ਅਮਿਤੇਸ਼ ਤ੍ਰਿਪਾਠੀ ਅਤੇ ਅਰੁਣੇਸ਼ ਤ੍ਰਿਪਾਠੀ

ਪੂਰੀ ਕਹਾਣੀ ਪੜ੍ਹੋ

ਆਪਣੇ ਪਿਤਾ ਦੇ ਕੇਲੇ ਦੀ ਖੇਤੀ ਦੇ ਪੇਸ਼ੇ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰ ਰਹੇ ਦੋ ਭਰਾਵਾਂ ਦੀ ਕਹਾਣੀ

ਕਿਹਾ ਜਾਂਦਾ ਹੈ ਕਿ ਜੇਕਰ ਪਰਿਵਾਰ ਦਾ ਸਾਥ ਹੋਵੇ ਤਾਂ ਇਨਸਾਨ ਸਭ ਕੁੱਝ ਕਰ ਸਕਦਾ ਹੈ, ਫਿਰ ਚਾਹੇ ਉਹ ਕੁੱਝ ਨਵਾਂ ਕਰਨ ਬਾਰੇ ਹੋਵੇ ਜਾਂ ਫਿਰ ਪਹਿਲੇ ਤੋਂ ਸ਼ੁਰੂ ਕੀਤੇ ਕਿਸੇ ਕੰਮ ਨੂੰ ਸਫਲਤਾ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਗੱਲ ਹੋਵੇ।

ਇਹੋ ਜਿਹੀ ਹੀ ਇੱਕ ਕਹਾਣੀ ਹੈ ਦੋ ਭਰਾਵਾਂ ਦੀ ਜਿਹਨਾਂ ਨੇ ਵਿਰਾਸਤ ਵਿੱਚ ਮਿਲੀ ਕੇਲੇ ਦੀ ਖੇਤੀ ਨੂੰ ਸਫਲਤਾ ਦੇ ਮੁਕਾਮ ਤੱਕ ਪਹੁੰਚਾਉਣ ਲਈ ਖ਼ੂਬ ਮਿਹਨਤ ਕੀਤੀ ਅਤੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ। ਆਪਣੇ ਪਿਤਾ ਹਰੀ ਸਹਾਏ ਤ੍ਰਿਪਾਠੀ ਵੱਲੋਂ ਸ਼ੁਰੂ ਕੀਤੀ ਕੇਲੇ ਦੀ ਖੇਤੀ ਕਰਦੇ ਹੋਏ ਦੋਵਾਂ ਭਰਾਵਾਂ ਨੇ ਆਪਣੀ ਮਿਹਨਤ ਨਾਲ ਪੂਰੇ ਸ਼ਹਿਰ ਵਿੱਚ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ।

ਉੱਤਰ ਪ੍ਰਦੇਸ਼ ਵਿੱਚ ਬੇਹਰਾਇਚ ਦੇ ਰਹਿਣ ਵਾਲੇ ਅਮਿਤੇਸ਼ ਅਤੇ ਅਰੁਣੇਸ਼ ਦੇ ਪਿਤਾ ਪਿੰਡ ਦੇ ਪ੍ਰਧਾਨ ਸਨ ਅਤੇ ਆਪਣੀ 65 ਬਿੱਘੇ ਜ਼ਮੀਨ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਕੇਲੇ ਦੀ ਖੇਤੀ (ਟਿਸ਼ੂ ਕਲਚਰ) ਵੀ ਕਰਦੇ ਸਨ। ਆਪਣੇ ਪਿੰਡ ਵਿੱਚ ਕੇਲੇ ਦੀ ਖੇਤੀ ਸ਼ੁਰੂ ਕਰਨ ਵਾਲੇ ਪਹਿਲੇ ਕਿਸਾਨ ਤ੍ਰਿਪਾਠੀ ਜੀ ਸਨ। ਉਸ ਸਮੇਂ ਦੋਨੋਂ ਭਰਾ (ਅਮਿਤੇਸ਼ ਅਤੇ ਅਰੁਣੇਸ਼) ਪੜ੍ਹਾਈ ਕਰਦੇ ਸਨ। ਅਮਿਤੇਸ਼ (ਵੱਡਾ ਭਰਾ) B.Sc ਐਗਰੀਕਲਚਰ ਦੀ ਪੜ੍ਹਾਈ ਕਰਕੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਅਰੁਣੇਸ਼ (ਛੋਟਾ ਭਰਾ) ਵੀ B.Sc ਬਾਇਓਲੋਜੀ ਦੀ ਪੜ੍ਹਾਈ ਦੇ ਨਾਲ SSC ਦੀ ਤਿਆਰੀ ਕਰ ਰਹੇ ਹਨ। ਇਸੇ ਸਮੇਂ ਦੌਰਾਨ ਹਰੀ ਸਹਾਏ ਤ੍ਰਿਪਾਠੀ ਜੀ ਦਾ ਦੇਹਾਂਤ ਹੋ ਗਿਆ।

ਇਸ ਔਖੇ ਸਮੇਂ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਦੋਨੋਂ ਭਰਾ ਆਪਣੇ ਪਿੰਡ ਵਾਪਸ ਆ ਗਏ। ਪਿੰਡ ਦੇ ਪ੍ਰਧਾਨ ਹੋਣ ਕਾਰਨ, ਪਿੰਡ ਦੇ ਲੋਕਾਂ ਨੇ ਤ੍ਰਿਪਾਠੀ ਜੀ ਦੇ ਵੱਡੇ ਪੁੱਤਰ ਅਮਿਤੇਸ਼ ਨੂੰ ਪਿੰਡ ਦਾ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੁਆਰਾ ਸ਼ੁਰੂ ਕੀਤੀ ਕੇਲੇ ਦੀ ਖੇਤੀ ਨੂੰ ਵੀ ਸਾਂਭਣ ਦਾ ਫੈਸਲਾ ਕੀਤਾ। ਪਰ ਇਸ ਸਮੇਂ ਦੌਰਾਨ ਪਿੰਡ ਵਿੱਚ ਤੂਫ਼ਾਨ ਆਉਣ ਕਾਰਨ ਪਹਿਲਾ ਤੋਂ ਲੱਗੀ ਕੇਲੇ ਦੀ ਸਾਰੀ ਫ਼ਸਲ ਨੁਕਸਾਨੀ ਗਈ। ਇਸ ਮੁਸ਼ਕਿਲ ਦੀ ਘੜੀ ਵਿੱਚ ਦੋਨਾਂ ਭਰਾਵਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰ ਦੁਆਰਾ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮਿਲ ਗਿਆ।

ਇਸ ਹਾਦਸੇ ਤੋਂ ਬਾਅਦ ਦੋਨਾਂ ਨੇ ਇਸ ਮੁਆਵਜ਼ੇ ਦੀ ਰਾਸ਼ੀ ਨਾਲ ਇੱਕ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਦੋਨਾਂ ਨੇ ਆਪਣੇ ਪਿਤਾ ਵੱਲੋਂ ਲਗਾਈ ਜਾਂਦੀ ਕੇਲੇ ਦੀ G9 ਕਿਸਮ ਲਗਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੀ 30 ਬਿੱਘੇ ਜ਼ਮੀਨ ਵਿੱਚ ਕੇਲੇ ਦੀ ਖੇਤੀ ਸ਼ੁਰੂ ਕੀਤੀ ਅਤੇ ਬਾਕੀ 35 ਬਿੱਘੇ ਵਿੱਚ ਰਵਾਇਤੀ ਖੇਤੀ ਜਾਰੀ ਰੱਖੀ।

ਇਸ ਦੌਰਾਨ ਜਿੱਥੇ ਵੀ ਕੋਈ ਦਿੱਕਤ ਆਈ ਅਸੀਂ ਕੇਲੇ ਦੀ ਖੇਤੀ ਦੇ ਮਾਹਿਰਾਂ ਤੋਂ ਸਲਾਹ ਲੈ ਕੇ ਮੁਸ਼ਕਿਲਾਂ ਦਾ ਹੱਲ ਕੀਤਾ। – ਅਰੁਣੇਸ਼ ਤ੍ਰਿਪਾਠੀ

ਦੋਨਾਂ ਭਰਾਵਾਂ ਦੁਆਰਾ ਕੀਤੀ ਇਸ ਨਵੀਂ ਸ਼ੁਰੂਆਤ ਦੇ ਕਾਰਨ ਉਹਨਾਂ ਦੀ ਫ਼ਸਲ ਦਾ ਉਤਪਾਦਨ ਕਾਫੀ ਵਧੀਆ ਹੋਇਆ, ਜੋ ਕਿ ਲਗਭਗ 1 ਲੱਖ ਪ੍ਰਤੀ ਬਿੱਘਾ ਸੀ। ਉਹਨਾਂ ਦੇ ਖੇਤ ਵਿੱਚ ਤਿਆਰ ਹੋਈ ਕੇਲੇ ਦੀ ਫ਼ਸਲ ਦੀ ਗੁਣਵੱਤਾ ਕਾਫੀ ਵਧੀਆ ਸੀ, ਜਿਸ ਦੇ ਸਿੱਟੇ ਵਜੋਂ ਕਈ ਕੰਪਨੀਆਂ ਵਾਲੇ ਉਨ੍ਹਾਂ ਨਾਲ ਸਿੱਧਾ ਵਪਾਰ ਕਰਨ ਲਈ ਸੰਪਰਕ ਕਰਨ ਲੱਗੇ।

ਕੇਲਾ ਸਦਾਬਹਾਰ, ਪੋਸ਼ਟਿਕ ਫਲ ਹੈ। ਕੇਲੇ ਦੀ ਮਾਰਕੀਟਿੰਗ ਕਰਨ ਵਿੱਚ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ, ਕਿਉਂਕਿ ਵਪਾਰੀ ਸਿੱਧੇ ਸਾਡੇ ਖੇਤ ਵਿੱਚ ਆ ਕੇ ਕੇਲੇ ਲੈ ਜਾਂਦੇ ਹਨ। ਕੇਲੇ ਦੀ ਖੇਤੀ ਦੇ ਨਾਲ-ਨਾਲ ਅਸੀਂ ਕਣਕ ਦੀ ਪੈਦਾਵਾਰ ਵੀ ਵੱਡੇ ਪੱਧਰ ‘ਤੇ ਕਰਦੇ ਹਾਂ। – ਅਮਿਤੇਸ਼ ਤ੍ਰਿਪਾਠੀ

ਦੋਨਾਂ ਭਰਾਵਾਂ ਨੇ ਆਪਣੀ ਮਿਹਨਤ ਅਤੇ ਸੋਚ-ਸਮਝ ਦੇ ਨਾਲ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਕੇਲੇ ਦੀ ਖੇਤੀ ਦੇ ਕਾਰੋਬਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਦੇ ਸੁਪਨੇ ਨੂੰ ਸੱਚ ਕਰ ਦਿਖਾਇਆ।

ਕਿਸਾਨ ਹੋਣ ਦੇ ਨਾਲ-ਨਾਲ ਅਮਿਤੇਸ਼ ਪਿੰਡ ਦੇ ਪ੍ਰਧਾਨ ਹੋਣ ਨਾਤੇ ਆਪਣੇ ਫ਼ਰਜ਼ਾਂ ਨੂੰ ਵੀ ਪੂਰੇ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਸੇ ਕਾਰਨ ਪੂਰੇ ਸ਼ਹਿਰ ਦੇ ਚੰਗੇ ਕਿਸਾਨਾਂ ਵਿੱਚ ਦੋਨਾਂ ਭਰਾਵਾਂ ਦਾ ਨਾਮ ਕਾਫੀ ਮਸ਼ਹੂਰ ਹੈ।

ਭਵਿੱਖ ਦੀ ਯੋਜਨਾ

ਆਉਣ ਵਾਲੇ ਸਮੇਂ ਵਿੱਚ ਦੋਵੇਂ ਭਰਾ ਮਿਲ ਕੇ ਆਪਣੀ ਫੈਕਟਰੀ ਲਗਾ ਕੇ ਕੇਲੇ ਦੇ ਪੌਦੇ ਆਪ ਤਿਆਰ ਕਰਨਾ ਚਾਹੁੰਦੇ ਹਨ ਅਤੇ ਆਪਣੇ ਪਿਤਾ ਵਾਂਗ ਇੱਕ ਸਫਲ ਕਿਸਾਨ ਬਣਨਾ ਚਾਹੁੰਦੇ ਹਨ।

ਸੰਦੇਸ਼
“ਜੇਕਰ ਅਸੀਂ ਰਵਾਇਤੀ ਖੇਤੀ ਦੇ ਨਾਲ-ਨਾਲ ਖੇਤੀ ਖੇਤਰ ਵਿੱਚ ਕੁੱਝ ਅਲੱਗ ਕਰਦੇ ਹਾਂ ਤਾਂ ਅਸੀਂ ਖੇਤੀ ਤੋਂ ਵੀ ਵਧੀਆ ਮੁਨਾਫ਼ਾ ਲੈ ਸਕਦੇ ਹਾਂ। ਸਾਡੀ ਨੌਜਵਾਨ ਪੀੜ੍ਹੀ ਨੂੰ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਸੋਚ-ਸਮਝ ਨਾਲ ਨਵੀਆਂ ਖੋਜਾਂ ਕਰਨੀਆਂ ਚਾਹੀਦੀਆਂ ਹਨ, ਤਾਂ ਜੋ ਘਾਟੇ ਦਾ ਸੌਦਾ ਕਹੀ ਜਾਣ ਵਾਲੀ ਖੇਤੀ ਤੋਂ ਵੀ ਵਧੀਆ ਮੁਨਾਫ਼ਾ ਲਿਆ ਜਾ ਸਕੇ।”

ਪ੍ਰਤੀਕ ਬਜਾਜ

ਪੂਰੀ ਕਹਾਣੀ ਪੜ੍ਹੋ

 ਬਰੇਲੀ ਦੇ ਨੌਜਵਾਨ ਨੇ ਸਿਰਫ਼ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਅਤੇ ਕਿਸਾਨਾਂ ਨੂੰ ਦੁੱਗਣਾ ਆਮਦਨ ਕਮਾਉਣ ਵਿੱਚ ਮਦਦ ਕਰਨ ਲਈ ਸੀ.ਏ. ਦੀ ਪੜ੍ਹਾਈ ਛੱਡ ਕੇ ਵਰਮੀਕੰਪੋਸਟਿੰਗ ਨੂੰ ਚੁਣਿਆ

ਪ੍ਰਤੀਕ ਬਜਾਜ ਆਪਣੇ ਯਤਨਾਂ ਦੇ ਯੋਗਦਾਨ ਦੁਆਰਾ ਮਾਤ-ਭੂਮੀ ਦਾ ਪਾਲਣ-ਪੋਸ਼ਣ ਕਰਨ ਅਤੇ ਦੇਸ਼ ਦੀ ਮਿੱਟੀ ਨੂੰ ਜ਼ਿਆਦਾ ਉਪਜਾਊ ਬਣਾਉਣ ਵਿੱਚ ਖੇਤੀ ਸਮਾਜ ਦੇ ਲਈ ਇੱਕ ਉੱਜਵਲ ਉਦਾਹਰਨ ਹੈ। ਦ੍ਰਿਸ਼ਟੀਕੋਣ ਅਤੇ ਆਵਿਸ਼ਕਾਰ ਦੇ ਆਪਣੇ ਸੁੰਦਰ ਖੇਤਰ ਦੇ ਨਾਲ ਅੱਜ ਉਹ ਦੇਸ਼ ਦੀਆਂ ਕੂੜਾ ਪ੍ਰਬੰਧਨ ਸੰਬੰਧੀ ਸਮੱਸਿਆਵਾਂ ਨੂੰ ਬਹੁਤ ਕੋਸ਼ਿਸ਼ਾਂ ਨਾਲ ਹੱਲ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਵੀ ਵਰਮੀਕੰਪੋਸਟਿੰਗ ਤਕਨੀਕ ਅਪਨਾਉਣ ਅਤੇ ਆਪਣੀ ਖੇਤੀਬਾੜੀ ਨੂੰ ਨੁਕਸਾਨ ਦੇ ਸੌਦੇ ਦੀ ਬਜਾਏ ਇੱਕ ਲਾਭਦਾਇਕ ਉੱਦਮ ਬਣਾਉਣ ਵਿੱਚ ਮਦਦ ਕਰ ਰਿਹਾ ਹੈ।

ਭਾਰਤ ਦੇ ਪ੍ਰਸਿੱਧ ਸ਼ਹਿਰਾਂ ਵਿੱਚੋਂ ਇੱਕ ਬਰੇਲੀ ਅਤੇ ਇੱਕ ਬਿਜ਼ਨਸ ਕਲਾਸ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਪ੍ਰਤੀਕ ਬਜਾਜ ਹਮੇਸ਼ਾ ਸੀ.ਏ. ਬਣਨ ਦਾ ਸੁਪਨਾ ਦੇਖਦਾ ਸੀ ਤਾਂ ਕਿ ਬਾਅਦ ਵਿੱਚ ਉਹ ਆਪਣੇ ਪਿਤਾ ਦੇ ਰੀਅਲ ਐਸਟੇਟ ਕਾਰੋਬਾਰ ਨੂੰ ਜਾਰੀ ਰੱਖ ਸਕੇ। ਪਰ 19 ਸਾਲ ਦੀ ਛੋਟੀ ਉਮਰ ਵਿੱਚ ਇਸ ਲੜਕੇ ਨੇ ਆਪਣਾ ਮਨ ਬਦਲ ਲਿਆ ਅਤੇ ਵਰਮੀਕੰਪੋਸਟਿੰਗ ਦਾ ਵਪਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਵਰਮੀਕੰਪੋਸਟਿੰਗ ਦਾ ਵਿਚਾਰ ਪ੍ਰਤੀਕ ਬਜਾਜ ਦੇ ਦਿਮਾਗ ਵਿੱਚ 2015 ਵਿੱਚ ਆਇਆ ਜਦੋਂ ਇੱਕ ਦਿਨ ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਆਈ.ਵੀ.ਆਰ.ਆਈ, ਇੱਜ਼ਤਨਗਰ ਵਿੱਚ ਵੱਡੇ ਭਰਾ ਨਾਲ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਵਿੱਚ ਭਾਗ ਲਿਆ, ਜਿਸ ਨੇ ਹਾਲ ਹੀ ਵਿੱਚ ਡੇਅਰੀ ਫਾਰਮਿੰਗ ਸ਼ੁਰੂ ਕੀਤੀ ਸੀ। ਉਸ ਸਮੇਂ ਪ੍ਰਤੀਕ ਬਜਾਜ ਨੇ ਪਹਿਲਾ ਤੋਂ ਹੀ ਸੀ.ਪੀ.ਟੀ. ਪ੍ਰੀਖਿਆ ਪਾਸ ਕੀਤੀ ਸੀ ਅਤੇ ਸੀ.ਏ. ਦੀ ਪੜ੍ਹਾਈ ਕਰ ਰਿਹਾ ਸੀ ਅਤੇ ਆਪਣੀ ਉਤਸ਼ਾਹੀ ਭਾਵਨਾ ਦੇ ਨਾਲ ਉਹ ਸੀ.ਏ. ਵੀ ਪਾਸ ਕਰ ਸਕਦਾ ਸੀ ਪਰ ਇੱਕ ਵਾਰ ਟ੍ਰੇਨਿੰਗ ਵਿੱਚ ਭਾਗ ਲੈਣ ਤੋਂ ਬਾਅਦ ਉਸ ਨੂੰ ਵਰਮੀਕੰਪੋਸਟਿੰਗ ਅਤੇ ਬਾਇਓਵੇਸਟ ਦੀਆਂ ਬੁਨਿਆਦੀ ਗੱਲਾਂ ਦਾ ਪਤਾ ਲੱਗਾ। ਉਸ ਨੂੰ ਵਰਮੀਕੰਪੋਸਟਿੰਗ ਦਾ ਵਿਚਾਰ ਇੰਨਾ ਦਿਲਚਸਪ ਲੱਗਾ ਕਿ ਉਸ ਨੇ ਆਪਣੇ ਕਰੀਅਰ ਦੇ ਟੀਚਿਆਂ ਨੂੰ ਛੱਡ ਕੇ ਜੈਵ ਕੂੜਾ ਪ੍ਰਬੰਧਨ ਨੂੰ ਆਪਣੀ ਭਵਿੱਖ ਦੀ ਯੋਜਨਾ ਦੇ ਰੂਪ ਵਿੱਚ ਅਪਨਾਉਣ ਦਾ ਫੈਸਲਾ ਕੀਤਾ।

“ਮੈਂ ਹੈਰਾਨ ਸੀ ਕਿ ਕਿਉਂ ਅਸੀਂ ਮੇਰੇ ਭਰਾ ਦੇ ਡੇਅਰੀ ਫਾਰਮ ਤੋਂ ਪ੍ਰਾਪਤ ਗਾਂ ਦੇ ਗੋਬਰ ਅਤੇ ਮੂਤਰ ਨੂੰ ਛੱਡ ਦਿੰਦੇ ਹਾਂ ਜਦਕਿ ਅਸੀਂ ਇਸ ਦੀ ਬਿਹਤਰ ਤਰੀਕੇ ਨਾਲ ਵਰਤੋਂ ਕਰ ਸਕਦੇ ਹਾਂ” – ਪ੍ਰਤੀਕ ਬਜਾਜ ਨੇ ਕਿਹਾ।

ਉਸ ਨੇ ਆਈ.ਵੀ.ਆਰ.ਆਈ. ਤੋਂ ਆਪਣੀ ਟ੍ਰੇਨਿੰਗ ਪੂਰੀ ਕੀਤੀ ਅਤੇ ਉੱਥੇ ਮੌਜੂਦ ਖੋਜ-ਕਰਤਾ ਅਤੇ ਵਿਗਿਆਨੀਆਂ ਤੋਂ ਕੰਪੋਸਟਿੰਗ ਦੀ ਉੱਨਤ ਵਿਧੀ ਸਿੱਖੀ ਅਤੇ ਸਫ਼ਲ ਵਰਮੀਕੰਪੋਸਟਿੰਗ ਲਈ ਜ਼ਰੂਰੀ ਜਾਣਕਾਰੀ ਪ੍ਰਾਪਤ ਕੀਤੀ।

ਲਗਭਗ ਛੇ ਮਹੀਨੇ ਬਾਅਦ ਪ੍ਰਤੀਕ ਨੇ ਆਪਣੇ ਪਰਿਵਾਰ ਨਾਲ ਆਪਣੀਆਂ ਯੋਜਨਾਵਾਂ ਸਾਂਝੀਆਂ ਕੀਤੀਆਂ। ਇਹ ਪਹਿਲਾਂ ਤੋਂ ਹੀ ਸਮਝਿਆ ਜਾ ਸਕਦਾ ਸੀ ਕਿ ਉਸ ਦੇ ਪਿਤਾ ਸੀ.ਏ. ਛੱਡਣ ਲਈ ਪ੍ਰਤੀਕ ਦੇ ਫੈਸਲੇ ਨੂੰ ਨਾ-ਮਨਜ਼ੂਰ ਕਰ ਦੇਣਗੇ। ਪਰ ਜਦੋਂ ਪਹਿਲੀ ਵਾਰ ਪ੍ਰਤੀਕ ਨੇ ਵਰਮੀਕੰਪੋਸਟਿੰਗ ਤਿਆਰ ਕੀਤੀ ਅਤੇ ਇਸ ਨੂੰ ਬਜ਼ਾਰ ਵਿੱਚ ਵੇਚਿਆ ਤਾਂ ਉਨ੍ਹਾਂ ਦੇ ਪਿਤਾ ਨੇ ਆਪਣੇ ਪੁੱਤਰ ਦੇ ਫੈਸਲੇ ਨੂੰ ਦਿਲੋਂ ਮਨਜ਼ੂਰ ਕਰ ਲਿਆ ਅਤੇ ਉਸ ਦੇ ਕੰਮ ਦੀ ਪ੍ਰਸ਼ੰਸਾ ਕੀਤੀ।

“ਮੇਰੇ ਲਈ ਸੀ.ਏ. ਬਣਨਾ ਮੁਸ਼ਕਿਲ ਨਹੀਂ ਸੀ, ਮੈਂ ਕਈ ਘੰਟੇ ਪੜ੍ਹਾਈ ਕਰ ਸਕਦਾ ਸੀ ਅਤੇ ਸਾਰੀਆਂ ਪ੍ਰੀਖਿਆਵਾਂ ਪਾਸ ਕਰ ਸਕਦਾ ਸੀ। ਪਰ ਮੈਂ ਉਹੀ ਕਰ ਰਿਹਾ ਹਾਂ ਜੋ ਮੈਨੂੰ ਪਸੰਦ ਹੈ। ਭਾਵੇਂ ਕੰਪੋਸਟਿੰਗ ਪਲਾਂਟ ਵਿੱਚ ਕੰਮ ਕਰਦੇ 24 ਘੰਟੇ ਲੱਗ ਜਾਂਦੇ ਹਨ, ਪਰ ਇਸ ਨਾਲ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਮੈਨੂੰ ਕਿਸੇ ਵੀ ਅੰਤਰਾਲ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਂਨੂੰ ਪਤਾ ਹੈ ਕਿ ਮੇਰਾ ਜਨੂੰਨ ਹੀ ਮੇਰਾ ਕਰੀਅਰ ਹੈ ਅਤੇ ਇਹ ਮੇਰੇ ਕੰਮ ਨੂੰ ਜ਼ਿਆਦਾ ਮਜ਼ੇਦਾਰ ਬਣਾਉਂਦਾ ਹੈ” – ਪ੍ਰਤੀਕ ਬਜਾਜ ਨੇ ਕਿਹਾ।

ਜਦੋਂ ਪ੍ਰਤੀਕ ਦਾ ਪਰਿਵਾਰ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਤੋਂ ਸਹਿਮਤ ਹੋ ਗਿਆ ਤਾਂ ਪ੍ਰਤੀਕ ਨੇ ਨੇੜੇ ਦੇ ਪਰਧੋਲੀ ਪਿੰਡ ਵਿੱਚ ਸੱਤ ਬਿੱਘਾ ਖੇਤੀ ਵਾਲੀ ਭੂਮੀ ਵਿੱਚ ਨਿਵੇਸ਼ ਕੀਤਾ ਅਤੇ ਉਸ ਸਾਲ 2015 ਵਿੱਚ ਵਰਮੀਕੰਪੋਸਟਿੰਗ ਸ਼ੁਰੂ ਕੀਤੀ ਅਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਵਰਮੀਕੰਪੋਸਟਿੰਗ ਦੀ ਨਵੀਂ ਯੂਨਿਟ ਖੋਲ੍ਹਣ ਸਮੇਂ ਪ੍ਰਤੀਕ ਨੇ ਫੈਸਲਾ ਕੀਤਾ ਕਿ ਉਹ ਕੂੜਾ ਪ੍ਰਬੰਧਨ ਸਮੱਸਿਆਵਾਂ ਨਾਲ ਨਜਿੱਠਣਗੇ ਅਤੇ ਕਿਸਾਨ ਦੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਵਾਤਾਵਰਨ ਅਨੁਕੂਲ ਅਤੇ ਆਰਥਿਕ ਤਰੀਕੇ ਨਾਲ ਪ੍ਰਬੰਧਿਤ ਕਰਨ ਵਿੱਚ ਵੀ ਮਦਦ ਕਰਨਗੇ।

ਆਪਣੀ ਕੰਪੋਸਟ ਨੂੰ ਹੋਰ ਵਧੀਆ ਬਣਾਉਣ ਲਈ ਉਨ੍ਹਾਂ ਨੇ ਅਲੱਗ ਤਰੀਕੇ ਨਾਲ ਕੂੜੇ ਨੂੰ ਵਿਭਿੰਨ ਤਰੀਕੇ ਨਾਲ ਵਰਤਿਆ। ਉਸ ਨੇ ਮੰਦਿਰਾਂ ਤੋਂ ਫੁੱਲ, ਸਬਜ਼ੀਆਂ ਦਾ ਕੂੜਾ, ਚੀਨੀ ਦੇ ਵਾਧੂ ਪਦਾਰਥ ਦੀ ਵਰਤੋਂ ਕੀਤੀ ਅਤੇ ਵਰਮੀਕੰਪੋਸਟ ਵਿੱਚ ਨਿੰਮ ਦੇ ਪੱਤਿਆਂ ਨੂੰ ਸ਼ਾਮਲ ਕੀਤਾ, ਜਿਸ ਵਿੱਚ ਐਂਟੀਬਾਇਓਟਿਕ ਗੁਣ ਭਰਪੂਰ ਹੁੰਦੇ ਹਨ।

ਇਸ ਉੱਦਮ ਨੂੰ ਪੂਰਾ ਲਾਭਦਾਇਕ ਪ੍ਰੋਜੈੱਕਟ ਵਿੱਚ ਬਦਲ ਦਿੱਤਾ ਗਿਆ, ਪ੍ਰਤੀਕ ਨੇ ਪਿੰਡ ਵਿੱਚ ਕੁੱਝ ਹੋਰ ਜ਼ਮੀਨ ਖਰੀਦ ਕੇ ਉੱਥੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ। ਆਪਣੀ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਤਕਨੀਕਾਂ ਨਾਲ ਉਸ ਨੇ ਸਿੱਟਾ ਕੱਢਿਆ ਕਿ ਜੇਕਰ ਗਊ-ਮੂਤਰ ਅਤੇ ਨਿੰਮ ਦੇ ਪੱਤਿਆਂ ਦੀ ਨਿਸ਼ਚਿਤ ਮਾਤਰਾ ਵਿੱਚ ਵਰਤੋਂ ਕੀਤੀ ਜਾਵੇ ਤਾਂ ਮਿੱਟੀ ਨੂੰ ਘੱਟ ਖਾਦ ਦੀ ਜ਼ਰੂਰਤ ਹੁੰਦੀ ਹੈ। ਦੂਜੇ ਪਾਸੇ ਇਹ ਫ਼ਸਲ ਦੀ ਪੈਦਾਵਾਰ ਨੂੰ ਵੀ ਪ੍ਰਭਾਵਿਤ ਨਹੀਂ ਕਰਦੀ। ਕੰਪੋਸਟ ਵਿੱਚ ਨਿੰਮ ਦੀਆਂ ਪੱਤੀਆਂ ਨੂੰ ਸ਼ਾਮਲ ਕਰਨ ਨਾਲ ਫ਼ਸਲ ‘ਤੇ ਕੀਟਾਂ ਦਾ ਘੱਟ ਹਮਲਾ ਹੁੰਦਾ ਹੈ ਅਤੇ ਇਸ ਨਾਲ ਫ਼ਸਲ ਦੀ ਪੈਦਾਵਾਰ ਵੀ ਬਿਹਤਰ ਹੁੰਦੀ ਹੈ ਅਤੇ ਮਿੱਟੀ ਜ਼ਿਆਦਾ ਉਪਜਾਊ ਬਣਦੀ ਹੈ।

ਆਪਣੇ ਵਰਮੀਕੰਪੋਸਟ ਪਲਾਟ ਵਿੱਚ ਪ੍ਰਤੀਕ ਦੋ ਪ੍ਰਕਾਰ ਦੇ ਗੰਡੋਇਆਂ ਦੀ ਵਰਤੋਂ ਕਰਦੇ ਹਨ – ਜੈ ਗੋਪਾਲ ਅਤੇ ਏਸੇਨਿਆ ਫੋਏਟਿਡਾ, ਜਿਸ ਵਿੱਚੋਂ ਜੈ ਗੋਪਾਲ ਕਿਸਮ ਆਈ.ਵੀ.ਆਰ.ਆਈ. ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਹ ਕੰਪੋਸਟਿੰਗ ਵਿਧੀ ਨੂੰ ਹੋਰ ਬਿਹਤਰ ਬਣਾਉਣ ਲਈ ਬਹੁਤ ਉਚਿੱਤ ਹੈ।
ਉਹ ਆਪਣੀ ਰਚਨਾਮਤਕ ਭਾਵਨਾ ਨਾਲ ਗਿਆਨ ਦਾ ਪ੍ਰਚਾਰ ਕਰਨ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਇਸ ਲਈ ਉਹ ਕਿਸਾਨਾਂ ਨੂੰ ਮੁਫ਼ਤ ਵਰਮੀਕੰਪੋਸਟਿੰਗ ਦੀ ਟ੍ਰੇਨਿੰਗ ਦਿੰਦੇ ਹਨ, ਜਿਸ ਵਿੱਚੋਂ ਉਹ ਛੋਟੇ ਪੱਧਰ ‘ਤੇ ਖਾਦ ਤਿਆਰ ਕਰਨ ਲਈ ਇੱਕ ਛੋਟੇ ਮਿੱਟੀ ਦੇ ਬਰਤਨ ਦੀ ਵਰਤੋਂ ਕਰਦੇ ਹਨ। ਸ਼ੁਰੂ ਵਿੱਚ ਉਸ ਨਾਲ ਛੇ ਕਿਸਾਨਾਂ ਨੇ ਸੰਪਰਕ ਕੀਤਾ ਅਤੇ ਉਸ ਦੀ ਤਕਨੀਕ ਨੂੰ ਅਪਣਾਇਆ, ਪਰ ਅੱਜ ਲਗਭਗ 42 ਕਿਸਾਨ ਹਨ ਜੋ ਇਸ ਤੋਂ ਲਾਭ ਲੈ ਰਹੇ ਹਨ ਅਤੇ ਸਾਰੇ ਕਿਸਾਨਾਂ ਨੇ ਪ੍ਰਤੀਕ ਦੀ ਪ੍ਰਗਤੀ ਨੂੰ ਦੇਖ ਕੇ ਇਸ ਤਕਨੀਕ ਨੂੰ ਅਪਣਾਇਆ।

ਪ੍ਰਤੀਕ ਕਿਸਾਨਾਂ ਨੂੰ ਇਹ ਦਾਅਵੇ ਨਾਲ ਕਹਿੰਦੇ ਹਨ ਕਿ ਵਰਮੀਕੰਪੋਸਟਿੰਗ ਅਤੇ ਜੈਵਿਕ ਖੇਤੀ ਵਿੱਚ ਨਿਵੇਸ਼ ਕਰਕੇ ਇੱਕ ਕਿਸਾਨ ਜ਼ਿਆਦਾ ਆਰਥਿਕ ਤੌਰ ‘ਤੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦਾ ਹੈ ਅਤੇ ਖੇਤੀ ਦੀਆਂ ਜ਼ਹਿਰੀਲੀਆਂ ਤਕਨੀਕਾਂ ਦੀ ਤੁਲਨਾ ਵਿੱਚ ਬਿਹਤਰ ਪੈਦਾਵਾਰ ਵੀ ਲੈ ਸਕਦਾ ਹੈ ਅਤੇ ਜਦੋਂ ਗੱਲ ਮੰਡੀਕਰਨ ਦੀ ਆਉਂਦੀ ਹੈ ਤਾਂ ਜੈਵਿਕ ਉਤਪਾਦਾਂ ਦਾ ਹਮੇਸ਼ਾ ਬਾਜ਼ਾਰ ਵਿੱਚ ਬਿਹਤਰ ਮੁੱਲ ਹੁੰਦਾ ਹੈ।

ਉਸ ਨੇ ਰਸਾਇਣਿਕ ਤੌਰ ‘ਤੇ ਉਗਾਈ ਕਣਕ ਦੀ ਤੁਲਨਾ ਵਿੱਚ ਬਜ਼ਾਰ ਵਿੱਚ ਜੈਵਿਕ ਕਣਕ ਵੇਚਣ ਦਾ ਅਨੁਭਵ ਸਾਂਝਾ ਕੀਤਾ। ਸੋ ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਨੂੰ ਅਪਨਾਉਣਾ ਕਿਸਾਨਾਂ ਲਈ ਇੱਕ ਲਾਭਦਾਇਕ ਸੌਦਾ ਹੈ।

ਪ੍ਰਤੀਕ ਨੇ ਆਪਣਾ ਅਨੁਭਵ ਦੱਸਦੇ ਹੋਏ ਸਾਡੇ ਨਾਲ ਗਿਆਨ ਦਾ ਇੱਕ ਛੋਟਾ ਜਿਹਾ ਅੰਸ਼ ਸਾਂਝਾ ਕੀਤਾ – ਵਰਮੀਕੰਪੋਸਟਿੰਗ ਵਿੱਚ ਗਾਂ ਦੇ ਗੋਬਰ ਦੀ ਵਰਤੋਂ ਕਰਨ ਤੋਂ ਪਹਿਲਾਂ ਦੋ ਮੁੱਖ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ- ਗਾਂ ਦਾ ਗੋਬਰ 15-20 ਦਿਨ ਪੁਰਾਣਾ ਹੋਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਨਾਲ ਸੁੱਕਾ ਹੋਣਾ ਚਾਹੀਦਾ ਹੈ।

 

ਇਸ ਸਮੇਂ 22 ਸਾਲ ਦਾ ਪ੍ਰਤੀਕ ਬਜਾਜ ਸਫ਼ਲਤਾਪੂਰਵਕ ਆਪਣਾ ਸਹਿਯੋਗੀ ਬਾਇਓਟੈੱਕ ਪਲਾਂਟ ਚਲਾ ਰਹੇ ਹਨ ਅਤੇ ਨੋਇਡਾ, ਗਾਜ਼ੀਆਬਾਦ, ਬਰੇਲੀ, ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਕਈ ਸ਼ਹਿਰਾਂ ਵਿੱਚ ਬ੍ਰੈਂਡ ਨਾਮ ਯੇਲੋ ਖਾਦ ਦੇ ਤਹਿਤ ਕੰਪੋਸਟ ਵੇਚ ਰਹੇ ਹਨ। ਪ੍ਰਤੀਕ ਆਪਣੇ ਉਤਪਾਦ ਨੂੰ ਵੇਚਣ ਲਈ ਕਈ ਹੋਰ ਤਰੀਕਿਆਂ ਨੂੰ ਵੀ ਅਪਣਾਉਂਦੇ ਹਨ।

ਮਿੱਟੀ ਨੂੰ ਸਾਫ਼ ਕਰਨ ਅਤੇ ਇਸ ਨੂੰ ਜ਼ਿਆਦਾ ਉਪਜਾਊ ਬਣਾਉਣ ਦੇ ਦ੍ਰਿੜ ਸੰਕਲਪ ਨਾਲ ਪ੍ਰਤੀਕ ਹਮੇਸ਼ਾ ਵਿਭਿੰਨ ਬੈਕਟੀਰੀਆ ਅਤੇ ਇਨਪੁੱਟ ਕੋਂਪੋਨੈਂਟ ਨਾਲ ਆਪਣਾ ਕੰਮ ਜਾਰੀ ਰੱਖਣਗੇ। ਪ੍ਰਤੀਕ ਇਸ ਸੰਤੁਸ਼ਟੀ ਵਾਲੇ ਕਾਰੋਬਾਰ ਦਾ ਹਿੱਸਾ ਬਣ ਕੇ ਬਹੁਤ ਆਨੰਦ ਮਹਿਸੂਸ ਕਰਦਾ ਹੈ, ਜਿਸ ਦੇ ਮਾਧਿਅਮ ਨਾਲ ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਦੇ ਹਨ ਬਲਕਿ ਧਰਤੀ ਨੂੰ ਵੀ ਬਿਹਤਰ ਸਥਾਨ ਬਣਾ ਰਿਹਾ ਹੈ।

ਪ੍ਰਤੀਕ ਤਾਂ ਆਪਣਾ ਯੋਗਦਾਨ ਪਾ ਰਿਹਾ ਹੈ, ਪਰ ਕੀ ਤੁਸੀਂ ਆਪਣਾ ਯੋਗਦਾਨ ਦੇ ਰਹੇ ਹੋ? ਪ੍ਰਤੀਕ ਬਜਾਜ ਵਰਗੇ ਪ੍ਰਗਤੀਸ਼ੀਲ ਕਿਸਾਨਾਂ ਦੀਆਂ ਹੋਰ ਉਤਸ਼ਾਹਜਨਕ ਕਹਾਣੀਆਂ ਪੜ੍ਹਨ ਲਈ ਗੂਗਲ ਪਲੇਅ ਸਟੋਰ ‘ਤੇ ਜਾ ਕੇ ਆਪਣੀ ਖੇਤੀ ਐਪ ਡਾਊਨਲੋਡ ਕਰੋ।

ਪ੍ਰੇਮ ਰਾਜ ਸੈਣੀ

ਪੂਰੀ ਕਹਾਣੀ ਪੜ੍ਹੋ

ਕਿਵੇਂ ਉੱਤਰ ਪ੍ਰਦੇਸ਼ ਦਾ ਇੱਕ ਕਿਸਾਨ ਫੁੱਲਾਂ ਦੀ ਖੇਤੀ ਨਾਲ ਆਪਣੇ ਕਾਰੋਬਾਰ ਨੂੰ ਵਿਕਸਿਤ ਕਰ ਰਿਹਾ ਹੈ

ਫੁੱਲਾਂ ਦੀ ਖੇਤੀ ਇੱਕ ਲਾਭਦਾਇਕ ਕਾਰੋਬਾਰ ਹੈ ਅਤੇ ਇਹ ਦੇਸ਼ ਦੇ ਕਈ ਕਿਸਾਨਾਂ ਦੇ ਰੁਜ਼ਗਾਰ ਨੂੰ ਵਧਾ ਰਿਹਾ ਹੈ। ਇਸ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਪੀਰ ਨਗਰ ਪਿੰਡ ਦੇ ਸ਼੍ਰੀ ਪ੍ਰੇਮ ਰਾਜ ਸੈਣੀ ਜੀ ਇੱਕ ਉੱਭਰਦੇ ਹੋਏ ਫੁੱਲਾਂ ਦੇ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਸਾਡੇ ਸਮਾਜ ਦੇ ਹੋਰ ਕਿਸਾਨਾਂ ਲਈ ਇੱਕ ਵਧੀਆ ਮਿਸਾਲ ਹਨ।

ਫੁੱਲਾਂ ਦੀ ਖੇਤੀ ਕਰਨ ਪਿੱਛੇ ਪ੍ਰੇਮ ਰਾਜ ਜੀ ਲਈ ਸਭ ਤੋਂ ਵੱਡੀ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਹਨ। ਇਹ 70 ਦੇ ਦਹਾਕੇ ਦੀ ਗੱਲ ਹੈ ਜਦੋਂ ਉਨ੍ਹਾਂ ਦੇ ਪਿਤਾ ਦਿੱਲੀ ਤੋਂ ਫੁੱਲਾਂ ਦੇ ਵਿਭਿੰਨ ਪ੍ਰਕਾਰ ਦੇ ਬੀਜ ਆਪਣੇ ਖੇਤ ਵਿੱਚ ਉਗਾਉਣ ਲਈ ਲਿਆਏ ਸਨ। ਉਹ ਆਪਣੇ ਪਿਤਾ ਨੂੰ ਬਹੁਤ ਧਿਆਨ ਨਾਲ ਦੇਖਦੇ ਸਨ ਅਤੇ ਉਸ ਸਮੇਂ ਤੋਂ ਹੀ ਉਹ ਫੁੱਲਾਂ ਦੀ ਖੇਤੀ ਨਾਲ ਸੰਬੰਧਿਤ ਕੁੱਝ ਕਰਨਾ ਚਾਹੁੰਦੇ ਸਨ। ਹਾਲਾਂਕਿ ਪ੍ਰੇਮ ਰਾਜ ਸੈਣੀ B.Sc ਗ੍ਰੈਜੁਏਟ ਹਨ ਅਤੇ ਉਹ ਖੇਤੀ ਤੋਂ ਇਲਾਵਾ ਵਿਭਿੰਨ ਕਾਰੋਬਾਰ ਚੁਣ ਸਕਦੇ ਸਨ, ਪਰ ਉਨ੍ਹਾਂ ਨੇ ਆਪਣੇ ਸੁਪਨੇ ਵੱਲ ਜਾਣ ਦਾ ਰਸਤਾ ਚੁਣਿਆ।

20 ਮਈ 2007 ਨੂੰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਹੀ ਪ੍ਰੇਮ ਰਾਜ ਨੇ ਉਸ ਕੰਮ ਨੂੰ ਸ਼ੂਰੂ ਕਰਨ ਦਾ ਫੈਸਲਾ ਕੀਤਾ, ਜੋ ਉਨ੍ਹਾਂ ਦੇ ਪਿਤਾ ਵਿਚਕਾਰ ਛੱਡ ਗਏ ਸਨ। ਉਸ ਸਮੇਂ ਉਨ੍ਹਾਂ ਦਾ ਪਰਿਵਾਰ ਆਰਥਿਕ ਰੂਪ ਨਾਲ ਸਥਾਈ ਸੀ ਅਤੇ ਉਨ੍ਹਾਂ ਦਾ ਭਰਾ ਵੀ ਕੰਮ-ਕਾਰ ਵਿੱਚ ਸੈੱਟਲ ਸੀ। ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਇੱਕ ਫੁੱਲਾਂ ਦੀ ਥੋਕ ਵਾਲੀ ਦੁਕਾਨ ਖੋਲ੍ਹੀ, ਜਿਸ ਦੁਆਰਾ ਉਹ ਆਪਣੇ ਖੇਤੀ ਦੇ ਉਤਪਾਦ ਵੇਚਣਗੇ। ਹੋਰ ਦੋ ਛੋਟੇ ਭਰਾ ਨੌਕਰੀ ਕਰ ਰਹੇ ਸਨ, ਪਰ ਬਾਅਦ ਵਿੱਚ ਉਹ ਵੀ ਪ੍ਰੇਮ ਰਾਜ ਅਤੇ ਵੱਡੇ ਭਰਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ।

ਪ੍ਰੇਮ ਰਾਜ ਜੀ ਦੁਆਰਾ ਕੀਤੀ ਗਈ ਇੱਕ ਪਹਿਲ ਨੇ ਪੂਰੇ ਪਰਿਵਾਰ ਨੂੰ ਇੱਕ ਧਾਗੇ ਨਾਲ ਜੋੜ ਦਿੱਤਾ। ਸਭ ਤੋਂ ਵੱਡੇ ਭਰਾ ਕਾਂਜੀਪੁਰ ਮੰਡੀ ਵਿੱਚ ਫੁੱਲਾਂ ਦੀਆਂ ਦੋ ਦੁਕਾਨਾਂ ਨੂੰ ਸੰਭਾਲ ਰਹੇ ਹਨ। ਪ੍ਰੇਮ ਰਾਜ ਖੁਦ ਪੂਰੇ ਫਾਰਮ ਦਾ ਕੰਮ ਸੰਭਾਲਦੇ ਹਨ ਅਤੇ ਦੋ ਛੋਟੇ ਭਰਾ ਨੋਇਡਾ ਦੀ ਸਬਜ਼ੀ ਮੰਡੀ ਵਿੱਚ ਆਪਣੀ ਦੁਕਾਨ ਸੰਭਾਲ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਾਰੇ ਕੰਮਾਂ ਨੂੰ ਵੰਡ ਦਿੱਤਾ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ। ਉਨ੍ਹਾਂ ਨੇ ਇੱਕ ਮਜ਼ਦੂਰ ਰੱਖਿਆ ਅਤੇ ਕਟਾਈ ਦੇ ਮੌਸਮ ਵਿੱਚ ਉਹ ਹੋਰ ਕਰਮਚਾਰੀਆਂ ਨੂੰ ਵੀ ਨਿਯੁਕਤ ਕਰ ਲੈਂਦੇ ਹਨ।

ਪ੍ਰੇਮ ਰਾਜ ਜੀ ਦੇ ਫਾਰਮ ‘ਤੇ ਮੌਸਮ ਦੇ ਅਨੁਸਾਰ ਹਰ ਤਰ੍ਹਾਂ ਦੇ ਫੁੱਲ ਅਤੇ ਸਬਜ਼ੀਆਂ ਹਨ। ਉੱਚ ਪੈਦਾਵਾਰ ਲਈ ਉਹ ਨੈੱਟਹਾਊਸ ਅਤੇ ਬੈੱਡ ਫਾਰਮਿੰਗ ਦੇ ਢੰਗਾਂ ਨੂੰ ਅਪਣਾਉਂਦੇ ਹਨ। ਦੂਜੇ ਸ਼ਬਦਾਂ ਵਿੱਚ ਉਹ ਉੱਚ-ਗੁਣਵੱਤਾ ਵਾਲੀ ਪੈਦਾਵਾਰ ਲਈ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ ਅਤੇ ਲੋੜ ਅਨੁਸਾਰ ਘੱਟ ਨਦੀਨ-ਨਾਸ਼ਕਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਖਰਚੇ ਵੀ ਅੱਧੇ ਰਹਿ ਜਾਂਦੇ ਹਨ। ਉਹ ਆਪਣੇ ਫਾਰਮ ‘ਤੇ ਆਧੁਨਿਕ ਖੇਤੀ ਯੰਤਰਾਂ ਜਿਵੇਂ ਟ੍ਰੈਕਟਰ ਅਤੇ ਰੋਟਾਵੇਟਰ ਦੀ ਵਰਤੋਂ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ-

ਸੈਣੀ ਭਰਾ ਵਧੀਆ ਆਮਦਨ ਲਈ ਵੱਖ-ਵੱਖ ਸਥਾਨਾਂ ‘ਤੇ ਹੋਰ ਜ਼ਿਆਦਾ ਦੁਕਾਨਾਂ ਖੋਲ੍ਹਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਭਵਿੱਖ ਵਿੱਚ ਖੇਤੀ ਦੇ ਖੇਤਰ ਅਤੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ।

ਪਰਿਵਾਰ-

ਵਰਤਮਾਨ ਵਿੱਚ ਉਹ ਆਪਣੇ ਪੂਰੇ ਪਰਿਵਾਰ (ਮਾਤਾ, ਪਤਨੀ, ਦੋ ਪੁੱਤਰ ਅਤੇ ਇੱਕ ਬੇਟੀ) ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲੇ ਇਨਸਾਨ ਹਨ ਅਤੇ ਆਪਣੇ ਬੱਚਿਆਂ ‘ਤੇ ਕਦੇ ਵੀ ਆਪਣੀ ਸੋਚ ਲਾਗੂ ਨਹੀਂ ਕਰਦੇ। ਫੁੱਲਾਂ ਦੀ ਖੇਤੀ ਦੇ ਕਾਰੋਬਾਰ ਅਤੇ ਆਮਦਨ ਦੇ ਨਾਲ ਅੱਜ ਪ੍ਰੇਮ ਰਾਜ ਸੈਣੀ ਅਤੇ ਉਨ੍ਹਾਂ ਦੇ ਭਰਾ ਆਪਣੇ ਪਰਿਵਾਰ ਦੀਆਂ ਸਭ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ।

ਸੰਦੇਸ਼
“ਅੱਜ-ਕੱਲ੍ਹ ਨੌਕਰੀਆਂ ਦੀ ਬਹੁਤ ਘਾਟ ਹੈ, ਕਿਉਂਕਿ ਜੇਕਰ ਇੱਕ ਨੌਕਰੀ ਲਈ ਜਗ੍ਹਾ ਹੈ ਤਾਂ ਉੱਥੇ ਐਪਲੀਕੇਸ਼ਨ ਭਰਨ ਵਾਲੇ ਬਹੁਤ ਸਾਰੇ ਬਿਨੈਕਾਰ ਹਨ। ਇਸ ਲਈ ਜੇਕਰ ਤੁਹਾਡੇ ਕੋਲ ਜ਼ਮੀਨ ਹੈ ਤਾਂ ਤੁਸੀਂ ਖੇਤੀ ਕਰਨੀ ਸ਼ੁਰੂ ਕਰੋ ਅਤੇ ਇਸ ਤੋਂ ਲਾਭ ਕਮਾਓ। ਖੇਤੀਬਾੜੀ ਨੂੰ ਹੇਠਲੇ ਪੱਧਰ ਦੇ ਕਾਰੋਬਾਰ ਦੀ ਬਜਾਏ ਆਪਣੀ ਨੌਕਰੀ ਦੇ ਤੌਰ ‘ਤੇ ਅਪਨਾਓ।”

ਨਨਿਲ ਚੌਧਰੀ

ਪੂਰੀ ਕਹਾਣੀ ਪੜ੍ਹੋ

ਮਿਲੋ ਅਗਲੀ ਪੀੜ੍ਹੀ ਦੇ ਉਤਸ਼ਾਹੀ ਕਿਸਾਨ ਨਾਲ ਜੋ ਉੱਤਰ ਪ੍ਰਦੇਸ਼ ਦੇ ਸਥਾਨਕ ਰੁਜ਼ਗਾਰ ਨੂੰ ਵਧਾਵਾ ਦੇ ਰਿਹਾ ਹੈ

ਨਨਿਲ ਚੌਧਰੀ ਦੇ ਖੇਤ ਦੀ ਦਿੱਖ ਕਿਸੇ ਵੀ ਵਿਅਕਤੀ ਨੂੰ ਸੁਪਨਿਆਂ ਵਾਲੀ ਸੁਗੰਧਤ ਦੁਨੀਆਂ ਵਿੱਚ ਲੈ ਜਾਵੇਗੀ… ਖੈਰ, ਤੁਸੀਂ ਸੋਚ ਰਹੇ ਹੋਵੋਗੇ ਕਿ ਉੱਥੇ ਫ਼ਸਲਾਂ, ਗਾਵਾਂ, ਮੱਝਾਂ, ਗੰਦਗੀ ਅਤੇ ਗੋਬਰ ਤੋਂ ਇਲਾਵਾ ਹੋਰ ਕੀ ਹੋ ਸਕਦਾ ਹੈ? ਪਰ ਤੁਸੀਂ ਗਲਤ ਹੋ, ਕਿਉਂਕਿ ਨਨਿਲ ਚੌਧਰੀ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਇੱਕ ਉੱਭਰਦੇ ਕਿਸਾਨ ਹਨ ਜੋ ਫੁੱਲਾਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਦੇ ਫਾਰਮ ਵਿੱਚ ਤੁਹਾਨੂੰ ਸਿਰਫ਼ ਜਰਬੇਰਾ, ਰਜਨੀਗੰਧਾ, ਗਲੇਡਿਓਲਸ ਅਤੇ ਕਈ ਹੋਰ ਰੰਗਦਾਰ ਫੁੱਲ ਦੇਖਣ ਨੂੰ ਮਿਲਣਗੇ।

ਰਵਾਇਤੀ ਖੇਤੀ ਵਾਲੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਨਨਿਲ ਚੌਧਰੀ ਦੀ ਖੇਤੀ ਦੀ ਯਾਤਰਾ ਹੋਰ ਕਿਸਾਨਾਂ ਦੀ ਤਰ੍ਹਾਂ ਕਣਕ, ਬਾਜਰਾ, ਆਲੂ, ਜੌਂ ਅਤੇ ਸਰ੍ਹੋਂ ਦੀ ਖੇਤੀ ਤੋਂ ਸ਼ੁਰੂ ਹੋਈ, ਜੋ ਕਿ 2014-15 ਤੱਕ ਜਾਰੀ ਰਹੀ। ਭਾਵੇਂ ਕਿ ਉਨ੍ਹਾਂ ਨੇ ਇੱਕ ਰਵਾਇਤੀ ਕਿਸਾਨ ਦੀ ਤਰ੍ਹਾਂ ਸ਼ੁਰੂਆਤ ਕੀਤੀ, ਫਿਰ ਵੀ ਉਨ੍ਹਾਂ ਨੇ ਕਦੇ ਵੀ ਮਨ ਵਿੱਚ ਉਸ ਰੂੜੀਵਾਦੀ ਸੋਚ ਨੂੰ ਸੀਮਿਤ ਨਹੀਂ ਰੱਖਿਆ ਅਤੇ ਸਾਲ 2015-2016 ਵਿੱਚ, ਉਹ ਫੁੱਲਾਂ ਦੀ ਖੇਤੀ ਦੇ ਖੇਤਰ ਵੱਲ ਆ ਗਏ।

ਨਨਿਲ ਚੌਧਰੀ ਨੂੰ ਅਲੀਗੜ੍ਹ ਜ਼ਿਲ੍ਹੇ ਵਿੱਚ ਇਗਲਾਸ ਤਹਿਸੀਲ ਦੇ ਨੇੜੇ ਪਾੱਲੀਹਾਊਸ ਵਿੱਚ ਜਰਬੇਰਾ ਪੌਦੇ ਬਾਰੇ ਪਤਾ ਲੱਗਾ। ਥੋੜ੍ਹੀ ਪੁੱਛ-ਗਿੱਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਨੂੰ ਸਥਾਪਿਤ ਕਰਨ ਲਈ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਹੈ, ਕਿਉਂਕਿ ਉਨ੍ਹਾਂ ਦੇ ਮਾਤਾ, ਸ਼੍ਰੀਮਤੀ ਕ੍ਰਿਸ਼ਨਾ ਕੁਮਾਰੀ ਜੀ ਦੇ ਨਾਮ ‘ਤੇ ਬਹੁਤ ਜ਼ਮੀਨ ਸੀ, ਇਸ ਲਈ ਉਨ੍ਹਾਂ ਦੀ ਮਾਤਾ ਦੇ ਨਾਮ ‘ਤੇ ਪ੍ਰੋਜੈੱਕਟ ਮਨਜ਼ੂਰ ਕੀਤਾ ਗਿਆ ਅਤੇ ਇਸ ਤਰ੍ਹਾਂ ਕ੍ਰਿਸ਼ਨਾ ਬਾਇਓਟੈੱਕ ਦੀ ਸਥਾਪਨਾ ਹੋਈ।

“ਜਲਵਾਯੂ ਨਿਯੰਤਰਣ ਪਾੱਲੀਹਾਊਸ ਦੀ ਸਥਾਪਨਾ ਲਈ ਮੈਂ ਲਗਭਗ 1.10 ਕਰੋੜ ਰੁਪਏ ਦਾ ਨਿਵੇਸ਼ ਕੀਤਾ, ਜਿਸ ਵਿੱਚੋਂ 75 ਲੱਖ ਰੁਪਏ ਆਰ.ਬੀ.ਐੱਲ. ਬੈਂਕ ਲਿਮਟਿਡ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਇਹ ਮੇਰੇ ਲਈ ਬਹੁਤ ਵੱਡੀ ਮਦਦ ਸੀ।”

ਪੇਂਡੂ ਆਰਥਿਕਤਾ ਵਿੱਚ ਸੁਧਾਰ ਲਈ ਰੁਜ਼ਗਾਰ ਪੈਦਾ ਕਰਨ ਦੇ ਉਦੇਸ਼ ਨਾਲ ਉਹ ਫੁੱਲਾਂ ਦੀ ਖੇਤੀ ਵੱਲ ਵਧੇ ਅਤੇ ਅੱਜ ਉਨ੍ਹਾਂ ਦੇ ਆਪਣੇ ਦੋ ਜਲਵਾਯੂ ਨਿਯੰਤ੍ਰਿਤ ਪਾੱਲੀਹਾਊਸ ਹਨ, ਜਿੱਥੇ ਉਨ੍ਹਾਂ ਨੇ 2 ਏਕੜ ਵਿੱਚ ਜਰਬੇਰਾ ਦੇ ਲਗਭਗ 40,000 ਪੌਦੇ ਲਗਾਏ ਹਨ। ਪੋਲੀਹਾਊਸ ਦੇ ਬਾਹਰ ਉਨ੍ਹਾਂ ਨੇ 6 ਏਕੜ ਵਿੱਚ ਗਲੈਡਿਓਲਸ, 6 ਏਕੜ ਵਿੱਚ ਰਜਨੀਗੰਧਾ, 1 ਏਕੜ ਵਿੱਚ ਬ੍ਰੇਸਿਕਾ ਅਤੇ 3 ਏਕੜ ਵਿੱਚ ਗੁਲਦਾਉਦੀ ਦੇ ਪੌਦੇ ਲਗਾਏ ਹਨ।

ਅਤੇ ਕਿਵੇਂ ਇਹ ਫੁੱਲ ਨਨਿਲ ਚੌਧਰੀ ਦੇ ਕਾਰੋਬਾਰ ਨੂੰ ਮੁਨਾਫ਼ੇ ਵਿੱਚ ਬਦਲ ਰਹੇ ਹਨ:

ਇੱਕ ਜਰਬੇਰਾ ਦਾ ਪੌਦਾ ਇੱਕ ਸਾਲ ਵਿੱਚ 25 ਫੁੱਲ ਦਿੰਦਾ ਹੈ ਜੋ ਅੰਤ 1000000 ਫੁੱਲਾਂ ਦੀ ਉਤਪਾਦਨ ਸੰਖਿਆ ਵਿੱਚ ਬਦਲ ਜਾਂਦੀ ਹੈ ਅਤੇ ਜਦੋਂ ਇਹ ਫੁੱਲ 2.50 ਰੁਪਏ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ ਤਾਂ ਇੱਕ ਸਾਲ ਵਿੱਚ 20 ਲੱਖ ਦੀ ਆਮਦਨ ਹੁੰਦੀ ਹੈ। ਸਾਰੇ ਖ਼ਰਚਿਆਂ ਦੀ ਕਟੌਤੀ ਕਰਨ ਤੋਂ ਬਾਅਦ ਨਨਿਲ ਚੌਧਰੀ ਨੂੰ ਸਾਲ ਵਿੱਚ 6-7 ਲੱਖ ਦਾ ਸ਼ੁੱਧ ਲਾਭ ਮਿਲਦਾ ਹੈ। ਇਹ ਲਾਭ ਸਿਰਫ਼ ਜਰਬੇਰਾ ਫੁੱਲ ਤੋਂ ਹੈ। ਇਸ ਤੋਂ ਇਲਾਵਾ ਰਜਨੀਗੰਧਾ ਪ੍ਰਤੀ ਏਕੜ ਲਗਭਗ 2 ਲੱਖ ਰੁਪਏ ਲਾਭ ਦਿੰਦਾ ਹੈ। ਗਲੇਡਿਓਲਸ ਲਗਭਗ 1.50 ਲੱਖ ਰੁਪਏ ਪ੍ਰਤੀ ਏਕੜ ਅਤੇ ਗੁਲਦਾਉਦੀ ਪ੍ਰਤੀ ਸਾਲ ਲਗਭਗ 3 ਲੱਖ ਰੁਪਏ ਪ੍ਰਤੀ ਏਕੜ ਲਾਭ ਦਿੰਦਾ ਹੈ।

“ਮਜ਼ਦੂਰੀ ਖ਼ਰਚਾ, ਬੈਂਕ ਕਿਸ਼ਤਾਂ ਅਤੇ ਹੋਰ ਨਿਵੇਸ਼ ਲਾਗਤਾਂ ਦਾ ਖ਼ਰਚਾ ਛੱਡ ਕੇ, ਇਹ ਫੁੱਲ ਉਤਪਾਦਨ ਮੈਨੂੰ ਪ੍ਰਤੀ ਸਾਲ ਲਗਭਗ 14 ਲੱਖ ਦਾ ਲਾਭ ਪ੍ਰਦਾਨ ਕਰਦਾ ਹੈ।”

ਨਨਿਲ ਚੌਧਰੀ ਲਈ ਸ਼ੁਰੂਆਤ ਵਿੱਚ ਮੰਡੀਕਰਨ ਥੋੜ੍ਹਾ ਮੁਸ਼ਕਿਲ ਸੀ, ਕਿਉਂਕਿ ਦਿੱਲੀ ਨੂੰ ਫੁੱਲਾਂ ਦੀ ਡਿਲਿਵਰੀ ਕਰਨਾ ਮੁਸ਼ਕਿਲ ਸੀ। ਪਰ ਬਾਅਦ ਵਿੱਚ 2017-18 ਵਿੱਚ ਉੱਤਰ ਪ੍ਰਦੇਸ਼ ਰਾਜ ਦੀਆਂ ਰੋਡਵੇਜ਼ ਬੱਸਾਂ ਫੁੱਲਾਂ ਦੇ ਮੰਡੀਕਰਨ ਦਾ ਸਭ ਤੋਂ ਵਧੀਆ ਮਾਧਿਅਮ ਸਨ।

ਕੁੱਝ ਲੋਕ ਜੋ ਨਨਿਲ ਚੌਧਰੀ ਦੇ ਲਈ ਉਨ੍ਹਾਂ ਦੀ ਫੁੱਲਾਂ ਦੀ ਖੇਤੀ ਦੀ ਯਾਤਰਾ ਦੇ ਦੌਰਾਨ ਸਤੰਭਾਂ ਦੀ ਤਰ੍ਹਾਂ ਉਨ੍ਹਾਂ ਨਾਲ ਖੜ੍ਹੇ ਸਨ, ਉਹ ਸਨ ਉਨ੍ਹਾਂ ਦੀ ਮਾਂ, ਡਾ: ਮਾਮ ਚੰਦ ਸਿੰਘ (ਵਿਗਿਆਨਿਕ ਅਤੇ ਆਈ.ਏ.ਆਰ.ਆਈ, ਪੂਸਾ, ਨਵੀਂ ਦਿੱਲੀ ਵਿੱਚ ਸੁਰੱਖਿਅਤ ਖੇਤੀ ਕਿਸਾਨ ਡਿਵੀਜ਼ਨ ਦੇ ਮੁਖੀ) ਅਤੇ ਸ਼੍ਰੀ ਕੌਸ਼ਲ ਕੁਮਾਰ (ਜ਼ਿਲ੍ਹਾ ਬਾਗਬਾਨੀ ਅਧਿਕਾਰੀ, ਅਲੀਗੜ੍ਹ) ਆਦਿ।

ਗਿਆਨ ਪ੍ਰਸਾਰ ਸਭ ਤੋਂ ਮਹੱਤਵਪੂਰਨ ਹੈ, ਜਿਸ ਨੂੰ ਨਨਿਲ ਚੌਧਰੀ ਹਮੇਸ਼ਾ ਮੰਨਦੇ ਹਨ ਅਤੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਇਟਾਹ, ਹਾਥਰਸ, ਮੇਰਠ ਅਤੇ ਗਾਜ਼ੀਆਬਾਦ ਜ਼ਿਲ੍ਹੇ ਦੇ ਵੱਖ-ਵੱਖ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਬਾਰੇ ਦੱਸਿਆ।

ਵਰਤਮਾਨ ਵਿੱਚ, ਨਨਿਲ ਚੌਧਰੀ ਦੇ ਫਾਰਮ ‘ਤੇ 20-22 ਹੁਨਰਮੰਦ ਕਰਮਚਾਰੀ ਹਨ ਜੋ ਵਿਸ਼ੇਸ਼ ਤੌਰ ‘ਤੇ ਡਿਜ਼ਾਈਨ ਕੀਤੇ ਗਏ ਪੌਦੇ, ਤੁਪਕਾ-ਸਿੰਚਾਈ ਪ੍ਰਣਾਲੀ, ਸੋਲਰ ਪਾਵਰ ਸਿੰਚਾਈ ਪੰਪ ਅਤੇ ਹੋਰ ਬਹੁਤ ਸਾਰੇ ਆਧੁਨਿਕ ਉਪਕਰਨਾਂ ਦੀ ਮਦਦ ਨਾਲ ਪੂਰੀ ਤਰ੍ਹਾਂ ਮਸ਼ੀਨੀਕਰਨ ਫਾਰਮ ਦਾ ਕੰਮ ਕਰਦੇ ਹਨ।

ਭਵਿੱਖ ਵਿੱਚ ਨਨਿਲ ਚੌਧਰੀ ਜੀ ਦੀਆਂ ਕੁੱਝ ਯੋਜਨਾਵਾਂ ਹਨ:
• ਰਜਨੀਗੰਧਾ ਤੋਂ ਤੇਲ ਕੱਢਣ ਦੀ ਸੰਭਾਵਨਾ ਦਾ ਪਤਾ ਲਗਾਉਣ ਲਈ ਯੋਜਨਾ
• ਉੱਤਰਾਂਚਲ ਵਿੱਚ ਵੱਡੇ ਪੈਮਾਨੇ ‘ਤੇ ਫੁੱਲਾਂ ਦੀ ਖੇਤੀ ਦਾ ਵਿਸਤਾਰ ਕਰਨਾ
• ਵਪਾਰਕ ਖੇਤੀ ਲਈ ਗਲੇਡਿਓਲਸ ਬਲਬ, ਰਜਨੀਗੰਧਾ ਬਲਬ ਅਤੇ ਗੁਲਦਾਉਦੀ ਨਰਸਰੀ ਦਾ ਵੱਡੇ ਪੈਮਾਨੇ ਦੇ ਉਤਪਾਦਨ

ਫੁੱਲਾਂ ਦੀ ਖੇਤੀ ਦੇ ਉੱਦਮ ਨਾਲ ਨਨਿਲ ਚੌਧਰੀ ਨੇ ਆਪਣੇ ਖੇਤਰ ਵਿੱਚ ਇੱਕ ਵੱਡਾ ਬਦਲਾਅ ਦੇਖਿਆ, ਲੋਕਾਂ ਦੀ ਖੇਤੀ, ਕਟਾਈ, ਪੈਕਿੰਗ ਅਤੇ ਫੁੱਲਾਂ ਦੀ ਟ੍ਰਾਂਸਪੋਰਟ ਕਾਰਨ ਨਿਯਮਿਤ ਆਮਦਨ ਮਿਲਦੀ ਹੈ, ਉਨ੍ਹਾਂ ਲੋਕਾਂ ਦੀ ਆਮਦਨ ਉਨ੍ਹਾਂ ਦੇ ਚਿਹਰੇ ‘ਤੇ ਅਸਲ ਖੁਸ਼ੀ ਦਿਖਾਉਂਦੀ ਹੈ… ਨਨਿਲ ਚੌਧਰੀ ਨੇ ਸਿੱਟਾ ਕੱਢਿਆ

ਫੁੱਲਾਂ ਦੀ ਖੇਤੀ ਦੇ ਖੇਤਰ ਵਿੱਚ ਬਹੁਤ ਮਿਹਨਤ ਕਰਨ ਲਈ ਨਨਿਲ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ ਹੈ-
• 2016-17 ਵਿੱਚ ਡਿਵੀਜ਼ਨਲ ਕਮਿਸ਼ਨਰ, ਅਲੀਗੜ੍ਹ ਤੋਂ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।
• ਦੂਰਦਰਸ਼ਨ, ਦਿੱਲੀ ਦੁਆਰਾ ਕ੍ਰਿਸ਼ਨਾ ਬਾਇਓਟੈੱਕ ਫਾਰਮ ‘ਤੇ ਇੱਕ ਲੇਖ (ਡਾਕੂਮੈਂਟਰੀ) ਤਿਆਰ ਕੀਤਾ ਗਿਆ ਅਤੇ 22 ਨਵੰਬਰ 2016 ਨੂੰ ਕ੍ਰਿਸ਼ੀ ਦਰਸ਼ਨ ਪ੍ਰੋਗਰਾਮ ਵਿੱਚ ਪ੍ਰਸਾਰਿਤ ਕੀਤਾ ਗਿਆ।
• ਬਾਅਦ ਵਿੱਚ ਸਾਲ 2017-18 ਵਿੱਚ ਦੂਰਦਰਸ਼ਨ ਦੁਆਰਾ ਇੱਕ ਹੋਰ ਤਿਆਰ ਲੇਖ (ਡਾਕੂਮੈਂਟਰੀ) ਕੀਤਾ ਗਿਆ ਅਤੇ 27 ਦਸੰਬਰ 2017 ਨੂੰ ਡੀ.ਡੀ. ਕ੍ਰਿਸ਼ੀ ਦਰਸ਼ਨ ‘ਤੇ ਪ੍ਰਸਾਰਿਤ ਕੀਤਾ ਗਿਆ।
ਨਨਿਲ ਚੌਧਰੀ ਜੀ ਦੇ ਪੱਕੇ ਇਰਾਦੇ ਅਤੇ ਮਿਹਨਤ ਨਾਲ ਕ੍ਰਿਸ਼ਨਾ ਬਾਇਓਟੈੱਕ ਨੇ ਫੁੱਲਾਂ ਦੀ ਖੇਤੀ ਦਾ ਵਿਸਥਾਰ ਕੀਤਾ, ਜਿਸ ਨਾਲ ਉਨ੍ਹਾਂ ਦੇ ਪਰਿਵਾਰ ਅਤੇ ਫਾਰਮ ‘ਤੇ ਕੰਮ ਕਰਨ ਵਾਲੇ ਲੋਕਾਂ ਲਈ ਇੱਕ ਲਾਹੇਵੰਦ ਗੁਣਵੱਤਾ ਮਿਆਰ ਨਿਰਧਾਰਿਤ ਹੋਇਆ।

ਅੰਕੁਰ ਅਤੇ ਅੰਕਿਤਾ ਸਿੰਘ

ਪੂਰੀ ਕਹਾਣੀ ਪੜ੍ਹੋ

ਸਿਮਬਾਇਓਸਿਸ ਤੋਂ ਗ੍ਰੈਜੂਏਟ ਇਸ ਪਤੀ-ਪਤਨੀ ਦੀ ਜੋੜੀ ਪਸ਼ੂ ਪਾਲਣ ਦੇ ਇੱਕ ਨਵੇਂ ਵਿਚਾਰ ਨਾਲ ਖੇਤੀ ਉਦਯੋਗ ਦੀ ਨਵੀਂ ਪਰਿਭਾਸ਼ਾ ਦੇ ਰਹੀ ਹੈ

ਭਾਰਤ ਦੀ ਇੱਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਤੋਂ ਐਗਰੀ-ਬਿਜ਼ਨੈੱਸ ਵਿੱਚ ਐੱਮ.ਬੀ.ਏ. ਕਰਨ ਤੋਂ ਬਾਅਦ ਤੁਸੀਂ ਕਿਸ ਜੀਵਨ ਦੀ ਕਲਪਨਾ ਕਰਦੇ ਹੋ, ਸ਼ਾਇਦ ਖੇਤੀ ਵਿਸ਼ਲੇਸ਼ਕ, ਫਾਰਮ ਨਿਰਧਾਰਕ, ਮੰਡੀ ਵਿਸ਼ਲੇਸ਼ਕ, ਗੁਣਵੱਤਾ ਕੰਟਰੋਲ ਜਾਂ ਐਗਰੀਬਿਜ਼ਨੈੱਸ ਮਾਰਕਟਿੰਗ ਸੰਚਾਲਕ?

ਬਾ-ਖ਼ੂਬੀ, ਐੱਮ.ਬੀ.ਏ. ਖੇਤੀਬਾੜੀ ਗ੍ਰੈਜੂਏਟ ਦੇ ਲਈ ਇਹ ਨੌਕਰੀ ਦੇ ਸੁਪਨੇ ਸੱਚ ਹੋਣ ਵਾਂਗ ਹਨ ਅਤੇ ਜਦੋਂ ਤੁਸੀਂ ਆਪਣੀ ਐੱਮ.ਬੀ.ਏ. ਕਿਸੇ ਪ੍ਰਸਿੱਧ ਯੂਨੀਵਰਸਿਟੀ ਤੋਂ ਕੀਤੀ ਹੋਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੱਕ ਮਲਟੀਨੈਸ਼ਨਲ ਸੰਗਠਨ ਦਾ ਹਿੱਸਾ ਬਣਨ ਦੀ ਬਜਾਏ, ਇੱਕ ਸ਼ੁਰੂਆਤੀ ਉੱਦਮੀ ਦੇ ਰੂਪ ਵਿੱਚ ਉਭਰਨਾ ਪਸੰਦ ਕਰਦੇ ਹਨ, ਜੋ ਉਹਨਾਂ ਦੇ ਹੁਨਰ ਅਤੇ ਸਮਰੱਥਾ ਨੂੰ ਸਹੀ ਅਰਥ ਦਿੰਦਾ ਹੈ।

ਅਰਬਨ ਡੇਅਰੀ ਇੱਕ ਪਹਿਲ ਹੈ, ਜੋ ਇੱਕ ਜੋੜੀ – ਅੰਕੁਰ ਅਤੇ ਅੰਕਿਤਾ ਦੁਆਰਾ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਕੱਚੇ ਰੂਪ ਵਿੱਚ ਦੁੱਧ ਵੇਚਣ ਵਾਲੇ ਖਾਸ ਵਿਚਾਰ ਨਾਲ ਡੇਅਰੀ ਧੰਦੇ ਦੀ ਧਾਰਨਾ ਨੂੰ ਮੁੜ ਪ੍ਰਭਾਸ਼ਿਤ ਕਰਨਾ ਹੈ। ਇਹ ਫਾਰਮ ਕਾਨਪੁਰ ਸ਼ਹਿਰ ਤੋਂ 55 ਕਿਲੋਮੀਟਰ ਦੀ ਦੂਰੀ ਉਨਾਓ ਜ਼ਿਲ੍ਹੇ ਵਿੱਚ ਸਥਿਤ ਹੈ।

ਇਸ ਦੁੱਧ ਉੱਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਅੰਕੁਰ ਵਿਭਿੰਨ ਕੰਪਨੀਆਂ ਵਿੱਚ ਇੱਕ ਬਾਇਓਟੈਕਨਾੱਲੋਜਿਸਟ ਅਤੇ ਕਿਸਾਨ ਦੇ ਰੂਪ ਵਿੱਚ ਕੰਮ ਕਰ ਰਹੇ ਸੀ (ਕੁੱਲ ਕੰਮ ਦਾ ਅਨੁਭਵ 2 ਸਾਲ) ਅਤੇ 2014 ਵਿੱਚ ਅੰਕੁਰ ਆਪਣੀ ਦੋਸਤ ਅੰਕਿਤਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ, ਜਿਸ ਨੇ ਉਸ ਨਾਲ ਪੂਨੇ ਵਿੱਚ ਸਿਮਬਾਇਓਸਿਸ ਤੋਂ ਹੀ ਐੱਮ.ਬੀ.ਏ. ਕੀਤੀ ਸੀ।

ਖੈਰ, ਕੱਚਾ ਦੁੱਧ ਵੇਚਣ ਦਾ ਇਹ ਵਿਚਾਰ ਉਦੋਂ ਸਿੱਧ ਹੋਇਆ, ਜਦ ਅੰਕੁਰ ਦਾ ਭਤੀਜਾ ਭਾਰਤ ਆਇਆ ਕਿਉਂਕਿ ਉਹ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਅੰਕੁਰ ਨੇ ਉਸ ਦੇ ਇਸ ਅਨੁਭਵ ਨੂੰ ਕੁੱਝ ਖਾਸ ਬਣਾਉਣ ਦਾ ਫੈਸਲਾ ਕੀਤਾ।

ਅੰਕੁਰ ਨੇ ਉਚੇਚੇ ਤੌਰ ‘ਤੇ ਗਾਂ ਦੀ ਸਵਦੇਸ਼ੀ ਨਸਲ – ਸਾਹੀਵਾਲ ਖਰੀਦੀ ਅਤੇ ਉਸ ਨੂੰ ਦੁੱਧ ਦੀ ਪ੍ਰਾਪਤੀ ਲਈ ਪਾਲਣਾ ਸ਼ੁਰੂ ਕੀਤਾ। ਹਾਲਾਂਕਿ ਇਹ ਉਦੇਸ਼ ਉਸ ਦੇ ਭਤੀਜੇ ਲਈ ਸੀ, ਪਰ ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਗਾਂ ਦਾ ਦੁੱਧ, ਪੈਕ ਕੀਤੇ ਦੁੱਧ ਤੋਂ ਜਿਆਦਾ ਸਵੱਸਥ ਅਤੇ ਸੁਆਦੀ ਹੈ। ਹੌਲੀ- ਹੌਲੀ ਸਾਰੇ ਪਰਿਵਾਰ ਨੂੰ ਗਾਂ ਦਾ ਦੁੱਧ ਪਸੰਦ ਆਉਣ ਲੱਗਾ ਅਤੇ ਸਾਰਿਆਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ।

ਅੰਕੁਰ ਨੂੰ ਬਚਪਨ ਤੋਂ ਹੀ ਪਸ਼ੂਆਂ ਦਾ ਸ਼ੌਂਕ ਸੀ, ਪਰ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਿਹਤ ਦੇ ਨਾਲ ਕਿਉਂ ਸਮਝੌਤਾ ਕਰਨਾ ਅਤੇ 2015 ਵਿੱਚ ਦੋਨੋਂ ਪਤੀ-ਪਤਨੀ( ਅੰਕੁਰ ਅਤੇ ਅੰਕਿਤਾ) ਨੇ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅੰਕੁਰ ਨੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ NDRI ਕਰਨਾਲ ਤੋਂ ਛੋਟੀ ਜਿਹੀ ਟ੍ਰੇਨਿੰਗ ਕੀਤੀ ਅਤੇ ਇਸ ਵਿਚਕਾਰ ਉਸ ਦੀ ਪਤਨੀ ਅੰਕਿਤਾ ਨੇ ਸਾਰੇ ਨਿਰਮਾਣ ਕੰਮਾਂ ਦੀ ਦੇਖ-ਰੇਖ ਕੀਤੀ। ਉਹਨਾਂ ਨੇ 6 ਹਾੱਲਸਟੀਨ ਤੋਂ ਤਿਆਰ ਕੀਤੀਆਂ ਗਾਵਾਂ ਤੋਂ ਸ਼ੁਰੂਆਤ ਕੀਤੀ ਅਤੇ ਹੁਣ 3 ਸਾਲ ਬਾਅਦ ਉਹਨਾਂ ਕੋਲ ਗਊਸ਼ਾਲਾ ਵਿੱਚ ਹਾੱਲਸਟੀਨ/ਜਰਸੀ ਦੇ ਸੁਮੇਲ ਨਾਲ ਤਿਆਰ ਕੀਤੀਆਂ 34 ਅਤੇ 7 ਸਵਦੇਸ਼ੀ (ਸਾਹੀਵਾਲ, ਲਾਲ ਸਿੰਧੀ, ਥਾਰਪਾਰਕਰ) ਗਾਵਾਂ ਹਨ।

ਅਰਬਨ ਡੇਅਰੀ ਨਾਮ ਨੂੰ ਉਹਨਾਂ ਆਪਣੇ ਬਰੈਂਡ ਦਾ ਨਾਮ ਰੱਖਣ ਬਾਰੇ ਸੋਚਿਆ, ਜੋ ਕਿ ਗ੍ਰਾਮੀਣ ਵਿਸ਼ੇ ਨੂੰ ਸ਼ਹਿਰ ਨਾਲ ਜੋੜਦਾ ਹੈ। ਇਹ ਦੋ ਅਜਿਹੇ ਖੇਤਰਾਂ ਨੂੰ ਜੋੜਦਾ ਹੈ ਜੋ ਕਿ ਇੱਕ ਦੂਸਰੇ ਤੋਂ ਬਿਲਕੁਲ ਹੀ ਉਲਟ ਹਨ। ਉਹਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਡੇਅਰੀ ਫਾਰਮ ਦੇ ਪ੍ਰਬੰਧਨ ਤੋਂ ਲੈ ਕੇ ਉਤਪਾਦ ਦਾ ਮੰਡੀਕਰਨ ਅਤੇ ਵਿਕਾਸ ਲਈ ਇੱਕ ਵੀ ਕੰਮ ਨਹੀਂ ਛੱਡਿਆ। ਪੂਰੇ ਫਾਰਮ ਦਾ ਨਿਰਮਾਣ 4 ਏਕੜ ਵਿੱਚ ਕੀਤਾ ਗਿਆ ਅਤੇ ਇਸਦੀ ਦੇਖਭਾਲ ਲਈ 7 ਕਰਮਚਾਰੀ ਹਨ। ਪਸ਼ੂਆਂ ਨੂੰ ਨਹਿਲਾਉਣਾ, ਆਹਾਰ ਦੇਣਾ, ਗਾਵਾਂ ਦੀ ਸਵੱਛਤਾ ਬਣਾਈ ਰੱਖਣਾ ਅਤੇ ਹੋਰ ਫਾਰਮ ਸੰਬੰਧਿਤ ਕੰਮ ਕਰਮਚਾਰੀਆਂ ਦੁਆਰਾ ਹੱਥੀਂ ਕੀਤੇ ਜਾਂਦੇ ਹਨ ਅਤੇ ਗਾਵਾਂ ਦੇ ਆਰਾਮ ਲਈ ਮਸ਼ੀਨਾਂ ਦੁਆਰਾ ਅਤੇ ਹੱਥੀਂ ਦੁੱਧ ਚੋਣ ਦਾ ਕੰਮ ਕੀਤਾ ਜਾਂਦਾ ਹੈ। ਅੰਕੁਰ ਅਤੇ ਅੰਕਿਤਾ ਦੋਨੋਂ ਹੀ ਬਿਨਾਂ ਰੁਕਾਵਟ ਦੇ ਦਿਨ ਵਿੱਚ ਇੱਕ ਵਾਰ ਫਾਰਮ ‘ਤੇ ਜ਼ਰੂਰ ਜਾਂਦੇ ਹਨ। ਉਹ ਆਪਣੇ ਫਾਰਮ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਤਾਂ ਕਰਦੇ ਹੀ ਹਨ, ਬਲਕਿ ਕਰਮਚਾਰੀਆਂ ਦੀ ਉਹਨਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਕਰਨ ਵਿੱਚ ਮਦਦ ਵੀ ਕਰਦੇ ਹਨ।

“ਅੰਕੁਰ: ਅਸੀਂ ਗਾਂ ਦੀ ਫੀਡ ਖੁਦ ਤਿਆਰ ਕਰਦੇ ਹਾਂ ਕਿਉਂਕਿ ਦੁੱਧ ਦੀ ਉਪਜ ਅਤੇ ਗਾਂ ਦੀ ਸਿਹਤ ਪੂਰੀ ਤਰ੍ਹਾਂ ਫੀਡ ‘ਤੇ ਹੀ ਨਿਰਭਰ ਕਰਦੀ ਹੈ ਅਤੇ ਅਸੀਂ ਇਸ ਵਿੱਚ ਕਦੇ ਵੀ ਸਮਝੌਤਾ ਨਹੀਂ ਕਰਦੇ। ਗਾਂ ਦੀ ਫੀਡ ਦਾ ਫਾਰਮੂਲਾ ਜੋ ਅਸੀਂ ਵਰਤਦੇ ਹਾਂ ਉਹ ਹੈ- 33% ਪ੍ਰੋਟੀਨ, 33% ਉਦਯੋਗਿਕ ਵਿਅਰਥ ਪਦਾਰਥ( ਚੋਕਰ), 33% ਅਨਾਜ (ਮੱਕੀ, ਚਨੇ) ਅਤੇ ਵਾਧੂ ਖਣਿਜ ਪਦਾਰਥ।

ਪਸ਼ੂ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ ਦੇ ਧੰਦੇ ਵਿੱਚ ਵੀ ਪੂਰੀ ਤਰ੍ਹਾਂ ਜੁਟੇ ਹਨ। ਉਹਨਾਂ ਨੇ ਹੋਰ 4 ਏਕੜ ਦੀ ਜ਼ਮੀਨ ਕਿਰਾਏ ‘ਤੇ ਲਈ ਹੈ। ਇਸ ਤੋਂ ਪਹਿਲਾਂ ਅੰਕਿਤਾ ਨੇ ਉਸ ਜ਼ਮੀਨ ਦੀ ਵਰਤੋਂ ਇੱਕ ਘਰੇਲੂ ਬਗ਼ੀਚੀ ਦੇ ਰੂਪ ਵਿੱਚ ਕੀਤੀ। ਉਹਨਾਂ ਨੇ ਗਾਂ ਦੇ ਗੋਬਰ ਤੋਂ ਇਲਾਵਾ ਉਸ ਜ਼ਮੀਨ ‘ਤੇ ਕਿਸੇ ਵੀ ਖਾਦ ਜਾਂ ਕੀਟਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ। ਹੁਣ ਇਹ ਭੂਮੀ ਪੂਰੀ ਤਰ੍ਹਾਂ ਨਾਲ ਜੈਵਿਕ ਬਣ ਗਈ ਹੈ, ਜਿਸ ਦੀ ਵਰਤੋਂ ਕਣਕ, ਚਨੇ, ਲਸਣ, ਮਿਰਚ, ਧਨੀਆ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਣ ਲਈ ਕੀਤਾ ਜਾਂਦਾ ਹੈ। ਇਹ ਇਨ੍ਹਾਂ ਫ਼ਸਲਾਂ ਦੀ ਵਰਤੋਂ ਗਾਂ ਦੇ ਚਾਰੇ ਅਤੇ ਘਰੇਲੂ ਜ਼ਰੂਰਤਾਂ ਲਈ ਕਰਦੇ ਹਨ।

“ਸ਼ੁਰੂਆਤ ਵਿੱਚ, ਮੇਰੀ HF ਪ੍ਰਜਣਿਤ ਗਾਂ 12 ਲੀਟਰ ਦੁੱਧ ਦਿੰਦੀ ਸੀ, ਦੂਸਰੇ ਸੂਏ ਤੋਂ ਬਾਅਦ ਉਸ ਨੇ 18 ਲੀਟਰ ਦੁੱਧ ਦੇਣਾ ਸ਼ੁਰੂ ਕੀਤਾ ਅਤੇ ਹੁਣ ਉਹ ਤੀਸਰੇ ਸੂਏ ਹੈ ਅਤੇ ਅਸੀਂ 24 ਲੀਟਰ ਦੁੱਧ ਦੀ ਉਮੀਦ ਕਰ ਰਹੇ ਹਾਂ। ਦੁੱਧ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਦੀ ਸੰਭਾਵਨਾ ਹੈ।”

ਮਾਰਕਟਿੰਗ:

ਦੁੱਧ ਨੂੰ ਇੱਕ ਵੱਡੇ ਦੁੱਧ ਦੇ ਕੰਟੇਨਰ ਵਿੱਚ ਭਰਨ ਅਤੇ ਇੱਕ ਪੁਰਾਣੇ ਦੁੱਧ ਮਾਪਣ ਵਾਲੇ ਯੰਤਰ ਦੀ ਥਾਂ ਉਨ੍ਹਾਂ ਨੇ ਆਪਣੇ ਉਤਪਾਦਨ ਨੂੰ ਵਧਾਉਣ ਲਈ ਇੱਕ ਨਵਾਂ ਵਿਚਾਰ ਬਣਾਇਆ। ਉਹ ਕੱਚੇ ਦੁੱਧ ਨੂੰ ਛਾਣਨ ਤੋਂ ਬਾਅਦ ਕੱਚ ਦੀਆਂ ਬੋਤਲਾਂ ਵਿੱਚ ਭਰਦੇ ਹਨ ਅਤੇ ਫਿਰ ਗਾਹਕਾਂ ਤੱਕ ਪਹੁੰਚਾਉਂਦੇ ਹਨ।

ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਉਹਨਾਂ ਦੇ ਉਤਪਾਦ ਨੂੰ ਸਵੀਕਾਰ ਕੀਤਾ, 3 ਸਾਲਾਂ ਤੋਂ ਉਹਨਾਂ ਨੇ ਆਪਣੇ ਉਤਪਾਦਨ ਦੀ ਵਿਕਰੀ ਲਈ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਲੋਕਾਂ ਨੂੰ ਉਤਪਾਦ ਦਾ ਪ੍ਰਯੋਗ ਕਰਨ ਦੇ ਲਈ ਕੋਈ ਵਿਗਿਆਪਨ ਦਿੱਤਾ। ਜਿੰਨੇ ਵੀ ਉਹਨਾਂ ਨਾਲ ਹੁਣ ਤੱਕ ਗਾਹਕ ਜੁੜੇ ਹਨ, ਇਹ ਸਭ ਉਹਨਾਂ ਦੇ ਮੌਜੂਦਾ ਗਾਹਕਾਂ ਤੋਂ ਉਤਪਾਦ ਦੀ ਪ੍ਰਸ਼ੰਸਾ ਸੁਣ ਕੇ ਪ੍ਰਭਾਵਿਤ ਹੋਏ ਹਨ। ਇਸ ਪ੍ਰਤੀਕਿਰਿਆ ਨੇ ਉਹਨਾਂ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਹਨਾਂ ਨੇ ਪਨੀਰ, ਘਿਓ ਅਤੇ ਹੋਰ ਡੇਅਰੀ ਉਤਪਾਦਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ। ਗਾਹਕਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਦੇ ਨਾਲ ਉਹਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਦੁੱਧ ਦੀ ਵਿਕਰੀ ਲਈ ਸ਼ਹਿਰ ਵਿੱਚ ਉਹਨਾਂ ਦਾ ਆਪਣਾ ਫੈਲਿਆ ਹੋਇਆ ਨੈਟਵਰਕ ਹੈ ਜੋ ਉਨ੍ਹਾਂ ਦੀ ਉੱਨਤੀ ਦੇਖ ਕੇ ਸਮੇਂ ਦੇ ਨਾਲ ਹੋਰ ਜ਼ਿਆਦਾ ਵੱਧ ਜਾਵੇਗਾ।

ਭਵਿੱਖ ਦੀਆਂ ਯੋਜਨਾਵਾਂ:

ਦੇਸੀ ਨਸਲ ਦੀ ਗਾਂ ਦੇ ਦੁੱਧ ਉਤਪਾਦਨ ਦੀ ਸਮਰਥਾ ਇੰਨੀ ਜ਼ਿਆਦਾ ਨਹੀਂ ਹੁੰਦੀ ਅਤੇ ਉਹ ਸਵਦੇਸ਼ੀ ਗਾਵਾਂ ਦੇ ਦੁਆਰਾ ਗਾਂ ਦੀ ਇੱਕ ਨਵੀਂ ਨਸਲ ਵਿਕਸਤ ਕਰਨਾ ਚਾਹੁੰਦੇ ਹਨ, ਜਿਹਨਾਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਜ਼ਿਆਦਾ ਹੋਵੇ ਕਿਉਂਕਿ ਦੇਸੀ ਨਸਲ ਦੀ ਗਾਂ ਦੇ ਦੁੱਧ ਦੀ ਗੁਣਵੱਤਾ ਜ਼ਿਆਦਾ ਬਿਹਤਰ ਹੈ ਅਤੇ ਮਨੁੱਖਾਂ ਦੇ ਲਈ ਇਸ ਦੇ ਕਈ ਲਾਭ ਵੀ ਦੇਖੇ ਗਏ ਹਨ।

ਉਹਨਾਂ ਦੇ ਅਨੁਸਾਰ, ਸਹੀ ਹਾਲਾਤਾਂ ਵਿੱਚ ਦੁੱਧ ਨੂੰ ਇੱਕ ਹਫ਼ਤੇ ਦੇ ਲਈ 2 ਡਿਗਰੀ ਸੈਂਟੀਗਰੇਡ ‘ਤੇ ਰੱਖਿਆ ਜਾ ਸਕਦਾ ਹੈ ਅਤੇ ਇਸ ਮਕਸਦ ਦੇ ਲਈ ਉਹ ਆਉਣ ਵਾਲੇ ਸਮੇਂ ਵਿੱਚ ਦੁੱਧ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦੇ ਲਈ ਇੱਕ ਚਿੱਲਰ ਸਟੋਰੇਜ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦੁੱਧ ਨੂੰ ਹੋਰ ਮੰਤਵਾਂ ਲਈ ਪ੍ਰਯੋਗ ਕਰ ਸਕਣ।

ਸੰਦੇਸ਼:
“ਪਸ਼ੂ ਪਾਲਕਾਂ ਨੂੰ ਉਹਨਾਂ ਦੀ ਗਾਵਾਂ ਦੀ ਸਵੱਛਤਾ ਅਤੇ ਦੇਖਭਾਲ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦਾ ਧਿਆਨ ਉਸ ਤਰ੍ਹਾਂ ਹੀ ਰੱਖਣ ਜਿਵੇਂ ਉਹ ਆਪਣੀ ਸਿਹਤ ਦਾ ਰੱਖਦੇ ਹਨ ਅਤੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸਾਨ ਨੂੰ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਧੀਆ ਭਵਿੱਖ ਦੇ ਲਈ ਮੌਜੂਦਾ ਪਸ਼ੂ ਪਾਲਣ ਦੇ ਢੰਗ ਨਾਲ ਖੁਦ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਪਸ਼ੂ ਪਾਲਣ ਕੇਵਲ ਤਦ ਹੀ ਲਾਭਦਾਇਕ ਹੋ ਸਕਦਾ ਹੈ ਜਦੋਂ ਤੁਹਾਡੇ ਫਾਰਮ ਦੇ ਪਸ਼ੂ ਖੁਸ਼ ਹੋਣ। ਤੁਹਾਡੇ ਉਤਪਾਦ ਦਾ ਵੇਚ ਮੁੱਲ ਤੁਹਾਨੂੰ ਮੁਨਾਫ਼ਾ ਨਹੀਂ ਦੇ ਸਕਦਾ ਪਰ ਇੱਕ ਖੁਸ਼ ਪਸ਼ੂ ਤੁਹਾਨੂੰ ਚੰਗਾ ਮੁਨਾਫ਼ਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ।”

ਮਹਿਕ ਸਿੰਘ

ਪੂਰੀ ਕਹਾਣੀ ਪੜ੍ਹੋ

ਖੇਤੀਬਾੜੀ ਦੇ ਪਿਆਰ ਦੇ ਲਈ ਕਿਸ ਤਰ੍ਹਾਂ ਇਸ ਵਿਅਕਤੀ ਨੇ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਨਾਲ ਅਪਡੇਟ ਕਰਨ ਵਿੱਚ ਮਦਦ ਕੀਤੀ

ਅੱਜ-ਕੱਲ੍ਹ ਬਹੁਤ ਘੱਟ ਲੋਕ ਹੁੰਦੇ ਹਨ ਜੋ ਲੋਕਾਂ ਦੇ ਲਈ ਹਿਤੈਸ਼ੀ ਹੋਣ ਦੇ ਸਹੀ ਅਰਥ ਨੂੰ ਸਾਬਿਤ ਕਰ ਪਾਉਂਦੇ ਹਨ, ਉਹਨਾਂ ਵਿਚੋਂ ਇੱਕ ਹਨ: ਮਹਿਕ ਸਿੰਘ

ਮਹਿਕ ਸਿੰਘ ਮੁਜੱਫਰਪੁਰ ਦੇ ਇੱਕ ਖੇਤੀਬਾੜੀ ਮਾਹਿਰ ਹਨ। ਆਪਣੀ ਰਿਟਾਇਰਮੈਂਟ ਨੂੰ ਦੂਜੀਆਂ ਲਈ ਇੱਕ ਚੰਗਾ ਅਨੁਭਵ ਬਣਾਉਣ ਦੇ ਲਈ ਇਸ ਵਿਅਕਤੀ ਨੇ ਖੇਤੀ ਦੇ ਚੰਗੇ ਢੰਗਾਂ ਨਾਲ ਜਾਣੂ ਹੋਣ ਵਿੱਚ ਕਿਸਾਨਾਂ ਦੀ ਮਦਦ ਕਰਨ ਨੂੰ ਚੁਣਿਆ।

ਸ਼ੁਰੂਆਤ ਵਿੱਚ ਮਹਿਕ ਸਿੰਘ ਖੇਤੀਬਾੜੀ ਕਰਨ ਵਿੱਚ ਰੁਚੀ ਰੱਖਦੇ ਸੀ ਕਿਉਂਕਿ ਉਹਨਾਂ ਦੇ ਪਰਿਵਾਰ ਵਿੱਚ ਵੀ ਖੇਤੀ ਹੀ ਇੱਕ ਮੁੱਖ ਕਿੱਤਾ ਸੀ। ਉਹ ਹਮੇਸ਼ਾ ਖੁਦ ਨੂੰ ਜ਼ਮੀਨ ਨਾਲ ਜੁੜਿਆ ਹੋਇਆ ਮਹਿਸੂਸ ਕਰਦੇ ਸੀ, ਉਸ ਜ਼ਮੀਨ ਨਾਲ ਜਿਸ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਅਤੇ ਇਹ ਹੀ ਕਰਨ ਹੈ ਕਿ ਅੱਜ ਵੀ ਉਹਨਾਂ ਦੀ ਜਿੰਦਗੀ ਵਿੱਚ ਖੇਤੀਬਾੜੀ ਦੀ ਇੱਕ ਅਹਿਮ ਭੂਮਿਕਾ ਹੈ।

ਖੈਰ, ਕਈ ਕਿਸਾਨਾਂ ਦੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇਣ ਦਾ ਰੁਝਾਨ ਹੈ ਤਾਂ ਜੋ ਉਹਨਾਂ ਨੂੰ ਖੇਤੀਬਾੜੀ ਦੇ ਕਿੱਤੇ ‘ਤੇ ਨਿਰਭਰ ਨਾ ਹੋਣਾ ਪਵੇ ਅਤੇ ਆਪਣੇ ਕਰੀਅਰ ਦੇ ਤੌਰ ਤੇ ਉਹ ਕਿਸੇ ਹੋਰ ਨੌਕਰੀ ਨੂੰ ਚੁਣ ਸਕਣ।ਪਰ ਮਹਿਕ ਸਿੰਘ ਦੇ ਪਰਿਵਾਰ ਵਿੱਚ ਸਥਿਤੀ ਬਿਲਕੁਲ ਅਲੱਗ ਸੀ। ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਹਮੇਸ਼ਾ ਖੇਤੀਬਾੜੀ ਦੇ ਕਿੱਤੇ ਵੱਲ ਪ੍ਰੇਰਿਤ ਕੀਤਾ ਅਤੇ ਇਸ ਲਈ ਉਹਨਾਂ ਨੇ ਆਪਣੇ ਕਾਲਜ ਦੇ ਸਮੇਂ ਦੌਰਾਨ ਬੀ. ਐਸ. ਸੀ. ਐਗਰੀਕਲਚਰ ਨੂੰ ਚੁਣਿਆ। ਕਾਲਜ ਦੀ ਪੜ੍ਹਾਈ ਪੂਰੀ ਕਰਨ ਲਈ ਉਹਨਾਂ ਨੂੰ ਮੁਜੱਫਰਨਗਰ ਦੇ ਖੇਤਰ ਕ੍ਰਿਸ਼ੀ ਵਿਭਾਗ ਵਿੱਚ ਵਿਸ਼ਾ ਵਸਤੂ ਮਾਹਿਰ (Subject Matter Expert) ਤੇ ਤੌਰ ‘ਤੇ ਸਰਕਾਰੀ ਨੌਕਰੀ ਮਿਲੀ।

“ਬੀ. ਐਸ. ਸੀ. ਐਗਰੀਕਲਚਰ ਨੂੰ ਚੁਣਨ ਦਾ ਇੱਕ ਹੋਰ ਕਾਰਣ ਸੀ ਕਿ ਮੈ ਦਲਿਤ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਜੋ ਖੇਤੀ ਦੇ ਬੇਹਤਰ ਤਰੀਕਿਆਂ ਅਤੇ ਤਕਨੀਕਾਂ ਨਾਲ ਜਾਣੂ ਨਹੀਂ ਹਨ ਅਤੇ ਖੇਤੀਬਾੜੀ ਮਾਹਿਰ ਦੇ ਤੌਰ ਤੇ ਨੌਕਰੀ ਮਿਲਣ ਤੋਂ ਬਾਅਦ ਮੈਨੂੰ ਉਹਨਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ”

ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਉਹ ਹਮੇਸ਼ਾ ਕਿਸਾਨਾਂ ਦੀਆਂ ਆਮ ਮੁਸ਼ਕਿਲਾਂ ਨੂੰ ਸਮਝਦੇ ਸੀ। ਖੇਤੀਬਾੜੀ ਵਿਭਾਗ ਵਿੱਚ ਕੰਮ ਕਰਨ ਦੌਰਾਨ ਉਹਨਾਂ ਦੀ ਪੋਸਟਿੰਗ ਉੱਤਰ ਪ੍ਰਦੇਸ਼ ਦੇ ਪਿੱਛੜੇ ਇਲਾਕਿਆਂ ਜਿਵੇਂਕਿ, ਸੋਨਭਾਦਰਾ, ਲਖਮੀਪੁਰ, ਮਿਰਜਾਪੁਰ ਅਤੇ ਫੈਜ਼ਾਬਾਦ ਵਿੱਚ ਹੁੰਦੀ ਸੀ। ਉਸ ਸਮੇਂ ਦੌਰਾਨ ਉਹ ਗਰੀਬ ਕਿਸਾਨਾਂ ਲਈ ਕੰਮ ਕਰਦੇ ਸੀ ਅਤੇ ਉਹਨਾਂ ਨੇ, ਉੱਥੇ ਪਿੰਡ ਦੇ ਨੇੜੇ ਇੱਕ ਕੁਆਰਟਰ ਵੀ ਕਿਰਾਏ ‘ਤੇ ਲਿਆ ਸੀ ਤਾਂ ਜੋ ਉਹ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਨੇੜਿਉਂ ਸਮਝ ਸਕਣ ਅਤੇ ਖੇਤੀ ਵਿੱਚ ਉਹਨਾਂ ਦੀ ਮਦਦ ਕਰ ਸਕਣ। ਉਹਨਾਂ ਨੇ ਆਪਣੇ ਪੇਸ਼ੇ ਨੂੰ 40 ਸਾਲ ਦਿੱਤੇ ਅਤੇ ਜੁਲਾਈ 2016 ਵਿੱਚ ਰਿਟਾਇਰ ਹੋ ਗਏ।

ਖੇਤੀਬਾੜੀ ਦੇ ਪ੍ਰਤੀ ਉਹਨਾਂ ਦਾ ਜੁਨੂਨ ਇੰਨਾ ਹੈ ਕਿ ਰਿਟਾਇਰਮੈਂਟ ਦੇ ਬਾਅਦ ਵੀ ਉਹਨਾਂ ਨੇ ਖੇਤੀਬਾੜੀ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰਨ ਦਾ ਫੈਸਲਾ ਕੀਤਾ। ਅੱਜ ਵੀ ਜੇਕਰ ਕਿਸੀ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਮਦਦ ਦੀ ਲੋੜ ਪੈਂਦੀ ਹੈ ਤਾਂ ਉਹ ਹਮੇਸ਼ਾ ਮਦਦ ਲਈ ਤਿਆਰ ਰਹਿੰਦੇ ਹਨ।

“ਮੈਂ ਆਪਣੇ ਜੀਵਨ ਦਾ ਬਹੁਤ ਵੱਡਾ ਧੰਨਵਾਦੀ ਹਾਂ ਕੇ ਮੈਨੂੰ ਕਿਸਾਨਾਂ ਦੀ ਮਦਦ ਕਰਨ ਦਾ ਮੌਕਾ ਮਿਲਿਆ”

ਕਿਸਾਨਾਂ ਦੀ ਮਦਦ ਕਰਨ ਲਈ ਉਹਨਾਂ ਨੇ ਵਿਸ਼ੇਸ਼ ਤੌਰ ਤੇ ਵਹਟਸ ਐੱਪ ਤੇ “ਹੈਲੋ ਕਿਸਾਨ” ਦੇ ਨਾਮ ਤੋਂ ਇੱਕ ਗਰੁੱਪ ਬਣਾਇਆ ਹੈ ਅਤੇ ਕਿਸਾਨਾਂ ਤੱਕ ਪਹੁੰਚਣ ਦੇ ਲਈ ਇੱਕ ਤਰੀਕੇ ਦੇ ਤੌਰ ‘ਤੇ ਫੇਸਬੁੱਕ ਵੀ ਉਪਯੋਗ ਕਰ ਰਹੇ ਹਨ ਅਤੇ ਕਿਸਾਨਾਂ ਦੀ ਮਦਦ ਕਰ ਰਹੇ ਹਨ। ਰਾਜ ਸੇਵਾ (State service) ਦੀ ਸੇਵਾ ਅਤੇ ਇਸ ਤਰ੍ਹਾਂ ਵੱਡੇ ਪੱਧਰ ਤੇ ਕਿਸਾਨਾਂ ਦੀ ਮਦਦ ਕਰਨ ਤੋਂ ਬਾਅਦ ਉਹਨਾਂ ਨੇ ਕਦੇ ਕਿਸੀ ਤਰ੍ਹਾਂ ਦੇ ਇਨਾਮਾਂ ਲਈ ਵੀ ਕੋਈ ਰੁਚੀ ਨਹੀਂ ਵਿਖਾਈ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਉਹ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ।

ਕਿਸਾਨਾਂ ਨੂੰ ਸੰਦੇਸ਼:
ਹਰ ਕਿਸਾਨ ਨੂੰ ਮਾਹਿਰਾਂ ਤੋਂ ਆਪਣੀ ਜ਼ਮੀਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਜ਼ਮੀਨ ਵਿੱਚ ਕਿੰਨੀ ਮਾਤਰਾ ਵਿੱਚ ਪੋਸ਼ਕ ਤੱਤ ਮੌਜੂਦ ਹਨ ਤਾਂ ਜੋ ਉਸ ਅਨੁਸਾਰ ਫ਼ਸਲਾਂ ਉਗਾ ਸਕਣ ਅਤੇ ਜ਼ਰੂਰਤ ਦੇ ਹਿਸਾਬ ਨਾਲ ਜੈਵਿਕ ਖਾਦਾਂ ਦਾ ਪ੍ਰਯੋਕ ਕਰ ਸਕਣ।”

ਅਲਤਾਫ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਦੇ ਬੱਕਰੀ ਪਾਲਣ ਪ੍ਰਤੀ ਪਿਆਰ ਨੇ ਉਸਨੂੰ ਬੱਕਰੀ ਪਾਲਣ ਦਾ ਸਫ਼ਲ ਕਿਸਾਨ ਬਣਾ ਦਿੱਤਾ

ਜ਼ਿਆਦਾਤਰ ਲੋਕ ਸੋਚਦੇ ਹਨ ਕਿ ਅੱਜ ਦੀ ਕਾਰੋਬਾਰੀ ਦੁਨੀਆ ਵਿੱਚ ਸਫ਼ਲਤਾ ਲਈ ਕਾਲਜ ਦੀ ਸਿੱਖਿਆ ਮਹੱਤਵਪੂਰਣ ਹੈ। ਹਾਂ, ਇਹ ਸੱਚ ਹੈ ਕਿ ਕਾਲਜ ਦੀ ਸਿੱਖਿਆ ਜ਼ਰੂਰੀ ਹੈ ਕਿਉਂਕਿ ਸਿੱਖਿਆ ਇਨਸਾਨ ਨੂੰ ਅੱਪਡੇਟ ਰੱਖਣ ਵਿੱਚ ਮਦਦ ਕਰਦੀ ਹੈ। ਪਰ ਸਫ਼ਲਤਾ ਪਿੱਛੇ ਇੱਕ ਪ੍ਰੇਰਣਾ ਸ਼ਕਤੀ ਹੁੰਦੀ ਹੈ ਅਤੇ ਉਹ ਹੈ ਜਨੂੰਨ। ਤੁਹਾਡਾ ਜਨੂੰਨ ਹੀ ਤੁਹਾਨੂੰ ਪੈਸਾ ਕਮਾਉਣ ਵਿੱਚ ਮਦਦ ਕਰਦਾ ਹੈ ਅਤੇ ਜਨੂੰਨ ਇਨਸਾਨ ਵਿੱਚ ਇੱਕ ਖ਼ਾਸ ਚੀਜ਼ ਦੇ ਪ੍ਰਤੀ ਦਿਲਚਸਪੀ ਹੋਣ ‘ਤੇ ਹੀ ਆਉਂਦਾ ਹੈ।

ਅਜਿਹੇ ਇੱਕ ਇਨਸਾਨ ਹਨ ਅਲਤਾਫ, ਜੋ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਵੀ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਪੱਧਰ ‘ਤੇ ਵਧੀਆ ਚਲਾ ਰਹੇ ਹਨ। ਇਸ ਕੰਮ ਵਿੱਚ ਉਨ੍ਹਾਂ ਦੀ ਸ਼ੁਰੂ ਤੋਂ ਹੀ ਦਿਲਚਸਪੀ ਸੀ, ਜਿਸ ਨਾਲ ਉਨ੍ਹਾਂ ਨੇ ਬੱਕਰੀ-ਪਾਲਣ ਨੂੰ ਆਪਣੇ ਪੇਸ਼ੇ ਦੇ ਰੂਪ ਵਿੱਚ ਅਪਨਾਇਆ ਅਤੇ ਇਹ ਉਨ੍ਹਾਂ ਦਾ ਜਨੂੰਨ ਹੀ ਸੀ, ਜਿਸ ਨਾਲ ਉਹ ਸਫ਼ਲ ਬਣੇ।

ਅਲਤਾਫ ਜੀ ਰਾਜਸਥਾਨ ਦੇ ਫਤਿਹਪੁਰ ਸੀਕਰੀ ਸ਼ਹਿਰ ਦੇ ਇੱਕ ਚੰਗੇ ਪਰਿਵਾਰ ਵਿੱਚ ਪੈਦਾ ਹੋਏ। ਅਲਤਾਫ ਜੀ ਦੇ ਪਿਤਾ, ਸ਼੍ਰੀ ਅਯੂਬ ਖੋਕਰ ਇੱਕ ਮਜ਼ਦੂਰ ਸੀ ਅਤੇ ਉਹ ਆਪਣਾ ਘਰ ਚਲਾਉਣ ਲਈ ਛੋਟੇ ਪੱਧਰ ‘ਤੇ ਖੇਤੀ ਕਰਦੇ ਸਨ। ਉਨ੍ਹਾਂ ਕੋਲ ਦੁੱਧ ਲਈ ਚਾਰ ਬੱਕਰੀਆਂ ਸਨ। ਬਚਪਨ ਵਿੱਚ ਅਲਤਾਫ ਜੀ ਨੂੰ ਬੱਕਰੀਆਂ ਦਾ ਬਹੁਤ ਸ਼ੌਂਕ ਸੀ ਅਤੇ ਉਹ ਹਮੇਸ਼ਾ ਉਨ੍ਹਾਂ ਦੀ ਦੇਖ-ਭਾਲ ਕਰਦੇ ਸੀ। ਪਰ ਉਨ੍ਹਾਂ ਦੇ ਪਿਤਾ ਕੋਲ ਕੋਈ ਪੱਕਾ ਕੰਮ ਨਹੀਂ ਸੀ, ਇਸ ਲਈ ਕੋਈ ਪੱਕੀ ਆਮਦਨ ਵੀ ਨਹੀਂ ਸੀ। ਪਰਿਵਾਰ ਦੀ ਆਰਥਿਕ ਸਥਿਤੀ ਵੀ ਚੰਗੀ ਨਹੀਂ ਸੀ, ਜਿਸ ਕਰਕੇ ਅਲਤਾਫ ਜੀ ਨੂੰ 7ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡਣੀ ਪਈ, ਪਰ ਬੱਕਰੀ-ਪਾਲਣ ਪ੍ਰਤੀ ਉਨ੍ਹਾਂ ਦਾ ਪਿਆਰ ਕਦੇ ਘੱਟ ਨਹੀਂ ਹੋਇਆ ਅਤੇ 2013 ਵਿੱਚ ਉਨ੍ਹਾਂ ਨੇ ਬੱਕਰੀ-ਪਾਲਣ ਦਾ ਵੱਡਾ ਕਾਰੋਬਾਰ ਸ਼ੁਰੂ ਕੀਤਾ।

ਸ਼ੁਰੂ ਵਿੱਚ ਅਲਤਾਫ ਜੀ ਨੇ ਸਿਰਫ਼ 20 ਬੱਕਰੀਆਂ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਆਪਣਾ ਕਾਰੋਬਾਰ 300 ਬੱਕਰੀਆਂ ਤੱਕ ਵਧਾ ਲਿਆ। ਉਨ੍ਹਾਂ ਨੇ ਬੱਕਰੀ ਪਾਲਣ ਲਈ ਕਿਸੇ ਤਰ੍ਹਾਂ ਦੀ ਵੀ ਟ੍ਰੇਨਿੰਗ ਨਹੀਂ ਲਈ। ਉਹ ਬਚਪਨ ਤੋਂ ਆਪਣੇ ਪਿਤਾ ਵੱਲ ਦੇਖ ਕੇ ਹੀ ਸਿੱਖਦੇ ਰਹੇ। ਇਨ੍ਹਾਂ ਸਾਲਾਂ ਵਿੱਚ ਹੀ ਉਨ੍ਹਾਂ ਨੇ ਸਮਝਿਆ ਕਿ ਬੱਕਰੀਆਂ ਦੀ ਦੇਖਭਾਲ ਕਿਵੇਂ ਕਰਨੀ ਹੈ। ਉਨ੍ਹਾਂ ਦੇ ਫਾਰਮ ਵਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਅਤੇ ਪ੍ਰਜਾਤੀਆਂ ਹਨ। ਅੱਜ ਉਨ੍ਹਾਂ ਦੇ ਫਾਰਮ ਤੋਂ ਤਿਆਰ ਮੀਟ ਨੂੰ ਉੱਤਮ ਗੁਣਾਂ ਲਈ ਮੰਨਿਆ ਜਾਂਦਾ ਹੈ। ਉਹ ਆਪਣੀਆਂ ਬੱਕਰੀਆਂ ਨੂੰ ਕੋਈ ਵੀ ਦਵਾਈ ਜਾਂ ਕਿਸੇ ਤਰ੍ਹਾਂ ਦੀ ਬਣਾਉਟੀ ਖੁਰਾਕ ਨਹੀਂ ਦਿੰਦੇ। ਉਹ ਹਮੇਸ਼ਾ ਬੱਕਰੀਆਂ ਨੂੰ ਕੁਦਰਤੀ ਚਾਰਾ ਦੇਣਾ ਹੀ ਪਸੰਦ ਕਰਦੇ ਹਨ ਅਤੇ ਧਿਆਨ ਦਿੰਦੇ ਹਨ ਕਿ ਉਨ੍ਹਾਂ ਦੀਆਂ ਸਾਰੀਆਂ ਬੱਕਰੀਆਂ ਬਿਮਾਰੀ-ਰਹਿਤ ਰਹਿਣ। ਅਜੇ ਤੱਕ ਉਹ ਵੱਡੇ ਪੱਧਰ ‘ਤੇ ਮੰਡੀਕਰਨ ਕਰ ਚੁੱਕੇ ਹਨ। ਉਨ੍ਹਾਂ ਨੇ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਅਤੇ ਮੁੰਬਈ ਵਿੱਚ ਆਪਣੇ ਫਾਰਮ ਦਾ ਮੀਟ ਵੇਚਿਆ ਹੈ। ਉਨ੍ਹਾਂ ਦੇ ਫਾਰਮ ਵਿੱਚ ਬਣੇ ਮੀਟ ਦੀ ਕੁਆਲਿਟੀ ਇੰਨੀ ਵਧੀਆ ਹੈ ਕਿ ਇਸਦੀ ਮੁੰਬਈ ਤੋਂ ਖਾਸ ਮੰਗ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਖੇਤ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਅਧਿਕ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਉਹ ਮਜ਼ਦੂਰਾਂ ਨੂੰ ਕੰਮ ‘ਤੇ ਰੱਖ ਲੈਂਦੇ ਹਨ।

ਅੱਜ 24 ਸਾਲ ਦੀ ਉਮਰ ਵਿੱਚ ਅਲਤਾਫ ਜੀ ਨੇ ਆਪਣਾ ਬੱਕਰੀ-ਪਾਲਣ ਦਾ ਕਾਰੋਬਾਰ ਵਪਾਰਕ ਤੌਰ ‘ਤੇ ਸਥਾਪਤ ਕੀਤਾ ਹੈ ਅਤੇ ਬੜੀ ਆਸਾਨੀ ਨਾਲ ਪ੍ਰਬੰਧ ਚਲਾ ਰਹੇ ਹਨ ਅਤੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਵਿੱਚ ਬੱਕਰੀ ਨੂੰ ਮੀਟ ਲਈ ਸਭ ਤੋਂ ਚੰਗਾ ਜਾਨਵਰ ਮੰਨਿਆ ਜਾਂਦਾ ਹੈ, ਇਸ ਲਈ ਬੱਕਰੀ ਪਾਲਣ ਲਈ ਆਰਥਿਕ ਸੰਭਾਵਨਾਵਾਂ ਬਹੁਤ ਵਧੀਆ ਹਨ। ਪਰ ਇਸ ਪੱਧਰ ਤੱਕ ਪਹੁੰਚਣਾ ਅਲਤਾਫ ਜੀ ਲਈ ਬਹੁਤ ਆਸਾਨ ਨਹੀਂ ਸੀ। ਬਹੁਤ ਮੁਸ਼ਕਿਲਾਂ ਅਤੇ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੇ 300 ਬੱਕਰੀਆਂ ਦੇ ਸਮੂਹ ਨੂੰ ਬਣਾਈ ਰੱਖਿਆ ਅਤੇ ਭਵਿੱਖ ਵਿੱਚ ਉਹ ਆਪਣੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਉਹ ਵੱਖ-ਵੱਖ ਸ਼ਹਿਰਾਂ ਵਿੱਚ ਮੌਜੂਦ ਗ੍ਰਾਹਕਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰ ਰਹੇ ਹਨ ਅਤੇ ਆਪਣੇ ਫਾਰਮ ਚਿੱਚ ਬੱਕਰੀਆਂ ਦੀਆਂ ਵੱਖ-ਵੱਖ ਨਸਲਾਂ ਨੂੰ ਵੀ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਅਲਤਾਫ ਜੀ ਦੁਆਰਾ ਦਿੱਤਾ ਗਿਆ ਸੰਦੇਸ਼
“ਅਲਤਾਫ ਜੀ ਅਨੁਸਾਰ ਇੱਕ ਕਿਸਾਨ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ, ਕਿਉਂਕਿ ਪ੍ਰਮਾਤਮਾ ਹਰ ਕਿਸੇ ਨੂੰ ਮੌਕਾ ਦਿੰਦਾ ਹੈ, ਬਸ ਉਸਨੂੰ ਹੱਥ ‘ਚੋਂ ਨਾ ਜਾਣ ਦਿਓ। ਆਪਣੀ ਤਾਕਤ ਦਾ ਪ੍ਰਯੋਗ ਕਰੋ ਅਤੇ ਆਪਣੇ ਕੰਮ ਦੀ ਸ਼ੁਰੂਆਤ ਕਰੋ। ਤੁਹਾਡੀ ਪ੍ਰਤਿਭਾ ਇਹ ਤੈਅ ਕਰਨ ਵਿੱਚ ਤੁਹਾਡੀ ਮਦਦ ਕਰਦੀ ਹੈ ਕਿ ਭਵਿੱਖ ਵਿੱਚ ਤੁਸੀਂ ਕੀ ਕਰਨਾ ਹੈ।”