ਹਰਭਜਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਜੋ ਇੱਕ ਫਾਰਮ ਦੇ ਵਿੱਚ 5 ਅਲੱਗ-ਅਲੱਗ ਤਰ੍ਹਾਂ ਦੇ ਕਿੱਤੇ ਕਰਨ ਵਿੱਚ ਸਫਲ ਹੋਇਆ, ਜਿਸ ਕਾਰਨ ਦੂਜੇ ਕਿਸਾਨਾਂ ਦੁਆਰਾ ਉਸ ਨੂੰ ਕਿਸਾਨਾਂ ਦਾ ਸ਼ਕਤੀਮਾਨ ਕਹਿ ਕੇ ਸਨਮਾਨਿਤ ਕੀਤਾ ਜਾਂਦਾ ਹੈ

ਇਸ ਤੇਜ਼ੀ ਨਾਲ ਬਦਲਦੀ ਹੋਈ ਦੁਨੀਆਂ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਲਈ ਆਪਣੇ ਕੰਮ ਕਰਨ ਦੇ ਤਰੀਕੇ ਦੇ ਵਿੱਚ ਵਿਭਿੰਨਤਾ ਲੈ ਕੇ ਆਉਣਾ ਬਹੁਤ ਹੀ ਜ਼ਰੂਰੀ ਹੈ। ਇਸ ਗੱਲ ਨੂੰ ਅਪਣਾਉਣਾ ਅੱਜ-ਕੱਲ੍ਹ ਬਹੁਤ ਹੋ ਜ਼ਰੂਰੀ ਹੋ ਗਿਆ ਹੈ ਕਿਉਂਕਿ ਦੁਨੀਆਂ ਵਿੱਚ ਹਰ ਇਨਸਾਨ ਕੁੱਝ ਵੱਖਰਾ ਕਰਨ ਦੇ ਲਈ ਆਇਆ ਹੈ, ਹਾਲਾਂਕਿ ਕੁੱਝ ਲੋਕ ਹਨ ਅਜਿਹੇ ਹੁੰਦੇ ਹਨ ਜੋ ਪਰਿਵਰਤਨ ਕਰਨ ਤੋਂ ਡਰਦੇ ਹਨ, ਜਿਸ ਕਾਰਨ ਉਹ ਆਪਣੇ ਵਿਚਾਰਾਂ ਦੇ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਖ਼ਿਆਲ ਤੋਂ ਹਮੇਸ਼ਾਂ ਡਰਦੇ ਰਹਿੰਦੇ ਹਨ। ਉਨ੍ਹਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਪਹਿਚਾਣ ਕੇ ਦੁਨੀਆਂ ਬਦਲਣ ਦੀ ਰਾਹ ਉੱਤੇ ਅਗਾਂਹ ਵੱਧਦੇ ਜਾਂਦੇ ਹਨ ਅਤੇ ਉੱਚੀਆਂ ਮੰਜ਼ਿਲਾਂ ਨੂੰ ਹਾਸਿਲ ਕਰਦੇ ਹਨ।

ਇਹ ਕਹਾਣੀ ਇੱਕ ਅਜਿਹੇ ਹੀ ਇਨਸਾਨ ਦੀ ਹੈ ਜਿੱਥੇ ਜ਼ਿਆਦਾਤਰ ਕਿਸਾਨ ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਪਿਛਲੇ ਬਹੁਤ ਸਮੇਂ ਤੋਂ ਕਰਦੇ ਆ ਰਹੇ ਹਨ, ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਮਲਕਪੁਰ ਪਿੰਡ ਦੇ ਇੱਕ ਕਿਸਾਨ ਹਰਭਜਨ ਸਿੰਘ ਜੀ ਖੇਤੀ ਦੇ ਤਰੀਕਿਆਂ ਵਿੱਚ ਵਿਭਿੰਨਤਾ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਹ ਆਪਣੀ 11 ਕਿੱਲੇ ਜ਼ਮੀਨ ਉੱਪਰ ਸਫ਼ਲਤਾਪੂਰਵਕ ਫਾਰਮ ਚਲਾ ਰਹੇ ਹਨ, ਜਿੱਥੇ ਉਹ ਮੁਰਗੀ ਪਾਲਣ, ਬੱਕਰੀ ਪਾਲਣ ਦੇ ਨਾਲ-ਨਾਲ ਬਟੇਰ ਪਾਲਣ ਦਾ ਵੀ ਕੰਮ ਕਰਦੇ ਹਨ। ਇਸ ਤੋਂ ਇਲਾਵਾ 55 ਏਕੜ ਪੰਚਾਇਤੀ ਜ਼ਮੀਨ ਵੀ ਕਿਰਾਏ ਉੱਤੇ ਲਈ ਹੋਈ ਹੈ ਜਿੱਥੇ ਮੱਛੀ ਪਾਲਣ ਦਾ ਕੰਮ ਕਰਦੇ ਹਨ।

ਹਰਭਜਨ ਜੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਸਾਲ 1981 ਵਿੱਚ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਇੱਕ ਮਕੈਨੀਕਲ ਵਰਕਸ਼ਾਪ ਦੇ ਵਿੱਚ ਕੰਮ ਕਰਨ ਲੱਗ ਗਏ ਤੇ ਨਾਲ-ਨਾਲ ਆਪਣੇ ਪਰਿਵਾਰ ਨਾਲ ਖੇਤੀ ਵਿੱਚ ਵੀ ਮਦਦ ਕਰਦੇ ਸਨ। ਉਸ ਸਮੇਂ ਉਨ੍ਹਾਂ ਦੇ ਇੱਕ ਦੋਸਤ ਨੇ ਮੱਛੀ ਪਾਲਣ ਕਰਨ ਬਾਰੇ ਸਲਾਹ ਦਿੱਤੀ, ਇਸ ਤੋਂ ਬਾਅਦ ਇਸ ਕਿੱਤੇ ਦੇ ਸੰਬੰਧ ਵਿੱਚ ਉਨ੍ਹਾਂ ਨੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਲਦੀ ਮੱਛੀ ਪਾਲਣ ਕਰਨ ਦੇ ਲਈ ਪਿੰਡ ਦੇ ਤਾਲਾਬ ਨੂੰ ਕਿਰਾਏ ‘ਤੇ ਲੈ ਲਿਆ।

ਮੱਛੀ ਪਾਲਣ ਦੇ ਕਿੱਤੇ ਤੋਂ ਮੈਂ ਕਾਫੀ ਮੁਨਾਫ਼ਾ ਕਮਾਇਆ ਅਤੇ ਖੁਦ ਦੀ ਜ਼ਮੀਨ ਦੇ ਉੱਪਰ ਇਹ ਕੰਮ ਕਰਨ ਦਾ ਫੈਸਲਾ ਕਰ ਲਿਆ-ਹਰਭਜਨ ਸਿੰਘ

ਇਸ ਕੰਮ ਤੋਂ ਉਨ੍ਹਾਂ ਨੂੰ ਫਾਇਦਾ ਹੋਇਆ, ਇਸ ਲਈ ਸਾਲ 1995 ਵਿਚ ਪੰਜਾਬ ਰਾਜ ਮੱਛਲੀ ਪਾਲਣ ਬੋਰਡ ਮਾਨਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕੀਤਾ ਅਤੇ ਆਪਣੀ ਜ਼ਮੀਨ ਉੱਤੇ ਹੋਰ ਵਧੀਆ ਤਰੀਕੇ ਨਾਲ ਮੱਛਲੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ 2 ਏਕੜ ਜ਼ਮੀਨ ਵਿਚ ਤਾਲਾਬ ਤਿਆਰ ਕਰਵਾਇਆ ਅਤੇ 2 ਏਕੜ ਜ਼ਮੀਨ ਵੀ ਖਰੀਦ ਲਈ ਜੋ ਉਨ੍ਹਾਂ ਦੇ ਤਾਲਾਬ ਦੇ ਨੇੜੇ ਲੱਗਦੀ ਸੀ। ਜਿਸ ਨਾਲ ਮੱਛੀ ਉਤਪਾਦਨ 6 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਬਾਅਦ ਵਿੱਚ ਉਨ੍ਹਾਂ ਨੇ ਉਤਪਾਦਨ ਵਧਾਉਣ ਦੇ ਲਈ ਸੈਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਐਕੁਆਕਲਚਰ, ਭੁਵਨੇਸ਼ਵਰ, ਉੜੀਸਾ ਤੋਂ ਟ੍ਰੇਨਿੰਗ ਲੈਣ ਦਾ ਫੈਸਲਾ ਕਰ ਲਿਆ ਅਤੇ ਮੱਛੀ ਦੀਆਂ 6 ਨਵੀਆਂ ਨਸਲਾਂ (ਰੋਹੁ, ਕਤਲਾ, ਮੁਰਾਖ, ਗ੍ਰਾਸ ਕਾਰਪ, ਕਾਮਨ ਕਾਰਪ ਅਤੇ ਸਿਲਵਰ ਕਾਰਪ) ਅਤੇ ਨਾਲ ਹੀ 3 ਏਰੀਏਟਰ ਵੀ ਖਰੀਦ ਲਏ। ਏਰੀਏਟਰ ਖਰੀਦਣ ਦੇ ਲਈ ਉਹਨਾਂ ਨੂੰ ਸਰਕਾਰ ਵੱਲੋਂ 50 % ਸਬਸਿਡੀ ਵੀ ਮਿਲੀ। ਏਰੀਏਟਰ ਦੇ ਇਸਤੇਮਾਲ ਦੇ ਨਾਲ ਮੱਛੀ ਉਤਪਾਦਨ ਵੱਧ ਕੇ 8 ਟਨ ਪ੍ਰਤੀ ਹੈਕਟੇਅਰ ਹੋ ਗਿਆ।

ਮੈਨੂੰ ਸਰਕਾਰੀ ਹੈਚਰੀ ਤੋਂ ਮੱਛੀ ਦਾ ਬੀਜ ਖਰੀਦਣਾ ਪਿਆ, ਜੋ ਕਿ ਮੇਰੇ ਲਈ ਇੱਕ ਮਹਿੰਗਾ ਸੌਦਾ ਸੀ, ਇਸ ਕਰਕੇ ਮੈਂ ਆਪਣੀ ਖੁਦ ਦੀ ਹੈਚਰੀ ਤਿਆਰ ਕਰਨ ਦਾ ਫੈਸਲਾ ਕਰ ਲਿਆ- ਹਰਭਜਨ ਸਿੰਘ

ਮੱਛੀ ਪਾਲਣ ਦੇ ਨਾਲ-ਨਾਲ ਮੱਛੀ ਦਾ ਬੀਜ ਤਿਆਰ ਕਰਨ ਦੇ ਲਈ ਇੱਕ ਹੈਚਰੀ ਤਿਆਰ ਕੀਤੀ ਕਿਉਂਕਿ ਉਨ੍ਹਾਂ ਨੂੰ ਦੂਜੀ ਹੈਚਰੀ ਤੋਂ ਬੀਜ ਮਹਿੰਗਾ ਪੈ ਰਿਹਾ ਸੀ। ਆਮ ਤੌਰ ‘ਤੇ ਹੈਚਰੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ, ਪਰ ਹਰਭਜਨ ਸਿੰਘ ਜੀ ਨੇ ਇੱਕ ਵੱਡੇ ਨਿਵੇਸ਼ ਦੇ ਨਾਲ ਖੁਦ ਦੀ ਹੈਚਰੀ ਤਿਆਰ ਕੀਤੀ। ਹੈਚਰੀ ਹੋਣ ਦੇ ਨਾਲ ਇੱਕ ਨਕਲੀ ਮੀਂਹ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਹੈਚਰੀ ਵਿੱਚ ਇੱਕ ਉਂਗਲ ਦੇ ਆਕਾਰ ਜਿੰਨੇ 20 ਲੱਖ ਤੋਂ ਵੀ ਜ਼ਿਆਦਾ ਮੱਛੀ ਦੇ ਬੱਚੇ ਤਿਆਰ ਕੀਤੇ ਅਤੇ ਉਨ੍ਹਾਂ ਨੂੰ 50 ਪੈਸੇ ਤੋਂ ਲੈ ਕੇ 1 ਰੁਪਏ ਪ੍ਰਤੀ ਬੀਜ ਦੇ ਹਿਸਾਬ ਨਾਲ ਵੇਚਿਆ।

ਸਮਾਂ ਲੰਘਦਾ ਗਿਆ ਅਤੇ ਹਰਭਜਨ ਜੀ ਨੇ 2009 ਵਿੱਚ Large White Yorkshire ਨਸਲ ਦੇ 50 ਸੂਰਾਂ ਤੋਂ ਸੂਰ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਉਹਨਾਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ। ਪਰ ਇਹ ਜ਼ਿਆਦਾ ਫਾਇਦੇਮੰਦ ਸਾਬਿਤ ਨਹੀਂ ਹੋਇਆ। ਫਿਰ ਉਹਨਾਂ ਨੇ ਸੂਰ ਦੇ ਮੀਟ ਦੀ ਪ੍ਰੋਸੈਸਿੰਗ ਕਰਕੇ ਵੇਚਣਾ ਸ਼ੁਰੂ ਕੀਤਾ। ਉਹਨਾਂ ਨੇ CIPHET PAU ਅਤੇ ਗਡਵਾਸੂ ਤੋਂ ਮੀਟ ਪ੍ਰੋਡਕਟਸ ਦੀ ਟ੍ਰੇਨਿੰਗ ਲਈ ਅਤੇ ਸੂਰ ਦੇ ਮੀਟ ਨੂੰ ਅਚਾਰ ਦੇ ਰੂਪ ਵਿੱਚ ਪ੍ਰੋਸੈਸ ਕੀਤਾ। ਮੀਟ ਦਾ ਅਚਾਰ ਬਣਾ ਕੇ ਵੇਚਣਾ ਉਨ੍ਹਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋਇਆ ਅਤੇ ਉਹਨਾਂ ਦੀ ਆਮਦਨੀ ਇਸ ਨਾਲ ਲਗਭਗ ਦੁੱਗਣੀ ਹੋ ਗਈ।

ਹੁਣ ਹਰਭਜਨ ਸਿੰਘ ਜੀ ਦੇ ਕੋਲ ਲਗਭਗ 150 ਸੂਰ ਹਨ। ਸੂਰਾਂ ਤੋਂ ਬਚੇ ਪਦਾਰਥਾਂ ਨੂੰ ਹਰਭਜਨ ਸਿੰਘ ਜੀ ਮੱਛੀਆਂ ਨੂੰ ਖਿਲਾ ਦਿੰਦੇ ਹਨ। ਜਿਸ ਨਾਲ ਉਹਨਾਂ ਦੀ ਕੁੱਲ ਲਾਗਤ ਵਿੱਚੋਂ 50 ਤੋਂ 60 % ਹਿੱਸਾ ਰਹਿਣ ਲੱਗਾ ਅਤੇ ਮੱਛਲੀ ਉਤਪਾਦਨ 20 % ਹੋਰ ਵੱਧ ਗਿਆ। ਹੁਣ ਉਹ ਪ੍ਰਤੀ ਹੈਕਟੇਅਰ 10 ਟਨ ਮੱਛੀ ਦਾ ਉਤਪਾਦਨ ਕਰਦੇ ਹਨ।

ਉਹਨਾਂ ਨੇ ਫਿਸ਼ ਪਾਰਕ ਪ੍ਰੋਸੈਸਿੰਗ ਸੇਲਫ ਹੈਲਪ ਗਰੁੱਪ ਵੀ ਸ਼ੁਰੂ ਕੀਤਾ ਹੈ ਜਿਸ ਵਿੱਚ 11 ਮੈਂਬਰ ਕੰਮ ਕਰ ਰਹੇ ਹਨ। ਇਸ ਨਾਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਰਿਹਾ ਹੈ ਅਤੇ ਹਰਭਜਨ ਸਿੰਘ ਜੀ ਦੀ ਆਮਦਨੀ ਵਿੱਚ ਵੀ ਵਾਧਾ ਹੋ ਰਿਹਾ ਹੈ। ਹਰਭਜਨ ਸਿੰਘ ਜੀ ਨੂੰ ਖੇਤੀ ਵਿੱਚ ਵਿਭਿੰਨਤਾ ਲਿਆਉਣ ਦੇ ਲਈ ਪੰਜਾਬ ਦੇ ਮੁੱਖ-ਮੰਤਰੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ ਸੀ।

ਪਾਣੀ ਦੇ ਸਤਰ ਵਿੱਚ ਆਉਂਦੀ ਕਮੀ ਨੂੰ ਦੇਖਦੇ ਹੋਏ ਹਰਭਜਨ ਜੀ ਨੇ ਪਾਣੀ ਨੂੰ ਮੁੜ ਵਰਤੋਂ ਵਿੱਚ ਲੈ ਕੇ ਆਉਣ ਲਈ ਲਈ ਇੱਕ ਤਰੀਕੇ ਦੀ ਕਾਢ ਕੱਢੀ ਹੈ ਜਿਸ ਦੇ ਵਿੱਚ ਪਹਿਲਾਂ ਉਹ ਪਾਣੀ ਸੂਰਾਂ ਨੂੰ ਨਹਾਉਣ ਦੇ ਲਈ ਵਰਤ ਕੇ ਬਾਅਦ ਵਿੱਚ ਇਸ ਪਾਣੀ ਨੂੰ ਮੱਛੀਆਂ ਦੇ ਤਾਲਾਬ ਵਿੱਚ ਸੁੱਟ ਦਿੰਦੇ ਹਨ ਅਤੇ ਤਾਲਾਬ ਦੇ ਬਾਕੀ ਰਹਿੰਦੇ ਪਾਣੀ ਨੂੰ ਫ਼ਸਲਾਂ ਦੀ ਸਿੰਚਾਈ ਲਈ ਵਰਤ ਲਿਆ ਜਾਂਦਾ ਹੈ। ਇਹ ਪਾਣੀ ਖੇਤ ਵਿੱਚ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਕੰਮ ਕਰਦਾ ਹੈ। ਜਿਸ ਨਾਲ ਖਾਦਾਂ ਉੱਤੇ ਹੋਣ ਵਾਲੇ ਖਰਚ ਨੂੰ 50 % ਤੱਕ ਘਟਾਇਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਹਰਭਜਨ ਸਿੰਘ ਜੀ ਦੇ ਯਤਨ ਨੂੰ ਦੇਖਦੇ ਹੋਏ ਉਹਨਾਂ ਦੇ ਖੇਤ ਦਾ ਦੌਰਾ ਵੀ ਕੀਤਾ ਹੈ।

ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਫਾਰਮਿੰਗ ਦੇ ਵਿੱਚ ਬੱਕਰੀ ਪਾਲਣ ਨੂੰ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ। ਇਸ ਦੇ ਲਈ ਉਹਨਾਂ ਨੇ KVK ਮਾਨਸਾ ਤੋਂ ਟ੍ਰੇਨਿੰਗ ਲੈ ਕੇ ਸ਼ੁਰੂ ਵਿੱਚ ਉਹਨਾਂ ਨੇ ਬੀਟਲ ਅਤੇ ਸਿਰੋਹੀ ਨਸਲ ਦੇ ਨਾਲ 30 ਬੱਕਰੀਆਂ ਤੋਂ ਬੱਕਰੀ ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਅੱਜ ਉਹਨਾਂ ਦੇ ਕੋਲ ਲਗਭਗ 150 ਦੇ ਕਰੀਬ ਬੱਕਰੀਆਂ ਹਨ। 2017 ਦੇ ਬਾਅਦ ਉਹਨਾਂ ਨੇ PAU ਦੇ ਕਿਸਾਨ ਮੇਲਿਆਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਜਿੱਥੋਂ ਉਹਨਾਂ ਨੂੰ ਬਟੇਰ ਪਾਲਣ ਅਤੇ ਮੁਰਗੀ ਪਾਲਣ ਕਰਨ ਦੀ ਪ੍ਰੇਰਨਾ ਮਿਲੀ। ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਉਹਨਾਂ ਨੇ ਚੰਡੀਗੜ੍ਹ ਤੋਂ 2000 ਬਟੇਰ ਅਤੇ 150 ਕੜਕਨਾਥ ਨਸਲ ਦੀਆਂ ਮੁਰਗੀਆਂ ਦੀ ਖਰੀਦ ਕੀਤੀ। ਅੱਜ ਉਹ ਆਪਣੇ ਖੇਤ ਦੇ ਵਿੱਚ 3000 ਬਟੇਰ ਪੰਛੀਆਂ ਦਾ ਪਾਲਣ ਕਰਦੇ ਹਨ।

ਪਸ਼ੂਆਂ ਦੇ ਲਈ ਚਾਰਾ ਉਹ ਆਪ ਮਸ਼ੀਨਾਂ ਦੀ ਮਦਦ ਨਾਲ ਖੇਤ ਵਿੱਚ ਹੀ ਤਿਆਰ ਕਰਦੇ ਹਨ। ਹਰਭਜਨ ਸਿੰਘ ਜੀ ਦੇ 2 ਬੱਚੇ ਵੀ ਹਨ ਜੋ ਖੇਤ ਵਿੱਚ ਹਰਭਜਨ ਜੀ ਦੀ ਮਦਦ ਕਰਦੇ ਹਨ। ਹਰਭਜਨ ਜੀ ਸਿਰਫ ਇੱਕ ਸਹਾਇਕ ਦੇ ਰੂਪ ਵਿਚ ਖੇਤ ਵਿੱਚ ਕੰਮ ਕਰਦੇ ਹਨ। ਹੁਣ ਉਹ ਮੱਛੀਆਂ ਦੇ ਬੀਜ ਨੂੰ 2 ਰੁਪਏ ਪ੍ਰਤੀ ਬੀਜ ਵੇਚ ਰਹੇ ਹਨ। ਬੱਕਰ-ਈਦ ਵਾਲੇ ਦਿਨ ਉਹ ਬੱਕਰੀਆਂ ਨੂੰ ਵੇਚਦੇ ਹਨ ਅਤੇ ਮੀਟ ਤੋਂ ਅਚਾਰ ਵੀ ਤਿਆਰ ਕਰਦੇ ਹਨ। ਕੜਕਨਾਥ ਮੁਰਗੀ ਦਾ ਇੱਕ ਆਂਡਾ ਉਹ 15 ਤੋਂ 20 ਰੁਪਏ ਵਿੱਚ ਵੇਚਦੇ ਹਨ ਅਤੇ ਉਸਦਾ ਮੀਟ 700-800 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ICAR-CIFE ਕੋਲਕਾਤਾ ਤੋਂ ਮੱਛੀ ਦਾ ਅਚਾਰ ਅਤੇ ਸੂਪ ਬਣਾਉਣ ਦੀ ਟ੍ਰੇਨਿੰਗ ਵੀ ਹਾਸਿਲ ਕੀਤੀ ਅਤੇ ਆਪਣੇ ਉਤਪਾਦਾਂ ਨੂੰ “ਖਿਆਲਾ ਪੋਰਕ ਐਂਡ ਫਿਸ਼ ਪ੍ਰੋਡਕਟਸ” ਦੇ ਨਾਮ ਨਾਲ ਵੇਚਦੇ ਹਨ। ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪਣੇ ਫਾਰਮ ਉੱਤੇ ਹੀ ਕਰਦੇ ਹਨ।

ਉਹਨਾਂ ਨੂੰ ਆਪਣੇ ਉਤਪਾਦਾਂ ਨੂੰ ਵੇਚਣ ਲਈ ਕੀਤੇ ਵੀ ਜਾਣ ਦੀ ਲੋੜ ਨਹੀਂ ਪੈਂਦੀ, ਉਹਨਾਂ ਨੇ ਆਪਣੀ ਮਿਹਨਤ ਸਦਕਾ ਬਹੁਤ ਸਾਰੇ ਨੌਜਵਾਨ ਕਿਸਾਨਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਖੇਤੀ ਕਰਨ ਦੇ ਲਈ ਬਹੁਤ ਸਾਰੇ ਕਿਸਾਨ ਹਰਭਜਨ ਜੀ ਦੀ ਸਲਾਹ ਲੈਣ ਉਹਨਾਂ ਦੇ ਫਾਰਮ ‘ਤੇ ਆਉਂਦੇ ਹਨ। ਹਰਭਜਨ ਜੀ ਦੂਜੇ ਲੋਕਾਂ ਦੇ ਲਈ ਇੱਕ ਪ੍ਰੇਰਨਾ ਦੇ ਰੂਪ ਬਣ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਖੇਤੀ ਵਿੱਚ ਵੀਭਿੰਨਤਾ ਲਿਆਉਣ ਦੇ ਲਈ ਪ੍ਰੇਰਿਤ ਕੀਤਾ ਹੈ।

ਭਵਿੱਖ ਦੀ ਯੋਜਨਾ

ਹਰਭਜਨ ਜੀ ਭਵਿੱਖ ਵਿੱਚ ਆਪਣੀ ਆਮਦਨ ਨੂੰ ਵਧਾਉਣਾ ਚਾਹੁੰਦੇ ਹਨ ਅਤੇ ਇਸ ਖੇਤੀ ਨੂੰ ਉੱਚ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਉਹ ਇੰਟੀਗ੍ਰੇਟਡ ਖੇਤੀ ਕਰਕੇ ਵੱਡੇ ਪੱਧਰ ‘ਤੇ ਨਾਮ ਬਣਾਉਣਾ ਚਾਹੁੰਦੇ ਹਨ ਅਤੇ ਨਾਲ-ਨਾਲ ਲੋਕਾਂ ਨੂੰ ਜੈਵਿਕ ਅਤੇ ਫ਼ਸਲੀ ਵਿਭਿੰਨਤਾ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਨ।

ਸੰਦੇਸ਼

ਹਰਭਜਨ ਜੀ ਨੌਜਵਾਨ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਦੀ ਸਲਾਹ ਦੇਣਾ ਚਾਹੁੰਦੇ ਹਨ। ਜੇਕਰ ਕੋਈ ਵੀ ਕਿਸਾਨ ਇੰਟੀਗ੍ਰੇਟਡ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਛੋਟੇ ਪੱਧਰ ਤੋਂ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਬਾਕੀ ਕਿੱਤਿਆਂ ਨੂੰ ਆਪਣੇ ਵਪਾਰ ਵਿੱਚ ਜੋੜਨਾ ਚਾਹੀਦਾ ਹੈ।