ਆਖ਼ਿਰ ਕਿਉਂ ਐੱਮ.ਟੈੱਕ ਦੀ ਪੜ੍ਹਾਈ ਵਿਚਾਲੇ ਛੱਡ ਕੇ ਇਹ ਨੌਜਵਾਨ ਕਰਨ ਲੱਗਾ ਖੇਤੀ ?
ਹਰ ਮਾਂ-ਪਿਉ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਪੜ੍ਹ-ਲਿਖ ਕੇ ਕਿਸੇ ਚੰਗੀ ਨੌਕਰੀ ‘ਤੇ ਲੱਗ ਜਾਣ ਤਾਂ ਜੋ ਉਹਨਾਂ ਦਾ ਭਵਿੱਖ ਸੁਰੱਖਿਅਤ ਹੋ ਜਾਵੇ। ਇਹੋ ਜਿਹਾ ਸੁਪਨਾ ਹੀ ਅਮਰਜੀਤ ਸਿੰਘ ਢਿੱਲੋਂ ਦੇ ਮਾਂ-ਪਿਉ ਦਾ ਵੀ ਸੀ। ਇਸ ਲਈ ਉਹਨਾਂ ਨੇ ਆਪਣੇ ਪੁੱਤਰ ਦੇ ਚੰਗੇ ਭਵਿੱਖ ਲਈ ਉਸਨੂੰ ਚੰਗੇ ਸਕੂਲ ਵਿੱਚ ਪੜ੍ਹਾਇਆ ਤੇ ਉਚੇਰੀ ਸਿੱਖਿਆ ਲਈ ਉਹਨਾਂ ਦਾਖਲਾ ਬੀ.ਟੈੱਕ ਮਕੈਨੀਕਲ ਇੰਜੀਨੀਅਰ ਵਿੱਚ ਕਰਵਾਇਆ। ਮਕੈਨੀਕਲ ਇੰਜੀਨੀਅਰ ਵਿੱਚ ਗ੍ਰੇਜੂਏਸ਼ਨ ਕਰਨ ਤੋਂ ਬਾਅਦ ਅਮਰਜੀਤ ਨੇ ਐੱਮ.ਟੈੱਕ ਕਰਨ ਦਾ ਫੈਸਲਾ ਕੀਤਾ ਅਤੇ ਆਪਣਾ ਦਾਖ਼ਲਾ ਵੀ ਕਰਵਾ ਲਿਆ। ਪਰ ਐੱਮ.ਟੈੱਕ ਦੀ ਪੜ੍ਹਾਈ ਵਿੱਚ ਉਹਨਾਂ ਦੀ ਕੋਈ ਖ਼ਾਸ ਦਿਲਚਸਪੀ ਨਹੀਂ ਸੀ, ਇਸ ਲਈ ਉਹਨਾਂ ਨੇ ਪੜ੍ਹਾਈ ਵਿੱਚ ਹੀ ਛੱਡਣ ਦਾ ਫੈਸਲਾ ਕੀਤਾ।
ਅਮਰਜੀਤ ਜੀ ਦੇ ਪਰਿਵਾਰ ਕੋਲ 24 ਏਕੜ ਜ਼ਮੀਨ ਸੀ, ਜਿਸ ‘ਤੇ ਉਹਨਾਂ ਦੇ ਪਿਤਾ ਜੀ ਅਤੇ ਭਰਾ ਰਵਾਇਤੀ ਖੇਤੀ ਕਰਦੇ ਸਨ। ਇੱਕ ਸਾਲ ਤੱਕ ਤਾਂ ਅਮਰਜੀਤ ਜੀ ਵੀ ਆਪਣੇ ਪਿਤਾ ਨਾਲ ਖੇਤੀ ਕਰਦੇ ਰਹੇ, ਪਰ ਨੌਜਵਾਨ ਹੋਣ ਦੇ ਕਾਰਨ ਅਮਰਜੀਤ ਰਵਾਇਤੀ ਖੇਤੀ ਦੇ ਚੱਕਰ ਵਿੱਚ ਨਹੀਂ ਫਸਣਾ ਚਾਹੁੰਦੇ ਸਨ। ਖੇਤੀ ਬਾਰੇ ਆਪਣੇ ਗਿਆਨ ਨੂੰ ਹੋਰ ਵਧਾਉਣ ਲਈ ਉਹਨਾਂ ਦੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਜਾਣਾ ਸ਼ੁਰੂ ਕਰ ਦਿੱਤਾ।
ਪੀ.ਏ.ਯੂ. ਵਿੱਚ ਉਹਨਾਂ ਨੇ ਯੰਗ ਫਾਰਮਰ ਕੋਰਸ ਵਿੱਚ ਦਾਖ਼ਲਾ ਲਿਆ। ਕੋਰਸ ਪੂਰਾ ਹੋਣ ਤੋਂ ਬਾਅਦ ਉਹਨਾਂ ਨੇ ਬਾਗਬਾਨੀ ਕਰਨ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਉਹਨਾਂ ਆਪਣੇ ਫਾਰਮ, ਜਿਸਦਾ ਨਾਮ “ਗ੍ਰੀਨ ਐਨਰਜੀ ਫਾਰਮ” ਹੈ, ਵਿੱਚ ਫਲਾਂ ਦੀ ਖੇਤੀ ਸ਼ੁਰੂ ਕੀਤੀ। ਬਾਅਦ ਵਿੱਚ ਉਹ ਨਾਲ-ਨਾਲ ਸਬਜ਼ੀਆਂ, ਫੁੱਲਾਂ ਦੀ ਖੇਤੀ ਅਤੇ ਮਧੂ-ਮੱਖੀ ਪਾਲਣ ਦਾ ਕੰਮ ਵੀ ਕਰਨ ਲੱਗੇ।
“ਮੈਂ ਇੱਕ ਸਾਲ ਦੇ ਅੰਦਰ-ਅੰਦਰ ਇਹ ਸਭ ਛੱਡ ਕੇ ਸਿਰਫ਼ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ, ਕਿਉਂਕਿ ਫਲਾਂ ਅਤੇ ਸਬਜ਼ੀਆਂ ਦਾ ਮੰਡੀਕਰਨ ਆਸਾਨੀ ਨਾਲ ਇੱਕ ਹੀ ਮੰਡੀ ਵਿੱਚ ਹੋ ਜਾਂਦਾ ਹੈ। ਇਸ ਵਿੱਚ ਦੁਕਾਨਦਾਰੀ ਵਾਂਗ ਰੋਜ਼ਾਨਾ ਕਮਾਈ ਹੋ ਜਾਂਦੀ ਹੈ ” – ਅਮਰਜੀਤ ਸਿੰਘ ਢਿੱਲੋਂ
ਅਮਰਜੀਤ ਜੀ ਨੇ ਪੂਰੇ ਸਾਲ ਭਰ ਲਈ ਇੱਕ ਟਾਈਮ-ਟੇਬਲ ਬਣਾਇਆ ਹੋਇਆ ਹੈ, ਜਿਸ ਦੇ ਅਨੁਸਾਰ ਉਹ ਅਲੱਗ-ਅਲੱਗ ਮਹੀਨੇ ਬੀਜੀਆਂ ਹੋਈਆਂ ਫ਼ਸਲਾਂ ਦੀ ਵਾਢੀ ਕਰਦੇ ਹਨ।
ਅਮਰਜੀਤ ਜੀ ਜੈਵਿਕ ਖੇਤੀ ਨਹੀਂ ਕਰਦੇ, ਪਰ ਉਹ ਸਭ ਤੋਂ ਪਹਿਲਾਂ ਜੈਵਿਕ ਤਰੀਕੇ ਨਾਲ ਕੀੜਿਆਂ ਅਤੇ ਬਿਮਾਰੀਆਂ ‘ਤੇ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਲੋੜ ਪੈਣ ‘ਤੇ ਪੀ.ਏ.ਯੂ. ਵੱਲੋਂ ਸਿਫ਼ਾਰਿਸ਼ ਕੀਤੀਆਂ ਗਈਆਂ ਸਪਰੇਆਂ ਦੀ ਹੀ ਵਰਤੋਂ ਸਿਫ਼ਾਰਿਸ਼ ਮਾਤਰਾ ਵਿੱਚ ਹੀ ਕਰਦੇ ਹਨ। ਅੱਜ ਵੀ ਅਮਰਜੀਤ ਕੇ.ਵੀ.ਕੇ. ਅਤੇ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਵਿੱਚ ਵੀ ਹਿੱਸਾ ਲੈਂਦੇ ਹਨ। ਅੱਜ ਵੀ ਜਿੱਥੇ ਅਮਰਜੀਤ ਨੂੰ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਦੀ ਸਲਾਹ ਲੈਂਦੇ ਹਨ।
“ਮੇਰੇ ਅਨੁਸਾਰ, ਫਲ ਤੋੜਨ ਤੋਂ ਬਾਅਦ ਪੌਦਿਆਂ ‘ਤੇ ਸਪਰੇਅ ਕਰਨੀ ਚਾਹੀਦੀ ਹੈ ਤਾਂ ਜੋ ਤੁੜਾਈ ਅਤੇ ਸਪਰੇ ਦੇ ਸਮੇਂ ਵਿੱਚ 24 ਤੋਂ 48 ਘੰਟੇ ਦਾ ਫਾਸਲਾ ਹੋਵੇ।” – ਅਮਰਜੀਤ ਸਿੰਘ ਢਿੱਲੋਂ
- ਪੀ.ਏ.ਯੂ. ਵੱਲੋਂ ਮੁੱਖ-ਮੰਤਰੀ ਅਵਾਰਡ (2006)
- ਆਤਮਾ ਵੱਲੋਂ ਰਾਜ ਪੱਧਰੀ ਅਵਾਰਡ (2009)
- ਐਗਰੀਕਲਚਰ ਸਮਿਟ ਚੱਪੜਚਿੜੀ ਵਿੱਚ ਸਟੇਟ ਅਵਾਰਡ
- ਇੰਟਰਨੈਸ਼ਨਲ ਇੰਸਟੀਟਿਊਟ ਆਫ ਵੇਜੀਟੇਬਲ ਰਿਸਰਚ ਵੱਲੋਂ ਜ਼ੋਨਲ ਅਵਾਰਡ (2018)
- IARI ਵੱਲੋਂ ਇਨੋਵੇਟਿਵ ਫਾਰਮਰ ਅਵਾਰਡ (ਨੈਸ਼ਨਲ ਅਵਾਰਡ 2018)