ਊਮਾ ਸੈਣੀ: ਇੱਕ ਅਜਿਹੀ ਮਹਿਲਾ ਹੈ ਜੋ ਧਰਤੀ ਨੂੰ ਬਿਹਤਰ ਜਗ੍ਹਾ ਬਣਾਉਣ ਲਈ ਵਿਅਰਥ ਪਦਾਰਥਾਂ ਨੂੰ ਸਾੱਇਲ ਫੂਡ ਵਿੱਚ ਬਦਲਣ ਲਈ ਕ੍ਰਾਂਤੀ ਲਿਆ ਰਹੀ ਹੈ
ਕਈ ਸਾਲ ਤੋਂ ਰਸਾਇਣਾਂ, ਖਾਦਾਂ ਅਤੇ ਜ਼ਹਿਰੀਲੇ ਪਦਾਰਥਾਂ ਨਾਲ ਸਾਡੀ ਧਰਤੀ ਦਾ ਉਪਜਾਊ-ਪਨ ਖਰਾਬ ਕੀਤਾ ਜਾ ਰਿਹਾ ਹੈ ਅਤੇ ਧਰਤੀ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੂੰ ਸਮਝਦੇ ਹੋਏ, ਲੁਧਿਆਣੇ ਦੀ ਮਹਿਲਾ ਉਦਯੋਗਪਤੀ ਅਤੇ ਐਗਰੀਕੇਅਰ ਆੱਰਗਨਿਕ ਫਾਰਮ ਦੀ ਮੈਨੇਜਿੰਗ ਨਿਰਦੇਸ਼ਕ ਊਮਾ ਸੈਣੀ ਨੇ ਸਾੱਇਲ ਫੂਡ ਤਿਆਰ ਕਰਨ ਦੀ ਪਹਿਲ-ਕਦਮੀ ਦਾ ਫੈਸਲਾ ਕੀਤਾ ਜੋ ਕਿ ਪਿਛਲੇ ਦਹਾਕਿਆਂ ਵਿੱਚ ਗੁਆਚੇ ਮਿੱਟੀ ਦੇ ਪੌਸ਼ਟਿਕ ਤੱਤਾਂ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੇ ਹਨ। ਕੁਦਰਤ ਵਿੱਚ ਯੋਗਦਾਨ ਪਾਉਣ ਤੋਂ ਇਲਾਵਾ ਇਹ ਮਹਿਲਾ ਸ਼ਕਤੀਕਰਨ ਦੇ ਖੇਤਰ ਵਿੱਚ ਵੀ ਪ੍ਰਗਤੀਸ਼ੀਲ ਮਹਿਲਾ ਦੀ ਭੂਮਿਕਾ ਵੀ ਨਿਭਾ ਰਹੇ ਹਨ। ਉਹ ਆਪਣੇ ਜੋਸ਼ ਦੇ ਨਾਲ ਧਰਤੀ ਨੂੰ ਇੱਕ ਬਿਹਤਰ ਸਥਾਨ ਬਣਾ ਰਹੇ ਹਨ ਅਤੇ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਣਗੇ।
ਕੀ ਤੁਸੀਂ ਕਦੇ ਕਲਪਨਾ ਕੀਤੀ ਕਿ ਧਰਤੀ ‘ਤੇ ਜੀਵਨ ਕਿਸ ਤਰ੍ਹਾਂ ਦਾ ਹੋਵੇਗਾ ਜਦ ਕੋਈ ਵੀ ਵਿਅਰਥ ਪਦਾਰਥ ਡੀਕੰਪੋਜ਼ ਨਹੀਂ ਹੋਵੇਗਾ, ਬਲਕਿ ਜ਼ਮੀਨ ‘ਤੇ ਹੀ ਪਿਆ ਰਹੇਗਾ!
ਇਸ ਬਾਰੇ ਸੋਚਣ ਨਾਲ ਰੂਹ ਵੀ ਕੰਬ ਜਾਂਦੀ ਹੈ ਅਤੇ ਇਸ ਸਥਿਤੀ ਬਾਰੇ ਸੋਚ ਕੇ ਤੁਹਾਡਾ ਧਿਆਨ ਮਿੱਟੀ ਦੀ ਸਿਹਤ ਵੱਲ ਜਾਵੇਗਾ। ਮਿੱਟੀ ਨੂੰ ਇੱਕ ਮਹੱਤਵਪੂਰਣ ਤੱਤ ਸਮਝਿਆ ਜਾਂਦਾ ਹੈ ਕਿਉਂਕਿ ਲੋਕ ਇਸ ‘ਤੇ ਸਿੱਧੇ ਜਾਂ ਅਸਿੱਧੇ ਤੌਰ ‘ਤੇ ਨਿਰਭਰ ਰਹਿੰਦੇ ਹਨ। ਹਰੀ ਕ੍ਰਾਂਤੀ ਅਤੇ ਸ਼ਹਿਰੀਕਰਨ ਮਿੱਟੀ ਦੀ ਬਰਬਾਦੀ ਦੇ ਦੋ ਮੁੱਖ ਕਾਰਕ ਹਨ ਅਤੇ ਫਿਰ ਵੀ ਕਿਸਾਨ, ਵੱਡੀਆਂ ਅਤੇ ਹੋਰ ਮਲਟੀਨੈਸ਼ਨਲ ਜਾਂ ਕੀਟਨਾਸ਼ਕ ਕੰਪਨੀਆਂ ਇਸ ਨੂੰ ਸਮਝਣ ਵਿੱਚ ਅਸਫ਼ਲ ਹਨ।
ਰਸਾਇਣਾਂ ਦੀ ਜ਼ਿਆਦਾ ਵਰਤੋਂ ਨੇ ਊਮਾ ਸੈਣੀ ਜੀ ਨੂੰ ਜੈਵਿਕ ਤਰੀਕਿਆਂ ਵੱਲ ਮੋੜਿਆ। ਇਹ ਸਭ 2005 ਵਿੱਚ ਸ਼ੁਰੂ ਹੋਇਆ ਜਦੋਂ ਊਮਾ ਸੈਣੀ ਨੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਖੈਰ, ਜੈਵਿਕ ਖੇਤੀ ਬਹੁਤ ਆਸਾਨ ਲੱਗਦੀ ਹੈ ਪਰ ਜਦੋਂ ਖੇਤੀ ਕਰਨ ਦੀ ਗੱਲ ਆਉਂਦੀ ਹੈ ਤਾਂ ਕਈ ਮਾਹਿਰਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਇਸ ਨੂੰ ਸ਼ੁਰੂ ਕਿਵੇਂ ਕਰਨਾ ਅਤੇ ਇਸ ਨੂੰ ਲਾਭਦਾਇਕ ਕਿਵੇਂ ਬਣਾਉਣਾ ਹੈ।
“ਹਾਲਾਂਕਿ, ਮੈਂ ਵੱਡੇ ਪੈਮਾਨੇ ‘ਤੇ ਜੈਵਿਕ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਚੰਗੀ ਮਾਤਰਾ ਵਿੱਚ ਚੰਗੀ ਖਾਦ ਕਿੱਥੋਂ ਪ੍ਰਾਪਤ ਕੀਤੀ ਜਾਵੇ ਇਹ ਸਭ ਤੋਂ ਵੱਡੀ ਮੁਸ਼ਕਿਲ ਸੀ। ਇਸ ਲਈ, ਮੈਂ ਆਪਣਾ ਹੀ ਵਰਮੀਕੰਪੋਸਟ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ।”
ਸ਼ਹਿਰ ਦੇ ਵਿਚਕਾਰ ਜੈਵਿਕ ਫਾਰਮ ਅਤੇ ਵਰਮੀਕੰਪੋਸਟ ਪਲਾਂਟ ਸਥਾਪਿਤ ਕਰਨਾ ਲਗਭਗ ਅਸੰਭਵ ਸੀ, ਇਸ ਲਈ ਊਮਾ ਸੈਣੀ ਨੇ ਪਿੰਡਾਂ ਦੀਆਂ ਛੋਟੀਆਂ ਜ਼ਮੀਨਾਂ ਵਿੱਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਐਗਰੀ-ਕੇਅਰ ਬ੍ਰੈਂਡ ਅਸਲੀਅਤ ਵਿੱਚ ਆਇਆ। ਅੱਜ, ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵਰਮੀ-ਕੰਪੋਸਟਿੰਗ ਪਲਾਂਟ ਅਤੇ ਖੇਤੀਬਾੜੀ ਫਾਰਮਾਂ ਦੀਆਂ ਕਈ ਯੂਨਿਟਾਂ ਹਨ।
“ਪਿੰਡ ਦੇ ਇਲਾਕੇ ਵਿੱਚ ਜ਼ਮੀਨ ਖ਼ਰੀਦਣਾ ਵੀ ਬਹੁਤ ਮੁਸ਼ਕਿਲ ਕੰਮ ਸੀ, ਪਰ ਸਮੇਂ ਨਾਲ ਸਾਰੀਆਂ ਮੁਸ਼ਕਿਲਾਂ ਖ਼ਤਮ ਹੋ ਗਈਆਂ। ਪਿੰਡਾਂ ਦੇ ਲੋਕ ਸਾਡੇ ਤੋਂ ਬਹੁਤ ਸਾਰੇ ਸਵਾਲ ਪੁੱਛਦੇ ਹਨ ਜਿਵੇਂ ਇੱਥੇ ਜ਼ਮੀਨ ਖਰੀਦਣ ਦਾ ਤੁਹਾਡਾ ਕੀ ਮਕਸਦ ਹੈ, ਕੀ ਤੁਹਾਡਾ ਉਤਪਾਦਨ ਯੂਨਿਟ ਸਾਡੇ ਖੇਤਰ ਨੂੰ ਪ੍ਰਦੂਸ਼ਿਤ ਕਰ ਦੇਵੇਗਾ ਆਦਿ…”
“ਮੇਰਾ ਮੰਨਣਾ ਹੈ ਕਿ ਇੱਕ ਮਹਿਲਾ ਸਾਡੇ ਸਮਾਜ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ, ਇਸ ਲਈ ਮਹਿਲਾ ਸ਼ਕਤੀਕਰਨ ਉਦੇਸ਼ ਨਾਲ, ਮੈਂ ਸਿੱਧਵਾਂ ਕਲਾਂ ਪਿੰਡ ਅਤੇ ਹੋਰ ਫਾਰਮਾਂ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਨਿਯੁਕਤ ਕੀਤਾ ਹੈ।”
ਮਹਿਲਾ ਸ਼ਕਤੀਕਰਣ ਦੀ ਹਮਾਇਤ ਤੋਂ ਇਲਾਵਾ, ਊਮਾ ਸੈਣੀ ਇੱਕ ਮਹਾਨ ਸਲਾਹਕਾਰ ਵੀ ਹਨ। ਉਹ ਕਾਲਜ ਦੇ ਵਿਦਿਆਰਥੀਆਂ, ਮੁੱਖ ਤੌਰ ‘ਤੇ ਵਿਦਿਆਰਥਣਾਂ ਨੂੰ ਜੈਵਿਕ, ਵਰਮੀ-ਕੰਪੋਸਟਿੰਗ ਅਤੇ ਖੇਤੀਬਾੜੀ ਦੇ ਖੇਤਰ ਤੋਂ ਜਾਗਰੂਕ ਕਰਵਾਉਣ ਲਈ ਸੱਦਾ ਦਿੰਦੇ ਹਨ। ਨੌਜਵਾਨ ਉਤਸ਼ਾਹਿਤ ਔਰਤਾਂ ਲਈ ਊਮਾ ਸੈਣੀ ਜੀ ਮੁਫ਼ਤ ਟ੍ਰੇਨਿੰਗ ਸੈੱਸ਼ਨਾਂ ਦਾ ਆਯੋਜਨ ਵੀ ਕਰਦੇ ਹਨ।
“ਜਿਹੜੇ ਵਿਦਿਆਰਥੀ ਐਗਰੀਕਲਚਰ ਬੀ ਐੱਸ ਸੀ ਕਰ ਰਹੇ ਹਨ ਅਤੇ ਉਨ੍ਹਾਂ ਲਈ ਕ੍ਰਿਸ਼ੀ ਖੇਤਰ ਵਿੱਚ ਵੱਡਾ ਮੌਕਾ ਹੈ ਅਤੇ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਮੈਂ ਅਤੇ ਮੇਰੇ ਪਤੀ ਮੁਫ਼ਤ ਸਿਖਲਾਈ ਪ੍ਰਦਾਨ ਕਰਦੇ ਹਾਂ। ਵਿਭਿੰਨ ਕਾਲਜਾਂ ਵਿੱਚ ਗੈਸਟ ਲੈਕਚਰ ਵੀ ਦਿੰਦੇ ਹਾਂ।”
ਊਮਾ ਸੈਣੀ ਨੇ ਲੁਧਿਆਣੇ ਦੇ ਵਰਮੀਕੰਪੋਸਟਿੰਗ ਪਲਾਂਟ ਵਿੱਚ ਇੱਕ ਵਰਮੀ ਹੈਚਰੀ ਵੀ ਤਿਆਰ ਕੀਤੀ ਜਿੱਥੇ ਉਹ ਨਵੇਂ ਗੰਢੋਏ ਵੀ ਤਿਆਰ ਕਰਦੇ ਹਨ। ਵਰਮੀ ਹੈਚਰੀ ਇੱਕ ਅਜਿਹਾ ਸ਼ਬਦ ਹੈ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੰਢੋਏ ਮਿੱਟੀ ਵਿੱਚ ਖਣਿਜਾਂ ਅਤੇ ਪੌਸ਼ਟਿਕ ਤੱਤਾਂ ਨੂੰ ਸ਼ੁੱਧ ਬਣਾਉਣ ਵਿੱਚ ਅਸਲ ਕੰਮ ਕਰਦੇ ਹਨ। ਇਸ ਲਈ ਇਸ ਯੂਨਿਟ ਵਿੱਚ ਜਿਸ ਨੂੰ ਈਸੇਨਿਆ ਫੇਟਿਡਾ ਜਾਂ ਲਾਲ ਕੀੜੇ(ਗੰਢੋਏ ਦੀ ਪ੍ਰਜਾਤੀ) ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਜੈਵਿਕ ਪਦਾਰਥਾਂ ਨੂੰ ਗਾਲਣ ਲਈ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਅੱਗੇ ਵਿਕਰੀ ਦੇ ਮਕਸਦ ਲਈ ਵੀ ਤਿਆਰ ਕੀਤਾ ਜਾਂਦਾ ਹੈ।
ਐਗਰੀ ਕੇਅਰ ਦੀਆਂ ਜ਼ਿਆਦਾਤਰ ਵਰਮੀਕੰਪੋਸਟਿੰਗ ਯੂਨਿਟਾਂ ਪੂਰੀ ਤਰ੍ਹਾਂ ਆਟੋਮੈਟਿਕ ਹਨ, ਜਿਸ ਨਾਲ ਉਤਪਾਦਨ ਵਿੱਚ ਚੰਗਾ ਵਾਧਾ ਹੋ ਰਿਹਾ ਹੈ ਅਤੇ ਇਸ ਨਾਲ ਵਧੀਆ ਵਿਕਰੀ ਹੋ ਸਕਦੀ ਹੈ। ਇਸ ਤੋਂ ਇਲਾਵਾ, ਊਮਾ ਸੈਣੀ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ 700 ਤੋਂ ਵੱਧ ਕਿਸਾਨਾਂ ਨਾਲ ਜੈਵਿਕ ਖੇਤੀ ਦੇ ਕਾਂਟਰੈਕਟ ਵੀ ਕੀਤੇ ਹਨ।
“ਜੈਵਿਕ ਖੇਤੀ ਅਤੇ ਵਰਮੀਕੰਪੋਸਟਿੰਗ ਦੇ ਕਾਂਟਰੈਕਟ ਨਾਲ ਸਾਡਾ ਕੰਮ ਹੋ ਰਿਹਾ ਹੈ, ਪਰ ਇਸ ਨਾਲ ਸਮਾਜ ਦੇ ਰੋਜ਼ਗਾਰ ਅਤੇ ਕੁਦਰਤ ਦੇ ਸਿਹਤਮੰਦ ਲਾਭ ਵੀ ਮਿਲ ਰਹੇ ਹਨ।”
ਅੱਜ, ਜੈਵਿਕ ਖਾਦ ਦੇ ਬ੍ਰੈਂਡ ਟਾਟਾ ਵਰਗੇ ਪ੍ਰਮੁੱਖ ਬ੍ਰੈਂਡ ਨੂੰ ਪਿੱਛੇ ਛੱਡ ਕੇ ਉੱਤਰ ਭਾਰਤ ਵਿੱਚ ਐਗਰੀਕੇਅਰ-ਸਾੱਇਲ ਫੂਡ ਵਰਮੀਕੰਪੋਸਟ ਦਾ ਸਭ ਤੋਂ ਵੱਡਾ ਵਿਕਰੇਤਾ ਬਣ ਗਿਆ ਹੈ। ਇਸ ਸਮੇਂ ਹਿਮਾਚਲ ਅਤੇ ਕਸ਼ਮੀਰ ਸਾੱਇਲ ਫੂਡ ਦੀ ਮੁੱਖ ਮਾਰਕਿਟਾਂ ਹਨ। ਐਗਰੀਕੇਅਰ ਸਾੱਇਲ ਫੂਡ ਦੇ ਉਤਪਾਦਨ ਵਿੱਚ ਨੈਸਲੇ, ਹਿੰਦੁਸਤਾਨ ਲੀਵਰ ਅਤੇ ਕੈਡਬਰੀ ਆਦਿ ਵਰਗੀਆਂ ਵੱਡੀਆਂ ਕੰਪਨੀਆਂ ਵਿੱਚ ਵਿਅਰਥ ਭੋਜਨ ਦੀ ਵਰਤੋਂ ਕੀਤੀ ਜਾਂਦੀ ਹੈ। ਵੱਡੀਆਂ-ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਵਿਅਰਥ ਪਦਾਰਥਾਂ ਦੀ ਮੁੜ ਵਰਤੋਂ ਕਰ ਕੇ ਵਾਤਾਵਰਣ ਨੂੰ ਤੰਦਰੁਸਤ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਰਹੀਆਂ ਹਨ।
ਜਲਦੀ ਹੀ ਊਮਾ ਸੈਣੀ ਅਤੇ ਉਸ ਦੇ ਪਤੀ – ਸ਼੍ਰੀ ਵੀ.ਕੇ. ਸੈਣੀ ਲੁਧਿਆਣਾ ਵਿੱਚ ਤਾਜ਼ੀਆਂ ਜੈਵਿਕ ਸਬਜੀਆਂ ਅਤੇ ਫਲਾਂ ਲਈ ਇੱਕ ਨਵਾਂ ਬ੍ਰੈਂਡ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੇ ਹਨ, ਜਿੱਥੇ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਹੀ ਘਰ-ਘਰ ਜਾ ਕੇ ਗ੍ਰਾਹਕਾਂ ਤੱਕ ਪਹੁੰਚਾਉਣਗੇ।
“ਜੈਵਿਕ ਤਰੀਕੇ ਵੱਲ ਜਾਣਾ ਸਮੇਂ ਦੀ ਜ਼ਰੂਰਤ ਹੈ, ਲੋਕਾਂ ਨੂੰ ਆਪਣੇ ਬੁਨਿਆਦੀ ਪੱਧਰ ਤੋਂ ਸਿੱਖਣਾ ਪਵੇਗਾ, ਸਿਰਫ਼ ਤਦ ਹੀ ਉਹ ਕੁਦਰਤ ਨਾਲ ਏਕਤਾ ਬਣਾਉਂਦੇ ਹੋਏ ਖੇਤੀ ਦੇ ਖੇਤਰ ਵਿੱਚ ਕੁੱਝ ਵਧੀਆ ਕਰ ਸਕਦੇ ਹਨ।”
ਕੁਦਰਤ ਲਈ ਕੰਮ ਕਰਨ ਦੀ ਊਮਾ ਸੈਣੀ ਦੀ ਭਾਵਨਾ ਇਹ ਦਰਸਾਉਂਦੀ ਹੈ ਕਿ ਕੁਦਰਤ ਨਾਲ ਸੰਬੰਧਿਤ ਕੰਮ ਕਰਨ ਦੀ ਕੋਈ ਸੀਮਾ ਨਹੀਂ ਹੈ। ਇਸ ਤੋਂ ਇਲਾਵਾ ਊਮਾ ਸੈਣੀ ਦੇ ਬੱਚੇ – ਧੀ ਅਤੇ ਪੁੱਤਰ ਦੋਨੋਂ ਹੀ ਮਾਤਾ-ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਇਸ ਖੇਤਰ ਵਿੱਚ ਕੰਮ ਕਰਨ ਲਈ ਉਹ ਉਤਸੁਕਤਾ ਨਾਲ ਖੇਤੀਬਾੜੀ ਦੇ ਖੇਤਰ ਦੀ ਪੜ੍ਹਾਈ ਕਰ ਰਹੇ ਹਨ।