ਜਾਣੋ ਇਸ ਜੁਗਾੜੀ ਕਿਸਾਨ ਦੇ ਜੁਗਾੜ ਕਿਵੇਂ ਖੇਤੀ ਵਿੱਚ ਲਾਹੇਵੰਦ ਸਾਬਿਤ ਹੋਏ
ਕਿਹਾ ਜਾਂਦਾ ਹੈ ਕਿ ਅਕਸਰ ਜ਼ਰੂਰਤਾਂ ਅਤੇ ਮਜ਼ਬੂਰੀਆਂ ਹੀ ਇਨਸਾਨ ਨੂੰ ਨਵੀਆਂ ਕਾਢਾਂ ਕਰਨ ਵੱਲ ਲੈ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਨਵੀਆਂ ਖੋਜਾਂ ਸੰਭਵ ਹੁੰਦੀਆਂ ਹਨ।
ਅਜਿਹੇ ਹੀ ਇੱਕ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀਆਂ ਮਜ਼ਬੂਰੀਆਂ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਨਵੇਂ-ਨਵੇਂ ਜੁਗਾੜ ਲਾ ਕੇ ਕਾਢਾਂ ਕੀਤੀਆਂ ਅਤੇ ਉਨ੍ਹਾਂ ਦਾ ਨਾਮ ਹੈ- ਅਮਰੀਕ ਸਿੰਘ ਢਿੱਲੋਂ।
ਅਮਰੀਕ ਸਿੰਘ ਢਿੱਲੋਂ ਜੀ ਪਿੰਡ ਗਿਆਨਾ, ਤਹਿਸੀਲ ਤਲਵੰਡੀ ਸਾਬ੍ਹੋ(ਬਠਿੰਡਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਜੀ(ਸ. ਮੋਲਨ ਸਿੰਘ) ਨੂੰ ਖੇਤੀਬਾੜੀ ਦਾ ਧੰਦਾ ਵਿਰਾਸਤ ਵਿੱਚ ਮਿਲਿਆ ਅਤੇ ਉਨ੍ਹਾਂ ਵੱਲ ਦੇਖ ਕੇ ਅਮਰੀਕ ਸਿੰਘ ਜੀ ਵੀ ਖੇਤੀਬਾੜੀ ਵਿੱਚ ਰੁਚੀ ਦਿਖਾਉਣ ਲੱਗੇ। ਉਨ੍ਹਾਂ ਕੋਲ ਕੁੱਲ 14 ਏਕੜ ਜ਼ਮੀਨ ਹੈ, ਜਿਸ ‘ਤੇ ਉਹ ਰਵਾਇਤੀ ਖੇਤੀ ਕਰਦੇ ਹਨ।
ਜਿਵੇਂ ਕਿ ਬਚਪਨ ਤੋਂ ਹੀ ਉਨ੍ਹਾਂ ਦੀ ਦਿਲਚਸਪੀ ਖੇਤੀ ਵਿੱਚ ਜ਼ਿਆਦਾ ਸੀ, ਇਸ ਲਈ ਸੰਨ 2000 ਵਿੱਚ ਉਨ੍ਹਾਂ ਨੇ ਦਸਵੀਂ ਪਾਸ ਕੀਤੀ ਅਤੇ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਵਿੱਚ ਆਪਣੇ ਪਿਤਾ ਦਾ ਸਾਥ ਦੇਣ ਦਾ ਫੈਸਲਾ ਕੀਤਾ। ਨਾਲ ਦੀ ਨਾਲ ਉਹ ਆਪਣੇ ਖਾਲੀ ਸਮੇਂ ਦਾ ਉੱਚਿਤ ਤਰੀਕੇ ਨਾਲ ਲਾਭ ਉਠਾਉਣ ਲਈ ਆਪਣੇ ਦੋਸਤ ਦੀ ਮੋਬਾਈਲ ਰਿਪੇਅਰ ਵਾਲੀ ਦੁਕਾਨ ‘ਤੇ ਕੰਮ ਕਰਨ ਲੱਗੇ। ਪਰ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਾਇਰ ਸੈਕੰਡਰੀ(ਬਾਰ੍ਹਵੀਂ) ਤੱਕ ਦੀ ਪੜ੍ਹਾਈ ਜ਼ਰੂਰੀ ਹੈ, ਕਿਉਂਕਿ ਇਹ ਇੱਕ ਮੁੱਢਲੀ ਸਿੱਖਿਆ ਹੈ, ਜੋ ਸਾਰਿਆਂ ਨੂੰ ਆਪਣੀ ਜ਼ਿੰਦਗੀ ਵਿੱਚ ਹਾਸਿਲ ਕਰਨੀ ਚਾਹੀਦੀ ਹੈ ਅਤੇ ਇਹ ਇਨਸਾਨ ਦਾ ਆਤਮ-ਵਿਸ਼ਵਾਸ ਵੀ ਵਧਾਉਂਦੀ ਹੈ। ਇਸ ਲਈ ਉਨ੍ਹਾਂ ਨੇ ਪ੍ਰਾਈਵੇਟ ਬਾਰ੍ਹਵੀਂ ਪਾਸ ਕੀਤੀ।
ਉਹ ਬਚਪਨ ਤੋਂ ਹੀ ਹਰ ਕੰਮ ਨੂੰ ਕਰਨ ਲਈ ਅਲੱਗ, ਆਸਾਨ ਅਤੇ ਕੁਸ਼ਲ ਤਰੀਕਾ ਲੱਭ ਲੈਂਦੇ ਸਨ, ਜਿਸ ਕਰਕੇ ਉਨ੍ਹਾਂ ਨੂੰ ਪਿੰਡ ਵਿੱਚ ਜੁਗਾੜੀ ਕਹਿ ਕੇ ਬੁਲਾਇਆ ਜਾਂਦਾ ਸੀ। ਇਸੇ ਕਲਾ ਨੂੰ ਉਨ੍ਹਾਂ ਨੇ ਵੱਡੇ ਹੋ ਕੇ ਵੀ ਵਰਤਿਆ ਅਤੇ ਆਪਣੇ ਦੋਸਤ ਨਾਲ ਮਿਲ ਕੇ ਕਿਸਾਨਾਂ ਲਈ ਬਹੁਤ ਸਾਰੇ ਲਾਭਦਾਇਕ ਉਪਕਰਨ ਬਣਾਏ।
ਇਹ ਉਪਕਰਨ ਬਣਾਉਣ ਦਾ ਸਿਲਸਿਲਾ ਉਸ ਵੇਲੇ ਸ਼ੁਰੂ ਹੋਇਆ, ਜਦੋਂ ਇੱਕ ਦਿਨ ਉਹ ਆਪਣੇ ਦੋਸਤ ਨਾਲ ਮੋਬਾਈਲ ਰਿਪੇਅਰ ਵਾਲੀ ਦੁਕਾਨ ‘ਤੇ ਬੈਠੇ ਸਨ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਮੋਟਰਸਾਈਕਲ ਚੋਰੀ ਹੋਣ ਤੋਂ ਬਚਾਉਣ ਲਈ ਕੋਈ ਉਪਕਰਨ ਬਣਾਉਣ ਦਾ ਵਿਚਾਰ ਆਇਆ। ਕੁੱਝ ਹੀ ਦਿਨਾਂ ਵਿੱਚ ਉਨ੍ਹਾਂ ਨੇ ਜੁਗਾੜ ਲਾ ਕੇ ਇੱਕ ਉਪਕਰਨ ਤਿਆਰ ਕੀਤਾ ਜੋ ਨਕਲੀ ਚਾਬੀ ਨਾਲ ਜਾਂ ਲੌਕ ਤੋੜ ਕੇ ਮੋਟਰਸਾਈਕਲ ਚਲਾਉਣ ‘ਤੇ ਮੋਟਰਸਾਈਕਲ ਨੂੰ ਚੱਲਣ ਨਹੀਂ ਦਿੰਦਾ ਅਤੇ ਨਾਲ ਦੀ ਨਾਲ ਫੋਨ ‘ਤੇ ਕਾੱਲ ਵੀ ਕਰਦਾ ਹੈ। ਇਸ ਉਪਕਰਨ ਵਿੱਚ ਸਫ਼ਲ ਹੋਣ ਕਾਰਨ ਉਨ੍ਹਾਂ ਦਾ ਹੌਂਸਲਾ ਹੋਰ ਵੀ ਵੱਧ ਗਿਆ।
ਇਸੇ ਸਿਲਸਿਲੇ ਨੂੰ ਉਨ੍ਹਾਂ ਅੱਗੇ ਵੀ ਜਾਰੀ ਰੱਖਿਆ। ਉਨ੍ਹਾਂ ਨੂੰ ਆਲੇ-ਦੁਆਲੇ ਤੋਂ ਟ੍ਰਾਂਸਫਾਰਮ ਚੋਰੀ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ, ਤਾਂ ਅਚਾਨਕ ਉਨ੍ਹਾਂ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਕਿਉਂ ਨਾ ਮੋਟਰਸਾਈਕਲ ਵਾਂਗ ਟ੍ਰਾਂਸਫਾਰਮ ਨੂੰ ਵੀ ਚੋਰੀ ਹੋਣ ਤੋਂ ਬਚਾਉਣ ਲਈ ਕੋਈ ਉਪਕਰਨ ਬਣਾਇਆ ਜਾਵੇ? ਆਖਿਰ ਇਸ ਉਪਕਰਨ ਦੇ ਜੁਗਾੜ ਵਿੱਚ ਵੀ ਉਹ ਸਫ਼ਲ ਹੋਏ, ਜਿਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ।
ਉਨ੍ਹਾਂ ਦੇ ਇਲਾਕੇ ਵਿੱਚ ਖੇਤਾਂ ਲਈ ਮੋਟਰਾਂ ਦੀ ਬਿਜਲੀ ਬਹੁਤ ਘੱਟ ਆਉਂਦੀ ਹੈ ਅਤੇ ਕਈ ਵਾਰ ਤਾਂ ਬਿਜਲੀ ਦੇ ਆਉਣ ਦਾ ਪਤਾ ਵੀ ਨਹੀਂ ਲੱਗਦਾ। ਇਸ ਸਮੱਸਿਆ ਨੂੰ ਸਮਝਦੇ ਹੋਏ ਉਨ੍ਹਾਂ ਨੇ ਫਿਰ ਤੋਂ ਆਪਣੇ ਜੁਗਾੜੀ ਦਿਮਾਗ ਦੀ ਵਰਤੋਂ ਕੀਤੀ ਅਤੇ ਇੱਕ ਉਪਕਰਨ ਤਿਆਰ ਕੀਤਾ, ਜੋ ਬਿਜਲੀ ਆਉਣ ‘ਤੇ ਫੋਨ ‘ਤੇ ਕਾੱਲ ਕਰਦਾ ਹੈ।
ਉਨ੍ਹਾਂ ਦੁਆਰਾ ਤਿਆਰ ਕੀਤੇ ਉਪਕਰਨਾਂ ਨੂੰ ਕਿਸਾਨ ਬਹੁਤ ਪਸੰਦ ਕਰ ਰਹੇ ਹਨ ਅਤੇ ਇਨ੍ਹਾਂ ਉਪਕਰਨਾਂ ਦਾ ਮੁੱਲ ਆਮ ਲੋਕਾਂ ਦੀ ਪਹੁੰਚ ਵਿੱਚ ਹੋਣ ਕਾਰਨ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਖਰੀਦ ਕੇ ਵਰਤ ਰਹੇ ਹਨ।