ਤਰਨਜੀਤ ਸੰਧੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਇੱਕ ਕਿਸਾਨ ਜਿਨ੍ਹਾਂ ਦੀ ਜ਼ਿੰਦਗੀ ਦੇ 25 ਸਾਲ ਸੰਘਰਸ਼ ਕਰਦਿਆਂ ਗੁਜ਼ਰੇ ਅਤੇ ਬਾਗਬਾਨੀ ਦੇ ਨਾਲ-ਨਾਲ ਹੋਰ ਸਹਾਇਕ ਕਿੱਤਿਆਂ ਵਿੱਚ ਵੀ ਕਾਮਯਾਬ ਹੋ ਕੇ ਦਿਖਾਇਆ- ਤਰਨਜੀਤ ਸੰਧੂ

ਜ਼ਿੰਦਗੀ ਦਾ ਸੰਘਰਸ਼ ਬਹੁਤ ਹੀ ਵਿਸ਼ਾਲ ਹੈ, ਹਰ ਇੱਕ ਮੌੜ ‘ਤੇ ਅਜਿਹੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ਕਿ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਕਿੰਨੇ ਹੀ ਸਾਲ ਬੀਤ ਜਾਂਦੇ ਹਨ, ਪਰ ਪਤਾ ਨਹੀਂ ਚੱਲਦਾ। ਉਹਨਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਮੁਸ਼ਕਿਲਾਂ ਨਾਲ ਡੱਟ ਕੇ ਸਾਹਮਣਾ ਤਾਂ ਕਰਦੇ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਹਾਰਨ ਦਾ ਡਰ ਬੈਠਾ ਹੁੰਦਾ ਹੈ, ਪਰ ਫਿਰ ਵੀ ਹਿੰਮਤ ਕਰਕੇ ਜ਼ਿੰਦਗੀ ਦੀ ਚਾਲ ਨਾਲ ਪਾਣੀ ਦੀ ਤਰ੍ਹਾਂ ਨਿਰੰਤਰ ਚੱਲਦੇ ਜਾਂਦੇ ਹਨ, ਕਿ ਕਦੇ ਨਾ ਕਦੇ ਮਿਹਨਤ ਦੇ ਸਮੁੰਦਰ ਵਿੱਚੋਂ ਉਭਰ ਕੇ ਬੁਲਬੁਲੇ ਬਣ ਕਿਸੇ ਲਈ ਮਿਸਾਲ ਬਣ ਕੇ ਖੜੇ ਤਾਂ ਹੋਵਾਂਗੇ।

ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਲਈ ਅਜਿਹੇ ਹੀ ਇੱਕ ਕਿਸਾਨ ਤਰਨਜੀਤ ਸੰਧੂ, ਪਿੰਡ ਗੰਧੜ, ਜ਼ਿਲ੍ਹਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜੋ ਲਗਾਤਾਰ ਵੱਗ ਰਹੇ ਪਾਣੀ ਦੀ ਤਰ੍ਹਾਂ ਔਕੜਾਂ ਨਾਲ ਲੜਦੇ ਰਹੇ, ਪਰ ਹਿੰਮਤ ਨਹੀਂ ਹਾਰੀ ਅਤੇ ਪੂਰੇ 25 ਸਾਲਾਂ ਬਾਅਦ ਕਾਮਯਾਬ ਹੋਏ ਤੇ ਅੱਜ ਤਰਨਜੀਤ ਸੰਧੂ ਹੋਰ ਕਿਸਾਨਾਂ ਅਤੇ ਲੋਕਾਂ ਨੂੰ ਹਰ ਇੱਕ ਮੁਸ਼ਕਿਲ ਨਾਲ ਲੜਨ ਲਈ ਪ੍ਰੇਰਿਤ ਕਰ ਰਹੇ ਹਨ।

ਸਾਲ 1992 ਦੀ ਗੱਲ ਹੈ ਤਰਨਜੀਤ ਦੀ ਉਮਰ ਜਦੋਂ ਨਿੱਕੀ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ ਉਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਤਰਨਜੀਤ ਨੂੰ ਛੋਟੀ ਉਮਰ ਵਿੱਚ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਮਜ਼ਬੂਰ ਕਰ ਦਿੱਤਾ, ਜੋ ਕਿ ਇੱਕ 17-18 ਸਾਲਾਂ ਦੇ ਬੱਚੇ ਲਈ ਬਹੁਤ ਔਖੀ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਤੋਂ ਬਾਅਦ ਘਰ ਸੰਭਾਲਣ ਵਾਲਾ ਕੋਈ ਨਹੀਂ ਸੀ। ਜਿਸ ਨਾਲ ਤਰਨਜੀਤ ਦੇ ਸਿਰ ਉੱਤੇ ਮੁਸ਼ਕਿਲਾਂ ਦਾ ਹੜ੍ਹ ਆ ਰੁੜ੍ਹਿਆ।

ਵੈਸੇ ਤਾਂ ਤਰਨਜੀਤ ਦੇ ਪਿਤਾ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਕਰਦੇ ਸਨ ਪਰ ਜਦੋਂ ਤਰਨਜੀਤ ਨੂੰ ਥੋੜੀ ਸੋਝੀ ਆਈ ਤਾਂ ਕੁਝ ਅਲਗ ਕਰਨ ਬਾਰੇ ਸੋਚਿਆ ਕਿ ਰਵਾਇਤੀ ਖੇਤੀ ਤੋਂ ਕੁਝ ਹਟ ਕੇ ਕੀਤਾ ਜਾਵੇ ਅਤੇ ਕੁਝ ਵੱਖਰੀ ਪਹਿਚਾਣ ਬਣਾਈ ਜਾਵੇ। ਉਹ ਛੋਟੇ ਹੁੰਦੇ ਸੋਚਦੇ ਸਨ ਕਿ ਅਜਿਹਾ ਕੁੱਝ ਕਰਨਾ ਹੈ ਬੇਸ਼ੱਕ ਜ਼ਿੰਦਗੀ ਪੂਰੀ ਲੱਗ ਜਾਵੇ ਪਰ ਕਰਨਾ ਵੱਖਰਾ ਹੀ ਹੈ।

ਤਰਨਜੀਤ ਕੋਲ ਕੁੱਲ 50 ਏਕੜ ਜ਼ਮੀਨ ਹੈ ਤਾਂ ਸੋਚਿਆ ਕਿ ਅਜਿਹਾ ਜ਼ਮੀਨ ਉੱਤੇ ਕੀ ਉਗਾਵਾਂਗੇ ਕੀ ਜੋ ਵੱਖਰਾ ਹੋਵੇ। ਫਿਰ ਦਿਨ ਰਾਤ ਉਹ ਸੋਚਣ ਲੱਗੇ, ਕਾਫ਼ੀ ਦਿਨ ਸੋਚਣ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਬਾਗ਼ਬਾਨੀ ਵਿੱਚ ਹੀ ਕਾਮਯਾਬੀ ਹਾਸਿਲ ਕੀਤੀ ਜਾਵੇ। ਫਿਰ ਦੇਰੀ ਨਾ ਕਰਦੇ ਤਰਨਜੀਤ ਨੇ ਬੇਰੀ ਦੇ ਪੌਦੇ ਮੰਗਵਾ ਕੇ 16 ਏਕੜ ਦੇ ਵਿੱਚ ਉਸ ਦੀ ਕਾਸ਼ਤ ਕਰ ਦਿੱਤੀ, ਪਰ ਉਸਦੇ ਨਫ਼ੇ ਜਾਂ ਨੁਕਸਾਨ ਬਾਰੇ ਨਹੀਂ ਜਾਣਦੇ ਸਨ, ਬੇਸ਼ਕ ਸੋਝੀ ਤਾਂ ਆ ਗਈ ਸੀ ਪਰ ਜਲਦਬਾਜ਼ੀ ਨੇ ਆਪਣਾ ਅਸਰ ਥੋੜ੍ਹੇ ਸਮੇਂ ਬਾਅਦ ਦਿਖਾ ਦਿੱਤਾ।

ਉਹਨਾਂ ਨੇ ਨਾ ਹੀ ਕੋਈ ਟ੍ਰੇਨਿੰਗ ਲਈ ਸੀ ਨਾ ਹੀ ਕੋਈ ਪੌਦਿਆਂ ਬਾਰੇ ਇੰਨੀ ਜਾਣਕਾਰੀ ਸੀ ਜਿਸ ਤਰ੍ਹਾਂ ਆਏ ਉਸ ਤਰ੍ਹਾਂ ਹੀ ਲਗਾ ਦਿੱਤੇ, ਨਾ ਪਾਣੀ ਦਾ, ਨਾ ਖਾਦ ਦਾ, ਕਿਸੇ ਚੀਜ਼ ਦਾ ਕੁੱਝ ਵੀ ਪਤਾ ਨਹੀਂ ਸੀ। ਜਿਸ ਦਾ ਨੁਕਸਾਨ ਬਾਅਦ ਵਿੱਚ ਉਠਾਉਣਾ ਪਿਆ ਕਿਉਂਕਿ ਵੱਡਾ ਕੋਈ ਸਮਝਾਉਣ ਵਾਲਾ ਨਹੀਂ ਸੀ। ਪਰ ਹਿੰਮਤੀ ਬਹੁਤ ਸੀ ਬੇਸ਼ੱਕ ਨੁਕਸਾਨ ਵੀ ਬਹੁਤ ਹੋਇਆ, ਦੁੱਖ ਵੀ ਬਹੁਤ ਝੱਲੇ ਪਰ ਹਿੰਮਤ ਨਹੀਂ ਹਾਰੀ।

ਬੇਰੀ ਵਿੱਚ ਅਸਫਲਤਾ ਹਾਸਿਲ ਕਰਨ ਤੋਂ ਬਾਅਦ ਫਿਰ ਕਿੰਨੂੰ ਦੇ ਪੌਦੇ ਲਿਆ ਕੇ ਬਾਗ਼ ਵਿੱਚ ਲਗਾ ਦਿੱਤੇ, ਪਰ ਇਸ ਵਾਰ ਉਹਨਾਂ ਨੇ ਹਰ ਇੱਕ ਗੱਲ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਕਿਉਂਕਿ ਜਦੋਂ ਇਨਸਾਨ ਇੱਕ ਵਾਰ ਹਾਰਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਕੁਝ ਸਿੱਖਦਾ ਹੈ, ਜਦੋਂ ਬੂਟਿਆਂ ਨੂੰ ਫਲ ਲੱਗਣੇ ਸ਼ੁਰੂ ਹੋਏ ਤਾਂ ਉਨ੍ਹਾਂ ਦਾ ਚਿਹਰਾ ਖਿੜ ਗਿਆ ਕਿ ਹਾਂ ਅੱਜ ਸਫਲ ਹੋ ਗਿਆ।

ਪਰ ਇਹ ਖੁਸ਼ੀ ਥੋੜੇ ਸਮੇਂ ਲਈ ਸੀ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਸਾਰਾ ਸਹੀ ਚਲ ਰਿਹਾ ਹੈ ਕਿਉਂ ਨਾ ਇੱਕ ਵਾਰ ਵਿੱਚ ਹੀ ਸਾਰੀ ਜਮੀਨ ਨੂੰ ਬਾਗ਼ ਵਿਚ ਤਬਦੀਲ ਕਰ ਦਿੱਤਾ ਜਾਵੇ ਜਿਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੋੜ ਲੈ ਕੇ ਆਉਂਦੇ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਭਰੇ ਸਮੇਂ ਵਿੱਚੋਂ ਲੰਘਣਾ ਪਿਆ।

ਗੱਲ ਇਹ ਸੀ ਕਿ ਉਨ੍ਹਾਂ ਨੇ ਸੋਚਿਆ ਇਸ ਤਰ੍ਹਾਂ ਜੇਕਰ ਇਕੱਲੇ-ਇਕੱਲੇ ਫਲ ਦੇ ਪੌਦੇ ਲਗਾਉਣ ਲੱਗ ਗਿਆ ਤਾਂ ਬਹੁਤ ਸਮਾਂ ਲੱਗ ਜਾਵੇਗਾ। ਫਿਰ ਉਹਨਾਂ ਨੇ ਕੀ ਕੀਤਾ ਇਸ ਤੋਂ ਫਾਇਦਾ ਲੈਣ ਲਈ ਹਰ ਤਰ੍ਹਾਂ ਦੇ ਫਲ ਦੇ ਬੂਟੇ ਜਿਸ ਵਿੱਚ ਅਮਰੂਦ, ਮੌਸਮੀ ਫਲ, ਅਰਲੀ ਗੋਲਡ ਮਾਲਟਾ, ਬੇਰੀ, ਕਾਗਜ਼ੀ ਨਿੰਬੂ, ਜਾਮਣ ਦੇ ਬੂਟੇ ਲਗਾ ਦਿੱਤੇ ਜੋ ਕਿ ਭਰਪੂਰ ਮਾਤਰਾ ਵਿੱਚ ਲਗਾ ਦਿੱਤੇ। ਜਿਸ ਨਾਲ ਇਹ ਹੋਇਆ ਕਿ ਉਹਨਾਂ ਦਾ ਹੱਦ ਤੋਂ ਵੱਧ ਖ਼ਰਚਾ ਹੋਇਆ ਕਿਉਂਕਿ ਬੂਟੇ ਲਗਾ ਤੇ ਲਏ ਸਨ ਪਰ ਉਨ੍ਹਾਂ ਦੀ ਸਾਂਭ-ਸੰਭਾਲ ਵੀ ਉਸ ਤਰੀਕੇ ਨਾਲ ਕਰਨ ਲਈ ਕਾਫੀ ਬੈਂਕ ਤੋਂ ਕਰਜ਼ਾ ਲੈਣਾ ਪਿਆ। ਇੱਕ ਸਮਾਂ ਅਜਿਹਾ ਆਇਆ ਕਿ ਉਹਨਾਂ ਕੋਲ ਖਰਚੇ ਨੂੰ ਵੀ ਪੈਸੇ ਨਹੀਂ ਸਨ। ਉਪਰੋਂ ਬੱਚੇ ਦੀਆਂ ਸਕੂਲ ਦੀਆਂ ਫੀਸਾਂ, ਘਰ ਸੰਭਾਲਣਾ ਉਹਨਾਂ ‘ਤੇ ਹੀ ਸੀ।

ਕੁੱਝ ਸਮਾਂ ਬੀਤਿਆ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਜਦੋਂ ਸਮਾਂ ਆਉਣ ‘ਤੇ ਫ਼ਲ ਲੱਗਣੇ ਸ਼ੁਰੂ ਹੋਏ ਤਾਂ ਉਹਨਾਂ ਦੇ ਮਨ ਨੂੰ ਜ਼ਰੂਰ ਤਸੱਲੀ ਮਿਲੀ ਸੀ ਪਰ ਜਦੋਂ ਉਹਨਾਂ ਨੇ ਆਪਣੇ ਕਿੰਨੂੰ ਦੇ ਬਾਗ ਨੂੰ ਠੇਕੇ ‘ਤੇ ਦੇ ਦਿੱਤਾ ਹੋਇਆ ਸੀ ਤੇ ਬਸ ਇੱਕ ਫਲ ਮਗਰ 2 ਜਾਂ 3 ਰੁਪਏ ਉੱਪਰ ਮਿਲ ਰਹੇ ਸੀ।

16 ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਤਰਨਜੀਤ ਜੀ ਨੂੰ ਆਰਥਿਕ ਪੱਧਰ ‘ਤੇ ਜ਼ਿਆਦਾ ਮੁਨਾਫ਼ਾ ਨਹੀਂ ਹੋ ਰਿਹਾ ਸੀ। ਸਾਲ 2011 ਵਿੱਚ ਜਦੋਂ ਸਮੇਂ ਅਨੁਸਾਰ ਫਲ ਪੱਕ ਰਹੇ ਸਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਇਸ ਵਾਰ ਬਾਗ ਨੂੰ ਠੇਕੇ ‘ਤੇ ਨਾ ਦੇ ਕੇ ਸਗੋਂ ਖੁਦ ਮਾਰਕੀਟ ਵਿੱਚ ਜਾ ਕੇ ਵੇਚ ਕੇ ਆਉਣਾ ਹੈ। ਜਦੋਂ ਉਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮਾਰਕੀਟ ਵਿੱਚ ਵੇਚਣ ਗਏ ਤਾਂ ਉਹਨਾਂ ਨੂੰ ਉਹਨਾਂ ਦੇ ਮੁੱਲ ਤੋਂ ਕਈ ਗੁਣਾ ਮੁਨਾਫ਼ਾ ਹਾਸਿਲ ਹੋਇਆ ਤੇ ਉਹ ਖੁਸ਼ ਹੋ ਗਏ ਕਿ ਚੱਲੋ ਘੱਟੋਂ-ਘੱਟ ਮਿਹਨਤ ਦਾ ਮੁੱਲ ਤਾਂ ਪਇਆ, ਨਹੀਂ ਤਾਂ ਠੇਕੇਦਾਰਾਂ ਤੋਂ ਹੀ ਲੁੱਟ ਹੋ ਰਿਹਾ ਸੀ।

ਤਰਨਜੀਤ ਨੇ ਜਦੋਂ ਇਸ ਤਰੀਕੇ ਨਾਲ ਪਹਿਲੀ ਵਾਰ ਮਾਰਕੀਟਿੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਤਰੀਕਾ ਬਹੁਤ ਹੀ ਵਧੀਆ ਲੱਗਾ, ਇਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਉੱਤੇ ਦਿੱਤੇ ਬਾਗਾਂ ਨੂੰ ਵਾਪਸ ਲੈ ਲਿਆ ਅਤੇ ਖੁਦ ਪੱਕੇ ਤੌਰ ‘ਤੇ ਮਾਰਕੀਟਿੰਗ ਕਰਨ ਦਾ ਫੈਸਲਾ ਕੀਤਾ। ਫਿਰ ਸੋਚਣ ਲੱਗੇ ਕਿ ਮਾਰਕੀਟਿੰਗ ਸੌਖੇ ਤਰੀਕੇ ਨਾਲ ਕਿਵੇਂ ਹੋ ਸਕਦੀ ਹੈ, ਉਨ੍ਹਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿਉਂ ਨਾ ਪੱਕੀ ਗੱਡੀ ਇਸ ਕੰਮ ਲਈ ਹੀ ਰੱਖੀ ਜਾਵੇ ਤੇ ਜਿਸ ਵਿੱਚ ਫ਼ਲ ਰੱਖ ਕੇ ਮਾਰਕੀਟ ਪਹੁੰਚਾਇਆ ਜਾਵੇ। ਇਸ ਤਰ੍ਹਾਂ ਉਹ 2011 ਤੋਂ ਗੱਡੀਆਂ ਵਿੱਚ ਫ਼ਲ ਰੱਖ ਕੇ ਮਾਰਕੀਟ ਵਿੱਚ ਲੈ ਕੇ ਜਾਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਦਿਨ ਪ੍ਰਤੀ ਦਿਨ ਮੁਨਾਫ਼ਾ ਹੋਣ ਲੱਗਾ, ਜਦੋਂ ਉਨ੍ਹਾਂ ਨੂੰ ਲੱਗਾ ਕਿ ਇਸ ਤਰ੍ਹਾਂ ਸਹੀ ਚੱਲ ਰਿਹਾ ਹੈ, ਫਿਰ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਲਈ ਪੱਕੇ ਬੰਦੇ ਰੱਖ ਲਏ, ਜੋ ਫਲਾਂ ਦੀ ਤੁੜਾਈ ਅਤੇ ਮਾਰਕੀਟਿੰਗ ਵਿੱਚ ਪਹੁੰਚਾਉਂਦੇ ਵੀ ਹਨ।

ਜੋ ਫਲਾਂ ਦੀ ਮਾਰਕੀਟਿੰਗ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਈ ਸੀ ਅੱਜ ਉਹ ਚੰਡੀਗੜ੍ਹ, ਲੁਧਿਆਣਾ, ਬੀਕਾਨੇਰ, ਦਿੱਲੀ ਆਦਿ ਵੱਡੇ-ਵੱਡੇ ਸ਼ਹਿਰਾਂ ਵਿੱਚ ਆਪਣਾ ਪ੍ਰਸਾਰ ਕਰ ਚੁੱਕੀ ਹੈ ਜਿਸ ਨਾਲ ਫ਼ਲ ਵਿਕਦੇ ਹੀ ਸਿੱਧੀ ਪੇਮੈਂਟ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਅਤੇ ਅੱਜ ਉਹ ਸਿਰਫ ਬਾਗ਼ ਦੀ ਦੇਖ-ਰੇਖ ਹੀ ਕਰਦੇ ਹਨ ਅਤੇ ਬਸ ਘਰ ਬੈਠੇ ਹੀ ਮੁਨਾਫ਼ਾ ਕਮਾ ਰਹੇ ਹਨ ਜੋ ਕਿ ਉਨ੍ਹਾਂ ਦੇ ਰੋਜ਼ਾਨਾ ਦੀ ਆਮਦਨ ਦਾ ਸਾਧਨ ਬਣ ਚੁੱਕੀ ਹੈ।

ਤਰਨਜੀਤ ਨੇ ਇਕੱਲੀ ਬਾਗਬਾਨੀ ਦੇ ਖੇਤਰ ਵਿੱਚ ਹੀ ਕਾਮਯਾਬੀ ਹਾਸਿਲ ਨਹੀਂ ਕੀਤੀ, ਸਗੋਂ ਨਾਲ-ਨਾਲ ਹੋਰ ਸਹਾਇਕ ਕਿੱਤੇ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ ਵਿੱਚ ਵੀ ਕਾਮਯਾਬ ਹੋਏ ਹਨ ਅਤੇ ਜਿਸ ਦਾ ਹੁਣ ਉਹ ਮੀਟ ਦਾ ਆਚਾਰ ਬਣਾ ਕੇ ਵੀ ਵੇਚ ਰਹੇ ਹਨ। ਇਸ ਤੋਂ ਇਲਾਵਾ ਸਬਜ਼ੀਆਂ ਦੀ ਵੀ ਕਾਸ਼ਤ ਕਰ ਰਹੇ ਹਨ ਜੋ ਕਿ ਆਰਗੈਨਿਕ ਤਰੀਕੇ ਨਾਲ ਕਰ ਰਹੇ ਹਨ। ਉਹਨਾਂ ਦੇ ਫਾਰਮ ‘ਤੇ 30 ਤੋਂ 35 ਬੰਦੇ ਕੰਮ ਕਰਦੇ ਹਨ, ਜੋ ਉਨ੍ਹਾਂ ਦੇ ਪਰਿਵਾਰ ਲਈ ਰੁਜ਼ਗਾਰ ਦਾ ਜ਼ਰੀਆ ਵੀ ਬਣੇ ਹਨ। ਉਸ ਦੇ ਨਾਲ ਉਹ ਟੂਰਿਸਟ ਪੁਆਇੰਟ ਪਲੈਸ ਵੀ ਚਲਾ ਰਹੇ ਹਨ।

ਇਸ ਕੰਮ ਦੇ ਸਦਕਾ ਉਨ੍ਹਾਂ ਨੂੰ PAU, ਕੇ.ਵੀ.ਕੇ. ਅਤੇ ਹੋਰ ਕਈ ਸੰਸਥਾਵਾਂ ਵੱਲੋਂ ਬਹੁਤ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਜੇਕਰ ਅੱਜ ਤਰਨਜੀਤ ਅੱਜ ਕਾਮਯਾਬ ਹੋਏ ਹਨ, ਤਾਂ ਉਸ ਪਿੱਛੇ ਉਹਨਾਂ ਦੇ ਜ਼ਿੰਦਗੀ ਦੇ 25 ਸਾਲ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਗੁਜ਼ਰੇ ਹਨ, ਪਰ ਕੋਈ ਵੀ ਪਲ ਅਜਿਹਾ ਨਹੀਂ ਸੀ ਜਿੱਥੇ ਉਨ੍ਹਾਂ ਨੇ ਇੱਕ ਕਦਮ ਵੀ ਪਿਛਾਂਹ ਪੁੱਟਿਆ ਹੋਵੇ, ਬਸ ਇਸ ਉਮੀਦ ਨਾਲ ਲੜਦੇ ਰਹੇ ਕਿ ਕਦੇ ਨਾ ਕਦੇ ਕਾਮਯਾਬ ਹੋਵਾਂਗੇ।

ਭਵਿੱਖ ਦੀ ਯੋਜਨਾ

ਉਹ ਬਾਗਬਾਨੀ ਦਾ ਦਾਇਰਾ ਪੂਰੀ ਜ਼ਮੀਨ ਵਿੱਚ ਫੈਲਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਜਿੱਥੇ ਹੁਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਫ਼ਲ ਵਿਕ ਰਿਹਾ ਹੈ, ਉਹ ਭਾਰਤ ਦੇ ਕੋਨੇ-ਕੋਨੇ ਤੱਕ ਉਨ੍ਹਾਂ ਦੇ ਫ਼ਲ ਦੀ ਪਹੁੰਚ ਹੋਵੇ।

ਸੰਦੇਸ਼

ਜੇਕਰ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਉਹ ਚੰਗਾ ਕਰਨ ਲਈ ਆਉਂਦੀਆਂ ਹਨ, ਖੇਤੀ ਵਿੱਚ ਇਕੱਲੀ ਰਵਾਇਤੀ ਖੇਤੀ ਨਹੀਂ ਹੈ, ਇਸ ਤੋਂ ਵੀ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਸਹਾਇਕ ਕਿੱਤੇ ਹਨ ਤੁਸੀਂ ਉਹ ਕਰਕੇ ਕਾਮਯਾਬ ਹੋ ਸਕਦੇ ਹੋ।

ਅੰਗਰੇਜ ਸਿੰਘ ਭੁੱਲਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਦੀ ਵਿਗੜਦੀ ਸਿਹਤ ਨੇ ਉਨ੍ਹਾਂ ਨੂੰ ਆਪਣੀ ਗਲਤੀ ਸੁਧਾਰਨ ਅਤੇ ਜੈਵਿਕ ਖੇਤੀ ਨੂੰ ਅਪਣਾਉਣ ਦੇ ਲਈ ਪ੍ਰੇਰਿਤ ਕੀਤਾ

ਗਿੱਦੜਬਾਹਾ ਦੇ ਇਸ 53 ਸਾਲ ਦੇ ਕਿਸਾਨ- ਅੰਗਰੇਜ ਸਿੰਘ ਭੁੱਲਰ ਨੇ ਆਪਣੀਆਂ ਗਲਤੀਆਂ ਨੂੰ ਸਮਝਿਆ ਕਿ ਉਸ ਨੇ ਕਿਹੜੀਆਂ ਗ਼ਲਤੀਆਂ ਕੀਤੀਆਂ ਹਨ ਅਤੇ ਇਹ ਗਲਤੀਆਂ ਉਸ ਦੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਰਹੀਆਂ ਹਨ। ਫਿਰ ਉਸ ਨੇ ਆਪਣੇ ਜੀਵਨ ਦਾ ਬੁੱਧੀਮਾਨੀ ਵਾਲਾ ਫੈਸਲਾ ਕੀਤਾ।

4 ਸਾਲ ਦੀ ਉਮਰ ਦੇ ਨੌਜਵਾਨ ਅੰਗਰੇਜ ਸਿੰਘ ਭੁੱਲਰ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰ ਦੀ ਹਾਲਤ ਦਿਨ ਪ੍ਰਤੀਦਿਨ ਵਿਗੜ ਰਹੀ ਸੀ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਸੀ, ਉਨ੍ਹਾਂ ਨੂੰ ਪੈਸੇ ਵੀ ਰਿਸ਼ਤੇਦਾਰਾਂ ਨੂੰ ਜ਼ਮੀਨ ਕਿਰਾਏ ‘ਤੇ ਦੇ ਕੇ ਮਿਲ ਰਹੇ ਸਨ। ਪਰਿਵਾਰ ਵਿੱਚ ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਸਨ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਉਨ੍ਹਾਂ ਦੀ ਮਾਤਾ ਲਈ ਦਿਨ ਪ੍ਰਤੀ ਦਿਨ ਮੁਸ਼ਕਿਲ ਹੋ ਰਿਹਾ ਸੀ। ਵਿਗੜਦੀਆਂ ਵਿੱਤੀ ਹਾਲਤਾਂ ਦੇ ਕਾਰਨ, ਅੰਗਰੇਜ ਸਿੰਘ ਨੂੰ 9ਵੀਂ ਜਮਾਤ ਤੱਕ ਵਿੱਦਿਅਕ ਯੋਗਤਾ ਪ੍ਰਾਪਤ ਹੋਈ ਅਤੇ ਉਨ੍ਹਾਂ ਦੀਆਂ ਭੈਣਾਂ ਕਦੀ ਸਕੂਲ ਨਹੀਂ ਗਈਆਂ।

ਸਕੂਲ ਛੱਡਣ ਤੋਂ ਬਾਅਦ ਅੰਗਰੇਜ ਸਿੰਘ ਨੇ ਕੁੱਝ ਸਮਾਂ ਆਪਣੇ ਚਾਚੇ ਦੇ ਖੇਤਾਂ ‘ਤੇ ਬਤੀਤ ਕੀਤਾ ਅਤੇ ਉਨ੍ਹਾਂ ਤੋਂ ਖੇਤੀ ਦੀਆਂ ਕੁੱਝ ਤਕਨੀਕਾਂ ਸਿੱਖੀਆਂ। ਉਨ੍ਹਾਂ ਦੀ ਜ਼ਮੀਨ ਰਿਸ਼ਤੇਦਾਰਾਂ ਕੋਲ 1989 ਤੱਕ ਕਿਰਾਏ ‘ਤੇ ਸੀ। ਪਰ ਉਸ ਦੇ ਬਾਅਦ ਅੰਗਰੇਜ ਸਿੰਘ ਨੇ ਪਰਿਵਾਰ ਦੀ ਜ਼ਿੰਮੇਦਾਰੀ ਲੈਣ ਦਾ ਵੱਡਾ ਫੈਸਲਾ ਲਿਆ। ਇਸ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਵਾਪਸ ਲੈਣ ਦਾ ਫੈਸਲਾ ਕੀਤਾ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਉਨ੍ਹਾਂ ਨੇ ਆਪਣੇ ਚਾਚੇ ਤੋਂ ਬਹੁਤ ਕੁੱਝ ਸਿੱਖ ਕੇ ਅਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਦੇਖ ਕੇ ਰਸਾਇਣਿਕ ਖੇਤੀ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਚੰਗੀ ਕਮਾਈ ਕਰਨੀ ਸ਼ੁਰੂ ਕੀਤੀ ਅਤੇ ਆਪਣੇ ਪਰਿਵਾਰ ਦੀ ਵਿੱਤੀ ਸਥਿਤੀ ਵਿੱਚ ਸੁਧਾਰ ਕੀਤਾ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਵਿਆਹ ਕਰਵਾਇਆ ਅਤੇ ਇੱਕ ਸੁਖੀ ਪਰਿਵਾਰ ਵਾਲਾ ਜੀਵਨ ਜੀ ਰਹੇ ਸਨ।

ਪਰ 2006 ਵਿੱਚ ਉਹ ਬਿਮਾਰ ਹੋ ਗਏ ਅਤੇ ਕੁੱਝ ਸਿਹਤ ਸਮੱਸਿਆਵਾਂ ਨਾਲ ਪੀੜਤ ਹੋ ਗਏ। ਇਸ ਤੋਂ ਪਹਿਲਾਂ ਉਹ ਇਸ ਸਮੱਸਿਆ ਨੂੰ ਹਲਕੇ ਢੰਗ ਨਾਲ ਲੈਂਦੇ ਸਨ, ਪਰ ਡਾਕਟਰ ਦੀ ਜਾਂਚ ਦੇ ਬਾਅਦ ਪਤਾ ਲੱਗਾ ਕਿ ਉਹਨਾਂ ਦੀ ਅੰਤੜੀ ‘ਤੇ ਸੋਜ ਆ ਗਈ ਹੈ ਜੋ ਕਿ ਭਵਿੱਖ ਵਿੱਚ ਗੰਭੀਰ ਸਮੱਸਿਆ ਬਣ ਸਕਦੀ ਹੈ। ਉਸ ਸਮੇਂ ਬਹੁਤ ਲੋਕ ਉਨ੍ਹਾਂ ਦੀ ਸਿਹਤ ਬਾਰੇ ਪੁੱਛਣ ਲਈ ਆਉਂਦੇ ਸਨ ਅਤੇ ਕਿਸੇ ਨੇ ਉਨ੍ਹਾਂ ਨੂੰ ਦੱਸਿਆ ਕਿ ਸਿਹਤ ਵਿਗੜਨ ਦਾ ਕਾਰਨ ਖੇਤੀ ਵਿੱਚ ਰਸਾਇਣਾਂ ਦਾ ਇਸਤੇਮਾਲ ਕਰਨਾ ਹੈ ਅਤੇ ਤੁਹਾਨੂੰ ਜੈਵਿਕ ਖੇਤੀ ਸ਼ੁਰੂ ਕਰਨੀ ਚਾਹੀਦੀ ਹੈ।

ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਇਲਾਜ਼ ਦੇ ਲਈ ਕਾਫੀ ਚੀਜ਼ਾਂ ਕਰਨ ਨੂੰ ਕਿਹਾ, ਪਰ ਇੱਕ ਗੱਲ ਨੇ ਮਜ਼ਬੂਤੀ ਨਾਲ ਉਨ੍ਹਾਂ ਦੇ ਦਿਮਾਗ ‘ਤੇ ਪ੍ਰਭਾਵ ਪਾਇਆ, ਉਹ ਸੀ ਜੈਵਿਕ ਖੇਤੀ ਸ਼ੁਰੂ ਕਰਨਾ। ਉਨ੍ਹਾਂ ਨੇ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਅਤੇ 2006 ਵਿੱਚ 2.5 ਏਕੜ ਦੀ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕੀਤੀ, ਜਿਵੇਂ ਕਣਕ, ਨਿੰਬੂ , ਅਮਰੂਦ, ਗੰਨਾ ਅਤੇ ਝੋਨਾ ਆਦਿ ਉਗਾਉਣਾ ਸ਼ੁਰੂ ਕੀਤਾ ਅਤੇ ਇਸ ਨਾਲ ਚੰਗਾ ਲਾਭ ਕਮਾਇਆ। ਆਪਣੇ ਲਾਭ ਨੂੰ ਦੁੱਗਣਾ ਕਰਨ ਲਈ ਉਨ੍ਹਾਂ ਨੇ ਖੁਦ ਹੀ ਉਤਪਾਦਾਂ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਅਤੇ ਬਾਅਦ ਵਿੱਚ ਗੰਨੇ ਤੋਂ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਨੇ ਹੱਥ ਨਾਲ ਗੁੜ ਬਣਾਉਣ ਦੇ ਤਰੀਕੇ ਨੂੰ ਅਪਣਾਇਆ, ਕਿਉਂਕਿ ਉਹ ਇਸ ਉੱਦਮ ਨੂੰ ਆਪਣੇ ਦਮ ‘ਤੇ ਸ਼ੁਰੂ ਕਰਨਾ ਚਾਹੁੰਦੇ ਸਨ। ਸ਼ੁਰੂਆਤ ਵਿੱਚ ਉਹ ਨਹੀਂ ਜਾਣਦੇ ਸਨ ਕਿ ਉਨ੍ਹਾਂ ਨੂੰ ਇਸ ਦਾ ਕੀ ਲਾਭ ਹੋਵੇਗਾ, ਪਰ ਹੌਲੀ-ਹੌਲੀ ਪਿੰਡ ਦੇ ਲੋਕਾਂ ਨੇ ਗੁੜ ਪਸੰਦ ਕਰਨਾ ਸ਼ੁਰੂ ਕੀਤਾ। ਹੌਲੀ-ਹੌਲੀ ਗੁੜ ਦੀ ਮੰਗ ਇਸ ਪੱਧਰ ਤੱਕ ਵਧ ਗਈ ਕਿ ਉਨ੍ਹਾਂ ਨੇ ਅਡਵਾਂਸ ਬੁਕਿੰਗ ‘ਤੇ ਗੁੜ ਬਣਾਉਣਾ ਸ਼ੁਰੂ ਕੀਤਾ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਆਪਣੇ ਖੇਤ ਵਿੱਚ ਵਰਮੀ ਕੰਪੋਸਟ ਦਾ ਪਲਾਂਟ ਲਾਇਆ ਤਾਂ ਕਿ ਉਹ ਘਰ ਵਿੱਚ ਬਣੀ ਖਾਦ ਤੋਂ ਚੰਗੀ ਪੈਦਾਵਾਰ ਲੈ ਸਕਣ।

ਉਨ੍ਹਾਂ ਨੇ ਕਈ ਪੁਰਸਕਾਰ ਉਪਲੱਬਧੀਆਂ ਪ੍ਰਾਪਤ ਕੀਤੀਆ ਅਤੇ ਟ੍ਰੇਨਿੰਗ ਕੈਂਪਾਂ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋਂ ਕੁੱਝ ਹੇਠਾਂ ਦੱਸੇ ਹਨ:
• 1979 ਵਿੱਚ 15 ਤੋਂ 18 ਨਵੰਬਰ ਵਿੱਚ ਉਨ੍ਹਾਂ ਨੇ ਜ਼ਿਲ੍ਹਾ ਮੁਕਤਸਰ ਵਿਗਿਆਨ ਮੇਲੇ ਵਿੱਚ ਭਾਗ ਲਿਆ।
• 1985 ਵਿੱਚ ਵੇਰਕਾ ਪਲਾਂਟ ਬਠਿੰਡਾ ਦੁਆਰਾ ਆਯੋਜਿਤ ਬਣਾਉਟੀ ਗਰਭਧਾਰਨ ‘ਤੇ 90 ਦਿਨਾਂ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• 1988 ਵਿੱਚ ਪੀ.ਏ.ਯੂ. ਲੁਧਿਆਣਾ ਦੁਆਰਾ ਆਯੋਜਿਤ ਹਾਈਬ੍ਰਿਡ ਬੀਜ ਤਿਆਰ ਕਰਨ ਲਈ 3 ਦਿਨਾਂ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• ਪਤੰਜਲੀ ਯੋਗ ਸਮਿਤੀ ਵਿੱਚ 9 ਤੋਂ 14 ਜੁਲਾਈ 2009 ਵਿੱਚ ਭਾਗ ਲੈਣ ਅਤੇ ਯੋਗ ਸਿੱਖਿਆ ਦੀ ਟ੍ਰੇਨਿੰਗ ਲਈ ਪ੍ਰਮਾਣ ਪੱਤਰ ਮਿਲਿਆ।
• 28 ਸਤੰਬਰ 2012 ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਦੇ ਨਿਰਦੇਸ਼ਕ ਤੋਂ ਪ੍ਰਸ਼ੰਸਾ ਪੱਤਰ ਮਿਲਿਆ।
• 9 ਤੋਂ 10 ਸਤੰਬਰ 2013 ਨੂੰ ਆਯੋਜਿਤ ਵਾਈਬਰੈਂਟ ਗੁਜਰਾਤ ਗਲੋਬਲ ਐਗਰੀਕਲਚਰਲ ਸੰਮੇਲਨ ਵਿੱਚ ਭਾਗ ਲਿਆ।
• ਕੁਦਰਤੀ ਖੇਤੀ ਅਤੇ ਵਾਤਾਵਰਣ ਮੇਲੇ ਦੇ ਲਈ ਪ੍ਰਸ਼ੰਸਾ ਪੱਤਰ ਮਿਲਿਆ, ਜਿਸ ਵਿੱਚ 26 ਜੁਲਾਈ 2013 ਨੂੰ ਖੇਤੀ ਵਿਰਾਸਤ ਮਿਸ਼ਨ ਦੁਆਰਾ ਮਦਦ ਕੀਤੀ ਗਈ ਸੀ।
• ਖੇਤੀਬਾੜੀ ਵਿਭਾਗ ਜ਼ਿਲ੍ਹਾ ਮੁਕਤਸਰ ਸਾਹਿਬ, ਪੰਜਾਬ ਦੁਆਰਾ ਆਯੋਜਿਤ ਹਾੜ੍ਹੀ ਦੀਆਂ ਫ਼ਸਲਾਂ ਸੰਬੰਧੀ ਕਿਸਾਨ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ 21 ਸਤੰਬਰ 2014 ਨੂੰ ਐਗਰੀਕਲਚਰਲ ਟੈੱਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਦੁਆਰਾ ਰਾਜ ਪੱਧਰ ‘ਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤਾ।
• 21 ਸਤੰਬਰ ਨੂੰ ਖੇਤੀਬਾੜੀ ਵਿੱਭਾਗ, ਸ੍ਰੀ ਮੁਕਤਸਰ ਸਾਹਿਬ ਦੁਆਰਾ ਰਾਜ ਪੱਧਰੀ ਕਿਸਾਨ ਟ੍ਰੇਨਿੰਗ ਕੈਂਪ ਲਈ ਪ੍ਰਸ਼ੰਸਾ ਪੱਤਰ ਮਿਲਿਆ।
• 12 -14 ਅਕਤੂਬਰ 2014 ਨੂੰ ਪੀ ਏ ਯੂ ਦੁਆਰਾ ਆਯੋਜਿਤ ਅਡਵਾਂਸ ਟ੍ਰੇਨਿੰਗ ਕੋਰਸ ਆੱਫ ਬੀ ਬ੍ਰੀਡਿੰਗ 7 ਮਾਸ ਬੀ ਰਿਅਰਿੰਗ ਤਕਨੀਕ ਵਿੱਚ ਭਾਗ ਲਿਆ।
• ਸਰਕਾਰੀ ਮੁਰਗੀ ਸੇਵਾ ਕੇਂਦਰ, ਕੋਟਕਪੂਰਾ ਵਿੱਚ ਪਸ਼ੂ ਪਾਲਣ ਵਿਭਾਗ, ਪੰਜਾਬ ਦੁਆਰਾ ਆਯੋਜਿਤ 2 ਹਫ਼ਤੇ ਦੀ ਪੋਲਟਰੀ ਫਾਰਮਿੰਗ ਟ੍ਰੇਨਿੰਗ ਵਿੱਚ ਭਾਗ ਲਿਆ।
• ਨੈਸ਼ਨਲ ਬੀ ਬੋਰਡ ਦੁਆਰਾ ਮੱਖੀ ਪਾਲਕ ਦੇ ਤੌਰ ‘ਤੇ ਰਜਿਸਟਰ ਹੋਏ।
• ਸੀ.ਆਰ.ਆਈ. ਪੁਰਸਕਾਰ ਮਿਲਿਆ।
• ਕੇ.ਵੀ.ਕੇ., ਗੋਨਿਆਣਾ ਦੁਆਰਾ ਆਯੋਜਿਤ ਸਾਉਣੀ ਦੀਆਂ ਫ਼ਸਲਾਂ ਦੀ ਖੇਤੀ ‘ਤੇ ਅਧਾਰਿਤ ਇੱਕ ਦਿਨ ਦੇ ਟ੍ਰੇਨਿੰਗ ਕੈਂਪ ਵਿੱਚ ਭਾਗ ਲਿਆ।
• ਪੀ.ਏ.ਯੂ. ਲੁਧਿਆਣਾ ਦੁਆਰਾ ਆਯੋਜਿਤ 10 ਦਿਨ ਦੀ ਮੱਖੀ ਪਾਲਣ ਟ੍ਰੇਨਿੰਗ ਵਿੱਚ ਭਾਗ ਲਿਆ।
• ਕੇ.ਵੀ.ਕੇ., ਗੋਨਿਆਣਾ ਦੁਆਰਾ ਆਯੋਜਿਤ ਸਟੋਰ ਹਾਊਸ ਵਿੱਚ ਸਟੋਰ ਕੀਤੇ ਅਨਾਜ ਵਿੱਚ ਪੈੱਸਟ ਕੰਟਰੋਲ ਸੰਬੰਧੀ 1 ਦਿਨ ਦੀ ਟ੍ਰੇਨਿੰਗ ਵਿੱਚ ਭਾਗ ਲਿਆ।
• ਦਿਹਾਤੀ ਵਿਕਾਸ ਵਿਭਾਗ, ਐੱਨ.ਆਈ.ਟੀ.ਟੀ.ਟੀ.ਆਰ., ਚੰਡੀਗੜ ਦੁਆਰਾ ਆਯੋਜਿਤ ਜੈਵਿਕ ਅਤੇ ਹਰਬਲ ਉਤਪਾਦਾਂ ਦੇ ਮੇਲੇ ਵਿੱਚ ਭਾਗ ਲਿਆ।
• ਪੀ.ਏ.ਐੱਮ.ਈ.ਟੀ.ਆਈ. (ਪੰਜਾਬ ਐਗਰੀਕਲਚਰ ਮੈਨੇਜਮੈਂਟ ਐਂਡ ਐੱਕਸਟੈਂਸ਼ਨ ਟ੍ਰੇਨਿੰਗ ਇੰਸਟੀਟਿਊਟ), ਪੀ.ਏ.ਯੂ. ਦੁਆਰਾ ਆਯੋਜਿਤ ਵਰਕਸ਼ਾੱਪ ਟ੍ਰੇਨਿੰਗ ਪ੍ਰੋਗਰਾਮ – “ਮਾਰਕਿਟ ਲੈੱਡ ਐੱਕਸਟੈਂਸ਼ਨ” ਵਿੱਚ ਭਾਗ ਲਿਆ।

ਅੰਗਰੇਜ ਸਿੰਘ ਪੰਜਾਬ ਦੇ ਇੱਕ ਭਵਿੱਖਵਾਦੀ ਕਿਸਾਨ ਹਨ, ਜੋ ਜੈਵਿਕ ਖੇਤੀ ਦੀ ਮਹੱਤਤਾ ਨੂੰ ਸਮਝਦੇ ਹਨ। ਅੱਜ ਖਰਾਬ ਵਾਤਾਵਰਣ ਦੇ ਹਾਲਾਤਾਂ ਨਾਲ ਨਿਪਟਣ ਦੇ ਲਈ ਸਾਨੂੰ ਉਹਨਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਕਿਸਾਨਾਂ ਨੂੰ ਸੰਦੇਸ਼

ਜੇਕਰ ਅਸੀਂ ਸਾਰੇ ਜੈਵਿਕ ਖੇਤੀ ਸ਼ੁਰੂ ਨਹੀਂ ਕਰਦੇ ਤਾਂ ਇਹ ਸਾਡੇ ਭਵਿੱਖ ਦੀ ਪੀੜ੍ਹੀ ਲਈ ਬਹੁਤ ਸਮੱਸਿਆ ਹੋਵੇਗੀ।

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਕੈਪਟਨ ਲਲਿਤ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਵਿਅਕਤੀ ਨੇ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਅਤੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ

ਰਾਜਸਥਾਨ ਦੀ ਸੁੱਕੀ ਜ਼ਮੀਨ ‘ਤੇ ਅਨਾਰ ਉਗਾਉਣਾ, ਇੱਕ ਅਜੀਬ ਅਤੇ ਅਸਫ਼ਲ ਵਿਚਾਰ ਲੱਗਦਾ ਹੈ, ਪਰ ਮਜ਼ਬੂਤ ਇਰਾਦੇ, ਜ਼ਿੱਦ ਅਤੇ ਉੱਚ ਘਣਤਾ ਦੀਆਂ ਖੇਤੀ ਤਕਨੀਕਾਂ ਨਾਲ ਕੈਪਟਨ ਲਲਿਤ ਨੇ ਇਸ ਨੂੰ ਸੰਭਵ ਕਰ ਦਿਖਾਇਆ।

ਕਈ ਖੇਤਰਾਂ ਵਿੱਚ ਮਾਹਿਰ ਹੋਣ ਅਤੇ ਆਪਣੇ ਜੀਵਨ ਵਿੱਚ ਕਈ ਕਾਰੋਬਾਰਾਂ ਦਾ ਅਨੁਭਵ ਕਰਨ ਤੋਂ ਬਾਅਦ, ਅਖੀਰ ਵਿੱਚ ਕੈਪਟਨ ਲਲਿਤ ਨੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਆਪਣੇ ਮੂਲ ਸਥਾਨ-11 Eea ਵਿੱਚ ਵਾਪਿਸ ਆ ਗਏ। ਪਰ ਕਈ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਲਈ, ਖੇਤੀਬਾੜੀ ਇੱਕ ਚੰਗੀ ਰਿਟਾਇਰਮੈਂਟ ਯੋਜਨਾ ਨਹੀਂ ਹੁੰਦੀ, ਪਰ ਲਲਿਤ ਜੀ ਨੇ ਆਪਣੀ ਆਤਮਾ ਦੀ ਆਵਾਜ਼ ਨੂੰ ਸਹੀ ਵਿੱਚ ਸੁਣਿਆ ਅਤੇ ਖੇਤੀਬਾੜੀ ਵਰਗੇ ਮਹਾਨ ਅਤੇ ਮੂਲ ਕਾਰੋਬਾਰ ਨੂੰ ਇੱਕ ਮੌਕਾ ਦੇਣ ਬਾਰੇ ਸੋਚਿਆ।

ਸ਼ੁਰੂਆਤੀ ਜੀਵਨ-

ਲਲਿਤ ਜੀ ਸ਼ੁਰੂ ਤੋਂ ਹੀ ਸਰਗਰਮ ਅਤੇ ਉਤਸ਼ਾਹੀ ਵਿਅਕਤੀ ਸਨ, ਉਹਨਾਂ ਨੇ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਖੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੀ ਗ੍ਰੈਜ਼ੂਏਸ਼ਨ ਪੂਰੀ ਕਰਨ ਤੋਂ ਬਾਅਦ, ਉਹਨਾਂ ਨੇ ਕੋਮਰਸ਼ਿਅਲ ਪਾਇਲੇਟ ਦਾ ਲਾਇਸੰਸ ਪ੍ਰਾਪਤ ਕੀਤਾ ਅਤੇ ਪਾਇਲੇਟ ਦਾ ਪੇਸ਼ਾ ਅਪਣਾਇਆ। ਪਰ ਉਹਨਾਂ ਨੇ ਜੋ ਕੀਤਾ, ਇਹ ਸਭ ਕੁੱਝ ਨਹੀਂ ਸੀ। ਇੱਕ ਸਮਾਂ ਸੀ ਜਦੋਂ ਕੰਪਿਊਟਰ ਦੀ ਸਿੱਖਿਆ ਭਾਰਤ ਵਿੱਚ ਹਰ ਜਗ੍ਹਾ ਸ਼ੁਰੂ ਕੀਤੀ ਗਈ ਸੀ, ਇਸ ਲਈ ਇਸ ਮੌਕੇ ਨੂੰ ਨਾ ਗਵਾਉਂਦੇ ਹੋਏ ਉਹਨਾਂ ਨੇ ਇੱਕ ਨਵਾਂ ਉੱਦਮ ਸ਼ੁਰੂ ਕੀਤਾ ਅਤੇ ਜੈਪੁਰ ਸ਼ਹਿਰ ਵਿੱਚ ਇੱਕ ਕੰਪਿਊਟਰ ਸਿੱਖਿਆ ਕੇਂਦਰ ਖੋਲ੍ਹਿਆ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਅੋਰੇਕਲ ਟੈਸਟ ਪਾਸ ਕੀਤਾ ਅਤੇ ਇੱਕ ਅੋਰੇਕਲ ਪ੍ਰਮਾਣਿਤ ਕੰਪਿਊਟਰ ਟ੍ਰੇਨਰ ਬਣ ਗਏ। ਉਹਨਾਂ ਦਾ ਕੰਪਿਊਟਰ ਸਿੱਖਿਆ ਕੇਂਦਰ ਕੁੱਝ ਸਾਲ ਤੱਕ ਵਧੀਆ ਚੱਲਿਆ ਪਰ ਲੋਕਾਂ ਦੀ ਕੰਪਿਊਟਰ ਵਿੱਚ ਘੱਟ ਦਿਲਚਸਪੀ ਕਾਰਨ ਇਸ ਕਾਰੋਬਾਰ ਤੋਂ ਮਿਲਣ ਵਾਲਾ ਮੁਨਾਫਾ ਘੱਟ ਹੋ ਗਿਆ ਅਤੇ ਉਹਨਾਂ ਨੇ ਆਪਣੇ ਇਸ ਉੱਦਮ ਨੂੰ ਬੰਦ ਕਰ ਦਿੱਤਾ।

ਉਹਨਾਂ ਦੇ ਰੁਜ਼ਗਾਰ ਵਿੱਚ ਵਿਕਲਪਾਂ ਨੂੰ ਦੇਖਦੇ ਹੋਏ ਇਹ ਤਾਂ ਸਪੱਸ਼ਟ ਹੈ ਕਿ ਸ਼ੁਰੂਆਤ ਤੋਂ ਹੀ ਉਹ ਇੱਕ ਅਨੌਖਾ ਪੇਸ਼ਾ ਚੁਣਨ ਵਿੱਚ ਦਿਲਚਸਪੀ ਰੱਖਦੇ ਸੀ, ਜਿਸ ਵਿੱਚ ਕੁੱਝ ਨਵੀਆਂ ਚੀਜ਼ਾਂ ਸ਼ਾਮਿਲ ਹੋਣ, ਫਿਰ ਭਾਵੇਂ ਉਹ ਰੁਝਾਨ, ਤਕਨੀਕੀ ਜਾਂ ਹੋਰ ਚੀਜ਼ਾਂ ਦੇ ਬਾਰੇ ਵਿੱਚ ਹੋਵੇ। ਫਿਰ ਉਨ੍ਹਾਂ ਨੇ ਅਗਲਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਜੈਪੁਰ ਸ਼ਹਿਰ ਵਿੱਚ ਕਿਰਾਏ ‘ਤੇ ਥੋੜ੍ਹੀ ਜ਼ਮੀਨ ਲੈ ਕੇ ਵਿਦੇਸ਼ੀ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਵਪਾਰਕ ਉਦੇਸ਼ ਲਈ ਕੀਤੀ ਅਤੇ ਕਈ ਪੰਜ ਤਾਰਾ ਹੋਟਲਾਂ ਨੇ ਉਹਨਾਂ ਦੇ ਉਤਪਾਦਨ ਨੂੰ ਖਰੀਦਿਆ।

“ਜਦੋਂ ਮੈਂ ਵਿਦੇਸ਼ੀ ਸਬਜੀਆਂ ਜਿਵੇਂ ਥਾਈਮ, ਬੇਬੀ ਮੱਕੀ, ਬਰੌਕਲੀ, ਲੈਟੱਸ ਆਦਿ ਨੂੰ ਉਗਾਇਆ, ਉਸ ਸਮੇਂ ਇਲਾਕੇ ਦੇ ਲੋਕ ਮੇਰਾ ਮਖੌਲ ਉਡਾਉਂਦੇ ਸਨ ਕਿਉਂਕਿ ਉਹਨਾਂ ਦੇ ਲਈ ਵਿਦੇਸ਼ੀ ਸਬਜ਼ੀਆਂ ਨਵੀਆਂ ਸਨ ਅਤੇ ਉਹ ਮੱਕੀ ਦੇ ਛੋਟੇ ਰੂਪ ਅਤੇ ਫੁੱਲ ਗੋਭੀ ਦੇ ਹਰੇ ਰੂਪ ਨੂੰ ਦੇਖ ਕੇ ਹੈਰਾਨ ਹੁੰਦੇ ਸਨ। ਪਰ ਅੱਜ ਉਹ ਪਿੱਜ਼ਾ, ਬਰਗਰ ਅਤੇ ਸਲਾਦ ਵਿੱਚ ਇਨ੍ਹਾਂ ਸਬਜ਼ੀਆਂ ਨੂੰ ਖਾ ਰਹੇ ਹਨ।”

ਜਦੋਂ ਇਹ ਵਿਚਾਰ ਹੋਂਦ ਵਿੱਚ ਆਇਆ-

ਜਦੋਂ ਉਹ ਵਿਦੇਸ਼ੀ ਸਬਜ਼ੀਆਂ ਦੀ ਖੇਤੀ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਖੇਤੀਬਾੜੀ ਵਿੱਚ ਨਿਵੇਸ਼ ਕਰਨਾ ਸਭ ਤੋਂ ਚੰਗਾ ਵਿਚਾਰ ਹੈ ਅਤੇ ਇਸ ਕਾਰੋਬਾਰ ਨੂੰ ਵਧਾਉਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਹੀ ਆਪਣੇ ਮੂਲ ਸਥਾਨ ਵਿੱਚ ਇੱਕ ਜੱਦੀ ਜਾਇਦਾਦ (12 ਬਿੱਘਾ ਜ਼ਮੀਨ) ਸੀ। ਇਸ ਲਈ ਉਹਨਾਂ ਨੇ ਇਸ ‘ਤੇ ਕਿੰਨੂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹ ਕਿੰਨੂ ਦੀ ਖੇਤੀ ਸ਼ੁਰੂ ਕਰਨ ਦੇ ਵਿਚਾਰ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਗਏ, ਪਰ ਕਈ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਬਾਅਦ ਉਹਨਾਂ ਨੂੰ ਲੱਗਿਆ ਕਿ ਹਰੇਕ ਵਿਅਕਤੀ ਇੱਕ ਹੀ ਕੰਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਕੁੱਝ ਅਲੱਗ ਕਰਨਾ ਚਾਹੀਦਾ ਹੈ।

ਇਹ ਉਹ ਸਮਾਂ ਸੀ ਜਦੋਂ ਉਹਨਾਂ ਨੇ ਵਿਭਿੰਨ ਫਲਾਂ ‘ਤੇ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਵਿਭਿੰਨ ਸ਼ਹਿਰਾਂ ਵਿੱਚ ਅਲੱਗ-ਅਲੱਗ ਖੇਤਾਂ ਦਾ ਦੌਰਾ ਕੀਤਾ। ਆਪਣੀ ਰਿਸਰਚ ਤੋਂ ਉਹਨਾਂ ਨੇ ਇੱਕ ਖਾਸ ਫਲ ਅਤੇ ਇੱਕ ਆਮ ਫਲ ਉਗਾਉਣ ਸਿੱਟਾ ਕੱਢਿਆ। ਉਹਨਾਂ CISH(ਕੇਂਦਰੀ ਉਪੋਸ਼ਣ ਬਾਗਬਾਨੀ ਲਖਨਊ) ਤੋਂ ਸਲਾਹ ਲਈ ਅਤੇ 2015 ਵਿੱਚ, ਅਨਾਰ ਅਤੇ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਉਹਨਾਂ ਨੇ 6 ਬਿੱਘਾ ਖੇਤਰ ਵਿੱਚ ਅਨਾਰ (ਸਿੰਦੂਰੀ ਕਿਸਮ) ਅਤੇ ਹੋਰ 6 ਬਿੱਘਾ ਖੇਤਰਾਂ ਵਿੱਚ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਰਿਸਰਚ ਅਤੇ ਸਹਾਇਤਾ ਦੇ ਲਈ ਉਹਨਾਂ ਮੋਬਾਇਲ ਅਤੇ ਇੰਟਰਨੈੱਟ ਨੂੰ ਆਪਣੀ ਕਿਤਾਬ ਅਤੇ ਟੀਚਰ ਬਣਾਇਆ।

“ਸ਼ੁਰੂ ਵਿੱਚ, ਮੈਂ ਰਾਜਸਥਾਨ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਸਲਾਹ ਲਈ, ਪਰ ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਅਨਾਰ ਦੀ ਖੇਤੀ ਸੰਭਵ ਨਹੀਂ ਹੈ ਅਤੇ ਮੇਰਾ ਮਖੌਲ ਉਡਾਇਆ।”

ਖੇਤੀ ਕਰਨ ਦੇ ਢੰਗ ਅਤੇ ਤਕਨੀਕ-

ਉਹਨਾਂ ਨੇ ਉੱਚ-ਗੁਣਵੱਤਾ ਅਤੇ ਉੱਚ ਮਾਤਰਾ ਵਿੱਚ ਅਨਾਰ ਦਾ ਉਤਪਾਦਨ ਕਰਨ ਲਈ ਉੱਚ ਘਣਤਾ ਵਾਲੀ ਤਕਨੀਕ ਨੂੰ ਅਪਣਾਇਆ। ਖੇਤੀਬਾੜੀ ਤਕਨੀਕ ਵਿੱਚ ਉਨ੍ਹਾਂ ਨੇ ਕੇਨੋਪੀ ਪ੍ਰਬੰਧਨ ਅਪਣਾਇਆ ਅਤੇ 20 x 20 ਮੀਟਰ ਦੇ ਖੇਤਰ ਵਿੱਚ ਅਨਾਰ ਦੇ ਪੌਦੇ ਉਗਾਏ। ਇਸ ਤਰ੍ਹਾਂ ਕਰਨ ਨਾਲ ਇੱਕ ਪੌਦਾ ਇੱਕ ਮੌਸਮ ਵਿੱਚ 20 ਕਿੱਲੋ ਫਲ ਦਿੰਦਾ ਹੈ ਅਤੇ 7 ਪੌਦੇ 140 ਕਿੱਲੋ ਫਲ ਦਿੰਦੇ ਹਨ। ਇਸ ਤਰੀਕੇ ਨਾਲ ਉਹਨਾਂ ਨੇ ਘੱਟ ਖੇਤਰ ਵਿੱਚ ਜ਼ਿਆਦਾ ਰੁੱਖ ਲਗਾਏ ਅਤੇ ਇਸ ਨਾਲ ਭਵਿੱਖ ਵਿੱਚ ਵੀ ਚੰਗਾ ਮੁਨਾਫ਼ਾ ਕਮਾਉਣਗੇ। ਇਸ ਤੋਂ ਇਲਾਵਾ, ਉੱਚ ਘਣਤਾ ਵਾਲੀ ਖੇਤੀ ਦੇ ਕਾਰਨ, ਰੁੱਖਾਂ ਦਾ ਕੱਦ ਅਤੇ ਚੌੜ੍ਹਾਈ ਘੱਟ ਹੁੰਦੀ ਹੈ, ਇਸ ਨਾਲ ਫਾਰਮ ਦੇ ਪ੍ਰਬੰਧਨ ਲਈ ਜ਼ਿਆਦਾ ਲੇਬਰ ਦੀ ਲੋੜ ਨਹੀਂ ਪੈਂਦੀ।

ਕੈਪਟਨ ਲਲਿਤ ਨੇ ਆਪਣੀ ਖੇਤੀ ਦੇ ਤਰੀਕਿਆਂ ਵਿੱਚ ਬਹੁਤ ਮਸ਼ੀਨੀਕਰਨ ਲਿਆਂਦਾ। ਵਧੀਆ ਉਪਜ ਅਤੇ ਪ੍ਰਭਾਵੀ ਨਤੀਜਿਆਂ ਲਈ, ਉਨ੍ਹਾਂ ਨੇ ਆਪ ਇੱਕ ਟੈਂਕ-ਕਮ-ਮਸ਼ੀਨ ਬਣਾਈ ਹੈ ਅਤੇ ਇਸ ਦੇ ਨਾਲ ਇੱਕ ਚਿੱਕੜ ਪੰਪ ਨੂੰ ਜੋੜਿਆ ਹੈ। ਇਸ ਦੇ ਅੰਦਰ ਘੁੰਮਣ ਦੇ ਲਈ ਇੱਕ ਸ਼ਾਫਟ ਲਗਾਈ ਹੈ, ਜਿਸ ਨਾਲ ਫਾਰਮ ਵਿੱਚ ਸਲੱਰੀ ਅਤੇ ਜੀਵ ਅੰਮ੍ਰਿਤ ਆਸਾਨੀ ਨਾਲ ਫੈਲਾ ਦਿੱਤਾ ਜਾਂਦਾ ਹੈ। ਫਾਰਮ ਦੇ ਅੰਦਰ ਇਸ ਨੂੰ ਚਲਾਉਣ ਦੇ ਲਈ ਉਹ ਇੱਕ ਛੋਟੇ ਟ੍ਰੈਕਟਰ ਦੀ ਵਰਤੋਂ ਕਰਦੇ ਹਨ। ਜਦੋਂ ਇਸ ਨੂੰ ਕਿਫਾਇਤੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਬਾਜ਼ਾਰ ਤੋਂ NPK ਬਾਇਓ-ਖਾਦ ਦੀ ਸਿਰਫ਼ ਇੱਕ ਬੋਤਲ ਖਰੀਦ ਕੇ ਸਾਰੀਆਂ ਖਾਦਾਂ, ਫਿਸ਼ ਅਮੀਨੋ ਐਸਿਡ ਖਾਦ, ਜੀਵਾਣੂ ਅਤੇ ਫੰਗਸ ਇਹਨਾਂ ਸਾਰਿਆਂ ਨੂੰ ਆਪਣੇ ਫਾਰਮ ‘ਤੇ ਆਪ ਤਿਆਰ ਕਰਦੇ ਹਨ। ਉਹ ਸਪਰੇਅ ਦੁਆਰਾ ਬਾਇਓ-ਕਲਚਰ ਨੂੰ ਮਿਕਸ ਕਰ ਲੈਂਦੇ ਹਨ।

ਉਹਨਾਂ ਨੇ ਰਾਠੀ ਨਸਲ ਦੀਆਂ ਦੋ ਗਾਵਾਂ ਲਿਆਂਦੀਆਂ, ਜਿਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਉਹ ਉਹਨਾਂ ਗਾਵਾਂ ਦੀ ਵਰਤੋਂ ਜੀਵ ਅੰਮ੍ਰਿਤ ਅਤੇ ਖਾਦ ਬਣਾਉਣ ਦੇ ਲਈ ਕਰਦੇ ਹਨ। ਇਹ ਇੱਕ ਅਹਿਮ ਚੀਜ਼ ਜਿਸ ਦੀ ਵਰਤੋਂ ਉਹ ਖਾਦ ਵਿੱਚ ਕਰਦੇ ਹਨ – “ਅਗਨੀਹੋਤਰੀ ਭਭੂਤੀ”, ਜੋ ਕਿ ਹਵਨ ‘ਚੋਂ ਪ੍ਰਾਪਤ ਕੀਤੀ ਰਾਖ ਹੁੰਦੀ ਹੈ।

“ਅਗਨੀਹੋਤਰੀ ਭਭੂਤੀ ਦੀ ਵਰਤੋਂ ਕਰਨ ਦਾ ਕਾਰਨ ਇਹ ਹੈ ਕਿ ਇਹ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਅਧਿਆਤਮਿਕ ਖੇਤੀ ਦਾ ਇੱਕ ਤਰੀਕਾ ਹੈ। ਅਧਿਆਤਮਿਕ ਦਾ ਅਰਥ ਹੈ ਕਿ ਖੇਤੀ ਦਾ ਉਹ ਤਰੀਕਾ ਜੋ ਪ੍ਰਮਾਤਮਾ ਨਾਲ ਸੰਬੰਧਿਤ ਹੈ।”

ਉਹਨਾਂ ਨੇ 50 x 50 ਮੀਟਰ ਦੇ ਖੇਤਰ ਵਿੱਚ ਮੀਂਹ ਦਾ ਪਾਣੀ ਬਚਾ ਕੇ ਖੇਤ ਦੀ ਸਿੰਚਾਈ ਦੇ ਤੌਰ ‘ਤੇ ਵਰਤਣ ਲਈ ਇੱਕ ਸਰੋਵਰ ਵੀ ਬਣਾਇਆ ਹੈ। ਸ਼ੁਰੂਆਤ ਵਿੱਚ ਉਹਨਾਂ ਦਾ ਫਾਰਮ ਪੂਰੀ ਤਰ੍ਹਾਂ ਵਾਤਾਵਰਨ ਲਈ ਅਨੁਕੂਲ ਸੀ, ਕਿਉਂਕਿ ਉਹ ਸਭ ਕੁੱਝ ਪ੍ਰਬੰਧਿਤ ਕਰਨ ਲਈ ਸੋਲਰ ਊਰਜਾ ਦਾ ਪ੍ਰਯੋਗ ਕਰਦੇ ਸਨ, ਪਰ ਹੁਣ ਉਹਨਾਂ ਨੂੰ ਸਰਕਾਰ ਤੋਂ ਬਿਜਲੀ ਮਿਲ ਰਹੀ ਹੈ।

ਸਰਕਾਰ ਦੀ ਭੂਮਿਕਾ-
ਉਹਨਾਂ ਦਾ ਅਨਾਰ ਅਤੇ ਅਮਰੂਦ ਦੀ ਖੇਤੀ ਦਾ ਪੂਰਾ ਪ੍ਰੋਜੈੱਕਟ ਰਾਸ਼ਟਰੀ ਬਾਗਬਾਨੀ ਬੋਰਡ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਸਬਸਿਡੀ ਮਿਲਦੀ ਹੈ।
ਪ੍ਰਾਪਤੀਆਂ-
ਬਹੁਤ ਸਾਰੇ ਲੋਕਾਂ ਦੁਆਰਾ ਉਨ੍ਹਾਂ ਦੇ ਖੇਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਜਿਸ ਯੂਨੀਵਰਸਿਟੀ ਨੇ ਉਹਨਾਂ ਦਾ ਮਖੌਲ ਬਣਾਇਆ ਸੀ, ਉਹ ਹੁਣ ਉਹਨਾਂ ਨੂੰ ਸਮਾਰੋਹ ਵਿੱਚ ਮਹਿਮਾਨ ਦੇ ਤੌਰ ‘ਤੇ ਸੱਦਾ ਦਿੰਦੇ ਹਨ ਅਤੇ ਉਹਨਾਂ ਤੋਂ ਉੱਚ ਘਣਤਾ ਵਾਲੀ ਖੇਤੀ ਅਤੇ ਕਾਂਟ-ਛਾਂਟ ਦੀਆਂ ਤਕਨੀਕਾਂ ਦੇ ਨਾਲ-ਨਾਲ ਸਲਾਹ ਮਸ਼ਵਰਾ ਵੀ ਲੈਂਦੇ ਹਨ।
ਵਰਤਮਾਨ ਸਥਿਤੀ-
ਹੁਣ ਉਹਨਾਂ ਨੇ 12 ਬਿੱਘਾ ਖੇਤਰ ਵਿੱਚ 5000 ਪੌਦੇ ਲਾਏ ਹਨ ਅਤੇ ਪੌਦਿਆਂ ਦੀ ਉਮਰ 2 ਸਾਲ 4 ਮਹੀਨੇ ਹੈ। ਉੱਚ ਘਣਤਾ ਵਾਲੀ ਖੇਤੀ ਦੁਆਰਾ ਅਨਾਰ ਦੇ ਪੌਦਿਆਂ ਨੇ ਫਲ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ, ਪਰ ਉਹ ਅਗਲੇ ਸਾਲ ਅਸਲ ਵਪਾਰਕ ਉਪਜ ਦੀ ਉਮੀਦ ਕਰ ਰਹੇ ਹਨ।

“ਆਪਣੀ ਰਿਸਰਚ ਦੌਰਾਨ ਮੈਂ ਕੁੱਝ ਦੱਖਣੀ ਭਾਰਤੀ ਰਾਜਾਂ ਦਾ ਵੀ ਦੌਰਾ ਕੀਤਾ ਅਤੇ ਉੱਥੇ ਪਹਿਲਾਂ ਹੀ ਉੱਚ ਘਣਤਾ ਵਾਲੀ ਖੇਤੀ ਕੀਤੀ ਜਾ ਰਹੀ ਹੈ। ਉੱਤਰ ਭਾਰਤ ਦੇ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਇਹ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ।”

ਇਹ ਸਭ ਸ਼ੁਰੂ ਕਰਨ ਤੋਂ ਪਹਿਲਾਂ, ਉਹਨਾਂ ਨੂੰ ਉੱਚ ਘਣਤਾ ਵਾਲੀ ਖੇਤੀ ਬਾਰੇ ਸਿਧਾਂਤਿਕ ਗਿਆਨ ਸੀ, ਪਰ ਉਹਨਾਂ ਦੇ ਕੋਲ ਵਿਵਹਾਰਿਕ ਅਨੁਭਵ ਨਹੀਂ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਉਹ ਇਸ ਨੂੰ ਵੀ ਪ੍ਰਾਪਤ ਕਰ ਰਹੇ ਹਨ। ਉਹਨਾਂ ਦੇ ਕੋਲ 2 ਕਰਮਚਾਰੀ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਆਪਣੇ ਫਾਰਮ ਦਾ ਪ੍ਰਬੰਧਨ ਕਰਦੇ ਹਨ।

ਉਹਨਾਂ ਦੇ ਵਿਚਾਰ-
ਜਦੋਂ ਇੱਕ ਕਿਸਾਨ ਖੇਤੀਬਾੜੀ ਕਰਨੀ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਦਯੋਗ ਦੀ ਤਰ੍ਹਾਂ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਤਦ ਹੀ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਦੇ ਇਲਾਵਾ ਜੇਕਰ ਕਿਸਾਨ ਖੇਤੀ ਵਿੱਚ ਕੁਸ਼ਲਤਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹਰ ਕਿਸਾਨ ਨੂੰ ਮਸ਼ੀਨੀਕਰਨ ਵੱਲ ਆਉਣ ਦੀ ਜ਼ਰੂਰਤ ਹੈ।
ਕਿਸਾਨਾਂ ਲਈ ਸੰਦੇਸ਼-
ਜਦੋਂ ਤੱਕ ਕਿਸਾਨ ਰਵਾਇਤੀ ਖੇਤੀ ਕਰਨਾ ਨਹੀਂ ਛੱਡਦੇ ਤੱਦ ਤੱਕ ਉਹ ਮਜ਼ਬੂਤ ਅਤੇ ਸੁਤੰਤਰ ਨਹੀਂ ਹੋ ਸਕਦੇ। ਖਾਸ ਤੌਰ ‘ਤੇ ਉਹ ਕਿਸਾਨ ਜਿਹਨਾਂ ਕੋਲ ਘੱਟ ਜ਼ਮੀਨ ਹੈ, ਉਹਨਾਂ ਨੂੰ ਖੁਦ ਪਹਿਲ ਕਰਨੀ ਪਵੇਗੀ ਅਤੇ ਉਹਨਾਂ ਨੂੰ ਬਾਗਬਾਨੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਿਰਫ਼ ਸਹੀ ਦਿਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ।

ਹਰਬੰਤ ਸਿੰਘ

ਪੂਰੀ ਕਹਾਣੀ ਪੜ੍ਹੋ

ਪਿਤਾ ਪੁੱਤਰ ਦੀ ਜੋੜੀ, ਜਿਸਨੇ ਇੰਟਰਨੈੱਟ ਨੂੰ ਆਪਣੀ ਖੋਜ ਦਾ ਹਥਿਆਰ ਬਣਾ ਕੇ ਜੈਵਿਕ ਖੇਤੀ ਨੂੰ ਅਪਨਾਇਆ

ਖੇਤੀਬਾੜੀ ਮਨੁੱਖੀ-ਸੱਭਿਅਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜੀਵਨ ਵਿੱਚ ਤਕਨੀਕਾਂ ਅਤੇ ਤਰੱਕੀ ਦੇ ਨਾਲ-ਨਾਲ ਕਈ ਸਾਲਾਂ ਵਿੱਚ ਖੇਤੀ ਵਿੱਚ ਵੀ ਬਦਲਾਅ ਆਏ ਹਨ। ਪਰ ਫਿਰ ਵੀ, ਭਾਰਤ ਵਿੱਚ ਕਈ ਕਿਸਾਨ ਰਵਾਇਤੀ ਢੰਗ ਨਾਲ ਹੀ ਖੇਤੀ ਕਰਦੇ ਹਨ, ਪਰ ਅਜਿਹੇ ਹੀ ਇੱਕ ਕਿਸਾਨ ਹਨ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਿਤਾ-ਪੁੱਤਰ ਦੀ ਜੋੜੀ- ਹਰਬੰਤ ਸਿੰਘ (ਪਿਤਾ) ਅਤੇ ਸਤਨਾਮ ਸਿੰਘ (ਪੁੱਤਰ), ਜਿਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਤਰੱਕੀ ਲਈ ਇੰਟਰਨੈੱਟ ਨੂੰ ਆਪਣਾ ਖੋਜੀ ਹਥਿਆਰ ਬਣਾਇਆ।

ਜਦੋਂ ਤੱਕ ਉਨ੍ਹਾਂ ਦਾ ਪੁੱਤਰ ਜੈਵਿਕ ਤਰੀਕੇ ਨਾਲ ਬਾਗਬਾਨੀ ਕਰਨ ਦਾ ਵਿਚਾਰ ਲੈ ਕੇ ਨਹੀਂ ਆਇਆ ਸੀ, ਉਦੋਂ ਤੱਕ ਉਹ ਰਵਾਇਤੀ ਖੇਤੀ ਹੀ ਕਰਦੇ ਸਨ। ਸਤਨਾਮ ਸਿੰਘ ਨੇ ਹੀ ਇੱਕ ਸਾਲ ਦੀ ਰਿਸਰਚ ਤੋਂ ਬਾਅਦ ਆਪਣੇ ਪਿਤਾ ਨੂੰ ਡ੍ਰੈਗਨ ਫਲ ਦੀ ਖੇਤੀ ਕਰਨ ਦੀ ਸਲਾਹ ਦਿੱਤੀ।

ਇਹ ਸਭ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ ਸਤਨਾਮ ਸਿੰਘ ਆਪਣੇ ਇੱਕ ਦੋਸਤ ਰਾਹੀਂ ਇੱਕ ਵਿਅਕਤੀ ਵਿਸ਼ਾਲ ਡੋਡਾ ਦੇ ਸੰਪਰਕ ਵਿੱਚ ਆਏ। ਵਿਸ਼ਾਲ ਡੋਡਾ ਜੀ 15 ਏਕੜ ਵਿੱਚ ਡ੍ਰੈਗਨ ਫਲ ਦੀ ਖੇਤੀ ਕਰਦੇ ਹਨ। ਸਤਨਾਮ ਸਿੰਘ ਨੇ ਡ੍ਰੈਗਨ ਫਲ ਦੇ ਪੌਦੇ ਦੇ ਬਾਰੇ ਸਭ ਕੁੱਝ ਰਿਸਰਚ ਕੀਤਾ ਅਤੇ ਆਪਣੇ ਪਿਤਾ ਨਾਲ ਇਸ ਬਾਰੇ ਚਰਚਾ ਕੀਤੀ। ਜਦੋਂ ਹਰਬੰਤ ਸਿੰਘ ਨੇ ਡ੍ਰੈਗਨ ਫਲ ਦੀ ਖੇਤੀ ਅਤੇ ਇਸਦੇ ਫਾਇਦਿਆਂ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਬੜੀ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕਰਨ ਅਤੇ ਨਿਵੇਸ਼ ਕਰਨ ਲਈ ਹਾਂ ਕਹੀ। ਜਲਦੀ ਹੀ ਉਨ੍ਹਾਂ ਨੇ ਗੁਜਰਾਤ ਦਾ ਦੌਰਾ ਕੀਤਾ ਅਤੇ ਡ੍ਰੈਗਨ ਫਲ ਦੇ ਪੌਦੇ ਖਰੀਦੇ ਅਤੇ ਵਿਸ਼ਾਲ ਡੋਡਾ ਜੀ ਕੋਲੋਂ ਇਸ ਫ਼ਸਲ ਦੀ ਖੇਤੀ ਬਾਰੇ ਹੋਰ ਸੇਧਾਂ ਵੀ ਲਈਆਂ।

ਅੱਜ ਇਹ ਪਿਤਾ-ਪੁੱਤਰ ਪੰਜਾਬ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕੀਤੀ। ਹੁਣ ਇਨ੍ਹਾਂ ਪੌਦਿਆਂ ਨੇ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ 1.5 ਬਿੱਘਾ ਖੇਤਰ ਵਿੱਚ ਡ੍ਰੈਗਨ ਫਲ ਦੇ 500 ਨਵੇਂ ਪੌਦੇ ਲਾਏ। ਇੱਕ ਪੌਦਾ 4 ਸਾਲ ਵਿੱਚ 4-20 ਕਿੱਲੋ ਫਲ ਦਿੰਦਾ ਹੈ। ਉਨ੍ਹਾਂ ਨੇ ਸੀਮਿੰਟ ਦਾ ਇੱਕ ਥੰਮ ਬਣਾਇਆ ਹੈ, ਜਿਸ ‘ਤੇ ਪਹੀਏ ਦੇ ਆਕਾਰ ਦਾ ਢਾਂਚਾ ਹੈ, ਜੋ ਕਿ ਪੌਦੇ ਨੂੰ ਸਹਾਰਾ ਦਿੰਦਾ ਹੈ। ਜਦੋਂ ਵੀ ਉਨ੍ਹਾਂ ਨੂੰ ਡ੍ਰੈਗਨ ਫਲ ਦੀ ਖੇਤੀ ਨਾਲ ਸੰਬੰਧਿਤ ਮਦਦ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਇੰਟਰਨੈੱਟ ‘ਤੇ ਉਸਦੀ ਖੋਜ ਕਰਦੇ ਹਨ ਜਾਂ ਵਿਸ਼ਾਲ ਡੋਡਾ ਜੀ ਤੋਂ ਸਲਾਹ ਲੈਂਦੇ ਹਨ।

ਉਹ ਕੇਵਲ ਡ੍ਰੈਗਨ ਫਲ ਦੀ ਹੀ ਖੇਤੀ ਨਹੀਂ ਕਰਦੇ ਸਗੋਂ ਉਨ੍ਹਾਂ ਨੇ ਆਪਣੇ ਖੇਤ ਵਿੱਚ ਚੰਦਨ ਦੇ ਪੌਦੇ ਵੀ ਲਾਏ ਹੋਏ ਹਨ। ਚੰਦਨ ਦੀ ਖੇਤੀ ਦਾ ਵਿਚਾਰ ਸਤਨਾਮ ਸਿੰਘ ਦੇ ਮਨ ਵਿੱਚ ਉਸ ਸਮੇਂ ਆਇਆ, ਜਦੋਂ ਇੱਕ ਨਿਊਜ਼ ਚੈਨਲ ਦੇਖ ਰਹੇ ਸਨ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਮੰਤਰੀ ਨੇ ਚੰਦਨ ਦੇ ਪੌਦੇ ਦਾ ਮੋਟਾ ਅਤੇ ਵੱਡਾ ਹਿੱਸਾ ਮੰਦਿਰ ਨੂੰ ਦਾਨ ਕੀਤਾ, ਜਿਸ ਦੀ ਕੀਮਤ ਲੱਖਾਂ ਵਿੱਚ ਸੀ। ਉਸ ਸਮੇਂ ਉਨ੍ਹਾਂ ਦੇ ਦਿਮਾਗ ਵਿੱਚ ਆਪਣੇ ਭਵਿੱਖ ਨੂੰ ਵਾਤਾਵਰਨ ਅਤੇ ਆਰਥਿਕ ਤੌਰ ‘ਤੇ ਸੁਰੱਖਿਅਤ ਅਤੇ ਲਾਭਦਾਇਕ ਬਣਾਉਣ ਦਾ ਵਿਚਾਰ ਆਇਆ। ਇਸ ਲਈ ਉਨ੍ਹਾਂ ਨੇ ਜੁਲਾਈ 2016 ਵਿੱਚ ਚੰਦਨ ਦੀ ਖੇਤੀ ਵਿੱਚ ਨਿਵੇਸ਼ ਕੀਤਾ ਅਤੇ 6 ਕਨਾਲ ਖੇਤਰ ਵਿੱਚ 200 ਪੌਦੇ ਲਾਏ।

ਹਰਬੰਤ ਸਿੰਘ ਜੀ ਅਨੁਸਾਰ, ਉਹ ਜਿਸ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਉਸਨੂੰ ਭਵਿੱਖ ਲਈ ਤਿਆਰ ਕਰ ਰਹੇ ਹਨ, ਕਿਉਂਕਿ ਡ੍ਰੈਗਨ ਫਲ ਅਤੇ ਚੰਦਨ ਦੋਨਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ(ਇਸਨੂੰ ਕੇਵਲ ਵਰਖਾ ਦੇ ਪਾਣੀ ਨਾਲ ਹੀ ਸਿੰਚਿਤ ਕੀਤਾ ਜਾ ਸਕਦਾ ਹੈ) ਅਤੇ ਕਿਸੇ ਖ਼ਾਸ ਤਰ੍ਹਾਂ ਦੀ ਖਾਦ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਜ਼ਮੀਨ-ਹੇਠਲੇ ਪਾਣੀ ਦੀ ਕਮੀ ਕਾਰਨ ਝੋਨੇ ਅਤੇ ਕਣਕ ਦੀ ਖੇਤੀ ਪੰਜਾਬ ‘ਚੋਂ ਗਾਇਬ ਹੋ ਜਾਵੇਗੀ ਅਤੇ ਬਾਗਬਾਨੀ ਆਉਣ ਵਾਲੇ ਸਮੇਂ ਦੀ ਲੋੜ ਬਣ ਜਾਵੇਗੀ।

ਹਰਬੰਤ ਸਿੰਘ ਡ੍ਰੈਗਨ ਫਲ ਅਤੇ ਚੰਦਨ ਦੀ ਖੇਤੀ ਲਈ ਜੈਵਿਕ ਤਰੀਕੇ ਅਪਨਾਉਂਦੇ ਹਨ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਉਹ ਆਪਣੀਆਂ ਹੋਰ ਫ਼ਸਲਾਂ ਵਿੱਚ ਵੀ ਰਸਾਇਣਾਂ ਦੀ ਵਰਤੋਂ ਘੱਟ ਕਰ ਦੇਣਗੇ। ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦਾ ਧਿਆਨ ਜੈਵਿਕ ਖੇਤੀ ਵੱਲ ਇਸ ਲਈ ਹੈ, ਕਿਉਂਕਿ ਸਮਾਜ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਉਹ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਨ ਤੰਦਰੁਸਤ ਅਤੇ ਰਹਿਣ-ਯੋਗ ਬਣਾਉਣਾ ਚਾਹੁੰਦੇ ਹਨ, ਜਿਵੇਂ ਉਨ੍ਹਾਂ ਦੇ ਬਜ਼ੁਰਗ ਉਨ੍ਹਾਂ ਲਈ ਛੱਡ ਕੇ ਗਏ ਸਨ। ਇੱਕ ਕਾਰਨ ਇਹ ਵੀ ਹੈ ਕਿ ਸਤਨਾਮ ਸਿੰਘ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਵਿਕ ਖੇਤੀ ਕਰਨ ਲੱਗੇ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਰੁਚੀ ਖੇਤੀਬਾੜੀ ਵਿੱਚ ਸੀ।

ਅੱਜ ਸਤਨਾਮ ਸਿੰਘ, ਆਪਣੇ ਪਿਤਾ ਦੀ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਵਿੱਚ ਪੂਰੀ ਮਦਦ ਕਰਦੇ ਹਨ। ਉਹ ਗਾਂ ਦੇ ਗੋਬਰ ਅਤੇ ਗਊ-ਮੂਤਰ ਦੀ ਵਰਤੋਂ ਕਰਕੇ ਘਰ ਵਿੱਚ ਹੀ ਜੀਵ ਅੰਮ੍ਰਿਤ ਅਤੇ ਖਾਦ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਨਹੀਂ ਕਰਦੇ। ਹਰਬੰਤ ਸਿੰਘ ਜੀ ਆਪਣੇ ਪਿੰਡ ਵਿੱਚ ਪਾਣੀ ਦੇ ਪ੍ਰਬੰਧਨ ਦਾ ਵੀ ਕੰਮ ਕਰ ਰਹੇ ਹਨ ਅਤੇ ਹੋਰਨਾਂ ਪਿੰਡਾਂ ਨੂੰ ਵੀ ਇਸ ਬਾਰੇ ਸਿੱਖਿਆ ਦੇ ਰਹੇ ਹਨ, ਤਾਂ ਕਿ ਉਹ ਟਿਊਬਵੈੱਲ ਦਾ ਘੱਟ ਪ੍ਰਯੋਗ ਕਰ ਸਕਣ। ਉਨ੍ਹਾਂ ਕੋਲ 12 ਏਕੜ ਖੇਤ ਲਈ ਕੇਵਲ ਇੱਕ ਹੀ ਟਿਊਬਵੈੱਲ ਹੈ। ਆਮ ਫ਼ਸਲਾਂ ਤੋਂ ਇਲਾਵਾ ਉਨ੍ਹਾਂ ਨੇ ਅਮਰੂਦ, ਕੇਲੇ, ਅੰਬ ਅਤੇ ਆੜੂ ਦੇ ਪੌਦੇ ਵੀ ਲਾਏ ਹਨ।

ਸਤਨਾਮ ਸਿੰਘ ਨੇ ਚੰਦਨ ਅਤੇ ਡ੍ਰੈਗਨ ਫਲ ਦੀ ਖੇਤੀ ਕਰਨ ਤੋਂ ਪਹਿਲਾਂ ਰਿਸਰਚ ਵਿੱਚ ਇੱਕ ਸਾਲ ਲਾਇਆ, ਕਿਉਂਕਿ ਉਹ ਇੱਕ ਅਜਿਹੀ ਫ਼ਸਲ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ, ਜਿਸ ਵਿੱਚ ਘੱਟ ਸਿੰਚਾਈ ਦੀ ਜ਼ਰੂਰਤ ਹੋਵੇ ਅਤੇ ਜਿਸਦੇ ਸਿਹਤ ਅਤੇ ਵਾਤਾਵਰਨ ਨਾਲ ਸੰਬੰਧਿਤ ਲਾਭ ਵੀ ਹੋਣ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਅਜਿਹਾ ਹੀ ਕਰਨ। ਉਨ੍ਹਾਂ ਨੂੰ ਵੀ ਖੇਤੀ ਦੀਆਂ ਅਜਿਹੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ, ਜੋ ਵਾਤਾਵਰਨ ਦੇ ਅਨੁਕੂਲ ਹੋਣ ਅਤੇ ਜਿਨ੍ਹਾਂ ਦੇ ਬਹੁਤ ਸਾਰੇ ਲਾਭ ਵੀ ਹੋਣ।

ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਲਸਣ ਅਤੇ ਮਹੋਗਨੀ ਪੌਦੇ ਉਗਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਇਸਦੀ ਸੰਭਾਵਨਾ ਨੂੰ ਪਹਿਚਾਣਨ ਅਤੇ ਆਪਣੇ ਚੰਗੇ ਭਵਿੱਖ ਲਈ ਇਸ ਵਿੱਚ ਨਿਵੇਸ਼ ਕਰਨ।

ਕਿਸਾਨਾਂ ਲਈ ਸੰਦੇਸ਼-
ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੋਨੋਂ ਹੀ ਇਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਜੈਵਿਕ ਖੇਤੀ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ, ਤਾਂ ਹੀ ਉਹ ਜਿਊਂਦੇ ਰਹਿ ਸਕਦੇ ਹਨ ਅਤੇ ਧਰਤੀ ਨੂੰ ਰਹਿਣ ਲਈ ਬਿਹਤਰ ਜਗ੍ਹਾ ਬਣਾਇਆ ਜਾ ਸਕਦਾ ਹੈ।

ਗੁਰਰਾਜ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ, ਜਿਸ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਆਪਣੇ ਤਜ਼ਰਬੇ ਨੂੰ ਆਪਣੀ ਤਾਕਤ ਬਣਾਇਆ ਅਤੇ ਅਗਾਂਹਵਧੂ ਕਿਸਾਨ ਦੇ ਰੂਪ ਵਿੱਚ ਉੱਭਰਕੇ ਸਾਹਮਣੇ ਆਏ

ਇਹ ਦੇਖਿਆ ਗਿਆ ਹੈ ਕਿ ਭਾਰਤ ਵਿੱਚ ਆਮ ਤੌਰ ‘ਤੇ ਜ਼ਿਆਦਾਤਰ ਕਿਸਾਨ ਆਪਣੀਆਂ ਘਰੇਲੂ, ਆਰਥਿਕ ਅਤੇ ਹੋਰ ਮੁਸ਼ਕਿਲਾਂ ਦਾ ਸਾਹਮਣਾ ਸਬਰ ਅਤੇ ਮਿਹਨਤ ਨਾਲ ਕਰਨ ਦੀ ਬਜਾਏ, ਹਾਰ ਮੰਨ ਲੈਂਦੇ ਹਨ। ਇੱਥੋਂ ਤੱਕ ਕਿ ਕੁੱਝ ਕਿਸਾਨ ਤਾਂ ਆਤਮ-ਹੱਤਿਆ ਵਰਗੇ ਰਸਤੇ ਵੀ ਅਪਨਾਉਂਦੇ ਹਨ। ਪਰ ਅੱਜ ਅਸੀਂ ਇੱਕ ਅਜਿਹੇ ਕਿਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸਨੇ ਨਾ-ਕੇਵਲ ਆਪਣੀਆਂ ਘਰੇਲੂ ਅਤੇ ਆਰਥਿਕ ਔਕੜਾਂ ਦਾ ਸਾਹਮਣਾ ਕੀਤਾ, ਸਗੋਂ ਆਪਣੀ ਮਿਹਨਤ ਨਾਲ ਬਾਗਬਾਨੀ ਦੀ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰਕੇ ਉੱਚ-ਪੱਧਰ ਦੇ ਸਨਮਾਨ ਵੀ ਹਾਸਿਲ ਕੀਤੇ ਅਤੇ ਉਸ ਕਿਸਾਨ ਦਾ ਨਾਮ ਹੈ – ਗੁਰਰਾਜ ਸਿੰਘ ਵਿਰਕ, ਜੋ ਲਗਭਗ ਪਿਛਲੇ 30 ਸਾਲਾਂ ਤੋਂ ਕਿੰਨੂ ਦੀ ਖੇਤੀ ਕਰ ਰਹੇ ਹਨ।

ਗੁਰਰਾਜ ਸਿੰਘ ਜੀ ਦਾ ਜਨਮ 01 ਅਕਤੂਬਰ 1954 ਨੂੰ ਇੱਕ ਆਮ ਕਿਸਾਨ ਪਰਿਵਾਰ ਵਿੱਚ ਹੋਇਆ ਅਤੇ ਉਹ ਮੁਹੱਲਾ ਸੁਰਗਾਪੁਰੀ, ਕੋਟਕਪੂਰਾ(ਜ਼ਿਲ੍ਹਾ ਫਰੀਦਕੋਟ) ਦੇ ਨਿਵਾਸੀ ਹਨ। ਭਾਵੇਂ ਉਹ ਖੁਦ ਬਾਰ੍ਹਵੀਂ ਤੱਕ ਹੀ ਪੜ੍ਹੇ ਸਨ, ਪਰ ਉਨ੍ਹਾਂ ਨੇ ਆਪਣੀ ਹਿੰਮਤ ਅਤੇ ਆਤਮ-ਵਿਸ਼ਵਾਸ ਸਦਕਾ ਨਾ-ਕੇਵਲ ਬਾਗਬਾਨੀ ਦੇ ਖੇਤਰ ਵਿੱਚ ਇੱਕ ਸਫ਼ਲ ਮੁਕਾਮ ਹਾਸਿਲ ਕੀਤਾ, ਸਗੋਂ ਆਪਣੇ ਕੰਮ ਨੂੰ ਆਸਾਨ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਦੇਸੀ ਤਰੀਕੇ ਨਾਲ ਕਈ ਮਸ਼ੀਨਾਂ ਦੀਆਂ ਕਾਢਾਂ ਵੀ ਕੀਤੀਆਂ। ਪਰ ਉਨ੍ਹਾਂ ਨੂੰ ਇਹ ਮੁਕਾਮ ਹਾਸਿਲ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ।

ਜੀਵਨ ਦਾ ਮੁੱਢਲਾ ਸੰਘਰਸ਼
ਸ਼ੁਰੂਆਤੀ ਸਮੇਂ ਵਿੱਚ ਉਹ ਨਰਮੇ ਦੀ ਖੇਤੀ ਕਰਦੇ ਸਨ, ਇਸ ਫ਼ਸਲ ‘ਤੇ ਬਿਮਾਰੀਆਂ ਦਾ ਹਮਲਾ ਵਧੇਰੇ ਹੋਣ ਕਾਰਨ 1990 ਵਿੱਚ ਉਨ੍ਹਾਂ ਨੂੰ ਇਸਦੀ ਖੇਤੀ ਬੰਦ ਕਰਨੀ ਪਈ, ਕਿਉਂਕਿ ਆੜ੍ਹਤੀਆਂ ਅਤੇ ਬੈਂਕਾਂ ਦਾ ਕਰਜ਼ਾ ਦਿਨੋ-ਦਿਨ ਵੱਧਦਾ ਜਾ ਰਿਹਾ ਸੀ। ਫਿਰ ਉਨ੍ਹਾਂ ਨੇ ਗੰਨੇ ਦੀ ਖੇਤੀ ਸ਼ੁਰੂ ਕੀਤੀ, ਪਰ ਕੁੱਝ ਸਮੇਂ ਬਾਅਦ ਫਰੀਦਕੋਟ ਗੰਨਾ ਮਿਲ ਬੰਦ ਹੋਣ ਕਾਰਨ ਇਸ ਵਿੱਚ ਵੀ ਮੁਨਾਫਾ ਨਾ ਰਿਹਾ। ਇਸ ਤੋਂ ਬਾਅਦ ਉਨ੍ਹਾਂ ਝੋਨੇ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਪਰ ਇਸ ਵਿੱਚ ਵੀ ਜ਼ਿਆਦਾ ਫਾਇਦਾ ਨਹੀਂ ਸੀ, ਕਿਉਂਕਿ ਧਰਤੀ ਹੇਠਲਾ ਪਾਣੀ ਸਿੰਚਾਈ-ਯੋਗ ਨਹੀਂ ਸੀ।

ਜ਼ਿੰਦਗੀ ਵਿੱਚਲਾ ਅਹਿਮ ਮੋੜ
ਆਖਿਰ ਉਨ੍ਹਾਂ ਨੇ 1983 ਵਿੱਚ ਬਾਗਬਾਨੀ ਵਿਭਾਗ, ਫਰੀਦਕੋਟ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਸਿਖਲਾਈ ਹਾਸਿਲ ਕੀਤੀ ਅਤੇ ਕਿੰਨੂ ਦਾ ਬਾਗ ਲਾਇਆ। ਬਾਗ ਲਾਏ ਨੂੰ ਅਜੇ ਦੋ ਸਾਲ ਵੀ ਨਹੀਂ ਹੋਏ ਸਨ ਕਿ ਉਨ੍ਹਾਂ ਦੇ ਪਿਤਾ (ਸ. ਸਵਰਨ ਸਿੰਘ) ਚਲਾਣਾ ਕਰ ਗਏ, ਜਿਸ ਨਾਲ ਪੂਰੇ ਪਰਿਵਾਰ ਦੇ ਹੌਂਸਲੇ ਨੂੰ ਬੜੀ ਡੂੰਘੀ ਸੱਟ ਵੱਜੀ। ਹਾਲਾਂਕਿ ਇਸ ਵਿੱਚ ਕਾਫੀ ਸਮਾਂ ਲੱਗਾ, ਪਰ ਉਨ੍ਹਾਂ ਨੇ ਸਬਰ, ਮਿਹਨਤ ਅਤੇ ਵਿਸ਼ਵਾਸ ਨਾਲ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਂਦਾ। ਅਜੇ ਪਰਿਵਾਰ ਪਿਛਲੇ ਦੁੱਖਾਂ ਨੂੰ ਵੀ ਭੁੱਲ ਨਹੀਂ ਸੀ ਸਕਿਆ 1999 ਵਿੱਚ ਉਨ੍ਹਾਂ ਦੀ ਮਾਤਾ (ਮੋਹਿੰਦਰ ਕੌਰ) ਜੀ ਵੀ ਸਵਰਗ ਸਿਧਾਰ ਗਏ ਅਤੇ ਪਰਿਵਾਰ ਇੱਕ ਵਾਰ ਫਿਰ ਸਦਮੇ ਵਿੱਚ ਚਲਾ ਗਿਆ। ਪਰ ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਆਪਣੀ ਮਿਹਨਤ ਅਤੇ ਕੰਮ ਨੂੰ ਜਾਰੀ ਰੱਖਿਆ।

ਮਿਹਨਤ ਦਾ ਫਲ
ਕਿਹਾ ਜਾਂਦਾ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ, ਇਸੇ ਤਰ੍ਹਾਂ ਕਿੰਨੂ ਦੇ ਬਾਗ ਨੇ ਫਲ ਦੇਣੇ ਸ਼ੁਰੂ ਕੀਤੇ, ਤਾਂ ਚੰਗੇ ਦਿਨ ਵਾਪਸ ਆਉਣ ਲੱਗੇ। ਇਸ ਮੁਨਾਫੇ ਤੋਂ ਪ੍ਰਾਪਤ ਹੋਏ ਪੈਸਿਆਂ ਨੂੰ ਉਨ੍ਹਾਂ ਵਿਅਰਥ ਨਹੀਂ ਖਰਚਿਆ, ਸਗੋਂ ਬੜੀ ਸੂਝ-ਬੂਝ ਨਾਲ ਬਾਗ ਦਾ ਖੇਤਰ ਵਧਾਇਆ ਅਤੇ ਡੂੰਘਾ ਟਿਊਬਵੈੱਲ ਵੀ ਲਗਵਾਇਆ। ਹੁਣ ਪਾਣੀ ਸਿੰਚਾਈ-ਯੋਗ ਹੋਣ ਕਰਕੇ ਝੋਨੇ ਵਿੱਚ ਵੀ ਮੁਨਾਫ਼ਾ ਹੋਣ ਲੱਗਾ। ਉਨ੍ਹਾਂ 2.5 ਏਕੜ ਵਿੱਚ ਅੰਗੂਰਾਂ ਦਾ ਬਾਗ ਵੀ ਲਾਇਆ, ਜੋ ਲਗਭੱਗ ਇੱਕ ਲੱਖ ਪ੍ਰਤੀ ਏਕੜ ਦੀ ਆਮਦਨ ਦਿੰਦਾ ਸੀ।

ਪਰ ਸਫ਼ਲਤਾ ਦਾ ਰਸਤਾ ਇੰਨਾ ਵੀ ਅਸਾਨ ਨਹੀਂ ਹੁੰਦਾ ਅਤੇ ਬਾਗ ਲਾਉਣ ਤੋਂ 15 ਸਾਲ ਬਾਅਦ ਸਿਉਂਕ ਦੇ ਗੰਭੀਰ ਹਮਲੇ ਕਾਰਨ ਪੂਰਾ ਬਾਗ ਪੁੱਟਣਾ ਪਿਆ। ਪਰ ਫਿਰ ਵੀ ਉਨ੍ਹਾਂ ਹਾਰ ਨਾ ਮੰਨੀ ਅਤੇ ਕਿੰਨੂ ਦੇ ਨਾਲ-ਨਾਲ ਕਣਕ ਝੋਨੇ ਦੀ ਖੇਤੀ ਨੂੰ ਅੱਗੇ ਵਧਾਇਆ।

ਖੇਤੀ ਦੇ ਆਧੁਨਿਕ ਢੰਗ
ਸ. ਵਿਰਕ ਜੀ ਮੌਜੂਦਾ ਸਮੇਂ ਦੀਆਂ ਆਧੁਨਿਕ ਤਕਨੀਕਾਂ ਨਾਲ ਅੱਪਡੇਟ ਰਹਿੰਦੇ ਹਨ ਅਤੇ ਲੋੜੀਂਦੀਆਂ ਤਕਨੀਕਾਂ ਨੂੰ ਆਪਣੇ ਖੇਤਾਂ ਵਿੱਚ ਲਾਗੂ ਵੀ ਕਰਦੇ ਹਨ। ਅੱਜ ਉਨ੍ਹਾਂ ਕੋਲ ਕੁੱਲ 41 ਏਕੜ ਜ਼ਮੀਨ ਹੈ, ਜਿਸ ਵਿੱਚੋਂ ਉਹ 21 ਏਕੜ ਵਿੱਚ ਕਿੰਨੂ ਅਤੇ 20 ਏਕੜ ਵਿੱਚ ਕਣਕ-ਝੋਨੇ ਦੀ ਖੇਤੀ ਕਰਦੇ ਹਨ। ਉਨ੍ਹਾਂ ਦੇ ਬਾਗ ਵਿੱਚ ਕਿੰਨੂ ਦੇ ਪੌਦਿਆਂ ਤੋਂ ਇਲਾਵਾ ਵਿੱਚ ਕਿਤੇ-ਕਿਤੇ ਕੁੱਝ ਪੌਦੇ ਨਿੰਬੂ, ਗਰੇਪ ਫਰੂਟ, ਮੌਸੰਮੀ, ਮਾਲਟਾ ਰੈਡ, ਮਾਲਟਾ ਜਾਫਾ, ਨਾਗਪੁਰੀ ਸੰਗਤਰਾ, ਨਰੰਗੀ, ਆਲੂ ਬੁਖਾਰਾ, ਅਨਾਰ, ਅੰਗੂਰ, ਅਮਰੂਦ, ਆਂਵਲਾ, ਜਾਮਨ, ਫਾਲਸਾ, ਚੀਕੂ ਆਦਿ ਦੇ ਵੀ ਲੱਗੇ ਹਨ। ਉਹ ਪਾਣੀ ਦੀ ਬੱਚਤ ਲਈ ਬਾਗ ਵਿੱਚ ਤੁਪਕਾ ਸਿੰਚਾਈ ਅਤੇ ਗਰਮੀਆਂ ਵਿੱਚ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਲਈ ਮਲਚਿੰਗ ਤਕਨੀਕ ਦੀ ਵਰਤੋਂ ਕਰਦੇ ਹਨ। ਉਹ ਕੁਦਰਤੀ ਸ੍ਰੋਤਾਂ ਦੀ ਸਾਂਭ-ਸੰਭਾਲ ਵਿੱਚ ਪੂਰੀ ਤਰ੍ਹਾਂ ਨਿਪੁੰਨ ਹਨ। ਜ਼ਿਆਦਾਤਰ ਕਿੰਨੂ ਦੇ ਨਵੇਂ ਪੌਦਿਆਂ ਵਾਲੀ ਮਿੱਟੀ ਦੇ ਉਪਜਾਊਪਨ ਨੂੰ ਠੀਕ ਰੱਖਣ ਲਈ ਉਹ ਹਮੇਸ਼ਾ ਹਰੀ ਖਾਦ ਦੇ ਪੱਖ ਵਿੱਚ ਬੋਲਦੇ ਹਨ। ਉਹ ਰਿਵਾਇਤੀ ਢੰਗ ਦੇ ਨਾਲ-ਨਾਲ ਜ਼ਿਆਦਾ ਘਣਤਾ ਵਾਲੇ ਤਰੀਕੇ ਨਾਲ ਵੀ ਕਿੰਨੂ ਦੀ ਖੇਤੀ ਕਰਦੇ ਹਨ।

ਕਾਢਾਂ ਅਤੇ ਰਚਨਾਵਾਂ
ਆਪਣੇ ਕੰਮ ਨੂੰ ਹੋਰ ਸੁਖਾਲਾ ਬਣਾਉਣ ਲਈ ਉਨ੍ਹਾਂ ਨੇ ਬਹੁਤ ਸਾਰੀਆਂ ਕਾਢਾਂ ਵੀ ਕੀਤੀਆਂ। ਉਨ੍ਹਾਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਬਣਾਈਆਂ, ਜੋ ਜ਼ਿਆਦਾ ਉੱਚ-ਪੱਧਰ ਦੀਆਂ ਜਾਂ ਮਹਿੰਗੀਆਂ ਨਹੀਂ, ਸਗੋਂ ਸਧਾਰਨ ਅਤੇ ਦੇਸੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ। ਇਹ ਮਸ਼ੀਨਾਂ ਪੈਸਾ ਅਤੇ ਸਮਾਂ ਦੋਨਾਂ ਨੂੰ ਬਚਾਉਂਦੀਆਂ ਹਨ। ਉਨ੍ਹਾਂ ਨੇ ਇੱਕ ਦੇਸੀ ਸਪਰੇਅ ਪੰਪ ਅਤੇ ਰੁੱਖ ਦੀ ਕਟਾਈ-ਛਟਾਈ ਵਾਲਾ ਯੰਤਰ ਤਿਆਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਕਿੰਨੂ ਦੀ ਸਫ਼ਾਈ ਅਤੇ ਗ੍ਰੇਡਿੰਗ ਵਾਲੀ ਮਸ਼ੀਨ ਵੀ ਤਿਆਰ ਕੀਤੀ, ਜੋ ਇੱਕ ਘੰਟੇ ਵਿੱਚ 2 ਟਨ ਤੱਕ ਕਿੰਨੂ ਸਾਫ਼ ਕਰਦੀ ਹੈ। 2 ਟਨ ਫਲ ਸਾਫ਼ ਕਰਨ ਅਤੇ ਛਾਂਟਣ ਵਿੱਚ ਉਨ੍ਹਾਂ ਦਾ ਸਿਰਫ਼ 125 ਰੁਪਏ ਤੱਕ ਦਾ ਖਰਚਾ ਆਉਂਦਾ ਹੈ, ਜਦਕਿ ਹੱਥੀਂ ਇਸ ਕੰਮ ਨੂੰ ਕਰਨ ਵਿੱਚ 1000 ਰੁਪਏ ਤੱਕ ਦਾ ਖ਼ਰਚਾ ਆਉਂਦਾ ਹੈ। ਮਕੈਨੀਕਲ ਤਰੀਕੇ ਨਾਲ ਛਾਂਟੇ ਫਲਾਂ ਦਾ ਮਾਰਕੀਟ ਵਿੱਚ ਵੀ ਵਧੀਆ ਮੁੱਲ ਮਿਲਦਾ ਹੈ।

ਉੱਪਰ ਦੱਸੀਆਂ ਕਾਢਾਂ ਤੋਂ ਇਲਾਵਾ ਗੁਰਰਾਜ ਸਿੰਘ ਜੀ ਨੇ ਸਾਹਿਤ ਕਲਾ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿੰਨੂ ਦੀ ਖੇਤੀ ‘ਤੇ 7 ਮਸ਼ਹੂਰ ਲੇਖ ਅਤੇ ਇੱਕ ਕਿਤਾਬ ਵੀ ਲਿਖੀ।

ਪ੍ਰਾਪਤੀਆਂ
ਸ. ਗੁਰਰਾਜ ਸਿੰਘ ਜੀ ਨੂੰ ਉਨ੍ਹਾਂ ਦੀ ਮਿਹਨਤ ਅਤੇ ਸਫ਼ਲਤਾ ਲਈ ਬਹੁਤ ਸਾਰੇ ਸਮਾਰੋਹਾਂ ਵਿੱਚ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਕੁੱਝ ਪ੍ਰਾਪਤੀਆਂ ਹੇਠ ਲਿਖੇ ਅਨੁਸਾਰ ਹਨ:

•ਉਨ੍ਹਾਂ ਦੇ ਕਿੰਨੂਆਂ ਨੂੰ ਰਾਜ ਅਤੇ ਜ਼ਿਲ੍ਹਾ ਪੱਧਰ ‘ਤੇ ਵੀ ਬਹੁਤ ਸਾਰੇ ਇਨਾਮ ਮਿਲੇ ਹਨ। ਉਨ੍ਹਾਂ ਨੂੰ 2010-11 ਅਤੇ 2011-12 ਸਾਲ ਲਈ ਸਰਵੋਤਮ ਕਿੰਨੂ ਉਗਾਉਣ ਵਾਲੇ ਕਿਸਾਨ ਦੇ ਤੌਰ ‘ਤੇ ਰਾਸ਼ਟਰੀ ਬਾਗਬਾਨੀ ਬੋਰਡ ਵੱਲੋਂ ਸਨਮਾਨਿਤ ਕੀਤਾ ਗਿਆ।

•ਮਾਰਚ 2012 ਵਿੱਚ ਮਾਸਿਕ ਖੇਤੀਬਾੜੀ ਮੈਗਜ਼ੀਨ “ਐਡਵਾਈਜ਼ਰ” ਵੱਲੋਂ ਲਗਾਏ ਮੇਲੇ ਵਿੱਚ ਵੀ ਸਨਮਾਨਿਤ ਕੀਤਾ।

•ਗੁਰਰਾਜ ਸਿੰਘ ਜੀ ਨੇ ਉਚੇਰੀ ਕਮੇਟੀਆਂ ਜਿਵੇਂ ਕਿ ਪੀ.ਏ.ਯੂ. ਦੀ ਫਲ ਅਤੇ ਸਬਜ਼ੀਆਂ ਉਗਾਊ ਸਲਾਹਕਾਰ ਕਮੇਟੀ’ ਅਤੇ ‘ਮਾਲਵਾ ਫਲ ਅਤੇ ਸਬਜ਼ੀਆਂ ਉਗਾਊ ਕਮੇਟੀ’ ਵਿੱਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ।

•ਬਹੁਤ ਸਾਰੇ ਵਿਭਾਗਾਂ ਵੱਲੋਂ ਕਿਸਾਨਾਂ ਨੂੰ ਵਿਰਕ ਜੀ ਦੇ ਖੇਤਾਂ ਵਿੱਚ ਸਫ਼ਲਤਾ ਦੇ ਢੰਗਾਂ ਦੀ ਜਾਣਕਾਰੀ ਦੇਣ ਲਈ ਲਿਜਾਇਆ ਜਾਂਦਾ ਹੈ।

•ਗੁਰਰਾਜ ਸਿੰਘ ਜੀ ਨੇ ਜ਼ਿਲ੍ਹੇ ਵਿੱਚ ਲਗਭੱਗ 150 ਏਕੜ ਵਿੱਚ ਕਿਸਾਨਾਂ ਦੀ ਕਿੰਨੂ ਦੀ ਖੇਤੀ ਵਿੱਚ ਮਦਦ ਕੀਤੀ।

ਉਹ ਕਿੰਨੂ ਉਤਪਾਦਨ ਵਿੱਚ ਸਫ਼ਲ ਹੋਣ ਅਤੇ ਆਪਣੀਆਂ ਇਨ੍ਹਾਂ ਪ੍ਰਾਪਤੀਆਂ ਲਈ ਕੇ.ਵੀ.ਕੇ. ਫਰੀਦਕੋਟ ਅਤੇ ਰਾਜ ਬਾਗਬਾਨੀ ਵਿਭਾਗ ਤੋਂ ਪ੍ਰਾਪਤ ਸਿਖਲਾਈਆਂ ਲਈ ਬਹੁਤ ਧੰਨਵਾਦੀ ਹਨ।

ਪਰਿਵਾਰਿਕ ਜੀਵਨ
ਸ. ਵਿਰਕ ਜੀ ਨੇ ਬਹੁਤ ਸਾਰੀਆਂ ਮੁਸ਼ਕਿਲਾਂ ਅਤੇ ਘੱਟ ਪੜ੍ਹਾਈ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਦੀਆਂ ਪ੍ਰਾਪਤੀਆਂ ਹਾਸਿਲ ਕੀਤੀਆਂ। ਅੱਜ ਇਹੀ ਸਭ ਕੁੱਝ ਉਨ੍ਹਾਂ ਦੇ ਬੱਚੇ ਵੀ ਕਰਕੇ ਦਿਖਾ ਰਹੇ ਹਨ ਅਤੇ ਉੱਚ-ਪੱਧਰ ਦੇ ਨੌਕਰੀ-ਪੇਸ਼ੇ ਵਾਲੇ ਹਨ। ਉਨ੍ਹਾਂ ਦੀ ਪਤਨੀ (ਜਗਮੀਤ ਕੌਰ) ਘਰੇਲੂ ਕੰਮ-ਕਾਜੀ ਔਰਤ ਹੈ। ਉਨ੍ਹਾਂ ਦੇ ਪੰਜਾਂ ਬੱਚਿਆਂ ਵਿੱਚੋਂ ਚਾਰ (ਇੱਕ ਪੁੱਤਰ ਕਨੇਡਾ ਵਿੱਚ ਇੰਜੀਨਿਅਰ, ਇੱਕ ਪੁੱਤਰ ਅਮਰੀਕਾ ਵਿੱਚ ਡਾਕਟਰ, ਇੱਕ ਧੀ ਕਨੇਡਾ ਅਤੇ ਦੂਜੀ ਧੀ ਪੰਜਾਬ ਵਿੱਚ ਡਾਕਟਰ ਹੈ ਅਤੇ ਇੱਕ ਧੀ ਕਨੇਡਾ ਵਿੱਚ ਨਰਸ ਹੈ। ਉਨ੍ਹਾਂ ਦੇ ਸਾਰੇ ਬੱਚੇ ਆਪਣੇ ਪਰਿਵਾਰਾਂ ਨਾਲ ਖੁਸ਼ੀ ਭਰਿਆ ਜੀਵਨ ਬਿਤਾ ਰਹੇ ਹਨ। ਗੁਰਰਾਜ ਸਿੰਘ ਜੀ ਅਕਸਰ ਆਪਣੇ ਬੱਚਿਆਂ ਨੂੰ ਮਿਲਣ ਕਨੇਡਾ ਅਤੇ ਅਮਰੀਕਾ ਜਾਂਦੇ ਰਹਿੰਦੇ ਹਨ।

ਹੋਰਨਾਂ ਕਿਸਾਨਾਂ ਲਈ ਸੰਦੇਸ਼-
ਕਿਸਾਨਾਂ ਨੂੰ ਛੋਟੇ-ਮੋਟੇ ਨੁਕਸਾਨਾਂ ਅਤੇ ਖੇਤੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਕਾਰਨ ਆਪਣਾ ਆਤਮ-ਵਿਸ਼ਵਾਸ ਨਹੀਂ ਟੁੱਟਣ ਦੇਣਾ ਚਾਹੀਦਾ ਅਤੇ ਹਾਰ ਨਹੀਂ ਮੰਨਣੀ ਚਾਹੀਦੀ। ਕਿਸਾਨਾਂ ਨੂੰ ਰਵਾਇਤੀ ਖੇਤੀ ਤੋਂ ਅਲੱਗ ਵੀ ਸੋਚਣਾ ਚਾਹੀਦਾ ਹੈ। ਖੇਤੀਬਾੜੀ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਖੇਤਰ ਹਨ, ਜਿਨ੍ਹਾਂ ਵਿੱਚ ਘੱਟ ਨਿਵੇਸ਼ ਨਾਲ ਵੀ ਵੱਧ ਮੁਨਾਫਾ ਲਿਆ ਜਾ ਸਕਦਾ ਹੈ। ਬਾਗਬਾਨੀ ਵੀ ਇੱਜ ਅਜਿਹਾ ਖੇਤਰ ਹੈ, ਜਿਸ ਵਿੱਚ ਕਿਸਾਨ ਅਸਾਨੀ ਨਾਲ ਲੱਖਾਂ ਦਾ ਮੁਨਾਫਾ ਲੈ ਸਕਦੇ ਹਨ, ਪਰ ਸ਼ੁਰੂਆਤੀ ਸਮੇਂ ਵਿੱਚ ਉਨ੍ਹਾਂ ਨੂੰ ਸਬਰ ਰੱਖਣ ਦੀ ਲੋੜ ਹੁੰਦੀ ਹੈ। ਮੈਂ ਖੁਦ ਵੀ ਬਾਗਬਾਨੀ ਦੇ ਖੇਤਰ ਵਿੱਚ ਹੀ ਮਿਹਨਤ ਕਰਕੇ ਅੱਜ ਵਧੀਆ ਮੁਨਾਫਾ ਲੈ ਰਿਹਾ ਹਾਂ ਅਤੇ ਭਵਿੱਖ ਵਿੱਚ ਹੀ ਇਹੀ ਚਾਹੁੰਦਾ ਹਾਂ ਕਿ ਕਿਸਾਨ ਬਾਗਾਬਨੀ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਅਪਨਾਉਣ ਅਤੇ ਬਾਗਬਾਨੀ ਨੂੰ ਵੀ ਅੱਗੇ ਵਧਾਉਣ।

ਕਮਲਾ ਸ਼ੌਕੀਨ

ਪੂਰੀ ਕਹਾਣੀ ਪੜ੍ਹੋ

ਇੱਕ ਮਹਿਲਾ ਦੀ ਪ੍ਰੇਰਣਾਸ੍ਰੋਤ ਕਹਾਣੀ, ਜਿਸਨੇ ਆਪਣੀ ਰਿਟਾਇਰਮੈਂਟ(ਸੇਵਾ-ਮੁਕਤੀ) ਤੋਂ ਬਾਅਦ ਖੁਦ ਦਾ ਉੱਦਮੀ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਸ ਕਾਰੋਬਾਰ ਵਿੱਚ ਸਫ਼ਲ ਹੈ

ਭਾਰਤ ਵਿੱਚ, ਜਦੋਂ ਇੱਕ ਮਨੁੱਖ ਸੇਵਾ-ਮੁਕਤੀ ਵਾਲੀ ਉਮਰ ‘ਤੇ ਪਹੁੰਚਦਾ ਹੈ, ਤਾਂ ਉਸਦੀ ਉਮਰ ਲਗਭਗ 60 ਸਾਲ ਹੁੰਦੀ ਹੈ ਅਤੇ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਸੇਵਾ-ਮੁਕਤੀ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਕਿਉਂਕਿ ਹਰ ਕਿਸੇ ਦੇ ਆਪਣੇ ਸੇਵਾ-ਮੁਕਤੀ ਦੇ ਸਮੇਂ ਲਈ ਵੱਖ-ਵੱਖ ਸੁਪਨੇ ਹੁੰਦੇ ਹਨ। ਕੁੱਝ ਲੋਕ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹਨ, ਕੁੱਝ ਲੋਕ ਆਰਾਮ ਅਤੇ ਸ਼ਾਂਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਅਤੇ ਕੁੱਝ ਲੋਕ ਪ੍ਰਮਾਤਮਾ ਦੀ ਭਗਤੀ ਦਾ ਰਸਤਾ ਚੁਣਦੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਸੇਵਾ-ਮੁਕਤੀ ਤੋਂ ਬਾਅਦ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਚੁਣਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦੂਜੀ ਨੌਕਰੀ ਦੀ ਤਰ੍ਹਾਂ ਪੂਰਾ ਕਰਦੇ ਹਨ। ਕਮਲਾ ਸ਼ੌਕੀਨ ਜੀ ਵੀ ਅਜਿਹੀ ਇੱਕ ਮਹਿਲਾ ਹਨ, ਜਿਨ੍ਹਾਂ ਨੇ ਸੇਵਾ-ਮੁਕਤੀ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ।

ਕਮਲਾ ਸ਼ੌਕੀਨ ਜੀ ਆਤਮਿਕ ਤੌਰ ‘ਤੇ ਅਜੇ ਵੀ ਜਵਾਨ ਹਨ ਅਤੇ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ। ਪਰ ਰਿਟਾਇਰ ਹੋਣ ਤੋਂ ਪਹਿਲਾਂ ਉਹ 39 ਸਾਲਾਂ ਤੱਕ ਸਰਕਾਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਸਨ। ਉਨ੍ਹਾਂ ਨੂੰ ਆਚਾਰ ਬਣਾਉਣ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਸੀ, ਇਸ ਲਈ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਇਸ ਸ਼ੌਂਕ ਨੂੰ ਕਾਰੋਬਾਰ ਵਿੱਚ ਬਦਲਣ ਬਾਰੇ ਸੋਚਿਆ ਅਤੇ ਉਹ ਅੱਜ ਕਮਲ ਆਚਾਰ ਦੇ ਬ੍ਰੈਂਡ ਹੇਠਾਂ ਆਪਣਾ ਸਫ਼ਲ ਆਚਾਰ ਦਾ ਕਾਰੋਬਾਰ ਚਲਾ ਰਹੇ ਹਨ।

ਕਮਲਾ ਸ਼ੌਕੀਨ ਜੀ ਨੇ ਆਪਣਾ ਆਚਾਰ ਦਾ ਕਾਰੋਬਾਰ 7 ਸਾਲ ਪਹਿਲਾਂ 2010 ਵਿੱਚ ਅਧਿਆਪਕ ਦੇ ਪੇਸ਼ੇ ਤੋਂ ਰਿਟਾਇਰ ਹੋਣ ਤੋਂ ਬਾਅਦ ਸ਼ੁਰੂ ਕੀਤਾ। ਆਪਣੇ ਆਚਾਰ ਦੇ ਕਾਰੋਬਾਰ ਨੂੰ ਹੋਰ ਵਿਹਾਰਿਕ ਬਣਾਉਣ ਲਈ ਉਨ੍ਹਾਂ ਨੇ ਕੰਮਕਾਜੀ ਮਹਿਲਾ ਕੁਟੀਰ ਉਦਯੋਗ ਹੇਠਾਂ ਪੂਸਾ ਦੀ ਸ਼ਾਖਾ-ਕੇ ਵੀ ਕੇ ਉਜਵਾ ਤੋਂ ਆਚਾਰ ਬਣਾਉਣ ਦੀ ਟ੍ਰੇਨਿੰਗ ਹਾਸਿਲ ਕੀਤੀ। ਉੱਥੋਂ ਪ੍ਰਮਾਣ-ਪੱਤਰ ਹਾਸਿਲ ਕਰਨ ਤੋਂ ਬਾਅਦ ਉਸਨੇ ਪਿੰਡ ਡਿਚਾਓਂ ਕਲਾਂ, ਜੋ ਕਿ ਨਜ਼ਫਗੜ੍ਹ ਜ਼ਿਲ੍ਹੇ ਵਿੱਚ ਪੈਂਦਾ ਹੈ, ਦੀਆਂ ਲੋੜਵੰਦ ਅਤੇ ਗਰੀਬ ਮਹਿਲਾਵਾਂ ਨੂੰ ਆਚਾਰ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਇਕੱਠਾ ਕੀਤਾ। ਅੱਜ ਉਨ੍ਹਾਂ ਦੇ ਫਲਾਂ ਦਾ ਫਾਰਮ 2.75 ਏਕੜ ਦੀ ਜ਼ਮੀਨ ਤੱਕ ਫੈਲ ਚੁੱਕਾ ਹੈ, ਜਿਸ ਵਿੱਚ ਉਹ ਆਚਾਰ ਬਣਾਉਣ ਲਈ ਬੇਰ, ਕਰੋਂਦਾ, ਆਮਲਾ, ਜਾਮੁਨ ਅਤੇ ਅਮਰੂਦ ਆਦਿ ਉਗਾਉਂਦੇ ਹਨ। ਉਹ ਖੇਤ ਦਾ ਸਾਰਾ ਕੰਮ ਕੁੱਝ ਕਾਮਿਆਂ ਦੀ ਸਹਾਇਤਾ ਨਾਲ ਖੁਦ ਹੀ ਸੰਭਾਲਦੇ ਹਨ। ਪੌਦਿਆਂ ਤੋਂ ਵਧੀਆ ਪੈਦਾਵਾਰ ਲੈਣ ਲਈ ਉਹ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦੇ। ਉਹ ਕੇਵਲ ਗੰਡੋਆ ਖਾਦ ਦੀ ਹੀ ਵਰਤੋਂ ਕਰਦੇ ਹਨ।

ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸ਼ਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਕਿ ਉਹ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਦਾ ਹੈ।

ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਮਹਿਸੂਸ ਨਹੀਂ ਕੀਤਾ ਕਿ ਉਹ ਜੋ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪਤੀ ਸ਼੍ਰੀ ਮੂਲਚੰਦ ਸ਼ੌਕੀਨ ਜੀ ਡੀ.ਏ. ਤੋਂ ਰਿਟਾਇਰਡ ਨਿਰਦੇਸ਼ਕ ਹਨ। ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ‘ਚੋਂ ਇੱਕ ਪਾਇਲਟ ਅਤੇ ਦੂਜਾ ਇੰਜੀਨੀਅਰ ਹੈ, ਇੱਕ ਬੇਟੀ ਪੇਸ਼ੇ ਤੋਂ ਡਾਕਟਰ ਹੈ ਅਤੇ ਦੋਨੋਂ ਨੂੰਹਾਂ ਅਧਿਆਪਿਕਾ ਹਨ ਅਤੇ ਇਹ ਸਭ ਉਨ੍ਹਾਂ ਦੇ ਕਾਰੋਬਾਰ ਵਿੱਚ ਸਹਿਯੋਗ ਦਿੰਦੇ ਹਨ।

ਇਸ ਸਮੇਂ ਉਹ 69 ਸਾਲ ਦੇ ਹਨ, ਪਰ ਆਪਣੇ ਸ਼ੌਂਕ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਰਿਟਾਇਰਮੈਂਟ ਤੋਂ ਬਾਅਦ ਦੇ ਪਹਿਲੇ ਦਿਨ ਵਾਂਗ ਹੀ ਹੈ। ਕਮਲਾ ਸ਼ੌਕੀਨ ਨੇ ਹਮੇਸ਼ਾ ਆਪਣੇ ਅਧਿਆਪਨ ਦੇ ਕਾਰਜ-ਕਾਲ ਅਤੇ ਆਚਾਰ ਦੇ ਕਾਰੋਬਾਰ ਵਿੱਚ ਪੂਰੇ ਯਤਨ ਕੀਤੇ। ਸਕੂਲ ਵਿੱਚ ਉਨ੍ਹਾਂ ਨੂੰ ਅਧਿਆਪਨ ਲਈ ‘ਬੈਸਟ ਟੀਚਰ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਚਾਰ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੂਸਾ ਦੁਆਰਾ ਉੱਤਮ ਆਚਾਰ ਦੀ ਕੁਆਲਿਟੀ ਲਈ ਵੀ ਸਨਮਾਨਿਤ ਕੀਤਾ ਗਿਆ।

ਆਮ ਤੌਰ ‘ਤੇ ਉਹ ਆਪਣੇ ਹੱਥੀਂ ਤਿਆਰ ਆਚਾਰ ਨੂੰ ਵੇਚਣ ਲਈ ਸੰਮੇਲਨਾਂ, ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਾਂਦੇ ਹਨ, ਪਰ ਆਪਣੇ ਉਤਪਾਦ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲੀ ਹੈ। ਉਹ ਸਭ ਤੋਂ ਜ਼ਿਆਦਾ ਪ੍ਰਗਤੀ ਮੈਦਾਨ ਅਤੇ ਪੂਸਾ ਮੇਲਿਆਂ ਵਿੱਚ ਜਾਂਦੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਵੇਚ ਕੇ ਸਭ ਤੋਂ ਜ਼ਿਆਦਾ ਲਾਭ ਕਮਾਉਂਦੇ ਹਨ। ਇੱਕ ਸਾਲ ਵਿੱਚ ਉਹ 60-70 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦੇ ਹਨ ਅਤੇ ਭਵਿੱਖ ਵਿੱਚ ਆਪਣੇ ਆਚਾਰ ਦੇ ਕਾਰੋਬਾਰ ਵਿੱਚ ਹੋਰ ਕਿਸਮਾਂ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਵੇਂ ਕਿ ਅੰਬ ਅਤੇ ਨਿੰਬੂ ਆਦਿ। ਜਦੋਂ ਵੀ ਕੋਈ ਵਿਅਕਤੀ ਆਚਾਰ ਬਣਾਉਣ ਸੰਬੰਧੀ ਸਲਾਹ ਲੈਣ ਆਉਂਦਾ ਹੈ, ਤਾਂ ਉਹ ਉਨ੍ਹਾਂ ਨੂੰ ਕਦੇ ਮਨ੍ਹਾਂ ਨਹੀਂ ਕਰਦੇ ਅਤੇ ਹਮੇਸ਼ਾ ਚੰਗਾ ਅਤੇ ਸਹੀ ਸੁਝਾਅ ਦਿੰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੂਸਾ ਤੋਂ ਟ੍ਰੇਨਿੰਗ ਲੈ ਰਹੇ ਕਈ ਲੋਕਾਂ ਨੂੰ ਸੁਝਾਅ ਦਿੱਤੇ ਹਨ, ਤਾਂ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਕਮਲਾ ਸ਼ੌਕੀਨ ਜੀ ਦੁਆਰਾ ਦਿੱਤਾ ਗਿਆ ਸੰਦੇਸ਼
ਸਾਰਾ ਦਿਨ ਕੁਰਸੀ ‘ਤੇ ਬੈਠ ਕੇ ਕੁੱਝ ਨਾ ਕਰਨ ਤੋਂ ਚੰਗਾ ਹੈ, ਖੁਦ ਨੂੰ ਉਪਯੋਗੀ ਬਣਾਉਣਾ। ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਆਚਾਰ ਬਣਾਉਣ ਦਾ ਸ਼ੌਂਕ ਸੀ ਅਤੇ ਮੈਂ ਘਰ ਵਿਹਲੇ ਬੈਠ ਕੇ ਅੱਕਣਾ ਨਹੀਂ ਚਾਹੁੰਦੀ ਸੀ। ਆਪਣੇ ਆਚਾਰ ਦੇ ਕਾਰੋਬਾਰ ਨਾਲ ਮੈਂ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਸਮਰਥਨ ਵੀ ਕਰਦੀ ਹਾਂ। ਮੇਰੇ ਅਨੁਸਾਰ, ਹਰ ਮਹਿਲਾ ਨੂੰ ਆਪਣੀ ਕਲਾ ਅਤੇ ਸ਼ੌਂਕ ਦੀ ਵਰਤੋਂ ਵਿਆਹ ਤੋਂ ਬਾਅਦ ਵੀ ਖੁਦ ਨੂੰ ਆਤਮ-ਨਿਰਭਰ ਬਣਾਉਣ ਲਈ ਕਰਨੀ ਚਾਹੀਦੀ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਿੱਖਿਆ ਪੂਰੀ ਕਰਨੀ ਚਾਹੀਦੀ ਹੈ।

ਰੱਤੀ ਰਾਮ

ਪੂਰੀ ਕਹਾਣੀ ਪੜ੍ਹੋ

ਇੱਕ ਉਮੀਦ ਦੀ ਕਿਰਨ ਜਿਸ ਨੇ ਰੱਤੀ ਰਾਮ ਜੀ ਦੀ ਖੇਤੀਬਾੜੀ ਨੂੰ ਇੱਕ ਲਾਭਦਾਇਕ ਉੱਦਮ ਵਿੱਚ ਬਦਲ ਦਿੱਤਾ

ਰੱਤੀ ਰਾਮ ਮੱਧ ਪ੍ਰਦੇਸ਼ ਦੇ ਹਿਨੋਤੀਆ ਪਿੰਡ ਦੇ ਇੱਕ ਸਾਧਾਰਣ ਸਬਜ਼ੀਆਂ ਉਗਾਉਣ ਵਾਲੇ ਕਿਸਾਨ ਹਨ। ਉੱਨਤ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਉਨ੍ਹਾਂ ਨੇ ਆਪਣਾ ਸਬਜ਼ੀਆਂ ਦਾ ਫਾਰਮ ਸਥਾਪਿਤ ਕੀਤਾ, ਜਿਸ ਨਾਲ ਉਹ ਅੱਜ ਕਰੋੜਾਂ ਦਾ ਲਾਭ ਕਮਾ ਰਹੇ ਹਨ। ਪਰ ਜੇਕਰ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਰੱਤੀ ਰਾਮ ਇੱਕ ਹਾਰੇ ਹੋਏ ਕਿਸਾਨ ਸਨ, ਜਿਨ੍ਹਾਂ ਦੇ ਲਈ ਜੁੱਤੀ ਖਰੀਦਣਾ ਵੀ ਮੁਸ਼ਕਿਲ ਸੀ। ਅੱਜ ਉਨ੍ਹਾਂ ਕੋਲ ਆਪਣਾ ਮੋਟਰ-ਸਾਇਕਲ ਹੈ, ਜਿਸ ‘ਤੇ ਉਹ ਮਾਣ ਨਾਲ ਆਪਣੇ ਪਿੰਡ ਵਿੱਚ ਘੁੰਮਦੇ ਹਨ।

ਹਾਲਾਂਕਿ ਰੱਤੀ ਰਾਮ ਜੀ ਕੋਲ ਖੇਤੀ ਦੇ ਲਈ ਘੱਟ ਜ਼ਮੀਨ ਸੀ, ਪਰ ਪਾਣੀ ਦੇ ਸਾਧਨਾਂ ਦੀ ਘਾਟ ਨੇ ਉਨ੍ਹਾਂ ਦੇ ਯਤਨਾਂ ਵਿੱਚ ਪ੍ਰਮੁੱਖ ਰੁਕਾਵਟ ਦਾ ਕੰਮ ਕੀਤਾ। ਮੀਂਹ ਦੇ ਮੌਸਮ ਵਿੱਚ ਉਹ ਜਦੋਂ ਵੀ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਸਨ, ਤਦ ਹੱਦੋਂ ਵੱਧ ਮੀਂਹ ਉਨ੍ਹਾਂ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੰਦਾ ਸੀ। ਇਹ ਜਲਵਾਯੂ ਹਾਲਾਤ ਅਤੇ ਹੋਰ ਕਮੀਆਂ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋਣ ਦਾ ਮੁੱਖ ਕਾਰਨ ਸਨ।

ਉਨ੍ਹਾਂ ਨੂੰ ਜੋ ਆਮਦਨ ਖੇਤੀ ਤੋਂ ਪ੍ਰਾਪਤ ਹੁੰਦੀ ਸੀ, ਉਹ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦੀ ਅਤੇ ਇਹ ਹਾਲਤ ਕਈ ਵਿੱਤੀ ਸਮੱਸਿਆਵਾਂ ਨੂੰ ਜਨਮ ਦੇ ਰਹੀ ਸੀ। ਪਰ ਇੱਕ ਦਿਨ ਰੱਤੀ ਰਾਮ ਜੀ ਨੂੰ ਬਾਗਬਾਨੀ ਵਿਭਾਗ ਦੇ ਬਾਰੇ ਪਤਾ ਲੱਗਿਆ ਅਤੇ ਉਹ ਨੰਗੇ ਪੈਰ ਆਪਣੇ ਪਿੰਡ ਹਿਨੋਤੀਆ ਦੇ ਕਲੈਕਟਰ ਰਾਜੇਸ਼ ਜੈਨ ਦੇ ਦਫ਼ਤਰ ਜ਼ਿਲ੍ਹਾ ਹੈਡਕੁਆਰਟਰ ਵੱਲ ਚਲੇ ਗਏ। ਜਦ ਕਲੈਕਟਰ ਜੀ ਨੇ ਰੱਤੀ ਰਾਮ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਦਾ ਦਰਦ ਮਹਿਸੂਸ ਕੀਤਾ ਅਤੇ ਅਗਲਾ ਕਦਮ ਜੋ ਉਨ੍ਹਾਂ ਨੇ ਚੁੱਕਿਆ, ਉਸ ਨਾਲ ਰੱਤੀ ਰਾਮ ਜੀ ਦੀ ਜ਼ਿੰਦਗੀ ਨੂੰ ਬਦਲ ਗਈ।

ਕਲੈਕਟਰ ਨੇ ਰੱਤੀ ਰਾਮ ਨੂੰ ਬਾਗਬਾਨੀ ਵਿਭਾਗ ਦੇ ਅਧਿਕਾਰੀ ਕੋਲ ਭੇਜਿਆ, ਜਿੱਥੇ ਸ਼੍ਰੀ ਰੱਤੀ ਰਾਮ ਜੀ ਨੂੰ ਵਿਭਿੰਨ ਬਾਗਬਾਨੀ ਯੋਜਨਾਵਾਂ ਦੇ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਅਮਰੂਦ, ਆਂਵਲਾ, ਹਾਈਬ੍ਰਿਡ ਟਮਾਟਰ, ਭਿੰਡੀ, ਆਲੂ, ਲਸਣ, ਮਿਰਚ ਆਦਿ ਦੇ ਬੀਜ ਲਏ ਅਤੇ ਬਾਗਬਾਨੀ ਯੋਜਨਾਵਾਂ ਅਤੇ ਸਬਸਿਡੀ ਦੀ ਮਦਦ ਨਾਲ ਤੁਪਕਾ ਸਿੰਚਾਈ ਪ੍ਰਣਾਲੀ, ਸਪਰੇਅਰ, ਬਿਜਲੀ ਸਪਰੇਅ ਪੰਪ ਅਤੇ ਪਾਵਰ ਡ੍ਰਿਲਰ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ, ਕਲੈਕਟਰ ਨੇ ਉਨ੍ਹਾਂ ਨੂੰ ਸਬਸਿਡੀ ਦਰ ਦੇ ਤਹਿਤ ਇੱਕ ਪੈਕ ਹਾਊਸ ਲਗਾਉਣ ਵਿੱਚ ਮਦਦ ਕੀਤੀ।

ਰੱਤੀ ਰਾਮ ਜੀ ਨੇ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਅਤੇ ਇੱਕ ਸਾਲ ਵਿੱਚ ਰੱਤੀ ਰਾਮ ਜੀ ਨੇ 1 ਕਰੋੜ ਦਾ ਸ਼ੁੱਧ ਲਾਭ ਕਮਾਇਆ, ਜਿਸ ਨਾਲ ਉਨ੍ਹਾਂ ਨੇ ਮੈਟਾਡੋਰ ਵੈਨ, ਦੋ ਮੋਟਰ-ਸਾਇਕਲ ਅਤੇ ਦੋ ਟ੍ਰੈਕਟਰ ਖਰੀਦੇ। ਵਾਹਨਾਂ ਵਿੱਚ ਨਿਵੇਸ਼ ਕਰਨ ਤੋਂ ਇਲਾਵਾ ਉਨ੍ਹਾਂ ਨੇ ਹੋਰ ਸਾਧਨਾਂ ਵਿੱਚ ਵੀ ਨਿਵੇਸ਼ ਕਰਕੇ 3 ਪਾਣੀ ਦੇ ਖੂਹ ਬਣਵਾਏ, 12 ਟਿਊਬਵੈੱਲ ਅਤੇ ਵਿਭਿੰਨ ਸਥਾਨਾਂ ‘ਤੇ 4 ਘਰ ਖਰੀਦੇ। ਉਨ੍ਹਾਂ ਨੇ ਖੇਤੀ ਦੇ ਲਈ 20 ਏਕੜ ਜ਼ਮੀਨ ਖਰੀਦ ਕੇ ਆਪਣੀ ਖੇਤੀ ਦੇ ਖੇਤਰ ਦਾ ਵਿਸਤਾਰ ਕੀਤਾ ਅਤੇ ਕਿਰਾਏ ‘ਤੇ 100 ਏਕੜ ਜ਼ਮੀਨ ਲਈ। ਅੱਜ ਉਹ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਅਤੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਦੋ ਪੁੱਤਰਾਂ ਅਤੇ ਇੱਕ ਬੇਟੀ ਦਾ ਵਿਆਹ ਧੂਮ-ਧਾਮ ਨਾਲ ਕੀਤਾ।

ਰੱਤੀ ਰਾਮ ਜੀ ਭਾਰਤ ਵਿੱਚ ਉਨ੍ਹਾਂ ਸਭ ਕਿਸਾਨਾਂ ਲਈ ਇੱਕ ਆਦਰਸ਼ ਹਨ ਜੋ ਖੁਦ ਨੂੰ ਨਿਰਬਲ ਅਤੇ ਇਕੱਲਾ ਮਹਿਸੂਸ ਕਰਦੇ ਹਨ ਅਤੇ ਉਮੀਦਾਂ ਨੂੰ ਗਵਾ ਬੈਠਦੇ ਹਨ, ਕਿਉਂਕਿ ਰੱਤੀ ਰਾਮ ਜੀ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਕਦੀ ਵੀ ਉਮੀਦ ਨਹੀਂ ਛੱਡੀ।