ਪਰਦੀਪ ਨੱਤ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਹੀ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਅਪਣਾ ਕੇ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਨੌਜਵਾਨ

ਜ਼ਿੰਦਗੀ ਦਾ ਸਫ਼ਰ ਬਹੁਤ ਹੀ ਲੰਬਾ ਹੈ ਜੋ ਕਿ ਸਾਰੀ ਜ਼ਿੰਦਗੀ ਕੰਮ ਕਰਦਿਆਂ ਹੋਏ ਵੀ ਕਦੇ ਖਤਮ ਨਹੀਂ ਹੁੰਦਾ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਮੁਸਾਫ਼ਿਰ ਜਾਂ ਸਾਥੀ ਅਜਿਹਾ ਹੁੰਦਾ ਹੈ ਜੋ ਉਸ ਨਾਲ ਹਮੇਸ਼ਾਂ ਨਾਲ ਰਹਿੰਦਾ ਹੈ, ਜਿਵੇਂ ਕਿਸੇ ਲਈ ਕਿਸੇ ਦਫਤਰ ਵਿੱਚ ਮਦਦ ਕਰਨ ਵਾਲਾ ਕੋਈ ਕਰਮਚਾਰੀ, ਜਿਵੇਂ ਕਿਸੇ ਪੰਛੀ ਦੀ ਥਕਾਵਟ ਦੂਰ ਕਰਨ ਵਾਲੀ ਬੂਟੇ ਦੀ ਟਾਹਣੀ, ਇਸ ਤਰ੍ਹਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।

ਜਿਨ੍ਹਾਂ ਦੀ ਅੱਜ ਇਸ ਸਟੋਰੀ ਵਿੱਚ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਇਸ ਕਥਨ ਨਾਲ ਮਿਲਦੀ-ਜੁਲਦੀ ਹੈ, ਕਿਉਂਕਿ ਜੇਕਰ ਇੱਕ ਸਾਥ ਦੇਣ ਵਾਲਾ ਇਨਸਾਨ ਜੋ ਤੁਹਾਡੇ ਚੰਗੇ ਜਾਂ ਮਾੜੇ ਸਮੇਂ ਵਿੱਚ ਤੁਹਾਡਾ ਹਮੇਸ਼ਾਂ ਸਾਇਆ ਬਣ ਕੇ ਨਾਲ ਰਹਿੰਦਾ ਸੀ, ਤਾਂ ਜੇਕਰ ਉਹ ਇੱਕੋਂ ਦਮ ਤੁਹਾਡੇ ਤੋਂ ਅਲਗਹੋ ਜਾਵੇ ਤਾਂ ਹਰ ਇੱਕ ਕੰਮ ਜੋ ਪਹਿਲਾ ਆਸਾਨ ਲੱਗਦਾ ਸੀ ਉਹ ਬਾਅਦ ‘ਚ ਇਕੱਲਿਆਂ ਕਰਨਾ ਔਖਾ ਹੋ ਜਾਂਦਾ ਹੈ, ਦੂਸਰਾ ਤੁਹਾਨੂੰ ਉਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਪਰਦੀਪ ਨੱਤ, ਜੋ ਪਿੰਡ ਨੱਤ ਦਾ ਰਹਿਣ ਵਾਲਾ ਹੈ, ਜਿਸ ਨੇ ਛੋਟੀ ਉਮਰ ਵਿੱਚ ਇਕੱਲਿਆਂ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਉੱਤੇ ਜਿੱਤ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਬਠਿੰਡੇ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਅਤੇ ਖੁਦ ਹੀ ਮਾਰਕੀਟਿੰਗ ਕਰਕੇ ਨਾਮ ਚਮਕਾਇਆ ਹੈ।

ਸਾਲ 2018 ਦੀ ਗੱਲ ਹੈ ਜਦੋਂ ਪਰਦੀਪ ਆਪਣੇ ਪਿਤਾ ਜੀ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀ ਦੇ ਵਿੱਚ ਹੱਥ ਵਟਾਉਣ ਲੱਗ ਪਿਆ ਤੇ ਉਸਦਾ ਸ਼ੁਰੂ ਤੋਂ ਇਹ ਹੀ ਸੀ ਕਿ ਕਿਸੇ ਕੰਪਨੀ ਵਿੱਚ ਕਿਸੇ ਹੇਠਾਂ ਕੰਮ ਕਰਨ ਦੀ ਬਜਾਏ ਖੁਦ ਦਾ ਕੰਮ ਕਰਨਾ ਹੈ, ਇਸ ਲਈ ਖੇਤੀ ਨੂੰ ਉਸਨੇ ਆਪਣਾ ਕਿੱਤਾ ਬਣਾਉਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਆਪਣੇ ਪਿਤਾ ਜੀ ਦੇ ਦੱਸੇ ਅਨੁਸਾਰ ਖੇਤੀ ਦੇ ਰੁਝੇਵਿਆਂ ਵਿੱਚ ਅਜਿਹਾ ਰੁੱਝ ਗਿਆ ਕਿ ਉਸਨੂੰ ਖੇਤਾਂ ਨਾਲ ਇੰਨਾ ਪਿਆਰ ਹੋ ਗਿਆ ਅਤੇ ਲੋਕ ਉਸਨੂੰ ਖੇਤਾਂ ਦਾ ਪੁੱਤ ਕਹਿਣ ਲੱਗ ਗਏ।

ਜਦੋਂ ਪਰਦੀਪ ਨੂੰ ਖੇਤੀ ਦੇ ਬਾਰੇ ਜਾਣਕਾਰੀ ਹੋ ਲੱਗੀ ਕਿ ਫਸਲ ਅਤੇ ਖਾਦ ਦੀ ਮਾਤਰਾ ਬਾਰੇ ਉਦੋਂ ਅਚਾਨਕ 2018 ਵਿੱਚ ਪਰਦੀਪ ਦੇ ਸਿਰ ਉੱਤੋਂ ਮਦਦ ਕਰਨ ਵਾਲਾ ਹੱਥ ਉੱਠ ਗਿਆ ਜੋ ਕਿ ਹਰ ਦੁੱਖ-ਸੁੱਖ ਵਿੱਚ ਉਸ ਦਾ ਸਾਇਆ ਬਣ ਕੇ ਹਮੇਸ਼ਾਂ ਨਾਲ ਰਹਿੰਦਾ ਸੀ। ਜਿਸ ਦਾ ਦੁੱਖ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੋਇਆ ਕਿਉਂਕਿ ਪੂਰੇ ਘਰ ਦੀ ਜਿੰਮੇਵਾਰੀ ਸੰਭਾਲਣ ਵਾਲੇ ਉਸ ਦੇ ਪਿਤਾ ਜੀ ਹੀ ਸਨ। ਜੋ ਕਿ ਹੁਣ ਸਾਰੀ ਜਿੰਮੇਵਾਰੀ ਪਰਦੀਪ ਦੇ ਸਿਰ ਉੱਤੇ ਆ ਗਈ ਸੀ ਅਤੇ ਉੱਤੋਂ ਪਰਦੀਪ ਦੀ ਉਮਰ ਵੀ ਛੋਟੀ ਸੀ। ਪਰ ਪਰਦੀਪ ਨੇ ਹੌਂਸਲਾ ਰੱਖਿਆ ਅਤੇ ਖੇਤੀ ਦੇ ਤਰੀਕਿਆਂ ਨੂੰ ਬਦਲਣ ਬਾਰੇ ਸੋਚਿਆ ਜਿਸ ਬਾਰੇ ਉਸਨੇ ਸੁਣਿਆ ਹੋਇਆ ਸੀ ਕਿ ਆਰਗੈਨਿਕ ਤਰੀਕੇ ਨਾਲ ਵੀ ਖੇਤੀ ਕੀਤੀ ਜਾ ਸਕਦੀ ਹੈ।

ਫਿਰ ਕੀ 2018 ਵਿੱਚ ਹੀ ਦੇਰੀ ਨਾ ਕਰਦੇ ਹੋਏ ਇੱਕ ਏਕੜ ਵਿੱਚ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਉੱਤੇ ਬਹੁਤ ਸਾਰੇ ਲੋਕਾਂ ਨੇ ਉਸਨੂੰ ਕਿਹਾ ਕਿ ਤੂੰ ਇਹ ਕੀ ਕਰ ਲਿਆ, ਤਾਂ ਉਸਨੇ ਕਿਸੇ ਦੀ ਨਾ ਮੰਨ ਕੇ ਆਪਣੀ ਹੀ ਕੀਤੀ, ਉਸਦਾ ਸੋਚਣਾ ਸੀ ਕਿ ਹੁਣ ਤੱਕ ਦਾ ਰਸਾਇਣਿਕ ਖਾਂਦੇ ਆਏ ਹਾਂ ਤੇ ਪਤਾ ਨਹੀਂ ਕਿੰਨੀਆਂ ਹੀ ਬਿਮਾਰੀਆਂ ਨੂੰ ਘਰ ਲਿਆਈ ਬੈਠੇ ਹਾਂ, ਇਸ ਨਾਲੋਂ ਸ਼ੁੱਧ ਤੇ ਆਰਗੈਨਿਕ ਖਾਈਏ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਆਰਗੈਨਿਕ ਤਰੀਕੇ ਨਾਲ ਤਾਂ ਖੇਤੀ 2018 ਦੇ ਫਰਵਰੀ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਆਰਗੈਨਿਕ ਬਾਰੇ ਪੂਰੀ ਜਾਣਕਾਰੀ ਹੋ ਗਈ ਤਾਂ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਕੁੱਝ ਹੋਰ ਵੱਖਰਾ ਕੀਤਾ ਜਾਵੇ ਅਤੇ ਸਿੱਧਾ ਖਿਆਲ ਉਸਦਾ ਰਵਾਇਤੀ ਖੇਤੀ ਤੋਂ ਹੱਟ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਵਿਚਾਰ ਆਇਆ। ਫਿਰ ਸਤੰਬਰ ਮਹੀਨੇ ਦੇ ਚੜ੍ਹਦੇ ਸਾਰ ਹੀ ਉਸਨੇ ਥੋੜੀ ਮਾਤਰਾ ਵਿੱਚ ਭਿੰਡੀ, ਮਿਰਚ, ਸ਼ਿਮਲਾ ਮਿਰਚ, ਗੋਭੀ ਆਦਿ ਦੀ ਸਬਜੀਆਂ ਲਗਾ ਦਿੱਤੀਆਂ ਅਤੇ ਆਰਗੈਨਿਕ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਲੱਗਾ ਅਤੇ ਜਦੋਂ ਸਮੇਂ ਦੇ ਅਨੁਸਾਰ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਸਭ ਤੋਂ ਪਹਿਲਾ ਪਰਦੀਪ ਨੇ ਘਰ ਲੈ ਕੇ ਸਬਜ਼ੀ ਬਣਾ ਕੇ ਦੇਖੀ ਤੇ ਜਦੋ ਖਾਈ ਤਾਂ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਭਿੰਨ ਸੀ ਕਿਉਂਕਿ ਆਰਗੈਨਿਕ ਤੇ ਰਸਾਇਣਿਕ ਤਰੀਕੇ ਨਾਲ ਉਗਾਈ ਗਈ ਫਸਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।

ਇਸ ਤੋਂ ਬਾਅਦ ਪਰਦੀਪ ਨੇ ਸੋਚਿਆ ਕਿ ਚੱਲੋ ਸਬਜ਼ੀਆਂ ਨੂੰ ਵੇਚ ਕੇ ਆਉਂਦੇ ਹਾਂ ਪਰ ਮਨ ਵਿੱਚ ਖਿਆਲ ਆਇਆ ਕਿ ਲੋਕ ਰਸਾਇਣਿਕ ਦੇਖ ਕੇ ਜੈਵਿਕ ਸਬਜ਼ੀ ਨੂੰ ਕਿਵੇਂ ਖ੍ਰੀਦਣਗੇ। ਫਿਰ ਪਰਦੀਪ ਨੇ ਖੁਦ ਮਾਰਕੀਟਿੰਗ ਕਰਨ ਦੀ ਯੋਜਨਾ ਬਣਾਈ ਅਤੇ ਖੁਦ ਪਿੰਡ-ਪਿੰਡ ਜਾ ਕੇ ਸਬਜ਼ੀਆਂ ਵੇਚਣ ਲੱਗਾ ਅਤੇ ਲੋਕਾਂ ਨੂੰ ਜੈਵਿਕ ਫਾਇਦੇ ਬਾਰੇ ਦੱਸਣ ਲੱਗਾ ਜਿਸ ਨਾਲ ਲੋਕਾਂ ਨੂੰ ਉਸ ਤੇ ਵਿਸ਼ਵਾਸ ਹੋਣ ਲੱਗ ਗਿਆ।

ਫਿਰ ਕੀ ਰੋਜ਼ ਪਰਦੀਪ ਨੇ ਭਲਕੇ ਜਾ ਕੇ ਸਬਜ਼ੀ ਤੋੜਨੀ ਅਤੇ ਆਪਣੀ ਮੋਟਰਸਾਈਕਲ ਨਾਲ ਬਣਾਈ ਰੇੜ੍ਹੀ ਵਿੱਚ ਰੱਖ ਕੇ ਸਬਜ਼ੀਆਂ ਵੇਚਣ ਜਾਂਦਾ ਅਤੇ ਸ਼ਾਮ ਨੂੰ ਘਰ ਵਾਪਿਸ ਆ ਜਾਂਦਾ। ਪਰ ਇਹ ਕਿੰਨਾ ਸਮਾਂ ਇਸ ਤਰ੍ਹਾਂ ਚੱਲਣਾ ਸੀ ਤੇ ਇਸ ਵਾਰ ਆਪਣੇ ਨਾਲ ਨਰਸਰੀ ਦੇ ਕਾਰਡ ਛਪਵਾ ਕੇ ਲੈ ਗਿਆ ਅਤੇ ਸਬਜ਼ੀ ਦੇ ਨਾਲ ਨਾਲ ਉਹ ਵੀ ਦੇਣ ਲੱਗਾ।

ਫਿਰ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਬਠਿੰਡੇ ਸ਼ਹਿਰ ਵਿੱਚ ਜਾ ਕੇ ਸਬਜ਼ੀਆਂ ਦੀ ਵੇਚ ਕੀਤੀ ਜਾਵੇ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ ਅਤੇ ਸ਼ਹਿਰ ਵਿੱਚ ਉਸਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਨਾਲ ਪ੍ਰਦੀਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਤੇ ਖੁਸ਼ੀ ਦੇ ਨਾਲ-ਨਾਲ ਮੁਨਾਫ਼ਾ ਵੀ ਹੋਣ ਲੱਗਾ।

ਇਸ ਤਰ੍ਹਾਂ ਪੂਰਾ 1 ਸਾਲ ਚੱਲਦਾ ਰਿਹਾ ਅਤੇ 2020 ਆਉਂਦਿਆਂ ਪਰਦੀਪ ਨੂੰ ਇਸ ਕੰਮ ਵਿੱਚ ਪੂਰੀ ਤਰ੍ਹਾਂ ਸਫਲਤਾ ਹਾਸਿਲ ਹੋਈ। ਜੋ ਪਰਦੀਪ ਨੇ 1 ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਉਸਨੂੰ ਹੌਲੀ-ਹੌਲੀ 5 ਏਕੜ ਦੇ ਵਿੱਚ ਫ਼ੈਲਾ ਰਹੇ ਹਨ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤਾਂ ਵਾਧਾ ਕੀਤਾ ਹੀ ਹੈ ਉਸਦੇ ਨਾਲ ਹੀ ਨਰਮੇ ਦੀ ਕਾਸ਼ਤ ਵੀ ਆਰਗੈਨਿਕ ਤਰੀਕੇ ਨਾਲ ਕਰਨੀ ਸ਼ੁਰੂ ਕੀਤੀ ਹੈ।

ਅੱਜ ਪਰਦੀਪ ਨੂੰ ਘਰ ਬੈਠੇ ਸਬਜ਼ੀ ਖਰੀਦਣ ਲਈ ਫੋਨ ਆਉਂਦਾ ਹੈ ਤੇ ਪਰਦੀਪ ਆਪਣੀ ਰੇੜ੍ਹੀ ਉੱਤੇ ਸਬਜ਼ੀ ਰੱਖ ਕੇ ਵੇਚਣ ਚਲੇ ਜਾਂਦੇ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਸਬਜ਼ੀ ਲਈ ਫੋਨ ਬਠਿੰਡੇ ਸ਼ਹਿਰ ਤੋਂ ਆਉਂਦੇ ਹਨ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਪਰਦੀਪ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਹਨ, ਹਰ ਇੱਕ ਨੂੰ ਚਾਹੀਦਾ ਹੈ ਮੁਸ਼ਕਿਲਾਂ ਨੂੰ ਦੇਖ ਕਦੇ ਵੀ ਭੱਜਣਾ ਨਹੀਂ ਚਾਹੀਦਾ, ਸਗੋਂ ਉਹਨਾਂ ਮੁਸ਼ਕਿਲਾਂ ਦਾ ਹੱਸ ਕੇ ਮੁਕ਼ਾਬਲਾ ਕਰਨਾ ਚਾਹੀਦਾ ਹੈ, ਜਿਸ ਵਿੱਚ ਉਮਰ ਕਦੇ ਵੀ ਕੋਈ ਮਾਇਨੇ ਨਹੀਂ ਰੱਖਦਾ, ਜਿਸਨੇ ਮੰਜਿਲਾਂ ਹਾਸਿਲ ਕਰਨੀਆਂ ਉਸਨੇ ਛੋਟੀ ਉਮਰੇ ਹੀ ਕਰ ਲੈਣੀਆਂ ਹਨ।

ਭਵਿੱਖ ਦੀ ਯੋਜਨਾ

ਉਹ ਹੌਲ਼ੀ ਹੌਲੀ ਆਪਣੀ ਜਿੰਨੀ ਵੀ ਜਮੀਨ ਹੈ ਉਸਨੂੰ ਪੁਰੀ ਤਰ੍ਹਾਂ ਆਰਗੈਨਿਕ ਵਿੱਚ ਬਦਲਣਾ ਚਾਹੁੰਦੇ ਹਨ ਅਤੇ ਖੇਤੀ ਦੀ ਜੀਵਨ ਸ਼ੈਲੀ ਜੋ ਰਸਾਇਣਿਕ ਖਾਦਾਂ ਨੇ ਬਰਬਾਦ ਕੀਤੀ ਹੈ ਉਸਨੂੰ ਜੈਵਿਕ ਖਾਦਾਂ ਰਾਹੀਂ ਦੁਬਾਰਾ ਤਾਕਤਵਾਰ ਬਣਾਉਣਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਕੋਈ ਵੀ ਹੈ ਚਾਹੇ ਛੋਟਾ ਹੈ ਚਾਹੇ ਵੱਡਾ, ਹਮੇਸ਼ਾਂ ਪਹਿਲ ਜੈਵਿਕ ਖੇਤੀ ਨੂੰ ਹੀ ਦੇਣ, ਕਿਉਂਕਿ ਆਪਣੀ ਸਿਹਤ ਨਾਲੋਂ ਹੋਰ ਕੁਝ ਵੀ ਪਿਆਰਾ ਨਹੀਂ ਹੈ ਅਤੇ ਮੁਨਾਫੇ ਬਾਰੇ ਨਾ ਸੋਚ ਕੇ ਆਪਣੇ ਅਤੇ ਦੂਜਿਆਂ ਬਾਰੇ ਹੀ ਸੋਚ ਕੇ ਹੀ ਸ਼ੁਰੂ ਕਰੇ, ਆਪ ਵੀ ਸ਼ੁੱਧ ਖਾਓ ਅਤੇ ਦੂਸਰਿਆਂ ਨੂੰ ਖਵਾਓ।

ਰਾਜਵਿੰਦਰ ਸਿੰਘ ਖੋਸਾ

ਪੂਰੀ ਕਹਾਣੀ ਪੜ੍ਹੋ

ਅਪਾਹਿਜ ਹੋਣ ਦੇ ਬਾਵਜੂਦ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਕਿਸਾਨ

ਨਵੇਂ ਰਸਤੇ ਉੱਤੇ ਚੱਲਦਿਆਂ ਰੁਕਾਵਟਾਂ ਤਾਂ ਆਉਂਦੀਆਂ ਹਨ ਪਰ ਉਹਨਾਂ ਦਾ ਹੱਲ ਵੀ ਜ਼ਰੂਰ ਹੁੰਦਾ ਹੈ।

ਅੱਜ ਜਿਸ ਕਿਸਾਨ ਦੀ ਕਹਾਣੀ ਤੁਸੀਂ ਪੜ੍ਹੋਗੇ ਉਹ ਸਰੀਰਿਕ ਪੱਖੋਂ ਅਪਾਹਿਜ ਜ਼ਰੂਰ ਹੈ, ਪਰ ਹੋਂਸਲਾ ਤੇ ਜਜ਼ਬਾ ਇੰਨਾ ਹੈ ਕਿ ਦੁਨੀਆਂ ਜਿੱਤਣ ਦਾ ਦਮ ਰੱਖਦਾ ਹੈ।

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਦਾ ਹਿੰਮਤੀ ਕਿਸਾਨ ਰਾਜਵਿੰਦਰ ਸਿੰਘ ਖੋਸਾ ਜਿਸਨੇ ਬਾਰਵੀਂ, ਕੰਪਿਊਟਰ, ਬੀ ਏ ਅਤੇ ਸਰਕਾਰੀ ਆਈ ਟੀ ਆਈ ਫਰੀਦਕੋਟ ਤੋਂ ਸ਼ਾਟਹੈਂਡ-ਸਟੈਨੋ ਪੰਜਾਬੀ ਟਾਇਪਿੰਗ ਦਾ ਕੋਰਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਕੀਤੀ ਪਰ ਕੀਤੇ ਵੀ ਨੌਕਰੀ ਨਾ ਮਿਲ ਸਕੀ ਅਤੇ ਥੱਕ-ਹਾਰ ਕੇ ਅਖੀਰ ਉਹ ਆਪਣੇ ਪਿੰਡ ਵਿੱਚ ਹੀ ਕਣਕ-ਝੋਨੇ ਦੀ ਹੀ ਖੇਤੀ ਕਰਨ ਲੱਗਾ।

ਇਹ ਗੱਲ ਸਾਲ 2019 ਦੀ ਹੈ ਜਦੋਂ ਰਾਜਵਿੰਦਰ ਸਿੰਘ ਖੋਸਾ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਇਸ ਦੇ ਨਾਲ-ਨਾਲ ਆਪਣੇ ਘਰ ਖਾਣ ਲਈ ਹੀ ਸਬਜ਼ੀਆਂ ਦੀ ਹੀ ਕਾਸ਼ਤ ਕਰਦੇ ਸਨ ਜਿਸ ਵਿੱਚ ਉਹ ਸਿਰਫ ਬਹੁਤ ਘੱਟ ਮਾਤਰਾ ਦੇ ਵਿੱਚ ਹੀ ਥੋੜੀ ਬਹੁਤ ਹੀ ਗਿਣੀਆਂ-ਚੁਣੀਆਂ ਸਬਜ਼ੀਆਂ ਹੀ ਲਗਾਉਂਦੇ ਅਤੇ ਬਹੁਤ ਵਾਰ ਜਿਵੇਂ ਪਿੰਡ ਵਾਲੇ ਆ ਕੇ ਲੈ ਜਾਂਦੇ ਸਨ ਪਰ ਉਨ੍ਹਾਂ ਨੇ ਕਦੇ ਸਬਜ਼ੀਆਂ ਦੇ ਪੈਸੇ ਤੱਕ ਨਹੀਂ ਲਏ ਸੀ।

ਬਹੁਤ ਸਮਾਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਰਹੇ, ਪਰ ਥੋੜੀ ਮਾਤਰਾ ਦੇ ਵਿੱਚ, ਪਰ 2019 ਵਿੱਚ ਕੋਵਿਡ ਕਰਕੇ ਲੱਗੇ ਲੌਕਡਾਊਨ ਕਾਰਨ ਦੁਨੀਆਂ ਨੂੰ ਸਰਕਾਰ ਦੇ ਹੁਕਮ ਅਨੁਸਾਰ ਆਪਣੇ ਘਰਾਂ ਵਿੱਚ ਕੈਦ ਹੋਣਾ ਪਿਆ ਅਤੇ ਖਾਣ-ਪੀਣ ਦੀ ਸਮੱਸਿਆ ਆ ਗਈ ਸੀ ਕਿ ਖਾਣਾ ਜਾਂ ਸਬਜ਼ੀ ਕਿੱਥੋਂ ਲੈ ਕੇ ਆਈਏ, ਤਾਂ ਇਸ ਨੂੰ ਦੇਖਦੇ ਹੋਏ ਜਦੋਂ ਰਾਜਵਿੰਦਰ ਖੋਸਾ ਜੀ ਘਰ ਆਏ ਉਹ ਸੋਚ ਰਹੇ ਸਨ ਕਿ ਜੇਕਰ ਸਾਰੀ ਦੁਨੀਆਂ ਇਸ ਤਰ੍ਹਾਂ ਹੀ ਘਰ ਵਿੱਚ ਬੈਠ ਗਈ ਤਾਂ ਉਹ ਖਾਣ-ਪੀਣ ਦਾ ਪ੍ਰਬੰਧ ਕਿਵੇਂ ਕਰਨਗੇ ਤੇ ਇਸ ਵਿੱਚ ਜ਼ਰੂਰੀ ਸੀ ਸਰੀਰ ਦੀ ਇਮੁਨਿਟੀ ਨੂੰ ਮਜ਼ਬੂਤ ਬਣਾਉਣਾ ਤੇ ਉਹ ਉਦੋਂ ਹੀ ਮਜ਼ਬੂਤ ਹੋ ਸਕਦੀ ਸੀ ਜਦੋਂ ਖਾਣਾ-ਪੀਣਾ ਸਹੀ ਹੋਵੇ ਅਤੇ ਇਸ ਵਿੱਚ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਵਿੰਦਰ ਨੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬਜ਼ੀਆਂ ਦੇ ਕੰਮ ਨੂੰ ਵਧਾਉਣ ਬਾਰੇ ਸੋਚਿਆ। ਹੌਲੀ-ਹੌਲੀ ਕਰਦੇ ਰਾਜਵਿੰਦਰ ਨੇ 12 ਮਰਲਿਆਂ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਜਿਵੇਂ ਭਿੰਡੀ, ਤੋਰੀ, ਕੱਦੂ, ਚੱਪਣ ਕੱਦੂ ਆਦਿ ਦੀਆਂ ਸਬਜ਼ੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਸਬਜ਼ੀਆਂ ਅਗੇਤੀ ਲਗਾ ਅਤੇ ਥੋੜੇ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਉੱਥੋਂ ਸ਼ੁਰੂ ਕੀਤਾ।

ਜਦੋਂ ਸਮੇਂ ‘ਤੇ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਸ ਨੂੰ ਮੰਡੀ ਵਿੱਚ ਵੇਚ ਕੇ ਆਇਆ ਜਾਵੇ ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਕਿਉਂ ਨਾ ਇਸ ਦਾ ਮੰਡੀਕਰਨ ਮੈਂ ਖੁਦ ਹੀ ਕਰਾਂ, ਜੋ ਪੈਸੇ ਆੜ੍ਹਤੀਏ ਕਮਾ ਰਹੇ ਹਨ ਉਹ ਪੈਸਾ ਖੁਦ ਹੀ ਕਮਾ ਲਿਆ ਜਾਵੇ।

ਫਿਰ ਰਾਜਵਿੰਦਰ ਨੇ ਆਪਣੀ ਮਾਰੂਤੀ ਕਾਰ ਨੂੰ ਸਬਜ਼ੀਆਂ ਦੇ ਲੇਖੇ ਲਗਾ ਦਿੱਤਾ। ਸਬਜ਼ੀਆਂ ਕਾਰ ਵਿੱਚ ਰੱਖ ਕੇ ਫਰੀਦਕੋਟ ਸ਼ਹਿਰ ਦੇ ਨੇੜਲੇ ਲੱਗਦੀਆਂ ਨਹਿਰਾਂ ਕੋਲ ਸਵੇਰੇ ਜਾ ਕੇ ਸਬਜ਼ੀ ਵੇਚਣ ਲੱਗੇ, ਪਰ ਇੱਕ-ਦੋ ਦਿਨ ਉੱਥੇ ਬਹੁਤ ਘੱਟ ਲੋਕ ਸਬਜ਼ੀ ਖਰੀਦਣ ਦੇ ਲਈ ਆਏ ਅਤੇ ਵਾਪਿਸ ਘਰ ਨਿਰਾਸ਼ ਹੋ ਕੇ ਆ ਗਏ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚਿਆ ਕੋਈ ਨਹੀਂ ਕੱਲ ਕਿਤੇ ਕਿਸੇ ਹੋਰ ਜਗ੍ਹਾਂ ‘ਤੇ ਲਗਾ ਕੇ ਦੇਖੀ ਜਾਵੇਗੀ, ਜਿੱਥੇ ਥੋੜੀ ਭੀੜ ਜਿਹੀ ਹੋਵੇ ਅਤੇ ਲੋਕਾਂ ਦਾ ਆਉਣਾ-ਜਾਣਾ ਵੀ ਹੋਵੇ। ਜਿਵੇਂ ਹੀ ਰਾਜਵਿੰਦਰ ਕਾਰ ਵਿੱਚ ਬੈਠ ਕੇ ਜਾਣ ਲੱਗਾ ਤਾਂ ਪਿੱਛੋਂ ਜਸਪਾਲ ਸਿੰਘ ਨਾਮ ਦੇ ਵੀਰ ਨੇ ਆਵਾਜ਼ ਮਾਰੀ, ਕਹਿੰਦੇ ਭਰਾ ਸਵੇਰੇ-ਸਵੇਰੇ ਸ਼ਹਿਰ ਦੇ ਲੋਕ ਡੇਅਰੀ ਤੋਂ ਦੁੱਧ ਅਤੇ ਦਹੀਂ ਲੈਣ ਲਈ ਆਉਂਦੇ ਹਨ ਕੀ ਪਤਾ ਸਬਜ਼ੀ ਵਾਲੀ ਕਾਰ ਵੇਖ ਤੇਰੀ ਸਬਜ਼ੀ ਹੀ ਖਰੀਦ ਲੈਣ, ਤੂੰ ਸਵੇਰ ਵੇਲੇ ਸਬਜ਼ੀ ਵੇਚ ਕੇ ਦੇਖ।

ਰਾਜਵਿੰਦਰ ਸਿੰਘ ਨੇ ਉਸਦੀ ਗੱਲ ਮੰਨਦਿਆਂ ਫਿਰ ਡੀਸੀ ਰਿਹਾਇਸ਼ ਦੇ ਕੋਲ ਡੇਅਰੀ ਦੇ ਸਾਹਮਣੇ ਸਵੇਰੇ 6 ਵਜੇ ਜਾ ਕੇ ਸਬਜ਼ੀਆਂ ਨੂੰ ਵੇਚਣ ਲੱਗਾ, ਜਿਸ ਨਾਲ ਪਹਿਲੇ ਦਿਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਤੋਂ ਸਬਜ਼ੀ ਖਰੀਦੀ। ਰਾਜਵਿੰਦਰ ਸਿੰਘ ਖੋਸਾ ਨੂੰ ਥੋੜੀ ਖੁਸ਼ੀ ਵੀ ਹੋਈ, ਇਹ ਦੇਖ ਕੇ ਅੰਦਰ ਇੱਕ ਉਮੀਦ ਦੀ ਰੋਸ਼ਨੀ ਜਾਗ ਪਈ ਅਤੇ ਅਗਲੇ ਦਿਨ ਸਵੇਰੇ 6 ਵਜੇ ਜਾ ਕੇ ਫਿਰ ਖੜ ਗਿਆ ਅਤੇ ਕੱਲ ਨਾਲੋਂ ਅੱਜ ਸਬਜ਼ੀ ਦੀ ਬਹੁਤ ਖਰੀਦ ਹੋਈ ਇਹ ਦੇਖ ਕੇ ਬਹੁਤ ਖੁਸ਼ ਹੋਏ।

ਰਾਜਵਿੰਦਰ ਨੇ ਸਵੇਰ 6 ਵਜੇ ਤੋਂ ਸਵੇਰ ਦੇ 9 ਵਜੇ ਦੇ ਵਿਚਕਾਰ ਦਾ ਸਮਾਂ ਰੱਖ ਲਿਆ ਅਤੇ ਇਸ ਸਮੇਂ ਵਿੱਚ ਹੀ ਉਹ ਸਬਜ਼ੀਆਂ ਨੂੰ ਵੇਚਦੇ ਸਨ। ਜਿਵੇਂ-ਜਿਵੇਂ ਰੋਜ਼ ਹੀ ਉਹ ਡੀਸੀ ਰਿਹਾਇਸ਼ ਦੇ ਕੋਲ ਜਾ ਕੇ ਖੜਨ ਲੱਗੇ ਉਨ੍ਹਾਂ ਦੀ ਬਹੁਤ ਸਾਰੇ ਲੋਕਾਂ ਨਾਲ ਜਾਣ-ਪਹਿਚਾਣ ਬਣ ਗਈ ਜਿਸ ਨਾਲ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਦਿਨੋਂ-ਦਿਨੀ ਪ੍ਰਸਾਰ ਹੋਣ ਲੱਗਾ।

ਰਾਜਵਿੰਦਰ ਸਿੰਘ ਨੇ ਜਿਵੇਂ ਦੇਖਿਆ ਕਿ ਮਾਰਕੀਟਿੰਗ ਵਿੱਚ ਪ੍ਰਸਾਰ ਹੋ ਰਿਹਾ ਹੈ ਤਾਂ ਅਗਸਤ 2020 ਖਤਮ ਹੁੰਦਿਆਂ ਉਨ੍ਹਾਂ ਦੇ 12 ਮਰਲਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੌਲੀ-ਹੌਲੀ ਇੱਕ ਕਿੱਲੇ ਦੇ ਵਿੱਚ ਫੈਲਾ ਲਿਆ ਅਤੇ ਬਹੁਤਾਤ ਵਿੱਚ ਹੋਰ ਨਵੀਆਂ ਸਬਜ਼ੀਆਂ ਲਗਾ ਦਿੱਤੀਆਂ, ਜਿਸ ਵਿੱਚ ਗੋਭੀ, ਬੰਦਗੋਭੀ, ਮਟਰ, ਮਿਰਚ, ਮੂਲੀ, ਸਾਗ, ਪਾਲਕ, ਧਨੀਆ, ਮੇਥੀ, ਮੇਥੇ, ਅਚਾਰ, ਸ਼ਹਿਦ ਆਦਿ ਦੇ ਨਾਲ-ਨਾਲ ਰਾਜਵਿੰਦਰ ਸਿੰਘ ਵਿਦੇਸ਼ੀ ਸਬਜੀਆਂ ਵੀ ਪੈਦਾ ਕਰਨ ਲੱਗੇ, ਜਿਵੇਂ ਪੇਠਾ, ਸਲਾਦ ਪੱਤਾ, ਸ਼ਲਗਮ ਅਤੇ ਹੋਰ ਕਈ ਸਬਜ਼ੀਆਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲੱਗੇ।

ਉਂਝ ਤਾਂ ਰਾਜਵਿੰਦਰ ਸਫਲ ਤਾਂ ਉਦੋਂ ਹੀ ਹੋ ਗਏ ਸਨ ਜਦੋਂ ਉਨ੍ਹਾਂ ਕੋਲ ਇੱਕ ਭੈਣ ਸਬਜ਼ੀ ਖਰੀਦਣ ਲਈ ਆਈ ਤੇ ਕਹਿਣ ਲੱਗੀ, ਵੀਰ ਮੇਰੇ ਬੱਚੇ ਸਿਹਤਮੰਦ ਚੀਜ਼ਾਂ ਜਿਵੇਂ ਮੂਲੀਆਂ ਆਦਿ ਬਗੈਰਾ ਨਹੀਂ ਖਾਂਦੇ, ਤਾਂ ਰਾਜਵਿੰਦਰ ਨੇ ਕਿਹਾ, ਭੈਣ ਇੱਕ ਵਾਰ ਤੁਸੀਂ ਮੇਰੀ ਆਰਗੈਨਿਕ ਬਗੀਚੀ ਤੋਂ ਉਗਾਈਆਂ ਮੂਲੀਆਂ ਆਪਣੇ ਬੱਚਿਆਂ ਨੂੰ ਖਿਲਾ ਕੇ ਦੇਖੋ, ਤਾਂ ਭੈਣ ਨੇ ਉਸ ਤਰ੍ਹਾਂ ਹੀ ਕੀਤਾ। ਜੋ ਮੂਲੀਆਂ ਨੂੰ ਖਾਣਾ ਤਾਂ ਕੀ ਦੇਖਦੇ ਤੱਕ ਵੀ ਨਹੀਂ ਸਨ ਉਨ੍ਹਾਂ ਨੇ ਇਸ ਵਾਰ ਮੂਲੀਆਂ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿੱਧਰ ਗਈਆਂ। ਤਾਂ ਜਦੋਂ ਭੈਣ ਨੇ ਦੱਸਿਆ ਤਾਂ ਰਾਜਵਿੰਦਰ ਨੂੰ ਦਿਲੋਂ ਇੰਨਾ ਜ਼ਿਆਦਾ ਸਕੂਨ ਪ੍ਰਾਪਤ ਹੋਇਆ ਕਿ ਜਿਵੇਂ ਜ਼ਿੰਦਗੀ ਵਿੱਚ ਸਭ ਕੁਝ ਹਾਸਿਲ ਕਰ ਲਿਆ ਹੋਵੇ। ਫਿਰ ਸ਼ਹਿਰ ਦੇ ਲੋਕ ਉਹਨਾਂ ਨਾਲ ਇਸ ਤਰ੍ਹਾਂ ਜੁੜੇ ਕਿ ਉਹਨਾਂ ਦੀ ਸਬਜੀਆਂ ਉਡੀਕ ਕਰਨ ਲੱਗੇ।

ਇਸ ਦੇ ਨਾਲ-ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਆ ਰਹੇ ਹਨ।

ਅੱਜ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨਾ ਜ਼ਿਆਦਾ ਪ੍ਰਸਾਰ ਹੋ ਚੁੱਕਿਆ ਹੈ ਕਿ ਫਰੀਦਕੋਟ ਦੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਰਾਜਵਿੰਦਰ ਦਾ ਨਾਮ ਵੀ ਚਮਕਦਾ ਹੈ।

ਰਾਜਵਿੰਦਰ ਖੇਤੀ ਦਾ ਸਾਰਾ ਕੰਮ ਖੁਦ ਸੰਭਾਲਦਾ ਹੈ, ਸਬਜ਼ੀਆਂ ਦੇ ਨਾਲ ਉਹ ਹੋਰ ਖੇਤੀ ਉਤਪਾਦ ਜਿਵੇਂ ਸ਼ਹਿਦ, ਆਚਾਰ ਦਾ ਖੁਦ ਮੰਡੀਕਰਨ ਕਰ ਰਿਹਾ ਹੈ, ਜਿਸ ਕਾਰਨ ਉਸਦੇ ਬਹੁਤ ਲਿੰਕ ਬਣ ਗਏ ਹਨ ਅਤੇ ਮੰਡੀਕਰਨ ਦੀ ਉਸਨੂੰ ਕੋਈ ਦਿੱਕਤ ਨਹੀਂ ਆਉਂਦੀ।

ਖਾਸ ਗੱਲ ਇਹ ਵੀ ਹੈ ਕਿ ਉਸਨੇ ਇਹ ਸਾਰੀ ਕਾਮਯਾਬੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਦੇ ਨਾਲ ਹੀ ਹਾਸਿਲ ਕੀਤੀ ਹੈ।

ਸਿਰਫ ਸਖ਼ਤ ਮਿਹਨਤ ਹੀ ਨਹੀਂ ਰਾਜਵਿੰਦਰ ਸਿੰਘ ਖੋਸਾ ਟੈਕਨਾਲੋਜੀ ਪੱਖੋਂ ਵੀ ਪੂਰਾ ਅੱਪਡੇਟ ਰਹਿੰਦਾ ਹੈ, ਕਿਉਂਕਿ ਸੋਸ਼ਲ ਮੀਡਿਆ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਵੀ ਕਰਦਾ ਹੈ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੀ ਕਾਸ਼ਤ ਤਾਂ ਕਰ ਰਹੇ ਹੀ ਹਨ ਪਰ ਉਹ ਸਬਜ਼ੀਆਂ ਦੀ ਮਾਤਰਾ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਲੋਕਾਂ ਨੂੰ ਸਾਫ ਤੇ ਸੁਥਰੀ ਸਬਜ਼ੀ ਜੋ ਕਿ ਜ਼ਹਿਰ ਮੁਕਤ ਪੈਦਾ ਕਰਕੇ ਸ਼ਹਿਰ ਦੇ ਲੋਕਾਂ ਨੂੰ ਪ੍ਰਦਾਨ ਕੀਤੀ ਜਾਵੇ, ਜਿਸ ਨਾਲ ਖੁਦ ਵੀ ਸਿਹਤਮੰਦ ਬਣੀਏ ਅਤੇ ਦੂਜਿਆਂ ਨੂੰ ਵੀ ਸਿਹਤਮੰਦ ਬਣਾਈਏ।

ਘੱਟ ਖਰਚੇ ਅਤੇ ਸਖ਼ਤ ਮਿਹਨਤ ਨਾਲ ਨਵੀਆਂ ਪੁਲਾਘਾਂ ਪੁੱਟਣ ਵਾਲਾ ਰਾਜਵਿੰਦਰ ਸਿੰਘ ਸੱਚਮੁੱਚ ਚੰਗੇ ਮਾਨ-ਸਨਮਾਨ ਦਾ ਹੱਕਦਾਰ ਹੈ।

ਸੰਦੇਸ਼

ਜੇਕਰ ਕੋਈ ਛੋਟਾ ਕਿਸਾਨ ਹੈ ਤਾਂ ਉਸ ਨੇ ਜੇ ਰਵਾਇਤੀ ਖੇਤੀ ਦੇ ਨਾਲ-ਨਾਲ ਕੋਈ ਹੋਰ ਛੋਟੇ ਪੱਧਰ ‘ਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ ਤਾਂ ਉਸਨੂੰ ਆਰਗੈਨਿਕ ਤਰੀਕੇ ਨਾਲ ਹੀ ਸ਼ੁਰੂ ਕਰਨੀ ਚਾਹੀਦੀ ਹੈ, ਹਾਂ ਜੇਕਰ ਹੋ ਸਕੇ ਤਾਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਖੁਦ ਜਾ ਕੇ ਵੇਚੇ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ, ਕਿਉਂਕਿ ਕਿੱਤਾ ਕੋਈ ਵੀ ਹੋਵੇ ਸਾਨੂੰ ਕੰਮ ਕਰਨ ਵਕ਼ਤ ਸ਼ਰਮ ਨਹੀਂ ਮਹਿਸੂਸ ਨਹੀਂ ਹੋਣੀ ਚਾਹੀਦੀ, ਸਗੋਂ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ।

ਲਿੰਗਾਰੇਡੀ ਪ੍ਰਸ਼ਾਦ

ਪੂਰੀ ਕਹਾਣੀ ਪੜ੍ਹੋ

ਸਫਲ ਕਿਸਾਨ ਹੋਣਾ ਹੀ ਕਾਫੀ ਨਹੀਂ, ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਸਫਲ ਕਰਨਾ ਇਸ ਉੱਦਮੀ ਦਾ ਸੁਪਨਾ ਸੀ ਅਤੇ ਸੱਚ ਵੀ ਕਰਕੇ ਦਿਖਾਇਆ- ਲਿੰਗਾਰੇਡੀ ਪ੍ਰਸ਼ਾਦ

ਖੇਤੀ ਦੀ ਕਦਰ ਉਹੀ ਇਨਸਾਨ ਨੂੰ ਪਤਾ ਹੁੰਦੀ ਹੈ ਜੋ ਖੁਦ ਖੇਤੀ ਕਰਦਾ ਹੈ, ਖੇਤੀ ਕਰਦਿਆਂ ਫ਼ਸਲ ਨੂੰ ਉਗਾਉਣਾ ਤੇ ਸਾਂਭ-ਸੰਭਾਲ ਸਮੇਂ ਧਰਤੀ ਮਾਂ ਨਾਲ ਇੱਕ ਵੱਖਰਾ ਰਿਸ਼ਤਾ ਬਣ ਜਾਂਦਾ ਹੈ, ਜੇਕਰ ਹਰ ਇੱਕ ਇਨਸਾਨ ਵਿੱਚ ਖੇਤੀ ਪ੍ਰਤੀ ਪਿਆਰ ਪੈਦਾ ਹੋ ਜਾਵੇ ਤਾਂ ਉਹ ਹਰ ਚੀਜ਼ ਨੂੰ ਕੁਦਰਤ ਦੇ ਅਨੁਸਾਰ ਹੀ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਫਲ ਵੀ ਹੋ ਜਾਂਦਾ ਹੈ। ਹਰ ਇਨਸਾਨ ਨੂੰ ਚਾਹੀਦਾ ਹੈ। ਉਹ ਰਸਾਇਣਿਕ ਖੇਤੀ ਨਾ ਕਰਕੇ ਕੁਦਰਤੀ ਖੇਤੀ ਨੂੰ ਪਹਿਲ ਦੇਵੇ ਤੇ ਫਿਰ ਕੁਦਰਤ ਵੀ ਗੱਫੇ ਭਰ-ਭਰ ਕੇ ਉਹਦੀ ਝੋਲੀ ਖੁਸ਼ੀਆਂ ਨਾਲ ਭਰ ਦਿੰਦੀ ਹੈ।

ਇੱਕ ਅਜਿਹੇ ਹੀ ਉੱਦਮੀ ਕਿਸਾਨ ਹਨ, ਜੋ ਖੇਤੀ ਨਾਲ ਇੱਥੋਂ ਤੱਕ ਜੁੜੇ ਹੋਏ ਹਨ ਕਿ ਖੇਤੀ ਨੂੰ ਇਕੱਲੀ ਖੇਤੀ ਨਹੀਂ ਕੁਦਰਤ ਵੱਲੋਂ ਮਿਲਿਆ ਉਪਹਾਰ ਸਮਝਦੇ ਹਨ। ਇਸ ਉਪਹਾਰ ਨੇ ਉਹਨਾਂ ਨੂੰ ਮਸ਼ਹੂਰ ਕਰ ਦਿੱਤਾ। ਉਸ ਉੱਦਮੀ ਕਿਸਾਨ ਦਾ ਨਾਮ ਲਿੰਗਾਰੇਡੀ ਪ੍ਰਸ਼ਾਦ ਹੈ, ਜੋ ਚਿਤੂਰ, ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਸ਼ੁਰੂ ਤੋਂ ਖੇਤੀ ਨਾਲ ਪੂਰਾ ਪਰਿਵਾਰ ਜੁੜਿਆ ਹੋਇਆ ਸੀ ਅਤੇ ਜੈਵਿਕ ਖੇਤੀ ਕਰ ਰਿਹਾ ਸੀ ਪਰ ਲਿੰਗਾਰੇਡੀ ਪ੍ਰਸ਼ਾਦ ਕੁਝ ਹੋਰ ਵੱਖਰਾ ਕਰਨਾ ਚਾਹੁੰਦੇ ਸੀ, ਲਿੰਗਾਰੇਡੀ ਪ੍ਰਸ਼ਾਦ ਨੂੰ ਲੱਗਦਾ ਸੀ ਕਿ ਅਸਲ ਵਿੱਚ ਉਹ ਉਦੋਂ ਸਫਲ ਹੋਣਗੇ ਜਦੋਂ ਉਹਨਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਖੇਤੀ ਵਿਚ ਸਫਲ ਹੋਣ। ਰਵਾਇਤੀ ਖੇਤੀ ਵਿੱਚ ਉਹ ਸਫਲਤਾ ਪੂਰਵਕ ਅੰਬਾਂ ਦੇ ਬਾਗ਼ ਤੇ ਇਸਦੇ ਨਾਲ ਸਬਜ਼ੀਆਂ, ਹਲਦੀ ਤੇ ਹੋਰ ਕਈ ਫ਼ਸਲਾਂ ਦੀ ਖੇਤੀ ਕਰ ਰਹੇ ਸੀ।

ਫਸਲੀ ਵਿਭਿੰਨਤਾ ਕਾਫੀ ਨਹੀਂ ਸੀ ਕਿਉਂਕਿ ਇਹ ਤਾਂ ਸਭ ਕਰਦੇ ਹਨ- ਲਿੰਗਾਰੇਡੀ ਪ੍ਰਸਾਦ

ਇੱਕ ਦਿਨ ਉਹ ਬੈਠੇ ਹੋਏ ਸਨ ਅਤੇ ਪੁਰਾਣੇ ਸਮਿਆਂ ਬਾਰੇ ਸੋਚਣ ਲੱਗੇ, ਸੋਚਦਿਆਂ-ਸੋਚਦਿਆਂ ਉਹਨਾਂ ਦਾ ਮਿਲਟ ਦੇ ਵੱਲ ਧਿਆਨ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦੇ ਬਜ਼ੁਰਗ ਮਿਲਟ ਦੀ ਖੇਤੀ ਕਰਿਆ ਕਰਦੇ ਸਨ ਜੋ ਕਿ ਸਿਹਤ ਲਈ ਵੀ ਫਾਇਦੇਮੰਦ ਹੈ ਤੇ ਪਸ਼ੂਆਂ ਲਈ ਵੀ ਵਧੀਆ ਆਹਾਰ ਹੋਣ ਦੇ ਨਾਲ ਅਨੇਕਾਂ ਫਾਇਦੇ ਸਨ। ਆਖਿਰ ਉਨ੍ਹਾਂ ਨੇ ਮਿਲਟ ਦੀ ਖੇਤੀ ਕਰਨ ਦਾ ਫੈਸਲਾ ਕੀਤਾ ਕਿਉਂਕਿ ਇੱਕ ਤੇ ਜਿੱਥੇ ਉਹ ਰਹਿੰਦੇ ਸਨ, ਉੱਥੇ ਮਿਲਟ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ, ਦੂਸਰਾ ਇਸ ਨਾਲ ਅਲੋਪ ਹੋ ਚੁੱਕੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਬਾਰੇ ਸੋਚ ਰਹੇ ਸਨ।

ਸ਼ੁਰੂਆਤੀ ਦੌਰ ਵਿਚ ਲਿੰਗਾਰੇਡੀ ਪ੍ਰਸ਼ਾਦ ਨੂੰ ਇਹ ਨਹੀਂ ਪਤਾ ਸੀ, ਇਸ ਫਸਲ ਲਈ ਤਾਪਮਾਨ ਕਿੰਨਾ ਚਾਹੀਦਾ ਹੈ, ਕਿੰਨੇ ਸਮੇਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ, ਕਿੱਥੋਂ ਬੀਜ ਮਿਲਦੇ ਹਨ, ਕਿਵੇਂ ਬੀਜ ਤਿਆਰ ਕੀਤੇ ਜਾਂਦੇ ਹਨ। ਫਿਰ ਸਮਾਂ ਨਾ ਵਿਅਰਥ ਕਰਦੇ ਹੋਏ ਮਿਲਟ ਉੱਤੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਸੋਸ਼ਲ ਮੀਡਿਆ ਦਾ ਬਹੁਤ ਸਹਾਰਾ ਲਿਆ। ਫਿਰ ਇੱਕ ਆਪਣੇ ਪਿੰਡ ਦੇ ਬਜ਼ੁਰਗ ਨਾਲ ਗੱਲ ਕੀਤੀ ਜਿਸ ਤੋਂ ਬਹੁਤ ਸਾਰੀ ਜਾਣਕਾਰੀ ਹਾਸਿਲ ਹੋਈ ਤੇ ਬਜ਼ੁਰਗ ਨੇ ਬਿਜਾਈ ਤੋਂ ਲੈ ਕੇ ਵੱਢਣ ਤੱਕ ਦਾ ਸਾਰਾ ਤਰੀਕਾ ਲਿੰਗਾਰੇਡੀ ਪ੍ਰਸ਼ਾਦ ਨੂੰ ਦੱਸਿਆ। ਜਿੰਨੀ ਜਾਣਕਾਰੀ ਮਿਲਦੀ ਗਈ ਉਹ ਮਿਲਟ ਪ੍ਰਤੀ ਮੋਹਿਤ ਹੁੰਦੇ ਗਏ ਅਤੇ ਸੰਪੂਰਨ ਜਾਣਕਾਰੀ ਪ੍ਰਾਪਤ ਕਰਨ ਲਈ ਇੱਕ ਸਾਲ ਦਾ ਸਮਾਂ ਲੱਗ ਗਿਆ। ਜਦੋਂ ਜਾਣਕਾਰੀ ਸੰਪੂਰਨ ਹੋਈ ਤਾਂ ਉਸ ਤੋਂ ਬਾਅਦ ਉਹ ਤੇਲੰਗਾਨਾ ਤੋਂ ਮਿਲਟ ਦੇ 4 ਤੋਂ 5 ਕਿਸਮਾਂ ਦੇ ਬੀਜ ( ਪਰਲ ਮਿਲਟ, ਫਿੰਗਰ ਮਿਲਟ, ਬਰਨਯਾਰਡ ਮਿਲਟ ਆਦਿ) ਲੈ ਕੇ ਆਏ ਅਤੇ ਆਪਣੇ ਖੇਤਾਂ ਦੇ ਵਿੱਚ ਬਿਜਾਈ ਕਰ ਦਿੱਤੀ।

ਸਮੇਂ ‘ਤੇ ਲੋੜ ਮੁਤਾਬਿਕ ਜੋ-ਜੋ ਫਸਲ ਨੂੰ ਵੱਧਣ ਫੁੱਲਣ ਦੇ ਲਈ ਚਾਹੀਦਾ ਸੀ ਉਹ ਹਮੇਸ਼ਾਂ ਤਿਆਰ ਰਹਿੰਦੇ ਤੇ ਨਾਲ-ਨਾਲ ਪਾਉਂਦੇ ਰਹੇ। ਬਸ ਫਿਰ ਕੀ ਸੀ ਉਹ ਫਸਲ ਪੱਕਣ ਦੀ ਦੇਰ ਵਿੱਚ ਸੀ। ਜਦੋਂ ਸਮੇਂ ‘ਤੇ ਪਹਿਲੀ ਫ਼ਸਲ ਪੱਕ ਕੇ ਤਿਆਰ ਹੋਈ ਤਾਂ ਮਨ ਖੁਸ਼ੀਆਂ ਨਾਲ ਭਰ ਗਿਆ ਕਿਉਂਕਿ ਜਿਸ ਦਿਨ ਦੀ ਉਡੀਕ ਸੀ ਉਹ ਸਾਹਮਣੇ ਆ ਗਿਆ ਤੇ ਉਨ੍ਹਾਂ ਨੇ ਅਗਲੀ ਕਾਰਵਾਈ ਬਾਰੇ ਪਹਿਲਾ ਹੀ ਸੋਚ ਰੱਖਿਆ ਸੀ ਕਿਵੇਂ ਕੀ ਕਰਨਾ ਹੈ।

ਫਿਰ ਲਿੰਗਾਰੇਡੀ ਪ੍ਰਸ਼ਾਦ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਮਿਲਟ ਦੀ ਖੇਤੀ ਦੇ ਨਾਲ ਉਹਨਾਂ ਨੇ ਫਸਲ ਦੀ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਉੱਤੇ ਕੰਮ ਕਰਨ ਲੱਗੇ। ਪਹਿਲੀ ਬਾਰ ਉਨ੍ਹਾਂ ਨੇ ਫਸਲ ਦੇ ਬੀਜ ਲੈ ਕੇ ਮਿਕਸੀ ਦੇ ਵਿੱਚ ਪੀਸ ਕੇ ਪ੍ਰੋਸੈਸਿੰਗ ਕਰਕੇ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਜੋ ਕਿ ਸਫਲ ਹੋਈ ਅਤੇ ਪੀਸ ਕੇ ਜੋ ਆਟਾ (ਉਤਪਾਦ) ਬਣਾਇਆ, ਉਨ੍ਹਾਂ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਦਾ ਕਰਵਾਇਆ। ਜਿਸ ਦਾ ਫਾਇਦਾ ਇਹ ਹੋਇਆ ਲੋਕਾਂ ਨੂੰ ਉਤਪਾਦ ਬਹੁਤ ਪਸੰਦ ਆਇਆ, ਜਿਸ ਨਾਲ ਹੌਂਸਲਾ ਬਹੁਤ ਵੱਧ ਗਿਆ ਤੇ ਇਸ ਕੰਮ ਉੱਤੇ ਜ਼ੋਰ ਦੇਣ ਲੱਗੇ।

ਜਦੋਂ ਉਨ੍ਹਾਂ ਨੂੰ ਲੱਗਾ ਉਸ ਵਿੱਚ ਕਾਮਯਾਬ ਹੋਣ ਲੱਗ ਗਏ ਤਾਂ ਉਨ੍ਹਾਂ ਨੂੰ ਉਸ ਕੰਮ ਨੂੰ ਥੋੜੇ ਵੱਡੇ ਪੱਧਰ ‘ਤੇ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੇ ਸਮੇਂ ਵਿੱਚ ਉਨ੍ਹਾਂ ਨੂੰ ਮਾਰਕੀਟਿੰਗ ਲਈ ਕਿਤੇ ਬਾਹਰ ਨਹੀਂ ਜਾਣਾ ਪੈਂਦਾ ਕਿਉਂਕਿ ਉਹਨਾਂ ਨਾਲ ਸਿੱਧੇ ਤੌਰ ‘ਤੇ ਗ੍ਰਾਹਕ ਪਹਿਲਾ ਤੋਂ ਹੀ ਜੁੜੇ ਹਨ ਕਿਉਂਕਿ ਅੰਬ ਤੇ ਹਲਦੀ ਦੀ ਕਾਸ਼ਤ ਕਰਕੇ ਉਹਨਾਂ ਦੀ ਜਾਣ-ਪਹਿਚਾਣ ਬਣੀ ਹੋਈ ਸੀ।

ਲਿੰਗਾਰੇਡੀ ਪ੍ਰਸ਼ਾਦ ਦੇ ਮੰਡੀਕਰਨ ਦਾ ਤਰੀਕਾ ਸੀ ਕਿ ਉਹ ਗ੍ਰਾਹਕਾਂ ਨੂੰ ਮਿਲਟ ਦੇ ਫਾਇਦਿਆਂ ਬਾਰੇ ਜਾਣੂ ਕਰਵਾਉਂਦੇ ਅਤੇ ਫਿਰ ਲੋਕ ਮਿਲਟ ਦਾ ਆਟਾ ਖਰੀਦਣ ਲੱਗੇ ਤੇ ਮਾਰਕੀਟ ਵੱਡੀ ਹੋ ਗਈ।

ਸਾਲ 2019 ਦੇ ਵਿੱਚ ਉਨ੍ਹਾਂ ਨੇ ਨਾਲ ਫਿਰ ਦੇਸੀ ਬੀਜਾਂ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਮਾਰਕੀਟਿੰਗ ਕਰਨ ਲੱਗੇ। ਸਫਲ ਹੋਣ ਦੇ ਬਾਵਜੂਦ ਵੀ ਉਹ ਉਸ ਜਗ੍ਹਾ ‘ਤੇ ਖੜੇ ਨਹੀਂ ਰਹੇ ਸਗੋਂ ਹੋਰ ਕੁਝ ਨਾਲ-ਨਾਲ ਕਰਨ ਬਾਰੇ ਸੋਚਿਆ ਤੇ ਅੱਜ ਉਹ ਹੋਰ ਸਹਾਇਕ ਕਿੱਤਿਆਂ ਵਿਚ ਵੀ ਸਫਲ ਕਿਸਾਨ ਦੇ ਵਜੋਂ ਜਾਣੇ ਜਾਂਦੇ ਹਨ।

ਨੌਕਰੀ ਦੇ ਬਾਵਜੂਦ ਉਹ ਆਪਣੇ ਫਾਰਮ ‘ਤੇ ਵਰਮੀ ਕੰਪੋਸਟ ਯੂਨਿਟ, ਮੱਛੀ ਪਾਲਣ ਵੀ ਕਰ ਰਹੇ ਹਨ, ਖਾਸ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਉਨ੍ਹਾਂ ਦੀ ਸਫਲਤਾ ਦੇ ਕਾਰਨ ਉੱਥੋਂ ਦੀਆਂ ਯੂਨੀਵਰਸਿਟੀ ਵਿਖੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਕਿਉਕਿ ਉਹਨਾਂ ਕੋਲ 2 ਰੰਗਾਂ ਦੀ ਮੱਛੀ ਹੈ। ਆਪਣੇ ਸਫਲਤਾ ਦਾ ਸਿਹਰਾ ਉਹ ਆਪਣੀ ਖੇਤੀ ਐੱਪ ਨੂੰ ਵੀ ਦਿੰਦੇ ਹਨ, ਕਿਉਂਕਿ ਉਹ ਆਪਣੀ ਖੇਤੀ ਐੱਪ ਦੇ ਰਾਹੀਂ ਨਵੀਂ-ਨਵੀਂ ਤਕਨੀਕਾਂ ਨਾਲ ਜਾਣੂ ਹੁੰਦੇ ਰਹਿੰਦੇ ਹਨ।

ਹੁਣ ਉਹਨਾਂ ਨੇ ਆਪਣੇ ਖੇਤ ਦੇ ਮਾਡਲ ਨੂੰ ਇਸ ਤਰ੍ਹਾਂ ਦਾ ਬਣਾ ਲਿਆ ਕਿ ਉਹਨਾਂ ਨੂੰ ਪੂਰਾ ਸਾਲ ਹਰ ਰੋਜ਼ ਘਰ ਬੈਠ ਕੇ ਆਮਦਨ ਹੁੰਦੀ ਹੈ।

ਭਵਿੱਖ ਦੀ ਯੋਜਨਾ

ਉਹ ਮੁਰਗੀ ਪਾਲਣ ਤੇ ਝੀਂਗਾ ਮੱਛੀ ਪਾਲਣ ਦਾ ਵੀ ਕਿੱਤਾ ਕਰਨ ਦੀ ਯੋਜਨਾ ਬਣਾ ਰਹੇ ਹਨ ਜਿਸ ਨਾਲ ਹਰ ਇੱਕ ਕਿੱਤੇ ਦੇ ਵਿੱਚ ਮੁਹਾਰਤ ਹਾਸਿਲ ਕਰ ਸਕੇ ਅਤੇ ਵੱਧ ਤੋਂ ਵੱਧ ਹੋਰ ਦੇਸੀ ਬੀਜਾਂ ਤੇ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਇਨਸਾਨ ਆਪਣੀ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਧਿਆਨ ਵਿੱਚ ਰੱਖਦੇ ਹੋਏ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਜਿਸ ਨਾਲ ਇੱਕ ਤਾਂ ਧਰਤੀ ਮਾਂ ਸੁਰੱਖਿਤ ਰਹੇਗੀ ਦੂਜਾ ਇਨਸਾਨ ਦੀ ਸਿਹਤ ਨਾਲ ਵੀ ਕੋਈ ਖਿਲਵਾੜ ਨਹੀਂ ਹੋਵੇਗਾ।

ਨਵਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਖਾਣਾ ਬਣਾਉਣ ਦੇ ਸ਼ੋਂਕ ਨੂੰ ਕਿੱਤੇ ਵਿੱਚ ਬਦਲਣ ਵਾਲੀ ਇੱਕ ਸਫਲ ਮਹਿਲਾ ਕਿਸਾਨ

ਜਿਸ ਨੇ ਮੰਜ਼ਿਲ ਤੱਕ ਪਹੁੰਚਣਾ ਹੁੰਦਾ ਹੈ ਉਹ ਕਠਨਾਈਆਂ ਦੀ ਪ੍ਰਵਾਹ ਨਹੀਂ ਕਰਦੇ, ਕਿਉਂਕਿ ਮੰਜ਼ਿਲ ਵੀ ਉਹਨਾਂ ਤੱਕ ਹੀ ਪਹੁੰਚਦੀ ਹੈ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਹੈ। ਸਭ ਨੂੰ ਆਪਣੀ ਕਾਬਲੀਅਤ ਪਹਿਚਾਨਣ ਦੀ ਜ਼ਰੂਰਤ ਹੁੰਦੀ ਹੈ। ਜਿਸ ਨੇ ਕਾਬਲੀਅਤ ਅਤੇ ਖੁਦ ‘ਤੇ ਭਰੋਸਾ ਕਰ ਲਿਆ, ਮੰਜ਼ਿਲ ਖੁਦ ਚੱਲ ਕੇ ਫਿਰ ਵਿਹੜੇ ਪੈਰ ਪਾਉਂਦੀ ਹੈ।

ਇਸ ਸਟੋਰੀ ਰਾਹੀਂ ਗੱਲ ਕਰਾਂਗੇ ਇੱਕ ਸਫ਼ਲ ਮਹਿਲਾ ਦੀ ਜੋ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ, ਕਿਉਂਕਿ ਅੱਜ ਦਾ ਜ਼ਮਾਨਾ ਅਜਿਹਾ ਹੈ ਜਿੱਥੇ ਔਰਤ ਬੰਦੇ ਦੇ ਨਾਲ ਖੜ੍ਹ ਕੇ ਕੰਮ ਕਰਦੀ ਹੈ। ਪਹਿਲਾਂ ਤਾਂ ਔਰਤ ਇਕੱਲੀ ਪੜ੍ਹਾਈ, ਡਾਕਟਰ, ਸਾਇੰਸਦਾਨ ਆਦਿ ਹਰ ਇੱਕ ਖੇਤਰ ਦੇ ਵਿੱਚ ਔਰਤ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਸੀ, ਪਰ ਹੁਣ ਖੇਤੀਬਾੜੀ ਦੇ ਖੇਤਰ ਵਿੱਚ ਵੀ ਨਾਮ ਕਮਾ ਰਹੀਆਂ ਹਨ।

ਇੱਕ ਅਜਿਹੀ ਮਹਿਲਾ ਕਿਸਾਨ “ਨਵਰੀਤ ਕੌਰ” ਜੋ ਪਿੰਡ ਮੀਮਸਾ, ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ। ਜਿਨ੍ਹਾਂ ਨੇ MA, M.ED ਦੀ ਪੜ੍ਹਾਈ ਕੀਤੀ ਹੋਈ ਹੈ। ਜੋ ਕਾਲਜ ਵਿੱਚ ਪੜਾਉਂਦੇ ਸਨ ਪਰ ਕਿਹਾ ਜਾਂਦਾ ਹੈ ਕਿ ਪਰਮਾਤਮਾ ਨੇ ਇਨਸਾਨ ਨੂੰ ਧਰਤੀ ‘ਤੇ ਜਿਸ ਕੰਮ ਲਈ ਭੇਜਿਆ ਹੁੰਦਾ ਹੈ, ਜੋ ਸਿਰਫ਼ ਉਸਦੇ ਹੱਥੋਂ ਹੀ ਹੋਣਾ ਮੁਨੱਸਰ ਹੁੰਦਾ ਹੈ।

ਇਹ ਗੱਲ ਨਵਰੀਤ ਕੌਰ ਜੀ ‘ਤੇ ਬਿਲਕੁਲ ਢੁੱਕਦੀ ਹੈ, ਜਿਨ੍ਹਾਂ ਦੇ ਮਨ ਵਿੱਚ ਖੇਤੀ ਦੇ ਖੇਤਰ ਵਿੱਚ ਕੁੱਝ ਅਲੱਗ ਕਰਨ ਦਾ ਇਰਾਦਾ ਸੀ ਅਤੇ ਇਸ ਇਰਾਦੇ ਨੂੰ ਦ੍ਰਿੜ ਬਣਾਉਣ ਵਾਲੇ ਉਨ੍ਹਾਂ ਦੇ ਪਤੀ ਪ੍ਰਗਟ ਸਿੰਘ ਰੰਧਾਵਾ ਜੀ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਉਨ੍ਹਾਂ ਦੇ ਪਤੀ ਨੇ M.Tech ਕੀਤੀ ਹੋਈ ਹੈ, ਜੋ ਕਿ ਹਿੰਦੁਸਤਾਨ ਯੂਨੀਲਿਵਰ ਲਿਮਿਟਿਡ, ਨਾਭਾ ਦੇ ਵਿੱਚ ਸੀਨੀਅਰ ਮੈਨੇਜਰ ਹਨ ਅਤੇ PAU ਕਿਸਾਨ ਕਲੱਬ ਦੇ ਮੈਂਬਰ ਵੀ ਹਨ। ਉਨ੍ਹਾਂ ਦੇ ਪਤੀ ਨੌਕਰੀ ਦੇ ਨਾਲ-ਨਾਲ ਖੇਤੀ ਦਾ ਕਿੱਤਾ ਨਹੀਂ ਸੰਭਾਲ ਸਕਦੇ ਸੀ ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦਾ ਖੂਬ ਸਾਥ ਦਿੱਤਾ।

ਰਵਾਇਤੀ ਖੇਤੀ ਕਰਨਾ ਮੁੱਖ ਕਿੱਤਾ ਤਾਂ ਸੀ ਪਰ ਮੈਂ ਸੋਚਦੀ ਸੀ ਕਿ ਰਵਾਇਤੀ ਖੇਤੀ ਨੂੰ ਛੱਡ ਕੇ ਕੁੱਝ ਨਵਾਂ ਕੀਤਾ ਜਾਵੇ- ਨਵਰੀਤ ਕੌਰ

ਉਨ੍ਹਾਂ ਨੇ 2007 ਵਿੱਚ ਜੈਵਿਕ ਖੇਤੀ ਸ਼ੁਰੂ ਕਰਨ ਦੇ ਸੁਪਨਿਆਂ ‘ਤੇ ਮੋਹਰ ਲਗਾ ਦਿੱਤੀ ਅਤੇ 4 ਏਕੜ ਵਿੱਚ ਦਾਲਾਂ, ਦੇਸੀ ਕਣਕ ਦੀ ਫਸਲ ਨਾਲ ਕਾਸ਼ਤ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਬਾਅਦ ਹੀ ਇਹ ਸਮੱਸਿਆ ਖੜ੍ਹੀ ਹੋ ਗਈ ਕਿ ਇੰਨੀ ਫਸਲ ਦੀ ਕਾਸ਼ਤ ਤਾਂ ਕਰ ਲਈ ਪਰ ਮੰਡੀਕਰਨ ਕਿਵੇਂ ਕਰਨਗੇ। ਇੱਕ ਉਨ੍ਹਾਂ ਨੇ ਜੋ ਇਹ ਕੰਮ ਸ਼ੁਰੂ ਕੀਤਾ ਉਨ੍ਹਾਂ ਦੇ ਪਤੀ ਤੋਂ ਇਲਾਵਾ ਉਨ੍ਹਾਂ ਦੇ ਹੱਕ ਵਿੱਚ ਹੋਰ ਕੋਈ ਨਹੀਂ ਸੀ, ਜੋ ਹੋਰ ਔਖਾ ਹੋ ਗਿਆ, ਕਿਉਂਕਿ ਪਰਿਵਾਰ ਦਾ ਮੁੱਖ ਕਿੱਤਾ ਰਵਾਇਤੀ ਖੇਤੀ ਹੀ ਸੀ, ਪਰ ਰਵਾਇਤੀ ਖੇਤੀ ਤੋਂ ਹੱਟ ਕੇ ਅਜਿਹੀ ਖੇਤੀ ਕਰਨੀ ਜਿਸ ਦਾ ਕੋਈ ਤਜੁਰਬਾ ਨਹੀਂ ਸੀ। ਜੇਕਰ ਜੈਵਿਕ ਖੇਤੀ ਕਾਮਯਾਬ ਨਾ ਹੋਈ ਤਾਂ ਪਰਿਵਾਰ ਵਾਲੇ ਕੀ ਕਹਿਣਗੇ।

ਮੈਨੂੰ ਜਦੋਂ ਕਦੇ ਵੀ ਖੇਤੀ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਹਰ ਸਮੇਂ ਮੇਰੇ ਨਾਲ ਹੁੰਦੇ ਹਨ- ਨਵਰੀਤ ਕੌਰ

ਉਨ੍ਹਾਂ ਨੇ ਸਭ ਤੋਂ ਪਹਿਲਾਂ ਘਰ ਵਿੱਚ ਵਰਤਣ ਵਾਲੀਆਂ ਦਾਲਾਂ ਦੀ ਸ਼ੁਰੂਆਤ ਕੀਤੀ, ਜੋ ਆਸਾਨ ਸੀ। ਇਸ ਤੋਂ ਇਲਾਵਾ ਤੇਲ ਬੀਜ ਵਾਲੀਆਂ ਫਸਲਾਂ ਅਤੇ ਨਾਲ ਹੀ ਮੰਡੀਕਰਨ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

ਮੈਨੂੰ ਖਾਣਾ ਬਣਾਉਣ ਦਾ ਸ਼ੋਂਕ ਹੈ, ਮੈਂ ਫਿਰ ਸੋਚਿਆ ਕਿਉਂ ਨਾ ਦੇਸੀ ਕਣਕ, ਚਾਵਲ, ਤੇਲ ਬੀਜ, ਗੰਨੇ ਦੀ ਪ੍ਰੋਸੈਸਿੰਗ ਅਤੇ ਮੰਡੀਕਰਨ ਕੀਤਾ ਜਾਵੇ- ਨਵਰੀਤ ਕੌਰ

ਜਦੋਂ ਉਨ੍ਹਾਂ ਨੇ ਚੰਗੀ ਤਰ੍ਹਾਂ ਫਸਲਾਂ ਦੀ ਕਾਸ਼ਤ ਕਰਨੀ ਸਿਖ ਲਈ ਤਾਂ ਉਨ੍ਹਾਂ ਦੇ ਲਈ ਅਗਲਾ ਕਦਮ ਪ੍ਰੋਸੈਸਿੰਗ ਕਰਨਾ ਸੀ, ਪ੍ਰੋਸੈਸਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ IARI, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੋਲਨ ਦੇ ਨਾਲ-ਨਾਲ ਹੋਰ ਬਹੁਤ ਥਾਂਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ। ਟ੍ਰੇਨਿੰਗ ਤੋਂ ਬਾਅਦ ਜਦੋਂ ਉਨ੍ਹਾਂ ਦਾ ਪ੍ਰੋਸੈਸਿੰਗ ਕਰਨ ਨਾਲ ਯਕੀਨ ਹੋਰ ਪੱਕਾ ਹੋ ਗਿਆ ਤਾਂ ਉਹਨਾਂ ਨੇ ਪੱਕੇ ਤੌਰ ‘ਤੇ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਹੁਣ ਉਹ ਸ਼ੋਂਕ ਅਤੇ ਬਹੁਤ ਹੀ ਉਤਸ਼ਾਹ ਨਾਲ ਪ੍ਰੋਸੈਸਿੰਗ ਕਰ ਰਹੇ ਹਨ।

2015 ਦੇ ਵਿੱਚ ਉਨ੍ਹਾਂ ਨੇ ਬਹੁਤ ਸਾਰੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਜਿਸ ਵਿੱਚ ਹਰ ਇੱਕ ਕੰਮ ਵੱਲ ਖੁਦ ਧਿਆਨ ਦਿੰਦੇ ਹਨ। ਇਸ ਸਮੇਂ ਉਹ ਰਸੋਈ ਦੇ ਵਿੱਚ ਹੀ ਉਤਪਾਦ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਕਿ ਪਿੰਡ ਦੀਆਂ ਮਹਿਲਾਵਾਂ ਨੂੰ ਇੱਕ ਰੋਜ਼ਗਾਰ ਮਿਲ ਗਿਆ ਅਤੇ ਦੂਸਰਾ ਉਹ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣ ਲੱਗ ਗਈਆਂ।

ਉਹਨਾਂ ਵੱਲੋਂ 15 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ, ਉਹ ਸਿੱਧੇ ਤੌਰ ‘ਤੇ ਬਣਾਏ ਗਏ ਉਤਪਾਦ ਨੂੰ ਵੇਚ ਰਹੇ ਹਨ ਜੋ ਇਸ ਤਰ੍ਹਾਂ ਹਨ-

  • ਦੇਸੀ ਕਣਕ ਦੀ ਸੇਵੀਆਂ
  • ਕਣਕ ਦਾ ਦਲੀਆ
  • ਬਿਸਕੁਟ
  • ਗਾਜਰ ਦਾ ਕੇਕ
  • ਚਾਵਲ ਦੇ ਕੁਰਕੁਰੇ
  • ਚਾਵਲ ਦੇ ਲੱਡੂ
  • ਮੂੰਗੀ ਦੀਆਂ ਵੜੀਆਂ
  • ਮਾਂਹ ਦੀਆਂ ਵੜੀਆਂ
  • ਸਟ੍ਰਾਬੇਰੀ ਜੈਮ
  • ਨਿੰਬੂ ਦਾ ਅਚਾਰ
  • ਆਂਵਲੇ ਦਾ ਅਚਾਰ
  • ਅੰਬ ਦੀ ਚਟਨੀ
  • ਅੰਬ ਦਾ ਅਚਾਰ
  • ਮਿਰਚਾਂ ਦਾ ਅਚਾਰ
  • ਚਵਨ ਪ੍ਰਾਸ਼ ਆਦਿ।

ਪਹਿਲਾਂ ਉਹ ਉਤਪਾਦ ਦਾ ਮੰਡੀਕਰਨ ਆਪਣੇ ਪਿੰਡ ਅਤੇ ਸ਼ਹਿਰ ਵਿੱਚ ਹੀ ਕਰਦੇ ਸਨ ਪਰ ਹੁਣ ਉਨ੍ਹਾਂ ਦੇ ਉਤਪਾਦ ਦੀ ਪਹਿਚਾਣ ਕਈ ਥਾਂਵਾਂ ਤੱਕ ਪਹੁੰਚ ਚੁੱਕੀ ਹੈ। ਜਿਸ ਵਿੱਚੋਂ ਪ੍ਰਮੁੱਖ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦਾ ਮੰਡੀਕਰਨ ਚੰਡੀਗੜ੍ਹ ਆਰਗੈਨਿਕ ਮੰਡੀ ਦੇ ਵਿੱਚ ਕਰਦੇ ਹਨ। ਉਹ ਹੌਲੀ-ਹੌਲੀ ਆਨਲਾਈਨ ਤਰੀਕੇ ਰਾਹੀਂ ਆਪਣੇ ਉਤਪਾਦ ਵੇਚਣ ਦਾ ਮਨ ਬਣਾ ਰਹੇ ਹਨ।

ਮੈਂ ਅੱਜ ਖੁਸ਼ ਹਾਂ ਕਿ ਜੋ ਕੰਮ ਕਰਨ ਬਾਰੇ ਸੋਚਿਆ ਸੀ ਉਸ ਸਫਲ ਹੋ ਗਈ ਹਾਂ- ਨਵਰੀਤ ਕੌਰ

ਨਵਰੀਤ ਜੀ ਖਾਦ ਵੀ ਖੁਦ ਹੀ ਤਿਆਰ ਕਰਦੇ ਹਨ ਜਿਸ ਵਿੱਚ ਵਰਮੀ ਕੰਪੋਸਟ ਤਿਆਰ ਕਰਕੇ ਕਿਸਾਨਾਂ ਨੂੰ ਦਿੰਦੇ ਵੀ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਜੇਕਰ ਇਸ ਨਾਲ ਕਿਸੇ ਦਾ ਭਲਾ ਹੁੰਦਾ ਹੈ ਤਾਂ ਬਹੁਤ ਹੀ ਵਧੀਆ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੂੰ ਹੱਥ ਨਾਲ ਬਣਾਈਆਂ ਗਈਆਂ ਵਸਤੂਆਂ ਦੇ ਲਈ MSME ਯੂਨਿਟਸ ਵੱਲੋਂ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਆਪਣਾ ਇੱਕ ਸਟੋਰ ਬਣਾ ਕੇ ਉੱਥੇ ਹੀ ਆਪਣੇ ਦੁਆਰਾ ਤਿਆਰ ਕੀਤੇ ਗਏ ਹਰ ਇੱਕ ਉਤਪਾਦ ਦਾ ਖੁਦ ਹੀ ਮੰਡੀਕਰਨ ਕੀਤਾ ਜਾਵੇ। ਜਿਸ ਵਿੱਚ ਕਿਸੇ ਤੀਸਰੇ ਇਨਸਾਨ ਦੀ ਜ਼ਰੂਰਤ ਨਾ ਹੋਵੇ, ਕਿਸਾਨ ਤੋਂ ਉਪਭੋਗਤਾ ਤੱਕ ਦਾ ਸਿੱਧਾ ਮੰਡੀਕਰਨ ਹੋਵੇ। ਉਹ ਆਪਣਾ ਫਾਰਮ ਤਿਆਰ ਕਰਨਾ ਚਾਹੁੰਦੇ ਹਨ ਜਿੱਥੇ ਕਿ ਉਹ ਪ੍ਰੋਸੈਸਿੰਗ ਕਰਨ ਦੇ ਨਾਲ-ਨਾਲ ਉਸ ਦੀ ਪੈਕਿੰਗ ਵੀ ਕਰ ਸਕਣ।

ਸੰਦੇਸ਼

ਖੇਤੀ ਸਭ ਕਰਦੇ ਹਨ, ਪਰ ਇਕੱਲੀ ਖੇਤੀ ਵੱਲ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਉਸ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਬਾਰੇ ਸੋਚਣਾ ਚਾਹੀਦਾ ਹੈ। ਜੋ ਵੀ ਫਸਲ ਉਗਾਉਂਦੇ ਹਾਂ, ਉਸ ਬਾਰੇ ਸੋਚ ਕੇ ਫਿਰ ਅੱਗੇ ਵੱਧਣਾ ਚਾਹੀਦਾ ਹੈ, ਕਿਉਂਕਿ ਖੇਤੀ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਨਫ਼ਾ ਹੀ ਨਫ਼ਾ ਹੈ। ਜੇਕਰ ਹੋ ਸਕੇ ਤਾਂ ਖੁਦ ਪ੍ਰੋਸੈਸਿੰਗ ਕਰਕੇ ਖੁਦ ਹੀ ਉਤਪਾਦ ਵੇਚਣਾ ਚਾਹੀਦਾ ਹੈ।

ਪੂਜਾ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਇੱਕ ਦ੍ਰਿੜ ਇੱਛਾ ਸ਼ਕਤੀ ਵਾਲੀ ਮਹਿਲਾ ਦੀ ਕਹਾਣੀ ਜਿਸ ਨੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਖੇਤੀ ਦੇ ਮਾਧਿਅਮ ਨਾਲ ਆਪਣੇ ਪਤੀ ਦਾ ਸਾਥ ਦਿੱਤਾ

ਸਾਡੇ ਭਾਰਤ ਸਮਾਜ ਵਿੱਚ ਇੱਕ ਧਾਰਨਾ ਨੂੰ ਜੜ ਦਿੱਤਾ ਗਿਆ ਹੈ ਕਿ ਮਹਿਲਾ ਨੂੰ ਘਰ ਵਿੱਚ ਹੋਣਾ ਚਾਹੀਦਾ ਹੈ ਅਤੇ ਪੁਰਸ਼ਾਂ ਨੂੰ ਕਮਾਉਣਾ ਚਾਹੀਦਾ ਹੈ। ਪਰ ਫਿਰ ਵੀ ਕਈ ਮਹਿਲਾਵਾਂ ਹਨ ਜੋ ਰੋਟੀ ਭਰੋਸੇ ਨਾਲ ਕਮਾਈ ਦੇ ਟੈਗ ਨੂੰ ਬਹੁਤ ਹੀ ਆਤਮ-ਵਿਸ਼ਵਾਸ ਨਾਲ ਸਕਾਰਾਤਮਕ ਤਰੀਕੇ ਨਾਲ ਦਰਸਾਉਂਦੀ ਹੈ ਅਤੇ ਆਪਣੇ ਪਤੀਆਂ ਨਾਲ ਘਰ ਚਲਾਉਣ ਅਤੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਇਸ ਤਰ੍ਹਾਂ ਦੀ ਇੱਕ ਔਰਤ ਹੈ- ਪੂਜਾ ਸ਼ਰਮਾ, ਜੋ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਆਪਣੇ ਪਤੀ ਦੀ ਮਦਦ ਕਰ ਰਹੀ ਹੈ।

ਸ੍ਰੀਮਤੀ ਪੂਜਾ ਸ਼ਰਮਾ ਜੱਟਾਂ ਦੀ ਧਰਤੀ- ਹਰਿਆਣਾ ਦੀ ਇੱਕ ਉੱਭਰਦੀ ਹੋਈ ਐਗਰੀ ਪ੍ਰੇਨਿਓਰ ਹੈ ਅਤੇ ਵਰਤਮਾਨ ਵਿੱਚ ਉਹ ਇੱਕ ਸੈੱਲਫ ਹੈੱਲਪ ਗਰੁੱਪ ਦੀ ਮੈਂਬਰ ਹੈ ਅਤੇ ਉਨ੍ਹਾਂ ਦੇ ਪਿੰਡ ਦੀਆਂ ਅਗਾਂਹਵਧੂ ਔਰਤਾਂ ਉਨ੍ਹਾਂ ਦੇ ਅਧੀਨ ਕੰਮ ਕਰਦੀਆਂ ਹਨ। ਆਧੁਨਿਕ ਖੇਤੀ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਉਹ ਸੋਇਆਬੀਨ, ਕਣਕ, ਮੱਕਾ, ਬਾਜਰਾ ਅਤੇ ਮੱਕੀ ਨਾਲ 11 ਕਿਸਮਾਂ ਦਾ ਖਾਣਾ ਤਿਆਰ ਕਰਦੀ ਹੈ, ਜਿਨ੍ਹਾਂ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ ਅਤੇ ਸਿੱਧੇ ਤੌਰ ‘ਤੇ ਖਾਧਾ ਜਾ ਸਕਦਾ ਹੈ।

ਖੇਤੀ ਦੇ ਖੇਤਰ ਵਿੱਚ ਜਾਣ ਦਾ ਫੈਸਲਾ 2012 ਵਿੱਚ ਉਸ ਸਮੇਂ ਲਿਆ ਗਿਆ, ਜਦੋਂ ਸ੍ਰੀ ਮਤੀ ਪੂਜਾ ਸ਼ਰਮਾ(ਤਿੰਨ ਬੱਚਿਆਂ ਦੀ ਮਾਂ) ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦੇ ਘਰ ਦੀਆਂ ਜ਼ਰੂਰਤਾਂ ਉਨ੍ਹਾਂ ਦੇ ਪਤੀ ਦੀ ਕਮਾਈ ਨਾਲ ਪੂਰੀਆਂ ਨਹੀਂ ਹੋ ਰਹੀਆਂ ਅਤੇ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪਤੀ ਨੂੰ ਸਹਾਰਾ ਦੇਣ।

ਉਹ ਕੇ.ਵੀ.ਕੇ. ਸ਼ਿਕੋਪੁਰ ਵਿੱਚ ਸ਼ਾਮਲ ਹੋਈ ਅਤੇ ਉਨ੍ਹਾਂ ਨੂੰ ਉਹ ਚੀਜ਼ਾਂ ਸਿੱਖਣ ਲਈ ਕਿਹਾ ਜੋ ਉਨ੍ਹਾਂ ਦੀ ਅਜੀਵਿਕਾ ਕਮਾਉਣ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਕੇ.ਵੀ.ਕੇ ਤੋਂ ਟ੍ਰੇਨਿੰਗ ਲਈ ਅਤੇ ਖੇਤੀ ਦੀਆਂ ਨਵੀਆਂ ਤਕਨੀਕਾਂ ਸਿੱਖੀਆਂ। ਉਨ੍ਹਾਂ ਨੇ ਉੱਥੇ ਸੋਇਆਬੀਨ ਅਤੇ ਹੋਰ ਅਨਾਜਾਂ ਦੀ ਪ੍ਰਕਿਰਿਆ ਨੂੰ ਸਿੱਖਿਆ ਤਾਂ ਕਿ ਇਸ ਨੂੰ ਸਿੱਧਾ ਖਾਣ ਦੇ ਲਈ ਇਸਤੇਮਾਲ ਕੀਤਾ ਜਾਵੇ ਅਤੇ ਇਹ ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਗੁਆਂਢੀਆਂ ਅਤੇ ਪਿੰਡ ਦੀਆਂ ਕਈ ਔਰਤਾਂ ਨੂੰ ਟ੍ਰੇਨਿੰਗ ਲੈਣ ਲਈ ਪ੍ਰੋਤਸਾਹਿਤ ਕੀਤਾ।

2013 ਵਿੱਚ ਉਨ੍ਹਾਂ ਨੇ ਆਪਣੇ ਘਰ ਵਿੱਚ ਭੁੰਨੀ ਹੋਈ ਸੋਇਆਬੀਨ ਦੀ ਆਪਣੀ ਇੱਕ ਛੋਟੀ ਨਿਰਮਾਣ ਯੂਨਿਟ ਸਥਾਪਿਤ ਕੀਤੀ ਅਤੇ ਆਪਣੇ ਉੱਦਮ ਵਿੱਚ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਵੀ ਸ਼ਾਮਲ ਕੀਤਾ ਅਤੇ ਹੌਲੀ-ਹੌਲੀ ਆਪਣੇ ਵਪਾਰ ਦਾ ਵਿਸਤਾਰ ਕੀਤਾ। ਉਨ੍ਹਾਂ ਨੇ ਇੱਕ ਸ਼ਿਤਿਜ SHG ਦੇ ਨਾਮ ਨਾਲ ਇੱਕ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਆਪਣੇ ਪਿੰਡ ਦੀਆਂ ਕਈ ਔਰਤਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕੀਤਾ। ਗਰੁੱਪ ਦੀਆਂ ਦੀਆਂ ਸਾਰੀਆਂ ਔਰਤਾਂ ਦੀਆਂ ਬੱਚਤਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੇ ਹੋਰ ਤਿੰਨ ਬੁਨਾਈ ਦੀਆਂ ਮਸ਼ੀਨਾਂ ਖਰੀਦੀਆਂ। ਵਰਤਮਾਨ ਵਿੱਚ ਉਨ੍ਹਾਂ ਦੇ ਗਰੁੱਪ ਕੋਲ ਨਿਰਮਾਣ ਲਈ 7 ਮਸ਼ੀਨਾਂ ਹਨ। ਇਹ ਮਸ਼ੀਨਾਂ ਉਨ੍ਹਾਂ ਦੇ ਬਜਟ ਦੇ ਮੁਤਾਬਿਕ ਬਹੁਤ ਮਹਿੰਗੀਆਂ ਸਨ। ਪਰ ਫਿਰ ਵੀ ਉਨ੍ਹਾਂ ਨੇ ਸਭ ਪ੍ਰਬੰਧ ਕੀਤਾ ਅਤੇ ਇਨ੍ਹਾਂ ਮਸ਼ੀਨਾਂ ਦੀ ਲਾਗਤ 16000 ਅਤੇ 20000 ਦੇ ਲਗਭੱਗ ਪ੍ਰਤੀ ਮਸ਼ੀਨ ਹੈ। ਉਨ੍ਹਾਂ ਦੇ ਕੋਲ 1.25 ਏਕੜ ਦੀ ਜ਼ਮੀਨ ਹੈ ਅਤੇ ਉਹ ਕਿਰਿਆਸ਼ੀਲ ਰੂਪ ਨਾਲ ਖੇਤੀ ਵਿੱਚ ਵੀ ਸ਼ਾਮਿਲ ਹਨ। ਉਹ ਜ਼ਿਆਦਾਤਰ ਦਾਲਾਂ ਅਤੇ ਅਨਾਜ ਦੀਆਂ ਉਨ੍ਹਾਂ ਫ਼ਸਲਾਂ ਦੀ ਖੇਤੀ ਕਰਦੇ ਹਨ, ਜਿਨ੍ਹਾਂ ਨੂੰ ਪ੍ਰੋਸੈਸ ਕੀਤਾ ਜਾ ਸਕੇ ਅਤੇ ਬਾਅਦ ਵਿੱਚ ਵੇਚਣ ਦੇ ਲਈ ਵਰਤਿਆ ਜਾ ਸਕੇ। ਉਹ ਆਪਣੇ ਪਿੰਡ ਦੀਆਂ ਹੋਰ ਔਰਤਾਂ ਨੂੰ ਵੀ ਇਹੀ ਸਿਖਾਉਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜ਼ਮੀਨ ਦੀ ਪ੍ਰਭਾਵੀ ਢੰਗ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਭਵਿੱਖ ਵਿੱਚ ਲਾਭ ਹੋ ਸਕਦਾ ਹੈ।

11 ਔਰਤਾਂ ਦੀ ਟੀਮ ਨਾਲ ਅੱਜ ਉਹ ਪ੍ਰੋਸੈਸਿੰਗ ਕਰ ਰਹੀ ਹੈ ਅਤੇ 11 ਤੋਂ ਜ਼ਿਆਦਾ ਕਿਸਮਾਂ ਦੇ ਉਤਪਾਦ (ਬਾਜਰੇ ਦੀ ਖਿੱਚੜੀ, ਬਾਜਰੇ ਦੇ ਲੱਡੂ, ਭੁੰਨੇ ਹੋਏ ਕਣਕ ਦੇ ਦਾਣੇ, ਭੁੰਨੀ ਹੋਈ ਜਵਾਰ, ਭੁੰਨ੍ਹੀ ਹੋਈ ਸੋਇਆਬੀਨ, ਭੁੰਨ੍ਹੇ ਹੋਏ ਕਾਲੇ ਛੋਲੇ) ਜੋ ਖਾਣ ਅਤੇ ਬਣਾਉਣ ਦੇ ਲਈ ਤਿਆਰ ਹਨ, ਉਨ੍ਹਾਂ ਨੂੰ ਕਈ ਰਾਜ ਅਤੇ ਦੇਸ਼ ਵਿੱਚ ਵੇਚਿਆ ਜਾਂਦਾ ਹੈ। ਪੂਜਾ ਸ਼ਰਮਾ ਦੀ ਇੱਛਾ ਸ਼ਕਤੀ ਨੇ ਪਿੰਡ ਦੀਆਂ ਕਈ ਔਰਤਾਂ ਨੂੰ ਆਤਮ ਨਿਰਭਰ ਅਤੇ ਆਤਮ ਵਿਸ਼ਵਾਸ ਹਾਸਿਲ ਕਰਨ ਵਿੱਚ ਮਦਦ ਕੀਤੀ।

ਉਨ੍ਹਾਂ ਦੇ ਲਈ ਇਹ ਬਹੁਤ ਲੰਬੀ ਯਾਤਰਾ ਸੀ, ਜਿੱਥੇ ਉਹ ਅੱਜ ਪਹੁੰਚੀ ਹੈ ਅਤੇ ਉਨ੍ਹਾਂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ। ਹੁਣ ਉਨ੍ਹਾਂ ਨੇ ਮਸ਼ੀਨਾਂ ਨੂੰ ਘਰ ਵਿੱਚ ਹੀ ਸਥਾਪਿਤ ਕੀਤਾ ਹੈ ਤਾਂ ਕਿ ਔਰਤਾਂ ਇਸ ਨੂੰ ਚਲਾ ਸਕਣ, ਜਦੋਂ ਵੀ ਉਹ ਖਾਲੀ (ਫ੍ਰੀ) ਹੋਣ ਅਤੇ ਉਨ੍ਹਾਂ ਦੇ ਪਿੰਡ ਵਿੱਚ ਬਿਜਲੀ ਦੀ ਕਟੌਤੀ ਵੀ ਬਹੁਤ ਹੁੰਦੀ ਹੈ, ਇਸ ਲਈ ਉਨ੍ਹਾਂ ਨੇ ਕੰਮ ਨੂੰ ਉਸ ਦੇ ਅਨੁਸਾਰ ਹੀ ਵੰਡਿਆ ਹੋਇਆ ਹੈ। ਕੁੱਝ ਔਰਤਾਂ ਬੀਨਜ਼ ਨੂੰ ਸਕਾਉਂਦੀਆਂ ਹਨ, ਕਈ ਸਾਫ਼ ਕਰਦੀਆਂ ਹਨ ਅਤੇ ਬਾਕੀ ਦੀਆਂ ਔਰਤਾਂ ਉਨ੍ਹਾਂ ਨੂੰ ਭੁੰਨ੍ਹਦੀਆਂ ਅਤੇ ਪੀਸਦੀਆਂ ਹਨ।

ਵਰਤਮਾਨ ਵਿੱਚ ਕਈ ਵਾਰ ਪੂਜਾ ਸ਼ਰਮਾ ਅਤੇ ਉਨ੍ਹਾਂ ਦਾ ਗਰੁੱਪ ਅੰਗਰੇਜ਼ੀ ਭਾਸ਼ਾ ਦੀ ਸਮੱਸਿਆ ਦਾ ਸਾਹਮਣਾ ਕਰਦਾ ਹੈ, ਜਦੋਂ ਵੱਡੀਆਂ ਕੰਪਨੀਆਂ ਦੇ ਨਾਲ ਵਾਰਤਾਲਾਪ ਕਰਨ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਕਿਸ ਕੌਸ਼ਲ ਵਿੱਚ ਸਭ ਤੋਂ ਜ਼ਿਆਦਾ ਕਮੀ ਹੈ ਅਤੇ ਉਹ ਹੈ ਸਿੱਖਿਆ। ਪਰ ਉਹ ਇਸ ਤੋਂ ਨਿਰਾਸ਼ ਨਹੀਂ ਹਨ ਅਤੇ ਇਸ ‘ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭੋਜਨ ਦੀਆਂ ਵਸਤੂਆਂ ਦੇ ਨਿਰਮਾਣ ਤੋਂ ਇਲਾਵਾ, ਉਹ ਸਿਲਾਈ, ਖੇਤੀ ਅਤੇ ਹੋਰ ਗਤੀਵਿਧੀਆਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਿੱਚ ਔਰਤਾਂ ਦੀ ਮਦਦ ਕਰ ਰਹੀ ਹੈ, ਜਿਸ ਵਿੱਚ ਉਹ ਰੁਚੀ ਰੱਖਦੀ ਹੈ।

ਭਵਿੱਖ ਦੀ ਯੋਜਨਾ
ਉਨ੍ਹਾਂ ਦੇ ਭਵਿੱਖ ਦੀਆਂ ਯੌਜਨਾਵਾਂ ਕਾਰੋਬਾਰ ਵਿੱਚ ਵਿਸਤਾਰ ਕਰਨਾ ਅਤੇ ਜ਼ਿਆਦਾ ਔਰਤਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ, ਤਾਂ ਕਿ ਉਨ੍ਹਾਂ ਨੂੰ ਪੈਸਿਆਂ ਦੇ ਲਈ ਦੂਜਿਆਂ ‘ਤੇ ਨਿਰਭਰ ਨਾ ਹੋਣਾ ਪਵੇ। ਜ਼ੋਨ 2 ਦੇ ਅੰਤਰਗਤ ਰਾਜਸਥਾਨ, ਹਰਿਆਣਾ ਅਤੇ ਦਿੱਲੀ ਰਾਜਾਂ ਤੋਂ ਉਨ੍ਹਾਂ ਨੂੰ ਉਸ ਦੇ ਉਤਸ਼ਾਹੀ ਕੰਮ ਅਤੇ ਯਤਨਾਂ ਦੇ ਲਈ ਅਤੇ ਨਵੀਨ ਖੇਤੀ ਦੀ ਤਕਨੀਕਾਂ ਲਈ ਪੰਡਿਤ ਦੀਨਦਿਆਲ ਨੂੰ ਕ੍ਰਿਸ਼ੀ ਪੁਰਸਕਾਰ ਨਾਲ 50000 ਰੁਪਏ ਦੀ ਨਕਦ ਰਾਸ਼ੀ ਅਤੇ ਪ੍ਰਮਾਣ ਪੱਤਰ ਵੀ ਮਿਲਿਆ। ਉਹ ATMA SCHEME ਦੇ ਮੈਂਬਰ ਵੀ ਹਨ ਅਤੇ ਉਨ੍ਹਾਂ ਨੂੰ ਗਵਰਨਰ ਕਪਤਾਨ ਸਿੰਘ ਸੋਲੰਕੀ ਦੁਆਰਾ ਉੱਚ ਪ੍ਰੋਟੀਨ ਯੁਕਤ ਭੋਜਨ ਬਣਾਉਣ ਲਈ ਪ੍ਰਸ਼ੰਸਾ ਪੱਤਰ ਵੀ ਮਿਲਿਆ।

ਸੰਦੇਸ਼
“ਜਿੱਥੇ ਵੀ ਕਿਸਾਨ ਅਨਾਜ, ਦਾਲਾਂ ਅਤੇ ਕਿਸੇ ਵੀ ਫ਼ਸਲ ਦੀ ਖੇਤੀ ਕਰਦੇ ਹਨ, ਉੱਥੇ ਉਨ੍ਹਾਂ ਨੂੰ ਸਿਰਫ਼ ਔਰਤਾਂ ਦਾ ਇੱਕ ਸਮੂਹ ਬਣਾਉਣਾ ਚਾਹੀਦਾ ਹੈ ਜੋ ਸਿਰਫ਼ ਘਰੇਲੂ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਤਪਾਦਿਤ ਫ਼ਸਲਾਂ ਤੋਂ ਪ੍ਰੋਸੈਸਿੰਗ ਦੁਆਰਾ ਚੰਗੀਆਂ ਚੀਜ਼ਾਂ ਬਣਾਉਣ ਲਈ ਸਿਖਲਾਈ ਦੇਣੀ ਚਾਹੀਦੀ, ਤਾਂ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਮਾਰਕਿਟ ਵਿੱਚ ਵੇਚ ਸਕਣ ਅਤੇ ਇਸ ਦੇ ਲਈ ਚੰਗੀ ਕੀਮਤ ਪ੍ਰਾਪਤ ਕਰ ਸਕੇ।”