਤੇ ਨਿਰਭਰ ਸਨ। ਉਹਨਾਂ ਨੇ ਖਰੀਦਦਾਰਾਂ ਨਾਲ ਜੁੜਨ ਅਤੇ ਫਲਾਂ ਦੀਆਂ ਲਾਹੇਵੰਦ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਨੈਟਵਰਕ ਬਣਾਉਣ ਦੀ ਮਹੱਤਤਾ ਨੂੰ ਪਛਾਣਿਆ। ਇਸ ਨਾਲ ਉਹ ਖੇਤੀ ਪ੍ਰਕਿਰਿਆ ‘ਤੇ ਧਿਆਨ ਕੇਂਦਰਿਤ ਕਰਨ ਲੱਗੇ, ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੇ ਫਲ ਖਪਤਕਾਰਾਂ ਤੱਕ ਪਹੁੰਚਣਗੇ।

ਜਿਵੇਂ ਹੀ ਸਰਬਜੀਤ ਦੇ ਆੜੂ ਦੇ ਬਾਗ ਵਿੱਚ ਸੂਰਜ ਡੁੱਬਦਾ ਹੈ, ਉਸਦੀ ਮਿਹਨਤ ਦੇ ਫਲ ਉਸਦੇ ਅਟੁੱਟ ਸਮਰਪਣ ਦੀ ਗਵਾਹੀ ਦਿੰਦੇ ਹਨ। ਆੜੂ ਦੀਆਂ ਸ਼ਾਨ-ਏ-ਪੰਜਾਬ ਕਿਸਮਾਂ ਦੇ ਨਾਲ-ਨਾਲ ਸੇਬ, ਆਲੂਬੁਖਾਰਾ ਅਤੇ ਇੱਥੋਂ ਤੱਕ ਕਿ ਡਰੈਗਨ ਫਲ ਵਰਗੇ ਵਿਦੇਸ਼ੀ ਫਲਾਂ ਦੀ ਕਾਸ਼ਤ ਕਰਨ ਦੀ ਉਹਨਾਂ ਦੀ ਪਸੰਦ, ਫਲਾਂ ਦੀ ਕਾਸ਼ਤ ਵਿੱਚ ਨਵੇਂ ਤਰੀਕਿਆਂ ਦੀ ਖੋਜ ਕਰਨ ਬਾਰੇ ਉਸਦੀ ਅਨੁਕੂਲਤਾ ਅਤੇ ਇੱਛਾ ਨੂੰ ਦਰਸਾਉਂਦੀ ਹੈ। ਸਰਬਜੀਤ ਜੀ ਦੀ ਸਫ਼ਲਤਾ ਦੀ ਕਹਾਣੀ ਖੇਤੀ ਉੱਤਮਤਾ ਪ੍ਰਾਪਤ ਕਰਨ ਲਈ ਗਿਆਨ ਦੀ ਮਹੱਤਤਾ, ਮੁਸ਼ਕਿਲਾਂ ਦਾ ਸਾਹਮਣਾ ਅਤੇ ਜ਼ਮੀਨ ਦੇ ਪ੍ਰਤੀ ਪਿਆਰ ਬਾਰੇ ਸਪੱਸ਼ਟ ਕਰਦੀ ਹੈ।

ਕਿਸਾਨਾਂ ਲਈ ਸੁਨੇਹਾ

ਸਰਬਜੀਤ ਸਿੰਘ ਜੀ ਕਿਸਾਨਾਂ ਨੂੰ ਬਾਗਬਾਨੀ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦੇ ਹਨ, ਕਿਉਂਕਿ ਬਾਗਬਾਨੀ ਨੂੰ ਸਮਰਪਿਤ ਜੀਵਨ ਅੰਤ ਵਿਚ ਤੁਹਾਨੂੰ ਅਸੀਮਿਤ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਬਾਗਬਾਨੀ ਵਿੱਚ ਆਮਦਨੀ ਸੀਮਿਤ ਹੈ ਪਰ ਇਸ ਨਾਲ ਮਿਲਣ ਵਾਲੀ ਖੁਸ਼ੀ ਪੈਸਿਆਂ ਤੋਂ ਵੀ ਵੱਧ ਹੈ।

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਕੈਪਟਨ ਲਲਿਤ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਵਿਅਕਤੀ ਨੇ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਅਤੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ

ਰਾਜਸਥਾਨ ਦੀ ਸੁੱਕੀ ਜ਼ਮੀਨ ‘ਤੇ ਅਨਾਰ ਉਗਾਉਣਾ, ਇੱਕ ਅਜੀਬ ਅਤੇ ਅਸਫ਼ਲ ਵਿਚਾਰ ਲੱਗਦਾ ਹੈ, ਪਰ ਮਜ਼ਬੂਤ ਇਰਾਦੇ, ਜ਼ਿੱਦ ਅਤੇ ਉੱਚ ਘਣਤਾ ਦੀਆਂ ਖੇਤੀ ਤਕਨੀਕਾਂ ਨਾਲ ਕੈਪਟਨ ਲਲਿਤ ਨੇ ਇਸ ਨੂੰ ਸੰਭਵ ਕਰ ਦਿਖਾਇਆ।

ਕਈ ਖੇਤਰਾਂ ਵਿੱਚ ਮਾਹਿਰ ਹੋਣ ਅਤੇ ਆਪਣੇ ਜੀਵਨ ਵਿੱਚ ਕਈ ਕਾਰੋਬਾਰਾਂ ਦਾ ਅਨੁਭਵ ਕਰਨ ਤੋਂ ਬਾਅਦ, ਅਖੀਰ ਵਿੱਚ ਕੈਪਟਨ ਲਲਿਤ ਨੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਆਪਣੇ ਮੂਲ ਸਥਾਨ-11 Eea ਵਿੱਚ ਵਾਪਿਸ ਆ ਗਏ। ਪਰ ਕਈ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਲਈ, ਖੇਤੀਬਾੜੀ ਇੱਕ ਚੰਗੀ ਰਿਟਾਇਰਮੈਂਟ ਯੋਜਨਾ ਨਹੀਂ ਹੁੰਦੀ, ਪਰ ਲਲਿਤ ਜੀ ਨੇ ਆਪਣੀ ਆਤਮਾ ਦੀ ਆਵਾਜ਼ ਨੂੰ ਸਹੀ ਵਿੱਚ ਸੁਣਿਆ ਅਤੇ ਖੇਤੀਬਾੜੀ ਵਰਗੇ ਮਹਾਨ ਅਤੇ ਮੂਲ ਕਾਰੋਬਾਰ ਨੂੰ ਇੱਕ ਮੌਕਾ ਦੇਣ ਬਾਰੇ ਸੋਚਿਆ।

ਸ਼ੁਰੂਆਤੀ ਜੀਵਨ-

ਲਲਿਤ ਜੀ ਸ਼ੁਰੂ ਤੋਂ ਹੀ ਸਰਗਰਮ ਅਤੇ ਉਤਸ਼ਾਹੀ ਵਿਅਕਤੀ ਸਨ, ਉਹਨਾਂ ਨੇ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਖੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੀ ਗ੍ਰੈਜ਼ੂਏਸ਼ਨ ਪੂਰੀ ਕਰਨ ਤੋਂ ਬਾਅਦ, ਉਹਨਾਂ ਨੇ ਕੋਮਰਸ਼ਿਅਲ ਪਾਇਲੇਟ ਦਾ ਲਾਇਸੰਸ ਪ੍ਰਾਪਤ ਕੀਤਾ ਅਤੇ ਪਾਇਲੇਟ ਦਾ ਪੇਸ਼ਾ ਅਪਣਾਇਆ। ਪਰ ਉਹਨਾਂ ਨੇ ਜੋ ਕੀਤਾ, ਇਹ ਸਭ ਕੁੱਝ ਨਹੀਂ ਸੀ। ਇੱਕ ਸਮਾਂ ਸੀ ਜਦੋਂ ਕੰਪਿਊਟਰ ਦੀ ਸਿੱਖਿਆ ਭਾਰਤ ਵਿੱਚ ਹਰ ਜਗ੍ਹਾ ਸ਼ੁਰੂ ਕੀਤੀ ਗਈ ਸੀ, ਇਸ ਲਈ ਇਸ ਮੌਕੇ ਨੂੰ ਨਾ ਗਵਾਉਂਦੇ ਹੋਏ ਉਹਨਾਂ ਨੇ ਇੱਕ ਨਵਾਂ ਉੱਦਮ ਸ਼ੁਰੂ ਕੀਤਾ ਅਤੇ ਜੈਪੁਰ ਸ਼ਹਿਰ ਵਿੱਚ ਇੱਕ ਕੰਪਿਊਟਰ ਸਿੱਖਿਆ ਕੇਂਦਰ ਖੋਲ੍ਹਿਆ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਅੋਰੇਕਲ ਟੈਸਟ ਪਾਸ ਕੀਤਾ ਅਤੇ ਇੱਕ ਅੋਰੇਕਲ ਪ੍ਰਮਾਣਿਤ ਕੰਪਿਊਟਰ ਟ੍ਰੇਨਰ ਬਣ ਗਏ। ਉਹਨਾਂ ਦਾ ਕੰਪਿਊਟਰ ਸਿੱਖਿਆ ਕੇਂਦਰ ਕੁੱਝ ਸਾਲ ਤੱਕ ਵਧੀਆ ਚੱਲਿਆ ਪਰ ਲੋਕਾਂ ਦੀ ਕੰਪਿਊਟਰ ਵਿੱਚ ਘੱਟ ਦਿਲਚਸਪੀ ਕਾਰਨ ਇਸ ਕਾਰੋਬਾਰ ਤੋਂ ਮਿਲਣ ਵਾਲਾ ਮੁਨਾਫਾ ਘੱਟ ਹੋ ਗਿਆ ਅਤੇ ਉਹਨਾਂ ਨੇ ਆਪਣੇ ਇਸ ਉੱਦਮ ਨੂੰ ਬੰਦ ਕਰ ਦਿੱਤਾ।

ਉਹਨਾਂ ਦੇ ਰੁਜ਼ਗਾਰ ਵਿੱਚ ਵਿਕਲਪਾਂ ਨੂੰ ਦੇਖਦੇ ਹੋਏ ਇਹ ਤਾਂ ਸਪੱਸ਼ਟ ਹੈ ਕਿ ਸ਼ੁਰੂਆਤ ਤੋਂ ਹੀ ਉਹ ਇੱਕ ਅਨੌਖਾ ਪੇਸ਼ਾ ਚੁਣਨ ਵਿੱਚ ਦਿਲਚਸਪੀ ਰੱਖਦੇ ਸੀ, ਜਿਸ ਵਿੱਚ ਕੁੱਝ ਨਵੀਆਂ ਚੀਜ਼ਾਂ ਸ਼ਾਮਿਲ ਹੋਣ, ਫਿਰ ਭਾਵੇਂ ਉਹ ਰੁਝਾਨ, ਤਕਨੀਕੀ ਜਾਂ ਹੋਰ ਚੀਜ਼ਾਂ ਦੇ ਬਾਰੇ ਵਿੱਚ ਹੋਵੇ। ਫਿਰ ਉਨ੍ਹਾਂ ਨੇ ਅਗਲਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਜੈਪੁਰ ਸ਼ਹਿਰ ਵਿੱਚ ਕਿਰਾਏ ‘ਤੇ ਥੋੜ੍ਹੀ ਜ਼ਮੀਨ ਲੈ ਕੇ ਵਿਦੇਸ਼ੀ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਵਪਾਰਕ ਉਦੇਸ਼ ਲਈ ਕੀਤੀ ਅਤੇ ਕਈ ਪੰਜ ਤਾਰਾ ਹੋਟਲਾਂ ਨੇ ਉਹਨਾਂ ਦੇ ਉਤਪਾਦਨ ਨੂੰ ਖਰੀਦਿਆ।

“ਜਦੋਂ ਮੈਂ ਵਿਦੇਸ਼ੀ ਸਬਜੀਆਂ ਜਿਵੇਂ ਥਾਈਮ, ਬੇਬੀ ਮੱਕੀ, ਬਰੌਕਲੀ, ਲੈਟੱਸ ਆਦਿ ਨੂੰ ਉਗਾਇਆ, ਉਸ ਸਮੇਂ ਇਲਾਕੇ ਦੇ ਲੋਕ ਮੇਰਾ ਮਖੌਲ ਉਡਾਉਂਦੇ ਸਨ ਕਿਉਂਕਿ ਉਹਨਾਂ ਦੇ ਲਈ ਵਿਦੇਸ਼ੀ ਸਬਜ਼ੀਆਂ ਨਵੀਆਂ ਸਨ ਅਤੇ ਉਹ ਮੱਕੀ ਦੇ ਛੋਟੇ ਰੂਪ ਅਤੇ ਫੁੱਲ ਗੋਭੀ ਦੇ ਹਰੇ ਰੂਪ ਨੂੰ ਦੇਖ ਕੇ ਹੈਰਾਨ ਹੁੰਦੇ ਸਨ। ਪਰ ਅੱਜ ਉਹ ਪਿੱਜ਼ਾ, ਬਰਗਰ ਅਤੇ ਸਲਾਦ ਵਿੱਚ ਇਨ੍ਹਾਂ ਸਬਜ਼ੀਆਂ ਨੂੰ ਖਾ ਰਹੇ ਹਨ।”

ਜਦੋਂ ਇਹ ਵਿਚਾਰ ਹੋਂਦ ਵਿੱਚ ਆਇਆ-

ਜਦੋਂ ਉਹ ਵਿਦੇਸ਼ੀ ਸਬਜ਼ੀਆਂ ਦੀ ਖੇਤੀ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਖੇਤੀਬਾੜੀ ਵਿੱਚ ਨਿਵੇਸ਼ ਕਰਨਾ ਸਭ ਤੋਂ ਚੰਗਾ ਵਿਚਾਰ ਹੈ ਅਤੇ ਇਸ ਕਾਰੋਬਾਰ ਨੂੰ ਵਧਾਉਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਹੀ ਆਪਣੇ ਮੂਲ ਸਥਾਨ ਵਿੱਚ ਇੱਕ ਜੱਦੀ ਜਾਇਦਾਦ (12 ਬਿੱਘਾ ਜ਼ਮੀਨ) ਸੀ। ਇਸ ਲਈ ਉਹਨਾਂ ਨੇ ਇਸ ‘ਤੇ ਕਿੰਨੂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹ ਕਿੰਨੂ ਦੀ ਖੇਤੀ ਸ਼ੁਰੂ ਕਰਨ ਦੇ ਵਿਚਾਰ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਗਏ, ਪਰ ਕਈ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਬਾਅਦ ਉਹਨਾਂ ਨੂੰ ਲੱਗਿਆ ਕਿ ਹਰੇਕ ਵਿਅਕਤੀ ਇੱਕ ਹੀ ਕੰਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਕੁੱਝ ਅਲੱਗ ਕਰਨਾ ਚਾਹੀਦਾ ਹੈ।

ਇਹ ਉਹ ਸਮਾਂ ਸੀ ਜਦੋਂ ਉਹਨਾਂ ਨੇ ਵਿਭਿੰਨ ਫਲਾਂ ‘ਤੇ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਵਿਭਿੰਨ ਸ਼ਹਿਰਾਂ ਵਿੱਚ ਅਲੱਗ-ਅਲੱਗ ਖੇਤਾਂ ਦਾ ਦੌਰਾ ਕੀਤਾ। ਆਪਣੀ ਰਿਸਰਚ ਤੋਂ ਉਹਨਾਂ ਨੇ ਇੱਕ ਖਾਸ ਫਲ ਅਤੇ ਇੱਕ ਆਮ ਫਲ ਉਗਾਉਣ ਸਿੱਟਾ ਕੱਢਿਆ। ਉਹਨਾਂ CISH(ਕੇਂਦਰੀ ਉਪੋਸ਼ਣ ਬਾਗਬਾਨੀ ਲਖਨਊ) ਤੋਂ ਸਲਾਹ ਲਈ ਅਤੇ 2015 ਵਿੱਚ, ਅਨਾਰ ਅਤੇ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਉਹਨਾਂ ਨੇ 6 ਬਿੱਘਾ ਖੇਤਰ ਵਿੱਚ ਅਨਾਰ (ਸਿੰਦੂਰੀ ਕਿਸਮ) ਅਤੇ ਹੋਰ 6 ਬਿੱਘਾ ਖੇਤਰਾਂ ਵਿੱਚ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਰਿਸਰਚ ਅਤੇ ਸਹਾਇਤਾ ਦੇ ਲਈ ਉਹਨਾਂ ਮੋਬਾਇਲ ਅਤੇ ਇੰਟਰਨੈੱਟ ਨੂੰ ਆਪਣੀ ਕਿਤਾਬ ਅਤੇ ਟੀਚਰ ਬਣਾਇਆ।

“ਸ਼ੁਰੂ ਵਿੱਚ, ਮੈਂ ਰਾਜਸਥਾਨ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਸਲਾਹ ਲਈ, ਪਰ ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਅਨਾਰ ਦੀ ਖੇਤੀ ਸੰਭਵ ਨਹੀਂ ਹੈ ਅਤੇ ਮੇਰਾ ਮਖੌਲ ਉਡਾਇਆ।”

ਖੇਤੀ ਕਰਨ ਦੇ ਢੰਗ ਅਤੇ ਤਕਨੀਕ-

ਉਹਨਾਂ ਨੇ ਉੱਚ-ਗੁਣਵੱਤਾ ਅਤੇ ਉੱਚ ਮਾਤਰਾ ਵਿੱਚ ਅਨਾਰ ਦਾ ਉਤਪਾਦਨ ਕਰਨ ਲਈ ਉੱਚ ਘਣਤਾ ਵਾਲੀ ਤਕਨੀਕ ਨੂੰ ਅਪਣਾਇਆ। ਖੇਤੀਬਾੜੀ ਤਕਨੀਕ ਵਿੱਚ ਉਨ੍ਹਾਂ ਨੇ ਕੇਨੋਪੀ ਪ੍ਰਬੰਧਨ ਅਪਣਾਇਆ ਅਤੇ 20 x 20 ਮੀਟਰ ਦੇ ਖੇਤਰ ਵਿੱਚ ਅਨਾਰ ਦੇ ਪੌਦੇ ਉਗਾਏ। ਇਸ ਤਰ੍ਹਾਂ ਕਰਨ ਨਾਲ ਇੱਕ ਪੌਦਾ ਇੱਕ ਮੌਸਮ ਵਿੱਚ 20 ਕਿੱਲੋ ਫਲ ਦਿੰਦਾ ਹੈ ਅਤੇ 7 ਪੌਦੇ 140 ਕਿੱਲੋ ਫਲ ਦਿੰਦੇ ਹਨ। ਇਸ ਤਰੀਕੇ ਨਾਲ ਉਹਨਾਂ ਨੇ ਘੱਟ ਖੇਤਰ ਵਿੱਚ ਜ਼ਿਆਦਾ ਰੁੱਖ ਲਗਾਏ ਅਤੇ ਇਸ ਨਾਲ ਭਵਿੱਖ ਵਿੱਚ ਵੀ ਚੰਗਾ ਮੁਨਾਫ਼ਾ ਕਮਾਉਣਗੇ। ਇਸ ਤੋਂ ਇਲਾਵਾ, ਉੱਚ ਘਣਤਾ ਵਾਲੀ ਖੇਤੀ ਦੇ ਕਾਰਨ, ਰੁੱਖਾਂ ਦਾ ਕੱਦ ਅਤੇ ਚੌੜ੍ਹਾਈ ਘੱਟ ਹੁੰਦੀ ਹੈ, ਇਸ ਨਾਲ ਫਾਰਮ ਦੇ ਪ੍ਰਬੰਧਨ ਲਈ ਜ਼ਿਆਦਾ ਲੇਬਰ ਦੀ ਲੋੜ ਨਹੀਂ ਪੈਂਦੀ।

ਕੈਪਟਨ ਲਲਿਤ ਨੇ ਆਪਣੀ ਖੇਤੀ ਦੇ ਤਰੀਕਿਆਂ ਵਿੱਚ ਬਹੁਤ ਮਸ਼ੀਨੀਕਰਨ ਲਿਆਂਦਾ। ਵਧੀਆ ਉਪਜ ਅਤੇ ਪ੍ਰਭਾਵੀ ਨਤੀਜਿਆਂ ਲਈ, ਉਨ੍ਹਾਂ ਨੇ ਆਪ ਇੱਕ ਟੈਂਕ-ਕਮ-ਮਸ਼ੀਨ ਬਣਾਈ ਹੈ ਅਤੇ ਇਸ ਦੇ ਨਾਲ ਇੱਕ ਚਿੱਕੜ ਪੰਪ ਨੂੰ ਜੋੜਿਆ ਹੈ। ਇਸ ਦੇ ਅੰਦਰ ਘੁੰਮਣ ਦੇ ਲਈ ਇੱਕ ਸ਼ਾਫਟ ਲਗਾਈ ਹੈ, ਜਿਸ ਨਾਲ ਫਾਰਮ ਵਿੱਚ ਸਲੱਰੀ ਅਤੇ ਜੀਵ ਅੰਮ੍ਰਿਤ ਆਸਾਨੀ ਨਾਲ ਫੈਲਾ ਦਿੱਤਾ ਜਾਂਦਾ ਹੈ। ਫਾਰਮ ਦੇ ਅੰਦਰ ਇਸ ਨੂੰ ਚਲਾਉਣ ਦੇ ਲਈ ਉਹ ਇੱਕ ਛੋਟੇ ਟ੍ਰੈਕਟਰ ਦੀ ਵਰਤੋਂ ਕਰਦੇ ਹਨ। ਜਦੋਂ ਇਸ ਨੂੰ ਕਿਫਾਇਤੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਬਾਜ਼ਾਰ ਤੋਂ NPK ਬਾਇਓ-ਖਾਦ ਦੀ ਸਿਰਫ਼ ਇੱਕ ਬੋਤਲ ਖਰੀਦ ਕੇ ਸਾਰੀਆਂ ਖਾਦਾਂ, ਫਿਸ਼ ਅਮੀਨੋ ਐਸਿਡ ਖਾਦ, ਜੀਵਾਣੂ ਅਤੇ ਫੰਗਸ ਇਹਨਾਂ ਸਾਰਿਆਂ ਨੂੰ ਆਪਣੇ ਫਾਰਮ ‘ਤੇ ਆਪ ਤਿਆਰ ਕਰਦੇ ਹਨ। ਉਹ ਸਪਰੇਅ ਦੁਆਰਾ ਬਾਇਓ-ਕਲਚਰ ਨੂੰ ਮਿਕਸ ਕਰ ਲੈਂਦੇ ਹਨ।

ਉਹਨਾਂ ਨੇ ਰਾਠੀ ਨਸਲ ਦੀਆਂ ਦੋ ਗਾਵਾਂ ਲਿਆਂਦੀਆਂ, ਜਿਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਉਹ ਉਹਨਾਂ ਗਾਵਾਂ ਦੀ ਵਰਤੋਂ ਜੀਵ ਅੰਮ੍ਰਿਤ ਅਤੇ ਖਾਦ ਬਣਾਉਣ ਦੇ ਲਈ ਕਰਦੇ ਹਨ। ਇਹ ਇੱਕ ਅਹਿਮ ਚੀਜ਼ ਜਿਸ ਦੀ ਵਰਤੋਂ ਉਹ ਖਾਦ ਵਿੱਚ ਕਰਦੇ ਹਨ – “ਅਗਨੀਹੋਤਰੀ ਭਭੂਤੀ”, ਜੋ ਕਿ ਹਵਨ ‘ਚੋਂ ਪ੍ਰਾਪਤ ਕੀਤੀ ਰਾਖ ਹੁੰਦੀ ਹੈ।

“ਅਗਨੀਹੋਤਰੀ ਭਭੂਤੀ ਦੀ ਵਰਤੋਂ ਕਰਨ ਦਾ ਕਾਰਨ ਇਹ ਹੈ ਕਿ ਇਹ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਅਧਿਆਤਮਿਕ ਖੇਤੀ ਦਾ ਇੱਕ ਤਰੀਕਾ ਹੈ। ਅਧਿਆਤਮਿਕ ਦਾ ਅਰਥ ਹੈ ਕਿ ਖੇਤੀ ਦਾ ਉਹ ਤਰੀਕਾ ਜੋ ਪ੍ਰਮਾਤਮਾ ਨਾਲ ਸੰਬੰਧਿਤ ਹੈ।”

ਉਹਨਾਂ ਨੇ 50 x 50 ਮੀਟਰ ਦੇ ਖੇਤਰ ਵਿੱਚ ਮੀਂਹ ਦਾ ਪਾਣੀ ਬਚਾ ਕੇ ਖੇਤ ਦੀ ਸਿੰਚਾਈ ਦੇ ਤੌਰ ‘ਤੇ ਵਰਤਣ ਲਈ ਇੱਕ ਸਰੋਵਰ ਵੀ ਬਣਾਇਆ ਹੈ। ਸ਼ੁਰੂਆਤ ਵਿੱਚ ਉਹਨਾਂ ਦਾ ਫਾਰਮ ਪੂਰੀ ਤਰ੍ਹਾਂ ਵਾਤਾਵਰਨ ਲਈ ਅਨੁਕੂਲ ਸੀ, ਕਿਉਂਕਿ ਉਹ ਸਭ ਕੁੱਝ ਪ੍ਰਬੰਧਿਤ ਕਰਨ ਲਈ ਸੋਲਰ ਊਰਜਾ ਦਾ ਪ੍ਰਯੋਗ ਕਰਦੇ ਸਨ, ਪਰ ਹੁਣ ਉਹਨਾਂ ਨੂੰ ਸਰਕਾਰ ਤੋਂ ਬਿਜਲੀ ਮਿਲ ਰਹੀ ਹੈ।

ਸਰਕਾਰ ਦੀ ਭੂਮਿਕਾ-
ਉਹਨਾਂ ਦਾ ਅਨਾਰ ਅਤੇ ਅਮਰੂਦ ਦੀ ਖੇਤੀ ਦਾ ਪੂਰਾ ਪ੍ਰੋਜੈੱਕਟ ਰਾਸ਼ਟਰੀ ਬਾਗਬਾਨੀ ਬੋਰਡ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਸਬਸਿਡੀ ਮਿਲਦੀ ਹੈ।
ਪ੍ਰਾਪਤੀਆਂ-
ਬਹੁਤ ਸਾਰੇ ਲੋਕਾਂ ਦੁਆਰਾ ਉਨ੍ਹਾਂ ਦੇ ਖੇਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਜਿਸ ਯੂਨੀਵਰਸਿਟੀ ਨੇ ਉਹਨਾਂ ਦਾ ਮਖੌਲ ਬਣਾਇਆ ਸੀ, ਉਹ ਹੁਣ ਉਹਨਾਂ ਨੂੰ ਸਮਾਰੋਹ ਵਿੱਚ ਮਹਿਮਾਨ ਦੇ ਤੌਰ ‘ਤੇ ਸੱਦਾ ਦਿੰਦੇ ਹਨ ਅਤੇ ਉਹਨਾਂ ਤੋਂ ਉੱਚ ਘਣਤਾ ਵਾਲੀ ਖੇਤੀ ਅਤੇ ਕਾਂਟ-ਛਾਂਟ ਦੀਆਂ ਤਕਨੀਕਾਂ ਦੇ ਨਾਲ-ਨਾਲ ਸਲਾਹ ਮਸ਼ਵਰਾ ਵੀ ਲੈਂਦੇ ਹਨ।
ਵਰਤਮਾਨ ਸਥਿਤੀ-
ਹੁਣ ਉਹਨਾਂ ਨੇ 12 ਬਿੱਘਾ ਖੇਤਰ ਵਿੱਚ 5000 ਪੌਦੇ ਲਾਏ ਹਨ ਅਤੇ ਪੌਦਿਆਂ ਦੀ ਉਮਰ 2 ਸਾਲ 4 ਮਹੀਨੇ ਹੈ। ਉੱਚ ਘਣਤਾ ਵਾਲੀ ਖੇਤੀ ਦੁਆਰਾ ਅਨਾਰ ਦੇ ਪੌਦਿਆਂ ਨੇ ਫਲ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ, ਪਰ ਉਹ ਅਗਲੇ ਸਾਲ ਅਸਲ ਵਪਾਰਕ ਉਪਜ ਦੀ ਉਮੀਦ ਕਰ ਰਹੇ ਹਨ।

“ਆਪਣੀ ਰਿਸਰਚ ਦੌਰਾਨ ਮੈਂ ਕੁੱਝ ਦੱਖਣੀ ਭਾਰਤੀ ਰਾਜਾਂ ਦਾ ਵੀ ਦੌਰਾ ਕੀਤਾ ਅਤੇ ਉੱਥੇ ਪਹਿਲਾਂ ਹੀ ਉੱਚ ਘਣਤਾ ਵਾਲੀ ਖੇਤੀ ਕੀਤੀ ਜਾ ਰਹੀ ਹੈ। ਉੱਤਰ ਭਾਰਤ ਦੇ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਇਹ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ।”

ਇਹ ਸਭ ਸ਼ੁਰੂ ਕਰਨ ਤੋਂ ਪਹਿਲਾਂ, ਉਹਨਾਂ ਨੂੰ ਉੱਚ ਘਣਤਾ ਵਾਲੀ ਖੇਤੀ ਬਾਰੇ ਸਿਧਾਂਤਿਕ ਗਿਆਨ ਸੀ, ਪਰ ਉਹਨਾਂ ਦੇ ਕੋਲ ਵਿਵਹਾਰਿਕ ਅਨੁਭਵ ਨਹੀਂ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਉਹ ਇਸ ਨੂੰ ਵੀ ਪ੍ਰਾਪਤ ਕਰ ਰਹੇ ਹਨ। ਉਹਨਾਂ ਦੇ ਕੋਲ 2 ਕਰਮਚਾਰੀ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਆਪਣੇ ਫਾਰਮ ਦਾ ਪ੍ਰਬੰਧਨ ਕਰਦੇ ਹਨ।

ਉਹਨਾਂ ਦੇ ਵਿਚਾਰ-
ਜਦੋਂ ਇੱਕ ਕਿਸਾਨ ਖੇਤੀਬਾੜੀ ਕਰਨੀ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਦਯੋਗ ਦੀ ਤਰ੍ਹਾਂ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਤਦ ਹੀ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਦੇ ਇਲਾਵਾ ਜੇਕਰ ਕਿਸਾਨ ਖੇਤੀ ਵਿੱਚ ਕੁਸ਼ਲਤਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹਰ ਕਿਸਾਨ ਨੂੰ ਮਸ਼ੀਨੀਕਰਨ ਵੱਲ ਆਉਣ ਦੀ ਜ਼ਰੂਰਤ ਹੈ।
ਕਿਸਾਨਾਂ ਲਈ ਸੰਦੇਸ਼-
ਜਦੋਂ ਤੱਕ ਕਿਸਾਨ ਰਵਾਇਤੀ ਖੇਤੀ ਕਰਨਾ ਨਹੀਂ ਛੱਡਦੇ ਤੱਦ ਤੱਕ ਉਹ ਮਜ਼ਬੂਤ ਅਤੇ ਸੁਤੰਤਰ ਨਹੀਂ ਹੋ ਸਕਦੇ। ਖਾਸ ਤੌਰ ‘ਤੇ ਉਹ ਕਿਸਾਨ ਜਿਹਨਾਂ ਕੋਲ ਘੱਟ ਜ਼ਮੀਨ ਹੈ, ਉਹਨਾਂ ਨੂੰ ਖੁਦ ਪਹਿਲ ਕਰਨੀ ਪਵੇਗੀ ਅਤੇ ਉਹਨਾਂ ਨੂੰ ਬਾਗਬਾਨੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਿਰਫ਼ ਸਹੀ ਦਿਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ।

ਰਜਨੀਸ਼ ਲਾਂਬਾ

ਪੂਰੀ ਕਹਾਣੀ ਪੜ੍ਹੋ

ਇੱਕ ਇਨਸਾਨ, ਜਿਸਨੇ ਆਪਣੇ ਦਾਦਾ ਜੀ ਦੇ ਨਕਸ਼ੇ-ਕਦਮਾਂ ‘ਤੇ ਚੱਲ ਕੇ ਜੈਵਿਕ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਹਾਸਲ ਕੀਤੀ

ਬਹੁਤ ਘੱਟ ਬੱਚੇ ਹੁੰਦੇ ਹਨ, ਜੋ ਆਪਣੇ ਪੁਰਖਾਂ ਦੇ ਕਾਰੋਬਾਰ ਨੂੰ ਆਪਣੇ ਜੀਵਨ ਵਿੱਚ ਇਸ ਪ੍ਰੇਰਣਾ ਨਾਲ ਅਪਨਾਉਂਦੇ ਹਨ, ਕਿ ਉਨ੍ਹਾਂ ਉਨ੍ਹਾਂ ਨੇ ਪਿਤਾ ਅਤੇ ਦਾਦੇ ਨੂੰ ਉਨ੍ਹਾਂ ‘ਤੇ ਮਾਣ ਹੋਵੇ। ਅਜਿਹੇ ਇੱਕ ਇਨਸਾਨ ਹਨ, ਰਜਨੀਸ਼ ਲਾਂਬਾ, ਜਿਨ੍ਹਾਂ ਨੇ ਆਪਣੇ ਦਾਦਾ ਜੀ ਤੋਂ ਪ੍ਰੇਰਿਤ ਹੋ ਕੇ ਜੈਵਿਕ ਖੇਤੀ ਸ਼ੁਰੂ ਕੀਤੀ।

ਰਜਨੀਸ਼ ਲਾਂਬਾ ਰਾਜਸਥਾਨ ਦੇ ਜ਼ਿਲ੍ਹਾ ਝੁਨਝੁਨੂ ਵਿੱਚ ਸਥਿਤ ਪਿੰਡ ਚੇਲਾਸੀ ਦੇ ਰਹਿਣ ਵਾਲੇ ਇੱਕ ਸਫ਼ਲ ਬਾਗਬਾਨੀ ਮਾਹਿਰ ਹਨ। ਉਨ੍ਹਾਂ ਕੋਲ 4 ਏਕੜ ਵਿੱਚ ਬਾਗ ਹੈ, ਜਿਸਦਾ ਨਾਮ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਨਾਮ ‘ਤੇ ਹਰਦੇਵ ਬਾਗ ਅਤੇ ਉਦਿਆਨ ਨਰਸਰੀ ਰੱਖਿਆ ਅਤੇ ਇਸ ਬਾਗ ਅਤੇ ਨਰਸਰੀ ਵਿੱਚ ਨਿੰਬੂ, ਅੰਬ, ਅਨਾਰ, ਬੇਲ ਪੱਤਰ, ਕਿੰਨੂ, ਮੌਸੰਮੀ ਆਦਿ ਦੇ 3000 ਤੋਂ ਜ਼ਿਆਦਾ ਰੁੱਖ ਫਲਾਂ ਦੇ ਹਨ।

ਖੇਤੀ ਨੂੰ ਪੇਸ਼ੇ ਦੇ ਤੌਰ ‘ਤੇ ਚੁਣਨਾ ਰਜਨੀਸ਼ ਜੀ ਦੀ ਆਪਣੀ ਦਿਲਚਸਪੀ ਸੀ। ਰਜਨੀਸ਼ ਲਾਂਬਾ ਜੀ ਦੇ ਪਿਤਾ ਸ਼੍ਰੀ ਹਰੀ ਸਿੰਘ ਲਾਂਬਾ ਇੱਕ ਪਟਵਾਰੀ ਸੀ ਅਤੇ ਉਨ੍ਹਾਂ ਕੋਲ ਅਲੱਗ ਪੇਸ਼ਾ ਚੁਣਨ ਲਈ ਪੂਰੇ ਮੌਕੇ ਸੀ ਅਤੇ ਡਬਲ ਐੱਮ.ਏ. ਕਰਨ ਤੋਂ ਬਾਅਦ ਉਹ ਆਪਣੇ ਹੀ ਖੇਤਰ ਵਿੱਚ ਵਧੀਆ ਨੌਕਰੀ ਕਰ ਸਕਦੇ ਸੀ, ਪਰ ਉਨ੍ਹਾਂ ਨੇ ਖੇਤੀ ਨੂੰ ਚੁਣਿਆ। ਜੈਵਿਕ ਖੇਤੀ ਤੋਂ ਪਹਿਲਾਂ ਉਹ ਰਵਾਇਤੀ ਖੇਤੀ ਕਰਦੇ ਸਨ ਅਤੇ ਬਾਜਰਾ, ਕਣਕ, ਜਵਾਰ, ਛੋਲੇ, ਸਰ੍ਹੋਂ, ਮੇਥੀ, ਪਿਆਜ਼ ਅਤੇ ਲਸਣ ਆਦਿ ਦੀ ਖੇਤੀ ਕਰਦੇ ਸਨ, ਪਰ ਜਦੋਂ ਉਨ੍ਹਾਂ ਨੇ ਆਪਣੇ ਦਾਦਾ ਜੀ ਦੇ ਜੈਵਿਕ ਅਨੁਭਵ ਦੇ ਬਾਰੇ ਵਿੱਚ ਜਾਣਿਆ ਤਾਂ ਉਨ੍ਹਾਂ ਨੇ ਆਪਣੇ ਜੱਦੀ ਕਾਰੋਬਾਰ ਨੂੰ ਅੱਗੇ ਲਿਜਾਣ ਅਤੇ ਉਸ ਕੰਮ ਨੂੰ ਹੋਰ ਲਾਭਦਾਇਕ ਬਣਾਉਣ ਬਾਰੇ ਸੋਚਿਆ।

ਇਹ ਸਭ 1996 ਵਿੱਚ ਸ਼ੁਰੂ ਹੋਇਆ, ਜਦੋਂ 1 ਬਿੱਘਾ ਖੇਤਰ ਵਿੱਚ ਉਨ੍ਹਾਂ ਨੇ ਬੇਲ ਦੇ 25 ਰੁੱਖ ਲਗਾਏ ਅਤੇ ਰਸਾਇਣਾਂ ਦੀ ਵਰਤੋਂ ਕੀਤੇ ਬਿਨਾਂ ਜੈਵਿਕ ਖੇਤੀ ਨੂੰ ਲਾਗੂ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਸ਼ੁਰੂ ਕੀਤੀ। 8 ਸਾਲਾਂ ਦੀ ਸਖ਼ਤ-ਮਿਹਨਤ ਅਤੇ ਕੋਸ਼ਿਸ਼ਾਂ ਤੋਂ ਬਾਅਦ 2004-2005 ਵਿੱਚ ਆਖਰ ਬੇਲ ਦੇ ਰੁੱਖਾਂ ਨੇ ਫਲ ਦੇਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਨੇ 50,000 ਰੁਪਏ ਦਾ ਭਾਰੀ ਲਾਭ ਕਮਾਇਆ।

ਇਸ ਮੁਨਾਫੇ ਨੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ, ਕਿ ਬਾਗ ਦੇ ਕਾਰੋਬਾਰ ਨਾਲ ਚੰਗੀ ਉਪਜ ਅਤੇ ਮੁਨਾਫ਼ਾ ਮਿਲਦਾ ਹੈ। ਇਸ ਲਈ ਉਨ੍ਹਾਂ ਨੇ ਆਪਣੇ ਪੂਰੇ ਖੇਤਰ ਵਿੱਚ ਬਾਗ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ। 2004 ਵਿੱਚ ਉਨ੍ਹਾਂ ਨੇ ਬੇਲ ਦੇ 600 ਹੋਰ ਰੁੱਖ ਲਗਾਏ ਅਤੇ 2005 ਵਿੱਚ ਬੇਲ ਦੇ ਨਾਲ ਕਿੰਨੂ ਅਤੇ ਮੌਸੰਮੀ ਦੇ ਵੀ 150-150 ਰੁੱਖ ਲਗਾਏ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਇਨ੍ਹਾਂ ਰੁੱਖਾਂ ਤੋਂ ਹੋਇਆ ਮੁਨਾਫ਼ਾ ਵੀ ਕੁੱਝ ਅਜਿਹਾ ਹੀ ਸੀ। 2013 ਵਿੱਚ ਉਨ੍ਹਾਂ ਨੇ ਮੌਸੰਮੀ ਅਤੇ ਕਿੰਨੂ ਦੇ ਉਤਪਾਦਨ ਤੋਂ ਮੁਨਾਫ਼ਾ ਲਿਆ ਅਤੇ ਇਸ ਤੋਂ ਪ੍ਰੇਰਿਤ ਹੋ ਕਿ ਉਨ੍ਹਾਂ ਨੇ ਸਿੰਧੂਰੀ ਕਿਸਮ ਦੇ 600 ਰੁੱਖ ਲਗਾਏ ਅਤੇ ਲੈਮਨ ਦੇ 250 ਰੁੱਖ ਲਗਾਏ। 2012 ਵਿੱਚ ਉਨ੍ਹਾਂ ਨੇ ਅੰਬ ਅਤੇ ਅਮਰੂਦ ਦੇ 5-5 ਰੁੱਖ ਵੀ ਲਗਾਏ।

ਇਸ ਸਮੇਂ ਉਨ੍ਹਾਂ ਦੇ ਬਾਗ ਵਿੱਚ ਕੁੱਲ 3000 ਰੁੱਖ ਫਲਾਂ ਦੇ ਹਨ ਅਤੇ ਹੁਣ ਤੱਕ ਸਾਰੇ ਰੁੱਖਾਂ ਤੋਂ ਵਧੀਆ ਲਾਭ ਕਮਾ ਰਹੇ ਹਨ। ਹੁਣ ਉਨ੍ਹਾਂ ਦੇ ਛੋਟੇ ਭਰਾ ਵਿਕਰਾਂਤ ਲਾਂਬਾ ਅਤੇ ਉਨ੍ਹਾਂ ਦੇ ਪਿਤਾ ਹਰੀ ਸਿੰਘ ਲਾਂਬਾ ਵੀ ਉਨ੍ਹਾਂ ਦੇ ਬਾਗ ਦੇ ਕਾਰੋਬਾਰ ਵਿੱਚ ਮਦਦ ਕਰ ਰਹੇ ਹਨ। ਬਾਗਬਾਨੀ ਤੋਂ ਇਲਾਵਾ ਉਨ੍ਹਾਂ ਨੇ 2006 ਵਿੱਚ 25 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਵੀ ਕੋਸ਼ਿਸ਼ ਕੀਤੀ, ਪਰ ਇਸ ਨਾਲ ਜ਼ਿਆਦਾ ਮੁਨਾਫ਼ਾ ਨਹੀਂ ਮਿਲਿਆ ਅਤੇ 2013 ਵਿੱਚ ਇਸ ਨੂੰ ਬੰਦ ਕਰ ਦਿੱਤਾ। ਹੁਣ ਉਨ੍ਹਾਂ ਕੋਲ ਘਰੇਲੂ ਉਦੇਸ਼ ਲਈ ਸਿਰਫ਼ 4 ਗਾਵਾਂ ਹਨ।

ਤੰਦਰੁਸਤ ਉਤਪਾਦਨ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਉਹ ਗਾਂ ਦਾ ਗੋਬਰ, ਗਊ-ਮੂਤਰ, ਨਿੰਮ ਦਾ ਪਾਣੀ, ਧਤੂਰਾ ਅਤੇ ਗੰਡੋਆ ਖਾਦ ਦੀ ਵਰਤੋਂ ਨਾਲ ਖੁਦ ਖਾਦ ਤਿਆਰ ਕਰਦੇ ਹਨ ਅਤੇ ਜੇਕਰ ਲੋੜ ਹੋਵੇ ਤਾਂ ਕਦੇ-ਕਦੇ ਬਜ਼ਾਰ ਤੋਂ ਵੀ ਗਾਂ ਦਾ ਗੋਬਰ ਖਰੀਦ ਲੈਂਦੇ ਹਨ।

ਬਾਗਬਾਨੀ ਨੂੰ ਮੁੱਖ ਕਾਰੋਬਾਰ ਦੇ ਰੂਪ ਵਿੱਚ ਅਪਨਾਉਣ ਪਿੱਛੇ ਰਜਨੀਸ਼ ਲਾਂਬਾ ਦਾ ਮੁੱਖ ਉਦੇਸ਼ ਇਹ ਹੈ ਕਿ ਰਵਾਇਤੀ ਖੇਤੀ ਦੀ ਤੁਲਨਾ ਵਿੱਚ ਇਹ 10 ਗੁਣਾ ਵੱਧ ਮੁਨਾਫ਼ਾ ਪ੍ਰਦਾਨ ਕਰਦੀ ਹੈ ਅਤੇ ਇਸਦੀ ਖੇਤੀ ਅਸਾਨੀ ਨਾਲ ਵਾਤਾਵਰਨ ਦੇ ਅਨੁਕੂਲ ਤਰੀਕੇ ਨਾਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਬਹੁਤ ਘੱਟ ਮਿਹਨਤ ਦੀ ਲੋੜ ਪੈਂਦੀ ਹੈ। ਉਹ ਮਜ਼ਦੂਰਾਂ ਨੂੰ ਕੇਵਲ ਫਲਾਂ ਦੀ ਤੁੜਾਈ ਦੇ ਸਮੇਂ ਹੀ ਨਿਯੁਕਤ ਕਰਦੇ ਹਨ। ਉਂਝ ਉਨ੍ਹਾਂ ਕੋਲ 2 ਸਥਾਈ ਮਜ਼ਦੂਰ ਹਨ, ਜੋ ਹਰ ਸਮੇਂ ਉਨ੍ਹਾਂ ਲਈ ਕੰਮ ਕਰਦੇ ਹਨ। ਹੁਣ ਉਨ੍ਹਾਂ ਨੇ ਨਰਸਰੀ ਦੀ ਤਿਆਰੀ ਵਪਾਰਕ ਉਦੇਸ਼ ਲਈ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਨਾਲ ਲਾਭ ਕਮਾ ਰਹੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਬਾਗਬਾਨੀ ਦੇ ਬਾਰੇ ਵਿੱਚ ਜਾਣਕਾਰੀ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਖੇਤੀ ਨਾਲ ਸੰਬੰਧਿਤ ਪੱਤ੍ਰਿਕਾਵਾਂ, ਪ੍ਰਿੰਟਡ ਮੀਡੀਆ ਅਤੇ ਇੰਟਰਨੈੱਟ ਆਦਿ ਦੀ ਮਦਦ ਲੈਂਦੇ ਹਨ।

ਆਪਣੀ ਜੈਵਿਕ ਖੇਤੀ ਨੂੰ ਹੋਰ ਅੱਪਡੇਟ ਅਤੇ ਉੱਨਤ ਬਣਾਉਣ ਲਈ 2009 ਵਿੱਚ ਉਨ੍ਹਾਂ ਨੇ ਮੋਰਾਰਕਾ ਫਾਊਂਡੇਸ਼ਨ ਵਿੱਚ ਪ੍ਰਵੇਸ਼ ਕੀਤਾ। ਕਈ ਕਿਸਾਨ ਰਜਨੀਸ਼ ਲਾਂਬਾ ਤੋਂ ਕੁੱਝ ਨਵਾਂ ਸਿੱਖਣ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ ਅਤੇ ਉਹ ਵੀ ਬਿਨਾਂ ਕਿਸੇ ਫੀਸ ਦੇ ਉਨ੍ਹਾਂ ਨੂੰ ਜਾਣਕਾਰੀ ਅਤੇ ਟ੍ਰੇਨਿੰਗ ਉਪਲੱਬਧ ਕਰਵਾਉਂਦੇ ਹਨ। ਇੱਥੋਂ ਤੱਕ ਕਿ ਕਦੇ-ਕਦੇ ਖੇਤੀਬਾੜੀ ਅਫਸਰ ਵੀ ਸੰਮੇਲਨ ਅਤੇ ਟ੍ਰੇਨਿੰਗ ਲਈ ਕਿਸਾਨਾਂ ਦੇ ਗਰੁੱਪ ਨਾਲ ਉਨ੍ਹਾਂ ਦੇ ਫਾਰਮ ਦਾ ਦੌਰਾ ਕਰਦੇ ਹਨ।

ਸ਼ੁਰੂਆਤ ਤੋਂ ਹੀ ਉਨ੍ਹਾਂ ਦਾ ਸੁਪਨਾ ਹਮੇਸ਼ਾ ਆਪਣੇ ਦਾਦਾ ਜੀ (ਹਰਦੇਵ ਲਾਂਬਾ) ਨੂੰ ਮਾਣ ਕਰਵਾਉਣਾ ਸੀ। ਉਹ ਆਪਣੀਆਂ ਸਿੱਖਿਆਵਾਂ ਨੂੰ ਅੱਗੇ ਲਿਜਾਣਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਨਰਸਰੀ ਤਿਆਰ ਕਰਨ ਅਤੇ ਉਨ੍ਹਾਂ ਦੀ ਤਰ੍ਹਾਂ ਬਾਗਬਾਨੀ ਸ਼ੁਰੂ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਯਤਨਾਂ ਲਈ 2011 ਵਿੱਚ ਉਨ੍ਹਾਂ ਨੂੰ ਖੇਤੀਬਾੜੀ ਮੰਤਰੀ ਹਰਜੀ ਰਾਮ ਬੁਰਦਕ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੁਆਰਾ ਵੀ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਈ ਲੇਖ (ਆਰਟੀਕਲ) ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਕੀਤਾ ਜਾ ਚੁੱਕੇ ਹਨ।

ਕਿਸਾਨਾਂ ਨੂੰ ਸੰਦੇਸ਼-
ਉਹ ਚਾਹੁੰਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਜੈਵਿਕ ਖੇਤੀ ਅਪਨਾਉਣ, ਕਿਉਂਕਿ ਇਹ ਵਾਤਾਵਰਨ ਦੇ ਅਨੁਕੂਲ ਹੋਣ ਦੇ ਨਾਲ-ਨਾਲ ਤੰਦਰੁਸਤੀ ਲਈ ਵੀ ਲਾਭਦਾਇਕ ਹੈ। ਕਿਸਾਨਾਂ ਨੂੰ ਰਸਾਇਣਾਂ ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ। ਇੱਕ ਗੱਲ ਜੋ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਕਿ ਅਸੀਂ ਚਾਹੇ ਜਿੰਨਾ ਵੀ ਲਾਭ ਕਮਾ ਰਹੇ ਹਾਂ, ਲਾਭ ਸਿਰਫ਼ ਕੁੱਝ ਨਵਾਂ ਕਰਕੇ ਹੀ ਲਿਆ ਜਾ ਸਕਦਾ ਹੈ, ਜਿਵੇਂ ਕਿ ਮੈਂ ਬਾਗਬਾਨੀ ਦੀ ਖੇਤੀ ਕਰਕੇ ਪ੍ਰਾਪਤ ਕੀਤਾ ਹੈ।

ਗੁਰਰਾਜ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ, ਜਿਸ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਆਪਣੇ ਤਜ਼ਰਬੇ ਨੂੰ ਆਪਣੀ ਤਾਕਤ ਬਣਾਇਆ ਅਤੇ ਅਗਾਂਹਵਧੂ ਕਿਸਾਨ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਏ

ਇਹ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਆਮ ਤੌਰ ‘ਤੇ ਜ਼ਿਆਦਾਤਰ ਕਿਸਾਨ ਆਪਣੀਆਂ ਘਰੇਲੂ, ਆਰਥਿਕ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਸਬਰ ਅਤੇ ਮਿਹਨਤ ਨਾਲ ਕਰਨ ਦੀ ਬਜਾਏ, ਹਾਰ ਮੰਨ ਲੈਂਦੇ ਹਨ। ਇੱਥੋਂ ਤੱਕ ਕਿ ਕੁੱਝ ਕਿਸਾਨ ਤਾਂ ਆਤਮ-ਹੱਤਿਆ ਵਰਗੇ ਰਸਤੇ ਵੀ ਅਪਨਾਉਂਦੇ ਹਨ। ਪਰ ਅੱਜ ਅਸੀਂ ਇੱਕ ਅਜਿਹੇ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸਨੇ ਨਾ-ਕੇਵਲ ਆਪਣੀਆਂ ਘਰੇਲੂ ਅਤੇ ਆਰਥਿਕ ਔਕੜਾਂ ਦਾ ਸਾਹਮਣਾ ਕੀਤਾ, ਸਗੋਂ ਆਪਣੀ ਮਿਹਨਤ ਨਾਲ ਬਾਗਬਾਨੀ ਦੀ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਉੱਚ-ਪੱਧਰ ਦੇ ਸਨਮਾਨ ਵੀ ਹਾਸਿਲ ਕੀਤੇ ਅਤੇ ਉਸ ਕਿਸਾਨ ਦਾ ਨਾਮ ਹੈ – ਗੁਰਰਾਜ ਸਿੰਘ ਵਿਰਕ, ਜੋ ਲਗਭਗ ਪਿਛਲੇ 30 ਸਾਲਾਂ ਤੋਂ ਕਿੰਨੂ ਦੀ ਖੇਤੀ ਕਰ ਰਹੇ ਹਨ।

ਗੁਰਰਾਜ ਸਿੰਘ ਜੀ ਦਾ ਜਨਮ 01 ਅਕਤੂਬਰ 1954 ਨੂੰ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ ਅਤੇ ਉਹ ਮੁਹੱਲਾ ਸੁਰਗਾਪੁਰੀ, ਕੋਟਕਪੂਰਾ(ਜ਼ਿਲ੍ਹਾ ਫਰੀਦਕੋਟ) ਦੇ ਨਿਵਾਸੀ ਹਨ। ਭਾਵੇਂ ਉਹ ਖੁਦ ਬਾਰ੍ਹਵੀਂ ਤੱਕ ਹੀ ਪੜ੍ਹੇ ਸਨ, ਪਰ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਆਤਮ-ਵਿਸ਼ਵਾਸ ਸਦਕਾ ਨਾ-ਕੇਵਲ ਬਾਗਬਾਨੀ ਦੇ ਖੇਤਰ ਵਿੱਚ ਇੱਕ ਸਫ਼ਲ ਮੁਕਾਮ ਹਾਸਿਲ ਕੀਤਾ, ਸਗੋਂ ਆਪਣੇ ਕੰਮ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਦੇਸੀ ਤਰੀਕੇ ਨਾਲ ਕਈ ਮਸ਼ੀਨਾਂ ਦੀਆਂ ਕਾਢਾਂ ਵੀ ਕੀਤੀਆਂ। ਪਰ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ।

ਜੀਵਨ ਦਾ ਮੁੱਢਲਾ ਸੰਘਰਸ਼
ਸ਼ੁਰੂਆਤੀ ਸਮੇਂ ਵਿੱਚ ਉਹ ਨਰਮੇ ਦੀ ਖੇਤੀ ਕਰਦੇ ਸਨ, ਇਸ ਫ਼ਸਲ ‘ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੋਣ ਕਾਰਨ 1990 ਵਿੱਚ ਉਨ੍ਹਾਂ ਨੂੰ ਇਸਦੀ ਖੇਤੀ ਬੰਦ ਕਰਨੀ ਪਈ, ਕਿਉਂਕਿ ਆੜ੍ਹਤੀਆਂ ਅਤੇ ਬੈਂਕਾਂ ਦਾ ਕਰਜ਼ਾ ਦਿਨੋ-ਦਿਨ ਵੱਧਦਾ ਜਾ ਰਿਹਾ ਸੀ। ਫਿਰ ਉਨ੍ਹਾਂ ਨੇ ਗੰਨੇ ਦੀ ਖੇਤੀ ਸ਼ੁਰੂ ਕੀਤੀ, ਪਰ ਕੁੱਝ ਸਮੇਂ ਬਾਅਦ ਫਰੀਦਕੋਟ ਗੰਨਾ ਮਿਲ ਬੰਦ ਹੋਣ ਕਾਰਨ ਇਸ ਵਿੱਚ ਵੀ ਮੁਨਾਫਾ ਨਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਝੋਨੇ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਸ ਵਿੱਚ ਵੀ ਜ਼ਿਆਦਾ ਫਾਇਦਾ ਨਹੀਂ ਸੀ, ਕਿਉਂਕਿ ਧਰਤੀ ਹੇਠਲਾ ਪਾਣੀ ਸਿੰਚਾਈ-ਯੋਗ ਨਹੀਂ ਸੀ।

ਜ਼ਿੰਦਗੀ ਵਿੱਚਲਾ ਅਹਿਮ ਮੋੜ
ਆਖਿਰ ਉਨ੍ਹਾਂ ਨੇ 1983 ਵਿੱਚ ਬਾਗਬਾਨੀ ਵਿਭਾਗ, ਫਰੀਦਕੋਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਿਖਲਾਈ ਹਾਸਿਲ ਕੀਤੀ ਅਤੇ ਕਿੰਨੂ ਦਾ ਬਾਗ ਲਾਇਆ। ਬਾਗ ਲਾਏ ਨੂੰ ਅਜੇ ਦੋ ਸਾਲ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਦੇ ਪਿਤਾ (ਸ. ਸਵਰਨ ਸਿੰਘ) ਚਲਾਣਾ ਕਰ ਗਏ, ਜਿਸ ਨਾਲ ਪੂਰੇ ਪਰਿਵਾਰ ਦੇ ਹੌਂਸਲੇ ਨੂੰ ਬੜੀ ਡੂੰਘੀ ਸੱਟ ਵੱਜੀ। ਹਾਲਾਂਕਿ ਇਸ ਵਿੱਚ ਕਾਫੀ ਸਮਾਂ ਲੱਗਾ, ਪਰ ਉਨ੍ਹਾਂ ਨੇ ਸਬਰ, ਮਿਹਨਤ ਅਤੇ ਵਿਸ਼ਵਾਸ ਨਾਲ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਂਦਾ। ਅਜੇ ਪਰਿਵਾਰ ਪਿਛਲੇ ਦੁੱਖਾਂ ਨੂੰ ਵੀ ਭੁੱਲ ਨਹੀਂ ਸੀ ਸਕਿਆ 1999 ਵਿੱਚ ਉਨ੍ਹਾਂ ਦੀ ਮਾਤਾ (ਮੋਹਿੰਦਰ ਕੌਰ) ਜੀ ਵੀ ਸਵਰਗ ਸਿਧਾਰ ਗਏ ਅਤੇ ਪਰਿਵਾਰ ਇੱਕ ਵਾਰ ਫਿਰ ਸਦਮੇ ਵਿੱਚ ਚਲਾ ਗਿਆ। ਪਰ ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਅਤੇ ਕੰਮ ਨੂੰ ਜਾਰੀ ਰੱਖਿਆ।

ਮਿਹਨਤ ਦਾ ਫਲ
ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਕਿੰਨੂ ਦੇ ਬਾਗ ਨੇ ਫਲ ਦੇਣੇ ਸ਼ੁਰੂ ਕੀਤੇ, ਤਾਂ ਚੰਗੇ ਦਿਨ ਵਾਪਸ ਆਉਣ ਲੱਗੇ। ਇਸ ਮੁਨਾਫੇ ਤੋਂ ਪ੍ਰਾਪਤ ਹੋਏ ਪੈਸਿਆਂ ਨੂੰ ਉਨ੍ਹਾਂ ਵਿਅਰਥ ਨਹੀਂ ਖਰਚਿਆ, ਸਗੋਂ ਬੜੀ ਸੂਝ-ਬੂਝ ਨਾਲ ਬਾਗ ਦਾ ਖੇਤਰ ਵਧਾਇਆ ਅਤੇ ਡੂੰਘਾ ਟਿਊਬਵੈੱਲ ਵੀ ਲਗਵਾਇਆ। ਹੁਣ ਪਾਣੀ ਸਿੰਚਾਈ-ਯੋਗ ਹੋਣ ਕਰਕੇ ਝੋਨੇ ਵਿੱਚ ਵੀ ਮੁਨਾਫ਼ਾ ਹੋਣ ਲੱਗਾ। ਉਨ੍ਹਾਂ 2.5 ਏਕੜ ਵਿੱਚ ਅੰਗੂਰਾਂ ਦਾ ਬਾਗ ਵੀ ਲਾਇਆ, ਜੋ ਲਗਭੱਗ ਇੱਕ ਲੱਖ ਪ੍ਰਤੀ ਏਕੜ ਦੀ ਆਮਦਨ ਦਿੰਦਾ ਸੀ।

ਪਰ ਸਫ਼ਲਤਾ ਦਾ ਰਸਤਾ ਇੰਨਾ ਵੀ ਅਸਾਨ ਨਹੀਂ ਹੁੰਦਾ ਅਤੇ ਬਾਗ ਲਾਉਣ ਤੋਂ 15 ਸਾਲ ਬਾਅਦ ਸਿਉਂਕ ਦੇ ਗੰਭੀਰ ਹਮਲੇ ਕਾਰਨ ਪੂਰਾ ਬਾਗ ਪੁੱਟਣਾ ਪਿਆ। ਪਰ ਫਿਰ ਵੀ ਉਨ੍ਹਾਂ ਹਾਰ ਨਾ ਮੰਨੀ ਅਤੇ ਕਿੰਨੂ ਦੇ ਨਾਲ-ਨਾਲ ਕਣਕ ਝੋਨੇ ਦੀ ਖੇਤੀ ਨੂੰ ਅੱਗੇ ਵਧਾਇਆ।

ਖੇਤੀ ਦੇ ਆਧੁਨਿਕ ਢੰਗ
ਸ. ਵਿਰਕ ਜੀ ਮੌਜੂਦਾ ਸਮੇਂ ਦੀਆਂ ਆਧੁਨਿਕ ਤਕਨੀਕਾਂ ਨਾਲ ਅੱਪਡੇਟ ਰਹਿੰਦੇ ਹਨ ਅਤੇ ਲੋੜੀਂਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਵੀ ਕਰਦੇ ਹਨ। ਅੱਜ ਉਨ੍ਹਾਂ ਕੋਲ ਕੁੱਲ 41 ਏਕੜ ਜ਼ਮੀਨ ਹੈ, ਜਿਸ ਵਿੱਚੋਂ ਉਹ 21 ਏਕੜ ਵਿੱਚ ਕਿੰਨੂ ਅਤੇ 20 ਏਕੜ ਵਿੱਚ ਕਣਕ-ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਦੇ ਬਾਗ ਵਿੱਚ ਕਿੰਨੂ ਦੇ ਪੌਦਿਆਂ ਤੋਂ ਇਲਾਵਾ ਵਿੱਚ ਕਿਤੇ-ਕਿਤੇ ਕੁੱਝ ਪੌਦੇ ਨਿੰਬੂ, ਗਰੇਪ ਫਰੂਟ, ਮੌਸੰਮੀ, ਮਾਲਟਾ ਰੈਡ, ਮਾਲਟਾ ਜਾਫਾ, ਨਾਗਪੁਰੀ ਸੰਗਤਰਾ, ਨਰੰਗੀ, ਆਲੂ ਬੁਖਾਰਾ, ਅਨਾਰ, ਅੰਗੂਰ, ਅਮਰੂਦ, ਆਂਵਲਾ, ਜਾਮਨ, ਫਾਲਸਾ, ਚੀਕੂ ਆਦਿ ਦੇ ਵੀ ਲੱਗੇ ਹਨ। ਉਹ ਪਾਣੀ ਦੀ ਬੱਚਤ ਲਈ ਬਾਗ ਵਿੱਚ ਤੁਪਕਾ ਸਿੰਚਾਈ ਅਤੇ ਗਰਮੀਆਂ ਵਿੱਚ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਲਈ ਮਲਚਿੰਗ ਤਕਨੀਕ ਦੀ ਵਰਤੋਂ ਕਰਦੇ ਹਨ। ਉਹ ਕੁਦਰਤੀ ਸ੍ਰੋਤਾਂ ਦੀ ਸਾਂਭ-ਸੰਭਾਲ ਵਿੱਚ ਪੂਰੀ ਤਰ੍ਹਾਂ ਨਿਪੁੰਨ ਹਨ। ਜ਼ਿਆਦਾਤਰ ਕਿੰਨੂ ਦੇ ਨਵੇਂ ਪੌਦਿਆਂ ਵਾਲੀ ਮਿੱਟੀ ਦੇ ਉਪਜਾਊਪਨ ਨੂੰ ਠੀਕ ਰੱਖਣ ਲਈ ਉਹ ਹਮੇਸ਼ਾ ਹਰੀ ਖਾਦ ਦੇ ਪੱਖ ਵਿੱਚ ਬੋਲਦੇ ਹਨ। ਉਹ ਰਿਵਾਇਤੀ ਢੰਗ ਦੇ ਨਾਲ-ਨਾਲ ਜ਼ਿਆਦਾ ਘਣਤਾ ਵਾਲੇ ਤਰੀਕੇ ਨਾਲ ਵੀ ਕਿੰਨੂ ਦੀ ਖੇਤੀ ਕਰਦੇ ਹਨ।

ਕਾਢਾਂ ਅਤੇ ਰਚਨਾਵਾਂ
ਆਪਣੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਕਾਢਾਂ ਵੀ ਕੀਤੀਆਂ। ਉਨ੍ਹਾਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਆਂ, ਜੋ ਜ਼ਿਆਦਾ ਉੱਚ-ਪੱਧਰ ਦੀਆਂ ਜਾਂ ਮਹਿੰਗੀਆਂ ਨਹੀਂ, ਸਗੋਂ ਸਧਾਰਨ ਅਤੇ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹ ਮਸ਼ੀਨਾਂ ਪੈਸਾ ਅਤੇ ਸਮਾਂ ਦੋਨਾਂ ਨੂੰ ਬਚਾਉਂਦੀਆਂ ਹਨ। ਉਨ੍ਹਾਂ ਨੇ ਇੱਕ ਦੇਸੀ ਸਪਰੇਅ ਪੰਪ ਅਤੇ ਰੁੱਖ ਦੀ ਕਟਾਈ-ਛਟਾਈ ਵਾਲਾ ਯੰਤਰ ਤਿਆਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਕਿੰਨੂ ਦੀ ਸਫ਼ਾਈ ਅਤੇ ਗ੍ਰੇਡਿੰਗ ਵਾਲੀ ਮਸ਼ੀਨ ਵੀ ਤਿਆਰ ਕੀਤੀ, ਜੋ ਇੱਕ ਘੰਟੇ ਵਿੱਚ 2 ਟਨ ਤੱਕ ਕਿੰਨੂ ਸਾਫ਼ ਕਰਦੀ ਹੈ। 2 ਟਨ ਫਲ ਸਾਫ਼ ਕਰਨ ਅਤੇ ਛਾਂਟਣ ਵਿੱਚ ਉਨ੍ਹਾਂ ਦਾ ਸਿਰਫ਼ 125 ਰੁਪਏ ਤੱਕ ਦਾ ਖਰਚਾ ਆਉਂਦਾ ਹੈ, ਜਦਕਿ ਹੱਥੀਂ ਇਸ ਕੰਮ ਨੂੰ ਕਰਨ ਵਿੱਚ 1000 ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਮਕੈਨੀਕਲ ਤਰੀਕੇ ਨਾਲ ਛਾਂਟੇ ਫਲਾਂ ਦਾ ਮਾਰਕੀਟ ਵਿੱਚ ਵੀ ਵਧੀਆ ਮੁੱਲ ਮਿਲਦਾ ਹੈ।

ਉੱਪਰ ਦੱਸੀਆਂ ਕਾਢਾਂ ਤੋਂ ਇਲਾਵਾ ਗੁਰਰਾਜ ਸਿੰਘ ਜੀ ਨੇ ਸਾਹਿਤ ਕਲਾ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿੰਨੂ ਦੀ ਖੇਤੀ ‘ਤੇ 7 ਮਸ਼ਹੂਰ ਲੇਖ ਅਤੇ ਇੱਕ ਕਿਤਾਬ ਵੀ ਲਿਖੀ।

ਪ੍ਰਾਪਤੀਆਂ
ਸ. ਗੁਰਰਾਜ ਸਿੰਘ ਜੀ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਫ਼ਲਤਾ ਲਈ ਬਹੁਤ ਸਾਰੇ ਸਮਾਰੋਹਾਂ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਕੁੱਝ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:

•ਉਨ੍ਹਾਂ ਦੇ ਕਿੰਨੂਆਂ ਨੂੰ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਬਹੁਤ ਸਾਰੇ ਇਨਾਮ ਮਿਲੇ ਹਨ। ਉਨ੍ਹਾਂ ਨੂੰ 2010-11 ਅਤੇ 2011-12 ਸਾਲ ਲਈ ਸਰਵੋਤਮ ਕਿੰਨੂ ਉਗਾਉਣ ਵਾਲੇ ਕਿਸਾਨ ਦੇ ਤੌਰ ‘ਤੇ ਰਾਸ਼ਟਰੀ ਬਾਗਬਾਨੀ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ।

•ਮਾਰਚ 2012 ਵਿੱਚ ਮਾਸਿਕ ਖੇਤੀਬਾੜੀ ਮੈਗਜ਼ੀਨ “ਐਡਵਾਈਜ਼ਰ” ਵੱਲੋਂ ਲਗਾਏ ਮੇਲੇ ਵਿੱਚ ਵੀ ਸਨਮਾਨਿਤ ਕੀਤਾ।

•ਗੁਰਰਾਜ ਸਿੰਘ ਜੀ ਨੇ ਉਚੇਰੀ ਕਮੇਟੀਆਂ ਜਿਵੇਂ ਕਿ ਪੀ.ਏ.ਯੂ. ਦੀ ਫਲ ਅਤੇ ਸਬਜ਼ੀਆਂ ਉਗਾਊ ਸਲਾਹਕਾਰ ਕਮੇਟੀ’ ਅਤੇ ‘ਮਾਲਵਾ ਫਲ ਅਤੇ ਸਬਜ਼ੀਆਂ ਉਗਾਊ ਕਮੇਟੀ’ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।

•ਬਹੁਤ ਸਾਰੇ ਵਿਭਾਗਾਂ ਵੱਲੋਂ ਕਿਸਾਨਾਂ ਨੂੰ ਵਿਰਕ ਜੀ ਦੇ ਖੇਤਾਂ ਵਿੱਚ ਸਫ਼ਲਤਾ ਦੇ ਢੰਗਾਂ ਦੀ ਜਾਣਕਾਰੀ ਦੇਣ ਲਈ ਲਿਜਾਇਆ ਜਾਂਦਾ ਹੈ।

•ਗੁਰਰਾਜ ਸਿੰਘ ਜੀ ਨੇ ਜ਼ਿਲ੍ਹੇ ਵਿੱਚ ਲਗਭੱਗ 150 ਏਕੜ ਵਿੱਚ ਕਿਸਾਨਾਂ ਦੀ ਕਿੰਨੂ ਦੀ ਖੇਤੀ ਵਿੱਚ ਮਦਦ ਕੀਤੀ।

ਉਹ ਕਿੰਨੂ ਉਤਪਾਦਨ ਵਿੱਚ ਸਫ਼ਲ ਹੋਣ ਅਤੇ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਲਈ ਕੇ.ਵੀ.ਕੇ. ਫਰੀਦਕੋਟ ਅਤੇ ਰਾਜ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਸਿਖਲਾਈਆਂ ਲਈ ਬਹੁਤ ਧੰਨਵਾਦੀ ਹਨ।

ਪਰਿਵਾਰਿਕ ਜੀਵਨ
ਸ. ਵਿਰਕ ਜੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਘੱਟ ਪੜ੍ਹਾਈ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ। ਅੱਜ ਇਹੀ ਸਭ ਕੁੱਝ ਉਨ੍ਹਾਂ ਦੇ ਬੱਚੇ ਵੀ ਕਰਕੇ ਦਿਖਾ ਰਹੇ ਹਨ ਅਤੇ ਉੱਚ-ਪੱਧਰ ਦੇ ਨੌਕਰੀ-ਪੇਸ਼ੇ ਵਾਲੇ ਹਨ। ਉਨ੍ਹਾਂ ਦੀ ਪਤਨੀ (ਜਗਮੀਤ ਕੌਰ) ਘਰੇਲੂ ਕੰਮ-ਕਾਜੀ ਔਰਤ ਹੈ। ਉਨ੍ਹਾਂ ਦੇ ਪੰਜਾਂ ਬੱਚਿਆਂ ਵਿੱਚੋਂ ਚਾਰ (ਇੱਕ ਪੁੱਤਰ ਕਨੇਡਾ ਵਿੱਚ ਇੰਜੀਨਿਅਰ, ਇੱਕ ਪੁੱਤਰ ਅਮਰੀਕਾ ਵਿੱਚ ਡਾਕਟਰ, ਇੱਕ ਧੀ ਕਨੇਡਾ ਅਤੇ ਦੂਜੀ ਧੀ ਪੰਜਾਬ ਵਿੱਚ ਡਾਕਟਰ ਹੈ ਅਤੇ ਇੱਕ ਧੀ ਕਨੇਡਾ ਵਿੱਚ ਨਰਸ ਹੈ। ਉਨ੍ਹਾਂ ਦੇ ਸਾਰੇ ਬੱਚੇ ਆਪਣੇ ਪਰਿਵਾਰਾਂ ਨਾਲ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ। ਗੁਰਰਾਜ ਸਿੰਘ ਜੀ ਅਕਸਰ ਆਪਣੇ ਬੱਚਿਆਂ ਨੂੰ ਮਿਲਣ ਕਨੇਡਾ ਅਤੇ ਅਮਰੀਕਾ ਜਾਂਦੇ ਰਹਿੰਦੇ ਹਨ।

ਹੋਰਨਾਂ ਕਿਸਾਨਾਂ ਲਈ ਸੰਦੇਸ਼-
ਕਿਸਾਨਾਂ ਨੂੰ ਛੋਟੇ-ਮੋਟੇ ਨੁਕਸਾਨਾਂ ਅਤੇ ਖੇਤੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਕਾਰਨ ਆਪਣਾ ਆਤਮ-ਵਿਸ਼ਵਾਸ ਨਹੀਂ ਟੁੱਟਣ ਦੇਣਾ ਚਾਹੀਦਾ ਅਤੇ ਹਾਰ ਨਹੀਂ ਮੰਨਣੀ ਚਾਹੀਦੀ। ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਅਲੱਗ ਵੀ ਸੋਚਣਾ ਚਾਹੀਦਾ ਹੈ। ਖੇਤੀਬਾੜੀ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਨ੍ਹਾਂ ਵਿੱਚ ਘੱਟ ਨਿਵੇਸ਼ ਨਾਲ ਵੀ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਬਾਗਬਾਨੀ ਵੀ ਇੱਜ ਅਜਿਹਾ ਖੇਤਰ ਹੈ, ਜਿਸ ਵਿੱਚ ਕਿਸਾਨ ਅਸਾਨੀ ਨਾਲ ਲੱਖਾਂ ਦਾ ਮੁਨਾਫਾ ਲੈ ਸਕਦੇ ਹਨ, ਪਰ ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੂੰ ਸਬਰ ਰੱਖਣ ਦੀ ਲੋੜ ਹੁੰਦੀ ਹੈ। ਮੈਂ ਖੁਦ ਵੀ ਬਾਗਬਾਨੀ ਦੇ ਖੇਤਰ ਵਿੱਚ ਹੀ ਮਿਹਨਤ ਕਰਕੇ ਅੱਜ ਵਧੀਆ ਮੁਨਾਫਾ ਲੈ ਰਿਹਾ ਹਾਂ ਅਤੇ ਭਵਿੱਖ ਵਿੱਚ ਹੀ ਇਹੀ ਚਾਹੁੰਦਾ ਹਾਂ ਕਿ ਕਿਸਾਨ ਬਾਗਾਬਨੀ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਅਪਨਾਉਣ ਅਤੇ ਬਾਗਬਾਨੀ ਨੂੰ ਵੀ ਅੱਗੇ ਵਧਾਉਣ।

ਹਰਿਮਨ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸਨੇ ਆਪਣੇ ਕਰਮ ਕਰਦੇ ਹੋਏ, ਆਪਣੀ ਮਿਹਨਤ ਨਾਲ ਸਫ਼ਲਤਾ ਦਾ ਸੁਆਦ ਚਖਿਆ

ਅਜਿਹਾ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਇੱਛਾ ਸ਼ਕਤੀ ਅੱਗੇ ਕੋਈ ਚੀਜ਼ ਨਹੀਂ ਟਿਕ ਸਕਦੀ। ਅਜਿਹੀ ਹੀ ਇੱਛਾ ਅਤੇ ਸ਼ਕਤੀ ਨਾਲ ਇੱਕ ਅਜਿਹੇ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਨਿਰੰਤਰ ਯਤਨਾਂ ਨਾਲ ਉਸ ਜ਼ਮੀਨ ‘ਤੇ ਸੇਬ ਦੀ ਇੱਕ ਨਵੀਂ ਕਿਸਮ ਦਾ ਵਿਕਾਸ ਕੀਤਾ, ਜਿੱਥੇ ਇਹ ਕਰਨਾ ਲਗਭਗ ਅਸੰਭਵ ਸੀ।

ਸ਼੍ਰੀ ਹਰਿਮਨ ਸ਼ਰਮਾ ਇੱਕ ਸਫ਼ਲ ਕਿਸਾਨ ਹਨ, ਜਿਨ੍ਹਾਂ ਕੋਲ ਸੇਬ, ਅੰਬ, ਆੜੂ, ਕਾੱਫੀ, ਲੀਚੀ ਅਤੇ ਅਨਾਰ ਦੇ ਬਗ਼ੀਚੇ ਹਨ। ਇੱਕ ਊਸ਼ਣ-ਕਟੀਬੰਧੀ ਸਥਾਨ ਹੈ (ਪਿੰਡ ਪਨੀਲਾ ਕੋਠੀ, ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ਼) ਜਿੱਥੇ ਤਾਪਮਾਨ 45° ਤੱਕ ਵੱਧ ਜਾਂਦਾ ਹੈ ਅਤੇ ਭੂਮੀ ਵਿੱਚ 80% ਚੱਟਾਨਾਂ ਅਤੇ 20% ਮਿੱਟੀ ਹੈ। ਇੱਥੇ ਸੇਬ ਉਗਾਉਣਾ ਲਗਭਗ ਅਸੰਭਵ ਸੀ, ਪਰ ਹਰਿਮਨ ਸ਼ਰਮਾ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਇਸਨੂੰ ਸੰਭਵ ਕਰ ਦਿੱਤਾ।

ਇਸ ਤੋਂ ਪਹਿਲਾਂ ਹਰਿਮਨ ਸ਼ਰਮਾ ਜੀ ਕਿਸਾਨ ਨਹੀਂ ਸਨ। ਜੋ ਸਫ਼ਲਤਾ ਅੱਜ ਉਨ੍ਹਾਂ ਨੇ ਹਾਸਿਲ ਕੀਤੀ ਹੈ, ਉਸ ਲਈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕਈ ਚੁਣੌਤੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ। 1971 ਤੋਂ 1982 ਤੱਕ ਉਹ ਮਜ਼ਦੂਰ ਸੀ, 1983 ਤੋਂ 1990 ਤੱਕ ਉਨ੍ਹਾਂ ਨੂੰ ਪੱਥਰ ਤੋੜਨ ਦਾ ਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਕੀਤਾ। 1991 ਤੋਂ 1998 ਤੱਕ ਉਨ੍ਹਾਂ ਨੇ ਸਬਜ਼ੀ ਦੀ ਖੇਤੀ ਦੇ ਨਾਲ-ਨਾਲ ਅੰਬ ਦੇ ਬਾਗ ਵੀ ਲਾਏ।

1999 ਵਿੱਚ ਇੱਕ ਅਜਿਹਾ ਮੋੜ ਆਇਆ, ਜਦੋਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਇੱਕ ਸੇਬ ਦਾ ਬੀਜ ਪੁੰਗਰਦਾ ਦੇਖਿਆ। ਉਨ੍ਹਾਂ ਨੇ ਉਸ ਪੌਦੇ ਨੂੰ ਸੰਭਾਲਿਆ ਅਤੇ ਖੇਤੀਬਾੜੀ ਵਿੱਚ ਪ੍ਰਾਪਤ ਕੀਤੇ ਤਜ਼ਰਬੇ ਨਾਲ ਇਸਦਾ ਪੋਸ਼ਣ ਕਰਨਾ ਸ਼ੁਰੂ ਕੀਤਾ। ਕੁਆਲਿਟੀ ਨੂੰ ਸੁਧਾਰਨ ਲਈ ਉਨ੍ਹਾਂ ਨੇ ਆਲੂਬੁਖਾਰੇ ਦੇ ਰੁੱਖ ਦੇ ਤਣੇ ‘ਤੇ ਸੇਬ ਦੇ ਰੁੱਖ ਦੀ ਸ਼ਾਖ ਦੀ ਗ੍ਰਾਫਟਿੰਗ ਕਰ ਦਿੱਤੀ ਅਤੇ ਇਸਦਾ ਪਰਿਣਾਮ ਬਿਲਕੁੱਲ ਅਲੱਗ ਸੀ। ਦੋ ਸਾਲ ਬਾਅਦ ਸੇਬ ਦੇ ਪੌਦੇ ਨੇ ਫਲ ਦੇਣੇ ਸ਼ੁਰੂ ਕਰ ਦਿੱਤੇ। ਆਖਿਰ ਉਨ੍ਹਾਂ ਨੇ ਇੱਕ ਅਲੱਗ ਤਰ੍ਹਾਂ ਦਾ ਸੇਬ ਵਿਕਸਿਤ ਕੀਤਾ, ਜੋ ਕਿ ਗਰਮ ਜਲਵਾਯੂ ਦੇ ਨਾਲ ਬਹੁਤ ਘੱਟ ਪਹਾੜੀਆਂ ‘ਤੇ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ।

ਹੌਲੀ-ਹੌਲੀ ਸਮੇਂ ਦੇ ਨਾਲ ਹਰਿਮਨ ਸ਼ਰਮਾ ਦੁਆਰਾ ਖੋਜੀ ਗਈ ਸੇਬ ਦੀ ਕਿਸਮ ਦੀ ਗੱਲ ਫੈਲ ਗਈ। ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਅਤੇ ਕੁੱਝ ਹੈਰਾਨ ਹੋਏ। ਪਰ 7 ਜੁਲਾਈ 2008 ਨੂੰ ਹਰਿਮਨ ਸ਼ਰਮਾ ਸ਼ਿਮਲਾ ਗਏ ਅਤੇ ਉਨ੍ਹਾਂ ਨੇ ਵਿਕਸਿਤ ਕੀਤੇ ਸੇਬ ਦੀ ਇੱਕ ਟੋਕਰੀ ਦੀ ਪੇਸ਼ਕਸ਼ ਕੀਤੀ, ਜੋ ਹਿਮਾਚਲ ਦੇ ਮੁੱਖ ਮੰਤਰੀ ਲਈ ਸੀ।

ਮੁੱਖ ਮੰਤਰੀ ਨੇ ਤੁਰੰਤ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਸੇਬ ਖਾਧੇ ਅਤੇ ਜਲਦੀ ਹੀ ਮੁੱਖ ਮੰਤਰੀ ਨੇ ਇਸ ਸੇਬ ਦੀ ਕਿਸਮ ਨੂੰ ਹਰਿਮਨ ਨਾਮ ਦਿੱਤਾ। ਬਾਗਬਾਨੀ ਯੂਨੀਵਰਸਿਟੀ ਅਤੇ ਵਿਭਾਗ ਦੇ ਕਈ ਮਾਹਿਰ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬਾਗ ਵਿੱਚ ਆਏ ਅਤੇ ਅਸਲ ਵਿੱਚ ਉਨ੍ਹਾਂ ਦਾ ਕੰਮ ਦੇਖ ‘ਤੇ ਹੈਰਾਨ ਅਤੇ ਸੰਤੁਸ਼ਟ ਹੋਏ।

ਉਨ੍ਹਾਂ ਨੇ ਇੱਕ ਹੀ ਕਿਸਮ ਦੇ ਸੇਬ ਦੇ 8 ਪੌਦੇ ਵਿਕਸਿਤ ਕੀਤੇ, ਜੋ ਕਿ ਬਾਗ ਵਿੱਚ ਅੰਬ ਦੇ ਪੌਦਿਆਂ ਨਾਲ ਵੱਧ ਰਹੇ ਹਨ ਅਤੇ ਹੁਣ ਤੱਕ ਚੰਗੀ ਪੈਦਾਵਾਰ ਦੇ ਰਹੇ ਹਨ। ਹਰਿਮਨ ਜੀ ਦੁਆਰਾ ਵਿਕਸਿਤ ਕੀਤੀ ਗਈ ਕਿਸਮ ਦਾ ਨਾਮ ਉਨ੍ਹਾਂ ਦੇ ਹੀ ਨਾਮ ‘ਤੇ HRMN-99 ਰੱਖਿਆ ਗਿਆ। ਉਨ੍ਹਾਂ ਨੇ ਦੇਸ਼ ਭਰ ਵਿੱਚ ਕਿਸਾਨਾਂ, ਮਾਲੀਆਂ, ਉੱਦਮੀਆਂ ਅਤੇ ਸਰਕਾਰੀ ਸੰਗਠਨਾਂ ਨੂੰ 3 ਲੱਖ ਤੋਂ ਵੱਧ ਪੌਦੇ ਵਿਕਸਿਤ ਕੀਤੇ ਅਤੇ ਵੰਡੇ। HRMN-99 ਕਿਸਮ ਦੇ 55 ਸੇਬ ਦੇ ਪੌਦੇ ਰਾਸ਼ਟਰਪਤੀ ਭਵਨ ਵਿੱਚ ਲਾਏ ਗਏ। ਉਨ੍ਹਾਂ ਨੇ ਅੰਬ, ਲੀਚੀ, ਅਨਾਰ, ਕਾੱਫੀ ਅਤੇ ਆੜੂ ਵਰਗੇ ਫਲਾਂ ਦੇ ਵੀ ਬਾਗ ਬਣਾਏ।

ਹਰਿਮਨ ਸ਼ਰਮਾ ਦੁਆਰਾ ਵਿਕਸਿਤ ਸੇਬ ਦੀ ਕਿਸਮ ਨੂੰ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਉਪ-ਊਸ਼ਣ ਕਟਿਬੰਧੀ ਮੈਦਾਨਾਂ ਵਿੱਚ ਫੁੱਲਾਂ ਅਤੇ ਫਲਾਂ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਦੀ ਉਪਲੱਬਧੀ ਬਾਗਬਾਨੀ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ, ਅੱਜ ਸਮਾਜ ਵਿੱਚ ਹਰਿਮਨ ਸ਼ਰਮਾ ਦਾ ਯੋਗਦਾਨ ਕੇਵਲ ਮਹਾਨ ਹੀ ਨਹੀਂ ਸਗੋਂ ਦੂਸਰੇ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਵੀ ਹੈ।

ਅੱਜ ਹਰਿਮਨ ਐੱਪਲ ਨੂੰ ਭਾਰਤ ਦੇ ਲਗਭਗ ਹਰੇਕ ਰਾਜ ਵਿੱਚ ਉਗਾਇਆ ਅਤੇ ਸੰਭਾਲਿਆ ਜਾਂਦਾ ਹੈ। ਉਨ੍ਹਾਂ ਦੀ ਸਖ਼ਤ-ਮਿਹਨਤ ਨੇ ਸਾਬਿਤ ਕਰ ਦਿੱਤਾ ਕਿ ਗਰਮ ਜਲਵਾਯੂ ਨਾਲ ਬਹੁਤ ਘੱਟ ਪਹਾੜੀਆਂ ‘ਤੇ ਸੇਬ ਨੂੰ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ। ਸ਼੍ਰੀ ਸ਼ਰਮਾ ਜੀ ਆਪਣੀਆਂ ਬਿਹਤਰ ਤਕਨੀਕਾਂ ਨੂੰ ਆਪਣੇ ਕਿਸਾਨ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਨ ਅਤੇ ਫੈਲਾ ਰਹੇ ਹਨ।

ਖੇਤੀ ਦੇ ਖੇਤਰ ਵਿੱਚ ਹਰਿਮਨ ਸ਼ਰਮਾ ਜੀ ਨੂੰ ਉਨ੍ਹਾਂ ਦੇ ਕੰਮ ਲਈ ਕਾਫੀ ਪ੍ਰਸੰਸਾ ਅਤੇ ਕਈ ਪੁਰਸਕਾਰ ਵੀ ਮਿਲੇ। ਇਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:

• ਭਾਰਤੀ ਖੇਤੀ ਰਿਸਰਚ ਸੰਸਥਾਨ, ਦਿੱਲੀ ਵਿੱਚ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

• ਰਾਸ਼ਟਰਪਤੀ ਭਵਨ ਵਿੱਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਪ੍ਰੋਗਰਾਮ ਵਿੱਚ ਆਪਣੀ ਨਵੀਂ ਖੋਜ ਲਈ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।

• 2010 ਦੇ ਸਭ ਤੋਂ ਚੰਗੇ ਹਿਮਾਚਲੀ ਕਿਸਾਨ ਦੀ ਪਦਵੀ ਨਾਲ ਸਨਮਾਨਿਤ ਕੀਤਾ।

• 15 ਅਗਸਤ 2009 ਵਿੱਚ ਪ੍ਰੇਰਣਾਸ੍ਰੋਤ ਸਨਮਾਨ ਪੁਰਸਕਾਰ।

• 15 ਅਗਸਤ 2008 ਵਿੱਚ ਰਾਜ ਪੱਧਰੀ ਸਭ ਤੋਂ ਵਧੀਆ ਕਿਸਾਨ ਪੁਰਸਕਾਰ।

• ਊਨਾ(2011 ਵਿੱਚ) ਸੇਬ ਦਾ ਸਫ਼ਲਤਾਪੂਰਵਕ ਉਤਪਾਦਨ ਪੁਰਸਕਾਰ।

• 19 ਜਨਵਰੀ 2017 ਨੂੰ ਕ੍ਰਿਸ਼ੀ ਪੰਡਿਤ ਪੁਰਸਕਾਰ।

• ਇੱਫਕੋ ਦੀ ਜਯੰਤੀ ਦੇ ਸ਼ੁੱਭ ਮੌਕੇ ‘ਤੇ 29 ਅਪ੍ਰੈਲ 2017 ਨੂੰ ਪ੍ਰਸਿੱਧ ਕਿਸਾਨ ਪੁਰਸਕਾਰ।

• ਪੂਸਾ ਭਵਨ ਦਿੱਲੀ ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਦੁਆਰਾ 17 ਮਾਰਚ 2010 ਵਿੱਚ IARI Fellow ਐਵਾਰਡ।

• 21 ਮਾਰਚ 2016 ਵਿੱਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਭਾਰਤ ਸਰਕਾਰ – ਰਾਧਾ ਮੋਹਨ ਸਿੰਘ ਦੁਆਰਾ ਰਾਸ਼ਟਰੀ ਇਨੋਵੇਟਿਵ ਕਿਸਾਨ ਸਨਮਾਨ।

• ਸੇਬ ਉਤਪਾਦਨ ਲਈ 3 ਫਰਵਰੀ 2016 ਨੂੰ ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੁਆਰਾ ਸਨਮਾਨ।

• ਭਾਰਤੀ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ 4 ਮਾਰਚ 2017 ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਦੂਜਾ ਪੁਰਸਕਾਰ।

• ਬੀਕਾਨੇਰ ਵਿਖੇ 9 ਮਾਰਚ 2017 ਨੂੰ ਰਾਜਸਥਾਨ ਯੂਨੀਵਰਸਿਟੀ ਆੱਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਦੁਆਰਾ ਵਿਗਿਆਨਕ ਕਿਸਾਨ ਦਾ ਖਿਤਾਬ

ਕਿਸਾਨਾਂ ਲਈ ਸੰਦੇਸ਼
ਕਰਮ ਕਰਨਾ ਮਨੁੱਖ ਦਾ ਅਧਿਕਾਰ ਹੈ, ਫਲ ਪ੍ਰਾਪਤ ਕਰਨ ਲਈ ਕਰਮ ਨਹੀਂ ਕੀਤਾ ਜਾਂਦਾ। ਇੱਕ ਖੇਤ ਵਿੱਚ ਕਿਸਾਨ ਦਾ ਕੰਮ ਬੀਜ ਬੀਜਣਾ ਹੁੰਦਾ ਹੈ, ਪਰ ਅਨਾਜ ਦਾ ਵੱਧਣਾ ਕਿਸਾਨ ਦੇ ਹੱਥ ‘ਚ ਨਹੀਂ ਹੈ। ਕਿਸਾਨ ਨੂੰ ਆਪਣਾ ਕੰਮ ਕਦੇ ਵੀ ਅਧੂਰਾ ਨਹੀਂ ਛੱਡਣਾ ਚਾਹੀਦਾ ਅਤੇ ਪੂਰੇ ਯਤਨ ਕਰਨੇ ਚਾਹੀਦੇ ਹਨ। ਮੈਂ ਉਸ ਸੇਬ ਦੇ ਪੁੰਗਰਾਅ ਨੂੰ ਵਿਕਸਿਤ ਕਰਨ ਅਤੇ ਉਸ ਤੋਂ ਕੁੱਝ ਨਵਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਮੈਂ ਇੱਥੇ ਹਾਂ ਅਤੇ ਇਹੀ ਕਾਰਨ ਹੈ ਕਿ ਸੇਬ ਦੀ ਕਿਸਮ ਦਾ ਨਾਮ ਮੇਰੇ ਨਾਮ ‘ਤੇ ਹੈ। ਹਰ ਕਿਸਾਨ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ।”

ਗੁਰਜਤਿੰਦਰ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਮਜਬੂਰੀ ਵਿਚ ਮੱਛੀ ਪਾਲਣ ਸ਼ੁਰੂ ਕੀਤਾ, ਪਰ ਅੱਜ ਉਹ ਦੂਜੇ ਕਿਸਾਨਾਂ ਲਈ ਇਕ ਮਿਸਾਲ ਬਣ ਚੁਕਿਆ ਹੈ

ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜੋ ਜ਼ਮੀਨ ਪਿਛਲੇ 100 ਸਾਲਾਂ ਤੋਂ ਖਾਲੀ ਪਈ ਸੀ, ਉਹ ਅੱਜ ਉਪਜਾਊ ਅਤੇ ਉਪਯੋਗੀ ਹੋਵੇਗੀ। ਉਹ ਜ਼ਮੀਨ 100 ਸਾਲਾਂ ਤੱਕ ਖਾਲੀ ਰਹਿਣ ਪਿੱਛੇ ਇੱਕੋ ਕਾਰਨ ਸੀ ਕਿ ਉੱਥੇ ਕਿਸੇ ਨੇ ਵੀ ਕੁੱਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉੱਥੇ ਸਾਲ ਦੇ 11 ਮਹੀਨੇ ਪਾਣੀ ਖੜ੍ਹਾ ਰਹਿੰਦਾ ਸੀ। ਪਰ ਹਰ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਲ ਨਵੀਂ ਸੋਚ ਆਉਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਆਲੇ-ਦੁਆਲੇ ਅਤੇ ਵਾਤਾਵਰਨ ਵਿੱਚ ਥੋੜ੍ਹਾ ਬਦਲਾਓ ਕਰਨ ਲਈ ਇੱਕ ਵੱਡੀ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਹ ਕੋਸ਼ਿਸ਼ ਸਿਰਫ਼ ਮਜ਼ਬੂਤ ਇੱਛਾ-ਸ਼ਕਤੀ ਅਤੇ ਜੋਸ਼ ਨਾਲ ਵਰਤੋਂ ‘ਚ ਆ ਸਕਦੀ ਹੈ ਅਤੇ ਇਸ ਤਰ੍ਹਾਂ ਇੱਕ ਅਲੱਗ ਨਜ਼ਰੀਏ, ਬੁੱਧੀ ਅਤੇ ਉਤਸ਼ਾਹ ਦੇ ਨਾਲ ਆਪਣੀ ਮਾਤ-ਭੂਮੀ ਅਤੇ ਆਪਣੇ ਭਾਈਚਾਰੇ ਲਈ ਕੁੱਝ ਕਰਨ ਲਈ ਗੁਰਜਤਿੰਦਰ ਸਿੰਘ ਵਿਰਕ ਅੱਗੇ ਆਏ।

ਉਨ੍ਹਾਂ ਨੇ ਜਮਾਓ ਵਾਲੀ ਜ਼ਮੀਨ ‘ਤੇ ਮੱਛੀ-ਪਾਲਣ ਦਾ ਕੰਮ ਸ਼ੁਰੂ ਕੀਤਾ। ਇਹ ਜ਼ਮੀਨ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ, ਇਸ ਲਈ ਉਨ੍ਹਾਂ ਨੇ ਗੁਰਦਾਸਪੁਰ ਦਾ ਦੌਰਾ ਕੀਤਾ ਅਤੇ ਉੱਥੋਂ 5 ਦਿਨ ਦੀ ਟ੍ਰੇਨਿੰਗ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਅੱਜ ਤੋਂ ਲਗਭੱਗ 30 ਸਾਲ ਪਹਿਲਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਕਾਰਜ ਨੂੰ 5 ਏਕੜ ਤੋਂ 30 ਏਕੜ ਤੱਕ ਵਧਾ ਚੁੱਕੇ ਹਨ। ਮੱਛੀ ਪਾਲਣ ਦੇ ਇਸ ਕਾਰਜ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਇਸ ਕ੍ਰਾਂਤੀਕਾਰੀ ਪਹਿਲ ਨੇ ਕਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਆਖਿਰ ਇਸ ਨਾਲ ਕਈ ਅਨੁਕੂਲ ਪ੍ਰਭਾਵ ਦਿਖੇ, ਜਿਨ੍ਹਾਂ ਨੇ ਇੱਕ ਬੰਜਰ ਜ਼ਮੀਨ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਵਿਕਸਿਤ ਕੀਤਾ। ਉਸੇ ਖੇਤਰ ਵਿੱਚ ਅੱਜ ਲਗਭੱਗ 300-400 ਏਕੜ ਬੰਜਰ ਭੂਮੀ ਨੂੰ ਮੱਛੀ-ਪਾਲਣ ਲਈ ਵਰਤਿਆ ਜਾਂਦਾ ਹੈ।

ਇਹ ਸਭ ਕਾਫੀ ਸਾਲ ਪਹਿਲਾਂ ਇੱਕ ਬੰਜਰ ਜ਼ਮੀਨ ਅਤੇ ਇੱਕ ਇਨਸਾਨ ਦੀ ਮਿਹਨਤ ਦੁਆਰਾ ਸ਼ੁਰੂ ਹੋਇਆ ਅਤੇ ਅੱਜ ਇਸ ਤੋਂ ਕਾਫੀ ਲੋਕ ਪ੍ਰੇਰਿਤ ਹੋਏ ਹਨ। ਆਖਿਰ ਇਹ ਛੋਟੀ ਪਹਿਲ ਕਿਸਾਨਾਂ ਅਤੇ ਕਈ ਹੋਰ ਇਲਾਕਿਆਂ ਦੇ ਰੁਜ਼ਗਾਰ ਨੂੰ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ। ਹੁਣ ਉਸ ਖੇਤਰ ਵਿੱਚ ਜੋਸ਼ੀਲੇ ਮੱਛੀ-ਪਾਲਕ ਕਿਸਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਖੇਤਰ ਦਾ ਆਰਥਿਕ ਵਿਕਾਸ ਹੋ ਰਿਹਾ ਹੈ, ਜੋ ਰਾਜ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਜੋੜ ਰਿਹਾ ਹੈ।

ਹੁਣ ਸ. ਵਿਰਕ ਜੀ ਦੀ ਖੇਤੀ ਦੀਆਂ ਵਿਧੀਆਂ ਅਤੇ ਆਰਥਿਕ ਤਰੱਕੀ ਦੀ ਗੱਲ ਕਰਦੇ ਹਾਂ। ਸ. ਗੁਰਜਤਿੰਦਰ ਸਿੰਘ ਵਿਰਕ ਜੀ ਦੇ ਫਾਰਮ ‘ਤੇ ਆਮ ਕਾਰਪ ਮੱਛੀਆਂ, ਜਿਵੇਂ ਕਿ ਕਤਲਾ ਅਤੇ ਰੋਹੂ ਦੀਆਂ ਕਿਸਮਾਂ ਆਦਿ। ਇੱਕ ਏਕੜ ਤਲਾਬ ਲਈ 2000 ਛੋਟੀਆਂ ਮੱਛੀਆਂ ਦੀ ਲੋੜ ਹੁੰਦੀ ਹੈ, ਇਸ ਲਈ ਉਹ 2000 ਛੋਟੀਆਂ ਮੱਛੀਆਂ ਪਾਣੀ ਵਿੱਚ ਛੱਡਦੇ ਹਨ। ਮੱਛੀਆਂ ਦਾ ਵਿਕਾਸ ਪਾਣੀ ਦੀ ਕੁਆਲਿਟੀ, ਅਹਾਰ ਦੀ ਕੁਆਲਿਟੀ ਅਤੇ ਪਾਣੀ ਵਿੱਚ ਮੌਜੂਦ ਮੱਛੀ ਖਾਣ ਵਾਲੇ ਜੰਤੂਆਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਉਹ ਤਲਾਬ ਵਿੱਚ ਮੱਛੀਆਂ ਦੀਆਂ ਦੋ ਕਿਸਮਾਂ ਹੀ ਪਾਉਂਦੇ ਹਨ ਅਤੇ ਉਨ੍ਹਾਂ ਦੀ ਚੰਗੀ ਪੈਦਾਵਾਰ ਲਈ ਉਚਿੱਤ ਹਾਲਾਤ ਬਣਾ ਕੇ ਰੱਖਦੇ ਹਨ। ਉਹ ਮੱਛੀਆਂ ਨੂੰ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ, ਜਦਕਿ ਬਜ਼ਾਰ ਵਿੱਚ ਉਹੀ ਮੱਛੀ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ ਅਤੇ ਘੱਟ ਕੀਮਤਾਂ ‘ਤੇ ਮੱਛੀਆਂ ਵੇਚਣ ਦੇ ਬਾਵਜੂਦ ਵੀ ਉਹ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਲਾਭ ਪ੍ਰਾਪਤ ਕਰ ਰਹੇ ਹਨ।

ਸ. ਵਿਰਕ ਨੇ ਵਾਤਾਵਰਨ ਦੀ ਸੁਰੱਖਿਆ ਲਈ ਕਾਫੀ ਕਦਮ ਚੁੱਕੇ ਹਨ, ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕੰਮ ਇਹ ਹੈ ਕਿ ਉਨ੍ਹਾਂ ਆਪਣੇ ਛੋਟੀ ਜਿਹੀ ਸਬਜ਼ੀਆਂ ਵਾਲੀ ਬਗ਼ੀਚੀ ਦੀ ਸਿੰਚਾਈ ਅਤੇ ਤਲਾਬ ਵਿੱਚ ਪਾਣੀ ਭਰਨ ਲਈ ਸੂਰਜੀ ਪੰਪਾਂ ਦੀ ਵਰਤੋਂ ਕਰਕੇ ਕਾਰਬਨ ਨੂੰ ਘੱਟ ਕੀਤਾ ਹੈ। ਸ. ਵਿਰਕ ਦੁਆਰਾ ਕੀਤੇ ਗਏ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕਈ ਇਨਾਮ ਅਤੇ ਉਪਲੱਬਧੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ:

ਉਨ੍ਹਾਂ ਨੇ Agriculture Technology Management ਲਈ ਜ਼ਿਲ੍ਹਾ ਪੱਧਰੀ ਇਨਾਮ ਪ੍ਰਾਪਤ ਕੀਤਾ ਅਤੇ ਸਰਵੋਤਮ ਖੇਤੀ ਅਭਿਆਸ ਲਈ ਉਨ੍ਹਾਂ ਨੂੰ Roopnagar Administration ਦੁਆਰਾ ਪ੍ਰਸੰਸਾ ਪੱਤਰ ਮਿਲਿਆ ਹੈ। ਉਨ੍ਹਾਂ ਨੂੰ ਇਸ ਖੇਤਰ ਦਾ ਵਿਕਾਸ ਕਰਨ ਲਈ Zee Networks ਦੁਆਰਾ ਸਨਮਾਨਿਤ ਵੀ ਕੀਤਾ ਗਿਆ। 2011 ਵਿੱਚ ਉਨ੍ਹਾਂ ਨੂੰ Best Citizen India Award ਨਾਲ ਨਿਵਾਜਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ Bharat Jyoti Award ਅਤੇ Fish Farmer Award ਵੀ ਮਿਲਿਆ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਉਨ੍ਹਾਂ ਨੂੰ ਕਈ ਮੰਨੀਆਂ-ਪ੍ਰਮੰਨੀਆਂ ਕਮੇਟੀਆਂ ਅਤੇ ਸੰਸਥਾਵਾਂ ਦੀ ਮੈਂਬਰਸ਼ਿਪ ਮਿਲੀ ਹੈ। ਅੱਜ ਉਹ Advisory Committee (ATMA) ਅਤੇ Board of Management at GADVASU ਦੇ ਮੈਂਬਰ ਹਨ। ਉਹ ਕਿਸਾਨ ਵਿਕਾਸ ਚੈਂਬਰ ਦੀ 11 ਮੈਂਬਰੀ ਸੂਚੀ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤੀ ਮੁੱਖ ਉਦਯੋਗ ਸੰਘ ਨੂੰ ਸਥਾਪਿਤ ਕੀਤਾ, ਜਿਵੇਂ ਕਿ CII, FICCI ਅਤੇ ASSOCHAM ਅਤੇ ਇਸ ਸੰਘ ਦਾ ਕੰਮ ਰਾਜ ਦੀ ਵਿਗੜਦੀ ਖੇਤੀ ਅਰਥ-ਵਿਵਸਥਾ ਨੂੰ ਅੱਪਗ੍ਰੇਡ ਕਰਨਾ ਅਤੇ ਖੇਤੀ ਨਾਲ ਸੰਬੰਧਿਤ ਤਕਨੀਕਾਂ ਦੀ ਵਰਤੋਂ ਕਰਨਾ, ਜੋ ਕਿ ਕਿਸਾਨ ਪਹਿਲਾਂ ਤੋਂ ਹੀ ਵਰਤ ਰਹੇ ਸਨ। ਉਹ ਰੂਪਨਗਰ ਅਤੇ ਮੋਹਾਲੀ ਜ਼ਿਲ੍ਹੇ ਲਈ NABARD ਦੇ ਤਹਿਤ ਪਿੰਡ ਦੀ Cooperative Society ਦੇ Ex- grame warden (ਵਣ-ਵਿਭਾਗ) ਹਨ।

ਸ. ਵਿਰਕ ਦੁਆਰਾ ਲਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ ਕਿ ਪੰਜਾਬ ਦੇ ਪੂਰਵ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੇਖੇ ਗਏ ਚੀਨ ਵਿਚਲੇ ਮੱਛੀ-ਪਾਲਣ ਦੇ ਢੰਗਾਂ ਬਾਰੇ ਜਾਣਨਾ ਅਤੇ ਮੱਛੀ-ਪਾਲਣ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣਾ।

ਅੱਜ ਉਹ ਜੋ ਕੁੱਝ ਵੀ ਹਨ, ਉਸਦੇ ਪਿੱਛੇ ਉਨ੍ਹਾਂ ਦੀ ਪ੍ਰੇਰਣਾ ਅਤੇ ਸਾਥੀ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਿਰਕ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਫਾਰਮ ਦੇ ਸਾਰੇ ਲੇਖੇ-ਜੋਖੇ ਦਾ ਹਿਸਾਬ ਰੱਖਦੇ ਹਨ। ਵਿਹਲੇ ਸਮੇਂ ਵਿੱਚ ਉਹ ਆਪਣੇ ਖੇਤ ਵਿੱਚ ਉਗਾਏ ਫਲਾਂ ਨੂੰ ਵੇਚਣ ਦੇ ਉਦੇਸ਼ ਨਾਲ ਆਚਾਰ ਅਤੇ ਕੈਂਡੀ ਬਣਾਉਣਾ ਪਸੰਦ ਕਰਦੇ ਹਨ। ਗੁਰਜਤਿੰਦਰ ਸਿੰਘ ਵਿਰਕ ਆਪਣੀ ਪਤਨੀ ਅਤੇ ਕੇਵਲ ਦੋ ਮਜ਼ਦੂਰਾਂ ਦੀ ਸਹਾਇਤਾ ਨਾਲ ਹੀ ਫਾਰਮ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਭਵਿੱਖ ਵਿੱਚ ਉਹ ਆਪਣੇ ਫਾਰਮ ਨੂੰ ਟੂਰਿਸਟ ਜਾਂ ਸੈਲਾਨੀਆਂ ਦੇ ਘੁੰਮਣ ਦੀ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਦੀਆਂ ਇਨ੍ਹਾਂ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਨੇ ਹਰਿਆਲੀ ਨਾਲ ਭਰੀ ਇੱਕ ਸੁੰਦਰ ਜਗ੍ਹਾ ਬਣਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਨੇ ਤਲਾਬ ਦੇ ਵਿਚਕਾਰ ਆਪਣਾ ਘਰ ਬਣਾਇਆ ਹੈ ਅਤੇ ਘਰ ਦੇ ਕੋਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਏ ਹਨ। ਉਹ ਆੜੂ, ਬਦਾਮ, ਕਿੰਨੂ, ਮੈਂਡਰਿਨ, ਅੰਬ, ਅਨਾਰ, ਸੇਬ, ਅਨਾਨਾਸ ਅਤੇ 17 ਤੋਂ ਵੱਧ ਸਬਜ਼ੀਆਂ ਅਤੇ ਦਾਲਾਂ ਉਗਾ ਰਹੇ ਹਨ। ਉਨ੍ਹਾਂ ਨੇ ਆਪਣੇ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਬਾਜ, ਕਿੰਗਫਿਸ਼ਰ, ਫੋਰਕ ਟੇਲ, ਹੰਸ, ਤੋਤੇ ਅਤੇ ਮੋਰ ਦੀਆਂ ਕਈ ਦੁਰਲਭ ਅਤੇ ਆਮ ਪ੍ਰਜਾਤੀਆਂ ਨੂੰ ਉਨ੍ਹਾਂ ਦੇ ਫਾਰਮ ‘ਤੇ ਚਹਿਚਹਾਉਂਦੇ ਹੋਏ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਸੰਖੇਪ ਵਿੱਚ ਉਨ੍ਹਾਂ ਨੇ ਆਪਣੀ ਮਾਤ-ਭੂਮੀ ‘ਤੇ ਕੀਤੇ ਵਿਕਾਸ ਕਾਰਜਾਂ ਦੁਆਰਾ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਵਿਭਿੰਨਤਾ ਲਿਆਂਦੀ ਹੈ।

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”