ਅਲਤਾਫ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਦੇ ਬੱਕਰੀ ਪਾਲਣ ਪ੍ਰਤੀ ਪਿਆਰ ਨੇ ਉਸਨੂੰ ਬੱਕਰੀ ਪਾਲਣ ਦਾ ਸਫ਼ਲ ਕਿਸਾਨ ਬਣਾ ਦਿੱਤਾ

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਅੱਜ ਦੀ ਕਾਰੋਬਾਰੀ ਦੁਨੀਆ ਵਿੱਚ ਸਫ਼ਲਤਾ ਲਈ ਕਾਲਜ ਦੀ ਸਿੱਖਿਆ ਮਹੱਤਵਪੂਰਣ ਹੈ। ਹਾਂ, ਇਹ ਸੱਚ ਹੈ ਕਿ ਕਾਲਜ ਦੀ ਸਿੱਖਿਆ ਜ਼ਰੂਰੀ ਹੈ ਕਿਉਂਕਿ ਸਿੱਖਿਆ ਇਨਸਾਨ ਨੂੰ ਅੱਪਡੇਟ ਰੱਖਣ ਵਿੱਚ ਮਦਦ ਕਰਦੀ ਹੈ। ਪਰ ਸਫ਼ਲਤਾ ਪਿੱਛੇ ਇੱਕ ਪ੍ਰੇਰਣਾ ਸ਼ਕਤੀ ਹੁੰਦੀ ਹੈ ਅਤੇ ਉਹ ਹੈ ਜਨੂੰਨ। ਤੁਹਾਡਾ ਜਨੂੰਨ ਹੀ ਤੁਹਾਨੂੰ ਪੈਸਾ ਕਮਾਉਣ ਵਿੱਚ ਮਦਦ ਕਰਦਾ ਹੈ ਅਤੇ ਜਨੂੰਨ ਇਨਸਾਨ ਵਿੱਚ ਇੱਕ ਖ਼ਾਸ ਚੀਜ਼ ਦੇ ਪ੍ਰਤੀ ਦਿਲਚਸਪੀ ਹੋਣ ‘ਤੇ ਹੀ ਆਉਂਦਾ ਹੈ।

ਅਜਿਹੇ ਇੱਕ ਇਨਸਾਨ ਹਨ ਅਲਤਾਫ, ਜੋ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਪੱਧਰ ‘ਤੇ ਵਧੀਆ ਚਲਾ ਰਹੇ ਹਨ। ਇਸ ਕੰਮ ਵਿੱਚ ਉਨ੍ਹਾਂ ਦੀ ਸ਼ੁਰੂ ਤੋਂ ਹੀ ਦਿਲਚਸਪੀ ਸੀ, ਜਿਸ ਨਾਲ ਉਨ੍ਹਾਂ ਨੇ ਬੱਕਰੀ-ਪਾਲਣ ਨੂੰ ਆਪਣੇ ਪੇਸ਼ੇ ਦੇ ਰੂਪ ਵਿੱਚ ਅਪਨਾਇਆ ਅਤੇ ਇਹ ਉਨ੍ਹਾਂ ਦਾ ਜਨੂੰਨ ਹੀ ਸੀ, ਜਿਸ ਨਾਲ ਉਹ ਸਫ਼ਲ ਬਣੇ।

ਅਲਤਾਫ ਜੀ ਰਾਜਸਥਾਨ ਦੇ ਫਤਿਹਪੁਰ ਸੀਕਰੀ ਸ਼ਹਿਰ ਦੇ ਇੱਕ ਚੰਗੇ ਪਰਿਵਾਰ ਵਿੱਚ ਪੈਦਾ ਹੋਏ। ਅਲਤਾਫ ਜੀ ਦੇ ਪਿਤਾ, ਸ਼੍ਰੀ ਅਯੂਬ ਖੋਕਰ ਇੱਕ ਮਜ਼ਦੂਰ ਸੀ ਅਤੇ ਉਹ ਆਪਣਾ ਘਰ ਚਲਾਉਣ ਲਈ ਛੋਟੇ ਪੱਧਰ ‘ਤੇ ਖੇਤੀ ਕਰਦੇ ਸਨ। ਉਨ੍ਹਾਂ ਕੋਲ ਦੁੱਧ ਲਈ ਚਾਰ ਬੱਕਰੀਆਂ ਸਨ। ਬਚਪਨ ਵਿੱਚ ਅਲਤਾਫ ਜੀ ਨੂੰ ਬੱਕਰੀਆਂ ਦਾ ਬਹੁਤ ਸ਼ੌਂਕ ਸੀ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕਰਦੇ ਸੀ। ਪਰ ਉਨ੍ਹਾਂ ਦੇ ਪਿਤਾ ਕੋਲ ਕੋਈ ਪੱਕਾ ਕੰਮ ਨਹੀਂ ਸੀ, ਇਸ ਲਈ ਕੋਈ ਪੱਕੀ ਆਮਦਨ ਵੀ ਨਹੀਂ ਸੀ। ਪਰਿਵਾਰ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ, ਜਿਸ ਕਰਕੇ ਅਲਤਾਫ ਜੀ ਨੂੰ 7ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪਈ, ਪਰ ਬੱਕਰੀ-ਪਾਲਣ ਪ੍ਰਤੀ ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ ਅਤੇ 2013 ਵਿੱਚ ਉਨ੍ਹਾਂ ਨੇ ਬੱਕਰੀ-ਪਾਲਣ ਦਾ ਵੱਡਾ ਕਾਰੋਬਾਰ ਸ਼ੁਰੂ ਕੀਤਾ।

ਸ਼ੁਰੂ ਵਿੱਚ ਅਲਤਾਫ ਜੀ ਨੇ ਸਿਰਫ਼ 20 ਬੱਕਰੀਆਂ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣਾ ਕਾਰੋਬਾਰ 300 ਬੱਕਰੀਆਂ ਤੱਕ ਵਧਾ ਲਿਆ। ਉਨ੍ਹਾਂ ਨੇ ਬੱਕਰੀ ਪਾਲਣ ਲਈ ਕਿਸੇ ਤਰ੍ਹਾਂ ਦੀ ਵੀ ਟ੍ਰੇਨਿੰਗ ਨਹੀਂ ਲਈ। ਉਹ ਬਚਪਨ ਤੋਂ ਆਪਣੇ ਪਿਤਾ ਵੱਲ ਦੇਖ ਕੇ ਹੀ ਸਿੱਖਦੇ ਰਹੇ। ਇਨ੍ਹਾਂ ਸਾਲਾਂ ਵਿੱਚ ਹੀ ਉਨ੍ਹਾਂ ਨੇ ਸਮਝਿਆ ਕਿ ਬੱਕਰੀਆਂ ਦੀ ਦੇਖਭਾਲ ਕਿਵੇਂ ਕਰਨੀ ਹੈ। ਉਨ੍ਹਾਂ ਦੇ ਫਾਰਮ ਵਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਅਤੇ ਪ੍ਰਜਾਤੀਆਂ ਹਨ। ਅੱਜ ਉਨ੍ਹਾਂ ਦੇ ਫਾਰਮ ਤੋਂ ਤਿਆਰ ਮੀਟ ਨੂੰ ਉੱਤਮ ਗੁਣਾਂ ਲਈ ਮੰਨਿਆ ਜਾਂਦਾ ਹੈ। ਉਹ ਆਪਣੀਆਂ ਬੱਕਰੀਆਂ ਨੂੰ ਕੋਈ ਵੀ ਦਵਾਈ ਜਾਂ ਕਿਸੇ ਤਰ੍ਹਾਂ ਦੀ ਬਣਾਉਟੀ ਖੁਰਾਕ ਨਹੀਂ ਦਿੰਦੇ। ਉਹ ਹਮੇਸ਼ਾ ਬੱਕਰੀਆਂ ਨੂੰ ਕੁਦਰਤੀ ਚਾਰਾ ਦੇਣਾ ਹੀ ਪਸੰਦ ਕਰਦੇ ਹਨ ਅਤੇ ਧਿਆਨ ਦਿੰਦੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਬੱਕਰੀਆਂ ਬਿਮਾਰੀ-ਰਹਿਤ ਰਹਿਣ। ਅਜੇ ਤੱਕ ਉਹ ਵੱਡੇ ਪੱਧਰ ‘ਤੇ ਮੰਡੀਕਰਨ ਕਰ ਚੁੱਕੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਮੁੰਬਈ ਵਿੱਚ ਆਪਣੇ ਫਾਰਮ ਦਾ ਮੀਟ ਵੇਚਿਆ ਹੈ। ਉਨ੍ਹਾਂ ਦੇ ਫਾਰਮ ਵਿੱਚ ਬਣੇ ਮੀਟ ਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਇਸਦੀ ਮੁੰਬਈ ਤੋਂ ਖਾਸ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਖੇਤ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਅਧਿਕ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਉਹ ਮਜ਼ਦੂਰਾਂ ਨੂੰ ਕੰਮ ‘ਤੇ ਰੱਖ ਲੈਂਦੇ ਹਨ।

ਅੱਜ 24 ਸਾਲ ਦੀ ਉਮਰ ਵਿੱਚ ਅਲਤਾਫ ਜੀ ਨੇ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਤੌਰ ‘ਤੇ ਸਥਾਪਤ ਕੀਤਾ ਹੈ ਅਤੇ ਬੜੀ ਆਸਾਨੀ ਨਾਲ ਪ੍ਰਬੰਧ ਚਲਾ ਰਹੇ ਹਨ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਬੱਕਰੀ ਨੂੰ ਮੀਟ ਲਈ ਸਭ ਤੋਂ ਚੰਗਾ ਜਾਨਵਰ ਮੰਨਿਆ ਜਾਂਦਾ ਹੈ, ਇਸ ਲਈ ਬੱਕਰੀ ਪਾਲਣ ਲਈ ਆਰਥਿਕ ਸੰਭਾਵਨਾਵਾਂ ਬਹੁਤ ਵਧੀਆ ਹਨ। ਪਰ ਇਸ ਪੱਧਰ ਤੱਕ ਪਹੁੰਚਣਾ ਅਲਤਾਫ ਜੀ ਲਈ ਬਹੁਤ ਆਸਾਨ ਨਹੀਂ ਸੀ। ਬਹੁਤ ਮੁਸ਼ਕਿਲਾਂ ਅਤੇ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ 300 ਬੱਕਰੀਆਂ ਦੇ ਸਮੂਹ ਨੂੰ ਬਣਾਈ ਰੱਖਿਆ ਅਤੇ ਭਵਿੱਖ ਵਿੱਚ ਉਹ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਉਹ ਵੱਖ-ਵੱਖ ਸ਼ਹਿਰਾਂ ਵਿੱਚ ਮੌਜੂਦ ਗ੍ਰਾਹਕਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਆਪਣੇ ਫਾਰਮ ਚਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਲਤਾਫ ਜੀ ਦੁਆਰਾ ਦਿੱਤਾ ਗਿਆ ਸੰਦੇਸ਼
“ਅਲਤਾਫ ਜੀ ਅਨੁਸਾਰ ਇੱਕ ਕਿਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਪ੍ਰਮਾਤਮਾ ਹਰ ਕਿਸੇ ਨੂੰ ਮੌਕਾ ਦਿੰਦਾ ਹੈ, ਬਸ ਉਸਨੂੰ ਹੱਥ ‘ਚੋਂ ਨਾ ਜਾਣ ਦਿਓ। ਆਪਣੀ ਤਾਕਤ ਦਾ ਪ੍ਰਯੋਗ ਕਰੋ ਅਤੇ ਆਪਣੇ ਕੰਮ ਦੀ ਸ਼ੁਰੂਆਤ ਕਰੋ। ਤੁਹਾਡੀ ਪ੍ਰਤਿਭਾ ਇਹ ਤੈਅ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ ਕਿ ਭਵਿੱਖ ਵਿੱਚ ਤੁਸੀਂ ਕੀ ਕਰਨਾ ਹੈ।”