ਸਰਬਜੀਤ ਸਿੰਘ ਗਰੇਵਾਲ

ਪੂਰੀ ਸਟੋਰੀ ਪੜ੍ਹੋ

ਮੁਸ਼ਕਿਲਾਂ ਦਾ ਸਾਹਮਣਾ ਕਰਕੇ ਅਗਾਂਹਵਧੂ ਕਿਸਾਨ ਬਣਨ ਤੱਕ ਦਾ ਸਫ਼ਰ- ਸਰਬਜੀਤ ਸਿੰਘ ਗਰੇਵਾਲ

ਪਟਿਆਲਾ ਸ਼ਹਿਰ ਜਿੱਥੇ ਤੁਹਾਨੂੰ ਦੂਰ-ਦੂਰ ਤੱਕ ਦੇਖਣ ‘ਤੇ ਹਰੇ ਭਰੇ ਅਤੇ ਫੈਲੇ ਹੋਏ ਖੇਤ ਹੀ ਨਜ਼ਰ ਆਉਣਗੇ, ਅਗਾਂਵਧੂ ਕਿਸਾਨ ਸਰਬਜੀਤ ਸਿੰਘ ਗਰੇਵਾਲ ਜੀ ਉਸ ਸ਼ਹਿਰ ਦੇ ਨਿਵਾਸੀ ਹਨ। 6.5 ਏਕੜ ਉਪਜਾਊ ਜ਼ਮੀਨ ਦਾ ਹੋਣਾ ਉਹਨਾਂ ਦੇ ਬਾਗਬਾਨੀ ਸਫ਼ਰ ਦੀ ਸ਼ੁਰੂਆਤ ਬਣੀ ਅਤੇ ਉਹਨਾਂ ਨੇ ਖੇਤੀਬਾੜੀ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸਾਲ 1985 ਵਿੱਚ ਫਲਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

ਖੇਤੀ ਪ੍ਰਤੀ ਉਹਨਾਂ ਦੇ ਜਨੂੰਨ ਦੇ ਇਲਾਵਾ ਸਰਬਜੀਤ ਦਾ ਪਰਿਵਾਰਕ ਇਤਿਹਾਸ ਵੀ ਉਹਨਾਂ ਦੇ ਖੇਤੀ ਜੀਵਨ ਵਿੱਚ ਪ੍ਰੇਰਣਾ ਬਣਿਆ। ਉਹਨਾਂ ਦੇ ਪਿਤਾ ਜਗਦਿਆਲ ਸਿੰਘ ਜੀ 1980 ਵਿੱਚ ਪੰਜਾਬ ਖੇਤੀਬਾੜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਾਗਬਾਨੀ ਵਿਭਾਗ ਤੋਂ ਸੇਵਾਮੁਕਤ ਹੋਏ ਅਤੇ ਬਠਿੰਡਾ ਵਿੱਚ ਫਲ ਖੋਜ ਕੇਂਦਰ ਦੀ ਸਥਾਪਨਾ ਵਿੱਚ ਵੀ ਸ਼ਾਮਲ ਸਨ। ਸਰਬਜੀਤ ਸਿੰਘ ਜੀ ਆਪਣੇ ਪਿਤਾ ਦੀ ਮੁਹਾਰਤ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਦੇ ਮਾਰਗਦਰਸ਼ਨ ‘ਤੇ ਚੱਲੇ ਅਤੇ ਉਹਨਾਂ ਨੇ 1983 ਵਿੱਚ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ।

ਅਸਫਲਤਾਵਾਂ ਤੋਂ ਨਿਰਾਸ਼ ਨਾ ਹੋ ਕੇ ਸਰਬਜੀਤ ਨੇ ਖੇਤੀ ਦੇ ਤਰੀਕਿਆਂ ਬਾਰੇ ਹੋਰ ਸਿੱਖਣਾ ਸ਼ੁਰੂ ਕੀਤਾ, ਪੰਜਾਬੀ ਯੂਨੀਵਰਸਿਟੀ ਤੋਂ ਜੀਵ ਵਿਗਿਆਨ ਵਿੱਚ ਮਾਸਟਰ ਅਤੇ ਪੀ ਐਚ.ਡੀ. ਦੀ ਡਿਗਰੀ ਹਾਸਲ ਕੀਤੀ, ਸਰਬਜੀਤ ਦਾ ਇੱਕ ਮਜ਼ਬੂਤ Academic ਪਿਛੋਕੜ ਸੀ ਜਿਸ ਨੇ ਉਹਨਾਂ ਦੀ ਗਿਆਨ ਪ੍ਰਤੀ ਪਿਆਸ ਨੂੰ ਵਧਾਇਆ। ਉਹਨਾਂ ਨੇ ਬਾਗਬਾਨੀ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਇੰਟਰਨੈਟ ਤੋਂ ਜਾਣਕਾਰੀ ਇਕੱਠੀ ਕੀਤੀ ਅਤੇ ਆਪਣੇ ਦੁਆਰਾ ਕੀਤੀ ਗਈ ਖੋਜ ਦੇ ਮਾਧਿਅਮ ਨਾਲ ਗਈਆਂ ਪ੍ਰਾਪਤ ਕੀਤਾ ਜਿਸ ਨੇ ਭਵਿੱਖ ਵਿੱਚ ਖੇਤੀਬਾੜੀ ਫੈਸਲੇ ਲੈਣ ਵਿੱਚ ਮਦਦ ਕੀਤੀ।

2018 ਵਿੱਚ, ਅਮਰੂਦ, ਭਾਰਤੀ ਕਰੌਦਾ ਅਤੇ ਅਨਾਰ ਵਰਗੀਆਂ ਵੱਖ-ਵੱਖ ਫਸਲਾਂ ਦੇ ਨਾਲ ਲਗਭਗ 15 ਸਾਲਾਂ ਦੇ ਪ੍ਰਯੋਗ ਤੋਂ ਬਾਅਦ, ਸਰਬਜੀਤ ਨੇ ਬੇਰ, ਅਮਰੂਦ ਅਤੇ ਆੜੂ ਦੀ ਖੇਤੀ ‘ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ। ਆਪਣੇ ਪਿਛਲੇ ਤਜ਼ਰਬਿਆਂ ਤੋਂ ਸਿੱਖਦੇ ਹੋਏ, ਉਸਨੇ ਆੜੂ ਦੇ ਪੌਦਿਆਂ ਦੀਆਂ ਵਿਲੱਖਣ ਲੋੜਾਂ ਦਾ ਅਧਿਐਨ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਮਿੱਟੀ, ਪਾਣੀ ਅਤੇ ਜਲਵਾਯੂ ਦੀਆਂ ਸਥਿਤੀਆਂ ਉਹਨਾਂ ਦੇ ਵਿਕਾਸ ਲਈ ਆਦਰਸ਼ ਸਨ। ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਦੁਆਰਾ ਸਿਫ਼ਾਰਸ਼ ਪੈਕੇਜ ਓਫ ਪ੍ਰੈਕਟਿਸ ਨੂੰ ਵੀ ਅਪਣਾਇਆ ਅਤੇ ਬਾਗਬਾਨੀ ਅਧਿਕਾਰੀਆਂ ਤੋਂ ਮਦਦ ਲਈ।

ਸਰਬਜੀਤ ਜੀ ਦਾ ਆੜੂ ਦਾ ਬਾਗ ਵਧਣ-ਫੁੱਲਣ ਲੱਗਾ ਅਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਬਾਗ ਵਿੱਚ ਆਈਆਂ ਚੁਣੌਤੀਆਂ ਨੂੰ ਸਮਝਦੇ ਹੋਏ ਸਿੱਖ ਗਏ ਹਰੇਕ ਪੌਦੇ ਨੂੰ ਦੇਖਭਾਲ ਅਤੇ ਨਿਗਰਾਨੀ ਦੀ ਲੋੜ ਹੁੰਦੀ ਹੈ ਜਿਸ ਵਿੱਚ ਸਹੀ ਛਾਂਟ, ਕੀੜਿਆਂ ਅਤੇ ਬਿਮਾਰੀਆਂ ਦੀ ਰੋਕਥਾਮ ਆਦਿ ਸ਼ਾਮਲ ਹਨ। ਸਖ਼ਤ ਮਿਹਨਤ ਨਾਲ, ਉਹਨਾਂ ਨੇ ਆਪਣੇ ਬਾਗ ਦੀ ਦੇਖਭਾਲ ਕਰਨ ਵਿੱਚ ਕਈ ਘੰਟੇ ਬਿਤਾਏ ਜਿਸ ਦੇ ਨਤੀਜੇ ਵਜੋਂ ਭਰਪੂਰ ਫ਼ਸਲ ਹੋਈ।

ਆਪਣੀ ਉਪਜ ਲਈ ਇੱਕ ਮਾਰਕੀਟ ਸਥਾਪਿਤ ਕਰਨ ਲਈ, ਸਰਬਜੀਤ ਜੀ ਇੱਕ ਵਿਚੋਲੇ ਦੀਆਂ ਸੇਵਾਵਾਂ ‘ਤੇ ਨਿਰਭਰ ਸਨ। ਉਹਨਾਂ ਨੇ ਖਰੀਦਦਾਰਾਂ ਨਾਲ ਜੁੜਨ ਅਤੇ ਫਲਾਂ ਦੀਆਂ ਲਾਹੇਵੰਦ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਨੈਟਵਰਕ ਬਣਾਉਣ ਦੀ ਮਹੱਤਤਾ ਨੂੰ ਪਛਾਣਿਆ। ਇਸ ਨਾਲ ਉਹ ਖੇਤੀ ਪ੍ਰਕਿਰਿਆ ‘ਤੇ ਧਿਆਨ ਕੇਂਦਰਿਤ ਕਰਨ ਲੱਗੇ, ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੇ ਫਲ ਖਪਤਕਾਰਾਂ ਤੱਕ ਪਹੁੰਚਣਗੇ।

ਜਿਵੇਂ ਹੀ ਸਰਬਜੀਤ ਦੇ ਆੜੂ ਦੇ ਬਾਗ ਵਿੱਚ ਸੂਰਜ ਡੁੱਬਦਾ ਹੈ, ਉਸਦੀ ਮਿਹਨਤ ਦੇ ਫਲ ਉਸਦੇ ਅਟੁੱਟ ਸਮਰਪਣ ਦੀ ਗਵਾਹੀ ਦਿੰਦੇ ਹਨ। ਆੜੂ ਦੀਆਂ ਸ਼ਾਨ-ਏ-ਪੰਜਾਬ ਕਿਸਮਾਂ ਦੇ ਨਾਲ-ਨਾਲ ਸੇਬ, ਆਲੂਬੁਖਾਰਾ ਅਤੇ ਇੱਥੋਂ ਤੱਕ ਕਿ ਡਰੈਗਨ ਫਲ ਵਰਗੇ ਵਿਦੇਸ਼ੀ ਫਲਾਂ ਦੀ ਕਾਸ਼ਤ ਕਰਨ ਦੀ ਉਹਨਾਂ ਦੀ ਪਸੰਦ, ਫਲਾਂ ਦੀ ਕਾਸ਼ਤ ਵਿੱਚ ਨਵੇਂ ਤਰੀਕਿਆਂ ਦੀ ਖੋਜ ਕਰਨ ਬਾਰੇ ਉਸਦੀ ਅਨੁਕੂਲਤਾ ਅਤੇ ਇੱਛਾ ਨੂੰ ਦਰਸਾਉਂਦੀ ਹੈ। ਸਰਬਜੀਤ ਜੀ ਦੀ ਸਫ਼ਲਤਾ ਦੀ ਕਹਾਣੀ ਖੇਤੀ ਉੱਤਮਤਾ ਪ੍ਰਾਪਤ ਕਰਨ ਲਈ ਗਿਆਨ ਦੀ ਮਹੱਤਤਾ, ਮੁਸ਼ਕਿਲਾਂ ਦਾ ਸਾਹਮਣਾ ਅਤੇ ਜ਼ਮੀਨ ਦੇ ਪ੍ਰਤੀ ਪਿਆਰ ਬਾਰੇ ਸਪੱਸ਼ਟ ਕਰਦੀ ਹੈ।

ਕਿਸਾਨਾਂ ਲਈ ਸੁਨੇਹਾ

ਸਰਬਜੀਤ ਸਿੰਘ ਜੀ ਕਿਸਾਨਾਂ ਨੂੰ ਬਾਗਬਾਨੀ ਵਿੱਚ ਆਉਣ ਵਾਲੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕਰਦੇ ਹਨ, ਕਿਉਂਕਿ ਬਾਗਬਾਨੀ ਨੂੰ ਸਮਰਪਿਤ ਜੀਵਨ ਅੰਤ ਵਿਚ ਤੁਹਾਨੂੰ ਅਸੀਮਿਤ ਖੁਸ਼ੀ ਅਤੇ ਸੰਤੁਸ਼ਟੀ ਦਿੰਦਾ ਹੈ। ਉਹਨਾਂ ਦਾ ਮੰਨਣਾ ਹੈ ਕਿ ਬਾਗਬਾਨੀ ਵਿੱਚ ਆਮਦਨੀ ਸੀਮਿਤ ਹੈ ਪਰ ਇਸ ਨਾਲ ਮਿਲਣ ਵਾਲੀ ਖੁਸ਼ੀ ਪੈਸਿਆਂ ਤੋਂ ਵੀ ਵੱਧ ਹੈ।

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਹਰਬੰਤ ਸਿੰਘ

ਪੂਰੀ ਕਹਾਣੀ ਪੜ੍ਹੋ

ਪਿਤਾ ਪੁੱਤਰ ਦੀ ਜੋੜੀ, ਜਿਸਨੇ ਇੰਟਰਨੈੱਟ ਨੂੰ ਆਪਣੀ ਖੋਜ ਦਾ ਹਥਿਆਰ ਬਣਾ ਕੇ ਜੈਵਿਕ ਖੇਤੀ ਨੂੰ ਅਪਨਾਇਆ

ਖੇਤੀਬਾੜੀ ਮਨੁੱਖੀ-ਸੱਭਿਅਤਾ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜੀਵਨ ਵਿੱਚ ਤਕਨੀਕਾਂ ਅਤੇ ਤਰੱਕੀ ਦੇ ਨਾਲ-ਨਾਲ ਕਈ ਸਾਲਾਂ ਵਿੱਚ ਖੇਤੀ ਵਿੱਚ ਵੀ ਬਦਲਾਅ ਆਏ ਹਨ। ਪਰ ਫਿਰ ਵੀ, ਭਾਰਤ ਵਿੱਚ ਕਈ ਕਿਸਾਨ ਰਵਾਇਤੀ ਢੰਗ ਨਾਲ ਹੀ ਖੇਤੀ ਕਰਦੇ ਹਨ, ਪਰ ਅਜਿਹੇ ਹੀ ਇੱਕ ਕਿਸਾਨ ਹਨ ਜਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਿਤਾ-ਪੁੱਤਰ ਦੀ ਜੋੜੀ- ਹਰਬੰਤ ਸਿੰਘ (ਪਿਤਾ) ਅਤੇ ਸਤਨਾਮ ਸਿੰਘ (ਪੁੱਤਰ), ਜਿਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਤਰੱਕੀ ਲਈ ਇੰਟਰਨੈੱਟ ਨੂੰ ਆਪਣਾ ਖੋਜੀ ਹਥਿਆਰ ਬਣਾਇਆ।

ਜਦੋਂ ਤੱਕ ਉਨ੍ਹਾਂ ਦਾ ਪੁੱਤਰ ਜੈਵਿਕ ਤਰੀਕੇ ਨਾਲ ਬਾਗਬਾਨੀ ਕਰਨ ਦਾ ਵਿਚਾਰ ਲੈ ਕੇ ਨਹੀਂ ਆਇਆ ਸੀ, ਉਦੋਂ ਤੱਕ ਉਹ ਰਵਾਇਤੀ ਖੇਤੀ ਹੀ ਕਰਦੇ ਸਨ। ਸਤਨਾਮ ਸਿੰਘ ਨੇ ਹੀ ਇੱਕ ਸਾਲ ਦੀ ਰਿਸਰਚ ਤੋਂ ਬਾਅਦ ਆਪਣੇ ਪਿਤਾ ਨੂੰ ਡ੍ਰੈਗਨ ਫਲ ਦੀ ਖੇਤੀ ਕਰਨ ਦੀ ਸਲਾਹ ਦਿੱਤੀ।

ਇਹ ਸਭ ਇੱਕ ਸਾਲ ਪਹਿਲਾਂ ਸ਼ੁਰੂ ਹੋਇਆ, ਜਦੋਂ ਸਤਨਾਮ ਸਿੰਘ ਆਪਣੇ ਇੱਕ ਦੋਸਤ ਰਾਹੀਂ ਇੱਕ ਵਿਅਕਤੀ ਵਿਸ਼ਾਲ ਡੋਡਾ ਦੇ ਸੰਪਰਕ ਵਿੱਚ ਆਏ। ਵਿਸ਼ਾਲ ਡੋਡਾ ਜੀ 15 ਏਕੜ ਵਿੱਚ ਡ੍ਰੈਗਨ ਫਲ ਦੀ ਖੇਤੀ ਕਰਦੇ ਹਨ। ਸਤਨਾਮ ਸਿੰਘ ਨੇ ਡ੍ਰੈਗਨ ਫਲ ਦੇ ਪੌਦੇ ਦੇ ਬਾਰੇ ਸਭ ਕੁੱਝ ਰਿਸਰਚ ਕੀਤਾ ਅਤੇ ਆਪਣੇ ਪਿਤਾ ਨਾਲ ਇਸ ਬਾਰੇ ਚਰਚਾ ਕੀਤੀ। ਜਦੋਂ ਹਰਬੰਤ ਸਿੰਘ ਨੇ ਡ੍ਰੈਗਨ ਫਲ ਦੀ ਖੇਤੀ ਅਤੇ ਇਸਦੇ ਫਾਇਦਿਆਂ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਬੜੀ ਖੁਸ਼ੀ ਨਾਲ ਆਪਣੇ ਪੁੱਤਰ ਨੂੰ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕਰਨ ਅਤੇ ਨਿਵੇਸ਼ ਕਰਨ ਲਈ ਹਾਂ ਕਹੀ। ਜਲਦੀ ਹੀ ਉਨ੍ਹਾਂ ਨੇ ਗੁਜਰਾਤ ਦਾ ਦੌਰਾ ਕੀਤਾ ਅਤੇ ਡ੍ਰੈਗਨ ਫਲ ਦੇ ਪੌਦੇ ਖਰੀਦੇ ਅਤੇ ਵਿਸ਼ਾਲ ਡੋਡਾ ਜੀ ਕੋਲੋਂ ਇਸ ਫ਼ਸਲ ਦੀ ਖੇਤੀ ਬਾਰੇ ਹੋਰ ਸੇਧਾਂ ਵੀ ਲਈਆਂ।

ਅੱਜ ਇਹ ਪਿਤਾ-ਪੁੱਤਰ ਪੰਜਾਬ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਡ੍ਰੈਗਨ ਫਲ ਦੀ ਖੇਤੀ ਸ਼ੁਰੂ ਕੀਤੀ। ਹੁਣ ਇਨ੍ਹਾਂ ਪੌਦਿਆਂ ਨੇ ਫਲ ਦੇਣੇ ਵੀ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਨੇ 1.5 ਬਿੱਘਾ ਖੇਤਰ ਵਿੱਚ ਡ੍ਰੈਗਨ ਫਲ ਦੇ 500 ਨਵੇਂ ਪੌਦੇ ਲਾਏ। ਇੱਕ ਪੌਦਾ 4 ਸਾਲ ਵਿੱਚ 4-20 ਕਿੱਲੋ ਫਲ ਦਿੰਦਾ ਹੈ। ਉਨ੍ਹਾਂ ਨੇ ਸੀਮਿੰਟ ਦਾ ਇੱਕ ਥੰਮ ਬਣਾਇਆ ਹੈ, ਜਿਸ ‘ਤੇ ਪਹੀਏ ਦੇ ਆਕਾਰ ਦਾ ਢਾਂਚਾ ਹੈ, ਜੋ ਕਿ ਪੌਦੇ ਨੂੰ ਸਹਾਰਾ ਦਿੰਦਾ ਹੈ। ਜਦੋਂ ਵੀ ਉਨ੍ਹਾਂ ਨੂੰ ਡ੍ਰੈਗਨ ਫਲ ਦੀ ਖੇਤੀ ਨਾਲ ਸੰਬੰਧਿਤ ਮਦਦ ਦੀ ਜ਼ਰੂਰਤ ਹੁੰਦੀ ਹੈ, ਤਾਂ ਉਹ ਇੰਟਰਨੈੱਟ ‘ਤੇ ਉਸਦੀ ਖੋਜ ਕਰਦੇ ਹਨ ਜਾਂ ਵਿਸ਼ਾਲ ਡੋਡਾ ਜੀ ਤੋਂ ਸਲਾਹ ਲੈਂਦੇ ਹਨ।

ਉਹ ਕੇਵਲ ਡ੍ਰੈਗਨ ਫਲ ਦੀ ਹੀ ਖੇਤੀ ਨਹੀਂ ਕਰਦੇ ਸਗੋਂ ਉਨ੍ਹਾਂ ਨੇ ਆਪਣੇ ਖੇਤ ਵਿੱਚ ਚੰਦਨ ਦੇ ਪੌਦੇ ਵੀ ਲਾਏ ਹੋਏ ਹਨ। ਚੰਦਨ ਦੀ ਖੇਤੀ ਦਾ ਵਿਚਾਰ ਸਤਨਾਮ ਸਿੰਘ ਦੇ ਮਨ ਵਿੱਚ ਉਸ ਸਮੇਂ ਆਇਆ, ਜਦੋਂ ਇੱਕ ਨਿਊਜ਼ ਚੈਨਲ ਦੇਖ ਰਹੇ ਸਨ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਮੰਤਰੀ ਨੇ ਚੰਦਨ ਦੇ ਪੌਦੇ ਦਾ ਮੋਟਾ ਅਤੇ ਵੱਡਾ ਹਿੱਸਾ ਮੰਦਿਰ ਨੂੰ ਦਾਨ ਕੀਤਾ, ਜਿਸ ਦੀ ਕੀਮਤ ਲੱਖਾਂ ਵਿੱਚ ਸੀ। ਉਸ ਸਮੇਂ ਉਨ੍ਹਾਂ ਦੇ ਦਿਮਾਗ ਵਿੱਚ ਆਪਣੇ ਭਵਿੱਖ ਨੂੰ ਵਾਤਾਵਰਨ ਅਤੇ ਆਰਥਿਕ ਤੌਰ ‘ਤੇ ਸੁਰੱਖਿਅਤ ਅਤੇ ਲਾਭਦਾਇਕ ਬਣਾਉਣ ਦਾ ਵਿਚਾਰ ਆਇਆ। ਇਸ ਲਈ ਉਨ੍ਹਾਂ ਨੇ ਜੁਲਾਈ 2016 ਵਿੱਚ ਚੰਦਨ ਦੀ ਖੇਤੀ ਵਿੱਚ ਨਿਵੇਸ਼ ਕੀਤਾ ਅਤੇ 6 ਕਨਾਲ ਖੇਤਰ ਵਿੱਚ 200 ਪੌਦੇ ਲਾਏ।

ਹਰਬੰਤ ਸਿੰਘ ਜੀ ਅਨੁਸਾਰ, ਉਹ ਜਿਸ ਤਕਨੀਕ ਦਾ ਪ੍ਰਯੋਗ ਕਰ ਰਹੇ ਹਨ, ਉਸਨੂੰ ਭਵਿੱਖ ਲਈ ਤਿਆਰ ਕਰ ਰਹੇ ਹਨ, ਕਿਉਂਕਿ ਡ੍ਰੈਗਨ ਫਲ ਅਤੇ ਚੰਦਨ ਦੋਨਾਂ ਨੂੰ ਪਾਣੀ ਦੀ ਲੋੜ ਘੱਟ ਹੁੰਦੀ ਹੈ(ਇਸਨੂੰ ਕੇਵਲ ਵਰਖਾ ਦੇ ਪਾਣੀ ਨਾਲ ਹੀ ਸਿੰਚਿਤ ਕੀਤਾ ਜਾ ਸਕਦਾ ਹੈ) ਅਤੇ ਕਿਸੇ ਖ਼ਾਸ ਤਰ੍ਹਾਂ ਦੀ ਖਾਦ ਦੀ ਵੀ ਜ਼ਰੂਰਤ ਨਹੀਂ ਹੁੰਦੀ। ਇਸ ਤੋਂ ਇਲਾਵਾ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਜ਼ਮੀਨ-ਹੇਠਲੇ ਪਾਣੀ ਦੀ ਕਮੀ ਕਾਰਨ ਝੋਨੇ ਅਤੇ ਕਣਕ ਦੀ ਖੇਤੀ ਪੰਜਾਬ ‘ਚੋਂ ਗਾਇਬ ਹੋ ਜਾਵੇਗੀ ਅਤੇ ਬਾਗਬਾਨੀ ਆਉਣ ਵਾਲੇ ਸਮੇਂ ਦੀ ਲੋੜ ਬਣ ਜਾਵੇਗੀ।

ਹਰਬੰਤ ਸਿੰਘ ਡ੍ਰੈਗਨ ਫਲ ਅਤੇ ਚੰਦਨ ਦੀ ਖੇਤੀ ਲਈ ਜੈਵਿਕ ਤਰੀਕੇ ਅਪਨਾਉਂਦੇ ਹਨ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਉਹ ਆਪਣੀਆਂ ਹੋਰ ਫ਼ਸਲਾਂ ਵਿੱਚ ਵੀ ਰਸਾਇਣਾਂ ਦੀ ਵਰਤੋਂ ਘੱਟ ਕਰ ਦੇਣਗੇ। ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦਾ ਧਿਆਨ ਜੈਵਿਕ ਖੇਤੀ ਵੱਲ ਇਸ ਲਈ ਹੈ, ਕਿਉਂਕਿ ਸਮਾਜ ਵਿੱਚ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਉਹ ਭਵਿੱਖ ਦੀਆਂ ਪੀੜ੍ਹੀਆਂ ਲਈ ਵਾਤਾਵਰਨ ਤੰਦਰੁਸਤ ਅਤੇ ਰਹਿਣ-ਯੋਗ ਬਣਾਉਣਾ ਚਾਹੁੰਦੇ ਹਨ, ਜਿਵੇਂ ਉਨ੍ਹਾਂ ਦੇ ਬਜ਼ੁਰਗ ਉਨ੍ਹਾਂ ਲਈ ਛੱਡ ਕੇ ਗਏ ਸਨ। ਇੱਕ ਕਾਰਨ ਇਹ ਵੀ ਹੈ ਕਿ ਸਤਨਾਮ ਸਿੰਘ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜੈਵਿਕ ਖੇਤੀ ਕਰਨ ਲੱਗੇ ਅਤੇ ਸ਼ੁਰੂ ਤੋਂ ਹੀ ਉਨ੍ਹਾਂ ਦੀ ਰੁਚੀ ਖੇਤੀਬਾੜੀ ਵਿੱਚ ਸੀ।

ਅੱਜ ਸਤਨਾਮ ਸਿੰਘ, ਆਪਣੇ ਪਿਤਾ ਦੀ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਵਿੱਚ ਪੂਰੀ ਮਦਦ ਕਰਦੇ ਹਨ। ਉਹ ਗਾਂ ਦੇ ਗੋਬਰ ਅਤੇ ਗਊ-ਮੂਤਰ ਦੀ ਵਰਤੋਂ ਕਰਕੇ ਘਰ ਵਿੱਚ ਹੀ ਜੀਵ ਅੰਮ੍ਰਿਤ ਅਤੇ ਖਾਦ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਅਤੇ ਖਾਦਾਂ ਦੀ ਵਰਤੋਂ ਨਹੀਂ ਕਰਦੇ। ਹਰਬੰਤ ਸਿੰਘ ਜੀ ਆਪਣੇ ਪਿੰਡ ਵਿੱਚ ਪਾਣੀ ਦੇ ਪ੍ਰਬੰਧਨ ਦਾ ਵੀ ਕੰਮ ਕਰ ਰਹੇ ਹਨ ਅਤੇ ਹੋਰਨਾਂ ਪਿੰਡਾਂ ਨੂੰ ਵੀ ਇਸ ਬਾਰੇ ਸਿੱਖਿਆ ਦੇ ਰਹੇ ਹਨ, ਤਾਂ ਕਿ ਉਹ ਟਿਊਬਵੈੱਲ ਦਾ ਘੱਟ ਪ੍ਰਯੋਗ ਕਰ ਸਕਣ। ਉਨ੍ਹਾਂ ਕੋਲ 12 ਏਕੜ ਖੇਤ ਲਈ ਕੇਵਲ ਇੱਕ ਹੀ ਟਿਊਬਵੈੱਲ ਹੈ। ਆਮ ਫ਼ਸਲਾਂ ਤੋਂ ਇਲਾਵਾ ਉਨ੍ਹਾਂ ਨੇ ਅਮਰੂਦ, ਕੇਲੇ, ਅੰਬ ਅਤੇ ਆੜੂ ਦੇ ਪੌਦੇ ਵੀ ਲਾਏ ਹਨ।

ਸਤਨਾਮ ਸਿੰਘ ਨੇ ਚੰਦਨ ਅਤੇ ਡ੍ਰੈਗਨ ਫਲ ਦੀ ਖੇਤੀ ਕਰਨ ਤੋਂ ਪਹਿਲਾਂ ਰਿਸਰਚ ਵਿੱਚ ਇੱਕ ਸਾਲ ਲਾਇਆ, ਕਿਉਂਕਿ ਉਹ ਇੱਕ ਅਜਿਹੀ ਫ਼ਸਲ ਵਿੱਚ ਨਿਵੇਸ਼ ਕਰਨਾ ਚਾਹੁੰਦੇ ਸਨ, ਜਿਸ ਵਿੱਚ ਘੱਟ ਸਿੰਚਾਈ ਦੀ ਜ਼ਰੂਰਤ ਹੋਵੇ ਅਤੇ ਜਿਸਦੇ ਸਿਹਤ ਅਤੇ ਵਾਤਾਵਰਨ ਨਾਲ ਸੰਬੰਧਿਤ ਲਾਭ ਵੀ ਹੋਣ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਅਜਿਹਾ ਹੀ ਕਰਨ। ਉਨ੍ਹਾਂ ਨੂੰ ਵੀ ਖੇਤੀ ਦੀਆਂ ਅਜਿਹੀਆਂ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ, ਜੋ ਵਾਤਾਵਰਨ ਦੇ ਅਨੁਕੂਲ ਹੋਣ ਅਤੇ ਜਿਨ੍ਹਾਂ ਦੇ ਬਹੁਤ ਸਾਰੇ ਲਾਭ ਵੀ ਹੋਣ।

ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਲਸਣ ਅਤੇ ਮਹੋਗਨੀ ਪੌਦੇ ਉਗਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਹੋਰ ਕਿਸਾਨ ਵੀ ਇਸਦੀ ਸੰਭਾਵਨਾ ਨੂੰ ਪਹਿਚਾਣਨ ਅਤੇ ਆਪਣੇ ਚੰਗੇ ਭਵਿੱਖ ਲਈ ਇਸ ਵਿੱਚ ਨਿਵੇਸ਼ ਕਰਨ।

ਕਿਸਾਨਾਂ ਲਈ ਸੰਦੇਸ਼-
ਹਰਬੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੋਨੋਂ ਹੀ ਇਹ ਚਾਹੁੰਦੇ ਹਨ ਕਿ ਬਾਕੀ ਕਿਸਾਨ ਵੀ ਜੈਵਿਕ ਖੇਤੀ ਸ਼ੁਰੂ ਕਰਨ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਨੂੰ ਬਚਾਉਣ, ਤਾਂ ਹੀ ਉਹ ਜਿਊਂਦੇ ਰਹਿ ਸਕਦੇ ਹਨ ਅਤੇ ਧਰਤੀ ਨੂੰ ਰਹਿਣ ਲਈ ਬਿਹਤਰ ਜਗ੍ਹਾ ਬਣਾਇਆ ਜਾ ਸਕਦਾ ਹੈ।

ਹਰਿਮਨ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸਨੇ ਆਪਣੇ ਕਰਮ ਕਰਦੇ ਹੋਏ, ਆਪਣੀ ਮਿਹਨਤ ਨਾਲ ਸਫ਼ਲਤਾ ਦਾ ਸੁਆਦ ਚਖਿਆ

ਅਜਿਹਾ ਕਿਹਾ ਜਾਂਦਾ ਹੈ ਕਿ ਮਨੁੱਖ ਦੀ ਇੱਛਾ ਸ਼ਕਤੀ ਅੱਗੇ ਕੋਈ ਚੀਜ਼ ਨਹੀਂ ਟਿਕ ਸਕਦੀ। ਅਜਿਹੀ ਹੀ ਇੱਛਾ ਅਤੇ ਸ਼ਕਤੀ ਨਾਲ ਇੱਕ ਅਜਿਹੇ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਨਿਰੰਤਰ ਯਤਨਾਂ ਨਾਲ ਉਸ ਜ਼ਮੀਨ ‘ਤੇ ਸੇਬ ਦੀ ਇੱਕ ਨਵੀਂ ਕਿਸਮ ਦਾ ਵਿਕਾਸ ਕੀਤਾ, ਜਿੱਥੇ ਇਹ ਕਰਨਾ ਲਗਭਗ ਅਸੰਭਵ ਸੀ।

ਸ਼੍ਰੀ ਹਰਿਮਨ ਸ਼ਰਮਾ ਇੱਕ ਸਫ਼ਲ ਕਿਸਾਨ ਹਨ, ਜਿਨ੍ਹਾਂ ਕੋਲ ਸੇਬ, ਅੰਬ, ਆੜੂ, ਕਾੱਫੀ, ਲੀਚੀ ਅਤੇ ਅਨਾਰ ਦੇ ਬਗ਼ੀਚੇ ਹਨ। ਇੱਕ ਊਸ਼ਣ-ਕਟੀਬੰਧੀ ਸਥਾਨ ਹੈ (ਪਿੰਡ ਪਨੀਲਾ ਕੋਠੀ, ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ਼) ਜਿੱਥੇ ਤਾਪਮਾਨ 45° ਤੱਕ ਵੱਧ ਜਾਂਦਾ ਹੈ ਅਤੇ ਭੂਮੀ ਵਿੱਚ 80% ਚੱਟਾਨਾਂ ਅਤੇ 20% ਮਿੱਟੀ ਹੈ। ਇੱਥੇ ਸੇਬ ਉਗਾਉਣਾ ਲਗਭਗ ਅਸੰਭਵ ਸੀ, ਪਰ ਹਰਿਮਨ ਸ਼ਰਮਾ ਜੀ ਦੀਆਂ ਲਗਾਤਾਰ ਕੋਸ਼ਿਸ਼ਾਂ ਨੇ ਇਸਨੂੰ ਸੰਭਵ ਕਰ ਦਿੱਤਾ।

ਇਸ ਤੋਂ ਪਹਿਲਾਂ ਹਰਿਮਨ ਸ਼ਰਮਾ ਜੀ ਕਿਸਾਨ ਨਹੀਂ ਸਨ। ਜੋ ਸਫ਼ਲਤਾ ਅੱਜ ਉਨ੍ਹਾਂ ਨੇ ਹਾਸਿਲ ਕੀਤੀ ਹੈ, ਉਸ ਲਈ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕਈ ਚੁਣੌਤੀਆਂ ਅਤੇ ਔਕੜਾਂ ਦਾ ਸਾਹਮਣਾ ਕਰਨਾ ਪਿਆ। 1971 ਤੋਂ 1982 ਤੱਕ ਉਹ ਮਜ਼ਦੂਰ ਸੀ, 1983 ਤੋਂ 1990 ਤੱਕ ਉਨ੍ਹਾਂ ਨੂੰ ਪੱਥਰ ਤੋੜਨ ਦਾ ਅਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਕੀਤਾ। 1991 ਤੋਂ 1998 ਤੱਕ ਉਨ੍ਹਾਂ ਨੇ ਸਬਜ਼ੀ ਦੀ ਖੇਤੀ ਦੇ ਨਾਲ-ਨਾਲ ਅੰਬ ਦੇ ਬਾਗ ਵੀ ਲਾਏ।

1999 ਵਿੱਚ ਇੱਕ ਅਜਿਹਾ ਮੋੜ ਆਇਆ, ਜਦੋਂ ਉਨ੍ਹਾਂ ਨੇ ਆਪਣੇ ਵਿਹੜੇ ਵਿੱਚ ਇੱਕ ਸੇਬ ਦਾ ਬੀਜ ਪੁੰਗਰਦਾ ਦੇਖਿਆ। ਉਨ੍ਹਾਂ ਨੇ ਉਸ ਪੌਦੇ ਨੂੰ ਸੰਭਾਲਿਆ ਅਤੇ ਖੇਤੀਬਾੜੀ ਵਿੱਚ ਪ੍ਰਾਪਤ ਕੀਤੇ ਤਜ਼ਰਬੇ ਨਾਲ ਇਸਦਾ ਪੋਸ਼ਣ ਕਰਨਾ ਸ਼ੁਰੂ ਕੀਤਾ। ਕੁਆਲਿਟੀ ਨੂੰ ਸੁਧਾਰਨ ਲਈ ਉਨ੍ਹਾਂ ਨੇ ਆਲੂਬੁਖਾਰੇ ਦੇ ਰੁੱਖ ਦੇ ਤਣੇ ‘ਤੇ ਸੇਬ ਦੇ ਰੁੱਖ ਦੀ ਸ਼ਾਖ ਦੀ ਗ੍ਰਾਫਟਿੰਗ ਕਰ ਦਿੱਤੀ ਅਤੇ ਇਸਦਾ ਪਰਿਣਾਮ ਬਿਲਕੁੱਲ ਅਲੱਗ ਸੀ। ਦੋ ਸਾਲ ਬਾਅਦ ਸੇਬ ਦੇ ਪੌਦੇ ਨੇ ਫਲ ਦੇਣੇ ਸ਼ੁਰੂ ਕਰ ਦਿੱਤੇ। ਆਖਿਰ ਉਨ੍ਹਾਂ ਨੇ ਇੱਕ ਅਲੱਗ ਤਰ੍ਹਾਂ ਦਾ ਸੇਬ ਵਿਕਸਿਤ ਕੀਤਾ, ਜੋ ਕਿ ਗਰਮ ਜਲਵਾਯੂ ਦੇ ਨਾਲ ਬਹੁਤ ਘੱਟ ਪਹਾੜੀਆਂ ‘ਤੇ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ।

ਹੌਲੀ-ਹੌਲੀ ਸਮੇਂ ਦੇ ਨਾਲ ਹਰਿਮਨ ਸ਼ਰਮਾ ਦੁਆਰਾ ਖੋਜੀ ਗਈ ਸੇਬ ਦੀ ਕਿਸਮ ਦੀ ਗੱਲ ਫੈਲ ਗਈ। ਜ਼ਿਆਦਾਤਰ ਲੋਕਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਅਤੇ ਕੁੱਝ ਹੈਰਾਨ ਹੋਏ। ਪਰ 7 ਜੁਲਾਈ 2008 ਨੂੰ ਹਰਿਮਨ ਸ਼ਰਮਾ ਸ਼ਿਮਲਾ ਗਏ ਅਤੇ ਉਨ੍ਹਾਂ ਨੇ ਵਿਕਸਿਤ ਕੀਤੇ ਸੇਬ ਦੀ ਇੱਕ ਟੋਕਰੀ ਦੀ ਪੇਸ਼ਕਸ਼ ਕੀਤੀ, ਜੋ ਹਿਮਾਚਲ ਦੇ ਮੁੱਖ ਮੰਤਰੀ ਲਈ ਸੀ।

ਮੁੱਖ ਮੰਤਰੀ ਨੇ ਤੁਰੰਤ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਸਾਰਿਆਂ ਨੇ ਸੇਬ ਖਾਧੇ ਅਤੇ ਜਲਦੀ ਹੀ ਮੁੱਖ ਮੰਤਰੀ ਨੇ ਇਸ ਸੇਬ ਦੀ ਕਿਸਮ ਨੂੰ ਹਰਿਮਨ ਨਾਮ ਦਿੱਤਾ। ਬਾਗਬਾਨੀ ਯੂਨੀਵਰਸਿਟੀ ਅਤੇ ਵਿਭਾਗ ਦੇ ਕਈ ਮਾਹਿਰ ਖ਼ਾਸ ਤੌਰ ‘ਤੇ ਉਨ੍ਹਾਂ ਦੇ ਬਾਗ ਵਿੱਚ ਆਏ ਅਤੇ ਅਸਲ ਵਿੱਚ ਉਨ੍ਹਾਂ ਦਾ ਕੰਮ ਦੇਖ ‘ਤੇ ਹੈਰਾਨ ਅਤੇ ਸੰਤੁਸ਼ਟ ਹੋਏ।

ਉਨ੍ਹਾਂ ਨੇ ਇੱਕ ਹੀ ਕਿਸਮ ਦੇ ਸੇਬ ਦੇ 8 ਪੌਦੇ ਵਿਕਸਿਤ ਕੀਤੇ, ਜੋ ਕਿ ਬਾਗ ਵਿੱਚ ਅੰਬ ਦੇ ਪੌਦਿਆਂ ਨਾਲ ਵੱਧ ਰਹੇ ਹਨ ਅਤੇ ਹੁਣ ਤੱਕ ਚੰਗੀ ਪੈਦਾਵਾਰ ਦੇ ਰਹੇ ਹਨ। ਹਰਿਮਨ ਜੀ ਦੁਆਰਾ ਵਿਕਸਿਤ ਕੀਤੀ ਗਈ ਕਿਸਮ ਦਾ ਨਾਮ ਉਨ੍ਹਾਂ ਦੇ ਹੀ ਨਾਮ ‘ਤੇ HRMN-99 ਰੱਖਿਆ ਗਿਆ। ਉਨ੍ਹਾਂ ਨੇ ਦੇਸ਼ ਭਰ ਵਿੱਚ ਕਿਸਾਨਾਂ, ਮਾਲੀਆਂ, ਉੱਦਮੀਆਂ ਅਤੇ ਸਰਕਾਰੀ ਸੰਗਠਨਾਂ ਨੂੰ 3 ਲੱਖ ਤੋਂ ਵੱਧ ਪੌਦੇ ਵਿਕਸਿਤ ਕੀਤੇ ਅਤੇ ਵੰਡੇ। HRMN-99 ਕਿਸਮ ਦੇ 55 ਸੇਬ ਦੇ ਪੌਦੇ ਰਾਸ਼ਟਰਪਤੀ ਭਵਨ ਵਿੱਚ ਲਾਏ ਗਏ। ਉਨ੍ਹਾਂ ਨੇ ਅੰਬ, ਲੀਚੀ, ਅਨਾਰ, ਕਾੱਫੀ ਅਤੇ ਆੜੂ ਵਰਗੇ ਫਲਾਂ ਦੇ ਵੀ ਬਾਗ ਬਣਾਏ।

ਹਰਿਮਨ ਸ਼ਰਮਾ ਦੁਆਰਾ ਵਿਕਸਿਤ ਸੇਬ ਦੀ ਕਿਸਮ ਨੂੰ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਉਪ-ਊਸ਼ਣ ਕਟਿਬੰਧੀ ਮੈਦਾਨਾਂ ਵਿੱਚ ਫੁੱਲਾਂ ਅਤੇ ਫਲਾਂ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਦੀ ਉਪਲੱਬਧੀ ਬਾਗਬਾਨੀ ਦੇ ਖੇਤਰ ਵਿੱਚ ਬਹੁਤ ਮਹੱਤਵ ਰੱਖਦੀ ਹੈ, ਅੱਜ ਸਮਾਜ ਵਿੱਚ ਹਰਿਮਨ ਸ਼ਰਮਾ ਦਾ ਯੋਗਦਾਨ ਕੇਵਲ ਮਹਾਨ ਹੀ ਨਹੀਂ ਸਗੋਂ ਦੂਸਰੇ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਵੀ ਹੈ।

ਅੱਜ ਹਰਿਮਨ ਐੱਪਲ ਨੂੰ ਭਾਰਤ ਦੇ ਲਗਭਗ ਹਰੇਕ ਰਾਜ ਵਿੱਚ ਉਗਾਇਆ ਅਤੇ ਸੰਭਾਲਿਆ ਜਾਂਦਾ ਹੈ। ਉਨ੍ਹਾਂ ਦੀ ਸਖ਼ਤ-ਮਿਹਨਤ ਨੇ ਸਾਬਿਤ ਕਰ ਦਿੱਤਾ ਕਿ ਗਰਮ ਜਲਵਾਯੂ ਨਾਲ ਬਹੁਤ ਘੱਟ ਪਹਾੜੀਆਂ ‘ਤੇ ਸੇਬ ਨੂੰ ਵਪਾਰਕ ਤੌਰ ‘ਤੇ ਉਗਾਇਆ ਜਾ ਸਕਦਾ ਹੈ। ਸ਼੍ਰੀ ਸ਼ਰਮਾ ਜੀ ਆਪਣੀਆਂ ਬਿਹਤਰ ਤਕਨੀਕਾਂ ਨੂੰ ਆਪਣੇ ਕਿਸਾਨ ਸਾਥੀਆਂ ਨਾਲ ਸ਼ੇਅਰ ਕਰ ਰਹੇ ਹਨ ਅਤੇ ਫੈਲਾ ਰਹੇ ਹਨ।

ਖੇਤੀ ਦੇ ਖੇਤਰ ਵਿੱਚ ਹਰਿਮਨ ਸ਼ਰਮਾ ਜੀ ਨੂੰ ਉਨ੍ਹਾਂ ਦੇ ਕੰਮ ਲਈ ਕਾਫੀ ਪ੍ਰਸੰਸਾ ਅਤੇ ਕਈ ਪੁਰਸਕਾਰ ਵੀ ਮਿਲੇ। ਇਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:

• ਭਾਰਤੀ ਖੇਤੀ ਰਿਸਰਚ ਸੰਸਥਾਨ, ਦਿੱਲੀ ਵਿੱਚ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

• ਰਾਸ਼ਟਰਪਤੀ ਭਵਨ ਵਿੱਚ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੇ ਪ੍ਰੋਗਰਾਮ ਵਿੱਚ ਆਪਣੀ ਨਵੀਂ ਖੋਜ ਲਈ ਰਾਸ਼ਟਰਪਤੀ ਤੋਂ ਪੁਰਸਕਾਰ ਪ੍ਰਾਪਤ ਕੀਤਾ।

• 2010 ਦੇ ਸਭ ਤੋਂ ਚੰਗੇ ਹਿਮਾਚਲੀ ਕਿਸਾਨ ਦੀ ਪਦਵੀ ਨਾਲ ਸਨਮਾਨਿਤ ਕੀਤਾ।

• 15 ਅਗਸਤ 2009 ਵਿੱਚ ਪ੍ਰੇਰਣਾਸ੍ਰੋਤ ਸਨਮਾਨ ਪੁਰਸਕਾਰ।

• 15 ਅਗਸਤ 2008 ਵਿੱਚ ਰਾਜ ਪੱਧਰੀ ਸਭ ਤੋਂ ਵਧੀਆ ਕਿਸਾਨ ਪੁਰਸਕਾਰ।

• ਊਨਾ(2011 ਵਿੱਚ) ਸੇਬ ਦਾ ਸਫ਼ਲਤਾਪੂਰਵਕ ਉਤਪਾਦਨ ਪੁਰਸਕਾਰ।

• 19 ਜਨਵਰੀ 2017 ਨੂੰ ਕ੍ਰਿਸ਼ੀ ਪੰਡਿਤ ਪੁਰਸਕਾਰ।

• ਇੱਫਕੋ ਦੀ ਜਯੰਤੀ ਦੇ ਸ਼ੁੱਭ ਮੌਕੇ ‘ਤੇ 29 ਅਪ੍ਰੈਲ 2017 ਨੂੰ ਪ੍ਰਸਿੱਧ ਕਿਸਾਨ ਪੁਰਸਕਾਰ।

• ਪੂਸਾ ਭਵਨ ਦਿੱਲੀ ਕੇਂਦਰੀ ਕ੍ਰਿਸ਼ੀ ਰਾਜ ਮੰਤਰੀ ਦੁਆਰਾ 17 ਮਾਰਚ 2010 ਵਿੱਚ IARI Fellow ਐਵਾਰਡ।

• 21 ਮਾਰਚ 2016 ਵਿੱਚ ਕੇਂਦਰੀ ਖੇਤੀ ਅਤੇ ਕਿਸਾਨ ਕਲਿਆਣ ਮੰਤਰੀ ਭਾਰਤ ਸਰਕਾਰ – ਰਾਧਾ ਮੋਹਨ ਸਿੰਘ ਦੁਆਰਾ ਰਾਸ਼ਟਰੀ ਇਨੋਵੇਟਿਵ ਕਿਸਾਨ ਸਨਮਾਨ।

• ਸੇਬ ਉਤਪਾਦਨ ਲਈ 3 ਫਰਵਰੀ 2016 ਨੂੰ ਹਿਮਾਚਲ ਪ੍ਰਦੇਸ਼ ਦੇ ਗਵਰਨਰ ਦੁਆਰਾ ਸਨਮਾਨ।

• ਭਾਰਤੀ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ 4 ਮਾਰਚ 2017 ਨੂੰ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਦੂਜਾ ਪੁਰਸਕਾਰ।

• ਬੀਕਾਨੇਰ ਵਿਖੇ 9 ਮਾਰਚ 2017 ਨੂੰ ਰਾਜਸਥਾਨ ਯੂਨੀਵਰਸਿਟੀ ਆੱਫ ਵੈਟਨਰੀ ਐਂਡ ਐਨੀਮਲ ਸਾਇੰਸਜ਼ ਦੁਆਰਾ ਵਿਗਿਆਨਕ ਕਿਸਾਨ ਦਾ ਖਿਤਾਬ

ਕਿਸਾਨਾਂ ਲਈ ਸੰਦੇਸ਼
ਕਰਮ ਕਰਨਾ ਮਨੁੱਖ ਦਾ ਅਧਿਕਾਰ ਹੈ, ਫਲ ਪ੍ਰਾਪਤ ਕਰਨ ਲਈ ਕਰਮ ਨਹੀਂ ਕੀਤਾ ਜਾਂਦਾ। ਇੱਕ ਖੇਤ ਵਿੱਚ ਕਿਸਾਨ ਦਾ ਕੰਮ ਬੀਜ ਬੀਜਣਾ ਹੁੰਦਾ ਹੈ, ਪਰ ਅਨਾਜ ਦਾ ਵੱਧਣਾ ਕਿਸਾਨ ਦੇ ਹੱਥ ‘ਚ ਨਹੀਂ ਹੈ। ਕਿਸਾਨ ਨੂੰ ਆਪਣਾ ਕੰਮ ਕਦੇ ਵੀ ਅਧੂਰਾ ਨਹੀਂ ਛੱਡਣਾ ਚਾਹੀਦਾ ਅਤੇ ਪੂਰੇ ਯਤਨ ਕਰਨੇ ਚਾਹੀਦੇ ਹਨ। ਮੈਂ ਉਸ ਸੇਬ ਦੇ ਪੁੰਗਰਾਅ ਨੂੰ ਵਿਕਸਿਤ ਕਰਨ ਅਤੇ ਉਸ ਤੋਂ ਕੁੱਝ ਨਵਾਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ। ਇਹੀ ਕਾਰਨ ਹੈ ਕਿ ਮੈਂ ਇੱਥੇ ਹਾਂ ਅਤੇ ਇਹੀ ਕਾਰਨ ਹੈ ਕਿ ਸੇਬ ਦੀ ਕਿਸਮ ਦਾ ਨਾਮ ਮੇਰੇ ਨਾਮ ‘ਤੇ ਹੈ। ਹਰ ਕਿਸਾਨ ਨੂੰ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਰਮ ਕਰਦੇ ਰਹਿਣਾ ਚਾਹੀਦਾ ਹੈ।”

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”