ਬਲਵਿੰਦਰ ਮਾਨ

ਪੂਰੀ ਕਹਾਣੀ ਪੜ੍ਹੋ

9 ਬੱਕਰੀਆਂ ਤੋਂ ਕੀਤਾ ਸੀ ਸ਼ੁਰੂ ਅੱਜ ਹਨ ਮਸ਼ਹੂਰ ਬੱਕਰੀਆਂ ਦੀ ਤੁੰਗਵਾਲੀ ਮੰਡੀ ਦੇ ਮਾਲਿਕ

ਉਤਾਰ-ਚੜ੍ਹਾਵ ਹਰ ਕਿਸੇ ਦੀ ਜ਼ਿੰਦਗੀ ਵਿੱਚ ਨਹੀਂ ਆਉਂਦੇ ਅਤੇ ਇਹਨਾਂ ਉਤਾਰ-ਚੜ੍ਹਾਵ ਕਰਕੇ ਹੀ ਇਨਸਾਨ ਹਮੇਸ਼ਾਂ ਕਾਮਯਾਬੀ ਦੀਆਂ ਲੀਹਾਂ ਉੱਤੇ ਚੱਲ ਕੇ ਕਾਮਯਾਬੀ ਪ੍ਰਾਪਤ ਕਰਦਾ ਹੈ, ਜੋ ਉਸਦੇ ਰਾਹਾਂ ‘ਤੇ ਪਹਿਲਾਂ ਰੁਕਾਵਟਾਂ ਬਣ ਕੇ ਖੜਦੀਆਂ ਸਨ ਬਾਅਦ ਵਿੱਚ ਉਹ ਰੁਕਾਵਟਾਂ ਉਸ ਦੀ ਕਾਮਯਾਬੀ ਦਾ ਸਿਰ ਦਾ ਸਿਹਰਾ ਬਣਦੀਆਂ ਹਨ। ਇਸ ਲਈ ਇਨਸਾਨ ਨੂੰ ਹਮੇਸ਼ਾਂ ਆਪਣਾ ਹੌਂਸਲਾ ਅਜਿਹਾ ਬਣਾਉਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਿਲ ਆ ਜਾਵੇ, ਹੱਸਦਿਆਂ ਹੋਇਆ ਮੁਕਾਬਲਾ ਕਰਨਾ ਚਾਹੀਦਾ ਹੈ।

ਇੱਕ ਇਨਸਾਨ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਾਮਯਾਬੀ ਤਾਂ ਬਹੁਤ ਪ੍ਰਾਪਤ ਕੀਤੀ ਪਰ ਹੁਣ ਤੱਕ ਰੁਕਾਵਟਾਂ ਨੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਔਕੜਾਂ ਇਸ ਕਦਰ ਉਹਨਾਂ ਪਿੱਛੇ ਹੱਥ ਧੋ ਕੇ ਪਈਆਂ ਹਨ ਜਿਵੇਂ ਪਿਛਲੇ ਜਨਮ ਦਾ ਕੋਈ ਸੰਬੰਧ ਹੋਵੇ। ਉਹਨਾਂ ਦਾ ਨਾਮ ਬਲਵਿੰਦਰ ਮਾਨ, ਜੋ ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ ਦੇ ਰਹਿਣ ਵਾਲੇ ਅਤੇ ਤੁੰਗਵਾਲੀ ਦੀ ਮਸ਼ਹੂਰ ਬੱਕਰੀਆਂ ਦੀ ਮੰਡੀ ਦੇ ਮਾਲਿਕ ਹਨ ਜਿਨ੍ਹਾਂ ਨੇ ਤੁੰਗਵਾਲੀ ਵਿੱਚ ਛੋਟੇ ਪੱਧਰ ਤੇ ਸ਼ੁਰੂ ਕੀਤੀ ਮੰਡੀ ਨੂੰ ਜਿਸ ਦੇ ਅੱਜ ਕਲ ਪੂਰੇ ਪੰਜਾਬ ਦੇ ਨਾਲ ਹੋਰ ਕਈ ਰਾਜਾਂ ਦੇ ਵਿੱਚ ਚਰਚੇ ਹਨ, ਜੋ ਕਿ ਉਹਨਾਂ ਦੇ ਮਿਹਨਤ ਦੇ ਸਦਕਾ ਸਭ ਕੁਝ ਸੰਭਵ ਹੋਇਆ ਹੈ।

ਸਾਲ 1990 ਦੀ ਗੱਲ ਹੈ ਜਦੋਂ ਬਲਵਿੰਦਰ ਨੇ ਆਪਣੀ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਸੋਚਿਆ ਕਿ ਕੰਮ ਕੀ ਕੀਤਾ ਜਾਵੇ, ਪਰ ਕੁਝ ਸਮਝ ਨਹੀਂ ਆ ਰਿਹਾ ਸੀ, ਪਰ ਉੱਚੀ ਸੋਚ ਦੇ ਰਹਿਣੀ-ਬਹਿਣੀ ਦੇ ਮਾਲਿਕ ਹੋਣ ਕਰਕੇ ਹਮੇਸ਼ਾਂ ਕੁਝ ਨਾ ਕੁਝ ਅਜਿਹਾ ਸੋਚਦੇ ਸਨ ਜਿਸ ਨਾਲ ਕਿ ਪਹਿਚਾਣ ਉਨ੍ਹਾਂ ਦੇ ਨਾਮ ਨਾਲ ਨਹੀਂ ਸਗੋਂ ਕੰਮ ਨਾਲ ਬਣੇ। ਫਿਰ ਸੋਚਿਆ ਅਜਿਹਾ ਕੀ ਕੀਤਾ ਜਾ ਸਕਦਾ ਹੈ, ਉਸ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਫਲਸਵਰੂਪ ਮਧੂ ਮੱਖੀ ਪਾਲਣ ਦੇ ਬਾਰੇ ਵਿੱਚ ਪਤਾ ਲੱਗਾ ਅਤੇ ਉਨ੍ਹਾਂ ਨੇ ਮਧੂ ਮੱਖੀ ਪਾਲਣ ਦਾ 1992 ਵਿੱਚ ਕਿੱਤਾ ਸ਼ੁਰੂ ਕਰ ਦਿੱਤਾ ਅਤੇ ਥੋੜ੍ਹਾ ਸਮਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਕਿੱਤਾ ਸਫਲਤਾਪੂਰਵਕ ਚੱਲ ਪਿਆ ਅਤੇ ਮੁਨਾਫ਼ਾ ਕਮਾਉਣ ਲੱਗੇ ਇਸ ਦੌਰਾਨ ਸ਼ੁਰੂ-ਸ਼ੁਰੂ ਵਿੱਚ ਸ਼ਹਿਦ ਵੀ ਬਣਾ ਕੇ ਵੇਚਣ ਲੱਗ ਗਏ, ਜਿਸ ਦਾ ਮੰਡੀਕਰਨ ਆਪਣੇ ਜ਼ਿਲ੍ਹੇ ਵਿਖੇ ਹੀ ਕਰਨ ਲੱਗੇ।

ਇਸ ਤੋਂ ਬਾਅਦ ਇੱਥੇ ਹੀ ਨਹੀਂ ਰੁਕੇ ਅਤੇ ਸੋਚਿਆ ਇਸ ਦੇ ਨਾਲ-ਨਾਲ ਕੋਈ ਹੋਰ ਸਹਾਇਕ ਧੰਦਾ ਵੀ ਅਪਣਾਇਆ ਜਾਵੇ ਅਤੇ ਇੰਟੀਗ੍ਰੇਟਿਡ ਫਾਰਮਿੰਗ ਦੇ ਰੁਝਾਨ ਨੂੰ ਅੱਗੇ ਲੈ ਕੇ ਆਇਆ ਜਾਵੇ, ਇਸ ਮਕਸਦ ਨਾਲ ਸਫਲਾਪੁਰਵਕ ਚਲ ਰਹੇ ਮਧੂ ਮੱਖੀ ਪਾਲਣ ਦੇ ਨਾਲ ਡੇਅਰੀ ਫਾਰਮਿੰਗ ਦਾ ਕਿੱਤਾ ਛੋਟੇ ਪੱਧਰ ‘ਤੇ ਸ਼ੁਰੂ ਕਰ ਲਿਆ ਅਤੇ ਹੋਲੀ ਹੋਲੀ ਉਸ ਵਿਚ ਵਿਸਤਾਰ ਕਰਨ ਲੱਗੇ ਜਿਵੇਂ ਜਿਵੇਂ ਮੁਨਾਫ਼ਾ ਹੁੰਦਾ ਗਿਆ, ਪਰ ਜਿਵੇਂ ਹੀ ਸਫਲਤਾ ਦੀ ਲੀਹ ਉੱਤੇ ਚੱਲੇ, ਨਾਲ ਹੀ ਪਿੱਛੋਂ ਆ ਕੇ ਮੁਸ਼ਕਿਲਾਂ ਨੇ ਉਨ੍ਹਾਂ ਦਾ ਹੱਥ ਫੜ ਲਿਆ ਜਿਸ ਨਾਲ ਕੀ ਹੋਇਆ ਡੇਅਰੀ ਫਾਰਮਿੰਗ ਵਿਚ 4 ਤੋਂ 5 ਲੱਖ ਦੇ ਕਰੀਬ ਸਾਲ 2002 ਵਿਚ ਨੁਕਸਾਨ ਹੋਇਆ, ਜਿਸ ਨਾਲ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਏ ਅਤੇ ਦਿਨ ਰਾਤ ਇਹੀ ਸੋਚਦੇ ਸੋਚਦੇ ਚਿੰਤਾ ਵਿੱਚ ਰਹਿੰਦੇ ਸਨ। ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਜੇ ਇਸ ਤਰ੍ਹਾਂ ਹੀ ਟੁੱਟ ਕੇ ਬਹਿ ਗਿਆ ਤਾਂ ਮੱਖੀ ਪਾਲਣ ਦਾ ਕਿਵੇਂ ਕੰਮ ਚੱਲੇਗਾ, ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਕੀਤਾ ਅਤੇ ਸਾਰਾ ਧਿਆਨ ਮਧੂ ਮੱਖੀ ਪਾਲਣ ਉੱਤੇ ਕੇਂਦਰਿਤ ਕਰ ਦਿੱਤਾ।

ਉਹ ਆਪਣੇ ਕੰਮ ਨਾਲ ਬਹੁਤ ਜ਼ਿਆਦਾ ਖੁਸ਼ ਸਨ ਕਿ ਬਹੁਤਾਤ ਵਿੱਚ ਉਨ੍ਹਾਂ ਕੋਲ ਮੱਖੀਆਂ ਹਨ ਅਤੇ ਵਧੀਆ ਕੀਮਤ ਉੱਤੇ ਸ਼ਹਿਦ ਵਿਕ ਰਿਹਾ ਹੈ, ਜਿਸ ਵਿੱਚ ਸਰਸੋਂ, ਕਿੱਕਰ, ਸਫੈਦਾ ਦਾ ਸ਼ਹਿਦ ਫਰੈਂਡਸ ਨਾਮ ਦੇ ਬ੍ਰੈਂਡ ਤੋਂ ਵੇਚਦੇ ਸਨ। ਪਰ ਮੁਸ਼ਕਿਲਾਂ ਇਸ ਕਦਰ ਹੱਥ ਧੋ ਕੇ ਪਈਆਂ ਸਨ ਕਿ ਇਸ ਬੰਦੇ ਨੂੰ ਬਸ ਹਰਾਉਣਾ ਹੀ ਹੈ ਇਸ ਨੂੰ ਕੋਈ ਕੰਮ ਨਹੀਂ ਕਰਨ ਦੇਣਾ, ਤਾਂ ਹੋਇਆ ਕੀ ਸਾਲ 2004 ਵਿੱਚ 45 ਤੋਂ 46 ਲੱਖ ਦੇ ਕਰੀਬ ਮੱਖੀਆਂ ਦੀ ਚੋਰੀ ਹੋ ਗਈ ਜੋ ਕਿ ਰੂਹ ਨੂੰ ਝੰਝੋੜ ਦੇਣ ਵਾਲਾ ਨੁਕਸਾਨ ਸੀ ਬਸ ਜਿੱਥੇ ਆ ਕੇ ਕੋਈ ਵੀ ਇਨਸਾਨ ਆਪਣੇ ਆਪ ਨਾਲ ਕੁਝ ਵੀ ਕਰ ਸਕਦਾ ਸੀ, ਪਰ ਬਲਵਿੰਦਰ ਜੀ ਇੰਨੇ ਹਿੰਮਤੀ ਇਨਸਾਨ ਕਿ ਹੋਂਸਲਾ ਨਾ ਛਡਿਆ ਅਤੇ ਕਿਹਾ ਜੇਕਰ ਮੁਸ਼ਕਿਲਾਂ ਰਾਸਤਾ ਘੇਰਦੀਆਂ ਹਨ ਤਾਂ ਕੋਈ ਨਹੀਂ ਘੇਰ ਲਵੇ ਆਪਣੇ ਮੇਹਨਤ ਦੇ ਨਾਲ ਇਸਨੂੰ ਹਰਾਉਣਾ ਹੈ। ਉਸ ਦਿਨ ਆਪ ਨਾਲ ਵਾਅਦਾ ਕਰ ਲਿਆ ਅਤੇ ਵਾਅਦੇ ਉੱਤੇ ਦ੍ਰਿੜ ਰਹੇ।

ਇਸ ਵਾਰ ਫਿਰ ਕੁਝ ਨਵਾਂ ਕਰਨ ਬਾਰੇ ਸੋਚਿਆ, ਜਿਸ ਬਾਰੇ ਪਹਿਲਾ ਹੀ ਬਹੁਤ ਰਿਸਰਚ ਕਰ ਚੁੱਕੇ ਸਨ, ਪਰ ਸਮਾਂ ਨਹੀਂ ਮਿਲ ਰਿਹਾ ਸੀ ਕਿਵੇਂ ਸ਼ੁਰੂ ਕੀਤਾ ਜਾ ਸਕੇ। ਜਦੋਂ ਮਧੂ ਮੱਖੀ ਪਾਲਣ ਦਾ ਕੰਮ ਕਰ ਰਹੇ ਸਨ ਤਾਂ ਕਈ ਦਿਨ ਘਰ ਤੋਂ ਬਾਹਰ ਰਹਿਣਾ ਪੈਂਦਾ ਸੀ ਜਿਸ ਦੌਰਾਨ ਉਹ ਕਈ ਵਾਰ ਰਾਜਸਥਾਨ ਗਏ ਤਾਂ ਓਥੇ ਕੀ ਦੇਖਦੇ ਹਨ ਬਹੁਤ ਸਾਰੇ ਲੋਕ ਬੱਕਰੀ ਪਾਲਣ ਦਾ ਕੰਮ ਕਰ ਰਹੇ ਸਨ ਜਿਸ ਬਾਰੇ ਜਾਨਣ ਦੀ ਇੱਛਾ ਉਨ੍ਹਾਂ ਦੇ ਅੰਦਰ ਰਹਿੰਦੀ ਸੀ ਅਤੇ ਬੱਕਰੀ ਪਾਲਣ ਉੱਤੇ ਨਾਲ ਨਾਲ ਰਿਸਰਚ ਕਰਨ ਲੱਗੇ।

ਉਨ੍ਹਾਂ ਨੂੰ ਕੀ ਪਤਾ ਸੀ ਇਹ ਜਾਣਕਾਰੀ ਕਦੇ ਨਾ ਕਦੇ ਕੰਮ ਆਵੇਗੀ, ਪਰ ਕਹਿੰਦੇ ਹਨ, ਪਰਮਾਤਮਾ ਕਿਸੇ ਦਾ ਬੁਰਾ ਨਹੀਂ ਕਰਦਾ, ਜੇਕਰ ਕੁਝ ਖੋਂਹਦਾ ਵੀ ਹੈ ਤਾਂ ਵਾਪਿਸ ਦੋਗਣਾ ਕਰਕੇ ਝੋਲੀ ਵਿੱਚ ਪਾਉਂਦਾ ਹੈ। ਫਿਰ ਬਹੁਤ ਫਾਰਮਾਂ ਦੇ ਚੱਕਰ ਲਗਾਏ ਅਤੇ 9 ਬੱਕਰੀਆਂ ਦੇ ਨਾਲ ਆਪਣਾ ਇਕ ਛੋਟਾ ਜਿਹਾ ਫਾਰਮ ਸ਼ੁਰੂ ਕੀਤਾ ਜਿੱਥੇ ਸਭ ਤੋਂ ਪਹਿਲਾ ਬੀਟਲ ਬੱਕਰੀ ਦੀ ਨਸਲ ਰੱਖੀ ਅਤੇ ਦੇਖਭਾਲ ਕਰਨ ਲੱਗੇ, ਉਨ੍ਹਾਂ ਨੇ ਸੋਚਿਆ ਕਿ 9 ਬੱਕਰੀਆਂ ਨਾਲ ਤਾਂ ਜ਼ਿੰਦਗੀ ਲੰਘਣੀ ਨਹੀਂ ਕਿਉਂ ਨਾ ਫਾਰਮ ਨੂੰ ਵੱਡੇ ਪੱਧਰ ਤੇ ਕਰਕੇ ਹੋਰ ਬੱਕਰੀਆਂ ਲੈ ਕੇ ਆਈਆਂ ਜਾਵੇ, ਜਿਸ ਵਿੱਚ ਉਨ੍ਹਾਂ ਨੇ ਬੱਕਰੀਆਂ ਨੂੰ ਅਲਗ-ਅਲਗ ਥਾਵਾਂ ਤੋਂ ਖਰੀਦਣਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਬੀਟਲ ਦੇ ਨਾਲ ਬਰਬਰੀ ਨਸਲ ਵੀ ਆਪਣੇ ਫਾਰਮ ਵਿਖੇ ਰੱਖ ਲਈਆਂ ਜਿਸ ਦੇ ਬਾਰੇ ਵਿੱਚ ਪਿੰਡ ਵਿੱਚ ਅਤੇ ਨੇੜਲੇ ਲੱਗਦੇ ਪਿੰਡਾਂ ਵਿੱਚ ਉਨ੍ਹਾਂ ਬਾਰੇ ਗੱਲ ਫੈਲ ਗਈ ਤੇ ਲੋਕ ਬੱਕਰੀਆਂ ਖਰੀਦਣ ਦੇ ਲਈ ਆਉਣ ਲੱਗੇ ਉਹਨਾਂ ਦੀ ਮਾਰਕੀਟਿੰਗ ਪਹਿਲਾ ਮਧੂ ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਕਰਕੇ ਬਣੀ ਹੋਈ ਸੀ ਜਿਸ ਨਾਲ ਦੁਬਾਰਾ ਮਾਰਕੀਟਿੰਗ ਵਿੱਚ ਬਹੁਤ ਔਖ ਨਾ ਆਈ ਅਤੇ ਕੰਮ ਸਫਲਤਾ ਪੂਰਵਕ ਚਲ ਗਿਆ ਜਿਸ ਵਿੱਚ ਸਾਥ ਪਰਿਵਾਰ ਵਾਲੇ ਅਤੇ ਨਾਲ ਜੋ ਕੰਮ ਕਰਨ ਨੂੰ ਬੰਦੇ ਰੱਖੇ ਹੋਏ ਨੇ ਉਹ ਦੇ ਰਹੇ ਹਨ, ਇਹ 9 ਬੱਕਰੀਆਂ ਤੋਂ ਸ਼ੁਰੂ ਹੋ ਕੇ ਕੰਮ 2017 ਆਉਂਦੇ ਆਉਂਦੇ 250 ਬੱਕਰੀਆਂ ਦਾ ਇਕ ਵੱਡਾ ਫਾਰਮ ਸਥਾਪਿਤ ਕਰ ਲਿਆ ਪਰ ਬਲਵਿੰਦਰ ਹਲੇ ਵੀ ਕਿੱਥੇ ਪਿੱਛੇ ਹਟਣ ਵਾਲੇ ਸੀ ਫਿਰ ਤੁੰਗਵਾਲੀ ਵਿਖੇ ਆਪਣੇ ਫਾਰਮ ਤੋਂ ਇਲਾਵਾ ਇਕ ਆਪਣੇ ਪੱਧਰ ‘ਤੇ ਬੱਕਰੀਆਂ ਦੀ ਮੰਡੀ ਸਥਾਪਿਤ ਕਰ ਦਿੱਤੀ ਉਹ ਮੰਡੀ ਇਸ ਕਰਕੇ ਲਗਾਉਣੀ ਪਈ ਕਿਉਂਕਿ ਅਕਸਰ ਬੱਕਰੀਆਂ ਖਰੀਦਣ ਦੇ ਲਈ ਬਾਹਰ ਬਹੁਤ ਥਾਵਾਂ ਤੇ ਜਾਣਾ ਪੈਂਦਾ ਸੀ ਤੇ ਖਰਚਾ ਬਹੁਤ ਆਉਂਦਾ ਸੀ ਜਿਸ ਦਾ ਹੱਲ ਆਪਣੇ ਪਿੰਡ ਵਿਖੇ ਮੰਡੀ ਖੋਲ ਕੇ ਕਰ ਦਿੱਤਾ। ਜਦੋਂ ਮੰਡੀ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਲੋਕ ਹੋਲੀ ਹੋਲੀ ਕਰਕੇ ਬੱਕਰੀਆਂ ਖਰੀਦਣ ਦੇ ਲਈ ਆਉਣ ਲੱਗੇ ਅਤੇ ਹੋਰ ਵੱਖ-ਵੱਖ ਬੱਕਰੀ ਪਾਲਕ ਆਪਣੀਆਂ ਬੱਕਰੀਆਂ ਲੈ ਕੇ ਮੰਡੀ ਵਿੱਚ ਵੇਚਣ ਲਈ ਆਉਣ ਲੱਗੇ ਅਤੇ ਮੰਡੀ ਸਫਲਤਾਪੂਰਵਕ ਬਹੁਤ ਹੀ ਘਟ ਸਮੇਂ ਵਿੱਚ ਤੇਜ ਰਫਤਾਰ ਨਾਲ ਚਲਣ ਲੱਗੀ ਅਤੇ ਉਸ ਦਿਨ ਸਫਲਤਾ ਖੁਦ ਚਲ ਕੇ ਝੋਲੀ ਪਈ।

ਅੱਜ ਤੁੰਗਵਾਲੀ ਮੰਡੀ ਵਿਖੇ ਬੱਕਰੀਆਂ ਦਾ ਮੇਲਾ ਜੋ ਕਿ ਮਹੀਨੇ ਦੇ ਹਰ ਵੀਰਵਾਰ ਨੂੰ ਬਹੁਤ ਵੱਡੇ ਪੱਧਰ ‘ਤੇ ਜਿਸ ਵਿੱਚ ਲੱਖਾਂ ਦੀ ਕੀਮਤ ਦੇ ਹਿਸਾਬ ਨਾਲ ਬੱਕਰਿਆਂ ਦੀ ਵਿਕਰੀ ਕੀਤੀ ਜਾਂਦੀ ਹੈ ਜਿਸ ਦੇ ਚਰਚੇ ਪੰਜਾਬ ਵਿੱਚ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰ ਹੋਰ ਰਾਜਾਂ ਦੇ ਵਿੱਚ ਬਹੁਤ ਹਨ ਅਤੇ ਬਲਵਿੰਦਰ ਜੀ ਨੂੰ ਹੋਰ ਬੱਕਰੀ ਪਾਲਕਾਂ ਦੇ ਆਪਣੀ ਮੰਡੀ ਖੋਲਣ ਦੇ ਫੋਨ ਆਉਂਦੇ ਹਨ ਅਤੇ ਉਹ ਉਨ੍ਹਾਂ ਨੂੰ ਸਲਾਹਾਂ ਦਿੰਦੇ ਹਨ।

ਬਲਵਿੰਦਰ ਮਾਨ ਤੁੰਗਵਾਲੀ ਮੰਡੀ ਦੇ ਇਕੱਲੇ ਮਾਲਿਕ ਹਨ ਜਿਨ੍ਹਾਂ ਨੇ ਆਪਣੇ ਪੱਧਰ ਤੇ ਮੰਡੀ ਸਥਾਪਿਤ ਕੀਤੀ ਅਤੇ ਸਫਲਤਾਪੂਰਵਕ ਨਾਲ ਚਲ ਰਹੀ ਹੈ ਜਿਸ ਨੂੰ ਦੇਖ ਅੱਜ ਉਹ ਉਨ੍ਹਾਂ ਮੁਸ਼ਕਿਲਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਹਮੇਸ਼ਾ ਉਸਨੂੰ ਹਰ ਵਾਰੀ ਹਰਾਇਆ ਸੀ ਕਿ ਜੇਕਰ ਤੂੰ ਵਾਰ-ਵਾਰ ਨਾ ਹਰਾਉਂਦੀ ਤਾਂ ਅੱਜ ਮੰਡੀ ਦੇ ਮਾਲਿਕ ਨਹੀਂ ਹੋਣਾ ਸੀ।

ਭਵਿੱਖ ਦੀ ਯੋਜਨਾ

ਉਹ ਆਪਣੇ ਫਾਰਮ ਨੂੰ ਹੋਰ ਵੱਡੇ ਪੱਧਰ ਤੇ ਵਿਸਤਾਰ ਤਾਂ ਕਰਨਾ ਹੀ ਚਾਹੁੰਦੇ ਹਨ ਪਰ ਨਾਲ-ਨਾਲ ਬੱਕਰੀਆਂ ਦਾ ਦੁੱਧ ਦੀ ਮੰਡੀ ਵਿਲੱਖਣ ਤੌਰ ‘ਤੇ ਲਗਾਉਣਾ ਚਾਹੁੰਦੇ ਹਨ ਤਾਂ ਜੋ ਜਿਵੇਂ ਡੇਅਰੀ ਫਾਰਮਿੰਗ ਨੂੰ ਮਹੱਤਤਾ ਮਿਲ ਰਹੀ ਹੈ, ਉਸ ਤਰ੍ਹਾਂ ਬੱਕਰੀ ਪਾਲਣ ਦੇ ਮਹੱਤਤਾ ਨੂੰ ਵਧਾਇਆ ਜਾਵੇ।

ਸੰਦੇਸ਼

ਬਲਵਿੰਦਰ ਜੀ ਅਨੁਸਾਰ ਇਕ ਵਿਦਿਆਰਥੀ ਵੀ ਬੱਕਰੀ ਪਾਲਣ ਦਾ ਕਿੱਤਾ ਸਫਲਤਾ ਪੂਰਵਕ ਚਲਾ ਸਕਦਾ ਹੈ ਅਤੇ ਆਪਣੇ ਪੜ੍ਹਾਈ ਦਾ ਪੂਰਾ ਖਰਚਾ ਖੁਦ ਉਠਾ ਸਕਦਾ ਹੈ।