ਸ਼ਹਿਨਾਜ਼ ਕੁਰੇਸ਼ੀ

ਪੂਰੀ ਕਹਾਣੀ ਪੜ੍ਹੋ

ਇਹ ਮਹਿਲਾ ਫੂਡ ਪ੍ਰੋਸੈੱਸਿੰਗ ਅਤੇ ਐਗਰੀ-ਬਿਜ਼ਨਸ ਦੇ ਮਾਧਿਅਮ ਨਾਲ ਚੰਗੇ ਭੋਜਨ ਦੇ ਰਹੱਸ ਬਾਰੇ ਦੱਸ ਰਹੀ ਹੈ

ਬਹੁਤ ਘੱਟ ਲੋਕਤੰਤਰੀ ਲੋਕ ਹੁੰਦੇ ਹਨ ਜੋ ਸਮਾਜ ਦੇ ਕਲਿਆਣ ਬਾਰੇ ਸੋਚਦੇ ਹਨ ਅਤੇ ਖੇਤੀ ਦੇ ਰਸਤੇ ‘ਤੇ ਆਪਣੇ ਭਵਿੱਖ ਨੂੰ ਨਿਰਦੇਸ਼ਿਤ ਕਰਦੇ ਹਨ, ਕਿਉਂਕਿ ਖੇਤੀ ਨਾਲ ਸੰਬੰਧਿਤ ਰਸਤੇ ‘ਤੇ ਮੁਨਾਫ਼ਾ ਕਮਾਉਣਾ ਆਸਾਨ ਨਹੀਂ ਹੈ। ਪਰ ਸਾਡੇ ਆਲੇ-ਦੁਆਲੇ ਕਈ ਮੌਕੇ ਹਨ ਜਿਨ੍ਹਾਂ ਦਾ ਸਾਨੂੰ ਲਾਭ ਉਠਾਉਣਾ ਸਿੱਖਣਾ ਪਵੇਗਾ। ਅਜਿਹੀ ਇੱਕ ਮਹਿਲਾ ਹੈ ਸ਼੍ਰੀਮਤੀ ਸ਼ਹਿਨਾਜ਼ ਕੁਰੇਸ਼ੀ, ਜੋ ਕਿ ਆਪਣੇ ਆਵਿਸ਼ਕਾਰੀ ਸੁਪਨਿਆਂ ਨਾਲ ਅੱਗੇ ਆਏ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਬਾਰੇ ਸੋਚ ਰਹੇ ਹਨ।

ਬਹੁਤ ਛੋਟੀ ਉਮਰ ਵਿੱਚ ਹੀ ਵਿਆਹ ਕਰਾਉਣ ਦੇ ਬਾਵਜੂਦ, ਸ਼ਹਿਨਾਜ਼ ਕੁਰੇਸ਼ੀ ਜੀ ਨੇ ਕਦੇ ਸੁਪਨੇ ਦੇਖਣੇ ਨਹੀਂ ਛੱਡੇ। ਵਿਆਹ ਦੇ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਿੰਗ ਵਿੱਚ M.Sc. ਵੀ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਨੌਕਰੀ ਦੀਆਂ ਪ੍ਰਸਤਾਵ ਮਿਲੇ ਪਰ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿ ਕੇ ਸਮਾਜ ਦੇ ਲਈ ਕੁੱਝ ਚੰਗਾ ਕਰਨ ਦਾ ਫੈਸਲਾ ਕੀਤਾ।

ਇਸ ਸਭ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਨੇ ਭੋਜਨ ਉਤਪਾਦ ਦੀ ਗੁਣਵੱਤਾ ਵੱਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਗਠੀਏ, ਸ਼ੂਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਨੇ ਸੋਚਿਆ ਕਿ ਜੇਕਰ ਭੋਜਨ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਦਾ ਕਾਰਨ ਹੈ ਤਾਂ ਇਸ ਲਈ ਭੋਜਨ ਉਨ੍ਹਾਂ ਦਾ ਇੱਕੋ-ਇੱਕ ਇਲਾਜ਼ ਹੋਵੇਗਾ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਖਾਣ ਦੀਆਂ ਆਦਤਾਂ ਨੂੰ ਬਦਲ ਦਿੱਤਾ ਅਤੇ ਸਿਰਫ਼ ਚੰਗੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਤ ਨੇ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ ਵੱਡੇ ਸੁਧਾਰ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਕਾਰੋਬਾਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਹ ਖਾਲੀ ਬੈਠਣ ਲਈ ਨਹੀਂ ਬਣੇ ਸਨ, ਇਸ ਲਈ ਉਨ੍ਹਾਂ ਨੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਆਪਣੇ ਕਦਮ ਰੱਖੇ ਅਤੇ ਜ਼ਰੂਰਤਮੰਦ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਖੇਤੀਬਾੜੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਉਨ੍ਹਾਂ ਦਾ ਫੈਸਲਾ ਸਿਰਫ਼ ਸਫ਼ਲਤਾ ਦਾ ਪਹਿਲਾ ਕਦਮ ਸੀ ਅਤੇ ਸਾਰਾ ਬਠਿੰਡਾ ਉਨ੍ਹਾਂ ਦੇ ਬਾਰੇ ਜਾਣਨ ਲੱਗਾ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੇ.ਵੀ.ਕੇ ਬਠਿੰਡੇ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ 200 ਮਧੂ-ਮੱਖੀ ਦੇ ਬਕਸਿਆਂ ਨਾਲ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਮਾਰਕਟਿੰਗ ਕੀਤੀ ਅਤੇ ਉਨ੍ਹਾਂ ਦੇ ਪਤੀ ਨੇ ਪ੍ਰੋਸੈੱਸਿੰਗ ਦਾ ਕੰਮ ਸੰਭਾਲਿਆ। ਵਪਾਰ ਤੋਂ ਜ਼ਿਆਦਾ ਲਾਭ ਲੈਣ ਲਈ ਉਨ੍ਹਾਂ ਨੇ ਸ਼ਹਿਦ, ਫੇਸ ਵਾੱਸ਼, ਸਾਬਣ ਅਤੇ ਬਾੱਡੀ ਸਕਰੱਬ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਉਤਪਾਦਾਂ ਨੂੰ ਗ੍ਰਾਹਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਸਿਫ਼ਾਰਿਸ਼ ਜ਼ਿਆਦਾ ਹੋਣ ਲੱਗੀ। ਕੁੱਝ ਸਮੇਂ ਬਾਅਦ, ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਦੀ ਟ੍ਰੇਨਿੰਗ ਲਈ ਅਤੇ ਇਸ ਨੂੰ ਚਟਨੀ, ਮੁਰੱਬਾ ਅਤੇ ਆਚਾਰ ਬਣਾ ਕੇ ਲਾਗੂ ਕਰਨਾ ਸ਼ੁਰੂ ਕੀਤਾ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕੀਤੀ, ਕਿਉਂਕਿ ਉਹ ਵਪਾਰ ਤੋਂ ਹੋਣ ਵਾਲੇ ਮੁਨਾਫ਼ਿਆਂ ਨੂੰ ਲੈ ਕੇ ਅਨਿਸ਼ਚਿਤ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਸੋਚਿਆ ਕਿ ਇਹ ਉਤਪਾਦ ਪਹਿਲਾਂ ਹੀ ਬਾਜ਼ਾਰ ਵਿੱਚ ਉਪਲੱਬਧ ਹਨ, ਲੋਕ ਇਨ੍ਹਾਂ ਉਤਪਾਦਾਂ ਨੂੰ ਕਿਉਂ ਖਰੀਦਣਗੇ? ਪਰ ਫਿਰ ਵੀ ਉਹ ਇਨ੍ਹਾਂ ਗੱਲਾਂ ਤੋਂ ਘਬਰਾਏ ਨਹੀਂ, ਕਿਉਂਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੱਚਿਆਂ ਦਾ ਸਹਿਯੋਗ ਹਮੇਸ਼ਾ ਸੀ। ਉਹ ਕੁੱਝ ਮਹਾਨ ਲੋਕਾਂ ਜਿਵੇਂ ਏ.ਪੀ.ਜੇ ਅਬਦੁਲ ਕਲਾਮ, ਬਿੱਲ ਗੇਟਸ, ਅਕਬਰ ਅਤੇ ਸਵਾਮੀ ਵਿਵੇਕਾਨੰਦ ਆਦਿ ਤੋਂ ਵੀ ਪ੍ਰੇਰਿਤ ਹੋਏ। ਉਹ ਖਾਲ਼ੀ ਸਮੇਂ ਵਿੱਚ ਇਨ੍ਹਾਂ ਸ਼ਖਸੀਅਤਾਂ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਸਨ।

ਸਮੇਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਵਧਾਇਆ ਅਤੇ ਇਸ ਨਾਲ ਬਹੁਤ ਫਾਇਦਾ ਹੋਇਆ। ਜਲਦੀ ਹੀ ਉਨ੍ਹਾਂ ਨੇ ਫਲ਼ ਦੇ ਸਕਵੈਸ਼, ਵੇਸਣ ਦੀਆਂ ਵੜੀਆਂ ਅਤੇ ਪਕੌੜੇ ਅਤੇ ਹੋਰ ਕਈ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪੁੰਗਰੀ ਹੋਈ ਮੇਥੀ ਦਾ ਆਚਾਰ ਉਨ੍ਹਾਂ ਦੇ ਪ੍ਰਸਿੱਧ ਉਤਪਾਦਾਂ ਵਿੱਚੋਂ ਇੱਕ ਹੈ, ਕਿਉਂਕਿ ਸ਼ਾਨਦਾਰ ਸਿਹਤ ਲਾਭਾਂ ਦੇ ਕਾਰਨ ਇਸ ਦੀ ਮੰਗ ਫਰੀਦਕੋਟ, ਲੁਧਿਆਣਾ ਅਤੇ ਹੋਰ ਥਾਵਾਂ ਵਿੱਚ ਪੀ.ਏ.ਯੂ. ਦੁਆਰਾ ਕਰਵਾਏ ਜਾਂਦੇ ਮੇਲਿਆਂ ਅਤੇ ਸਮਾਰੋਹਾਂ ਵਿੱਚ ਹਮੇਸ਼ਾ ਰਹਿੰਦੀ ਹੈ। ਉਨ੍ਹਾਂ ਨੇ ਮਾਰਕਿਟ ਵਿੱਚ ਆਪਣੇ ਉਤਪਾਦਾਂ ਦੀ ਅਲੱਗ ਜਗ੍ਹਾ ਬਣਾਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵਿਆਪਕ ਪੱਧਰ ‘ਤੇ ਚੰਗੇ ਗਾਹਕਾਂ ਨੂੰ ਆਪਣੇ ਨਾਲ ਜੋੜਿਆ।

2014 ਵਿੱਚ ਉਨ੍ਹਾਂ ਨੇ ਬਠਿੰਡਾ ਨੇੜੇ ਮਹਿਮਾ ਸਰਜਾ ਪਿੰਡ ਵਿਖੇ ਕਿਸਾਨ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਇਸ ਗਰੁੱਪ ਦੁਆਰਾ ਉਨ੍ਹਾਂ ਨੇ ਦੂਜੇ ਕਿਸਾਨਾਂ ਦੇ ਉਤਪਾਦਾਂ ਨੂੰ ਬੜਾਵਾ ਦਿੱਤਾ। ਕਦੀ-ਕਦੀ ਉਹ ਉਨ੍ਹਾਂ ਕਿਸਾਨਾਂ ਦੀ ਮਦਦ ਅਤੇ ਸਮਰਥਨ ਕਰਨ ਲਈ ਆਪਣੇ ਮੁਨਾਫ਼ਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ, ਜਿਹਨਾਂ ਦੇ ਕੋਲ ਆਤਮ ਵਿਸ਼ਵਾਸ ਅਤੇ ਸੰਸਾਧਨ ਨਹੀਂ ਸਨ। 2015 ਵਿੱਚ ਉਨ੍ਹਾਂ ਨੇ FRESH HUB ਨਾਮ ਦੀ ਇੱਕ ਫਰਮ ਬਣਾਈ ਅਤੇ ਉੱਥੇ ਆਪਣੇ ਉਤਪਾਦਾਂ ਨੂੰ ਵੇਚਣਾ ਸ਼ੁਰੂ ਕੀਤਾ। ਅੱਜ ਉਨ੍ਹਾਂ ਦੇ ਕੁਲੈਕਸ਼ਨ ਵਿੱਚ ਕੁੱਲ 40-45 ਉਤਪਾਦ ਹਨ, ਜਿਸ ਦਾ ਕੱਚਾ ਮਾਲ ਉਹ ਆਪ ਖਰੀਦਦੇ ਹਨ, ਪ੍ਰੋਸੈੱਸ ਕਰਦੇ ਹਨ, ਪੈਕਿੰਗ ਕਰਦੇ ਹਨ ਅਤੇ ਮੰਡੀਕਰਨ ਕਰਦੇ ਹਨ। ਇਹ ਸਭ ਕੰਮ ਉਹ ਉਤਪਾਦਾਂ ਦੀ ਸ਼ੁੱਧਤਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਕਰਦੇ ਹਨ ਤਾਂ ਜੋ ਗਾਹਕ ਦੀ ਸਿਹਤ ‘ਤੇ ਕੋਈ ਬੁਰਾ ਅਸਰ ਨਾ ਹੋਵੇ। ਇੱਥੋਂ ਤੱਕ ਕਿ ਜਦੋਂ ਉਹ ਅਚਾਰ ਤਿਆਰ ਕਰਦੇ ਹਨ, ਤਾਂ ਘਟੀਆ ਸਿਰਕੇ ਦਾ ਇਸਤੇਮਾਲ ਨਹੀਂ ਕਰਦੇ ਅਤੇ ਚੰਗੀ ਗੁਣਵੱਤਾ ਲਈ ਹਮੇਸ਼ਾ ਸੇਬ ਦੇ ਸਿਰਕੇ ਦੀ ਵਰਤੋਂ ਕਰਦੇ ਹਨ।

2016 ਵਿੱਚ ਉਨ੍ਹਾਂ ਨੇ ਸਿਰਕੇ ਦੀ ਟ੍ਰੇਨਿੰਗ ਲਈ ਅਤੇ ਬਹੁਤ ਜਲਦ ਉਹ ਇਸ ਨੂੰ ਲਾਗੂ ਵੀ ਕਰਨਗੇ। ਵਰਤਮਾਨ ਵਿੱਚ ਉਹ ਪ੍ਰਤੀ ਸਾਲ 10 ਲੱਖ ਦਾ ਲਾਭ ਕਮਾ ਰਹੇ ਹਨ। ਇੱਕ ਗੱਲ ਜੋ ਉਹ ਜਲਦੀ ਸਮਝੇ ਅਤੇ ਲਾਗੂ ਵੀ ਕੀਤੀ, ਉਹ ਸੀ ਕਿ ਉਨ੍ਹਾਂ ਨੇ ਹਮੇਸ਼ਾ ਮਾਤਰਾ ਜਾਂ ਸੁਆਦ ਨੂੰ ਧਿਆਨ ਨਾ ਦੇ ਕੇ ਗੁਣਵੱਤਾ ਵੱਲ ਧਿਆਨ ਦਿੱਤਾ। ਮੰਡੀਕਰਨ ਦੇ ਲਈ ਉਹ ਆਧੁਨਿਕ ਤਕਨੀਕਾਂ ਜਿਵੇਂ ਕੀ ਵੱਟਸਐੱਪ ਦੁਆਰਾ ਕਿਸਾਨਾਂ ਅਤੇ ਹੋਰ ਜ਼ਰੂਰੀ ਵੇਰਵਿਆਂ ਦੇ ਨਾਲ ਜੁੜਦੇ ਹਨ। ਕੁੱਝ ਵੀ ਖਰੀਦਣ ਤੋਂ ਪਹਿਲਾਂ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਰਸਾਇਣ-ਮੁਕਤ ਸਬਜ਼ੀਆਂ ਹੀ ਖਰੀਦਣ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਸ਼ੁਰੂ ਕਰਨ ਦੇ ਲਈ ਪ੍ਰੋਤਸਾਹਿਤ ਵੀ ਕਰਦੇ ਹਨ। ਉਨ੍ਹਾਂ ਦੇ ਕੰਮ ਵਿੱਚ ਕੇਵਲ ਪ੍ਰੋਸੈੱਸਿੰਗ ਅਤੇ ਮੰਡੀਕਰਨ ਹੀ ਸ਼ਾਮਲ ਨਹੀਂ ਹਨ ਬਲਕਿ ਉਹ ਹੋਰ ਔਰਤਾਂ ਨੂੰ ਆਪਣੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਦੂਸਰੇ ਤਰੱਕੀ ਕਰਨ ਅਤੇ ਸਮਾਜ ਲਈ ਕੁੱਝ ਚੰਗਾ ਕਰਨ।

ਸ਼ੁਰੂ ਤੋਂ ਸ਼ਹਿਨਾਜ਼ ਕੁਰੇਸ਼ੀ ਜੀ ਦੀ ਮਾਨਸਿਕਤਾ ਉਨ੍ਹਾਂ ਦੇ ਕੰਮ ਲਈ ਬਿਲਕੁਲ ਸਪੱਸ਼ਟ ਸੀ। ਉਹ ਚਾਹੁੰਦੇ ਹਨ ਕਿ ਸਮਾਜ ਵਿੱਚ ਹਰ ਵਿਅਕਤੀ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਅੱਗੇ ਆਪਣੇ ਹੱਥ ਫੈਲਾਉਣੇ ਨਹੀਂ ਪੈਂਦੇ, ਸਾਰਿਆਂ ਨੂੰ ਆਪਣੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ ਨਿਰਭਰ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਉਨ੍ਹਾਂ ਦਾ ਮੁੱਖ ਧਿਆਨ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ‘ਤੇ ਹੈ। ਉਹ ਆਪਣੀ ਸੋਚ ਅਤੇ ਹੁਨਰ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਅਖ਼ਬਾਰਾਂ ਅਤੇ ਰੇਡੀਓ ਰਾਹੀਂ ਸਿਖਲਾਈ ਅਤੇ ਜਾਣਕਾਰੀ ਵੀ ਦਿੰਦੀ ਹੈ। ਉਹ ਨਿੱਜੀ ਤੌਰ ‘ਤੇ ਕਿਸਾਨ ਸਿਖਲਾਈ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਦੌਰਾ ਕਰਦੇ ਹਨ ਅਤੇ ਵਿਸ਼ੇਸ਼ ਤੌਰ ‘ਤੇ ਕੌਸ਼ਲ ਪ੍ਰਦਾਨ ਕਰਦੇ ਹਨ। 2016 ਵਿੱਚ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਟਿਫਨ ਸਰਵਿਸ ਵੀ ਸ਼ੁਰੂ ਕੀਤੀ। ਅੱਜ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਆਪਣਾ ਰੇਡੀਓ ਸ਼ੋਅ ਹੈ, ਜੋ ਹਰ ਸ਼ੁੱਕਰਵਾਰ ਨੂੰ 1 ਤੋਂ 2 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ, ਜਿੱਥੇ ਉਹ ਲੋਕਾਂ ਨੂੰ ਪਾਣੀ ਪ੍ਰਬੰਧਨ, ਸਿਹਤ ਭੋਜਨ ਪਦਾਰਥਾਂ ਅਤੇ ਹੋਰ ਬਹੁਤ ਕੁੱਝ ਬਾਰੇ ਦੱਸਦੇ ਹਨ।

ਜਨਮ ਤੋਂ ਕਸ਼ਮੀਰੀ ਹੋਣ ਦੇ ਕਾਰਨ ਸ਼ਹਿਨਾਜ਼ ਹਮੇਸ਼ਾ ਆਪਣੇ ਕੰਮ ਅਤੇ ਉਤਪਾਦਾਂ ਵਿੱਚ ਆਪਣੇ ਮੂਲ ਸਥਾਨ ਦਾ ਇੱਕ ਸਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ “ਸ਼ਾਹ ‘ਜ਼ ਕਸ਼ਮੀਰੀ ਅਤੇ ਮੁਗਲਈ ਚਿਕਨ” ਨਾਮ ਨਾਲ ਬਠਿੰਡੇ ਵਿੱਚ ਇੱਕ ਰੈਸਟੋਰੈਂਟ ਵੀ ਖੋਲ੍ਹਿਆ ਹੈ ਅਤੇ ਉੱਥੇ ਹੀ ਇੱਕ ਗ੍ਰਾਮੀਣ ਕਸ਼ਮੀਰੀ ਇੰਟੀਰੀਅਰ ਅਤੇ ਰੈਸਟੋਰੈਂਟ ਵਿੱਚ ਕਸ਼ਮੀਰੀ ਕਰਾੱਕਰੀ ਸੈੱਟ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਇੱਕ ਪ੍ਰਸਿੱਧ ਉਤਪਾਦ ਹੈ, ਕਸ਼ਮੀਰੀ ਚਾਹ ਜੋ ਕਿ ਕਸ਼ਮੀਰੀ ਪਰੰਪਰਾ ਅਤੇ ਵਿਅੰਜਨਾਂ ਦੇ ਮੂਲ ਨੂੰ ਦਰਸਾਉਂਦਾ ਹੈ। ਉਹ ਹਰ ਸਿਹਤਮੰਦ, ਲਾਹੇਵੰਦ ਅਤੇ ਰਵਾਇਤੀ ਨੁਕਤਾ ਸਾਂਝਾ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਆਪਣੇ ਉਤਪਾਦਾਂ, ਰੈਸਟੋਰੈਂਟ ਅਤੇ ਟ੍ਰੇਨਿੰਗ ਦੇ ਮਾਧਿਅਮ ਨਾਲ ਜਾਣਿਆ ਹੈ। ਕਸ਼ਮੀਰ ਵਿੱਚ ਉਨ੍ਹਾਂ ਦੇ ਬਾਗ਼ ਵੀ ਹਨ, ਜੋ ਉਨ੍ਹਾਂ ਦੀ ਗੈਰ ਮੌਜ਼ੂਦਗੀ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਦੀ ਨਿਗਰਾਨੀ ਵਿੱਚ ਹਨ। ਬਾਗ਼ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਉਹ ਜੈਵਿਕ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਸ਼ਹਿਨਾਜ ਕੁਰੇਸ਼ੀ ਜੀ ਦੀਆਂ ਇਹ ਕੁੱਝ ਪ੍ਰਾਪਤੀਆਂ ਹਨ, ਆਉਣ ਵਾਲੇ ਸਮੇਂ ਵਿੱਚ ਉਹ ਸਮਾਜ ਦੇ ਹਿੱਤ ਵਿੱਚ ਹੋਰ ਜ਼ਿਆਦਾ ਕੰਮ ਕਰਨਗੇ। ਉਨ੍ਹਾਂ ਦੇ ਯਤਨਾਂ ਨੂੰ ਬਹੁਤ ਸਾਰੇ ਸੰਗਠਨਾਂ ਦੁਆਰਾ ਪ੍ਰਸ਼ੰਸਾ ਮਿਲੀ ਹੈ ਅਤੇ ਉਨ੍ਹਾਂ ਨੂੰ ਮੁਕਤਸਰ ਸਾਹਿਬ ਦੇ ਫੂਡ ਪ੍ਰੋਸੈੱਸਿੰਗ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ 2015 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੁਆਰਾ ਜਗਬੀਰ ਕੌਰ ਮੈਮੋਰੀਅਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼

“ਹਰ ਸਮੇਂ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਕਿਉਂਕਿ ਅਸੀਂ ਅੱਜ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਅੱਜ-ਕੱਲ੍ਹ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੌਕਿਆਂ ਦਾ ਫ਼ਾਇਦਾ ਕਿਵੇਂ ਉਠਾਇਆ ਜਾਵੇ, ਕਿਉਂਕਿ ਜੇਕਰ ਕਿਸਾਨ ਅੱਗੇ ਵਧਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਨੂੰ ਬਦਲਣਾ ਹੋਵੇਗਾ। ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਦੂਜਿਆਂ ਵੱਲ ਦੇਖ ਕੇ ਕੰਮ ਕਰੋ, ਤੁਸੀਂ ਦੂਜੇ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੇ ਹੋ। ਕਿਸਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕੱਚੇ ਮਾਲ ਦੀ ਤੁਲਨਾ ਨਾਲੋਂ ਫੂਡ ਪ੍ਰੋਸੈੱਸਿੰਗ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਕੁਲਵੰਤ ਕੌਰ

ਪੂਰੀ ਕਹਾਣੀ ਪੜ੍ਹੋ

 “ਹਰ ਸਫ਼ਲ ਮਹਿਲਾ ਦੇ ਪਿੱਛੇ ਉਹ ਆਪ ਹੁੰਦੀ ਹੈ”
-ਕਿਵੇਂ ਕੁਲਵੰਤ ਕੌਰ ਨੇ ਇਸ ਉਦਾਹਰਨ ਨੂੰ ਸਹੀ ਸਾਬਤ ਕੀਤਾ

ਭਾਰਤ ਵਿੱਚ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ, ਜੋ ਅਸਾਧਾਰਨ ਵਿਅਕਤੀਤਵ ਰੱਖਦੀਆਂ ਹਨ, ਜਿਨ੍ਹਾਂ ਦੀ ਦਿੱਖ ਦਾ ਕੋਈ ਹਵਾਲਾ ਨਹੀਂ, ਪਰ ਉਨ੍ਹਾਂ ਦਾ ਹੁਨਰ ਅਤੇ ਆਤਮ ਵਿਸ਼ਵਾਸ਼ ਉਨ੍ਹਾਂ ਨੂੰ ਦੂਜਿਆਂ ਤੋਂ ਅਦਭੁੱਤ ਬਣਾਉਂਦਾ ਹੈ। ਕੋਈ ਵੀ ਚੀਜ਼ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ ਅਤੇ ਉਨ੍ਹਾਂ ਦੇ ਇਸ ਅਦਭੁੱਤ ਵਿਅਕਤੀਤਵ ਪਿੱਛੇ ਉਨ੍ਹਾਂ ਦੀ ਖੁਦ ਦੀ ਪ੍ਰੇਰਣਾ ਹੁੰਦੀ ਹੈ।

ਅਜਿਹੀ ਇੱਕ ਮਹਿਲਾ- ਕੁਲਵੰਤ ਕੌਰ ਜੀ ਹਨ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਸੁਣੀ ਅਤੇ ਖੇਤੀਬਾੜੀ ਕਾਰੋਬਾਰ ਨੂੰ ਆਪਣੇ ਭਵਿੱਖ ਦੀ ਯੋਜਨਾ ਵਜੋਂ ਚੁਣਿਆ। ਖੇਤੀਬਾੜੀ ਦੇ ਪਿਛੋਕੜ ਨਾਲ ਸੰਬੰਧਿਤ ਹੋਣ ਕਾਰਨ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸਨ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਸਨ। ਸ਼ੁਰੂ ਤੋਂ ਹੀ ਪਰਿਵਾਰ ਦਾ ਧਿਆਨ ਮੁੱਖ ਤੌਰ ‘ਤੇ ਡੇਅਰੀ ਕਾਰੋਬਾਰ ‘ਤੇ ਸੀ ਕਿਉਂਕਿ ਉਹ 2.5 ਏਕੜ ਜ਼ਮੀਨ ਦੇ ਮਾਲਕ ਸਨ ਅਤੇ ਜ਼ਰੂਰਤ ਪੈਣ ‘ਤੇ ਜ਼ਮੀਨ ਕਿਰਾਏ ‘ਤੇ ਦੇ ਸਕਦੇ ਸਨ। ਡੇਅਰੀ ਫਾਰਮ ‘ਤੇ 30 ਮੱਝਾਂ ਦੇ ਨਾਲ, ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਵਿਕਾਸ ਕਰ ਰਿਹਾ ਸੀ ਅਤੇ ਖੇਤੀ ਦੀ ਤੁਲਨਾ ਵਿੱਚ ਜ਼ਿਆਦਾ ਲਾਭਦਾਇਕ ਸੀ।

ਕੁਲਵੰਤ ਕੌਰ ਜੀ ਦੀ ਖੇਤੀਬਾੜੀ ਵਿੱਚ ਬਹੁਤ ਦਿਲਚਸਪੀ ਸੀ ਅਤੇ ਇਸ ਨਾਲ ਸੰਬੰਧਿਤ ਵਪਾਰ ਕਰਦੇ ਸਨ ਅਤੇ ਇੱਕ ਦਿਨ ਉਨ੍ਹਾਂ ਨੇ ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਬਾਰੇ ਪੜ੍ਹਿਆ ਅਤੇ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ 2011 ਵਿੱਚ ਫਲਾਂ ਅਤੇ ਸਬਜ਼ੀਆਂ ਦੇ ਪ੍ਰਬੰਧਨ ਦੀ 5 ਦਿਨ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਦੇ ਆਖ਼ਿਰੀ ਦਿਨ ਉਨ੍ਹਾਂ ਨੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸੇਬ ਦਾ ਜੈਮ ਅਤੇ ਹਲਦੀ ਦਾ ਆਚਾਰ ਬਣਾਉਣ ਵਿੱਚ ਪਹਿਲਾ ਪੁਰਸਕਾਰ ਜਿੱਤਿਆ। ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਪੁਰਸਕਾਰ ਸੀ, ਜੋ ਉਨ੍ਹਾਂ ਨੇ ਜਿੱਤਿਆ ਅਤੇ ਇਸ ਉਪਲੱਬਧੀ ਨੇ ਉਨ੍ਹਾਂ ਨੂੰ ਇੰਨਾ ਦ੍ਰਿੜ ਅਤੇ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਆਪਣੇ ਆਪ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਉਤਪਾਦ ਇੰਨੇ ਵਧੀਆ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਚੰਗਾ ਗਾਹਕ ਆਧਾਰ ਮਿਲਿਆ।

ਹੌਲੀ-ਹੌਲੀ ਉਨ੍ਹਾਂ ਦੇ ਕੰਮ ਦੀ ਗਤੀ, ਨਿਪੁੰਨਤਾ ਅਤੇ ਉਤਪਾਦ ਦੀ ਗੁਣਵੱਤਾ ਸਮੇਂ ਦੇ ਨਾਲ ਬਿਹਤਰ ਹੋ ਗਈ ਅਤੇ ਹਲਦੀ ਦਾ ਆਚਾਰ ਉਨ੍ਹਾਂ ਦੇ ਉਤਪਾਦਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲਾ ਉਤਪਾਦ ਬਣ ਗਿਆ। ਉਸ ਤੋਂ ਬਾਅਦ ਆਪਣੇ ਹੁਨਰ ਨੂੰ ਵਧਾਉਣ ਲਈ ਉਹ ਫਿਨਾਇਲ, ਸਾਬਣ, ਆਂਵਲਾ ਜੂਸ, ਚਟਨੀ ਅਤੇ ਆਚਾਰ ਦੀ ਟ੍ਰੇਨਿੰਗ ਦੇ ਲਈ ਕੇ.ਵੀ.ਕੇ. ਸਮਰਾਲਾ ਵਿੱਚ ਸ਼ਾਮਲ ਹੋ ਗਏ। ਟ੍ਰੇਨਿੰਗ ਤੋਂ ਲਈ ਸਿੱਖਿਆ ਦੀ ਵਰਤੋਂ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਆਂਵਲਾ ਜੂਸ ਦੀ ਮਸ਼ੀਨ ਖਰੀਦਣ ਲਈ ਦਿੱਲੀ ਗਏ। ਬਹੁਤ ਹੀ ਜਲਦੀ ਉਨ੍ਹਾਂ ਨੇ ਇੱਕ ਹੀ ਮਸ਼ੀਨ ਤੋਂ ਐਲੋਵੇਰਾ ਜੂਸ, ਸ਼ੈਂਪੂ, ਜੈੱਲ ਅਤੇ ਹੈਂਡ ਵਾੱਸ਼ ਬਣਾਉਣ ਦੀ ਤਕਨੀਕ ਨੂੰ ਸਮਝਿਆ ਅਤੇ ਉਤਪਾਦਾਂ ਦੀ ਪ੍ਰਕਿਰਿਆ ਦੇਖਣ ਤੋਂ ਬਾਅਦ ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੇ ਆਤਮ ਵਿਸ਼ਵਾਸ ਹਾਸਲ ਕੀਤਾ।

ਇਹ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਪ੍ਰਾਪਤੀਆਂ ਹੀ ਸਨ, ਜਿਨ੍ਹਾਂ ਨੇ ਕੁਲਵੰਤ ਕੌਰ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਅਖ਼ੀਰ ਵਿੱਚ ਉਨ੍ਹਾਂ ਨੇ ਉਤਪਾਦਾਂ ਦਾ ਨਿਰਮਾਣ ਘਰ ਵਿੱਚ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਮੰਡੀਕਰਨ ਵੀ ਖੁਦ ਕੀਤਾ। ਐਗਰੀ-ਬਿਜ਼ਨਸ ਵੱਲ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਇਸ ਖੇਤਰ ਵੱਲ ਹੋਰ ਵਧਾਇਆ। 2012 ਵਿੱਚ, ਉਹ ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰ ਬਣੇ। ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਦਿੱਤੀ ਜਾਣ ਵਾਲੀ ਹਰ ਟ੍ਰੇਨਿੰਗ ਲਈ। ਖੇਤੀਬਾੜੀ ਵੱਲ ਉਨ੍ਹਾਂ ਦੀ ਦਿਲਚਸਪੀ ਵੱਧਦੀ ਚਲੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ ਘੱਟ ਕਰ ਦਿੱਤਾ।

ਝੋਨੇ ਅਤੇ ਕਣਕ ਤੋਂ ਇਲਾਵਾ, ਹੁਣ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਮੂੰਗ, ਗੰਨਾ, ਚਾਰੇ ਦੀ ਫ਼ਸਲ, ਹਲਦੀ, ਐਲੋਵੇਰਾ, ਤੁਲਸੀ ਅਤੇ ਸਟੀਵੀਆ ਵੀ ਉਗਾਉਣਾ ਸ਼ੁਰੂ ਕੀਤਾ। ਹਲਦੀ ਤੋਂ ਉਹ, ਹਲਦੀ ਪਾਊਡਰ, ਹਲਦੀ ਦਾ ਆਚਾਰ, ਪੰਜੀਰੀ (ਚਨਾ ਪਾਊਡਰ, ਆਟਾ, ਘਿਓ ਤੋਂ ਬਣਿਆ ਮਿੱਠਾ ਸੁੱਕਾ ਪਾਊਡਰ) ਤਿਆਰ ਕਰਦੇ ਹਨ, ਜਿਨ੍ਹਾਂ ‘ਚੋਂ ਪੰਜੀਰੀ ਹਲਦੀ ਦਾ ਆਚਾਰ ਉਨ੍ਹਾਂ ਦਾ ਸਭ ਤੋਂ ਵੱਧ ਮੰਗ ਵਾਲਾ ਉਤਪਾਦ ਹੈ।

ਖੈਰ, ਉਨ੍ਹਾਂ ਦੀ ਯਾਤਰਾ ਅਸਾਨ ਨਹੀਂ ਸੀ, ਉਨ੍ਹਾਂ ਨੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਸਟੀਵੀਆ ਦੇ 1000 ਪੌਦੇ ਲਗਾਏ, ਜਿਨ੍ਹਾਂ ਵਿੱਚੋਂ ਸਿਰਫ਼ ਅੱਧੇ ਹੀ ਬਚੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਸਟੀਵੀਆ ਦੀ ਕੀਮਤ ਬਹੁਤ ਜ਼ਿਆਦਾ ਹੈ (1500 ਰੁਪਏ ਪ੍ਰਤੀ ਕਿੱਲੋ), ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਵੇਚਣ ਦਾ ਇੱਕ ਵੱਖਰਾ ਤਰੀਕਾ ਲੱਭਿਆ। ਉਨ੍ਹਾਂ ਨੇ ਮਾਰਕੀਟ ਤੋਂ ਗ੍ਰੀਨ ਟੀ ਖਰੀਦੀ ਅਤੇ ਸਟੀਵੀਆ ਨੂੰ ਇਸ ਨਾਲ ਮਿਲਾ ਦਿੱਤਾ ਅਤੇ ਇਸ ਨੂੰ 150 ਰੁਪਏ ਪ੍ਰਤੀ ਗ੍ਰਾਮ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਟੀਵੀਆ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹਨ ਅਤੇ ਇਸ ਲਈ ਕਈ ਸਥਾਨਕ ਲੋਕਾਂ ਅਤੇ ਹੋਰ ਗਾਹਕਾਂ ਦੁਆਰਾ ਇਸ ਨੂੰ ਖਰੀਦਿਆ ਗਿਆ।

ਵਰਤਮਾਨ ਵਿੱਚ ਉਹ 40 ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ ਅਤੇ ਨੇੜੇ ਦੀ ਮਾਰਕੀਟ ਅਤੇ ਪੀ.ਏ.ਯੂ. ਮੇਲਿਆਂ ਵਿੱਚ ਵੇਚ ਰਹੇ ਹਨ। ਉਨ੍ਹਾਂ ਦਾ ਇੱਕ ਹੋਰ ਉਤਪਾਦ ਹੈ ਜਿਸ ਨੂੰ ਸੱਤ ਰਸ ਕਿਹਾ ਜਾਂਦਾ ਹੈ (ਤੁਲਸੀ, ਸੇਬ ਦਾ ਸਿਰਕਾ, ਸ਼ਹਿਦ, ਅਦਰਕ, ਲਸਣ, ਐਲੋਵੇਰਾ ਅਤੇ ਆਂਵਲੇ ਨਾਲ ਬਣਦਾ ਹੈ) ਜੋ ਵਿਸ਼ੇਸ਼ ਤੌਰ ‘ਤੇ ਦਿਲ ਦੇ ਰੋਗੀਆਂ ਲਈ ਬਹੁਤ ਪ੍ਰਭਾਵਸ਼ਾਲੀ ਹੈ।

ਆਪਣੇ ਹੁਨਰ ਨਾਲ ਕੁਲਵੰਤ ਕੌਰ ਜੀ ਸਾਰੀ ਨਵੀਨਤਮ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੇ ਨਾਲ ਅੱਪਡੇਟ ਰਹਿੰਦੇ ਹਨ। ਉਨ੍ਹਾਂ ਦੇ ਕੋਲ ਸਾਰੀਆਂ ਖੇਤੀ ਮਸ਼ੀਨਰੀਆਂ ਹਨ ਅਤੇ ਉਹ ਖੇਤਾਂ ਵਿੱਚ ਲੇਜ਼ਰ ਲੈੱਵਲਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੁੱਤਰ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਰਤਮਾਨ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਮਾਰਕਿਟਿੰਗ ‘ਤੇ ਹੈ ਅਤੇ ਉਸ ਦੇ ਬਾਅਦ ਖੇਤੀਬਾੜੀ ‘ਤੇ ਹੈ। ਖੇਤੀਬਾੜੀ ਖੇਤਰ ਵਿੱਚ ਆਪਣੇ ਯਤਨਾਂ ਨਾਲ ਉਨ੍ਹਾਂ ਨੇ ਹਲਦੀ ਉਤਪਾਦਾਂ ਦੇ ਲਈ ਪਟਿਆਲਾ ਦੇ ਕਿਸਾਨ ਮੇਲੇ ਵਿੱਚ ਪਹਿਲਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ (2013 ਵਿੱਚ ਪੰਜਾਬ ਐਗਰੀਕਲਚਰ ਲੁਧਿਆਣਾ ਦੁਆਰਾ ਆਯੋਜਿਤ) ਕਿਸਾਨ ਮੇਲੇ ਵਿੱਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਮੈਮੋਰੀਅਲ ਐਵਾਰਡ ਪ੍ਰਾਪਤ ਕੀਤਾ।

ਕੁਲਵੰਤ ਕੌਰ ਨੇ ਜੋ ਵੀ ਹਾਸਲ ਕੀਤਾ ਹੈ, ਉਹ ਕੇਵਲ ਆਪਣੇ ਵਿਸ਼ਵਾਸ ‘ਤੇ ਕੀਤਾ ਹੈ। ਭਵਿੱਖ ਵਿੱਚ ਉਹ ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪ ਕਰਨਾ ਚਾਹੁੰਦੇ ਹਨ। ਉਹ ਸਮਾਜ ਵਿੱਚ ਹੋਰ ਮਹਿਲਾਵਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਚਾਹੁੰਦੇ ਹਨ, ਤਾਂ ਕਿ ਉਹ ਆਪਣੇ ਦਮ ‘ਤੇ ਖੜ੍ਹੀਆਂ ਹੋ ਸਕਣ ਅਤੇ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਮਹਿਲਾਵਾਂ ਨੂੰ ਆਪਣੇ ਫਾਲਤੂ ਸਮੇਂ ਵਿੱਚ ਲਾਭਕਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਘਰ ਦੀ ਆਰਥਿਕ ਹਾਲਤ ਨੂੰ ਪ੍ਰਭਾਵੀ ਰੂਪ ਨਾਲ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੂੰ ਫੂਡ ਪ੍ਰੋਸੈੱਸਿੰਗ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ। ਖੇਤੀਬਾੜੀ ਖੇਤਰ ਇੱਕ ਬਹੁਤ ਹੀ ਲਾਭਦਾਇਕ ਉੱਦਮ ਹੈ, ਜਿਸ ਵਿੱਚ ਲੋਕ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਪੈਸੇ ਕਮਾ ਸਕਦੇ ਹਨ।”

ਸੱਤਿਆ ਰਾਣੀ

ਪੂਰੀ ਕਹਾਣੀ ਪੜ੍ਹੋ

ਸੱਤਿਆ ਰਾਣੀ: ਆਪਣੀ ਮਿਹਨਤ ਨਾਲ ਸਫ਼ਲ ਹੋਣ ਵਾਲੀ ਮਹਿਲਾ, ਜੋ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਸੂਰਜ ਦੀ ਤਰ੍ਹਾਂ ਉੱਭਰ ਰਹੀ ਹੈ

ਜਦੋਂ ਗੱਲ ਵਿਕਾਸ ਦੀ ਆਉਂਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਭਾਰਤ ਦੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ਅਤੇ ਮਾਰਗ-ਦਰਸ਼ਨ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਤੱਕ ਕਿ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਹਿਲਾਵਾਂ ਪਿੱਛੇ ਨਹੀਂ ਹਨ, ਉਹ ਟਿਕਾਊ ਅਤੇ ਜੈਵਿਕ ਖੇਤੀ ਦੇ ਮਾਰਗ ਦੀ ਅਗਵਾਈ ਕਰ ਰਹੀਆਂ ਹਨ। ਅੱਜ, ਕਈ ਗ੍ਰਾਮੀਣ ਅਤੇ ਸ਼ਹਿਰੀ ਮਹਿਲਾਵਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਪ੍ਰਤੀ ਜਾਗਰੂਕ ਹਨ ਅਤੇ ਇਸੇ ਕਾਰਨ ਉਹ ਇਸ ਖੇਤਰ ਵਿੱਚ ਕੰਮ ਵੀ ਕਰ ਰਹੀਆਂ ਹਨ। ਸੱਤਿਆ ਰਾਣੀ ਉਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਹੈ ਜੋ ਜੈਵਿਕ ਖੇਤੀ ਕਰ ਰਹੀਆਂ ਹਨ ਅਤੇ ਫੂਡ ਪ੍ਰੋਸੈਸਿੰਗ ਦੇ ਵਪਾਰ ਵਿੱਚ ਵੀ ਕਿਰਿਆਸ਼ੀਲ ਹਨ।

ਵੱਧਦੀਆਂ ਸਿਹਤ ਸਮੱਸਿਆਵਾਂ ਅਤੇ ਜਲਵਾਯੂ ਤਬਦੀਲੀਆਂ ਕਾਰਨ, ਭੋਜਨ ਸੁਰੱਖਿਆ ਨਾਲ ਨਿਪਟਣਾ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਸੱਤਿਆ ਰਾਣੀ ਇੱਕ ਉੱਭਰਦੀ ਹੋਈ ਐਗਰੀਪ੍ਰੇਨਿਓਰ ਹੈ ਜੋ ਇਸ ਮੁੱਦੇ ‘ਤੇ ਕੰਮ ਕਰ ਰਹੀ ਹੈ। ਖੇਤੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਅਤੇ ਪ੍ਰਕਿਰਤੀ ਨੂੰ ਉਸ ਦਾ ਦਿੱਤਾ ਵਾਪਸ ਦੇਣਾ ਸੱਤਿਆ ਦਾ ਬਚਪਨ ਦਾ ਸੁਪਨਾ ਹੈ। ਸ਼ੁਰੂ ਤੋਂ ਹੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਹਮੇਸ਼ਾ ਇਸ ਵੱਲ ਨਿਰਦੇਸ਼ਿਤ ਅਤੇ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਇੱਕ ਛੋਟੀ ਕੁੜੀ ਦਾ ਸੁਪਨਾ ਇੱਕ ਮਹਿਲਾ ਦੀ ਦ੍ਰਿਸ਼ਟੀ ਵਿੱਚ ਬਦਲ ਗਿਆ।

ਸੱਤਿਆ ਦੇ ਜੀਵਨ ਵਿੱਚ ਬੁਰਾ ਸਮਾਂ ਵੀ ਆਇਆ ਜਿਸ ਵਿੱਚ ਕੋਈ ਹੋਰ ਲੜਕੀ ਹੁੰਦੀ ਤਾਂ ਉਹ ਆਪਣਾ ਆਤਮ-ਵਿਸ਼ਵਾਸ ਅਤੇ ਉਮੀਦ ਆਸਾਨੀ ਨਾਲ ਛੱਡ ਦਿੰਦੀ। ਸੱਤਿਆ ਦੇ ਮਾਤਾ ਪਿਤਾ ਨੇ ਉਸ ਨੂੰ ਵਿੱਤੀ ਸਮੱਸਿਆਵਾਂ ਦੇ ਕਾਰਨ 12ਵੀਂ ਦੇ ਬਾਅਦ ਆਪਣੀ ਪੜ੍ਹਾਈ ਰੋਕਣ ਦੇ ਲਈ ਕਿਹਾ। ਪਰ ਉਸ ਦਾ ਆਪਣੇ ਭਵਿੱਖ ਦੇ ਪ੍ਰਤੀ ਇੰਨਾ ਦ੍ਰਿੜ ਸੰਕਲਪ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੀ ਉੱਚ ਸਿੱਖਿਆ ਦਾ ਪ੍ਰਬੰਧਨ ਆਪ ਕਰੇਗੀ। ਉਸ ਨੇ ਭੋਜਨ ਉਤਪਾਦ ਜਿਵੇਂ ਕਿ ਆਚਾਰ ਅਤੇ ਚਟਨੀ ਬਣਾਉਣ ਅਤੇ ਇਸ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ।

ਇਸ ਸਮੇਂ ਦੇ ਦੌਰਾਨ, ਉਸ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਉਸ ਦੀ ਦਿਲਚਸਪੀ ਫੂਡ ਪ੍ਰੋਸੈਸਿੰਗ ਵਪਾਰ ਵਿੱਚ ਵੱਧ ਗਈ। ਹਿੰਦੂ ਗਰਲਜ਼ ਕਾਲਜ ਜਗਾਧਰੀ ਤੋਂ ਬੀ.ਏ.ਪਾਸ ਕਰਨ ਤੋਂ ਬਾਅਦ ਉਸ ਨੂੰ ਉਸੇ ਕਾਲਜ ਵਿੱਚ ਹੋਮ ਸਾਇੰਸ ਟ੍ਰੇਨਰ ਦੀ ਨੌਕਰੀ ਮਿਲ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੇ 2004 ਵਿੱਚ ਰਾਜਿੰਦਰ ਕੁਮਾਰ ਕੰਬੋਜ਼ ਨਾਲ ਵਿਆਹ ਕੀਤਾ, ਪਰ ਉਸ ਨੇ ਵਿਆਹ ਤੋਂ ਬਾਅਦ ਵੀ ਆਪਣਾ ਕੰਮ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਕਈ ਨਵੇਂ ਕਿਸਮ ਦੇ ਉਤਪਾਦ ਜਿਵੇਂ ਕਿ ਅੰਬ ਦੇ ਲੱਡੂ, ਨਾਰੀਅਲ ਦੇ ਲੱਡੂ, ਆਚਾਰ, ਫਰੂਟ ਜੈਮ, ਮੁਰੱਬਾ ਅਤੇ ਹੋਰ ਲੱਡੂਆਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ। ਉਸ ਦੀ ਨਿਪੁੰਨਤਾ ਸਮੇਂ ਦੇ ਨਾਲ ਵੱਧ ਗਈ ਜਿਸ ਦੇ ਸਿੱਟੇ ਵਜੋਂ ਉਸ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਹੋਈ ਅਤੇ ਵੱਡੀ ਸੰਖਿਆ ਵਿੱਚ ਗ੍ਰਾਹਕ ਜੁੜੇ।

ਖੈਰ, ਫੂਡ ਪ੍ਰੋਸੈਸਿੰਗ ਹੀ ਇਸ ਤਰ੍ਹਾਂ ਦਾ ਇਕੱਲਾ ਖੇਤਰ ਨਹੀਂ ਹੈ ਜਿਸ ਵਿੱਚ ਉਸਨੇ ਉੱਤਮਤਾ ਪ੍ਰਾਪਤ ਕੀਤੀ। ਆਪਣੇ ਸਕੂਲ ਦੇ ਸਮੇਂ ਤੋਂ ਉਹ ਖੇਡਾਂ ਵਿੱਚ ਬਹੁਤ ਕਿਰਿਆਸ਼ੀਲ ਸੀ ਅਤੇ ਕਬੱਡੀ ਟੀਮ ਦੀ ਕਪਤਾਨ ਸੀ। ਉਹ ਆਪਣੇ ਪੇਸ਼ੇ ਅਤੇ ਕੰਮ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ। ਇੱਥੋਂ ਤੱਕ ਕਿ ਉਸ ਨੇ ਹਿੰਦੂ ਗਰਲਜ਼ ਕਾਲਜ ਤੋਂ ਵੀ ਸਿਖਲਾਈ ਪੁਰਸਕਾਰ ਪ੍ਰਾਪਤ ਕੀਤਾ। ਵਰਤਮਾਨ ਵਿੱਚ ਉਹ ਇੱਕ ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੀ ਹੈ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਹੈ। ਉਹ ਆਪਣੇ ਪਤੀ ਦੀ ਸਹਾਇਤਾ ਨਾਲ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਉਗਾਉਂਦੀ ਹੈ। ਸੱਤਿਆ ਆੱਰਗੈਨਿਕ ਬ੍ਰੈਂਡ ਦਾ ਨਾਮ ਹੈ ਜਿਸ ਦੇ ਤਹਿਤ ਉਹ ਆਪਣੇ ਪ੍ਰੋਸੈੱਸ ਕੀਤੇ ਉਤਪਾਦਾਂ (ਵੱਖ-ਵੱਖ ਤਰ੍ਹਾਂ ਦੇ ਲੱਡੂ, ਆਚਾਰ, ਜੈਮ ਅਤੇ ਮੁਰੱਬੇ) ਨੂੰ ਵੇਚ ਰਹੀ ਹੈ।

ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਕੰਮ ਨੂੰ ਵਧਾਉਣ ਅਤੇ ਇਸ ਤੋਂ ਜ਼ਿਆਦਾ ਆਮਦਨ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਉਹ ਸਮਾਜ ਵਿੱਚ ਹੋਰ ਕੁੜੀਆਂ ਅਤੇ ਮਹਿਲਾਵਾਂ ਨੂੰ ਫੂਡ ਪ੍ਰੋਸੈੱਸਿੰਗ ਅਤੇ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੁੰਦੀ ਹੈ, ਤਾਂ ਕਿ ਉਹ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਜੇਕਰ ਪ੍ਰਮਾਤਮਾ ਨੇ ਤੁਹਾਨੂੰ ਸਭ ਕੁੱਝ ਦਿੱਤਾ ਹੈ ਭਾਵ ਚੰਗੀ ਸਿਹਤ ਅਤੇ ਮਾਨਸਿਕ ਤੌਰ ‘ਤੇ ਸਵੱਸਥ ਦਿਮਾਗ, ਤਾਂ ਤੁਹਾਨੂੰ ਇੱਕ ਰਚਨਾਤਮਕ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਤਰੀਕੇ ਨਾਲ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਖੁਦ ਵਿੱਚ ਲੁਕੀ ਪ੍ਰਤਿਭਾ ਨੂੰ ਪਛਾਣਨਾ ਚਾਹੀਦਾ ਹੈ ਤਾਂ ਕਿ ਉਹ ਉਸ ਦਿਸ਼ਾ ਵਿੱਚ ਕੰਮ ਕਰ ਸਕਣ, ਜੋ ਸਮਾਜ ਲਈ ਲਾਭਦਾਇਕ ਹੋਵੇ।”

ਹਰਜਿੰਦਰ ਕੌਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ 60 ਸਾਲ ਦੀ ਮਹਿਲਾ ਨੇ ਅੰਮ੍ਰਿਤਸਰ ਵਿੱਚ ਮਸ਼ਰੂਮ ਦੀ ਖੇਤੀ ਦੇ ਧੰਦੇ ਦੀ ਸਥਾਪਨਾ ਕੀਤੀ ਅਤੇ ਉਨ੍ਹਾਂ ਨੇ ਪੁੱਤਰਾਂ ਨੇ ਇਸ ਧੰਦੇ ਨੂੰ ਸਫ਼ਲ ਬਣਾਇਆ

ਪੰਜਾਬ ਵਿੱਚ ਜਿੱਥੇ ਲੋਕ ਅੱਜ ਵੀ ਰਵਾਇਤੀ ਖੇਤੀ ਦੇ ਚੱਕਰ ‘ਚ ਫਸੇ ਹੋਏ ਹਨ, ਉੱਥੇ ਕੁੱਝ ਕਿਸਾਨ ਅਜਿਹੇ ਹਨ, ਜਿਨ੍ਹਾਂ ਨੇ ਇਸ ਚੱਕਰ ਨੂੰ ਤੋੜਿਆ ਅਤੇ ਖੇਤੀ ਦੀ ਆਵਿਸ਼ਕਾਰੀ ਤਕਨੀਕ ਨੂੰ ਲੇ ਕੇ ਆਏ, ਜੋ ਕਿ ਕੁਦਰਤ ਦੇ ਜ਼ਰੂਰੀ ਸ੍ਰੋਤ ਜਿਵੇਂ ਕਿ ਪਾਣੀ ਆਦਿ ਨੂੰ ਬਚਾਉਣ ਵਿੱਚ ਮਦਦ ਕਰਦੇ ਹਨ।

ਇਹ ਇੱਕ ਪਰਿਵਾਰ ਦੇ ਯਤਨਾਂ ਦੀ ਕਹਾਣੀ ਹੈ। ਰੰਧਾਵਾ ਪਰਿਵਾਰ ਪੰਜਾਬ ਦੇ ਧਾਰਮਿਕ ਸ਼ਹਿਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ, ਜੋ ਅਦਭੁੱਤ ਪਵਿੱਤਰ ਸ਼ੈਲੀ, ਸੰਸਕ੍ਰਿਤ ਅਤੇ ਅੰਮ੍ਰਿਤ ਸਰੋਵਰ(ਪਵਿੱਤਰ ਜਲ ਤਲਾਬ) ਨਾਲ ਘਿਰੇ ਸ਼ਾਂਤ ਸਵਰਣ ਮੰਦਿਰ(ਹਰਿਮੰਦਰ ਸਾਹਿਬ) ਲਈ ਜਾਣਿਆ ਜਾਂਦਾ ਹੈ। ਇਹ ਪਰਿਵਾਰ ਨਾ-ਕੇਵਲ ਮਸ਼ਰੂਮ ਦੀ ਖੇਤੀ ਵਿੱਚ ਕ੍ਰਾਂਤੀ ਲੈ ਕੇ ਆ ਰਿਹਾ ਹੈ, ਬਲਕਿ ਆਧੁਨਿਕ ਅਤੇ ਫਾਇਦੇਮੰਦ ਤਕਨੀਕਾਂ ਵੱਲ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰ ਰਿਹਾ ਹੈ।

ਹਰਜਿੰਦਰ ਕੌਰ ਰੰਧਾਵਾ ਅੰਮ੍ਰਿਤਸਰ ਵਿੱਚ ਮਸ਼ਰੂਮ ਲੇਡੀ ਦੇ ਨਾਮ ਨਾਲ ਪ੍ਰਸਿੱਧ ਹਨ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਕੇਵਲ ਇੱਕ ਸਹਾਇਕ ਧੰਦੇ ਦੇ ਤੌਰ ‘ਤੇ ਸ਼ੁਰੂ ਕੀਤੀ ਜਾ ਅਸੀਂ ਕਹਿ ਸਕਦੇ ਹਾਂ ਕਿ ਇਹ ਉਨ੍ਹਾਂ ਦਾ ਸ਼ੌਂਕ ਸੀ, ਪਰ ਕੌਣ ਜਾਣਦਾ ਸੀ ਕਿ ਸ਼੍ਰੀਮਤੀ ਹਰਜਿੰਦਰ ਕੌਰ ਦਾ ਇਹ ਸ਼ੌਂਕ ਭਵਿੱਖ ਵਿੱਚ ਉਨ੍ਹਾਂ ਦੇ ਪੁੱਤਰਾਂ ਦੁਆਰਾ ਇੱਕ ਸਫ਼ਲ ਵਪਾਰ ਵਿੱਚ ਬਦਲ ਦਿੱਤਾ ਜਾਵੇਗਾ।

ਇਹ ਕਿਵੇਂ ਸ਼ੁਰੂ ਹੋਇਆ…

ਅੱਸੀ-ਨੱਬੇ ਦੇ ਦਹਾਕੇ ਵਿੱਚ ਪੰਜਾਬ ਪੁਲਿਸ ਵਿੱਚ ਸੇਵਾ ਕਰਨ ਵਾਲੇ ਰਜਿੰਦਰ ਸਿੰਘ ਦੀ ਪਤਨੀ ਹੋਣ ਦੇ ਨਾਤੇ, ਘਰ ਵਿੱਚ ਕੋਈ ਕਮੀ ਨਹੀਂ ਸੀ, ਜੋ ਸ਼੍ਰੀਮਤੀ ਹਰਜਿੰਦਰ ਕੌਰ ਨੂੰ ਅਸੁਰੱਖਿਅਤ ਬਣਾਉਂਦੀ ਅਤੇ ਉਨ੍ਹਾਂ ਨੂੰ ਹੋਰ ਕਮਾਈ ਦੇ ਸ੍ਰੋਤ ਦੀ ਭਾਲ ਕਰਨੀ ਪੈਂਦੀ।

ਕਿਵੇਂ ਇੱਕ ਗ੍ਰਹਿਣੀ ਦੀ ਰੁਚੀ ਨੇ ਪਰਿਵਾਰ ਦੇ ਭਵਿੱਖ ਲਈ ਨੀਂਹ ਰੱਖੀ…

ਪਰ 1989 ਵਿੱਚ ਹਰਜਿੰਦਰ ਕੌਰ ਨੇ ਕੁੱਝ ਅਲੱਗ ਕਰਨ ਦਾ ਸੋਚਿਆ ਅਤੇ ਆਪਣੇ ਵਾਧੂ ਸਮੇਂ ਦਾ ਵਧੀਆ ਤਰੀਕੇ ਨਾਲ ਇਸਤੇਮਾਲ ਕਰਨ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਆਪਣੇ ਘਰ ਦੇ ਵਰਾਂਡੇ ਵਿੱਚ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ। ਮਸ਼ਰੂਮ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ ਕੋਈ ਟ੍ਰੇਨਿੰਗ ਨਹੀਂ ਸੀ, ਪਰ ਉਨ੍ਹਾਂ ਦੇ ਸਮਰਪਣ ਨੇ ਉਨ੍ਹਾਂ ਦੇ ਕੰਮਾਂ ਵਿੱਚ ਸੱਚੇ ਰੰਗ ਲਾਏ। ਹੌਲੀ-ਹੌਲੀ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਦੇ ਕੰਮ ਨੂੰ ਵਧਾਇਆ ਅਤੇ ਮਸ਼ਰੂਮ ਤੋਂ ਖਾਣ ਵਾਲੇ ਉਤਪਾਦ ਤਿਆਰ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਪੁੱਤਰ ਆਪਣੀ ਮਾਂ ਦੇ ਸਹਾਰੇ ਬਣੇ…

ਜਦੋਂ ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕਰ ਲਈ, ਤਾਂ ਚਾਰਾਂ ਵਿੱਚੋਂ ਤਿੰਨ ਪੁੱਤਰ(ਮਨਜੀਤ, ਮਨਦੀਪ ਅਤੇ ਹਰਪ੍ਰੀਤ) ਮਸ਼ਰੂਮ ਦੀ ਖੇਤੀ ਦੇ ਧੰਦੇ ਵਿੱਚ ਆਪਣੀ ਮਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਤਿੰਨੋ ਪੁੱਤਰ ਖ਼ਾਸ ਤੌਰ ‘ਤੇ ਟ੍ਰੇਨਿੰਗ ਲਈ ਸੋਲਨ ਦੇ ਡਾਇਰੈਕਟੋਰੇਟ ਆੱਫ ਮਸ਼ਰੂਮ ਰਿਸਰਚ ਗਏ। ਉੱਥੇ ਉਨ੍ਹਾਂ ਨੇ ਮਸ਼ਰੂਮ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਕਿ ਬਟਨ, ਮਿਲਕੀ ਅਤੇ ਓਈਸਟਰ ਦੇ ਬਾਰੇ ਸਿੱਖਿਆ। ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ‘ਤੇ ਪੀ ਏ ਯੂ ਦੁਆਰਾ ਦਿੱਤੀ ਗਈ ਹੋਰ ਧੰਦਿਆਂ ਦੀ ਟ੍ਰੇਨਿੰਗ ਵਿੱਚ ਵੀ ਭਾਗ ਲਿਆ। ਜਦਕਿ ਹਰਜਿੰਦਰ ਕੌਰ ਜੀ ਦਾ ਚੌਥਾ ਪੁੱਤਰ(ਜਗਦੀਪ ਸਿੰਘ) ਹੋਰ ਫ਼ਸਲਾਂ ਦੀ ਖੇਤੀ ਕਰਨ ਵਿੱਚ ਜ਼ਿਆਦਾ ਰੁਚੀ ਰੱਖਦਾ ਸੀ ਅਤੇ ਬਾਅਦ ਵਿੱਚ ਉਹ ਆਸਟ੍ਰੇਲੀਆ ਗਿਆ ਅਤੇ ਫਿਰ ਗੰਨੇ ਅਤੇ ਕੇਲੇ ਦੀ ਖੇਤੀ ਸ਼ੁਰੂ ਕੀਤੀ।

ਸਮੇਂ ਦੇ ਨਾਲ-ਨਾਲ ਹਰਜਿੰਦਰ ਕੌਰ ਜੀ ਦੇ ਪੁੱਤਰ ਮਸ਼ਰੂਮ ਦੀ ਖੇਤੀ ਦੇ ਕੰਮ ਦਾ ਵਿਸਤਾਰ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਵਪਾਰਕ ਉਦੇਸ਼ ਲਈ ਮਸ਼ਰੂਮ ਦੇ ਉਤਪਾਦਾਂ ਜਿਵੇਂ ਕਿ ਆਚਾਰ, ਪਾਪੜ, ਪਾਊਡਰ, ਵੜੀਆਂ, ਨਮਕੀਨ ਅਤੇ ਬਿਸਕੁਟ ਦੀ ਪ੍ਰੋਸੈੱਸਿੰਗ ਵੀ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ, ਸ਼੍ਰੀ ਰਜਿੰਦਰ ਸਿੰਘ ਰੰਧਾਵਾ ਵੀ ਰਿਟਾਇਰਮੈਂਟ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਲ ਮਸ਼ਰੂਮ ਦੇ ਧੰਦੇ ਵਿੱਚ ਸ਼ਾਮਲ ਹੋ ਗਏ।

ਅੱਜ ਰੰਧਾਵਾ ਪਰਿਵਾਰ ਇੱਕ ਸਫ਼ਲ ਮਸ਼ਰੂਮ ਉਪਾਦਕ ਹੈ ਅਤੇ ਮਸ਼ਰੂਮ ਦੇ ਉਤਪਾਦਾਂ ਦਾ ਇੱਕ ਸਫ਼ਲ ਨਿਰਮਾਤਾ ਹੈ। ਬੀਜ ਦੀ ਤਿਆਰੀ ਤੋਂ ਲੈ ਕੇ ਮੰਡੀਕਰਨ ਤੱਕ ਦਾ ਕੰਮ ਪਰਿਵਾਰ ਦੇ ਮੈਂਬਰ ਸਭ ਕੁੱਝ ਖੁਦ ਕਰਦੇ ਹਨ। ਹਰਜਿੰਦਰ ਕੌਰ ਤੋਂ ਬਾਅਦ, ਇੱਕ ਹੋਰ ਮੈਂਬਰ ਮਨਦੀਪ ਸਿੰਘ(ਦੂਜਾ ਪੁੱਤਰ), ਜਿਸਨੇ ਇਸ ਵਪਾਰ ਨੂੰ ਵਧੇਰੇ ਗੰਭੀਰਤਾ ਨਾਲ ਲਿਆ ਅਤੇ ਉਸਦਾ ਵਿਸਤਾਰ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਉਹ ਖ਼ਾਸ ਤੌਰ ‘ਤੇ ਸਾਰੇ ਉਤਪਾਦਾਂ ਦਾ ਨਿਰਮਾਣ ਅਤੇ ਉਨ੍ਹਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਦੇ ਹਨ। ਮੁੱਖ ਤੌਰ ‘ਤੇ ਉਹ ਆਪਣੀ ਦੁਕਾਨ(ਰੰਧਾਵਾ ਮਸ਼ਰੂਮ ਫਾਰਮ) ਦੇ ਮਾਧਿਅਮ ਨਾਲ ਕੰਮ ਕਰਦੇ ਹਨ, ਜੋ ਕਿ ਬਟਾਲਾ-ਜਲੰਧਰ ਰੋਡ ‘ਤੇ ਸਥਿਤ ਹੈ।

ਦੂਜੇ ਦੋ ਪੁੱਤਰ(ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ) ਵੀ ਰੰਧਾਵਾ ਮਸ਼ਰੂਮ ਫਾਰਮ ਚਲਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਹ ਮਸ਼ਰੂਮ ਦੀ ਖੇਤੀ, ਕਟਾਈ ਅਤੇ ਕਾਰੋਬਾਰ ਨਾਲ ਸੰਬੰਧਿਤ ਹੋਰ ਕੰਮਾਂ ਦਾ ਪ੍ਰਬੰਧ ਕਰਦੇ ਹਨ।

ਹਾਲਾਂਕਿ, ਪਰਿਵਾਰ ਦੇ ਪੁੱਤਰ ਹੁਣ ਸਾਰੇ ਕੰਮਾਂ ਦਾ ਪ੍ਰਬੰਧਨ ਕਰ ਰਹੇ ਹਨ, ਫਿਰ ਵੀ ਹਰਜਿੰਦਰ ਕੌਰ ਬਹੁਤ ਉਤਸ਼ਾਹ ਨਾਲ ਕਾਰੋਬਾਰ ਵਿੱਚ ਭਾਗ ਲੈਂਦੇ ਹਨ ਅਤੇ ਨਿੱਜੀ ਤੌਰ ‘ਤੇ ਖੇਤੀ ਅਤੇ ਉਤਪਾਦ ਤਿਆਰ ਕਰਨ ਵਾਲੀ ਜਗ੍ਹਾ ‘ਤੇ ਜਾਂਦੇ ਹਨ ਅਤੇ ਉੱਥੇ ਕੰਮ ਕਰ ਰਹੇ ਹੋਰਨਾਂ ਲੋਕਾਂ ਦੀ ਅਗਵਾਈ ਕਰਦੇ ਹਨ। ਹਰਜਿੰਦਰ ਕੌਰ ਜੀ ਮੁੱਖ ਸ਼ਖ਼ਸ ਹਨ ਜੋ ਉਨ੍ਹਾਂ ਕਿਰਤੀਆਂ ਦੁਆਰਾ ਤਿਆਰ ਕੀਤੇ ਉਤਪਾਦਾਂ ਦੀ ਸਫ਼ਾਈ ਅਤੇ ਕੁਆਲਿਟੀ ਦਾ ਧਿਆਨ ਰੱਖਦੇ ਹਨ।

ਹਰਜਿੰਦਰ ਕੌਰ ਆਪਣੀ ਆਉਣ ਵਾਲੀ ਤੀਜੀ ਪੀੜ੍ਹੀ ਨੂੰ ਕਿਵੇਂ ਦੇਖਣਾ ਚਾਹੁੰਦੇ ਹਨ …

” ਮੈਂ ਚਾਹੁੰਦੀ ਹਾਂ ਕਿ ਮੇਰੀ ਤੀਜੀ ਪੀੜ੍ਹੀ ਵੀ ਸਾਡੇ ਵਪਾਰ ਦਾ ਹਿੱਸਾ ਹੋਵੇ। ਉਨ੍ਹਾਂ ਵਿੱਚੋਂ ਕੁੱਝ ਇੰਨੀ ਸਮਝ ਵਾਲੇ ਹਨ, ਕਿ ਇਹ ਸਭ ਕਿਵੇਂ ਹੋ ਰਿਹਾ ਹੈ ਅਤੇ ਉਨ੍ਹਾਂ ਨੇ ਹੁਣ ਤੋਂ ਹੀ ਇਸ ਮਸ਼ਰੂਮ ਦੇ ਕਾਰੋਬਾਰ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ। ਅਸੀਂ ਆਪਣੇ ਪੋਤੇ(ਮਨਜੀਤ ਸਿੰਘ ਦਾ ਪੁੱਤਰ, ਜੋ ਅਜੇ 10ਵੀਂ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ) ਨੂੰ ਮਸ਼ਰੂਮ ਰਿਸਰਚ ਵਿੱਚ ਉੱਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਇਸ ‘ਤੇ ਪੀ.ਐੱਚ.ਡੀ. ਕਰਨ ਲਈ ਵਿਦੇਸ਼ ਭੇਜਣ ਦੀ ਯੋਜਨਾ ਬਣਾ ਰਹੇ ਹਾਂ।”

ਮਾਰਕਿਟ ਵਿੱਚ ਆਪਣੀ ਛਾਪ ਸਥਾਪਿਤ ਕਰਨਾ…

ਰੰਧਾਵਾ ਮਸ਼ਰੂਮ ਨੇ ਪਹਿਲਾਂ ਹੀ ਆਪਣੇ ਉਤਪਾਦਨ ਦੀ ਕੁਆਲਿਟੀ ਦੇ ਨਾਲ ਮਾਰਕਿਟ ਵਿੱਚ ਵੱਡੇ ਸਤਰ ‘ਤੇ ਆਪਣੀ ਮੌਜੂਦਗੀ ਦਰਜ ਕੀਤੀ ਹੈ। ਇਸ ਸਮੇਂ 70% ਉਤਪਾਦ(ਤਾਜ਼ਾ ਮਸ਼ਰੂਮ ਅਤੇ ਮਸ਼ਰੂਮ ਤੋਂ ਤਿਆਰ ਕੀਤੇ ਹੋਰ ਖਾਣਯੋਗ ਪਦਾਰਥ) ਉਨ੍ਹਾਂ ਦੀ ਆਪਣੀ ਦੁਕਾਨ ਦੇ ਮਾਧਿਅਮ ਨਾਲ ਹੀ ਵੇਚੇ ਜਾਂਦੇ ਹਨ ਅਤੇ ਬਾਕੀ 30% ਨੇੜਲੇ ਵੱਡੇ ਸ਼ਹਿਰਾਂ ਜਿਵੇਂ ਕਿ ਜਲੰਧਰ, ਅੰਮ੍ਰਿਤਸਰ, ਬਟਾਲਾ ਅਤੇ ਗੁਰਦਾਸਪੁਰ ਦੀ ਸਬਜ਼ੀ ਮੰਡੀ ਭੇਜੇ ਜਾਂਦੇ ਹਨ।

ਉਹ ਮਸ਼ਰੂਮ ਦੀਆਂ ਤਿੰਨ ਕਿਸਮਾਂ ਮਿਲਕੀ, ਬਟਨ ਅਤੇ ਓਈਸਟਰ ਉਗਾਉਂਦੇ ਹਨ, ਜੋ ਉਨ੍ਹਾਂ ਦੀ ਆਮਦਨ ਨੂੰ ਹੋਰ ਵੀ ਵਧੀਆ ਬਣਾਉਂਦੇ ਹਨ। ਇਨ੍ਹਾਂ ਤਿੰਨਾਂ ਕਿਸਮਾਂ ਵਿੱਚ ਲਾਗਤ ਘੱਟ ਆਉਂਦੀ ਹੈ ਅਤੇ ਆਮਦਨ 70 ਤੋਂ 80 ਰੁਪਏ (ਕੱਚੀ ਮਸ਼ਰੂਮ) ਪ੍ਰਤੀ ਕਿੱਲੋ ਦੇ ਲਗਭਗ ਹੁੰਦੀ ਹੈ। ਬਟਨ ਮਸ਼ਰੂਮ ਨੂੰ ਤੁੜਾਈ ਤੱਕ ਤਿਆਰ ਹੋਣ ਲਈ 20 ਤੋਂ 50 ਦਿਨ ਲੱਗਦੇ ਹਨ, ਜਦਕਿ ਓਈਸਟਰ(ਨਵੰਬਰ-ਅਪ੍ਰੈਲ) ਅਤੇ ਮਿਲਕੀ(ਮਈ-ਅਕਤੂਬਰ) ਕਿਸਮ ਨੂੰ ਤੁੜਾਈ ਲਈ ਤਿਆਰ ਹੋਣ ਵਿੱਚ 6 ਮਹੀਨੇ ਲੱਗਦੇ ਹਨ। ਫ਼ਸਲਾਂ ਤਿਆਰ ਹੋਣ ਅਤੇ ਤੁੜਾਈ ਦੇ ਸਮੇਂ ਕਾਰਨ ਇਨ੍ਹਾਂ ਦਾ ਵਪਾਰ ਸਦਾਬਹਾਰ ਹੁੰਦਾ ਹੈ।

ਰੰਧਾਵਾ ਪਰਿਵਾਰ…

ਨੂੰਹਾਂ ਸਮੇਤ ਪੂਰਾ ਪਰਿਵਾਰ ਵਪਾਰ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ ਅਤੇ ਉਹ ਖੁਦ ਸਾਰੇ ਉਤਪਾਦ ਘਰ ਵੀ ਤਿਆਰ ਕਰਦੇ ਹਨ। ਦੂਜਾ ਪੁੱਤਰ ਮਨਦੀਪ ਸਿੰਘ ਆਪਣੇ ਪਰਿਵਾਰ ਦੇ ਕਾਰੋਬਾਰ ਦੇ ਮੰਡੀਕਰਨ ਵਿਭਾਗ ਨੂੰ ਸੰਭਾਲਣ ਤੋਂ ਇਲਾਵਾ ਉਹ 2007 ਤੋਂ ਜੱਗ-ਬਾਣੀ ਅਖਬਾਰ ਵਿੱਚ ਇੱਕ ਰਿਪੋਰਟਰ ਦੇ ਤੌਰ ‘ਤੇ ਇੱਕ ਹੋਰ ਪੇਸ਼ਾ ਸੰਭਾਲ ਰਹੇ ਹਨ ਅਤੇ ਰਿਪੋਰਟਿੰਗ ਲਈ ਉਨ੍ਹਾਂ ਕੋਲ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਲਈ ਕਦੇ ਕਦੇ ਉਨ੍ਹਾਂ ਦੀ ਗੈਰ-ਹਾਜ਼ਰੀ ‘ਚ ਸ. ਰਜਿੰਦਰ ਸਿੰਘ ਰੰਧਾਵਾ ਜੀ ਦੁਕਾਨ ਸੰਭਾਲਦੇ ਹਨ।

ਅੱਜ-ਕੱਲ੍ਹ ਸਰਕਾਰ ਅਤੇ ਕ੍ਰਿਸ਼ੀ ਵਿਭਾਗ ਕਿਸਾਨਾਂ ਨੂੰ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਨ ਲਈ ਉਤਸ਼ਾਹਿਤ ਰਹੇ ਹਨ ਅਤੇ ਮਸ਼ਰੂਮ ਵੀ ਇਨ੍ਹਾਂ ਫ਼ਸਲਾਂ ‘ਚੋਂ ਇੱਕ ਹੈ, ਜਿਸਨੂੰ ਸਿੰਚਾਈ ਲਈ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਨਹੀਂ ਹੁੰਦੀ। ਇਸ ਲਈ ਮਸ਼ਰੂਮ ਦੀ ਖੇਤੀ ਵਿੱਚ ਉੱਦਮ ਕਾਰਨ ਰੰਧਾਵਾ ਪਰਿਵਾਰ ਨੂੰ ਦੋ ਵਾਰ ਜ਼ਿਲ੍ਹਾ ਪੱਧਰ ‘ਤੇ ਸਨਮਾਨ ਅਤੇ ਸਮਾਰੋਹ ਅਤੇ ਮੇਲਿਆਂ ਵਿੱਚ ਤਹਿਸੀਲ ਪੱਧਰ ‘ਤੇ ਸਨਮਾਨਿਤ ਕੀਤਾ ਗਿਆ। ਹਾਲ ਹੀ ਵਿੱਚ 10 ਸਤੰਬਰ 2017 ਨੂੰ ਰੰਧਾਵਾ ਪਰਿਵਾਰ ਦੇ ਉੱਦਮ ਨੂੰ ਦੇਸ਼ ਭਰ ਵਿੱਚ ਮਸ਼ਰੂਮ ਰਿਸਰਚ, ਸੋਲਨ ਦੇ ਡਾਇਰੈਕਟੋਰੇਟ ਦੁਆਰਾ ਸਰਾਹਿਆ ਗਿਆ, ਜਿੱਥੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਲਈ ਸੰਦੇਸ਼

ਕਿਸਾਨਾਂ ਲਈ ਸੰਦੇਸ਼-ਰੰਧਾਵਾ ਪਰਿਵਾਰ ਇਕੱਠੇ ਹੋ ਕੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਦਾ ਸੰਦੇਸ਼ ਕਿਸਾਨਾਂ ਲਈ ਸਭ ਤੋਂ ਵਿਲੱਖਣ ਅਤੇ ਪ੍ਰੇਰਣਾਦਾਇਕ ਹੈ।

“ਜੋ ਪਰਿਵਾਰ ਇਕੱਠਾ ਰਹਿੰਦਾ ਹੈ, ਉਹ ਸਫ਼ਲਤਾ ਬੜੀ ਅਸਾਨੀ ਨਾਲ ਪ੍ਰਾਪਤ ਕਰਦਾ ਹੈ। ਅੱਜ-ਕੱਲ੍ਹ ਕਿਸਾਨ ਨੂੰ ਏਕਤਾ ਦੀ ਸ਼ਕਤੀ ਨੂੰ ਸਮਝਣਾ ਚਾਹੀਦਾ ਹੈ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਜ਼ਮੀਨ ਅਤੇ ਸੰਪੱਤੀ ਨੂੰ ਵੰਡਣ ਦੀ ਥਾਂ ਇਕੱਠੇ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ ਇਹ ਹੈ ਕਿ ਕਿਸਾਨਾਂ ਨੂੰ ਮੰਡੀਕਰਨ ਦਾ ਕੰਮ ਖੁਦ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਇਹ ਆਤਮ-ਵਿਸ਼ਵਾਸ ਕਮਾਉਣ ਅਤੇ ਆਪਣੀ ਫਸਲ ਦਾ ਸਹੀ ਮੁੱਲ ਲੈਣ ਦਾ ਸਭ ਤੋਂ ਅਸਾਨ ਤਰੀਕਾ ਹੈ।

 

ਕਮਲਾ ਸ਼ੌਕੀਨ

ਪੂਰੀ ਕਹਾਣੀ ਪੜ੍ਹੋ

ਇੱਕ ਮਹਿਲਾ ਦੀ ਪ੍ਰੇਰਣਾਸ੍ਰੋਤ ਕਹਾਣੀ, ਜਿਸਨੇ ਆਪਣੀ ਰਿਟਾਇਰਮੈਂਟ(ਸੇਵਾ-ਮੁਕਤੀ) ਤੋਂ ਬਾਅਦ ਖੁਦ ਦਾ ਉੱਦਮੀ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਸ ਕਾਰੋਬਾਰ ਵਿੱਚ ਸਫ਼ਲ ਹੈ

ਭਾਰਤ ਵਿੱਚ, ਜਦੋਂ ਇੱਕ ਮਨੁੱਖ ਸੇਵਾ-ਮੁਕਤੀ ਵਾਲੀ ਉਮਰ ‘ਤੇ ਪਹੁੰਚਦਾ ਹੈ, ਤਾਂ ਉਸਦੀ ਉਮਰ ਲਗਭਗ 60 ਸਾਲ ਹੁੰਦੀ ਹੈ ਅਤੇ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਸੇਵਾ-ਮੁਕਤੀ ਤੋਂ ਬਾਅਦ ਕੋਈ ਕੰਮ ਨਹੀਂ ਕਰਨਾ ਕਿਉਂਕਿ ਹਰ ਕਿਸੇ ਦੇ ਆਪਣੇ ਸੇਵਾ-ਮੁਕਤੀ ਦੇ ਸਮੇਂ ਲਈ ਵੱਖ-ਵੱਖ ਸੁਪਨੇ ਹੁੰਦੇ ਹਨ। ਕੁੱਝ ਲੋਕ ਛੁੱਟੀਆਂ ਮਨਾਉਣ ਜਾਣਾ ਚਾਹੁੰਦੇ ਹਨ, ਕੁੱਝ ਲੋਕ ਆਰਾਮ ਅਤੇ ਸ਼ਾਂਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਅਤੇ ਕੁੱਝ ਲੋਕ ਪ੍ਰਮਾਤਮਾ ਦੀ ਭਗਤੀ ਦਾ ਰਸਤਾ ਚੁਣਦੇ ਹਨ। ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ, ਜੋ ਸੇਵਾ-ਮੁਕਤੀ ਤੋਂ ਬਾਅਦ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਚੁਣਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਦੂਜੀ ਨੌਕਰੀ ਦੀ ਤਰ੍ਹਾਂ ਪੂਰਾ ਕਰਦੇ ਹਨ। ਕਮਲਾ ਸ਼ੌਕੀਨ ਜੀ ਵੀ ਅਜਿਹੀ ਇੱਕ ਮਹਿਲਾ ਹਨ, ਜਿਨ੍ਹਾਂ ਨੇ ਸੇਵਾ-ਮੁਕਤੀ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ।

ਕਮਲਾ ਸ਼ੌਕੀਨ ਜੀ ਆਤਮਿਕ ਤੌਰ ‘ਤੇ ਅਜੇ ਵੀ ਜਵਾਨ ਹਨ ਅਤੇ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਖੁਦ ਦਾ ਕਾਰੋਬਾਰ ਸ਼ੁਰੂ ਕੀਤਾ। ਪਰ ਰਿਟਾਇਰ ਹੋਣ ਤੋਂ ਪਹਿਲਾਂ ਉਹ 39 ਸਾਲਾਂ ਤੱਕ ਸਰਕਾਰੀ ਸਕੂਲ ਵਿੱਚ ਸਰੀਰਕ ਸਿੱਖਿਆ ਦੇ ਅਧਿਆਪਕ ਸਨ। ਉਨ੍ਹਾਂ ਨੂੰ ਆਚਾਰ ਬਣਾਉਣ ਦਾ ਸ਼ੁਰੂ ਤੋਂ ਬਹੁਤ ਸ਼ੌਂਕ ਸੀ, ਇਸ ਲਈ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਇਸ ਸ਼ੌਂਕ ਨੂੰ ਕਾਰੋਬਾਰ ਵਿੱਚ ਬਦਲਣ ਬਾਰੇ ਸੋਚਿਆ ਅਤੇ ਉਹ ਅੱਜ ਕਮਲ ਆਚਾਰ ਦੇ ਬ੍ਰੈਂਡ ਹੇਠਾਂ ਆਪਣਾ ਸਫ਼ਲ ਆਚਾਰ ਦਾ ਕਾਰੋਬਾਰ ਚਲਾ ਰਹੇ ਹਨ।

ਕਮਲਾ ਸ਼ੌਕੀਨ ਜੀ ਨੇ ਆਪਣਾ ਆਚਾਰ ਦਾ ਕਾਰੋਬਾਰ 7 ਸਾਲ ਪਹਿਲਾਂ 2010 ਵਿੱਚ ਅਧਿਆਪਕ ਦੇ ਪੇਸ਼ੇ ਤੋਂ ਰਿਟਾਇਰ ਹੋਣ ਤੋਂ ਬਾਅਦ ਸ਼ੁਰੂ ਕੀਤਾ। ਆਪਣੇ ਆਚਾਰ ਦੇ ਕਾਰੋਬਾਰ ਨੂੰ ਹੋਰ ਵਿਹਾਰਿਕ ਬਣਾਉਣ ਲਈ ਉਨ੍ਹਾਂ ਨੇ ਕੰਮਕਾਜੀ ਮਹਿਲਾ ਕੁਟੀਰ ਉਦਯੋਗ ਹੇਠਾਂ ਪੂਸਾ ਦੀ ਸ਼ਾਖਾ-ਕੇ ਵੀ ਕੇ ਉਜਵਾ ਤੋਂ ਆਚਾਰ ਬਣਾਉਣ ਦੀ ਟ੍ਰੇਨਿੰਗ ਹਾਸਿਲ ਕੀਤੀ। ਉੱਥੋਂ ਪ੍ਰਮਾਣ-ਪੱਤਰ ਹਾਸਿਲ ਕਰਨ ਤੋਂ ਬਾਅਦ ਉਸਨੇ ਪਿੰਡ ਡਿਚਾਓਂ ਕਲਾਂ, ਜੋ ਕਿ ਨਜ਼ਫਗੜ੍ਹ ਜ਼ਿਲ੍ਹੇ ਵਿੱਚ ਪੈਂਦਾ ਹੈ, ਦੀਆਂ ਲੋੜਵੰਦ ਅਤੇ ਗਰੀਬ ਮਹਿਲਾਵਾਂ ਨੂੰ ਆਚਾਰ ਬਣਾਉਣ ਅਤੇ ਵੇਚਣ ਦੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਇਕੱਠਾ ਕੀਤਾ। ਅੱਜ ਉਨ੍ਹਾਂ ਦੇ ਫਲਾਂ ਦਾ ਫਾਰਮ 2.75 ਏਕੜ ਦੀ ਜ਼ਮੀਨ ਤੱਕ ਫੈਲ ਚੁੱਕਾ ਹੈ, ਜਿਸ ਵਿੱਚ ਉਹ ਆਚਾਰ ਬਣਾਉਣ ਲਈ ਬੇਰ, ਕਰੋਂਦਾ, ਆਮਲਾ, ਜਾਮੁਨ ਅਤੇ ਅਮਰੂਦ ਆਦਿ ਉਗਾਉਂਦੇ ਹਨ। ਉਹ ਖੇਤ ਦਾ ਸਾਰਾ ਕੰਮ ਕੁੱਝ ਕਾਮਿਆਂ ਦੀ ਸਹਾਇਤਾ ਨਾਲ ਖੁਦ ਹੀ ਸੰਭਾਲਦੇ ਹਨ। ਪੌਦਿਆਂ ਤੋਂ ਵਧੀਆ ਪੈਦਾਵਾਰ ਲੈਣ ਲਈ ਉਹ ਰਸਾਇਣਿਕ ਖਾਦਾਂ ਦੀ ਵਰਤੋਂ ਨਹੀਂ ਕਰਦੇ। ਉਹ ਕੇਵਲ ਗੰਡੋਆ ਖਾਦ ਦੀ ਹੀ ਵਰਤੋਂ ਕਰਦੇ ਹਨ।

ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸ਼ਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਵੀ ਮਹਿਸੂਸ ਨਹੀਂ ਕੀਤਾ ਕਿ ਉਹ ਜਿਹੜਾ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਦਾ ਹੈ।

ਕਮਲਾ ਸ਼ੌਕੀਨ ਜੀ ਨੇ ਰਾਜਨੀਤਿਕ ਸ਼ਾਸਤਰ ਵਿੱਚ ਐੱਮ.ਏ. ਕੀਤੀ ਹੈ, ਪਰ ਜਦੋਂ ਉਨ੍ਹਾਂ ਨੇ ਰਿਟਾਇਰਮੈਂਟ ਤੋਂ ਬਾਅਦ ਆਚਾਰ ਬਣਾਉਣ ਦਾ ਕਾਰੋਬਾਰ ਸ਼ੁਰੂ ਕੀਤਾ, ਤਾਂ ਉਨ੍ਹਾਂ ਨੇ ਉਸ ਸਮੇਂ ਇਹ ਬਿਲਕੁਲ ਮਹਿਸੂਸ ਨਹੀਂ ਕੀਤਾ ਕਿ ਉਹ ਜੋ ਕੰਮ ਸ਼ੁਰੂ ਕਰਨ ਜਾ ਰਹੇ ਹਨ, ਉਹ ਉਨ੍ਹਾਂ ਦੇ ਦਰਜੇ ਜਾਂ ਅਹੁਦੇ ਤੋਂ ਹੇਠਾਂ ਹੈ। ਇੱਥੋਂ ਤੱਕ ਕਿ ਉਨ੍ਹਾਂ ਦੇ ਪਤੀ ਸ਼੍ਰੀ ਮੂਲਚੰਦ ਸ਼ੌਕੀਨ ਜੀ ਡੀ.ਏ. ਤੋਂ ਰਿਟਾਇਰਡ ਨਿਰਦੇਸ਼ਕ ਹਨ। ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ‘ਚੋਂ ਇੱਕ ਪਾਇਲਟ ਅਤੇ ਦੂਜਾ ਇੰਜੀਨੀਅਰ ਹੈ, ਇੱਕ ਬੇਟੀ ਪੇਸ਼ੇ ਤੋਂ ਡਾਕਟਰ ਹੈ ਅਤੇ ਦੋਨੋਂ ਨੂੰਹਾਂ ਅਧਿਆਪਿਕਾ ਹਨ ਅਤੇ ਇਹ ਸਭ ਉਨ੍ਹਾਂ ਦੇ ਕਾਰੋਬਾਰ ਵਿੱਚ ਸਹਿਯੋਗ ਦਿੰਦੇ ਹਨ।

ਇਸ ਸਮੇਂ ਉਹ 69 ਸਾਲ ਦੇ ਹਨ, ਪਰ ਆਪਣੇ ਸ਼ੌਂਕ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਰਿਟਾਇਰਮੈਂਟ ਤੋਂ ਬਾਅਦ ਦੇ ਪਹਿਲੇ ਦਿਨ ਵਾਂਗ ਹੀ ਹੈ। ਕਮਲਾ ਸ਼ੌਕੀਨ ਨੇ ਹਮੇਸ਼ਾ ਆਪਣੇ ਅਧਿਆਪਨ ਦੇ ਕਾਰਜ-ਕਾਲ ਅਤੇ ਆਚਾਰ ਦੇ ਕਾਰੋਬਾਰ ਵਿੱਚ ਪੂਰੇ ਯਤਨ ਕੀਤੇ। ਸਕੂਲ ਵਿੱਚ ਉਨ੍ਹਾਂ ਨੂੰ ਅਧਿਆਪਨ ਲਈ ‘ਬੈਸਟ ਟੀਚਰ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਚਾਰ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਪੂਸਾ ਦੁਆਰਾ ਉੱਤਮ ਆਚਾਰ ਦੀ ਕੁਆਲਿਟੀ ਲਈ ਵੀ ਸਨਮਾਨਿਤ ਕੀਤਾ ਗਿਆ।

ਆਮ ਤੌਰ ‘ਤੇ ਉਹ ਆਪਣੇ ਹੱਥੀਂ ਤਿਆਰ ਆਚਾਰ ਨੂੰ ਵੇਚਣ ਲਈ ਸੰਮੇਲਨਾਂ, ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਾਂਦੇ ਹਨ, ਪਰ ਆਪਣੇ ਉਤਪਾਦ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਇੱਕ ਛੋਟੀ ਜਿਹੀ ਦੁਕਾਨ ਖੋਲੀ ਹੈ। ਉਹ ਸਭ ਤੋਂ ਜ਼ਿਆਦਾ ਪ੍ਰਗਤੀ ਮੈਦਾਨ ਅਤੇ ਪੂਸਾ ਮੇਲਿਆਂ ਵਿੱਚ ਜਾਂਦੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਵੇਚ ਕੇ ਸਭ ਤੋਂ ਜ਼ਿਆਦਾ ਲਾਭ ਕਮਾਉਂਦੇ ਹਨ। ਇੱਕ ਸਾਲ ਵਿੱਚ ਉਹ 60-70 ਹਜ਼ਾਰ ਰੁਪਏ ਤੋਂ ਵੱਧ ਕਮਾ ਲੈਂਦੇ ਹਨ ਅਤੇ ਭਵਿੱਖ ਵਿੱਚ ਆਪਣੇ ਆਚਾਰ ਦੇ ਕਾਰੋਬਾਰ ਵਿੱਚ ਹੋਰ ਕਿਸਮਾਂ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿਵੇਂ ਕਿ ਅੰਬ ਅਤੇ ਨਿੰਬੂ ਆਦਿ। ਜਦੋਂ ਵੀ ਕੋਈ ਵਿਅਕਤੀ ਆਚਾਰ ਬਣਾਉਣ ਸੰਬੰਧੀ ਸਲਾਹ ਲੈਣ ਆਉਂਦਾ ਹੈ, ਤਾਂ ਉਹ ਉਨ੍ਹਾਂ ਨੂੰ ਕਦੇ ਮਨ੍ਹਾਂ ਨਹੀਂ ਕਰਦੇ ਅਤੇ ਹਮੇਸ਼ਾ ਚੰਗਾ ਅਤੇ ਸਹੀ ਸੁਝਾਅ ਦਿੰਦੇ ਹਨ। ਹੁਣ ਤੱਕ ਉਨ੍ਹਾਂ ਨੇ ਪੂਸਾ ਤੋਂ ਟ੍ਰੇਨਿੰਗ ਲੈ ਰਹੇ ਕਈ ਲੋਕਾਂ ਨੂੰ ਸੁਝਾਅ ਦਿੱਤੇ ਹਨ, ਤਾਂ ਕਿ ਉਹ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ।

ਕਮਲਾ ਸ਼ੌਕੀਨ ਜੀ ਦੁਆਰਾ ਦਿੱਤਾ ਗਿਆ ਸੰਦੇਸ਼
ਸਾਰਾ ਦਿਨ ਕੁਰਸੀ ‘ਤੇ ਬੈਠ ਕੇ ਕੁੱਝ ਨਾ ਕਰਨ ਤੋਂ ਚੰਗਾ ਹੈ, ਖੁਦ ਨੂੰ ਉਪਯੋਗੀ ਬਣਾਉਣਾ। ਮੈਂ ਆਪਣੀ ਰਿਟਾਇਰਮੈਂਟ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਆਚਾਰ ਬਣਾਉਣ ਦਾ ਸ਼ੌਂਕ ਸੀ ਅਤੇ ਮੈਂ ਘਰ ਵਿਹਲੇ ਬੈਠ ਕੇ ਅੱਕਣਾ ਨਹੀਂ ਚਾਹੁੰਦੀ ਸੀ। ਆਪਣੇ ਆਚਾਰ ਦੇ ਕਾਰੋਬਾਰ ਨਾਲ ਮੈਂ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਸਮਰਥਨ ਵੀ ਕਰਦੀ ਹਾਂ। ਮੇਰੇ ਅਨੁਸਾਰ, ਹਰ ਮਹਿਲਾ ਨੂੰ ਆਪਣੀ ਕਲਾ ਅਤੇ ਸ਼ੌਂਕ ਦੀ ਵਰਤੋਂ ਵਿਆਹ ਤੋਂ ਬਾਅਦ ਵੀ ਖੁਦ ਨੂੰ ਆਤਮ-ਨਿਰਭਰ ਬਣਾਉਣ ਲਈ ਕਰਨੀ ਚਾਹੀਦੀ ਹੈ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਸਿੱਖਿਆ ਪੂਰੀ ਕਰਨੀ ਚਾਹੀਦੀ ਹੈ।

ਅਨੀਤਾ ਗੋਇਲ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਆਪਣੀ ਮਿਹਨਤ ਨਾਲ ਇੱਕ ਆਮ ਗ੍ਰਹਿਣੀ ਤੋਂ ਜ਼ਾਇਕਾ ਮੈਮ ਦੇ ਨਾਮ ਤੋਂ ਜਾਣੀ ਜਾਣ ਲੱਗੀ

ਭਾਰਤ ਵਿੱਚ ਪੁਰਾਣੇ ਸਮੇਂ ਵਿੱਚ ਵਿਆਹ ਤੋਂ ਬਾਅਦ, ਜ਼ਿਆਦਾਤਰ ਮਹਿਲਾਵਾਂ ਵਿੱਚ ਇੰਨਾ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਅਪਣਾ ਸਕਣ। ਉਹ ਸਿਰਫ਼ ਘਰ ਬੈਠ ਕੇ ਘਰੇਲੂ ਕੰਮ-ਕਾਜ ਹੀ ਕਰਦੀਆਂ ਸਨ। ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਨਾ ਅਪਣਾ ਸਕਣ ਦੇ ਕਾਰਨ ਸਮਾਜਿਕ ਦਬਾਅ, ਪਰਿਵਾਰਿਕ ਦਬਾਅ, ਪਰੰਪਰਾਵਾਦੀ ਸਮਾਜ, ਆਰਥਿਕ ਸੰਕਟ, ਪਰਿਵਾਰਿਕ ਜ਼ਿੰਮੇਵਾਰੀਆਂ ਆਦਿ ਸਨ। ਪਰ ਕੁੱਝ ਮਹਿਲਾਵਾਂ ਅਜਿਹੀਆਂ ਸਨ ਜੋ ਇਨ੍ਹਾਂ ਸਭ ਕਾਰਨਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹਟੀਆਂ। ਇਸ ਤਰ੍ਹਾਂ ਦੀਆਂ ਮਹਿਲਾਵਾਂ ਲਈ ਇਹ ਵਾਕ ਢੁੱਕਵਾਂ ਹੈ- ਆਪਣੇ ਅੰਦਰ ਤੋਂ ਪ੍ਰਕਾਸ਼ਿਤ ਹੋਈ ਰੌਸ਼ਨੀ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਹੈ।

ਅਜਿਹੀ ਇੱਕ ਮਹਿਲਾ ਅਨੀਤਾ ਗੋਇਲ ਹੈ, ਜੋ ਪੂਰੇ ਮਹਿਲਾ ਸਮਾਜ ਲਈ ਇੱਕ ਪ੍ਰੇਰਣਾ ਹਨ। ਅਨੀਤਾ ਗੋਇਲ ਜੀ ਲੁਧਿਆਣਾ ਵਿੱਚ ਪੈਂਦੇ ਕਸਬੇ ਜਗਰਾਓਂ ਦੇ ਇੱਕ ਸਫ਼ਲ ਉਦਯੋਗਪਤੀ ਹਨ। ਉਹ ਆਪਣੇ ਇਲਾਕੇ ਵਿੱਚ ਕੁਕਿੰਗ ਕਲਾਸਾਂ ਲਈ ਬਹੁਤ ਪ੍ਰਸਿੱਧ ਹਨ ਅਤੇ ਜ਼ਾਇਕਾ ਕੁਕਿੰਗ ਕਲਾਸ ਦੇ ਬ੍ਰੈਂਡ ਅਧੀਨ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ, ਜਵਾਨ ਕੁੜੀਆਂ ਅਤੇ ਵੱਡੀ ਉਮਰ ਦੀਆਂ ਮਹਿਲਾਵਾਂ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਚਿੱਤਰਕਾਰੀ ਅਤੇ ਕਢਾਈ ਵੀ ਸਿਖਾਉਂਦੇ ਹਨ। ਉਨ੍ਹਾਂ ਦੀ ਕੰਮ ਪ੍ਰਤੀ ਭਾਵਨਾ ਕਾਰਨ ਉਹ ‘ਜ਼ਾਇਕਾ ਮੈਡਮ’ ਦੇ ਨਾਮ ਨਾਲ ਪੂਰੇ ਸ਼ਹਿਰ ਵਿੱਚ ਜਾਣੇ ਜਾਂਦੇ ਹਨ। ਉਹ 2009 ਵਿੱਚ ਪੀ ਏ ਯੂ ਵਿੱਚ ਕਿਸਾਨ ਕਲੱਬ ਦੇ ਮੈਂਬਰ ਬਣੇ ਅਤੇ ਅੱਜ ਵੀ ਉਹ ਪੀ ਏ ਯੂ ਦੇ ਵਿੱਚ ਲਗਾਤਾਰ ਕਲਾਸਾਂ ਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀ ਕੁਕਿੰਗ ਦੇ ਸਬਕ (ਵਿਸ਼ੇ) ਬੜੀ ਲਗਨ ਨਾਲ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ।

ਉਨ੍ਹਾਂ ਦੀ ਸਫ਼ਲਤਾ, ਖੁਸ਼ਹਾਲੀ ਅਤੇ ਨਾਮ ਇੰਨੀ ਆਸਾਨੀ ਨਾਲ ਹਾਸਿਲ ਨਹੀਂ ਹੋਇਆ। ਇਹ ਸਭ 1986 ਵਿੱਚ ਵਿਆਹ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜਿੱਥੇ ਮਹਿਲਾਵਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਜਾ ਕੇ ਆਪਣਾ ਕੋਈ ਕੰਮ ਕਰ ਸਕਦੀਆਂ ਸਨ। ਪਰ ਇਹ ਸਭ ਕਰਨ ਵਾਲੀ ਉਹ ਪਰਿਵਾਰ ਦੀ ਪਹਿਲੀ ਮਹਿਲਾ ਸੀ। ਉਨ੍ਹਾਂ ਦੇ ਪਤੀ ਪੇਸ਼ੇ ਤੋਂ ਇੱਕ ਵਕੀਲ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਵਧੀਆ ਸੀ, ਇਸ ਲਈ ਉਨ੍ਹਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ। ਪਰ ਉਨ੍ਹਾਂ ਦਾ ਜੋਸ਼ ਹੀ ਉਨ੍ਹਾਂ ਨੂੰ ਕਾਮਯਾਬੀ ਦੇ ਇਸ ਪੜਾਅ ‘ਤੇ ਲੈ ਆਇਆ, ਜਿਸ ‘ਤੇ ਅੱਜ ਉਹ ਮੌਜੂਦ ਹਨ। ਇਸ ਸਮੇਂ ਉਹ ਜਗਰਾਓਂ ਵਿਖੇ ਆਪਣੇ ਖੁਸ਼ਹਾਲ ਅਤੇ ਸੰਪੂਰਨ ਪਰਿਵਾਰ (ਪਤੀ, ਦੋ ਪੁੱਤਰ, ਇੱਕ ਧੀ, ਦੋ ਨੂੰਹਾਂ ਅਤੇ ਪੋਤੇ) ਨਾਲ ਰਹਿ ਰਹੇ ਹਨ ਅਤੇ ਆਪਣੇ ਛੋਟੇ ਪੁੱਤਰ ਨਾਲ ਰੋਜ਼ਾਨਾ ਕਾਰੋਬਾਰ ਅਤੇ ਸਿਖਲਾਈ ਸੂਚੀ ਸੰਭਾਲ ਰਹੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ, ਜਿਸਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ।

ਇਹ ਕਿਹਾ ਜਾਂਦਾ ਹੈ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸ਼੍ਰੀਮਤੀ ਅਨੀਤਾ ਗੋਇਲ ਨੇ ਵੀ ਅਜਿਹਾ ਕੀਤਾ। ਉਨ੍ਹਾਂ ਨੇ ਪਹਿਲੇ ਕੰਮ ਤੋਂ 750 ਰੁਪਏ ਪ੍ਰਤੀ ਮਹੀਨਾ ਕਮਾਉਣਾ ਸ਼ੁਰੂ ਕੀਤਾ, ਜਿਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਦੇ ਪਤੀ ਵੀ ਇਤਰਾਜ਼ ਕਰ ਰਹੇ ਸਨ ਅਤੇ ਉਨ੍ਹਾਂ ਲਈ ਵੀ ਇੰਨੇ ਥੋੜ੍ਹੇ ਪੈਸਿਆਂ ਵਿੱਚ ਸਾਰੇ ਖ਼ਰਚੇ (ਕੁਕਿੰਗ ਸਮੱਗਰੀ ਦਾ ਖ਼ਰਚਾ, ਸਹੂਲਤਾਂ, ਨਿੱਜੀ ਵਰਤੋਂ) ਚਲਾਉਣਾ ਮੁਸ਼ਕਿਲ ਸੀ। ਸ਼ੁਰੂ ਵਿੱਚ ਉਨ੍ਹਾਂ ਨੇ ਬੜੀਆਂ ਔਕੜਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਗਵਾਇਆ, ਪਰ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਜੋਸ਼ ਅਤੇ ਲਗਨ ਨੂੰ ਹਮੇਸ਼ਾ ਜਿਉਂਦੇ ਰੱਖਿਆ। ਸਖ਼ਤ ਮਿਹਨਤ ਤੋਂ ਬਾਅਦ ਆਖਿਰ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ ਅਤੇ ਆਪਣੀ ਕੁਕਿੰਗ ਕਲਾਸਾਂ ਸ਼ੁਰੂ ਕੀਤੀਆਂ ਅਤੇ ਅੱਜ ਉਹ ਸਫ਼ਲਤਾ-ਪੂਰਵਕ ਆਪਣਾ ਕਾਰੋਬਾਰ ਚਲਾ ਰਹੇ ਹਨ।

ਉਨ੍ਹਾਂ ਲਈ ਕੁਕਿੰਗ ਖੁਸ਼ੀਆਂ ਵੰਡਣ ਵਾਂਗ ਹੈ ਅਤੇ ਉਨ੍ਹਾਂ ਦੇ ਖਾਣਯੋਗ ਉਤਪਾਦਾਂ ਦਾ ਸਵਸਥ ਹੋਣਾ ਹੀ ਉਨ੍ਹਾਂ ਦੇ ਕੁਕਿੰਗ ਦੇ ਗੁਣ ਨੂੰ ਬਾਕੀਆਂ ਤੋਂ ਅਲੱਗ ਅਤੇ ਖਾਸ ਬਣਾਉਂਦਾ ਹੈ। ਉਹ ਹਰ ਤਰ੍ਹਾਂ ਦੇ ਬੇਕਰੀ ਉਤਪਾਦ, ਆਚਾਰ, ਚੱਟਨੀ, 17 ਤਰ੍ਹਾਂ ਦੇ ਮਸਾਲੇ, 3 ਤਰ੍ਹਾਂ ਦੇ ਮਿਕਸ ਮਸਾਲੇ ਅਤੇ 3 ਤਰ੍ਹਾਂ ਦੇ ਇੰਸਟੈਂਟ ਮਿੱਠੇ ਮਿਕਸ ਪਕਵਾਨ (ਠੰਡਾਈ, ਫਿਰਨੀ ਅਤੇ ਖੀਰ) ਬਣਾਉਂਦੇ ਹਨ। ਉਹ ਬਰੈੱਡ, ਮਫਿੱਨ, ਪਿੱਜ਼ਾ ਬੇਸ, ਵੱਖ-ਵੱਖ ਤਰ੍ਹਾਂ ਦੇ ਕੇਕ, ਨਾਰੀਅਲ ਕੈਸਲ, ਕੱਪ ਕੇਕ, ਬਿਸਕੁਟ ਅਤੇ ਹੋਰ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਲਈ ਮੈਦੇ ਦੀ ਜਗ੍ਹਾ ਕਣਕ ਦੇ ਆਟੇ ਦੀ ਵਰਤੋਂ ਕਰਦੇ ਹਨ। ਉਹ ਆਚਾਰ ਵਿੱਚ ਲੂਣ, ਖੰਡ ਅਤੇ ਤੇਲ ਤੋਂ ਇਲਾਵਾ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਤਿੰਨ ਚੀਜ਼ਾਂ ਕਾਫੀ ਹਨ। ਉਨ੍ਹਾਂ ਦੁਆਰਾ ਬਣਾਇਆ ਗਿਆ ਹਰ ਉਤਪਾਦ ਕੁਦਰਤੀ ਅਤੇ ਸਿਹਤ ਲਈ ਲਾਭਦਾਇਕ ਹੈ। ਆਚਾਰ ਦੇ ਬਹੁਤ ਸੁਆਦੀ ਹੋਣ ਕਾਰਨ ਵਿਦੇਸ਼ਾਂ ਵਿੱਚ ਵੀ ਇਸ ਆਚਾਰ ਦੀ ਬਹੁਤ ਮੰਗ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣਾ ਕੰਮ ਵਧੀਆ ਕਰਕੇ ਦਿਖਾਉਂਦੇ ਹੋ, ਤਾਂ ਯਕੀਨਨ ਤੁਸੀਂ ਬਾਕੀਆਂ ਸਾਰਿਆਂ ਤੋਂ ਅਲੱਗ ਦਿਖਾਈ ਦਿਉਗੇ।

ਸ੍ਰੀਮਤੀ ਅਨੀਤਾ ਗੋਇਲ ਵੱਲੋਂ ਦਿੱਤੋ ਗਿਆ ਸੰਦੇਸ਼
“ਉਹਨਾਂ ਦਾ ਕਹਿਣਾ ਹੈ ਕੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ , ਜੇਕਰ ਤੁਸੀਂ ਅਸਲ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਤੁਹਾਨੂੰ ਪੱਕਾ ਨਿਸਚਾ ਅਤੇ ਇੱਛਾ ਸ਼ਕਤੀ ਨਾਲ ਅੱਗੇ ਵਧਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਪੱਕਾ ਇਰਾਦਾ ਹੈਤਾਂ  ਤੁਸੀ ਕੁੱਝ ਵੀ ਪ੍ਰਾਪਤ ਕਰ ਸਕਦੇ ਹੋ। ਇਕ ਮਹਿਲਾ ਆਪਣੀ ਸ਼ਕਤੀ ਦੇ ਨਾਲ ਹੀ ਅੱਗੇ ਵੱਧ ਸਕਦੀ ਹੈ। ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ। ਮਹਿਲਾ ਦੀ ਪਹਿਚਾਣ ਉਸ ਦੇ ਗੁਣਾ ਅਤੇ ਪ੍ਰਤਿਭਾ ਨਾਲ ਹੁੰਦੀ ਹੈ ਨਾ ਕਿ ਸਿਰਫ਼ ਉਸ ਦੇ ਪਤੀ ਦੇ ਨਾਮ ਤੋਂ| ਜਦੋਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਬਹੁਤ ਮਾਨ ਮਹਿਸੂਸ ਹੁੰਦਾ ਹੈ।”

 

ਗੁਰਚਰਨ ਸਿੰਘ ਮਾਨ

ਪੂਰੀ ਕਹਾਣੀ ਪੜ੍ਹੋ

ਜਾਣੋਂ ਕਿਵੇਂ ਗੁਰਚਰਨ ਸਿੰਘ ਮਾਨ ਨੇ ਖੇਤੀ ਵਿਭਿੰਨਤਾ ਅਤੇ ਹੋਰ ਸਹਾਇਕ ਧੰਦਿਆਂ ਰਾਹੀਂ ਆਪਣੀ ਜ਼ਮੀਨ ਤੋਂ ਵਧੇਰੇ ਉਤਪਾਦਨ ਲਿਆ

ਭਾਰਤ ਵਿੱਚ ਖੇਤੀ ਵਿਭਿੰਨਤਾ ਦਾ ਰੁਝਾਨ ਇੰਨਾ ਆਮ ਨਹੀਂ ਹੈ। ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਜਿਵੇਂ ਕਿ ਜੌਂ ਆਦਿ ਮੁੱਖ ਫ਼ਸਲਾਂ ਹਨ, ਜਿਨ੍ਹਾਂ ਨੂੰ ਕਿਸਾਨ ਪਹਿਲ ਦਿੰਦੇ ਹਨ। ਉਹ ਇਸ ਤੱਥ ਤੋਂ ਅਣਜਾਣ ਹਨ ਕਿ ਰਵਾਇਤੀ ਖੇਤੀ ਨਾ ਕੇਵਲ ਮਿੱਟੀ ਦੇ ਉਪਜਾਊ-ਪਣ ਨੂੰ ਪ੍ਰਭਾਵਿਤ ਕਰਦੀ ਹੈ, ਬਲਕਿ ਕਿਸਾਨ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਕਦੀ-ਕਦੀ ਇਹ ਉਨ੍ਹਾਂ ਨੂੰ ਕਮਜ਼ੋਰ ਵੀ ਬਣਾ ਦਿੰਦੀ ਹੈ। ਦੂਜੇ ਪਾਸੇ ਖੇਤੀ ਵਿਭਿੰਨਤਾ ਨੂੰ ਸਹੀ ਢੰਗ ਨਾਲ ਕੀਤਾ ਜਾਵੇ, ਤਾਂ ਕਿਸਾਨ ਦੀ ਆਮਦਨ ਵਿੱਚ ਵਾਧਾ ਹੁੰਦਾ ਹੈ। ਇੱਕ ਇਸ ਤਰ੍ਹਾਂ ਦੇ ਕਿਸਾਨ – ਗੁਰਚਰਨ ਸਿੰਘ ਮਾਨ ਹਨ, ਜਿਨ੍ਹਾਂ ਨੇ ਖੇਤੀ ਵਿਭਿੰਨਤਾ ਦੇ ਫਾਇਦਿਆਂ ਨੂੰ ਪਹਿਚਾਣਿਆ ਅਤੇ ਇਸ ਨੂੰ ਉਸ ਸਮੇਂ ਲਾਗੂ ਕਰ ਕੇ ਲਾਭ ਕਮਾਇਆ, ਜਦੋਂ ਉਹਨਾਂ ਦੀ ਆਰਥਿਕ ਸਥਿਤੀ ਬਿਲਕੁਲ ਹੀ ਖਰਾਬ ਸੀ।

ਗੁਰਚਰਨ ਸਿੰਘ ਮਾਨ ਬਠਿੰਡਾ ਜ਼ਿਲ੍ਹੇ ਦੇ ਤੁੰਗਵਾਲੀ ਪਿੰਡ ਦੇ ਇੱਕ ਸਧਾਰਨ ਕਿਸਾਨ ਸਨ। ਉਹ ਜਿਸ ਖੇਤਰ ਦੇ ਰਹਿਣ ਵਾਲੇ ਸਨ ਉੱਥੇ ਦੀ ਜ਼ਮੀਨ ਬਹੁਤ ਖੁਸ਼ਕ ਅਤੇ ਇਲਾਕਾ ਬਹੁਤ ਪੱਛੜਿਆ ਹੋਇਆ ਸੀ। ਪਰ ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਦੇ ਸਾਹਮਣੇ ਇਹ ਰੁਕਾਵਟਾਂ ਕੁੱਝ ਵੀ ਨਹੀਂ ਸਨ।

1992 ਵਿੱਚ ਜਵਾਨੀ ਵੇਲੇ ਉਨ੍ਹਾਂ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕੋਲ ਪਹਿਲਾਂ ਤੋਂ ਹੀ 42 ਏਕੜ ਜ਼ਮੀਨ ਸੀ ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸਨ। ਖੁਸ਼ਕ ਖੇਤਰ ਹੋਣ ਕਾਰਨ ਕਣਕ ਅਤੇ ਝੋਨਾ ਉਗਾਉਣਾ ਉਨ੍ਹਾਂ ਲਈ ਇੱਕ ਸਫ਼ਲ ਉੱਦਮ ਨਹੀਂ ਸੀ। ਕਈ ਕੋਸ਼ਿਸ਼ਾਂ ਦੇ ਬਾਅਦ, ਜਦੋਂ ਗੁਰਚਰਨ ਸਿੰਘ ਰਵਾਇਤੀ ਖੇਤੀ ਵਿੱਚ ਸਫ਼ਲ ਨਹੀਂ ਹੋਏ ਤਾਂ ਉਨ੍ਹਾਂ ਨੇ ਖੇਤੀ ਦੇ ਢੰਗਾਂ ਵਿੱਚ ਤਬਦੀਲੀਆਂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀ ਵਿਭਿੰਨਤਾ ਨੂੰ ਅਪਣਾਇਆ ਅਤੇ ਇਸ ਪਹਿਲ-ਕਦਮੀ ਦੇ ਕਾਰਨ ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਾਲ ਦਾ ਸਭ ਤੋਂ ਵਧੀਆ ਕਿਸਾਨ ਚੁਣਿਆ ਗਿਆ ਅਤੇ ਖੇਤੀ ਵਿਭਿੰਨਤਾ ਅਪਣਾਉਣ ਲਈ ਉਨ੍ਹਾਂ ਨੂੰ ਪੀ.ਏ.ਯੂ ਅਧਿਆਪਕ ਮਨਿੰਦਰਜੀਤ ਸਿੰਘ ਸੰਧੂ ਦੁਆਰਾ “ਪਰਵਾਸੀ ਭਾਰਤੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਅੱਜ 42 ਏਕੜ ਵਿੱਚੋਂ ਉਨ੍ਹਾਂ ਕੋਲ 10 ਏਕੜ ਵਿੱਚ ਬਾਗ ਹੈ, 2.5 ਏਕੜ ਵਿੱਚ ਸਬਜ਼ੀਆਂ ਦੀ ਖੇਤੀ, 10 ਏਕੜ ਵਿੱਚ ਮੱਛੀ ਫਾਰਮ ਅਤੇ ਅੱਧੇ ਏਕੜ ਵਿੱਚ ਬੋਹੜ(ਬਰਗਦ) ਦੇ ਪੌਦੇ ਹਨ। ਪਰ ਉਨ੍ਹਾਂ ਲਈ ਖੇਤੀ ਵਿਭਿੰਨਤਾ ਤੋਂ ਇਲਾਵਾ ਅਸਲ ਜੀਵਨ ਬਦਲ ਦੇਣ ਵਾਲਾ ਧੰਦਾ ਸੀ ਮਧੂ-ਮੱਖੀ ਪਾਲਣ। ਉਨ੍ਹਾਂ ਨੇ ਮੱਖੀ ਪਾਲਣ ਲਈ ਸਿਰਫ਼ ਮੱਖੀਆਂ ਦੇ 7 ਬਕਸਿਆਂ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਉਨ੍ਹਾਂ ਕੋਲ 1800 ਤੋਂ ਵੀ ਜ਼ਿਆਦਾ ਮਧੂ-ਮੱਖੀਆਂ ਦੇ ਬਕਸੇ ਹਨ, ਜਿਹਨਾਂ ਤੋਂ ਹਰ ਸਾਲ ਇੱਕ ਹਜ਼ਾਰ ਕੁਇੰਟਲ ਸ਼ਹਿਦ ਦਾ ਉਤਪਾਦਨ ਹੁੰਦਾ ਹੈ।

ਸ. ਗੁਰਚਰਨ ਸਿੰਘ ਆਪਣੇ ਕੰਮ ਵਿੱਚ ਇੰਨੇ ਨਿਪੁੰਨ ਹਨ ਕਿ ਉਨ੍ਹਾਂ ਦੁਆਰਾ ਪੈਦਾ ਕੀਤੇ ਸ਼ਹਿਦ ਦੀ ਗੁਣਵੱਤਾ ਬਹੁਤ ਚੰਗੀ ਹੈ ਅਤੇ ਕਈ ਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਹੈ। ਮੱਖੀ ਪਾਲਣ ਵਿੱਚ ਉਨ੍ਹਾਂ ਦੀ ਸਫ਼ਲਤਾ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾ ਦੇ ਪਿੰਡ ਵਿੱਚ ਸ਼ਹਿਦ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਅਤੇ ਇਸ ਪਲਾਂਟ ਨੇ 15 ਲੋਕਾਂ ਨੂੰ ਰੋਜ਼ਗਾਰ ਦਿੱਤਾ ਜੋ ਗਰੀਬ ਰੇਖਾ ਹੇਠ ਆਉਂਦੇ ਹਨ। ਉਨ੍ਹਾਂ ਦਾ ਮਧੂ-ਮੱਖੀ ਪਾਲਣ ਦਾ ਕਾਰੋਬਾਰ ਨਾ ਕੇਵਲ ਉਨ੍ਹਾ ਨੂੰ ਲਾਭ ਦਿੰਦਾ ਹੈ, ਬਲਕਿ ਕਈ ਹੋਰ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਦਾ ਹੈ।

ਸ. ਗੁਰਚਰਨ ਸਿੰਘ ਨੇ ਵਿਭਿੰਨਤਾ ਦੇ ਅਸਲ ਅਰਥ ਨੂੰ ਸਮਝਿਆ ਅਤੇ ਇਸ ਨੂੰ ਨਾ ਕੇਵਲ ਸਬਜ਼ੀਆਂ ਦੀ ਖੇਤੀ ‘ਤੇ ਲਾਗੂ ਕੀਤਾ, ਬਲਕਿ ਇਸ ਨੂੰ ਆਪਣੇ ਵਪਾਰ ‘ਤੇ ਲਾਗੂ ਕੀਤਾ। ਉਨ੍ਹਾਂ ਕੋਲ ਬਾਗ, ਮੱਛੀ ਫਾਰਮ, ਡੇਅਰੀ ਫਾਰਮ ਹਨ ਅਤੇ ਇਸ ਤੋਂ ਇਲਾਵਾ ਉਹ ਜੈਵਿਕ ਖੇਤੀ ਵਿੱਚ ਵੀ ਸਰਗਰਮ ਤੌਰ ‘ਤੇ ਸ਼ਾਮਲ ਹਨ। ਮਧੂ-ਮੱਖੀ ਪਾਲਣ ਵਪਾਰ ਦੇ ਨਾਲ ਉਨ੍ਹਾਂ ਨੇ ਮਧੂ-ਮੱਖੀਆਂ ਦੇ ਬਕਸੇ ਬਣਾਉਣ ਅਤੇ ਮੋਮਬੱਤੀਆਂ ਬਣਾਉਣ ਵਰਗੇ ਹੋਰ ਸਹਾਇਕ ਕਾਰੋਬਾਰ ਸ਼ੁਰੂ ਕਰ ਦਿੱਤੇ ਹਨ।

“ਇੱਕ ਚੀਜ਼ ਜੋ ਹਰ ਕਿਸਾਨ ਨੂੰ ਕਰਨੀ ਚਾਹੀਦੀ ਹੈ ਉਹ ਹੈ ਮਿੱਟੀ ਅਤੇ ਪਾਣੀ ਦੀ ਜਾਂਚ ਅਤੇ ਦੂਜੀ ਚੀਜ਼ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਇੱਕ ਕਿਸਾਨ ਆਲੂ ਉਗਾਉਂਦਾ ਹੈ ਤਾਂ ਦੂਜੇ ਨੂੰ ਲਸਣ ਉਗਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਕਦੇ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ।”

ਮੱਖੀ ਪਾਲਣ ਹੁਣ ਉਨ੍ਹਾਂ ਦਾ ਮੁੱਢਲਾ ਕਾਰੋਬਾਰ ਬਣ ਗਿਆ ਹੈ ਅਤੇ ਉਨ੍ਹਾਂ ਦੇ ਫਾਰਮ ਦਾ ਨਾਮ “ਮਾਨ ਮੱਖੀ ਫਾਰਮ” ਹੈ। ਸ਼ਹਿਦ ਤੋਂ ਇਲਾਵਾ ਉਹ ਜੈਮ, ਆਚਾਰ, ਮਸਾਲੇ ਜਿਵੇਂ ਕਿ ਹਲਦੀ ਪਾਊਡਰ ਅਤੇ ਲਾਲ ਮਿਰਚ ਪਾਊਡਰ ਆਦਿ ਵੀ ਬਣਾਉਂਦੇ ਹਨ। ਉਹ ਇਨ੍ਹਾਂ ਸਾਰੇ ਉਤਪਾਦਾਂ ਦਾ ਮੰਡੀਕਰਨ “ਮਾਨ” ਨਾਮ ਦੇ ਤਹਿਤ ਕਰਦੇ ਹਨ।

ਵਰਤਮਾਨ ਵਿੱਚ ਉਨ੍ਹਾਂ ਦਾ ਫਾਰਮ ਆਲੇ-ਦੁਆਲੇ ਦੇ ਵਾਤਾਵਰਣ ਅਤੇ ਸੁੰਦਰ ਦ੍ਰਿਸ਼ ਕਾਰਨ ਪੰਜਾਬ ਟੂਰਿਜ਼ਮ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦਾ ਫਾਰਮ 5000 ਤੋਂ ਵੱਧ ਪ੍ਰਜਾਤੀਆਂ ਨਾਲ ਘਿਰਿਆ ਹੋਇਆ ਹੈ ਅਤੇ ਉੱਥੇ ਦਾ ਦ੍ਰਿਸ਼ ਪ੍ਰਕਿਰਤੀ ਦੇ ਨਜ਼ਦੀਕ ਹੋਣ ਦਾ ਵਾਸਤਵਿਕ ਅਰਥ ਦਰਸਾਉਂਦਾ ਹੈ।

ਉਨ੍ਹਾਂ ਦੇ ਅਨੁਸਾਰ, ਜੋ ਵੀ ਉਨ੍ਹਾਂ ਨੇ ਅੱਜ ਹਾਸਲ ਕੀਤਾ ਹੈ, ਉਹ ਸਿਰਫ ਪੀ.ਏ.ਯੂ. ਦੇ ਕਾਰਨ। ਸ਼ੁਰੂਆਤ ਤੋਂ ਉਨ੍ਹਾਂ ਨੇ ਉਹੀ ਕੀਤਾ ਜਿਸ ਦੀ ਪੀ.ਏ.ਯੂ. ਦੇ ਮਾਹਿਰਾਂ ਦੁਆਰਾ ਸਿਫ਼ਾਰਿਸ਼ ਕੀਤੀ ਗਈ। ਆਪਣੇ ਕੰਮ ਵਿੱਚ ਜ਼ਿਆਦਾ ਪੇਸ਼ੇਵਰ ਹੋਣ ਲਈ ਉਨ੍ਹਾਂ ਨੇ ਉੱਚ ਸਿੱਖਿਆ ਵੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਟੈਕਨੀਕਲ ਅਤੇ ਸਾਇੰਟੀਫਿਕ ਇੰਨਵੈਂਨਸ਼ਨਜ਼ ਵਿੱਚ ਗ੍ਰੈਜੂਏਸ਼ਨ ਕੀਤੀ।

ਗੁਰਚਰਨ ਸਿੰਘ ਦੀ ਸਫ਼ਲਤਾ ਦੀ ਕੁੰਜੀ ਹੈ: ਉਤਪਾਦਨ ਦੀ ਲਾਗਤ ਘੱਟ ਕਰਨਾ, ਉਤਪਾਦਾਂ ਨੂੰ ਖੁਦ ਮੰਡੀ ਵਿੱਚ ਲੈ ਕੇ ਜਾਣਾ ਅਤੇ ਸਰਕਾਰ ‘ਤੇ ਘੱਟ ਤੋਂ ਘੱਟ ਨਿਰਭਰ ਹੋਣਾ। ਉਹ ਇਨ੍ਹਾਂ ਤਿੰਨਾਂ ਚੀਜਾਂ ਨੂੰ ਅਪਣਾ ਕੇ ਵਧੀਆ ਮੁਨਾਫ਼ਾ ਕਮਾ ਰਹੇ ਹਨ।

ਉਨ੍ਹਾਂ ਨੇ ਖੇਤੀ ਦੇ ਪ੍ਰਤੀ ਸਰਕਾਰ ਦੀ ਪਹਿਲਕਦਮੀ ਨਾਲ ਸੰਬੰਧਿਤ ਆਪਣੇ ਵਿਚਾਰਾਂ ‘ਤੇ ਚਰਚਾ ਕੀਤੀ-

“ਖੇਤੀਬਾੜੀ ਵਿੱਚ ਤਬਦੀਲੀ ਲਿਆਉਣ ਨੂੰ ਹੋਰ ਉਤਸ਼ਾਹਿਤ ਕਰਨ ਲਈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਰਿਸਰਚ ਲਈ ਵਧੇਰੇ ਫੰਡ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਨਕਦ ਫ਼ਸਲਾਂ ਲਈ ਸਹਾਇਤਾ ਦੀ ਲਾਗਤ ਨੂੰ ਪੱਕਾ ਕਰਨਾ ਚਾਹੀਦਾ ਹੈ, ਤਦ ਹੀ ਕਿਸਾਨ ਖੇਤੀਬਾੜੀ ਵਿੱਚ ਤਬਦੀਲੀ ਨੂੰ ਆਸਾਨੀ ਨਾਲ ਅਪਨਾਉਣਗੇ।”

ਸੰਦੇਸ਼
ਕਿਸਾਨਾਂ ਨੂੰ ਇਸ ਰੁਝਾਨ ਨਹੀਂ ਦੇਖਣਾ ਚਾਹੀਦਾ ਕਿ ਹੋਰ ਕਿਸਾਨ ਕੀ ਕਰ ਰਹੇ ਹਨ, ਉਨ੍ਹਾਂ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੂੰ ਲਾਭ ਹੋਵੇ ਅਤੇ ਜੇਕਰ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੋਵੇ ਤਾਂ ਖੇਤੀ ਮਾਹਿਰਾਂ ਤੋਂ ਮਦਦ ਲੈ ਸਕਦੇ ਹਨ। ਫਿਰ ਭਾਵੇਂ ਉਹ ਪੀ.ਏ.ਯੂ ਦੇ ਹੋਣ ਜਾਂ ਕਿਸੇ ਹੋਰ ਯੂਨੀਵਰਸਿਟੀ ਦੇ, ਕਿਉਂਕਿ ਉਹ ਹਮੇਸ਼ਾ ਵਧੀਆ ਸਲਾਹ ਦੇਣਗੇ।