ਰਾਜਸਥਾਨ ਦੇ ਕਿਸਾਨ ਨੇ ਗ੍ਰਾਫਟਿੰਗ ਦੁਆਰਾ ਅੰਬ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ, ਜੋ ਸਾਰਾ ਸਾਲ ਉਗਾਈ ਜਾ ਸਕਦੀ ਹੈ
ਜਦੋਂ ਗੱਲ ਆਉਂਦੀ ਹੈ ਫਲਾਂ ਦੀ ਤਾਂ ਉੱਥੇ ਕੋਈ ਹੀ ਅਜਿਹਾ ਵਿਅਕਤੀ ਹੋਵੇਗਾ ਜਿਹੜਾ ਅੰਬ ਨੂੰ ਪਸੰਦ ਨਹੀਂ ਕਰਦਾ। ਸੋ ਇਹ ਰਾਜਸਥਾਨ ਦੇ ਕਿਸਾਨ – ਕਿਸ਼ਨ ਸੁਮਨ, ਜਿਨ੍ਹਾਂ ਦੀ ਉਮਰ 52 ਸਾਲ ਹੈ, ਦੀ ਕਹਾਣੀ ਹੈ, ਜਿਨ੍ਹਾਂ ਨੇ ਅੰਬ ਦੀ ਇੱਕ ਨਵੀਂ ਕਿਸਮ -ਸਦਾਬਹਾਰ ਦੀ ਖੋਜ ਕੀਤੀ, ਜੋ ਕਿ ਸਾਰੇ ਮੌਸਮਾਂ ਵਿੱਚ ਉਪਲੱਬਧ ਹੈ। ਖੈਰ, ਇਹ ਉਨ੍ਹਾਂ ਸਾਰੇ ਫਲ ਪ੍ਰੇਮੀਆਂ ਲਈ ਇੱਕ ਚੰਗੀ ਖ਼ਬਰ ਹੈ ਜੋ ਬਿਨਾਂ ਮੌਸਮਾਂ ਦੇ ਵੀ ਅੰਬ ਖਾਣ ਲਈ ਇੱਛੁਕ ਰਹਿੰਦੇ ਹਨ।
ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, 1995 ਵਿੱਚ, ਕਿਸ਼ਨ ਸੁਮਨ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ ਅਤੇ ਆਪਣੇ ਜੱਦੀ ਖੇਤ ਵਿੱਚ ਖੇਤੀ ਕਰਨੀ ਸ਼ੁਰੂ ਕੀਤੀ। ਸ਼ੁਰੂਆਤ ਵਿੱਚ, ਉਨ੍ਹਾਂ ਨੇ ਅਨਾਜ ਵਾਲੀਆਂ ਫ਼ਸਲਾਂ ਦੀ ਖੇਤੀ ਕੀਤੀ, ਪਰ ਫ਼ਸਲ ਦਾ ਮੁੱਲ ਠੀਕ ਨਾ ਮਿਲਣ ਅਤੇ ਅਸਥਿਰ ਮੌਸਮ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ।
ਇਸ ਲਈ, ਕਿਸ਼ਨ ਸੁਮਨ ਜੀ ਨੇ ਜੈਸਮੀਨ (ਚਮੇਲੀ) ਦੀ ਖੇਤੀ ਸ਼ੁਰੂ ਕੀਤੀ। ਇਸ ਤੋਂ ਇਲਾਵਾ, ਕੁੱਝ ਹੋਰ ਸਿੱਖਣ ਦੀ ਲਾਲਸਾ ਹੋਣ ਕਰਕੇ, ਕਿਸ਼ਨ ਸੁਮਨ ਜੀ ਨੇ ਗੁਲਾਬ ਦੇ ਪੌਦਿਆਂ ਵਿੱਚ ਗ੍ਰਾਫਟਿੰਗ ਵਿਧੀ ਬਾਰੇ ਸਿੱਖਿਆ, ਜਿਸ ਤੋਂ ਉਨ੍ਹਾਂ ਨੇ ਇੱਕ ਪੌਦੇ ਤੋਂ ਵੱਖ-ਵੱਖ ਰੰਗਾਂ ਦੇ ਗੁਲਾਬ ੳਗਾਏ। ਗੁਲਾਬ ਦੇ ਪੌਦੇ ਦੀ ਚੰਗੀ ਤਰ੍ਹਾਂ ਪ੍ਰਯੋਗ ਕਰਨ ਨਾਲ ਕਿਸ਼ਨ ਸੁਮਨ ਜੀ ਦਾ ਵਿਸ਼ਵਾਸ ਵੱਧ ਗਿਆ ਅਤੇ ਉਨ੍ਹਾਂ ਨੇ ਅਗਲਾ ਪੌਦਾ ਅੰਬ ਦਾ ਲਗਾਇਆ ਜਿਸ ‘ਤੇ ਗ੍ਰਾਫਟਿੰਗ ਕੀਤੀ ਗਈ।
ਅੰਬ ਦੇ ਪੌਦੇ ਦੀ ਗ੍ਰਾਫਟਿੰਗ ਵਿਧੀ ਵੱਲ ਜਾਣ ਦਾ ਮੁੱਖ ਕਾਰਨ ਇਹ ਸੀ ਕਿ ਆਮ ਤੌਰ ‘ਤੇ ਅੰਬ ਦਾ ਫਲ ਕੇਵਲ 2-3 ਮਹੀਨੇ ਲਈ ਹੀ ਉਪਲੱਬਧ ਹੁੰਦਾ ਹੈ ਅਤੇ ਉਹ ਚਾਹੁੰਦੇ ਸਨ ਕਿ ਅੰਬ ਸਾਰਾ ਸਾਲ ਉਪਲੱਬਧ ਰਹੇ ਤਾਂ ਜੋ ਅੰਬ ਪ੍ਰੇਮੀ ਜਦੋਂ ਚਾਹੁਣ ਅੰਬ ਖਾ ਸਕਣ।
ਸਾਲ 2000 ਵਿੱਚ ਕਿਸ਼ਨ ਸੁਮਨ ਜੀ ਦਾ ਧਿਆਨ ਆਪਣੇ ਬਗ਼ੀਚੇ ਵਿੱਚ ਵਧੀਆ ਵਿਕਸਿਤ ਅਤੇ ਗੂੜ੍ਹੇ ਹਰੇ ਰੰਗ ਦੇ ਪੱਤਿਆਂ ਵਾਲੇ ਅੰਬ ਦੇ ਰੁੱਖ ਵੱਲ ਗਿਆ ਅਤੇ ਅੰਬਾਂ ਦੇ ਗ੍ਰਾਫਟਿੰਗ ਵਿੱਚ ਲਗਾਤਾਰ 15 ਸਾਲ ਕੋਸ਼ਿਸ਼ ਕਰਨ ਤੋਂ ਬਾਅਦ ਅੰਤ ਕਿਸ਼ਨ ਸੁਮਨ ਨੇ ਅੰਬ ਦੀ ਇੱਕ ਛੋਟੇ ਕੱਦ ਦੀ ਨਵੀਂ ਕਿਸਮ ਤਿਆਰ ਕੀਤੀ ਅਤੇ ਇਸ ਦਾ ਨਾਮ ਸਦਾਬਹਾਰ ਰੱਖਿਆ, ਜੋ ਕੇਵਲ ਦੋ ਸਾਲਾਂ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦੀ ਹੈ। ਛੋਟੇ ਕੱਦ ਦੀ ਕਿਸਮ ਹੋਣ ਕਾਰਨ, ਸਦਾਬਹਾਰ ਕਿਸਮ ਉੱਚ-ਘਣਤਾ ਅਤੇ ਵਧੇਰੇ ਉੱਚ-ਘਣਤਾ ਵਾਲੀ ਖੇਤੀ ਤਕਨੀਕ ਲਈ ਅਨੁਕੂਲ ਹੈ।
“ਮੈਂ ਅੰਬ ਦੀ ਇਸ ਸਦਾਬਹਾਰ ਕਿਸਮ ਨੂੰ ਵਿਕਸਿਤ ਕਰਨ ਲਈ ਆਪਣੇ ਇਰਾਦੇ ਅਤੇ ਯਤਨਾਂ ਨੂੰ ਜਾਰੀ ਰੱਖਿਆ। ਹਾਲਾਂਕਿ ਪੌਦਾ ਦੂਜੇ ਸਾਲ ਵਿੱਚ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ, ਪਰ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਇਸ ਪੌਦੇ ਨੂੰ 4 ਸਾਲ ਤੱਕ ਵਧਣ ਦੇਣਾ ਚਾਹੀਦਾ ਹੈ ਤਾਂ ਜੋ ਇਹ ਸਹੀ ਤਾਕਤ ਹਾਸਲ ਕਰ ਸਕੇ। ਇਸ ਤੋਂ ਇਲਾਵਾ, ਸਦਾਬਹਾਰ ਇੱਕ ਬਿਮਾਰੀ ਰੋਧਕ ਕਿਸਮ ਹੈ ਅਤੇ ਇਸ ‘ਤੇ ਮੌਸਮ ਦੇ ਬਦਲਾਅ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਚਾਰ ਸਾਲ ਬਾਅਦ ਫਲਾਂ ਦੀ ਤੁੜਾਈ ਕੀਤੀ ਜਾ ਸਕਦੀ ਹੈ ਪਰ ਉਦੋਂ ਤੱਕ ਪੌਦਿਆਂ ਨੂੰ ਚੰਗੀ ਤਰ੍ਹਾਂ ਵਧਣ ਦਿਓ।” – ਕਿਸ਼ਨ ਸੁਮਨ ਨੇ ਕਿਹਾ।
• ਪੂਰਾ ਸਾਲ ਵਿੱਚ ਫਲ ਦੇਣਾ
• ਅੰਬ ਦੀ ਛਿੱਲ ਮਿੱਠੇ ਸੁਆਦ ਅਤੇ ਗੂੜ੍ਹੀ ਸੰਤਰੀ ਰੰਗ ਦੀ ਹੁੰਦੀ ਹੈ।
• ਗੁੱਦੇ ਵਿੱਚ ਬਹੁਤ ਘੱਟ ਫਾਈਬਰ ਹੁੰਦੀ ਹੈ।
ਵਰਤਮਾਨ ਵਿੱਚ, ਕਿਸ਼ਨ ਸੁਮਨ ਕੋਲ 22 ਮੁੱਖ ਪੌਦੇ ਅਤੇ 300 ਬਗ਼ੀਚੇ ਵਾਲੇ ਅੰਬਾਂ ਦੇ ਰੁੱਖ ਹਨ। ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੀ ਸਹਾਇਤਾ ਨਾਲ, ਸ਼੍ਰੀ ਕਿਸ਼ਨ ਸਦਾਬਹਾਰ ਕਿਸਮ ਦੀਆਂ ਕਲਮਾਂ ਅਤੇ ਪੌਦੇ ਵੇਚ ਰਹੇ ਹਨ। ਉਨ੍ਹਾਂ ਦੁਆਰਾ ਤਿਆਰ ਕੀਤੀ ਕਿਸਮ ਖਰੀਦਣ ਲਈ ਛੱਤੀਸਗੜ੍ਹ, ਦਿੱਲੀ ਅਤੇ ਹਰਿਆਣਾ ਇਲਾਕੇ ਦੇ ਬਹੁਤ ਸਾਰੇ ਕਿਸਾਨਾਂ ਨੇ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਇੱਥੋਂ ਤੱਕ ਕਿ ਸਦਾਬਹਾਰ ਕਿਸਮ ਦੇ ਪੌਦੇ ਰਾਸ਼ਟਰਪਤੀ ਭਵਨ ਦੇ ਮੁਗਲ ਗਾਰਡਨ ਵਿੱਚ ਲਗਾਏ ਗਏ ਹਨ।
ਇੱਕ ਸਾਰਾ ਸਾਲ ਫਲ ਦੇਣ ਵਾਲੀ ਅੰਬ ਦੀ ਕਿਸਮ ਤਿਆਰ ਕਰਨ ਵਿੱਚ ਉਨ੍ਹਾਂ ਦੇ ਸਾਰੇ ਯਤਨਾਂ ਸਦਕਾ ਉਨ੍ਹਾਂ ਨੂੰ 9ਵਾਂ ਨੈਸ਼ਨਲ ਗ੍ਰਾਸਰੂਟ ਇਨੋਵੇਸ਼ਨ ਐਂਡ ਆਊਟਸਟੈਂਡਿੰਗ ਟ੍ਰੇਡੀਸ਼ਨਲ ਨਾੱਲੇਜ ਅਵਾਰਡ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ।
ਹਾਲਾਂਕਿ ਸਦਾਬਹਾਰ ਸਾਰੀਆਂ ਮੁੱਖ ਬਿਮਾਰੀਆਂ ਦੀ ਪ੍ਰਤੀਰੋਧੀ ਹੈ ਪਰ ਕਿਸ਼ਨ ਸੁਮਨ ਦਾ ਮੰਨਣਾ ਹੈ ਕਿ ਇਲਾਜ ਨਾਲੋਂ ਰੋਕਥਾਮ ਬਿਹਤਰ ਹੈ ਅਤੇ ਇਸੇ ਕਰਕੇ ਉਹ ਨਿੰਮ ਦੇ ਫਲਾਂ, ਸਫੇ਼ਦ ਅੱਕ ਦੇ ਫੁੱਲਾਂ ਅਤੇ ਗਊ-ਮੂਤਰ ਤੋਂ ਕੁਦਰਤੀ ਕੀਟਨਾਸ਼ਕ ਤਿਆਰ ਕਰਦੇ ਹਨ। ਇਸ ਨਾਲ ਪੌਦਿਆਂ ਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਸੁਰੱਖਿਆ ਮਿਲਦੀ ਹੈ।
ਭਵਿੱਖ ਵਿਚ ਕਿਸ਼ਨ ਸੁਮਨ ਜੈਕਫਰੂਟ ‘ਤੇ ਪ੍ਰਯੋਗ ਕਰਨ ਦੀ ਯੋਜਨਾ ਬਣਾ ਰਹੇ ਹਨ, ਕਿਉਂਕਿ ਇਸ ਨੂੰ ਫਲ ਦੇਣ ਲਈ ਲੰਬਾ ਸਮਾਂ ਲੱਗਦਾ ਹੈ, ਕਿਸ਼ਨ ਸੁਮਨ ਉਸ ਸਮੇਂ ਨੂੰ ਘਟਾਉਣ ਦੀ ਯੋਜਨਾ ਬਣਾ ਰਹੇ ਹਨ।