ਹਰਭਜਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਜੋ ਇੱਕ ਫਾਰਮ ਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰਨ ਵਿੱਚ ਸਫਲ ਹੋਇਆ, ਜਿਸ ਕਾਰਨ ਦੂਜੇ ਕਿਸਾਨਾਂ ਦੁਆਰਾ ਉਸ ਨੂੰ ਕਿਸਾਨਾਂ ਦਾ ਸ਼ਕਤੀਮਾਨ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ

ਇਸ ਤੇਜ਼ੀ ਨਾਲ ਬਦਲਦੀ ਹੋਈ ਦੁਨੀਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵਿਭਿੰਨਤਾ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਨੂੰ ਅਪਣਾਉਣਾ ਅੱਜ-ਕੱਲ੍ਹ ਬਹੁਤ ਹੋ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੁਨੀਆਂ ਵਿੱਚ ਹਰ ਇਨਸਾਨ ਕੁੱਝ ਵੱਖਰਾ ਕਰਨ ਦੇ ਲਈ ਆਇਆ ਹੈ, ਹਾਲਾਂਕਿ ਕੁੱਝ ਲੋਕ ਹਨ ਅਜਿਹੇ ਹੁੰਦੇ ਹਨ ਜੋ ਪਰਿਵਰਤਨ ਕਰਨ ਤੋਂ ਡਰਦੇ ਹਨ, ਜਿਸ ਕਾਰਨ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਖ਼ਿਆਲ ਤੋਂ ਹਮੇਸ਼ਾਂ ਡਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਪਹਿਚਾਣ ਕੇ ਦੁਨੀਆਂ ਬਦਲਣ ਦੀ ਰਾਹ ਉੱਤੇ ਅਗਾਂਹ ਵੱਧਦੇ ਜਾਂਦੇ ਹਨ ਅਤੇ ਉੱਚੀਆਂ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਨ।

ਇਹ ਕਹਾਣੀ ਇੱਕ ਅਜਿਹੇ ਹੀ ਇਨਸਾਨ ਦੀ ਹੈ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਪਿਛਲੇ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੇ ਇੱਕ ਕਿਸਾਨ ਹਰਭਜਨ ਸਿੰਘ ਜੀ ਖੇਤੀ ਦੇ ਤਰੀਕਿਆਂ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੀ 11 ਕਿੱਲੇ ਜ਼ਮੀਨ ਉੱਪਰ ਸਫ਼ਲਤਾਪੂਰਵਕ ਫਾਰਮ ਚਲਾ ਰਹੇ ਹਨ, ਜਿੱਥੇ ਉਹ ਮੁਰਗੀ ਪਾਲਣ, ਬੱਕਰੀ ਪਾਲਣ ਦੇ ਨਾਲ-ਨਾਲ ਬਟੇਰ ਪਾਲਣ ਦਾ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ 55 ਏਕੜ ਪੰਚਾਇਤੀ ਜ਼ਮੀਨ ਵੀ ਕਿਰਾਏ ਉੱਤੇ ਲਈ ਹੋਈ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕਰਦੇ ਹਨ।

ਹਰਭਜਨ ਜੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸਾਲ 1981 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਇੱਕ ਮਕੈਨੀਕਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਲੱਗ ਗਏ ਤੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖੇਤੀ ਵਿੱਚ ਵੀ ਮਦਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਨੇ ਮੱਛੀ ਪਾਲਣ ਕਰਨ ਬਾਰੇ ਸਲਾਹ ਦਿੱਤੀ, ਇਸ ਤੋਂ ਬਾਅਦ ਇਸ ਕਿੱਤੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਮੱਛੀ ਪਾਲਣ ਕਰਨ ਦੇ ਲਈ ਪਿੰਡ ਦੇ ਤਾਲਾਬ ਨੂੰ ਕਿਰਾਏ ‘ਤੇ ਲੈ ਲਿਆ।

ਮੱਛੀ ਪਾਲਣ ਦੇ ਕਿੱਤੇ ਤੋਂ ਮੈਂ ਕਾਫੀ ਮੁਨਾਫ਼ਾ ਕਮਾਇਆ ਅਤੇ ਖੁਦ ਦੀ ਜ਼ਮੀਨ ਦੇ ਉੱਪਰ ਇਹ ਕੰਮ ਕਰਨ ਦਾ ਫੈਸਲਾ ਕਰ ਲਿਆ-ਹਰਭਜਨ ਸਿੰਘ

ਇਸ ਕੰਮ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ, ਇਸ ਲਈ ਸਾਲ 1995 ਵਿਚ ਪੰਜਾਬ ਰਾਜ ਮੱਛਲੀ ਪਾਲਣ ਬੋਰਡ ਮਾਨਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਅਤੇ ਆਪਣੀ ਜ਼ਮੀਨ ਉੱਤੇ ਹੋਰ ਵਧੀਆ ਤਰੀਕੇ ਨਾਲ ਮੱਛਲੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ 2 ਏਕੜ ਜ਼ਮੀਨ ਵਿਚ ਤਾਲਾਬ ਤਿਆਰ ਕਰਵਾਇਆ ਅਤੇ 2 ਏਕੜ ਜ਼ਮੀਨ ਵੀ ਖਰੀਦ ਲਈ ਜੋ ਉਨ੍ਹਾਂ ਦੇ ਤਾਲਾਬ ਦੇ ਨੇੜੇ ਲੱਗਦੀ ਸੀ। ਜਿਸ ਨਾਲ ਮੱਛੀ ਉਤਪਾਦਨ 6 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਉਤਪਾਦਨ ਵਧਾਉਣ ਦੇ ਲਈ ਸੈਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਭੁਵਨੇਸ਼ਵਰ, ਉੜੀਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕਰ ਲਿਆ ਅਤੇ ਮੱਛੀ ਦੀਆਂ 6 ਨਵੀਆਂ ਨਸਲਾਂ (ਰੋਹੁ, ਕਤਲਾ, ਮੁਰਾਖ, ਗ੍ਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ) ਅਤੇ ਨਾਲ ਹੀ 3 ਏਰੀਏਟਰ ਵੀ ਖਰੀਦ ਲਏ। ਏਰੀਏਟਰ ਖਰੀਦਣ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ 50 % ਸਬਸਿਡੀ ਵੀ ਮਿਲੀ। ਏਰੀਏਟਰ ਦੇ ਇਸਤੇਮਾਲ ਦੇ ਨਾਲ ਮੱਛੀ ਉਤਪਾਦਨ ਵੱਧ ਕੇ 8 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਮੈਨੂੰ ਸਰਕਾਰੀ ਹੈਚਰੀ ਤੋਂ ਮੱਛੀ ਦਾ ਬੀਜ ਖਰੀਦਣਾ ਪਿਆ, ਜੋ ਕਿ ਮੇਰੇ ਲਈ ਇੱਕ ਮਹਿੰਗਾ ਸੌਦਾ ਸੀ, ਇਸ ਕਰਕੇ ਮੈਂ ਆਪਣੀ ਖੁਦ ਦੀ ਹੈਚਰੀ ਤਿਆਰ ਕਰਨ ਦਾ ਫੈਸਲਾ ਕਰ ਲਿਆ- ਹਰਭਜਨ ਸਿੰਘ

ਮੱਛੀ ਪਾਲਣ ਦੇ ਨਾਲ-ਨਾਲ ਮੱਛੀ ਦਾ ਬੀਜ ਤਿਆਰ ਕਰਨ ਦੇ ਲਈ ਇੱਕ ਹੈਚਰੀ ਤਿਆਰ ਕੀਤੀ ਕਿਉਂਕਿ ਉਨ੍ਹਾਂ ਨੂੰ ਦੂਜੀ ਹੈਚਰੀ ਤੋਂ ਬੀਜ ਮਹਿੰਗਾ ਪੈ ਰਿਹਾ ਸੀ। ਆਮ ਤੌਰ ‘ਤੇ ਹੈਚਰੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਹਰਭਜਨ ਸਿੰਘ ਜੀ ਨੇ ਇੱਕ ਵੱਡੇ ਨਿਵੇਸ਼ ਦੇ ਨਾਲ ਖੁਦ ਦੀ ਹੈਚਰੀ ਤਿਆਰ ਕੀਤੀ। ਹੈਚਰੀ ਹੋਣ ਦੇ ਨਾਲ ਇੱਕ ਨਕਲੀ ਮੀਂਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਹੈਚਰੀ ਵਿੱਚ ਇੱਕ ਉਂਗਲ ਦੇ ਆਕਾਰ ਜਿੰਨੇ 20 ਲੱਖ ਤੋਂ ਵੀ ਜ਼ਿਆਦਾ ਮੱਛੀ ਦੇ ਬੱਚੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਬੀਜ ਦੇ ਹਿਸਾਬ ਨਾਲ ਵੇਚਿਆ।

ਸਮਾਂ ਲੰਘਦਾ ਗਿਆ ਅਤੇ ਹਰਭਜਨ ਜੀ ਨੇ 2009 ਵਿੱਚ Large White Yorkshire ਨਸਲ ਦੇ 50 ਸੂਰਾਂ ਤੋਂ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਨਹੀਂ ਹੋਇਆ। ਫਿਰ ਉਹਨਾਂ ਨੇ ਸੂਰ ਦੇ ਮੀਟ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ CIPHET PAU ਅਤੇ ਗਡਵਾਸੂ ਤੋਂ ਮੀਟ ਪ੍ਰੋਡਕਟਸ ਦੀ ਟ੍ਰੇਨਿੰਗ ਲਈ ਅਤੇ ਸੂਰ ਦੇ ਮੀਟ ਨੂੰ ਅਚਾਰ ਦੇ ਰੂਪ ਵਿੱਚ ਪ੍ਰੋਸੈਸ ਕੀਤਾ। ਮੀਟ ਦਾ ਅਚਾਰ ਬਣਾ ਕੇ ਵੇਚਣਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਇਸ ਨਾਲ ਲਗਭਗ ਦੁੱਗਣੀ ਹੋ ਗਈ।

ਹੁਣ ਹਰਭਜਨ ਸਿੰਘ ਜੀ ਦੇ ਕੋਲ ਲਗਭਗ 150 ਸੂਰ ਹਨ। ਸੂਰਾਂ ਤੋਂ ਬਚੇ ਪਦਾਰਥਾਂ ਨੂੰ ਹਰਭਜਨ ਸਿੰਘ ਜੀ ਮੱਛੀਆਂ ਨੂੰ ਖਿਲਾ ਦਿੰਦੇ ਹਨ। ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਵਿੱਚੋਂ 50 ਤੋਂ 60 % ਹਿੱਸਾ ਰਹਿਣ ਲੱਗਾ ਅਤੇ ਮੱਛਲੀ ਉਤਪਾਦਨ 20 % ਹੋਰ ਵੱਧ ਗਿਆ। ਹੁਣ ਉਹ ਪ੍ਰਤੀ ਹੈਕਟੇਅਰ 10 ਟਨ ਮੱਛੀ ਦਾ ਉਤਪਾਦਨ ਕਰਦੇ ਹਨ।

ਉਹਨਾਂ ਨੇ ਫਿਸ਼ ਪਾਰਕ ਪ੍ਰੋਸੈਸਿੰਗ ਸੇਲਫ ਹੈਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ 11 ਮੈਂਬਰ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਤੇ ਹਰਭਜਨ ਸਿੰਘ ਜੀ ਦੀ ਆਮਦਨੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਰਭਜਨ ਸਿੰਘ ਜੀ ਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਪੰਜਾਬ ਦੇ ਮੁੱਖ-ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।

ਪਾਣੀ ਦੇ ਸਤਰ ਵਿੱਚ ਆਉਂਦੀ ਕਮੀ ਨੂੰ ਦੇਖਦੇ ਹੋਏ ਹਰਭਜਨ ਜੀ ਨੇ ਪਾਣੀ ਨੂੰ ਮੁੜ ਵਰਤੋਂ ਵਿੱਚ ਲੈ ਕੇ ਆਉਣ ਲਈ ਲਈ ਇੱਕ ਤਰੀਕੇ ਦੀ ਕਾਢ ਕੱਢੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਪਾਣੀ ਸੂਰਾਂ ਨੂੰ ਨਹਾਉਣ ਦੇ ਲਈ ਵਰਤ ਕੇ ਬਾਅਦ ਵਿੱਚ ਇਸ ਪਾਣੀ ਨੂੰ ਮੱਛੀਆਂ ਦੇ ਤਾਲਾਬ ਵਿੱਚ ਸੁੱਟ ਦਿੰਦੇ ਹਨ ਅਤੇ ਤਾਲਾਬ ਦੇ ਬਾਕੀ ਰਹਿੰਦੇ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਲਈ ਵਰਤ ਲਿਆ ਜਾਂਦਾ ਹੈ। ਇਹ ਪਾਣੀ ਖੇਤ ਵਿੱਚ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਖਾਦਾਂ ਉੱਤੇ ਹੋਣ ਵਾਲੇ ਖਰਚ ਨੂੰ 50 % ਤੱਕ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਭਜਨ ਸਿੰਘ ਜੀ ਦੇ ਯਤਨ ਨੂੰ ਦੇਖਦੇ ਹੋਏ ਉਹਨਾਂ ਦੇ ਖੇਤ ਦਾ ਦੌਰਾ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਫਾਰਮਿੰਗ ਦੇ ਵਿੱਚ ਬੱਕਰੀ ਪਾਲਣ ਨੂੰ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਹਨਾਂ ਨੇ KVK ਮਾਨਸਾ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਵਿੱਚ ਉਹਨਾਂ ਨੇ ਬੀਟਲ ਅਤੇ ਸਿਰੋਹੀ ਨਸਲ ਦੇ ਨਾਲ 30 ਬੱਕਰੀਆਂ ਤੋਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅੱਜ ਉਹਨਾਂ ਦੇ ਕੋਲ ਲਗਭਗ 150 ਦੇ ਕਰੀਬ ਬੱਕਰੀਆਂ ਹਨ। 2017 ਦੇ ਬਾਅਦ ਉਹਨਾਂ ਨੇ PAU ਦੇ ਕਿਸਾਨ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਬਟੇਰ ਪਾਲਣ ਅਤੇ ਮੁਰਗੀ ਪਾਲਣ ਕਰਨ ਦੀ ਪ੍ਰੇਰਨਾ ਮਿਲੀ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਚੰਡੀਗੜ੍ਹ ਤੋਂ 2000 ਬਟੇਰ ਅਤੇ 150 ਕੜਕਨਾਥ ਨਸਲ ਦੀਆਂ ਮੁਰਗੀਆਂ ਦੀ ਖਰੀਦ ਕੀਤੀ। ਅੱਜ ਉਹ ਆਪਣੇ ਖੇਤ ਦੇ ਵਿੱਚ 3000 ਬਟੇਰ ਪੰਛੀਆਂ ਦਾ ਪਾਲਣ ਕਰਦੇ ਹਨ।

ਪਸ਼ੂਆਂ ਦੇ ਲਈ ਚਾਰਾ ਉਹ ਆਪ ਮਸ਼ੀਨਾਂ ਦੀ ਮਦਦ ਨਾਲ ਖੇਤ ਵਿੱਚ ਹੀ ਤਿਆਰ ਕਰਦੇ ਹਨ। ਹਰਭਜਨ ਸਿੰਘ ਜੀ ਦੇ 2 ਬੱਚੇ ਵੀ ਹਨ ਜੋ ਖੇਤ ਵਿੱਚ ਹਰਭਜਨ ਜੀ ਦੀ ਮਦਦ ਕਰਦੇ ਹਨ। ਹਰਭਜਨ ਜੀ ਸਿਰਫ ਇੱਕ ਸਹਾਇਕ ਦੇ ਰੂਪ ਵਿਚ ਖੇਤ ਵਿੱਚ ਕੰਮ ਕਰਦੇ ਹਨ। ਹੁਣ ਉਹ ਮੱਛੀਆਂ ਦੇ ਬੀਜ ਨੂੰ 2 ਰੁਪਏ ਪ੍ਰਤੀ ਬੀਜ ਵੇਚ ਰਹੇ ਹਨ। ਬੱਕਰ-ਈਦ ਵਾਲੇ ਦਿਨ ਉਹ ਬੱਕਰੀਆਂ ਨੂੰ ਵੇਚਦੇ ਹਨ ਅਤੇ ਮੀਟ ਤੋਂ ਅਚਾਰ ਵੀ ਤਿਆਰ ਕਰਦੇ ਹਨ। ਕੜਕਨਾਥ ਮੁਰਗੀ ਦਾ ਇੱਕ ਆਂਡਾ ਉਹ 15 ਤੋਂ 20 ਰੁਪਏ ਵਿੱਚ ਵੇਚਦੇ ਹਨ ਅਤੇ ਉਸਦਾ ਮੀਟ 700-800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ICAR-CIFE ਕੋਲਕਾਤਾ ਤੋਂ ਮੱਛੀ ਦਾ ਅਚਾਰ ਅਤੇ ਸੂਪ ਬਣਾਉਣ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ ਅਤੇ ਆਪਣੇ ਉਤਪਾਦਾਂ ਨੂੰ “ਖਿਆਲਾ ਪੋਰਕ ਐਂਡ ਫਿਸ਼ ਪ੍ਰੋਡਕਟਸ” ਦੇ ਨਾਮ ਨਾਲ ਵੇਚਦੇ ਹਨ। ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪਣੇ ਫਾਰਮ ਉੱਤੇ ਹੀ ਕਰਦੇ ਹਨ।

ਉਹਨਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਕੀਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਖੇਤੀ ਕਰਨ ਦੇ ਲਈ ਬਹੁਤ ਸਾਰੇ ਕਿਸਾਨ ਹਰਭਜਨ ਜੀ ਦੀ ਸਲਾਹ ਲੈਣ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਹਰਭਜਨ ਜੀ ਦੂਜੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਦੇ ਰੂਪ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਖੇਤੀ ਵਿੱਚ ਵੀਭਿੰਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਭਵਿੱਖ ਦੀ ਯੋਜਨਾ

ਹਰਭਜਨ ਜੀ ਭਵਿੱਖ ਵਿੱਚ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਇਸ ਖੇਤੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹ ਇੰਟੀਗ੍ਰੇਟਡ ਖੇਤੀ ਕਰਕੇ ਵੱਡੇ ਪੱਧਰ ‘ਤੇ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਨਾਲ-ਨਾਲ ਲੋਕਾਂ ਨੂੰ ਜੈਵਿਕ ਅਤੇ ਫ਼ਸਲੀ ਵਿਭਿੰਨਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ।

ਸੰਦੇਸ਼

ਹਰਭਜਨ ਜੀ ਨੌਜਵਾਨ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦੇਣਾ ਚਾਹੁੰਦੇ ਹਨ। ਜੇਕਰ ਕੋਈ ਵੀ ਕਿਸਾਨ ਇੰਟੀਗ੍ਰੇਟਡ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਬਾਕੀ ਕਿੱਤਿਆਂ ਨੂੰ ਆਪਣੇ ਵਪਾਰ ਵਿੱਚ ਜੋੜਨਾ ਚਾਹੀਦਾ ਹੈ।

ਪੂਜਾ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਦ੍ਰਿੜ ਇੱਛਾ ਸ਼ਕਤੀ ਵਾਲੀ ਮਹਿਲਾ ਦੀ ਕਹਾਣੀ ਜਿਸ ਨੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਦੇ ਮਾਧਿਅਮ ਨਾਲ ਆਪਣੇ ਪਤੀ ਦਾ ਸਾਥ ਦਿੱਤਾ

ਸਾਡੇ ਭਾਰਤ ਸਮਾਜ ਵਿੱਚ ਇੱਕ ਧਾਰਨਾ ਨੂੰ ਜੜ ਦਿੱਤਾ ਗਿਆ ਹੈ ਕਿ ਮਹਿਲਾ ਨੂੰ ਘਰ ਵਿੱਚ ਹੋਣਾ ਚਾਹੀਦਾ ਹੈ ਅਤੇ ਪੁਰਸ਼ਾਂ ਨੂੰ ਕਮਾਉਣਾ ਚਾਹੀਦਾ ਹੈ। ਪਰ ਫਿਰ ਵੀ ਕਈ ਮਹਿਲਾਵਾਂ ਹਨ ਜੋ ਰੋਟੀ ਭਰੋਸੇ ਨਾਲ ਕਮਾਈ ਦੇ ਟੈਗ ਨੂੰ ਬਹੁਤ ਹੀ ਆਤਮ-ਵਿਸ਼ਵਾਸ ਨਾਲ ਸਕਾਰਾਤਮਕ ਤਰੀਕੇ ਨਾਲ ਦਰਸਾਉਂਦੀ ਹੈ ਅਤੇ ਆਪਣੇ ਪਤੀਆਂ ਨਾਲ ਘਰ ਚਲਾਉਣ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸ ਤਰ੍ਹਾਂ ਦੀ ਇੱਕ ਔਰਤ ਹੈ- ਪੂਜਾ ਸ਼ਰਮਾ, ਜੋ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਆਪਣੇ ਪਤੀ ਦੀ ਮਦਦ ਕਰ ਰਹੀ ਹੈ।

ਸ੍ਰੀਮਤੀ ਪੂਜਾ ਸ਼ਰਮਾ ਜੱਟਾਂ ਦੀ ਧਰਤੀ- ਹਰਿਆਣਾ ਦੀ ਇੱਕ ਉੱਭਰਦੀ ਹੋਈ ਐਗਰੀ ਪ੍ਰੇਨਿਓਰ ਹੈ ਅਤੇ ਵਰਤਮਾਨ ਵਿੱਚ ਉਹ ਇੱਕ ਸੈੱਲਫ ਹੈੱਲਪ ਗਰੁੱਪ ਦੀ ਮੈਂਬਰ ਹੈ ਅਤੇ ਉਨ੍ਹਾਂ ਦੇ ਪਿੰਡ ਦੀਆਂ ਅਗਾਂਹਵਧੂ ਔਰਤਾਂ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਹਨ। ਆਧੁਨਿਕ ਖੇਤੀ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਹ ਸੋਇਆਬੀਨ, ਕਣਕ, ਮੱਕਾ, ਬਾਜਰਾ ਅਤੇ ਮੱਕੀ ਨਾਲ 11 ਕਿਸਮਾਂ ਦਾ ਖਾਣਾ ਤਿਆਰ ਕਰਦੀ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਸਿੱਧੇ ਤੌਰ ‘ਤੇ ਖਾਧਾ ਜਾ ਸਕਦਾ ਹੈ।

ਖੇਤੀ ਦੇ ਖੇਤਰ ਵਿੱਚ ਜਾਣ ਦਾ ਫੈਸਲਾ 2012 ਵਿੱਚ ਉਸ ਸਮੇਂ ਲਿਆ ਗਿਆ, ਜਦੋਂ ਸ੍ਰੀ ਮਤੀ ਪੂਜਾ ਸ਼ਰਮਾ(ਤਿੰਨ ਬੱਚਿਆਂ ਦੀ ਮਾਂ) ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰ ਦੀਆਂ ਜ਼ਰੂਰਤਾਂ ਉਨ੍ਹਾਂ ਦੇ ਪਤੀ ਦੀ ਕਮਾਈ ਨਾਲ ਪੂਰੀਆਂ ਨਹੀਂ ਹੋ ਰਹੀਆਂ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਤੀ ਨੂੰ ਸਹਾਰਾ ਦੇਣ।

ਉਹ ਕੇ.ਵੀ.ਕੇ. ਸ਼ਿਕੋਪੁਰ ਵਿੱਚ ਸ਼ਾਮਲ ਹੋਈ ਅਤੇ ਉਨ੍ਹਾਂ ਨੂੰ ਉਹ ਚੀਜ਼ਾਂ ਸਿੱਖਣ ਲਈ ਕਿਹਾ ਜੋ ਉਨ੍ਹਾਂ ਦੀ ਅਜੀਵਿਕਾ ਕਮਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕੇ.ਵੀ.ਕੇ ਤੋਂ ਟ੍ਰੇਨਿੰਗ ਲਈ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਿੱਖੀਆਂ। ਉਨ੍ਹਾਂ ਨੇ ਉੱਥੇ ਸੋਇਆਬੀਨ ਅਤੇ ਹੋਰ ਅਨਾਜਾਂ ਦੀ ਪ੍ਰਕਿਰਿਆ ਨੂੰ ਸਿੱਖਿਆ ਤਾਂ ਕਿ ਇਸ ਨੂੰ ਸਿੱਧਾ ਖਾਣ ਦੇ ਲਈ ਇਸਤੇਮਾਲ ਕੀਤਾ ਜਾਵੇ ਅਤੇ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀਆਂ ਅਤੇ ਪਿੰਡ ਦੀਆਂ ਕਈ ਔਰਤਾਂ ਨੂੰ ਟ੍ਰੇਨਿੰਗ ਲੈਣ ਲਈ ਪ੍ਰੋਤਸਾਹਿਤ ਕੀਤਾ।

2013 ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਭੁੰਨੀ ਹੋਈ ਸੋਇਆਬੀਨ ਦੀ ਆਪਣੀ ਇੱਕ ਛੋਟੀ ਨਿਰਮਾਣ ਯੂਨਿਟ ਸਥਾਪਿਤ ਕੀਤੀ ਅਤੇ ਆਪਣੇ ਉੱਦਮ ਵਿੱਚ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਵੀ ਸ਼ਾਮਲ ਕੀਤਾ ਅਤੇ ਹੌਲੀ-ਹੌਲੀ ਆਪਣੇ ਵਪਾਰ ਦਾ ਵਿਸਤਾਰ ਕੀਤਾ। ਉਨ੍ਹਾਂ ਨੇ ਇੱਕ ਸ਼ਿਤਿਜ SHG ਦੇ ਨਾਮ ਨਾਲ ਇੱਕ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ। ਗਰੁੱਪ ਦੀਆਂ ਦੀਆਂ ਸਾਰੀਆਂ ਔਰਤਾਂ ਦੀਆਂ ਬੱਚਤਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੇ ਹੋਰ ਤਿੰਨ ਬੁਨਾਈ ਦੀਆਂ ਮਸ਼ੀਨਾਂ ਖਰੀਦੀਆਂ। ਵਰਤਮਾਨ ਵਿੱਚ ਉਨ੍ਹਾਂ ਦੇ ਗਰੁੱਪ ਕੋਲ ਨਿਰਮਾਣ ਲਈ 7 ਮਸ਼ੀਨਾਂ ਹਨ। ਇਹ ਮਸ਼ੀਨਾਂ ਉਨ੍ਹਾਂ ਦੇ ਬਜਟ ਦੇ ਮੁਤਾਬਿਕ ਬਹੁਤ ਮਹਿੰਗੀਆਂ ਸਨ। ਪਰ ਫਿਰ ਵੀ ਉਨ੍ਹਾਂ ਨੇ ਸਭ ਪ੍ਰਬੰਧ ਕੀਤਾ ਅਤੇ ਇਨ੍ਹਾਂ ਮਸ਼ੀਨਾਂ ਦੀ ਲਾਗਤ 16000 ਅਤੇ 20000 ਦੇ ਲਗਭੱਗ ਪ੍ਰਤੀ ਮਸ਼ੀਨ ਹੈ। ਉਨ੍ਹਾਂ ਦੇ ਕੋਲ 1.25 ਏਕੜ ਦੀ ਜ਼ਮੀਨ ਹੈ ਅਤੇ ਉਹ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਵੀ ਸ਼ਾਮਿਲ ਹਨ। ਉਹ ਜ਼ਿਆਦਾਤਰ ਦਾਲਾਂ ਅਤੇ ਅਨਾਜ ਦੀਆਂ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਦੇ ਹਨ, ਜਿਨ੍ਹਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ ਅਤੇ ਬਾਅਦ ਵਿੱਚ ਵੇਚਣ ਦੇ ਲਈ ਵਰਤਿਆ ਜਾ ਸਕੇ। ਉਹ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਇਹੀ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਲਾਭ ਹੋ ਸਕਦਾ ਹੈ।

11 ਔਰਤਾਂ ਦੀ ਟੀਮ ਨਾਲ ਅੱਜ ਉਹ ਪ੍ਰੋਸੈਸਿੰਗ ਕਰ ਰਹੀ ਹੈ ਅਤੇ 11 ਤੋਂ ਜ਼ਿਆਦਾ ਕਿਸਮਾਂ ਦੇ ਉਤਪਾਦ (ਬਾਜਰੇ ਦੀ ਖਿੱਚੜੀ, ਬਾਜਰੇ ਦੇ ਲੱਡੂ, ਭੁੰਨੇ ਹੋਏ ਕਣਕ ਦੇ ਦਾਣੇ, ਭੁੰਨੀ ਹੋਈ ਜਵਾਰ, ਭੁੰਨ੍ਹੀ ਹੋਈ ਸੋਇਆਬੀਨ, ਭੁੰਨ੍ਹੇ ਹੋਏ ਕਾਲੇ ਛੋਲੇ) ਜੋ ਖਾਣ ਅਤੇ ਬਣਾਉਣ ਦੇ ਲਈ ਤਿਆਰ ਹਨ, ਉਨ੍ਹਾਂ ਨੂੰ ਕਈ ਰਾਜ ਅਤੇ ਦੇਸ਼ ਵਿੱਚ ਵੇਚਿਆ ਜਾਂਦਾ ਹੈ। ਪੂਜਾ ਸ਼ਰਮਾ ਦੀ ਇੱਛਾ ਸ਼ਕਤੀ ਨੇ ਪਿੰਡ ਦੀਆਂ ਕਈ ਔਰਤਾਂ ਨੂੰ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਹਾਸਿਲ ਕਰਨ ਵਿੱਚ ਮਦਦ ਕੀਤੀ।

ਉਨ੍ਹਾਂ ਦੇ ਲਈ ਇਹ ਬਹੁਤ ਲੰਬੀ ਯਾਤਰਾ ਸੀ, ਜਿੱਥੇ ਉਹ ਅੱਜ ਪਹੁੰਚੀ ਹੈ ਅਤੇ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਹੁਣ ਉਨ੍ਹਾਂ ਨੇ ਮਸ਼ੀਨਾਂ ਨੂੰ ਘਰ ਵਿੱਚ ਹੀ ਸਥਾਪਿਤ ਕੀਤਾ ਹੈ ਤਾਂ ਕਿ ਔਰਤਾਂ ਇਸ ਨੂੰ ਚਲਾ ਸਕਣ, ਜਦੋਂ ਵੀ ਉਹ ਖਾਲੀ (ਫ੍ਰੀ) ਹੋਣ ਅਤੇ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਦੀ ਕਟੌਤੀ ਵੀ ਬਹੁਤ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਕੰਮ ਨੂੰ ਉਸ ਦੇ ਅਨੁਸਾਰ ਹੀ ਵੰਡਿਆ ਹੋਇਆ ਹੈ। ਕੁੱਝ ਔਰਤਾਂ ਬੀਨਜ਼ ਨੂੰ ਸਕਾਉਂਦੀਆਂ ਹਨ, ਕਈ ਸਾਫ਼ ਕਰਦੀਆਂ ਹਨ ਅਤੇ ਬਾਕੀ ਦੀਆਂ ਔਰਤਾਂ ਉਨ੍ਹਾਂ ਨੂੰ ਭੁੰਨ੍ਹਦੀਆਂ ਅਤੇ ਪੀਸਦੀਆਂ ਹਨ।

ਵਰਤਮਾਨ ਵਿੱਚ ਕਈ ਵਾਰ ਪੂਜਾ ਸ਼ਰਮਾ ਅਤੇ ਉਨ੍ਹਾਂ ਦਾ ਗਰੁੱਪ ਅੰਗਰੇਜ਼ੀ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ, ਜਦੋਂ ਵੱਡੀਆਂ ਕੰਪਨੀਆਂ ਦੇ ਨਾਲ ਵਾਰਤਾਲਾਪ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਅਤੇ ਉਹ ਹੈ ਸਿੱਖਿਆ। ਪਰ ਉਹ ਇਸ ਤੋਂ ਨਿਰਾਸ਼ ਨਹੀਂ ਹਨ ਅਤੇ ਇਸ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭੋਜਨ ਦੀਆਂ ਵਸਤੂਆਂ ਦੇ ਨਿਰਮਾਣ ਤੋਂ ਇਲਾਵਾ, ਉਹ ਸਿਲਾਈ, ਖੇਤੀ ਅਤੇ ਹੋਰ ਗਤੀਵਿਧੀਆਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਿੱਚ ਔਰਤਾਂ ਦੀ ਮਦਦ ਕਰ ਰਹੀ ਹੈ, ਜਿਸ ਵਿੱਚ ਉਹ ਰੁਚੀ ਰੱਖਦੀ ਹੈ।

ਭਵਿੱਖ ਦੀ ਯੋਜਨਾ
ਉਨ੍ਹਾਂ ਦੇ ਭਵਿੱਖ ਦੀਆਂ ਯੌਜਨਾਵਾਂ ਕਾਰੋਬਾਰ ਵਿੱਚ ਵਿਸਤਾਰ ਕਰਨਾ ਅਤੇ ਜ਼ਿਆਦਾ ਔਰਤਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ, ਤਾਂ ਕਿ ਉਨ੍ਹਾਂ ਨੂੰ ਪੈਸਿਆਂ ਦੇ ਲਈ ਦੂਜਿਆਂ ‘ਤੇ ਨਿਰਭਰ ਨਾ ਹੋਣਾ ਪਵੇ। ਜ਼ੋਨ 2 ਦੇ ਅੰਤਰਗਤ ਰਾਜਸਥਾਨ, ਹਰਿਆਣਾ ਅਤੇ ਦਿੱਲੀ ਰਾਜਾਂ ਤੋਂ ਉਨ੍ਹਾਂ ਨੂੰ ਉਸ ਦੇ ਉਤਸ਼ਾਹੀ ਕੰਮ ਅਤੇ ਯਤਨਾਂ ਦੇ ਲਈ ਅਤੇ ਨਵੀਨ ਖੇਤੀ ਦੀ ਤਕਨੀਕਾਂ ਲਈ ਪੰਡਿਤ ਦੀਨਦਿਆਲ ਨੂੰ ਕ੍ਰਿਸ਼ੀ ਪੁਰਸਕਾਰ ਨਾਲ 50000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਮਾਣ ਪੱਤਰ ਵੀ ਮਿਲਿਆ। ਉਹ ATMA SCHEME ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਦੁਆਰਾ ਉੱਚ ਪ੍ਰੋਟੀਨ ਯੁਕਤ ਭੋਜਨ ਬਣਾਉਣ ਲਈ ਪ੍ਰਸ਼ੰਸਾ ਪੱਤਰ ਵੀ ਮਿਲਿਆ।

ਸੰਦੇਸ਼
“ਜਿੱਥੇ ਵੀ ਕਿਸਾਨ ਅਨਾਜ, ਦਾਲਾਂ ਅਤੇ ਕਿਸੇ ਵੀ ਫ਼ਸਲ ਦੀ ਖੇਤੀ ਕਰਦੇ ਹਨ, ਉੱਥੇ ਉਨ੍ਹਾਂ ਨੂੰ ਸਿਰਫ਼ ਔਰਤਾਂ ਦਾ ਇੱਕ ਸਮੂਹ ਬਣਾਉਣਾ ਚਾਹੀਦਾ ਹੈ ਜੋ ਸਿਰਫ਼ ਘਰੇਲੂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਤਪਾਦਿਤ ਫ਼ਸਲਾਂ ਤੋਂ ਪ੍ਰੋਸੈਸਿੰਗ ਦੁਆਰਾ ਚੰਗੀਆਂ ਚੀਜ਼ਾਂ ਬਣਾਉਣ ਲਈ ਸਿਖਲਾਈ ਦੇਣੀ ਚਾਹੀਦੀ, ਤਾਂ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਮਾਰਕਿਟ ਵਿੱਚ ਵੇਚ ਸਕਣ ਅਤੇ ਇਸ ਦੇ ਲਈ ਚੰਗੀ ਕੀਮਤ ਪ੍ਰਾਪਤ ਕਰ ਸਕੇ।”

ਬਲਵਿੰਦਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸ ਨੇ ਖੇਤੀਬਾੜੀ ਦੇ ਪੁਰਾਣੇ ਢੰਗਾਂ ਨੂੰ ਛੱਡ ਕੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ

ਅੱਜ, ਕਿਸਾਨ ਹੀ ਸਿਰਫ਼ ਉਹ ਵਿਅਕਤੀ ਹੈ ਜੋ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਜੈਵਿਕ ਤਰੀਕਿਆਂ ਵੱਲ ਪ੍ਰੇਰਿਤ ਕਰ ਸਕਦਾ ਹੈ ਅਤੇ ਬਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇੱਕ ਸਧਾਰਨ ਅਗਾਂਹਵਧੂ ਕਿਸਾਨ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ।

ਖੈਰ, ਜੈਵਿਕ ਖੇਤੀ ਵੱਲ ਮੁੜਨਾ ਉਨ੍ਹਾਂ ਕਿਸਾਨਾਂ ਲਈ ਆਸਾਨ ਨਹੀਂ ਹੁੰਦਾ ਜੋ ਰਵਾਇਤੀ ਢੰਗ ਨਾਲ ਖੇਤੀ ਕਰਦੇ ਅਤੇ ਉੱਚ ਪੈਦਾਵਾਰ ਪ੍ਰਾਪਤ ਕਰਦੇ ਹਨ। ਪਰ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਇਸ ਰੁਕਾਵਟ ਨੂੰ ਪਾਰ ਕੀਤਾ।

ਇਸ ਤੋਂ ਪਹਿਲਾਂ, 1982 ਤੋਂ 1983 ਤੱਕ ਉਹ ਕਪਾਹ, ਸਰ੍ਹੋਂ ਅਤੇ ਗੁਆਰਾ ਆਦਿ ਫ਼ਸਲਾਂ ਦੀ ਖੇਤੀ ਕਰਦੇ ਸਨ ਪਰ 1997 ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ‘ਤੇ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਵਾਰ-ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਝੋਨੇ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਜੈਵਿਕ ਖੇਤੀ ਦੀ ਸ਼ੁਰੂਆਤ 2011 ਵਿੱਚ ਕੀਤੀ। ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਜੈਵਿਕ ਸਬਜ਼ੀ ਫਾਰਮ ਦੌਰਾ ਕੀਤਾ।

ਜੈਵਿਕ ਫਾਰਮ ‘ਤੇ ਜਾਣ ਬਾਅਦ, ਬਲਵਿੰਦਰ ਸਿੰਘ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਅਤੇ ਫਿਰ ਉਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਉਹ ਕਪਾਹ ਦੀਆਂ ਵਧੀਆ ਕਿਸਮਾਂ ਦੀ ਖਰੀਦ ਕਰਨ ਲਈ ਗੁਜਰਾਤ ਤੱਕ ਗਏ ਅਤੇ ਉੱਥੇ ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਖੀਰੇ, ਸਟ੍ਰਾੱਬੈਰੀ ਅਤੇ ਤਰਬੂਜ਼ ਦੀ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਲਗਾਤਾਰ 3 ਸਾਲ ਕੀਟਨਾਸ਼ਕਾਂ ਦੀ ਮਾਤਰਾ ਘਟਾਉਂਦੇ ਰਹੇ।

ਉਸ ਸਾਲ, ਮਿਰਚ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਹੋਈ ਅਤੇ ਉਨ੍ਹਾਂ ਨੇ ਕੇਵਲ 2 ਏਕੜ ਤੋਂ 500000 ਰੁਪਏ ਦਾ ਲਾਭ ਕਮਾਇਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਦੀ ਲੋਕੇਸ਼ਨ ਦਾ ਵੀ ਫਾਇਦਾ ਚੁੱਕਿਆ। ਉਨ੍ਹਾਂ ਦਾ ਫਾਰਮ ਸੜਕ ਦੇ ਕਿਨਾਰੇ ਸੀ, ਇਸ ਲਈ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ, ਜਿੱਥੇ ਉਨ੍ਹਾਂ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਨੇ ਮਿਰਚ ਦੀ ਪ੍ਰੋਸੈੱਸਿੰਗ ਕਰਕੇ ਮਿਰਚ ਪਾਊਡਰ ਬਣਾਉਣਾ ਵੀ ਸ਼ੁਰੂ ਕੀਤਾ।

“ਜਦੋਂ ਮੈਂ ਮਿਰਚ ਪਾਊਡਰ ਦੀ ਪ੍ਰੋਸੈੱਸਿੰਗ ਸ਼ੁਰੂ ਕੀਤੀ ਸੀ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਤੁਹਾਡੇ ਮਿਰਚ ਪਾਊਡਰ ਦਾ ਰੰਗ ਲਾਲ ਨਹੀਂ ਹੁੰਦਾ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮਿਰਚ ਪਾਊਡਰ ਕਦੇ ਰੰਗ ਵਿੱਚ ਲਾਲ ਨਹੀਂ ਹੁੰਦਾ, ਆਮ ਤੌਰ ‘ਤੇ ਬਾਜ਼ਾਰ ਤੋਂ ਖਰੀਦੇ ਜਾਣ ਵਾਲੇ ਪਾਊਡਰ ਵਿੱਚ ਰੰਗਾਂ ਦੀ ਮਿਲਾਵਟ ਹੁੰਦੀ ਹੈ।”

2013 ਵਿੱਚ, ਬਲਵਿੰਦਰ ਸਿੰਘ ਨੇ ਖੀਰੇ, ਟਮਾਟਰ, ਕੱਦੂ ਅਤੇ ਸ਼ਿਮਲਾ ਮਿਰਚ ਵਰਗੀਆਂ ਹੋਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

“ਜ਼ਿਆਦਾ ਫ਼ਸਲਾਂ ਨੂੰ ਜ਼ਿਆਦਾ ਖੇਤਰ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀਬਾੜੀ ਖੇਤਰ ਨੂੰ ਵਧਾਉਣ ਲਈ ਮੈਂ ਆਪਣੇ ਚਚੇਰੇ ਭਰਾਵਾਂ ਅਤੇ ਸਕੇ ਭਰਾਵਾਂ ਤੋਂ ਠੇਕੇ ‘ਤੇ 40 ਏਕੜ ਜ਼ਮੀਨ ਲਈ। ਸ਼ੁਰੂਆਤ ਵਿੱਚ, ਸਬਜ਼ੀਆਂ ਦਾ ਮੰਡੀਕਰਨ ਕਰਨਾ ਇੱਕ ਵੱਡੀ ਸਮੱਸਿਆ ਸੀ, ਪਰ ਸਮੇਂ ਨਾਲ ਇਸ ਸਮੱਸਿਆ ਦਾ ਵੀ ਹੱਲ ਹੋ ਗਿਆ।”

ਵਰਤਮਾਨ ਵਿੱਚ, ਬਲਵਿੰਦਰ ਸਿੰਘ 8-9 ਏਕੜ ਵਿੱਚ ਸਬਜ਼ੀਆਂ, 1 ਏਕੜ ਵਿੱਚ ਸਟ੍ਰਾੱਬੈਰੀ ਅਤੇ ਬਾਕੀ ਦੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦਕਤਾ ਨੂੰ ਵਧਾਉਣ ਲਈ ਸਾਰੇ ਆਧੁਨਿਕ ਖੇਤੀਬਾੜੀ ਔਜ਼ਾਰ, ਤਕਨਾਲੋਜੀ ਅਤੇ ਵਾਤਾਵਰਨ-ਪੱਖੀ ਪ੍ਰਣਾਲੀ ਜਿਵੇਂ ਕਿ ਟ੍ਰੈਕਟਰ, ਬੈੱਡ ਪਲਾਂਟਰ, ਰੋਟਾਵੇਟਰ, ਕਲਟੀਵੇਟਰ, ਸੁਹਾਗਾ, ਸੀਡਰ, ਤੁਪਕਾ ਸਿੰਚਾਈ, ਮਲਚਿੰਗ, ਕੀਟਨਾਸ਼ਕਾਂ ਦੇ ਸਥਾਨ ‘ਤੇ ਘਰ ਵਿੱਚ ਤਿਆਰ ਖਾਦ ਅਤੇ ਖੱਟੀ ਲੱਸੀ ਦੀ ਸਪਰੇਅ ਨੂੰ ਵੀ ਅਪਣਾਇਆ।

ਪਿਛਲੇ ਚਾਰ ਵਰ੍ਹਿਆਂ ਤੋਂ ਉਹ 2 ਏਕੜ ਜ਼ਮੀਨ ‘ਤੇ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਕੀਟਨਾਸ਼ਕ ਦਵਾਈਆਂ ਅਤੇ ਫੰਗਸਨਾਸ਼ੀ ਦੀ ਵਰਤੋਂ ਘੱਟ ਕਰ ਰਹੇ ਹਨ। ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਖੇਤਰ ਦੇ ਡੀ.ਸੀ. ਨੇ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਉਨ੍ਹਾਂ ਦੇ ਕੰਮ ਦੇ ਬਾਰੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਜਿਸ ਗਤੀ ਨਾਲ ਉਹ ਪ੍ਰਗਤੀ ਕਰ ਰਹੇ ਹਨ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਅਲੱਗ ਹੀ ਪਛਾਣ ਹੋਵੇਗੀ।

ਸੰਦੇਸ਼
“ਹੁਣ ਕਿਸਾਨਾਂ ਨੂੰ ਲਾਭ ਕਮਾਉਣ ਲਈ ਆਪਣੇ ਉਤਪਾਦਨ ਵੇਚਣ ਲਈ ਤੱਕੜੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ, ਕਿਉਂਕਿ ਜੇਕਰ ਉਹ ਆਪਣੀ ਫ਼ਸਲ ਵੇਚਣ ਲਈ ਵਿਚੋਲੇ ਜਾਂ ਡੀਲਰਾਂ ‘ਤੇ ਨਿਰਭਰ ਰਹਿਣਗੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ ਅਤੇ ਠੱਗਾਂ ਦੁਆਰਾ ਵਾਰ-ਵਾਰ ਧੋਖਾ ਖਾਣਗੇ। ਵਿਚੋਲੇ ਉਨ੍ਹਾਂ ਸਾਰੇ ਮੁਨਾਫ਼ਿਆਂ ਨੂੰ ਦੂਰ ਕਰ ਦਿੰਦੇ ਹਨ ਜਿਸ ਉੱਤੇ ਕਿਸਾਨਾਂ ਦਾ ਅਧਿਕਾਰ ਹੁੰਦਾ ਹੈ।”

ਗੁਰਦੀਪ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਵਿਅਕਤੀ ਦੇ ਜਾਗਰੂਕ ਹੋਣ ਦੀ ਕਹਾਣੀ: ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ

ਲੋਕਾਂ ਦੇ ਜਾਗਰੂਕ ਹੋਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਲੋਕਾਂ ਨੇ ਉਹਨਾਂ ਚੀਜ਼ਾਂ ਨਾਲ ਸਹਿਮਤ ਹੋਣਾ ਬੰਦ ਕਰ ਦਿੱਤਾ ਹੈ ਜੋ ਉਨ੍ਹਾਂ ਨੂੰ ਸੰਤੁਸ਼ਟ ਨਹੀਂ ਕਰਦੀਆਂ। ਕਿਹਾ ਜਾਂਦਾ ਹੈ ਕਿ ਜਦੋ ਕੋਈ ਵਿਅਕਤੀ ਕਿਸੇ ਚੰਗੇ ਕੰਮ ਵੱਲ ਮੁੜਦਾ ਹੈ ਤਾਂ, ਰਸਤੇ ‘ਤੇ ਕਈ ਵਾਰ ਇਕੱਲਾ ਵੀ ਮਹਿਸੂਸ ਹੁੰਦਾ ਹੈ, ਪਰ ਜਿਹੜੀਆਂ ਆਦਤਾਂ ਜਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਨੂੰ ਪਿੱਛੇ ਛੱਡਣਾ ਪੈਂਦਾ ਹੈ। ਇੱਕ ਅਜਿਹਾ ਵਿਅਕਤੀ ਜੋ ਸਮਾਜ ਦੇ ਖ਼ਿਲਾਫ਼ ਜਾ ਕੇ ਰਵਾਇਤੀ ਖੇਤੀ ਤੋਂ ਜੈਵਿਕ ਖੇਤੀ ਵੱਲ ਮੁੜਿਆ: ਗੁਰਦੀਪ ਸਿੰਘ ਬਰਾੜ

ਗੁਰਦੀਪ ਸਿੰਘ ਬਰਾੜ ਪਿੰਡ ਮਹਿਮਾ ਸਵਾਈ, ਜਿਲਾ ਬਠਿੰਡਾ ਦੇ ਰਹਿਣ ਵਾਲੇ ਹਨ। 17 ਸਾਲ ਪਹਿਲਾਂ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਬਦਲਾਵ ਆਇਆ, ਜਿਸਨੇ ਉਹਨਾਂ ਦੇ ਖੇਤੀ ਕਰਨ ਦੇ ਢੰਗ ਨੂੰ ਹੀ ਬਦਲ ਦਿੱਤਾ। ਅੱਜ ਗੁਰਦੀਪ ਸਿੰਘ ਬਠਿੰਡੇ ਦੇ ਇੱਕ ਸਫ਼ਲ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਜ਼ਿਆਦਾ ਕਮਾ ਰਹੇ ਹਨ।

ਜੈਵਿਕ ਖੇਤੀ ਕਰਨ ਤੋਂ ਪਹਿਲਾਂ ਗੁਰਦੀਪ ਸਿੰਘ ਬਰਾੜ ਇੱਕ ਆਮ ਕਿਸਾਨ ਸਨ, ਜੋ ਕਿ ਦੂਜਿਆਂ ਦੀ ਤਰ੍ਹਾਂ ਇੱਕ ਹੀ ਫ਼ਸਲੀ ਚੱਕਰ ਵਿੱਚ ਫਸੇ ਹੋਏ ਸਨ। ਉਹਨਾਂ ਕੋਲ 2 ਏਕੜ ਜ਼ਮੀਨ ਸੀ ਜਿਸ ਉੱਪਰ ਉਹ ਖੇਤੀ ਕਰ ਰਹੇ ਸਨ ਅਤੇ ਉਹਨਾਂ ਦੀ ਆਮਦਨ ਬਹੁਤ ਘੱਟ ਸੀ।

1995 ਵਿੱਚ ਉਹ ਕਿਸਾਨ ਸਲਾਹਕਾਰ ਸੇਵਾ ਕੇਂਦਰ ਦੇ ਸੰਪਰਕ ਵਿੱਚ ਆਏ। ਉਹਨਾਂ ਨੇ ਖੇਤੀਬਾੜੀ ਸੰਬੰਧਿਤ ਆਪਣੀਆਂ ਸਾਰੀਆਂ ਮੁਸ਼ਕਿਲ ਨੂੰ ਉਹਨਾਂ ਨਾਲ ਸਾਂਝਾ ਕੀਤਾ ਅਤੇ ਉਹਨਾਂ ਨੂੰ ਆਪਣਾ ਸਾਰੇ ਸਵਾਲਾਂ ਦੇ ਜਵਾਬ ਮਿਲ ਗਏ। ਉਹ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਵਿਗਿਆਨਿਕਾਂ ਦੇ ਸੰਪਰਕ ਵਿੱਚ ਆਏ। ਕੁੱਝ ਸਮੇਂ ਬਾਅਦ ਕਿਸਾਨ ਸਲਾਹਕਾਰ ਕੇਂਦਰ ਦੇ ਵਿਗਿਆਨਿਕਾਂ ਨੇ ਉਹਨਾਂ ਨੂੰ ਇੱਕ ਸਬਜ਼ੀਆਂ ਦੀ ਕਿੱਟ ਦੇ ਕੇ 1 ਕਨਾਲ ਵਿੱਚ ਘਰੇਲੂ ਬਗ਼ੀਚੀ ਲਾਉਣ ਲਈ ਪ੍ਰੇਰਿਤ ਕੀਤਾ। ਜਦ ਇਹ ਪ੍ਰਯੋਗ ਸਫ਼ਲ ਹੋਇਆ ਤਾ ਉਹਨਾਂ ਨੇ ਜ਼ਮੀਨ ਦਾ ਹਿੱਸਾ 1 ਕਨਾਲ ਤੋਂ ਵਧਾ ਕੇ 2 ਕਨਾਲ ਕਰ ਦਿੱਤਾ ਅਤੇ ਸਬਜ਼ੀਆਂ ਦਾ ਚੰਗਾ ਉਤਪਾਦਨ ਕਰਨਾ ਸ਼ੁਰੂ ਕੀਤਾ।

1999 ਵਿੱਚ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੇ ਸੰਪਰਕ ਵਿੱਚ ਆਉਣ ਤੋਂ 4 ਸਾਲ ਬਾਅਦ, ਉਹਨਾਂ ਨੇ ਟੀਮ ਨਾਲ ਸਹਿਯੋਗ ਕੀਤਾ ਅਤੇ ਬਹੁਤ ਸਾਰੇ ਫਾਰਮਾਂ ਦਾ ਦੌਰਾ ਕੀਤਾ…

ਕੁਝ ਫਾਰਮ ਹਨ :
• ਨਾਭਾ ਆਰਗੈਨਿਕ ਫਾਰਮ
• ਭਗਤ ਪੂਰਨ ਸਿੰਘ ਫਾਰਮ, ਗੰਗਾਨਗਰ
• ਆਰਗੈਨਿਕ ਫਾਰਮ

ਇਹਨਾਂ ਸਭ ਫਾਰਮਾਂ ਦੇ ਦੌਰੇ ਨੇ ਉਹਨਾਂ ਨੂੰ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹਦੇ ਤੋਂ ਬਾਅਦ ਉਹਨਾਂ ਨੇ ਮੌਸਮੀ ਫਲ ਅਤੇ ਸਬਜ਼ੀਆਂ ਉਗਾਉਣਾ ਸ਼ੁਰੂ ਕਰ ਦਿੱਤਾ। ਉਹ ਬੀਜ ਉਪਚਾਰ ਲਈ ਜੈਵਿਕ ਢੰਗ, ਕੀੜਿਆਂ ਦੀ ਰੋਕਥਾਮ ਲਈ ਜਾਲੇ ਵਰਤਦੇ ਹਨ ਅਤੇ ਜੈਵਿਕ ਖਾਦ ਵੀ ਬਣਾਉਂਦੇ ਹਨ। ਬੀਜ ਉਪਚਾਰ ਲਈ ਉਹ ਨਿੰਮ ਦਾ ਪਾਣੀ, ਗੋਮੂਤਰ, ਚੂਨਾ ਪੱਥਰ, ਹਿੰਗ ਅਤੇ ਪਾਣੀ ਦਾ ਇਸਤੇਮਾਲ ਕਰਦੇ ਹਨ। ਉਹ ਸਬਜ਼ੀਆਂ ਦੀ ਜ਼ਿਆਦਾ ਪੈਦਾਵਾਰ ਅਤੇ ਉਹਨਾਂ ਨੂੰ ਰਸਾਇਣਿਕ ਖਾਦਾਂ ਤੋਂ ਬਚਾਉਣ ਲਈ ਆਪਣੇ ਦੁਆਰਾ ਹੀ ਤਿਆਰ ਕੀਤਾ ਗਿਆ ਜੀਵ ਅੰਮ੍ਰਿਤ ਵਰਤਦੇ ਹਨ। ਕੀੜਿਆਂ ਦੀ ਰੋਕਥਾਮ ਲਈ ਉਹ ਖੱਟੀ ਲੱਸੀ ਦੀ ਸਪਰੇਅ ਕਰਦੇ ਹਨ। ਉਹ ਪਾਣੀ ਦੇ ਪ੍ਰਬੰਧ ਨੂੰ ਲੈ ਕੇ ਵੀ ਬਹੁਤ ਸੋਚਦੇ ਹਨ ਇਸ ਲਈ ਤੁਪਕਾ ਸਿੰਚਾਈ ਵਰਤਦੇ ਹਨ।

ਗੁਰਦੀਪ ਸਿੰਘ ਨੇ ਆਪਣੇ ਫਾਰਮ ਤੇ ਇੱਕ ਵਰਮੀ- ਕੰਪੋਸਟ ਯੂਨਿਟ ਵੀ ਲਗਾਈ ਹੈ, ਤਾਂ ਜੋ ਉਹ ਆਪਣੇ ਸਬਜ਼ੀਆਂ ਅਤੇ ਫਲਾਂ ਨੂੰ ਜੈਵਿਕ ਖਾਦ ਦੇ ਸਕਣ। ਉਹਨਾਂ ਨੇ 1- 1 ਕਨਾਲ ਦੇ 2 ਵੱਡੇ ਖੱਡੇ ਬਣਾਏ ਹਨ, ਜਿੱਥੇ ਉਹ ਗਾਵਾਂ, ਮੱਝਾਂ ਅਤੇ ਪੋਲਟਰੀ ਦੀ ਰਹਿੰਦ ਖੂਹੰਦ ਨੂੰ ਗਲਣ ਲਈ ਰੱਖਦੇ ਹਨ।

ਖੇਤੀ ਦੇ ਨਾਲ ਨਾਲ ਉਹ ਕੱਦੂ, ਕਰੇਲੇ, ਤੌਰੀ ਆਦਿ ਦਾ ਬੀਜ ਵੀ ਘਰ ਵਿੱਚ ਹੀ ਤਿਆਰ ਕਰਦੇ ਹਨ। ਜਿਹਦੇ ਨਾਲ ਉਹਨਾਂ ਨੂੰ ਬਾਜ਼ਾਰ ਵਿੱਚੋਂ ਕੋਈ ਬੀਜ ਨਹੀਂ ਖਰੀਦਣਾ ਪੈਂਦਾ। ਕੱਦੂ ਦੀ ਗੁਣਵੱਤਾ ਅਤੇ ਪੈਦਾਵਾਰ ਵਧਾਉਣ ਲਈ ਉਹ ਕੱਦੂ ਦੀਆਂ ਬੇਲਾਂ ਨੂੰ ਸਹਾਰਾ ਦੇਣ ਲਈ ਰੱਸੀਆਂ ਦਾ ਜਾਲ ਵਰਤਦੇ ਹਨ।

ਅੱਜ ਉਹਨਾਂ ਦੁਆਰਾ ਉਗਾਈਆਂ ਗਈਆਂ ਸਬਜ਼ੀਆਂ ਇੰਨੀਆਂ ਮਸ਼ਹੂਰ ਹਨ ਕਿ ਬਠਿੰਡਾ, ਗੋਨਿਆਣਾ ਮੰਡੀ ਅਤੇ ਹੋਰ ਨਜ਼ਦੀਕੀ ਲੋਕ ਵਿਸ਼ੇਸ਼ ਤੌਰ ‘ਤੇ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਜਦ ਗੱਲ ਸਬਜ਼ੀਆਂ ਦੇ ਮੰਡੀਕਰਨ ਦੀ ਆਉਂਦੀ ਹੈ ਤਾਂ ਉਹ ਕਿਸੇ ਦੂਜੇ ਵਿਅਕਤੀ ਤੇ ਨਿਰਭਰ ਨਹੀਂ ਹੁੰਦੇ। ਉਹ 500 ਗ੍ਰਾਮ ਦੇ ਪੈਕੇਟ ਬਣਾ ਕੇ ਆਪਣੇ ਉਤਪਾਦਾਂ ਨੂੰ ਆਪ ਵੇਚਦੇ ਹਨ ਅਤੇ ਅੱਜ ਦੀ ਤਰੀਕ ਵਿੱਚ ਇਸ ਨਾਲ ਵਧੇਰੇ ਲਾਭ ਕਮਾ ਰਹੇ ਹਨ।

ਖੇਤੀਬਾੜੀ ਦੀਆਂ ਤਕਨੀਕਾਂ ਲਈ ਉਹਨਾਂ ਨੂੰ ਕਈ ਸਥਾਨਕ ਪੁਰਸਕਾਰ ਮਿਲੇ ਹਨ ਅਤੇ ਉਹ ਕਈ ਖੇਤੀਬਾੜੀ ਸੰਸਥਾਵਾਂ ਅਤੇ ਸੰਗਠਨਾਂ ਦੇ ਮੈਂਬਰ ਵੀ ਹਨ। 2015 ਵਿੱਚ ਉਹਨਾਂ ਨੇ ਪੀ.ਏ.ਯੂ ਤੋਂ ਸੁਰਜੀਤ ਸਿੰਘ ਢਿੱਲੋਂ ਪੁਰਸਕਾਰ ਵੀ ਪ੍ਰਾਪਤ ਕੀਤਾ। ਉਸ ਵਿਅਕਤੀ ਲਈ ਜਿਹੜਾ ਕਦੇ ਸਕੂਲ ਨਾ ਗਿਆ ਹੋਵੇ, ਇਸ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਬਹੁਤ ਮਹੱਤਵ ਰੱਖਦਾ ਹੈ। ਅਜੋਕੇ ਸਮੇਂ, ਉਹ ਆਪਣੇ ਮਾਤਾ ਜੀ, ਪਤਨੀ ਅਤੇ ਪੁੱਤਰ ਦੇ ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਭਵਿੱਖ ਵਿੱਚ ਉਹ ਜੈਵਿਕ ਖੇਤੀ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਸਮਾਜ ਵਿੱਚ ਸਵੱਸਥ ਅਤੇ ਰਸਾਇਣ ਮੁਕਤ ਭੋਜਨ ਉਪਲਬਧ ਕਰਾਉਣਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼


ਕਿਸਾਨਾਂ ਦੁਆਰਾ ਪ੍ਰਯੋਗ ਕੀਤੇ ਜਾਣ ਵਾਲੇ ਰਸਾਇਣਾ ਦੇ ਕਾਰਣ ਅੱਜ ਲੋਕਾਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਫੈਲ ਰਹੀਆਂ ਹਨ। ਮੈ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਨੂੰ ਰਸਾਇਣਾ ਜਾਂ ਕੀਟਨਾਸ਼ਕਾਂ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਬਲਕਿ ਇਨ੍ਹਾਂ ਦਾ ਪ੍ਰਯੋਗ ਘੱਟ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਣਾਉਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਮਿੱਟੀ ਅਤੇ ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ ਅਤੇ ਘਾਤਕ ਬਿਮਾਰੀਆਂ ਨੂੰ ਰੋਕ ਸਕਦੇ ਹਨ।