ਸਿਕੰਦਰ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਖੇਤੀ ਵਿਭਿੰਨਤਾ ਅਪਣਾਉਂਦਾ ਹੋਇਆ ਸਫਲ ਕਿਸਾਨ ਬਣ ਗਿਆ

ਕੁਝ ਵੱਖਰਾ ਕਰਨ ਦੀ ਚਾਹਤ ਇਨਸਾਨ ਨੂੰ ਧਰਤੀ ਤੋਂ ਅੰਬਰਾਂ ਤੱਕ ਲੈ ਜਾਂਦੀ ਹੈ। ਪਰ ਉਹਦੇ ਮਨ ਵਿੱਚ ਹਮੇਸ਼ਾ ਅੱਗੇ ਵੱਧਣ ਦੀ ਇੱਛਾ ਹੋਣੀ ਚਾਹੀਦੀ ਹੈ। ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਹੋਵੋ, ਆਪਣੀ ਇੱਛਾ ਤੇ ਸੋਚ ਨੂੰ ਹਮੇਸ਼ਾ ਜਾਗ੍ਰਿਤ ਰੱਖਣਾ ਚਾਹੀਦਾ ਹੈ।

ਇਸ ਸੋਚ ਅਤੇ ਰਹਿਣੀ-ਬਹਿਣੀ ਦੇ ਮਾਲਕ ਸ. ਸਿਕੰਦਰ ਸਿੰਘ ਬਰਾੜ, ਜੋ ਬਲਿਹਾਰ ਮਹਿਮਾ, ਬਠਿੰਡਾ ਵਿਖੇ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਬੂਟਾ ਸਿੰਘ ਰਵਾਇਤੀ ਤਰੀਕਿਆਂ ਨਾਲ ਖੇਤੀਬਾੜੀ ਕਰਦੇ ਸਨ। ਉਹਨਾਂ ਦੇ ਮਨ ਵਿੱਚ ਇੱਕ ਗੱਲ ਹਮੇਸ਼ਾ ਉਹਨਾਂ ਨੂੰ ਤੰਗ ਕਰਦੀ ਰਹਿੰਦੀ ਸੀ ਕਿ ਹਰ ਕੋਈ ਰਵਾਇਤੀ ਤਰੀਕੇ ਨਾਲ ਖੇਤੀਬਾੜੀ ਕਰ ਰਿਹਾ ਹੈ, ਜਿਵੇਂ ਕਣਕ-ਝੋਨਾ ਆਦਿ। ਕੀ ਇਵੇਂ ਨਹੀਂ ਹੋ ਸਕਦਾ ਕਿ ਖੇਤੀਬਾੜੀ ਦੇ ਵਿੱਚ ਕੁੱਝ ਨਵੀਨਤਾ ਤੇ ਵਿਭਿੰਨਤਾ ਲਿਆਂਦੀ ਜਾਵੇ।

ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਖੇਤੀ ਕਰਦੇ ਹਾਂ ਪਰ ਹਰ ਵਾਰ ਹਰ ਸਾਲ ਉਹੀ ਫਸਲਾਂ ਉਗਾਉਣ ਦੀ ਵਜਾਏ ਕੁੱਝ ਨਵਾਂ ਕਿਉਂ ਨਹੀਂ ਕਰਦੇ- ਸਿਕੰਦਰ ਸਿੰਘ ਬਰਾੜ

ਉਹ ਹਮੇਸ਼ਾ ਸੋਚਦੇ ਸਨ ਕਿ ਖੇਤੀਬਾੜੀ ਦੇ ਵਿੱਚ ਕੁੱਝ ਵੱਖਰਾ ਕੀਤਾ ਜਾਵੇ, ਜਿਸ ਦੀ ਸੇਧ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਤੋਂ ਮਿਲੀ। ਉਹਨਾਂ ਦੇ ਨਾਨਕੇ ਪਿੰਡ ਵਾਲੇ ਉਸ ਸਮੇਂ ਆਲੂਆਂ ਦੀ ਕਾਸ਼ਤ ਬੜੇ ਅਨੋਖੇ ਤੇ ਵੱਖਰੇ ਤਰੀਕੇ ਨਾਲ ਕਰਦੇ ਸਨ, ਜਿਸ ਨਾਲ ਉਹਨਾਂ ਦੀ ਫਸਲ ਦੀ ਪੈਦਾਵਾਰ ਕਾਫੀ ਚੰਗੀ ਹੁੰਦੀ ਸੀ।

ਮੈਂ ਜਦੋਂ ਨਾਨਕੇ ਪਿੰਡ ਵਾਲਿਆਂ ਦੇ ਖੇਤੀਬਾੜੀ ਕਰਨ ਦੇ ਢੰਗ ਨੂੰ ਵੇਖਦਾ ਸੀ ਤਾਂ ਮੈਂ ਉਹਨਾਂ ਦੇ ਤਰੀਕਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ- ਸਿਕੰਦਰ ਸਿੰਘ ਬਰਾੜ

ਜਦੋਂ ਸਿਕੰਦਰ ਸਿੰਘ ਨੇ ਸਾਲ 1983 ਵਿੱਚ ਸਿਰਸਾ ਵਿਖੇ ਡੀ ਫਾਰਮੇਸੀ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦੋਂ ਸ. ਸਮਸ਼ੇਰ ਸਿੰਘ ਜੋ ਉਹਨਾਂ ਦੇ ਵੱਡੇ ਭਰਾ ਹਨ, ਵੈਟਨਰੀ ਇੰਸਪੈਕਟਰ ਹੋਣ ਦੇ ਨਾਲ-ਨਾਲ, ਆਪਣੇ ਪਿਤਾ ਤੋਂ ਬਾਅਦ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ। ਉਸ ਸਮੇਂ ਦੋਨਾਂ ਭਰਾਵਾਂ ਨੇ ਪਹਿਲੀ ਵਾਰ ਜਦੋਂ ਖੇਤੀਬਾੜੀ ਦੇ ਵਿੱਚ ਵੱਖਰੇ ਢੰਗ ਨੂੰ ਅਪਣਾਇਆ ਅਤੇ ਉਹਨਾਂ ਦੁਆਰਾ ਅਪਣਾਏ ਗਏ ਤਕਨੀਕੀ ਹੁਨਰ ਦੇ ਕਾਰਨ, ਪਰਿਵਾਰ ਨੂੰ ਕਾਫੀ ਚੰਗਾ ਮੁਨਾਫ਼ਾ ਹੋਇਆ।

ਜਦੋਂ ਵੱਖਰੇ ਢੰਗ ਨਾਲ ਖੇਤੀ ਕਰਨ ਵਿੱਚ ਮੁਨਾਫ਼ਾ ਹੋਇਆ ਤਾਂ ਮੈਂ 1984 ਵਿੱਚ ਡੀ ਫਾਰਮੇਸੀ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਖੇਤੀਬਾੜੀ ਵੱਲ ਹੋ ਤੁਰਿਆ– ਸਿਕੰਦਰ ਸਿੰਘ ਬਰਾੜ

1984 ਵਿੱਚ ਡੀ ਫਾਰਮੇਸੀ ਛੱਡਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਨਰਮੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਦੀ ਕਾਸ਼ਤ ਸ਼ੁਰੂ ਕੀਤੀ।

ਇਸ ਤਰ੍ਹਾਂ ਦੇ ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦੇ ਹੋਏ ਉਹ ਸਬਜ਼ੀਆਂ ਦੀ ਕਾਸ਼ਤ ਵੱਲ ਹੋ ਤੁਰੇ, ਜਿੱਥੇ ਉਹਨਾਂ ਨੇ 1987 ਵਿੱਚ ਟਮਾਟਰ ਦੀ ਕਾਸ਼ਤ ਅੱਧੇ ਏਕੜ ਵਿੱਚ ਕੀਤੀ ਅਤੇ ਫਿਰ ਬਹੁਤ ਸਾਰੀਆਂ ਕੰਪਨੀਆਂ ਨਾਲ ਕੰਟ੍ਰੈਕਟ ਕੀਤੇ ਅਤੇ ਆਪਣੇ ਇਸ ਕਿੱਤੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ।

1990 ਵਿੱਚ ਵਿਆਹ ਤੋਂ ਬਾਅਦ ਉਹਨਾਂ ਨੇ ਆਲੂ ਦੀ ਕਾਸ਼ਤ ਹੋਰ ਵੱਡੇ ਪੱਧਰ ਤੇ ਸ਼ੁਰੂ ਕੀਤੀ ਅਤੇ ਵਿਭਿੰਨਤਾ ਅਪਨਾਉਣ ਲਈ 1997 ਵਿੱਚ 5000 ਲੇਅਰ ਮੁਰਗੀਆਂ ਨਾਲ ਪੋਲਟਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ, ਜਿਸ ‘ਚ ਕਾਫੀ ਸਫ਼ਲਤਾ ਹਾਸਲ ਹੋਈ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਦੇ 5 ਹੋਰ ਕਿਸਾਨਾਂ ਨੂੰ ਪੋਲਟਰੀ ਫਾਰਮ ਦੇ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਉਹਨਾਂ ਕਿਸਾਨਾਂ ਨੂੰ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਮਿਲੀ। 2005 ਵਿੱਚ ਉਹਨਾਂ ਨੇ 5 ਏਕੜ ਰਕਬੇ ਵਿੱਚ ਕਿੰਨੂ ਦਾ ਬਾਗ਼ ਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਸੀਡ ਕਾਰਪੋਰੇਸ਼ਨ ਲਿਮਿਟਡ ਲਈ 15 ਏਕੜ ਜ਼ਮੀਨ ਵਿੱਚੋਂ 50 ਏਕੜ ਰਕਬੇ ਦੇ ਲਈ ਕਣਕ ਦਾ ਬੀਜ ਤਿਆਰ ਕੀਤਾ।

ਮੈਨੂੰ ਹਮੇਸ਼ਾ ਕੀਟਨਾਸ਼ਕਾਂ ਅਤੇ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਕਰਨ ਤੋਂ ਨਫਰਤ ਸੀ, ਕਿਉਂਕਿ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ – ਸਿਕੰਦਰ ਸਿੰਘ ਬਰਾੜ

ਸਿਕੰਦਰ ਸਿੰਘ ਬਰਾੜ ਆਪਣੀਆਂ ਫਸਲਾਂ ਲਈ ਜ਼ਿਆਦਾਤਰ ਜੈਵਿਕ ਖਾਦ ਦੀ ਵਰਤੋਂ ਕਰਦੇ ਹਨ। ਹੁਣ ਉਹ 20 ਏਕੜ ਵਿੱਚ ਆਲੂ, 5 ਏਕੜ ਵਿੱਚ ਕਿੰਨੂ ਅਤੇ 30 ਏਕੜ ਵਿੱਚ ਕਣਕ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਇਸ ਦੇ ਨਾਲ ਹੀ 2 ਏਕੜ ਵਿੱਚ 35000 ਪੰਛੀਆਂ ਵਾਲਾ ਪੋਲਟਰੀ ਫਾਰਮ ਚਲਾਉਂਦੇ ਹਨ।

ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਪੈਪਸਿਕੋ, ਨੈਸ਼ਨਲ ਸੀਡ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ, ਦੇ ਨਾਲ ਨਾਲ ਕੰਮ ਕਰਨ ਸਕਦਾ ਹੀ ਉਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮੁੱਖ ਪੋਲਟਰੀ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈੱਨਲਾਂ ਵੱਲੋਂ ਸ਼ੋਅ ‘ਤੇ ਆਉਣ ਲਈ ਸੱਦਾ ਦਿੱਤਾ, ਤਾਂ ਜੋ ਖੇਤੀ ਸਮਾਜ ਵਿੱਚ ਤਬਦੀਲੀਆਂ, ਖੋਜਾਂ, ਮੰਡੀਕਰਨ ਅਤੇ ਪ੍ਰਬੰਧਨ ਸੰਬੰਧੀ ਜਾਣਕਾਰੀ ਹੋਰਨਾਂ ਕਿਸਾਨਾਂ ਤੱਕ ਵੀ ਪਹੁੰਚ ਸਕੇ।

ਉਹ ਸੂਬਾ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕਈ ਖੇਤੀ ਮੇਲਿਆਂ ਅਤੇ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਸਿਕੰਦਰ ਸਿੰਘ ਬਰਾੜ ਭਵਿੱਖ ਵਿੱਚ ਵੀ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਨਵੇਂ ਨਵੇਂ ਬਦਲਾਅ ਆਉਂਦੇ ਰਹਿਣਗੇ।”

ਸੰਦੇਸ਼

ਜਿਹੜੇ ਵੀ ਨਵੇਂ ਕਿਸਾਨ ਖੇਤੀਬਾੜੀ ਵਿੱਚ ਕੁੱਝ ਨਵਾਂ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਜਾਂ ਸੰਸਥਾਵਾਂ ਕੋਲੋਂ ਟ੍ਰੇਨਿੰਗ ਅਤੇ ਸਲਾਹ ਹਾਸਲ ਕੀਤੀ ਜਾਵੇ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਕੀਟਨਾਸ਼ਕਾਂ ਅਤੇ ਰਸਾਇਣਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇਸ ਕਿਸਾਨ ਨੇ ਸਥਾਈ ਖੇਤੀਬਾੜੀ ਅਭਿਆਸਾਂ ਨਾਲ ਖੇਤੀਬਾੜੀ ਨੂੰ ਅਸਲ ਵਿੱਚ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ

ਹਰ ਕੋਈ ਸੋਚਦਾ ਹੈ ਕਿ ਖੇਤੀ ਦਾ ਕੰਮ ਇੱਕ ਮੁਸ਼ਕਿਲ ਪੇਸ਼ਾ ਹੈ, ਜਿੱਥੇ ਕਿਸਾਨਾਂ ਨੂੰ ਤੇਜ਼ ਧੁੱਪ ਜਾਂ ਮੀਂਹ ਵਿੱਚ ਕਈ ਘੰਟੇ ਕੰਮ ਕਰਨਾ ਪੈਂਦਾ ਹੈ। ਪਰ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਗੁਰਮੇਲ ਸਿੰਘ ਜੀ ਨੂੰ ਜੈਵਿਕ ਖੇਤੀ ਵਿੱਚ ਸ਼ਾਂਤੀ ਅਤੇ ਜੀਵਨ ਦੀ ਸੰਤੁਸ਼ਟੀ ਮਿਲਦੀ ਹੈ।

68 ਸਾਲਾਂ ਦੇ ਗੁਰਮੇਲ ਸਿੰਘ ਜੀ ਨੇ ਸੰਨ 2000 ਵਿੱਚ ਖੇਤੀ ਸ਼ੁਰੂ ਕੀਤੀ ਸੀ ਅਤੇ ਇਸ ਕੰਮ ਨੂੰ ਲਗਾਤਾਰ ਅੱਗੇ ਵਧਾ ਰਹੇ ਹਨ। ਪਰ ਜੈਵਿਕ ਖੇਤੀ ਤੋਂ ਪਹਿਲਾਂ, ਉਨ੍ਹਾਂ ਨੇ ਮੋਟਰ ਮਕੈਨਿਕ, ਇਲੈਕਟ੍ਰੀਸ਼ਨ ਵਰਗੇ ਕਈ ਪੇਸ਼ਿਆਂ ‘ਤੇ ਕੰਮ ਕੀਤਾ ਅਤੇ ਉਨ੍ਹਾਂ ਨੇ ਫੈਬਰੀਕੇਸ਼ਨ ਅਤੇ ਵੈਲਡਿੰਗ ਦਾ ਕੰਮ ਵੀ ਸਿੱਖਿਆ, ਪਰ ਉਨ੍ਹਾਂ ਨੂੰ ਕੋਈ ਵੀ ਨੌਕਰੀ ਢੁੱਕਵੀਂ ਨਹੀਂ ਲੱਗੀ, ਕਿਉਂਕਿ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿੱਚ ਨਾ ਤਾਂ ਸੰਤੁਸ਼ਟੀ ਮਿਲਦੀ ਅਤੇ ਨਾ ਹੀ ਖੁਸ਼ੀ।

ਸੰਨ 2000 ਵਿੱਚ ਜਦੋਂ ਉਨ੍ਹਾਂ ਦੀ ਜੱਦੀ ਜ਼ਮੀਨ ਉਨ੍ਹਾਂ ਅਤੇ ਉਨ੍ਹਾਂ ਦੇ ਭਰਾਵਾਂ ਵਿੱਚ ਵੰਡੀ ਜਾ ਰਹੀ ਸੀ, ਉਦੋਂ ਉਨ੍ਹਾਂ ਨੂੰ ਵੀ 6 ਏਕੜ ਜ਼ਮੀਨ ਇੱਕ ਤਿਹਾਈ ਹਿੱਸਾ ਮਿਲਿਆ। ਖੇਤੀ ਕਰਨ ਬਾਰੇ ਸੋਚ ਕੇ ਉਨ੍ਹਾਂ ਨੇ ਦੁਬਾਰਾ ਆਪਣੀ ਇਲੈਕਟ੍ਰੀਸ਼ਨ ਦੀ ਨੌਕਰੀ ਛੱਡ ਦਿੱਤੀ ਅਤੇ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਕਰਨੀ ਸ਼ੁਰੂ ਕੀਤੀ। ਗੁਰਮੇਲ ਸਿੰਘ ਜੀ ਨੇ ਆਪਣੇ ਖੇਤਰ ਵਿੱਚ ਪੂਰੇ ਸਮਰਪਣ ਨਾਲ ਹਰ ਉਹ ਚੀਜ਼ ਕੀਤੀ ਜਿਸ ਨੂੰ ਕਰਨ ਵਿੱਚ ਸਮਰੱਥ ਸਨ, ਪਰ ਪੈਦਾਵਾਰ ਖੁਸ਼ੀ ਲਿਆਉਣ ਵਾਲੀ ਨਹੀਂ ਸੀ। ਸਾਲ 2007 ਤੱਕ ਰਵਾਇਤੀ ਖੇਤੀ (ਰਸਾਇਣਕ) ਨਿਵੇਸ਼ ਪੂਰਾ ਕਰਦੇ ਉਹ ਕਰਜ਼ੇ ਵਿੱਚ ਇੰਨਾ ਡੁੱਬ ਗਏ ਸਨ ਕਿ ਉਨ੍ਹਾਂ ਲਈ ਇਸ ਵਿੱਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਸੀ। ਅਖ਼ੀਰ ਵਿੱਚ ਉਹ ਖੇਤੀ ਧੰਦੇ ਤੋਂ ਨਿਰਾਸ਼ ਹੋ ਗਏ।

ਪਰ 2007 ਵਿੱਚ ਅੰਮ੍ਰਿਤ ਸੰਚਾਰ (ਅੰਮ੍ਰਿਤ ਛਕਣ) ਤੋਂ ਬਾਅਦ ਉਨ੍ਹਾਂ ਨੂੰ ਅਧਿਆਤਮਿਕ ਗਿਆਨ ਪ੍ਰਾਪਤ ਹੋਇਆ ਜਿਸ ਦੇ ਕਾਰਨ ਉਨ੍ਹਾਂ ਦੀ ਖੇਤੀ ਦੀ ਧਾਰਨਾ ਪੂਰੀ ਤਰ੍ਹਾਂ ਬਦਲ ਗਈ। ਉਨ੍ਹਾਂ ਨੇ 1 ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਅਤੇ ਹੌਲੀ-ਹੌਲੀ ਪੂਰੇ ਖੇਤਰ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਕੀਤਾ। ਗੁਰਮੇਲ ਸਿੰਘ ਦੇ ਜੈਵਿਕ ਖੇਤੀ ਦੇ ਇਰਾਦੇ ਨੂੰ ਜਾਣਨ ਤੋਂ ਬਾਅਦ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਇਕੱਲੇ ਰਹਿਣਾ ਪਿਆ।

ਅਜਿਹੀ ਜ਼ਮੀਨ ‘ਤੇ ਜੈਵਿਕ ਖੇਤੀ ਕਰਨਾ ਜਿੱਥੇ ਪਹਿਲਾਂ ਤੋਂ ਰਸਾਇਣਕ ਖੇਤੀ ਕੀਤੀ ਜਾਂਦੀ ਹੋਵੇ, ਇਹ ਬਹੁਤ ਮੁਸ਼ਕਿਲ ਕੰਮ ਸੀ। ਨਤੀਜੇ ਵਜੋਂ, ਪੈਦਾਵਾਰ ਘੱਟ ਹੋ ਗਈ, ਪਰ ਜੈਵਿਕ ਖੇਤੀ ਲਈ ਗੁਰਮੇਲ ਸਿੰਘ ਦੇ ਇਰਾਦੇ ਵੱਡੇ ਪਹਾੜ ਦੀ ਤਰ੍ਹਾਂ ਮਜ਼ਬੂਤ ਸਨ। ਸ਼ੁਰੂਆਤ ਵਿੱਚ ਸੁਭਾਸ਼ ਪਾਲੇਕਰ ਦੀ ਵੀਡਿਓ ਦੇਖਣ ਨਾਲ ਉਨ੍ਹਾਂ ਨੂੰ ਬਹੁਤ ਮਦਦ ਮਿਲੀ ਅਤੇ ਉਸ ਤੋਂ ਬਾਅਦ 2009 ਵਿੱਚ ਉਹ ਖੇਤੀ ਵਿਰਾਸਤ ਮਿਸ਼ਨ, ਨਾਭਾ ਫਾਊਂਡੇਸ਼ਨ ਅਤੇ ਐਨ.ਆਈ.ਟੀ.ਟੀ.ਟੀ.ਆਰ. ਵਰਗੇ ਬਹੁਤ ਸਾਰੇ ਸੰਗਠਨਾਂ ਵਿੱਚ ਸ਼ਾਮਲ ਹੋ ਗਏ, ਜਿਨ੍ਹਾਂ ਨੇ ਗੁਰਮੇਲ ਸਿੰਘ ਜੀ ਨੂੰ ਢੁੱਕਵੇਂ ਨਤੀਜੇ ਅਤੇ ਮੰਡੀਕਰਨ ਬਾਰੇ ਸਿੱਖਿਅਤ ਕੀਤਾ। ਗੁਰਮੇਲ ਸਿੰਘ ਨੇ ਰਾਸ਼ਟਰੀ ਪੱਧਰ ‘ਤੇ ਕਈ ਸਮਾਗਮਾਂ ਅਤੇ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ, ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ ਜੈਵਿਕ ਖੇਤੀ ਦੇ ਢੰਗਾਂ ਬਾਰੇ ਜਾਣਕਾਰੀ ਹਾਸਲ ਹੋਈ। ਹੌਲੀ-ਹੌਲੀ ਸਮੇਂ ਨਾਲ ਪੈਦਾਵਾਰ ਵੀ ਵਧੀਆ ਹੋ ਗਈ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਨੂੰ ਵਧੀਆ ਪਲੇਟਫਾਰਮ ‘ਤੇ ਵੇਚਣ ਦਾ ਵੀ ਮੌਕਾ ਮਿਲਿਆ। ਸਾਲ 2014 ਵਿੱਚ ਐਨ.ਆਈ.ਟੀ.ਟੀ.ਆਰ. ਦੀ ਮਦਦ ਨਾਲ, ਗੁਰਮੇਲ ਸਿੰਘ ਨੂੰ ਚੰਡੀਗੜ੍ਹ ਸਬਜ਼ੀ ਮੰਡੀ ਵਿੱਚ ਆਪਣਾ ਸਟਾਲ ਮਿਲਿਆ, ਜਿੱਥੇ ਉਹ ਹਰ ਸ਼ਨੀਵਾਰ ਨੂੰ ਆਪਣੇ ਉਤਪਾਦਨ ਵੇਚ ਸਕਦੇ ਹਨ। 2015 ਵਿੱਚ, ਮਾਰਕਫੈੱਡ ਦੇ ਸਹਿਯੋਗ ਨਾਲ, ਉਨ੍ਹਾਂ ਨੂੰ ਆਪਣਾ ਉਤਪਾਦਨ ਵੇਚਣ ਦਾ ਇੱਕ ਹੋਰ ਮੌਕਾ ਮਿਲਿਆ।

“ਸਮੇਂ ਦੇ ਨਾਲ, ਮੈਂ ਆਪਣੇ ਪਰਿਵਾਰ ਦਾ ਵਿਸ਼ਵਾਸ ਜਿੱਤ ਲਿਆ ਅਤੇ ਉਹ ਮੇਰੇ ਖੇਤੀ ਕਰਨ ਦੇ ਢੰਗ ਨਾਲ ਖੁਸ਼ ਸਨ। 2010 ਵਿੱਚ, ਮੇਰਾ ਪੁੱਤਰ ਵੀ ਮੇਰੇ ਖੇਤੀ ਉੱਦਮ ਵਿੱਚ ਸ਼ਾਮਲ ਹੋ ਗਿਆ ਅਤੇ ਉਸ ਦਿਨ ਤੋਂ ਉਹ ਮੇਰੇ ਖੇਤੀ ਜੀਵਨ ਦੇ ਹਰ ਕਦਮ ‘ਤੇ ਮੇਰੇ ਨਾਲ ਹੈ।”

ਉਹ ਆਪਣੇ ਫਾਰਮ ‘ਤੇ 20 ਤੋਂ ਵੱਧ ਉਗਾਈਆਂ ਫ਼ਸਲਾਂ ਵੇਚਦੇ ਹਨ, ਜਿਨ੍ਹਾਂ ਵਿੱਚ ਮਟਰ, ਗੰਨਾ, ਬਾਜਰਾ, ਜਵਾਰ, ਸਰ੍ਹੋਂ, ਆਲੂ, ਹਰੀ ਮੂੰਗੀ, ਅਰਹਰ, ਮੱਕੀ, ਲਸਣ, ਪਿਆਜ਼, ਧਨੀਆ ਅਤੇ ਹੋਰ ਬਹੁਤ ਫ਼ਸਲਾਂ ਸ਼ਾਮਲ ਹਨ। ਖੇਤੀਬਾੜੀ ਤੋਂ ਇਲਾਵਾ, ਗੁਰਮੇਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇੱਕ ਮਹੀਨੇ ਦੀ ਬੇਕਰੀ ਟ੍ਰੇਨਿੰਗ ਲੈਣ ਤੋਂ ਬਾਅਦ ਫੂਡ ਪ੍ਰੋਸੈੱਸਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ।

ਗੁਰਮੇਲ ਸਿੰਘ ਨਾ ਸਿਰਫ਼ ਆਪਣੇ ਉਤਪਾਦ ਦੀ ਪ੍ਰੋਸੈਸਿੰਗ ਕਰਦੇ ਹਨ ਬਲਕਿ ਨਾਭਾ ਫਾਊਂਡੇਸ਼ਨ ਦੇ ਹੋਰ ਗਰੁੱਪ ਮੈਂਬਰਾਂ ਨੂੰ ਵੀ ਉਨ੍ਹਾਂ ਦੀ ਪੈਦਾਵਾਰ ਦੀ ਪ੍ਰੋਸੈੱਸਿੰਗ ਕਰਨ ਵਿੱਚ ਵੀ ਮਦਦ ਕਰਦੇ ਹਨ। ਆਟਾ, ਮਲਟੀਗ੍ਰੇਨ ਆਟਾ, ਪਿੰਨੀਆਂ(ਭਾਰਤੀ ਮਿਠਾਈ), ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਉਨ੍ਹਾਂ ਦੇ ਕੁੱਝ ਉਤਪਾਦਿਤ ਪਦਾਰਥ ਹਨ ਜੋ ਉਹ ਸਬਜ਼ੀਆਂ ਦੇ ਨਾਲ ਵੇਚਦੇ ਹਨ।

ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ, ਤਾਂ ਅਧਿਕਾਰੀਆਂ ਅਤੇ ਸੰਗਠਨ ਦੇ ਮੈਂਬਰਾਂ ਵਿੱਚ ਦ੍ਰਿੜ ਸੰਕਲਪ, ਮਿਹਨਤ ਅਤੇ ਪ੍ਰਸਿੱਧ ਸ਼ਖਸੀਅਤ ਦੇ ਕਾਰਨ ਗੁਰਮੇਲ ਸਿੰਘ ਲਈ ਹਮੇਸ਼ਾ ਆਸਾਨ ਗੱਲ ਰਹੀ। ਵਰਤਮਾਨ ਵਿੱਚ, ਉਹ ਆਪਣੇ ਪਰਿਵਾਰ ਨਾਲ ਨਾਭਾ ਦੇ ਇੱਕ ਪਿੰਡ ਵਿੱਚ ਰਹਿ ਰਹੇ ਹਨ, ਜਿੱਥੇ 4-5 ਕਰਮਚਾਰੀਆਂ ਦੀ ਮਦਦ ਨਾਲ ਉਹ ਫਾਰਮ ‘ਤੇ ਸਾਰੇ ਮਜ਼ਦੂਰਾਂ ਦੇ ਕੰਮਾਂ ਦੀ ਦੇਖ-ਰੇਖ ਕਰਦੇ ਹਨ ਅਤੇ ਪ੍ਰੋਸੈੱਸਿੰਗ ਲਈ ਉੱਥੇ ਜ਼ਰੂਰਤ ਅਨੁਸਾਰ 1-2 ਕਰਮਚਾਰੀਆਂ ਨੂੰ ਨਿਯੁਕਤ ਕਰਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ, ਗੁਰਮੇਲ ਸਿੰਘ ਇੱਕ ਨਵਾਂ ਸਮੂਹ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਸਾਰੇ ਮੈਂਬਰ ਜੈਵਿਕ ਖੇਤੀ, ਪ੍ਰੋਸੈੱਸਿੰਗ ਅਤੇ ਮਾਰਕਟਿੰਗ ਕਰਨਗੇ।
ਸੰਦੇਸ਼
“ਕਿਸਾਨਾਂ ਨੂੰ ਸਮਝਣਾ ਹੋਵੇਗਾ ਕਿ ਕਿਸੇ ਚੀਜ ਦੀ ਗੁਣਵੱਤਾ, ਉਸ ਦੀ ਮਾਤਰਾ ਤੋਂ ਜ਼ਿਆਦਾ ਅਰਥ ਰੱਖਦੀ ਹੈ ਅਤੇ ਜਿਸ ਦਿਨ ਉਹ ਇਸ ਗੱਲ ਨੂੰ ਸਮਝਣਗੇ, ਉਸ ਦਿਨ ਉਪਜ, ਮੰਡੀਕਰਨ ਅਤੇ ਹੋਰ ਮੁੱਦੇ ਵੀ ਹੱਲ ਹੋ ਜਾਣਗੇ। ਅੱਜ ਕਿਸਾਨਾਂ ਨੂੰ ਬਿਨਾਂ ਕਿਸੇ ਮਤਲਬ ਦੇ ਰਵਾਇਤੀ ਫ਼ਸਲਾਂ ਉਗਾਉਣ ਦੀ ਬਜਾਏ ਮੰਡੀ ਦੀ ਮੰਗ ਅਤੇ ਸਪਲਾਈ ਵੱਲ ਧਿਆਨ ਦੇਣਾ ਚਾਹੀਦਾ ਹੈ।”

ਸ਼ੁਰੂਆਤ ਵਿੱਚ, ਗੁਰਮੇਲ ਸਿੰਘ ਜੀ ਨੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ, ਇਸ ਤੋਂ ਇਲਾਵਾ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡ ਦਿੱਤਾ, ਲੋਕ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਕਰਕੇ ਪਾਗਲ ਕਹਿੰਦੇ ਸਨ, ਪਰ ਕੁੱਝ ਵੱਖਰਾ ਕਰਨ ਦੀ ਇੱਛਾ ਨੇ ਉਨ੍ਹਾਂ ਨੂੰ ਜੀਵਨ ਵਿੱਚ ਸਫ਼ਲਤਾ ਪ੍ਰਾਪਤ ਕਰਵਾਈ। ਉਹ ਉਨ੍ਹਾਂ ਸਾਦੇ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਲਈ ਪੁਰਸਕਾਰ ਜਾਂ ਪ੍ਰਸ਼ੰਸਾ ਕਦੇ ਵੀ ਮਹੱਤਵ ਨਹੀਂ ਰੱਖਦੀ, ਉਨ੍ਹਾਂ ਲਈ ਉਨ੍ਹਾਂ ਦੇ ਕੰਮ ਦਾ ਪਰਿਣਾਮ ਹੀ ਪੁਰਸਕਾਰ ਹੈ।

ਗੁਰਮੇਲ ਸਿੰਘ ਖੁਸ਼ ਹਨ ਕਿ ਉਹ ਆਪਣੇ ਜੀਵਨ ਦੀ ਭੂਮਿਕਾ ਨੂੰ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਹੇ ਹਨ ਅਤੇ ਉਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਇਸੇ ਤਰ੍ਹਾਂ ਹੀ ਕਰਨ।

ਖੁਸ਼ਦੀਪ ਸਿੰਘ ਬੈਂਸ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ 26 ਸਾਲਾ ਨੌਜਵਾਨ ਲੜਕੇ ਨੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਕੀਤੀ

ਭਾਰਤ ਕੋਲ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਖੇਤੀਬਾੜੀ ਵਾਲੀ ਜ਼ਮੀਨ ਹੈ ਅਤੇ ਭਾਰਤੀ ਅਰਥ ਵਿਵਸਥਾ ਉੱਤੇ ਇਸਦਾ ਪ੍ਰਭਾਵ ਬਹੁਤ ਵੱਡਾ ਹੈ, ਪਰ ਅੱਜ ਵੀ ਜੇ ਅਸੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਦੇ ਹਾਂ, ਤਾਂ ਬਹੁਤ ਘੱਟ ਨੌਜਵਾਨ ਹੋਣਗੇ ਜੋ ਖੇਤੀ ਜਾਂ ਖੇਤੀਬਾੜੀ ਕਾਰੋਬਾਰ ਦਾ ਨਾਮ ਲੈਂਦੇ ਹਨ।

ਹਰਨਾਮਪੁਰਾ, ਲੁਧਿਆਣਾ ਦੇ 26 ਸਾਲ ਦੇ ਨੌਜਵਾਨ, ਖੁਸ਼ਦੀਪ ਸਿੰਘ ਬੈਂਸ, ਜਿਸਨੇ ਦੋ ਵੱਖ ਵੱਖ ਕੰਪਨੀਆਂ ਚ ਕੰਮ ਕਰਨ ਤੋਂ ਬਾਅਦ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਉਹ 28 ਏਕੜ ਜ਼ਮੀਨ ਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।

ਪਰ ਕਿਉਂ, ਉਸ ਨੇ ਆਪਣੀ ਚੰਗੀ ਕਮਾਈ ਵਾਲੀ ਅਤੇ ਅਰਾਮਦਾਇਕ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ? ਇਹ ਖੇਤੀਬਾੜੀ ਵੱਲ ਖੁਸ਼ਦੀਪ ਦਾ ਰੁਝਾਨ ਹੀ ਸੀ।

ਖੁਸ਼ਦੀਪ ਸਿੰਘ ਬੈਂਸ ਉਸ ਪਰਿਵਾਰਿਕ ਪਿਛੋਕੜ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮੁੱਖ ਤੌਰ ਤੇ ਰੀਅਲ ਐਸਟੇਟ ਏਜੰਟ ਵਜੋਂ ਕੰਮ ਕਰਦੇ ਸਨ ਅਤੇ ਘਰ ਲਈ ਛੋਟੇ ਪੱਧਰ ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ।ਖੁਸ਼ਦੀਪ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇਕ ਆਰਾਮਦਾਇਕ ਨੌਕਰੀ ਕਰੇ, ਜਿੱਥੇ ਉਹਨੂੰ ਕੰਮ ਸਿਰਫ਼ ਕੁਰਸੀ ਤੇ ਬੈਠ ਕੇ ਕਰਨਾ ਪਵੇ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਧੁੱਪ ਅਤੇ ਮਿੱਟੀ ਵਿਚ ਕੰਮ ਕਰੇਗਾ। ਪਰ ਜਦੋਂ ਖੁਸ਼ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਪਿਤਾ ਇਸ ਫੈਸਲੇ ਦੇ ਬਿਲਕੁਲ ਖਿਲਾਫ਼ ਸੀ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ, ਖੇਤੀ ਇੱਕ ਅਜਿਹਾ ਕਾਰੋਬਾਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਅਜਿਹਾ ਕੰਮ ਨਹੀਂ ਹੈ ਜੋ ਪੜ੍ਹੇ ਲਿਖੇ ਲੋਕਾਂ ਦੁਆਰਾ ਕਰਨਾ ਚਾਹੀਦਾ ਹੈ।

ਇਹ ਕਿਵੇਂ ਸ਼ੁਰੂ ਹੋਇਆ…

ਜਦੋਂ ਖੁਸ਼ਦੀਪ ਈਸਟਮੈਂਨ ਵਿੱਚ ਕੰਮ ਕਰਦੇ ਸਨ ਤੇ ਉੱਥੇ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਹੀ ਉਹ ਸਮਾਂ ਸੀ ਜਦ ਖੁਸ਼ਦੀਪ ਖੇਤੀ ਵੱਲ ਆਕ੍ਰਸ਼ਿਤ ਹੋਏ। 1 ਸਾਲ ਅਤੇ 8 ਮਹੀਨਿਆਂ ਲਈ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਯੂ.ਪੀ.ਐਲ. ਪੈਸਟੀਸਾਈਡਜ਼ (UPL Pesticides) ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ। ਇਸ ਲਈ ਈਸਟਮੈਨ ਅਤੇ ਯੂ.ਪੀ.ਐਲ. ਪੈਸਟੀਸਾਇਡਜ਼ ਕੰਪਨੀ ਵਿਚ ਦੋ ਸਾਲ ਕੰਮ ਕਰਨ ਤੋਂ ਬਾਅਦ ਖੁਸ਼ਦੀਪ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਅਤੇ ਆਪਣੀ ਕਲਪਨਾ ਨਾਲੋਂ ਵੱਧ ਫ਼ਸਲਾਂ ਦਾ ਝਾੜ ਲਿਆ। ਹੌਲੀ-ਹੌਲੀ ਉਹਨਾਂ ਨੇ ਆਪਣੇ ਖੇਤੀ ਦੇ ਖੇਤਰ ਨੂੰ ਵਧਾ ਦਿੱਤਾ ਅਤੇ ਹੋਰ ਕਿਸਮਾਂ ਦੀਆਂ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ, ਚਾਹੇ ਮੌਸਮੀ ਹੋਣ ਜਾਂ ਬੇ-ਮੌਸਮੀ।ਉਹਨਾਂ ਨੇ ਮਟਰ ਅਤੇ ਮੱਕੀ ਦੀ ਫ਼ਸਲ ਲਈ Pagro Foods Ltd. ਨਾਲ ਕੰਟ੍ਰੈਕਟ ਸਾਈਨ ਕੀਤਾ ਅਤੇ ਕਾਫੀ ਲਾਭ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ 2016 ਵਿੱਚ ਉਹਨਾਂ ਨੇ ਝੋਨਾ, ਫਲੀਆਂ, ਆਲੂ. ਪਿਆਜ਼, ਲੱਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗ ਦੀਆਂ ਫਲੀਆਂ ਅਤੇ ਬਾਸਮਤੀ ਨੂੰ ਵਾਰ-ਵਾਰ ਉਸ ਹੀ ਖੇਤ ਵਿੱਚ ਉਗਾਇਆ। ਖੇਤੀ ਦੇ ਨਾਲ, ਖੁਸ਼ਦੀਪ ਨੇ ਬੀਜ ਦੇ ਨਵੇਂ ਪੌਦੇ ਅਤੇ ਲਸਣ ਅਤੇ ਹੋਰ ਕਈ ਫ਼ਸਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਇਸ ਸਹਾਇਕ ਧੰਦੇ ਨਾਲ ਕਾਫੀ ਲਾਭ ਕਮਾਇਆ। ਪਿਛਲੇ ਤਿੰਨ ਸਾਲਾਂ ਤੋਂ, ਉਹ ਪੀ.ਏ.ਯੂ ਲੁਧਿਆਣਾ ਕਿਸਾਨ ਮੇਲੇ ਵਿੱਚ ਆਪਣੇ ਤਿਆਰ ਕੀਤੇ ਬੀਜਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲਦੀ ਹੈ।

ਅੱਜ, ਖੁਸ਼ਦੀਪ ਦੇ ਪਿਤਾ ਅਤੇ ਮਾਤਾ ਦੋਵਾਂ ਨੇ ਆਪਣੇ ਪੁੱਤਰ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ਖੁਸ਼ਦੀਪ ਆਪਣੇ ਕੰਮ ਤੋਂ ਖੁਸ਼ ਹੈ ਅਤੇ ਦੂਜੇ ਕਿਸਾਨਾਂ  ਨੂੰ ਇਸ ਵੱਲ ਮੋੜਦਾ ਹੈ। ਮੌਜੂਦਾ ਸਮੇਂ, ਉਹ ਸਬਜ਼ੀਆਂ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਆਪਣੀ ਨਰਸਰੀ ਅਤੇ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਮੰਡੀਕਰਨ ਲਈ ਕਿਸੇ ਦੂਜੇ ਇਨਸਾਨ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਇਕ ਹੋਰ ਗੱਲ ਜਿਸਦਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਉਹੀ ਕਰਨਾ ਚਾਹੀਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ।
ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਬਾਰੇ ਸੋਚਣਾ ਚਾਹੀਦਾ ਹੈ ਅਤੇ ਇਕ ਤੋਂ ਵੱਧ ਫ਼ਸਲਾਂ ਨੂੰ ਉਗਾਉਣਾ ਚਾਹੀਦਾ ਹੈ, ਤਾ ਕਿ ਜੇਕਰ ਇਕ ਫ਼ਸਲ ਖਰਾਬ ਹੋ ਜਾਏ ਤਾਂ ਉਹਨਾਂ ਕੋਲ ਦੂਜੀ ਫ਼ਸਲ ਤਾਂ ਹੋਏ । ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਮੋਹਿੰਦਰ ਸਿੰਘ ਗਰੇਵਾਲ

ਪੂਰੀ ਕਹਾਣੀ ਪੜ੍ਹੋ

ਇੱਕ ਇਸ ਤਰ੍ਹਾਂ ਦੇ ਕਿਸਾਨ ਦੀ ਕਹਾਣੀ ਜਿਸ ਨੇ ਖੇਤੀ ਵਿਗਿਆਨ ਵਿੱਚ ਮਹਾਰਤ ਹਾਸਿਲ ਕੀਤੀ ਅਤੇ ਖੇਤੀ ਵਿਭਿੰਨਤਾ ਦੇ ਖੇਤਰ ਵਿੱਚ ਆਪਣੇ ਹੁਨਰ ਦਿਖਾਏ

ਹਰ ਕੋਈ ਸੋਚ ਸਕਦਾ ਹੈ ਅਤੇ ਸੁਪਨੇ ਦੇਖ ਸਕਦਾ ਹੈ, ਪਰ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਹੁੰਦੇ ਹਨ ਜੋ ਆਪਣੀ ਸੋਚ ‘ਤੇ ਖੜ੍ਹੇ ਰਹਿੰਦੇ ਹਨ ਅਤੇ ਪੂਰੀ ਲਗਨ ਨਾਲ ਉਸ ਨੂੰ ਪੂਰਾ ਕਰਦੇ ਹਨ। ਇਸ ਤਰ੍ਹਾਂ ਦੇ ਦ੍ਰਿੜ ਸੰਕਲਪ ਵਾਲੇ ਜਲ ਸੈਨਾ ਦੇ ਫੌਜੀ ਨੇ ਆਪਣਾ ਕਿੱਤਾ ਬਦਲ ਕੇ ਖੇਤੀਬਾੜੀ ਵੱਲ ਆਉਣ ਦਾ ਫੈਸਲਾ ਕੀਤਾ। ਉਸ ਇਨਸਾਨ ਦੇ ਦਿਮਾਗ ਵਿੱਚ ਬਹੁ-ਉਦੇਸ਼ੀ ਖੇਤੀ ਦਾ ਖਿਆਲ ਆਇਆ ਅਤੇ ਆਪਣੀ ਮਿਹਨਤ ਅਤੇ ਜੋਸ਼ ਨਾਲ ਅੱਜ ਵਿਸ਼ਵ ਭਰ ਵਿੱਚ ਉਹ ਕਿਸਾਨ ਪੂਰੇ ਖੇਤੀਬਾੜੀ ਦੇ ਖੇਤਰ ਵਿੱਚ ਬਹੁਤ ਪ੍ਰਸਿੱਧ ਹੈ।

ਮੋਹਿੰਦਰ ਸਿੰਘ ਗਰੇਵਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪਹਿਲੇ ਸਲਾਹਕਾਰ ਕਿਸਾਨ ਦੇ ਤੌਰ ‘ਤੇ ਚੁਣੇ ਗਏ, ਜਿਨ੍ਹਾਂ ਦੇ ਕੋਲ 42 ਅਲੱਗ-ਅਲੱਗ ਤਰ੍ਹਾਂ ਦੀਆ ਫ਼ਸਲਾਂ ਉਗਾਉਣ ਦਾ 53 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਨੇ ਇਜ਼ਰਾਈਲ ਵਰਗੇ ਦੇਸ਼ਾਂ ਤੋਂ ਹਾਈਬ੍ਰਿਡ ਬੀਜ ਉਤਪਾਦਨ ਅਤੇ ਖੇਤੀ ਦੀਆਂ ਆਧੁਨਿਕ ਤਕਨੀਕਾਂ ਦੀ ਸਿਖਲਾਈ ਹਾਸਿਲ ਕੀਤੀ। ਹੁਣ ਤੱਕ ਉਹ ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਕੰਮ ਦੇ ਲਈ 5 ਅੰਤਰ-ਰਾਸ਼ਟਰੀ, 7 ਰਾਸ਼ਟਰੀ ਅਤੇ 16 ਰਾਜ ਪੱਧਰੀ ਪੁਰਸਕਾਰ ਹਾਸਲ ਕਰ ਚੁੱਕੇ ਹਨ।

ਸ. ਗਰੇਵਾਲ ਜੀ ਦਾ ਜਨਮ 1 ਦਸੰਬਰ 1937 ਨੂੰ ਲਾਇਲਪੁਰ ਵਿੱਚ ਹੋਇਆ, ਜੋ ਹੁਣ ਪਾਕਿਸਤਾਨ ਵਿੱਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਅਰਜਨ ਸਿੰਘ ਅਤੇ ਮਾਤਾ ਦਾ ਨਾਮ ਜਗੀਰ ਕੌਰ ਹੈ। ਜੇਕਰ ਅਸੀਂ ਮਹਿੰਦਰ ਸਿੰਘ ਗਰੇਵਾਲ ਦੀ ਪੂਰੀ ਜ਼ਿੰਦਗੀ ਦੇਖੀਏ ਤਾਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਸੰਘਰਸ਼ਾਂ ਨਾਲ ਭਰੀ ਹੋਈ ਸੀ ਅਤੇ ਉਨ੍ਹਾਂ ਨੇ ਹਰ ਸੰਘਰਸ਼ ਅਤੇ ਮੁਸ਼ਕਿਲ ਨੂੰ ਚੁਣੌਤੀ ਦੇ ਰੂਪ ਵਿੱਚ ਸਮਝਿਆ। ਉਨ੍ਹਾਂ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕੀਤੇ।

ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਵਿੱਚ, ਮੋਹਿੰਦਰ ਸਿੰਘ ਗਰੇਵਾਲ ਬੜੇ ਉਤਸ਼ਾਹ ਨਾਲ ਫੁੱਟਬਾਲ ਖੇਡਦੇ ਸਨ ਅਤੇ ਬਹੁਤ ਸਾਰੇ ਸਕੂਲਾਂ ਦੀਆਂ ਟੀਮਾਂ ਦੇ ਕਪਤਾਨ ਵੀ ਰਹੇ ਹਨ। ਉਹ ਇੱਕ ਚੰਗੇ ਐਥਲੀਟ ਵੀ ਸਨ, ਜਿਸ ਕਾਰਨ ਉਨ੍ਹਾਂ ਨੂੰ ਜਲ ਸੈਨਾ ਵਿੱਚ ਪੱਕੇ ਤੌਰ ‘ਤੇ ਨੌਕਰੀ ਮਿਲ ਗਈ। 1962 ਵਿੱਚ ਮਹਿੰਦਰ ਸਿੰਘ ਗਰੇਵਾਲ INS ਨਾਮ ਦੇ ਜਹਾਜ਼ ਵਿੱਚ ਅੰਡੇਮਾਨ ਨਿਕੋਬਾਰ ਕਾਲੇ ਪਾਣੀ ਦੇ ਦੀਪ ਸਮੂਹ, ਮਲੇਸ਼ੀਆ, ਸਿੰਗਾਪੁਰ ਅਤੇ ਇੰਡੋਨੇਸ਼ੀਆ ਦੀ ਯਾਤਰਾ ਕੀਤੀ। ਇੰਡੋਨੇਸ਼ੀਆ ਵਿੱਚ ਮੈਚ ਖੇਡਦੇ ਸਮੇਂ ਉਨ੍ਹਾਂ ਦੇ ਸੱਜੇ ਪੱਟ ‘ਤੇ ਗੰਭੀਰ ਸੱਟ ਲੱਗੀ। ਇਸ ਸੱਟ ਅਤੇ ਪਰਿਵਾਰ ਦੇ ਦਬਾਅ ਕਾਰਨ ਉਨ੍ਹਾਂ ਨੇ 1963 ਵਿੱਚ ਭਾਰਤੀ ਜਲ ਸੈਨਾ ਦੀ ਨੌਕਰੀ ਛੱਡ ਦਿੱਤੀ। ਇਸ ਦੇ ਬਾਅਦ ਕੁੱਝ ਦੇਰ ਦੇ ਲਈ ਉਨ੍ਹਾਂ ਦੀ ਜ਼ਿੰਦਗੀ ਵਿੱਚ ਠਹਿਰਾਅ ਆ ਗਿਆ।

ਨੌਕਰੀ ਛੱਡਣ ਤੋਂ ਬਾਅਦ ਉਨ੍ਹਾਂ ਕੋਲ ਆਪਣੇ ਵਿਰਾਸਤੀ ਵਪਾਰ ਖੇਤੀਬਾੜੀ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਸੀ। ਉਨ੍ਹਾਂ ਨੇ ਸ਼ੁਰੂਆਤੀ 4 ਸਾਲਾਂ ਵਿੱਚ ਕਣਕ ਅਤੇ ਮੱਕੀ ਦੀ ਖੇਤੀ ਕੀਤੀ। ਮੋਹਿੰਦਰ ਸਿੰਘ ਜੀ ਨੇ ਆਪਣੀ ਪਤਨੀ ਜਸਬੀਰ ਕੌਰ ਦੇ ਨਾਲ ਮਿਲ ਕੇ ਖੇਤੀਬਾੜੀ ਵਿੱਚ ਸਫ਼ਲਤਾ ਹਾਸਲ ਕਰਨ ਲਈ ਇੱਕ ਠੋਸ ਯੋਜਨਾ ਬਣਾਈ ਅਤੇ ਅੱਜ ਆਪਣੀ ਖੇਤੀ ਕਿਰਿਆਵਾਂ ਦੇ ਕਾਰਨ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ। ਹਾਲਾਂਕਿ ਉਨ੍ਹਾਂ ਕੋਲ 12 ਏਕੜ ਦਾ ਛੋਟਾ ਜਿਹਾ ਖੇਤ ਹੈ, ਪਰ ਫ਼ਸਲ ਚੱਕਰ ਦੀ ਵਰਤੋਂ ਨਾਲ ਉਹ ਜ਼ਿਆਦਾ ਲਾਭ ਕਮਾ ਰਹੇ ਹਨ। ਮਹਿੰਦਰ ਸਿੰਘ ਗਰੇਵਾਲ ਜੀ ਆਪਣੇ ਖੇਤਾਂ ਵਿੱਚ ਲਗਭਗ 42 ਤਰ੍ਹਾਂ ਦੀਆਂ ਫ਼ਸਲਾਂ ਉਗਾਉਣ ਵਿੱਚ ਸਮਰੱਥ ਹਨ ਅਤੇ ਵਧੀਆ ਕੁਆਲਿਟੀ ਦੀ ਪੈਦਾਵਾਰ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਦਾ ਹੁਨਰ ਇਕੱਲੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਜਾਣਿਆਂ ਜਾਂਦਾ ਹੈ।

ਬਹੁਤ ਸਾਰੀਆਂ ਜਾਣੀਆਂ ਪਹਿਚਾਣੀਆਂ ਕਮੇਟੀਆਂ ਅਤੇ ਕੌਂਸਲਾਂ ਦੇ ਨਾਲ ਕੰਮ ਕਰਕੇ ਮੋਹਿੰਦਰ ਸਿੰਘ ਗਰੇਵਾਲ ਜੀ ਦੇ ਨਾਮ ਨੂੰ ਹੋਰ ਜ਼ਿਆਦਾ ਪ੍ਰਸਿੱਧੀ ਮਿਲੀ। ਰਾਜ ਪੱਧਰੀ ‘ਤੇ ਉਨ੍ਹਾਂ ਨੇ ਗਵਰਨਿੰਗ ਬੋਰਡ ਦੇ ਮੈਂਬਰ, ਪੰਜਾਬ ਰਾਜ ਬੀਜ ਸਰਟੀਫਿਕੇਸ਼ਨ ਅਥਾੱਰਿਟੀ, ਪੀ.ਏ.ਯੂ. ਪਬਲੀਕੇਸ਼ਨ ਕਮੇਟੀ ਅਤੇ ਪੀ.ਏ.ਯੂ. ਫਾਰਮਜ਼ ਐੱਡਵਾਇਜ਼ਰੀ ਕਮੇਟੀ ਦੇ ਤੌਰ ‘ਤੇ ਕੰਮ ਕੀਤਾ। ਰਾਸ਼ਟਰੀ ਪੱਧਰ ‘ਤੇ ਉਨ੍ਹਾਂ ਨੇ ਕਮਿਸ਼ਨ ਫਾੱਰ ਐਗਰੀਕਲਚਰ ਕਾੱਸਟ ਐਂਡ ਪਰਾਈਸਿਸ ਦੇ ਮੈਂਬਰ, ਭਾਰਤ ਸਰਕਾਰ, ਸੀਡ ਐਕਟ ਸਬ-ਕਮੇਟੀ ਦੇ ਮੈਂਬਰ, ਭਾਰਤ ਸਰਕਾਰ ਐਡਵਾਇਜ਼ਰੀ ਕਮੇਟੀ ਦੇ ਮੈਂਬਰ, ਪ੍ਰਸਾਰ ਭਾਰਤੀ, ਜਲੰਧਰ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆੱਫ ਸ਼ੂਗਰਕੇਨ ਰਿਸਰਚ ਲਖਨਊ ਦੇ ਮੈਂਬਰ ਦੇ ਤੌਰ ‘ਤੇ ਕੰਮ ਕੀਤਾ।ਇਸ ਸਮੇਂ ਉਹ ਐਗਰੀਕਲਚਰ ਅਤੇ ਬਾਗਬਾਨੀ ਕਮੇਟੀ, ਪੀ.ਏ.ਯੂ, ਗਵਰਨਿੰਗ ਬੋਰਡ, ਐਗਰੀਕਲਚਰ ਤਕਨਾਲੋਜੀ ਮੈਨੇਜਮੈਂਟ ਏਜੰਸੀ ਦੇ ਮੈਂਬਰ ਹਨ। ਉਹ ਪੰਜਾਬ ਫਾਰਮਰਜ਼ ਕਲੱਬ, ਪੀ.ਏ.ਯੂ. ਦੇ ਸੰਸਥਾਪਕ ਅਤੇ ਚਾਰਟਰ ਪ੍ਰਧਾਨ ਵੀ ਹਨ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ ਉਨ੍ਹਾਂ ਨੂੰ ਇੰਗਲੈਂਡ, ਮੈਕਸਿਕੋ, ਇਥੋਪੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਦੇ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਹ ਅਲੱਗ-ਅਲੱਗ ਪੱਧਰ ‘ਤੇ 75 ਤੋਂ ਜ਼ਿਆਦਾ ਪੁਰਸਕਾਰ ਜਿੱਤ ਚੁੱਕੇ ਹਨ। ਉਨ੍ਹਾਂ ਨੂੰ 1996 ਵਿੱਚ ਆਟੋਬਾਇਓਗ੍ਰਾਫੀਕਲ ਇੰਸਟੀਚਿਊਟ, ਯੂ.ਐੱਸ.ਏ. ਵੱਲੋਂ ਮੈਨ ਆੱਫ ਦ ਯੀਅਰ ਪੁਰਸਕਾਰ ਦੇ ਨਾਲ ਅਤੇ 15 ਅਗਸਤ 1999 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ਵਿੱਚ ਮਾਣਯੋਗ ਗਵਰਨਰ ਐੱਸ.ਐੱਸ.ਰਾਏ ਦੁਆਰਾ ਗੋਲਡ ਮੈਡਲ ਅਤੇ ਲੋਈ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪੱਛਮੀ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਲਾਭ ਲੈਣ ਅਤੇ ਪਾਕਿਸਤਾਨ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਕਰਮਚਾਰੀਆਂ ਨੂੰ ਫ਼ਸਲੀ ਵਿਭਿੰਨਤਾ ਦੇ ਬਾਰੇ ਵਿੱਚ ਸਿਖਾਉਣ ਦੇ ਲਈ ਫਾਰਮਰਜ਼ ਇੰਸਟੀਚਿਊਟ, ਪਾਕਿਸਤਾਨ ਵੱਲੋਂ ਦੋ ਵਾਰ ਸੱਦਾ ਭੇਜਿਆ ਗਿਆ। ਉਨ੍ਹਾਂ ਦੀ ਜ਼ਿਆਦਾ ਜ਼ਿੰਦਗੀ ਯਾਤਰਾ ਵਿੱਚ ਹੀ ਲੰਘ ਗਈ ਅਤੇ ਬਹੁਤ ਸਾਰੇ ਦੇਸ਼ਾਂ ਜਿਵੇਂ ਕਿ ਯੂ.ਐੱਸ.ਏ., ਕੈਨੇਡਾ, ਮੈਕਸਿਕੋ, ਥਾਈਲੈਂਡ, ਇੰਗਲੈਂਡ ਅਤੇ ਪਾਕਿਸਤਾਨ ਵਿੱਚ ਵਿਗਿਆਨਿਕ ਕਿਸਾਨ ਅਤੇ ਪ੍ਰਤੀਨਿਧੀ ਮੈਂਬਰ ਦੇ ਤੌਰ ‘ਤੇ ਗਏ ਅਤੇ ਜਦੋਂ ਵੀ ਉਹ ਗਏ ਉਨ੍ਹਾਂ ਨੇ ਸਥਾਨਕ ਕਿਸਾਨਾਂ ਨੂੰ ਟੈੱਕਨੀਕਲ ਜਾਣਕਾਰੀ ਦਿੱਤੀ।

ਸ. ਮੋਹਿੰਦਰ ਸਿੰਘ ਗਰੇਵਾਲ ਇੱਕ ਵਧੀਆ ਲੇਖਕ ਵੀ ਹਨ ਅਤੇ ਉਨ੍ਹਾਂ ਨੇ ਖੇਤੀਬਾੜੀ ਦੀ ਸਫ਼ਲਤਾ ਦੀ ਕੁੰਜੀ, ਤੇਰੇ ਬਗੈਰ ਜ਼ਿੰਦਗੀ ਕਵਿਤਾਵਾਂ, ਰੰਗ ਜ਼ਿੰਦਗੀ ਦੇ ਸਵੈ-ਜੀਵਨੀ, ਜ਼ਿੰਦਗੀ ਇੱਕ ਦਰਿਆ ਅਤੇ ਸਕਸੈੱਸਫੁੱਲ ਸਾਂਈਟੀਫਿਕ ਫਾਰਮਿੰਗ ਆਦਿ ਸਿਰਲੇਖ ਹੇਠ ਪੰਜ ਕਿਤਾਬਾਂ ਲਿਖੀਆਂ। ਉਨ੍ਹਾਂ ਦੁਆਰਾ ਲਿਖੇ ਹੋਏ ਲੇਖ ਵਿਦੇਸ਼ੀ ਅਖਬਾਰਾਂ, ਨੈਸ਼ਨਲ ਡੇਲੀ, ਰਾਜ ਪੱਧਰੀ ਅਖਬਾਰ, ਖੇਤੀਬੜੀ ਮੈਗਜ਼ੀਨ ਅਤੇ ਰੋਟਰੀ ਮੈਗਜ਼ੀਨ ਆਦਿ ਵਿੱਚ ਛਪ ਚੁੱਕੇ ਹਨ। ਮੁਫਤ ਅੱਖਾਂ ਦਾ ਚੈੱਕਅੱਪ ਕੈਂਪ, ਰੋਡ ਸੇਫਟੀ, ਖੂਨ ਦਾਨ ਕੈਂਪ, ਦਰੱਖਤ ਲਗਾਓ, ਫੀਲਡ ਡੇਜ਼ ਅਤੇ ਮਿੱਟੀ ਟੈਸਟ ਵਰਗੇ ਪ੍ਰੋਜੈੱਕਟਾਂ ਦਾ ਹਿੱਸਾ ਬਣ ਕੇ ਉਨ੍ਹਾਂ ਨੇ ਸਮਾਜ ਸੇਵਾ ਵਿੱਚ ਵੀ ਆਪਣਾ ਹਿੱਸਾ ਪਾਇਆ।

ਖੇਤੀਬਾੜੀ ਦੇ ਖੇਤਰ ਵਿੱਚ ਮੋਹਿੰਦਰ ਸਿੰਘ ਗਰੇਵਾਲ ਜੀ ਨੇ ਬਹੁਤ ਸਫਤਲਾ ਹਾਸਲ ਕੀਤੀ ਅਤੇ ਖੇਤੀ ਲਈ ਉੱਚੇ ਮਿਆਰ ਬਣਾਏ। ਉਨ੍ਹਾਂ ਦੀਆਂ ਪ੍ਰਾਪਤੀਆਂ ਹੋਰ ਕਿਸਾਨਾਂ ਦੇ ਲਈ ਜਾਣਕਾਰੀ ਅਤੇ ਪ੍ਰੇਰਣਾ ਦਾ ਸ੍ਰੋਤ ਹਨ।

ਅਵਤਾਰ ਸਿੰਘ ਰਤੋਲ

ਪੂਰੀ ਕਹਾਣੀ ਪੜ੍ਹੋ

53 ਸਾਲ ਦੇ ਕਿਸਾਨ – ਸਰਦਾਰ ਅਵਤਾਰ ਸਿੰਘ ਰਤੋਲ ਨਵੀਂਆਂ ਉੱਚਾਈਆਂ ਨੂੰ ਛੂਹ ਰਹੇ ਹਨ ਅਤੇ ਬਾਗਬਾਨੀ ਦੇ ਖੇਤਰ ਵਿੱਚ ਦੁੱਗਣਾ ਲਾਭ ਕਮਾ ਰਹੇ ਹਨ

ਖੇਤੀ ਸਿਰਫ ਪਸ਼ੂ-ਪਾਲਣ ਅਤੇ ਹਲ ਚਲਾਉਣ ਤੱਕ ਹੀ ਨਹੀਂ ਹੈ… ਬਲਕਿ ਇਸ ਤੋਂ ਕਿਤੇ ਵੱਧ ਹੈ!

ਅੱਜ ਖੇਤੀਬਾੜੀ ਦੇ ਖੇਤਰ ਵਿੱਚ ਕਰਨ ਦੇ ਲਈ ਕਈ ਨਵੀਆਂ ਚੀਜ਼ਾਂ ਹਨ, ਜਿਸ ਦੇ ਬਾਰੇ ਵਿੱਚ ਸ਼ਹਿਰੀ ਲੋਕਾਂ ਨੂੰ ਨਹੀਂ ਪਤਾ ਹੈ। ਬੀਜਾਂ ਦੀਆਂ ਉੱਨਤ ਕਿਸਮਾਂ ਦਾ ਰੋਪਣ ਕਰਨ ਤੋਂ ਲੈ ਕੇ ਖੇਤੀਬਾੜੀ ਦੀਆਂ ਨਵੀਂਆਂ ਤਕਨੀਕਾਂ ਨੂੰ ਲਾਗੂ ਕਰਨ ਤੱਕ, ਖੇਤੀਬਾੜੀ ਕਿਸੇ ਰਾੱਕੇਟ ਤੋਂ ਘੱਟ ਨਹੀਂ ਹੈ ਅਤੇ ਬਹੁਤ ਘੱਟ ਕਿਸਾਨ ਸਮਝਦੇ ਹਨ ਕਿ ਬਦਲਦੇ ਸਮੇਂ ਦੇ ਨਾਲ ਖੇਤੀਬਾੜੀ ਦੀ ਵਿਧੀ ਵਿੱਚ ਬਦਲਾਅ ਉਨ੍ਹਾਂ ਨੂੰ ਭਵਿੱਖ ਦੇ ਖ਼ਤਰਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਪਿੰਡ ਸਰੋਦ ਦੇ ਇੱਕ ਕਿਸਾਨ ਸ. ਅਵਤਾਰ ਸਿੰਘ ਰਤੋਲ ਨੇ ਸਮੇਂ ਦੇ ਨਾਲ ਬਦਲਾਅ ਦੇ ਤੱਥ ਨੂੰ ਬਹੁਤ ਵਧੀਆ ਤਰ੍ਹਾਂ ਸਮਝਿਆ।

ਇੱਕ ਕਿਸਾਨ ਲਈ 32 ਸਾਲ ਦਾ ਅਨੁਭਵ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਪਣੇ ਬਾਗ਼ਬਾਨੀ ਦੇ ਰੁਜ਼ਗਾਰ ਨੂੰ ਸਹੀ ਦਿਸ਼ਾ ਵਿੱਚ ਅਕਾਰ ਦੇਣ ਵਿੱਚ ਇਸ ਨੂੰ ਬਹੁਤ ਵਧੀਆ ਤਰ੍ਹਾਂ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ 50 ਏਕੜ ਵਿੱਚ ਸਬਜ਼ੀਆਂ ਦੀ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਆਪਣੇ ਖੇਤੀਬਾੜੀ ਦੇ ਖੇਤਰ ਦਾ ਵਿਸਥਾਰ ਕੀਤਾ। ਬਿਹਤਰ ਸਿੰਚਾਈ ਲਈ ਉਨ੍ਹਾਂ ਨੇ 47 ਏਕੜ ਵਿੱਚ ਭੂਮੀਗਤ ਪਾਈਪ ਲਾਈਨ ਲਗਾ ਦਿੱਤੀ, ਜਿਸ ਦਾ ਉਨ੍ਹਾਂ ਨੂੰ ਭਵਿੱਖ ਵਿੱਚ ਬਹੁਤ ਲਾਭ ਹੋਇਆ।

ਖੇਤੀ ਦੀ ਉਤਪਾਦਕਤਾ ਨੂੰ ਵਧਾਉਣ ਲਈ ਉਨ੍ਹਾਂ ਨੇ ਖੇਤੀਬਾੜੀ ਵਿਗਿਆਨ ਕੇਂਦਰ ਅਤੇ ਸੰਗਰੂਰ ਦੇ ਖੇਤੀ ਸਲਾਹਕਾਰ ਸੇਵਾ ਕੇਂਦਰ ਤੋਂ ਟ੍ਰੇਨਿੰਗ ਲਈ। ਟ੍ਰੇਨਿੰਗ ਦੌਰਾਨ ਮਿਲੀ ਜਾਣਕਾਰੀ ਨਾਲ ਉਨ੍ਹਾਂ ਨੇ 4000 ਵਰਗ ਫੁੱਟ ਵਿੱਚ ਦੋ ਉੱਚ-ਤਕਨੀਕੀ ਪੋਲੀਹਾਊਸਾਂ ਦਾ ਨਿਰਮਾਣ ਕੀਤਾ ਅਤੇ ਇਸ ਵਿੱਚ ਖੀਰੇ ਅਤੇ ਜਰਬੇਰਾ ਦੇ ਫੁੱਲਾਂ ਦੀ ਖੇਤੀ ਕੀਤੀ। ਉਹ ਖੀਰੇ ਅਤੇ ਜਰਬੇਰਾ ਦੀ ਖੇਤੀ ਤੋਂ ਲਗਭਗ 7.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲੈ ਰਹੇ ਹਨ, ਜੋ ਕਿ ਉਨ੍ਹਾਂ ਦੇ ਖੇਤੀਬਾੜੀ ਉਤਪਾਦਾਂ ਦੇ ਪ੍ਰਬੰਧ ਲਈ ਕਾਫ਼ੀ ਹੈ।

ਸ. ਅਵਤਾਰ ਸਿੰਘ ਰਤੋਲ ਦੇ ਲਈ ਬਾਗਬਾਨੀ ਦਾ ਧੰਦਾ ਪੂਰੀ ਤਰ੍ਹਾਂ ਜਨੂੰਨ ਬਣ ਗਿਆ ਅਤੇ ਉਹ ਆਪਣੀ ਦਿਲਚਸਪੀ ਨੂੰ ਹੋਰ ਵਧਾਉਣ ਲਈ ਬਾਗਬਾਨੀ ਦੀ ਉੱਨਤ ਤਕਨੀਕਾਂ ਨੂੰ ਸਿੱਖਣ ਲਈ ਵਿਦੇਸ਼ ਗਏ। ਵਿਦੇਸ਼ ਦੌਰੇ ਨੇ ਫਾਰਮ ਦੀ ਉਤਪਾਦਕਤਾ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਲੂ, ਮਿਰਚ, ਤਰਬੂਜ਼, ਸ਼ਿਮਲਾ ਮਿਰਚ, ਕਣਕ ਆਦਿ ਫਸਲਾਂ ਦੀ ਖੇਤੀ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੇਚਣੀ ਵੀ ਸ਼ੁਰੂ ਕੀਤੀ।

ਉਪਲੱਬਧੀਆਂ ਦੀ ਗਿਣਤੀ..
ਪਾਣੀ ਬਚਾਉਣ ਦੇ ਲਈ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਅਪਨਾਉਣਾ, ਸਬਜ਼ੀਆਂ ਦੇ ਛੋਟੇ ਪੌਦੇ ਲਗਾਉਣ ਲਈ ਇੱਕ ਛੋਟਾ ਟ੍ਰਾਂਸ-ਪਲਾਂਟਰ ਵਿਕਸਤ ਕਰਨਾ ਅਤੇ ਲੋਅ-ਟੱਨਲ ਤਕਨੀਕ ਦੀ ਵਰਤੋਂ ਆਦਿ ਉਨ੍ਹਾਂ ਦੀਆਂ ਕੁੱਝ ਉਪਲਬਧੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਿਮਲਾ ਮਿਰਚ ਅਤੇ ਹੋਰ ਕਈ ਸਬਜ਼ੀਆਂ ਦੀ ਸਫਲਤਾਪੂਰਵਕ ਖੇਤੀ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੂੰ ਆਪਣੇ ਫਾਰਮ ‘ਤੇ ਸਾਰੀਆਂ ਆਧੁਨਿਕ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਈ, ਜਿਸ ਨੇ ਉਨ੍ਹਾਂ ਨੂੰ ਹੋਰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।

ਪੁਰਸਕਾਰ
• “ਦਲੀਪ ਸਿੰਘ ਧਾਲੀਵਾਲ ਯਾਦਗਾਰੀ ਸਨਮਾਨ” ਨਾਲ ਸਨਮਾਨਿਤ।
• ਬਾਗ਼ਬਾਨੀ ਵਿੱਚ ਸਫਲਤਾ ਲਈ “ਮੁੱਖ ਮੰਤਰੀ ਸਨਮਾਨ” ਨਾਲ ਸਨਮਾਨਿਤ।

ਸੰਦੇਸ਼
“ਬਾਗਬਾਨੀ ਇੱਕ ਲਾਭਦਾਇਕ ਖੇਤਰ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਖੇਤੀ ਦੇ ਢੰਗ ਅਤੇ ਪ੍ਰਭਾਵਸ਼ਾਲੀ ਲਾਗਤ ਤਕਨੀਕਾਂ ਹਨ। ਇਸ ਖੇਤਰ ਨੂੰ ਅਪਣਾ ਕੇ ਕਿਸਾਨ ਨੂੰ ਆਪਣੀ ਆਮਦਨ ਵਿੱਚ ਚੰਗਾ ਵਾਧਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

 

ਰੱਤੀ ਰਾਮ

ਪੂਰੀ ਕਹਾਣੀ ਪੜ੍ਹੋ

ਇੱਕ ਉਮੀਦ ਦੀ ਕਿਰਨ ਜਿਸ ਨੇ ਰੱਤੀ ਰਾਮ ਜੀ ਦੀ ਖੇਤੀਬਾੜੀ ਨੂੰ ਇੱਕ ਲਾਭਦਾਇਕ ਉੱਦਮ ਵਿੱਚ ਬਦਲ ਦਿੱਤਾ

ਰੱਤੀ ਰਾਮ ਮੱਧ ਪ੍ਰਦੇਸ਼ ਦੇ ਹਿਨੋਤੀਆ ਪਿੰਡ ਦੇ ਇੱਕ ਸਾਧਾਰਣ ਸਬਜ਼ੀਆਂ ਉਗਾਉਣ ਵਾਲੇ ਕਿਸਾਨ ਹਨ। ਉੱਨਤ ਤਕਨੀਕਾਂ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਉਨ੍ਹਾਂ ਨੇ ਆਪਣਾ ਸਬਜ਼ੀਆਂ ਦਾ ਫਾਰਮ ਸਥਾਪਿਤ ਕੀਤਾ, ਜਿਸ ਨਾਲ ਉਹ ਅੱਜ ਕਰੋੜਾਂ ਦਾ ਲਾਭ ਕਮਾ ਰਹੇ ਹਨ। ਪਰ ਜੇਕਰ ਅਸੀਂ ਪਹਿਲਾਂ ਦੀ ਗੱਲ ਕਰੀਏ ਤਾਂ ਰੱਤੀ ਰਾਮ ਇੱਕ ਹਾਰੇ ਹੋਏ ਕਿਸਾਨ ਸਨ, ਜਿਨ੍ਹਾਂ ਦੇ ਲਈ ਜੁੱਤੀ ਖਰੀਦਣਾ ਵੀ ਮੁਸ਼ਕਿਲ ਸੀ। ਅੱਜ ਉਨ੍ਹਾਂ ਕੋਲ ਆਪਣਾ ਮੋਟਰ-ਸਾਇਕਲ ਹੈ, ਜਿਸ ‘ਤੇ ਉਹ ਮਾਣ ਨਾਲ ਆਪਣੇ ਪਿੰਡ ਵਿੱਚ ਘੁੰਮਦੇ ਹਨ।

ਹਾਲਾਂਕਿ ਰੱਤੀ ਰਾਮ ਜੀ ਕੋਲ ਖੇਤੀ ਦੇ ਲਈ ਘੱਟ ਜ਼ਮੀਨ ਸੀ, ਪਰ ਪਾਣੀ ਦੇ ਸਾਧਨਾਂ ਦੀ ਘਾਟ ਨੇ ਉਨ੍ਹਾਂ ਦੇ ਯਤਨਾਂ ਵਿੱਚ ਪ੍ਰਮੁੱਖ ਰੁਕਾਵਟ ਦਾ ਕੰਮ ਕੀਤਾ। ਮੀਂਹ ਦੇ ਮੌਸਮ ਵਿੱਚ ਉਹ ਜਦੋਂ ਵੀ ਖੇਤੀ ਕਰਨ ਦੀ ਕੋਸ਼ਿਸ਼ ਕਰਦੇ ਸਨ, ਤਦ ਹੱਦੋਂ ਵੱਧ ਮੀਂਹ ਉਨ੍ਹਾਂ ਦੀਆਂ ਫ਼ਸਲਾਂ ਨੂੰ ਖਰਾਬ ਕਰ ਦਿੰਦਾ ਸੀ। ਇਹ ਜਲਵਾਯੂ ਹਾਲਾਤ ਅਤੇ ਹੋਰ ਕਮੀਆਂ ਉਨ੍ਹਾਂ ਦੀ ਆਰਥਿਕ ਸਥਿਤੀ ਖਰਾਬ ਹੋਣ ਦਾ ਮੁੱਖ ਕਾਰਨ ਸਨ।

ਉਨ੍ਹਾਂ ਨੂੰ ਜੋ ਆਮਦਨ ਖੇਤੀ ਤੋਂ ਪ੍ਰਾਪਤ ਹੁੰਦੀ ਸੀ, ਉਹ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਖ਼ਰਚ ਹੋ ਜਾਂਦੀ ਅਤੇ ਇਹ ਹਾਲਤ ਕਈ ਵਿੱਤੀ ਸਮੱਸਿਆਵਾਂ ਨੂੰ ਜਨਮ ਦੇ ਰਹੀ ਸੀ। ਪਰ ਇੱਕ ਦਿਨ ਰੱਤੀ ਰਾਮ ਜੀ ਨੂੰ ਬਾਗਬਾਨੀ ਵਿਭਾਗ ਦੇ ਬਾਰੇ ਪਤਾ ਲੱਗਿਆ ਅਤੇ ਉਹ ਨੰਗੇ ਪੈਰ ਆਪਣੇ ਪਿੰਡ ਹਿਨੋਤੀਆ ਦੇ ਕਲੈਕਟਰ ਰਾਜੇਸ਼ ਜੈਨ ਦੇ ਦਫ਼ਤਰ ਜ਼ਿਲ੍ਹਾ ਹੈਡਕੁਆਰਟਰ ਵੱਲ ਚਲੇ ਗਏ। ਜਦ ਕਲੈਕਟਰ ਜੀ ਨੇ ਰੱਤੀ ਰਾਮ ਨੂੰ ਦੇਖਿਆ ਤਾਂ ਉਸ ਨੇ ਉਨ੍ਹਾਂ ਦਾ ਦਰਦ ਮਹਿਸੂਸ ਕੀਤਾ ਅਤੇ ਅਗਲਾ ਕਦਮ ਜੋ ਉਨ੍ਹਾਂ ਨੇ ਚੁੱਕਿਆ, ਉਸ ਨਾਲ ਰੱਤੀ ਰਾਮ ਜੀ ਦੀ ਜ਼ਿੰਦਗੀ ਨੂੰ ਬਦਲ ਗਈ।

ਕਲੈਕਟਰ ਨੇ ਰੱਤੀ ਰਾਮ ਨੂੰ ਬਾਗਬਾਨੀ ਵਿਭਾਗ ਦੇ ਅਧਿਕਾਰੀ ਕੋਲ ਭੇਜਿਆ, ਜਿੱਥੇ ਸ਼੍ਰੀ ਰੱਤੀ ਰਾਮ ਜੀ ਨੂੰ ਵਿਭਿੰਨ ਬਾਗਬਾਨੀ ਯੋਜਨਾਵਾਂ ਦੇ ਬਾਰੇ ਪਤਾ ਲੱਗਿਆ। ਉਨ੍ਹਾਂ ਨੇ ਅਮਰੂਦ, ਆਂਵਲਾ, ਹਾਈਬ੍ਰਿਡ ਟਮਾਟਰ, ਭਿੰਡੀ, ਆਲੂ, ਲਸਣ, ਮਿਰਚ ਆਦਿ ਦੇ ਬੀਜ ਲਏ ਅਤੇ ਬਾਗਬਾਨੀ ਯੋਜਨਾਵਾਂ ਅਤੇ ਸਬਸਿਡੀ ਦੀ ਮਦਦ ਨਾਲ ਤੁਪਕਾ ਸਿੰਚਾਈ ਪ੍ਰਣਾਲੀ, ਸਪਰੇਅਰ, ਬਿਜਲੀ ਸਪਰੇਅ ਪੰਪ ਅਤੇ ਪਾਵਰ ਡ੍ਰਿਲਰ ਦੀ ਸਥਾਪਨਾ ਕੀਤੀ। ਇਸ ਤੋਂ ਇਲਾਵਾ, ਕਲੈਕਟਰ ਨੇ ਉਨ੍ਹਾਂ ਨੂੰ ਸਬਸਿਡੀ ਦਰ ਦੇ ਤਹਿਤ ਇੱਕ ਪੈਕ ਹਾਊਸ ਲਗਾਉਣ ਵਿੱਚ ਮਦਦ ਕੀਤੀ।

ਰੱਤੀ ਰਾਮ ਜੀ ਨੇ ਨਵੀਆਂ ਤਕਨੀਕਾਂ ਦਾ ਇਸਤੇਮਾਲ ਕਰਕੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਅਤੇ ਇੱਕ ਸਾਲ ਵਿੱਚ ਰੱਤੀ ਰਾਮ ਜੀ ਨੇ 1 ਕਰੋੜ ਦਾ ਸ਼ੁੱਧ ਲਾਭ ਕਮਾਇਆ, ਜਿਸ ਨਾਲ ਉਨ੍ਹਾਂ ਨੇ ਮੈਟਾਡੋਰ ਵੈਨ, ਦੋ ਮੋਟਰ-ਸਾਇਕਲ ਅਤੇ ਦੋ ਟ੍ਰੈਕਟਰ ਖਰੀਦੇ। ਵਾਹਨਾਂ ਵਿੱਚ ਨਿਵੇਸ਼ ਕਰਨ ਤੋਂ ਇਲਾਵਾ ਉਨ੍ਹਾਂ ਨੇ ਹੋਰ ਸਾਧਨਾਂ ਵਿੱਚ ਵੀ ਨਿਵੇਸ਼ ਕਰਕੇ 3 ਪਾਣੀ ਦੇ ਖੂਹ ਬਣਵਾਏ, 12 ਟਿਊਬਵੈੱਲ ਅਤੇ ਵਿਭਿੰਨ ਸਥਾਨਾਂ ‘ਤੇ 4 ਘਰ ਖਰੀਦੇ। ਉਨ੍ਹਾਂ ਨੇ ਖੇਤੀ ਦੇ ਲਈ 20 ਏਕੜ ਜ਼ਮੀਨ ਖਰੀਦ ਕੇ ਆਪਣੀ ਖੇਤੀ ਦੇ ਖੇਤਰ ਦਾ ਵਿਸਤਾਰ ਕੀਤਾ ਅਤੇ ਕਿਰਾਏ ‘ਤੇ 100 ਏਕੜ ਜ਼ਮੀਨ ਲਈ। ਅੱਜ ਉਹ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ ਅਤੇ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਦੋ ਪੁੱਤਰਾਂ ਅਤੇ ਇੱਕ ਬੇਟੀ ਦਾ ਵਿਆਹ ਧੂਮ-ਧਾਮ ਨਾਲ ਕੀਤਾ।

ਰੱਤੀ ਰਾਮ ਜੀ ਭਾਰਤ ਵਿੱਚ ਉਨ੍ਹਾਂ ਸਭ ਕਿਸਾਨਾਂ ਲਈ ਇੱਕ ਆਦਰਸ਼ ਹਨ ਜੋ ਖੁਦ ਨੂੰ ਨਿਰਬਲ ਅਤੇ ਇਕੱਲਾ ਮਹਿਸੂਸ ਕਰਦੇ ਹਨ ਅਤੇ ਉਮੀਦਾਂ ਨੂੰ ਗਵਾ ਬੈਠਦੇ ਹਨ, ਕਿਉਂਕਿ ਰੱਤੀ ਰਾਮ ਜੀ ਨੇ ਆਪਣੇ ਮੁਸ਼ਕਿਲ ਸਮੇਂ ਵਿੱਚ ਕਦੀ ਵੀ ਉਮੀਦ ਨਹੀਂ ਛੱਡੀ।