ਕੁਲਵੰਤ ਕੌਰ

ਪੂਰੀ ਕਹਾਣੀ ਪੜ੍ਹੋ

 “ਹਰ ਸਫ਼ਲ ਮਹਿਲਾ ਦੇ ਪਿੱਛੇ ਉਹ ਆਪ ਹੁੰਦੀ ਹੈ”
-ਕਿਵੇਂ ਕੁਲਵੰਤ ਕੌਰ ਨੇ ਇਸ ਉਦਾਹਰਨ ਨੂੰ ਸਹੀ ਸਾਬਤ ਕੀਤਾ

ਭਾਰਤ ਵਿੱਚ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ, ਜੋ ਅਸਾਧਾਰਨ ਵਿਅਕਤੀਤਵ ਰੱਖਦੀਆਂ ਹਨ, ਜਿਨ੍ਹਾਂ ਦੀ ਦਿੱਖ ਦਾ ਕੋਈ ਹਵਾਲਾ ਨਹੀਂ, ਪਰ ਉਨ੍ਹਾਂ ਦਾ ਹੁਨਰ ਅਤੇ ਆਤਮ ਵਿਸ਼ਵਾਸ਼ ਉਨ੍ਹਾਂ ਨੂੰ ਦੂਜਿਆਂ ਤੋਂ ਅਦਭੁੱਤ ਬਣਾਉਂਦਾ ਹੈ। ਕੋਈ ਵੀ ਚੀਜ਼ ਉਨ੍ਹਾਂ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਨਹੀਂ ਰੋਕ ਸਕਦੀ ਅਤੇ ਉਨ੍ਹਾਂ ਦੇ ਇਸ ਅਦਭੁੱਤ ਵਿਅਕਤੀਤਵ ਪਿੱਛੇ ਉਨ੍ਹਾਂ ਦੀ ਖੁਦ ਦੀ ਪ੍ਰੇਰਣਾ ਹੁੰਦੀ ਹੈ।

ਅਜਿਹੀ ਇੱਕ ਮਹਿਲਾ- ਕੁਲਵੰਤ ਕੌਰ ਜੀ ਹਨ, ਜਿਨ੍ਹਾਂ ਨੇ ਆਪਣੀ ਅੰਦਰਲੀ ਆਵਾਜ਼ ਸੁਣੀ ਅਤੇ ਖੇਤੀਬਾੜੀ ਕਾਰੋਬਾਰ ਨੂੰ ਆਪਣੇ ਭਵਿੱਖ ਦੀ ਯੋਜਨਾ ਵਜੋਂ ਚੁਣਿਆ। ਖੇਤੀਬਾੜੀ ਦੇ ਪਿਛੋਕੜ ਨਾਲ ਸੰਬੰਧਿਤ ਹੋਣ ਕਾਰਨ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਜਸਵਿੰਦਰ ਸਿੰਘ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਸਨ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਸਨ। ਸ਼ੁਰੂ ਤੋਂ ਹੀ ਪਰਿਵਾਰ ਦਾ ਧਿਆਨ ਮੁੱਖ ਤੌਰ ‘ਤੇ ਡੇਅਰੀ ਕਾਰੋਬਾਰ ‘ਤੇ ਸੀ ਕਿਉਂਕਿ ਉਹ 2.5 ਏਕੜ ਜ਼ਮੀਨ ਦੇ ਮਾਲਕ ਸਨ ਅਤੇ ਜ਼ਰੂਰਤ ਪੈਣ ‘ਤੇ ਜ਼ਮੀਨ ਕਿਰਾਏ ‘ਤੇ ਦੇ ਸਕਦੇ ਸਨ। ਡੇਅਰੀ ਫਾਰਮ ‘ਤੇ 30 ਮੱਝਾਂ ਦੇ ਨਾਲ, ਉਨ੍ਹਾਂ ਦਾ ਦੁੱਧ ਦਾ ਕਾਰੋਬਾਰ ਬਹੁਤ ਵਧੀਆ ਢੰਗ ਨਾਲ ਵਿਕਾਸ ਕਰ ਰਿਹਾ ਸੀ ਅਤੇ ਖੇਤੀ ਦੀ ਤੁਲਨਾ ਵਿੱਚ ਜ਼ਿਆਦਾ ਲਾਭਦਾਇਕ ਸੀ।

ਕੁਲਵੰਤ ਕੌਰ ਜੀ ਦੀ ਖੇਤੀਬਾੜੀ ਵਿੱਚ ਬਹੁਤ ਦਿਲਚਸਪੀ ਸੀ ਅਤੇ ਇਸ ਨਾਲ ਸੰਬੰਧਿਤ ਵਪਾਰ ਕਰਦੇ ਸਨ ਅਤੇ ਇੱਕ ਦਿਨ ਉਨ੍ਹਾਂ ਨੇ ਕੇ.ਵੀ.ਕੇ. ਫਤਿਹਗੜ੍ਹ ਸਾਹਿਬ ਬਾਰੇ ਪੜ੍ਹਿਆ ਅਤੇ ਇਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ। ਉਨ੍ਹਾਂ ਨੇ 2011 ਵਿੱਚ ਫਲਾਂ ਅਤੇ ਸਬਜ਼ੀਆਂ ਦੇ ਪ੍ਰਬੰਧਨ ਦੀ 5 ਦਿਨ ਦੀ ਟ੍ਰੇਨਿੰਗ ਲਈ। ਟ੍ਰੇਨਿੰਗ ਦੇ ਆਖ਼ਿਰੀ ਦਿਨ ਉਨ੍ਹਾਂ ਨੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਸੇਬ ਦਾ ਜੈਮ ਅਤੇ ਹਲਦੀ ਦਾ ਆਚਾਰ ਬਣਾਉਣ ਵਿੱਚ ਪਹਿਲਾ ਪੁਰਸਕਾਰ ਜਿੱਤਿਆ। ਉਨ੍ਹਾਂ ਦੇ ਜੀਵਨ ਵਿੱਚ ਇਹ ਪਹਿਲਾ ਪੁਰਸਕਾਰ ਸੀ, ਜੋ ਉਨ੍ਹਾਂ ਨੇ ਜਿੱਤਿਆ ਅਤੇ ਇਸ ਉਪਲੱਬਧੀ ਨੇ ਉਨ੍ਹਾਂ ਨੂੰ ਇੰਨਾ ਦ੍ਰਿੜ ਅਤੇ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੇ ਇਹ ਕੰਮ ਆਪਣੇ ਆਪ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਉਤਪਾਦ ਇੰਨੇ ਵਧੀਆ ਸਨ ਕਿ ਜਲਦੀ ਹੀ ਉਨ੍ਹਾਂ ਨੂੰ ਚੰਗਾ ਗਾਹਕ ਆਧਾਰ ਮਿਲਿਆ।

ਹੌਲੀ-ਹੌਲੀ ਉਨ੍ਹਾਂ ਦੇ ਕੰਮ ਦੀ ਗਤੀ, ਨਿਪੁੰਨਤਾ ਅਤੇ ਉਤਪਾਦ ਦੀ ਗੁਣਵੱਤਾ ਸਮੇਂ ਦੇ ਨਾਲ ਬਿਹਤਰ ਹੋ ਗਈ ਅਤੇ ਹਲਦੀ ਦਾ ਆਚਾਰ ਉਨ੍ਹਾਂ ਦੇ ਉਤਪਾਦਾਂ ਵਿੱਚ ਸਭ ਤੋਂ ਜ਼ਿਆਦਾ ਮੰਗ ਵਾਲਾ ਉਤਪਾਦ ਬਣ ਗਿਆ। ਉਸ ਤੋਂ ਬਾਅਦ ਆਪਣੇ ਹੁਨਰ ਨੂੰ ਵਧਾਉਣ ਲਈ ਉਹ ਫਿਨਾਇਲ, ਸਾਬਣ, ਆਂਵਲਾ ਜੂਸ, ਚਟਨੀ ਅਤੇ ਆਚਾਰ ਦੀ ਟ੍ਰੇਨਿੰਗ ਦੇ ਲਈ ਕੇ.ਵੀ.ਕੇ. ਸਮਰਾਲਾ ਵਿੱਚ ਸ਼ਾਮਲ ਹੋ ਗਏ। ਟ੍ਰੇਨਿੰਗ ਤੋਂ ਲਈ ਸਿੱਖਿਆ ਦੀ ਵਰਤੋਂ ਕਰਨ ਲਈ ਉਹ ਵਿਸ਼ੇਸ਼ ਤੌਰ ‘ਤੇ ਆਂਵਲਾ ਜੂਸ ਦੀ ਮਸ਼ੀਨ ਖਰੀਦਣ ਲਈ ਦਿੱਲੀ ਗਏ। ਬਹੁਤ ਹੀ ਜਲਦੀ ਉਨ੍ਹਾਂ ਨੇ ਇੱਕ ਹੀ ਮਸ਼ੀਨ ਤੋਂ ਐਲੋਵੇਰਾ ਜੂਸ, ਸ਼ੈਂਪੂ, ਜੈੱਲ ਅਤੇ ਹੈਂਡ ਵਾੱਸ਼ ਬਣਾਉਣ ਦੀ ਤਕਨੀਕ ਨੂੰ ਸਮਝਿਆ ਅਤੇ ਉਤਪਾਦਾਂ ਦੀ ਪ੍ਰਕਿਰਿਆ ਦੇਖਣ ਤੋਂ ਬਾਅਦ ਉਹ ਬਹੁਤ ਉਤਸ਼ਾਹਿਤ ਹੋਏ ਅਤੇ ਉਨ੍ਹਾਂ ਨੇ ਆਤਮ ਵਿਸ਼ਵਾਸ ਹਾਸਲ ਕੀਤਾ।

ਇਹ ਉਨ੍ਹਾਂ ਦਾ ਆਤਮ ਵਿਸ਼ਵਾਸ ਅਤੇ ਪ੍ਰਾਪਤੀਆਂ ਹੀ ਸਨ, ਜਿਨ੍ਹਾਂ ਨੇ ਕੁਲਵੰਤ ਕੌਰ ਨੂੰ ਹੋਰ ਜ਼ਿਆਦਾ ਕੰਮ ਕਰਨ ਲਈ ਪ੍ਰੇਰਿਤ ਕੀਤਾ। ਅਖ਼ੀਰ ਵਿੱਚ ਉਨ੍ਹਾਂ ਨੇ ਉਤਪਾਦਾਂ ਦਾ ਨਿਰਮਾਣ ਘਰ ਵਿੱਚ ਸ਼ੁਰੂ ਕੀਤਾ ਅਤੇ ਉਨ੍ਹਾਂ ਦਾ ਮੰਡੀਕਰਨ ਵੀ ਖੁਦ ਕੀਤਾ। ਐਗਰੀ-ਬਿਜ਼ਨਸ ਵੱਲ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਇਸ ਖੇਤਰ ਵੱਲ ਹੋਰ ਵਧਾਇਆ। 2012 ਵਿੱਚ, ਉਹ ਪੀ.ਏ.ਯੂ. ਕਿਸਾਨ ਕਲੱਬ ਦੀ ਮੈਂਬਰ ਬਣੇ। ਉਨ੍ਹਾਂ ਨੇ ਪੀ.ਏ.ਯੂ. ਵੱਲੋਂ ਦਿੱਤੀ ਜਾਣ ਵਾਲੀ ਹਰ ਟ੍ਰੇਨਿੰਗ ਲਈ। ਖੇਤੀਬਾੜੀ ਵੱਲ ਉਨ੍ਹਾਂ ਦੀ ਦਿਲਚਸਪੀ ਵੱਧਦੀ ਚਲੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਨੇ ਡੇਅਰੀ ਫਾਰਮ ਦਾ ਕੰਮ ਘੱਟ ਕਰ ਦਿੱਤਾ।

ਝੋਨੇ ਅਤੇ ਕਣਕ ਤੋਂ ਇਲਾਵਾ, ਹੁਣ ਕੁਲਵੰਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਮੂੰਗ, ਗੰਨਾ, ਚਾਰੇ ਦੀ ਫ਼ਸਲ, ਹਲਦੀ, ਐਲੋਵੇਰਾ, ਤੁਲਸੀ ਅਤੇ ਸਟੀਵੀਆ ਵੀ ਉਗਾਉਣਾ ਸ਼ੁਰੂ ਕੀਤਾ। ਹਲਦੀ ਤੋਂ ਉਹ, ਹਲਦੀ ਪਾਊਡਰ, ਹਲਦੀ ਦਾ ਆਚਾਰ, ਪੰਜੀਰੀ (ਚਨਾ ਪਾਊਡਰ, ਆਟਾ, ਘਿਓ ਤੋਂ ਬਣਿਆ ਮਿੱਠਾ ਸੁੱਕਾ ਪਾਊਡਰ) ਤਿਆਰ ਕਰਦੇ ਹਨ, ਜਿਨ੍ਹਾਂ ‘ਚੋਂ ਪੰਜੀਰੀ ਹਲਦੀ ਦਾ ਆਚਾਰ ਉਨ੍ਹਾਂ ਦਾ ਸਭ ਤੋਂ ਵੱਧ ਮੰਗ ਵਾਲਾ ਉਤਪਾਦ ਹੈ।

ਖੈਰ, ਉਨ੍ਹਾਂ ਦੀ ਯਾਤਰਾ ਅਸਾਨ ਨਹੀਂ ਸੀ, ਉਨ੍ਹਾਂ ਨੇ ਕਈ ਸਮੱਸਿਆਵਾਂ ਦਾ ਵੀ ਸਾਹਮਣਾ ਕੀਤਾ। ਉਨ੍ਹਾਂ ਨੇ ਸਟੀਵੀਆ ਦੇ 1000 ਪੌਦੇ ਲਗਾਏ, ਜਿਨ੍ਹਾਂ ਵਿੱਚੋਂ ਸਿਰਫ਼ ਅੱਧੇ ਹੀ ਬਚੇ ਸਨ। ਹਾਲਾਂਕਿ ਉਹ ਜਾਣਦੇ ਸਨ ਕਿ ਸਟੀਵੀਆ ਦੀ ਕੀਮਤ ਬਹੁਤ ਜ਼ਿਆਦਾ ਹੈ (1500 ਰੁਪਏ ਪ੍ਰਤੀ ਕਿੱਲੋ), ਜੋ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਇਸ ਲਈ ਉਨ੍ਹਾਂ ਨੇ ਇਸ ਨੂੰ ਵੇਚਣ ਦਾ ਇੱਕ ਵੱਖਰਾ ਤਰੀਕਾ ਲੱਭਿਆ। ਉਨ੍ਹਾਂ ਨੇ ਮਾਰਕੀਟ ਤੋਂ ਗ੍ਰੀਨ ਟੀ ਖਰੀਦੀ ਅਤੇ ਸਟੀਵੀਆ ਨੂੰ ਇਸ ਨਾਲ ਮਿਲਾ ਦਿੱਤਾ ਅਤੇ ਇਸ ਨੂੰ 150 ਰੁਪਏ ਪ੍ਰਤੀ ਗ੍ਰਾਮ ਵੇਚਣਾ ਸ਼ੁਰੂ ਕਰ ਦਿੱਤਾ, ਕਿਉਂਕਿ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਟੀਵੀਆ ਦੇ ਬਹੁਤ ਸਾਰੇ ਸਿਹਤ ਸੰਬੰਧੀ ਲਾਭ ਹਨ ਅਤੇ ਇਸ ਲਈ ਕਈ ਸਥਾਨਕ ਲੋਕਾਂ ਅਤੇ ਹੋਰ ਗਾਹਕਾਂ ਦੁਆਰਾ ਇਸ ਨੂੰ ਖਰੀਦਿਆ ਗਿਆ।

ਵਰਤਮਾਨ ਵਿੱਚ ਉਹ 40 ਉਤਪਾਦਾਂ ਦਾ ਨਿਰਮਾਣ ਕਰ ਰਹੇ ਹਨ ਅਤੇ ਨੇੜੇ ਦੀ ਮਾਰਕੀਟ ਅਤੇ ਪੀ.ਏ.ਯੂ. ਮੇਲਿਆਂ ਵਿੱਚ ਵੇਚ ਰਹੇ ਹਨ। ਉਨ੍ਹਾਂ ਦਾ ਇੱਕ ਹੋਰ ਉਤਪਾਦ ਹੈ ਜਿਸ ਨੂੰ ਸੱਤ ਰਸ ਕਿਹਾ ਜਾਂਦਾ ਹੈ (ਤੁਲਸੀ, ਸੇਬ ਦਾ ਸਿਰਕਾ, ਸ਼ਹਿਦ, ਅਦਰਕ, ਲਸਣ, ਐਲੋਵੇਰਾ ਅਤੇ ਆਂਵਲੇ ਨਾਲ ਬਣਦਾ ਹੈ) ਜੋ ਵਿਸ਼ੇਸ਼ ਤੌਰ ‘ਤੇ ਦਿਲ ਦੇ ਰੋਗੀਆਂ ਲਈ ਬਹੁਤ ਪ੍ਰਭਾਵਸ਼ਾਲੀ ਹੈ।

ਆਪਣੇ ਹੁਨਰ ਨਾਲ ਕੁਲਵੰਤ ਕੌਰ ਜੀ ਸਾਰੀ ਨਵੀਨਤਮ ਖੇਤੀਬਾੜੀ ਮਸ਼ੀਨਰੀ ਅਤੇ ਉਪਕਰਣਾਂ ਦੇ ਨਾਲ ਅੱਪਡੇਟ ਰਹਿੰਦੇ ਹਨ। ਉਨ੍ਹਾਂ ਦੇ ਕੋਲ ਸਾਰੀਆਂ ਖੇਤੀ ਮਸ਼ੀਨਰੀਆਂ ਹਨ ਅਤੇ ਉਹ ਖੇਤਾਂ ਵਿੱਚ ਲੇਜ਼ਰ ਲੈੱਵਲਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦਾ ਪੂਰਾ ਪਰਿਵਾਰ ਉਨ੍ਹਾਂ ਦੀ ਮਦਦ ਕਰ ਰਿਹਾ ਹੈ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਪਤੀ ਉਨ੍ਹਾਂ ਦੇ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਦੀ ਬੇਟੀ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਉਨ੍ਹਾਂ ਦਾ ਪੁੱਤਰ ਕਾਰੋਬਾਰ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਵਰਤਮਾਨ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਧਿਆਨ ਮਾਰਕਿਟਿੰਗ ‘ਤੇ ਹੈ ਅਤੇ ਉਸ ਦੇ ਬਾਅਦ ਖੇਤੀਬਾੜੀ ‘ਤੇ ਹੈ। ਖੇਤੀਬਾੜੀ ਖੇਤਰ ਵਿੱਚ ਆਪਣੇ ਯਤਨਾਂ ਨਾਲ ਉਨ੍ਹਾਂ ਨੇ ਹਲਦੀ ਉਤਪਾਦਾਂ ਦੇ ਲਈ ਪਟਿਆਲਾ ਦੇ ਕਿਸਾਨ ਮੇਲੇ ਵਿੱਚ ਪਹਿਲਾ ਪੁਰਸਕਾਰ ਜਿੱਤਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ (2013 ਵਿੱਚ ਪੰਜਾਬ ਐਗਰੀਕਲਚਰ ਲੁਧਿਆਣਾ ਦੁਆਰਾ ਆਯੋਜਿਤ) ਕਿਸਾਨ ਮੇਲੇ ਵਿੱਚ ਸਰਦਾਰਨੀ ਜਗਬੀਰ ਕੌਰ ਗਰੇਵਾਲ ਮੈਮੋਰੀਅਲ ਐਵਾਰਡ ਪ੍ਰਾਪਤ ਕੀਤਾ।

ਕੁਲਵੰਤ ਕੌਰ ਨੇ ਜੋ ਵੀ ਹਾਸਲ ਕੀਤਾ ਹੈ, ਉਹ ਕੇਵਲ ਆਪਣੇ ਵਿਸ਼ਵਾਸ ‘ਤੇ ਕੀਤਾ ਹੈ। ਭਵਿੱਖ ਵਿੱਚ ਉਹ ਸਾਰੇ ਉਤਪਾਦਾਂ ਦੀ ਮਾਰਕੀਟਿੰਗ ਆਪ ਕਰਨਾ ਚਾਹੁੰਦੇ ਹਨ। ਉਹ ਸਮਾਜ ਵਿੱਚ ਹੋਰ ਮਹਿਲਾਵਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਚਾਹੁੰਦੇ ਹਨ, ਤਾਂ ਕਿ ਉਹ ਆਪਣੇ ਦਮ ‘ਤੇ ਖੜ੍ਹੀਆਂ ਹੋ ਸਕਣ ਅਤੇ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਮਹਿਲਾਵਾਂ ਨੂੰ ਆਪਣੇ ਫਾਲਤੂ ਸਮੇਂ ਵਿੱਚ ਲਾਭਕਾਰੀ ਹੋਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਘਰ ਦੀ ਆਰਥਿਕ ਹਾਲਤ ਨੂੰ ਪ੍ਰਭਾਵੀ ਰੂਪ ਨਾਲ ਪ੍ਰਬੰਧ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੂੰ ਫੂਡ ਪ੍ਰੋਸੈੱਸਿੰਗ ਦਾ ਫਾਇਦਾ ਲੈਣਾ ਚਾਹੀਦਾ ਹੈ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵੱਧਣਾ ਚਾਹੀਦਾ ਹੈ। ਖੇਤੀਬਾੜੀ ਖੇਤਰ ਇੱਕ ਬਹੁਤ ਹੀ ਲਾਭਦਾਇਕ ਉੱਦਮ ਹੈ, ਜਿਸ ਵਿੱਚ ਲੋਕ ਬਿਨਾਂ ਕਿਸੇ ਵੱਡੇ ਨਿਵੇਸ਼ ਦੇ ਪੈਸੇ ਕਮਾ ਸਕਦੇ ਹਨ।”

ਅਮਰਜੀਤ ਸਿੰਘ ਭੱਠਲ

ਪੂਰੀ ਕਹਾਣੀ ਪੜ੍ਹੋ

ਜਾਣੋ ਇੱਕ ਰਿਟਾਇਰਡ ਫੌਜੀ ਬਾਰੇ, ਜੋ ਐਗਰੀਪ੍ਰੇਨੇਊਰ (Agripreneur) ਬਣ ਗਏ ਅਤੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਰਹੇ ਹਨ

ਅੱਜ-ਕੱਲ੍ਹ ਬਹੁਤ ਘੱਟ ਲੋਕ ਆਪਣੇ ਭਵਿੱਖ ਵਿੱਚ ਖੇਤੀਬਾੜੀ ਦੇ ਖੇਤਰ ਵਿੱਚ ਜਾਣ ਬਾਰੇ ਸੋਚਦੇ ਹਨ। ਜਿਸ ਦੌਰ ਵਿੱਚ ਅਸੀਂ ਰਹਿ ਰਹੇ ਹਾਂ, ਇਸ ਵਿੱਚ ਜ਼ਿਆਦਾਤਰ ਲੋਕ ਵੱਡੇ ਸ਼ਹਿਰਾਂ ਦਾ ਹਿੱਸਾ ਬਣਨਾ ਚਾਹੁੰਦੇ ਹਨ ਅਤੇ ਸੇਵਾ-ਮੁਕਤੀ ਤੋਂ ਬਾਅਦ ਦੀ ਜ਼ਿੰਦਗੀ ਨੂੰ ਲੋਕ ਆਮ ਤੌਰ ‘ਤੇ ਆਸਾਨ ਅਤੇ ਆਰਾਮਦਾਇਕ ਤਰੀਕੇ ਨਾਲ ਜਿਊਣਾ ਚਾਹੁੰਦੇ ਹਨ, ਜਿਸ ਵਿੱਚ ਉਨ੍ਹਾਂ ਕੋਲ ਕੋਈ ਕੰਮ ਨਾ ਹੋਣਾ, ਘਰ ਵਿੱਚ ਵਿਹਲੇ ਬੈਠਣਾ, ਅਖਬਾਰ ਪੜ੍ਹਨਾ, ਪੋਤਿਆਂ ਨਾਲ ਸਮਾਂ ਬਿਤਾਉਣਾ ਅਤੇ ਥੋੜ੍ਹੀ-ਬਹੁਤ ਕਸਰਤ ਕਰਨਾ ਆਦਿ ਸ਼ਾਮਲ ਹੋਵੇ। ਬਹੁਤ ਘੱਟ ਲੋਕ ਹੁੰਦੇ ਹਨ, ਜੋ ਕੁਦਰਤ ਦੀ ਚਿੰਤਾ ਕਰਦੇ ਹਨ ਅਤੇ ਆਪਣੀਆਂ ਜ਼ਿੰਮੇਦਾਰੀਆਂ ਨਿਭਾਉਂਦੇ ਹਨ ਅਤੇ ਆਪਣੇ ਜੀਵਨ ਵਿੱਚ ਉਨ੍ਹਾਂ ਨੇ ਮਿੱਟੀ ਜੋ ਕੁੱਝ ਮਿੱਟੀ ਤੋਂ ਹਾਸਿਲ ਕੀਤਾ ਉਸ ਨੂੰ ਵਾਪਿਸ ਦੇਣ ਦੀ ਕੋਸ਼ਿਸ਼ ਕਰਦੇ ਹਨ।

ਸ. ਅਮਰਜੀਤ ਸਿੰਘ ਭੱਠਲ ਇੱਕ ਰਿਟਾਇਰਡ ਫੌਜੀ ਹਨ, ਜੋ ਕੁਦਰਤ ਪ੍ਰਤੀ ਆਪਣੀ ਜ਼ਿੰਮੇਦਾਰੀ ਨਿਭਾ ਰਹੇ ਹਨ ਅਤੇ ਇਸ ਜ਼ਿੰਮੇਦਾਰੀ ਨੂੰ ਉਨ੍ਹਾਂ ਨੇ ਆਪਣਾ ਸ਼ੌਂਕ ਅਤੇ ਆਰਾਮ ਦਾ ਤਰੀਕਾ ਬਣਾ ਲਿਆ। ਉਹ ਠਾਠ ਵਾਲੀ ਜ਼ਿੰਦਗੀ ਨੂੰ ਛੱਡ ਕੇ ਲੁਧਿਆਣੇ ਵਿੱਚ ਪੈਂਦੇ ਆਪਣੇ ਪਿੰਡ Banohar ਵਿੱਚ ਆਪਣੇ ਪਿਤਾ ਅਤੇ ਪਤਨੀ ਨਾਲ ਰਹਿ ਰਹੇ ਹਨ ਅਤੇ ‘ਜੱਟ-ਸੌਦਾ’ ਦੇ ਨਾਮ ਨਾਲ ਇੱਕ ਦੁਕਾਨ ਚਲਾ ਰਹੇ ਹਨ।

ਰੋਡ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਦੁਕਾਨਾਂ ਅਤੇ ਰਿਟੇਲ ਸਟੋਰ ਹਨ, ਪਰ ਜੱਟ-ਸੌਦੇ ਵਿੱਚ ਖਾਸ ਕੀ ਹੈ? ਦੁਕਾਨ ਪਿੱਛੇ ਖੁਦ ਦੇ ਖੇਤ ਵਿੱਚ ਉਗਾਈਆਂ ਜੈਵਿਕ ਸਬਜ਼ੀਆਂ, ਦਾਲਾਂ, ਫਲ ਅਤੇ ਮਸਾਲੇ ਆਦਿ ਜੱਟ-ਸੌਦੇ ਨੂੰ ਬਾਕੀਆਂ ਤੋਂ ਅੱਲਗ ਅਤੇ ਵਿਲੱਖਣ ਬਣਾਉਂਦੇ ਹਨ। ਅਸਲ ਵਿੱਚ ਉਨ੍ਹਾਂ ਦੀ ‘ਆੱਨ ਰੋਡ ਫਾਰਮ ਮਾਰਕਿਟ’ ਹੈ, ਜਿੱਥੋਂ ਤੁਸੀਂ ਸਭ ਕੁੱਝ ਤਾਜ਼ਾ ਅਤੇ ਜੈਵਿਕ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਕੋਲ ਇੱਕ ਛੋਟਾ ਪੋਲਟਰੀ ਫਾਰਮ ਵੀ ਹੈ, ਜਿੱਥੇ ਉਨ੍ਹਾਂ ਕੋਲ ਲਗਭਗ 100 ਦੇਸੀ ਮੁਰਗੀਆਂ ਹਨ। ਮੁਰਗੀਆਂ ਦੀ ਗਿਣਤੀ ਘੱਟਦੀ-ਵੱਧਦੀ ਰਹਿੰਦੀ ਹੈ, ਪਰ ਦੇਸੀ ਅੰਡਿਆਂ ਦੀ ਮੰਗ ਕਦੇ ਵੀ ਨਹੀਂ ਘੱਟਦੀ ਅਤੇ ਸਟੋਰ ਵਿੱਚ ਪਹੁੰਚਣ ‘ਤੇ ਨਾਲ ਦੀ ਨਾਲ ਹੀ ਸਭ ਅੰਡੇ ਵਿਕ ਜਾਂਦੇ ਹਨ।

ਉਨ੍ਹਾਂ ਨੇ ਖੇਤੀ ਵਿਰਾਸਤ ਮਿਸ਼ਨ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਦਸੰਬਰ 2012 ਵਿੱਚ ਜੈਵਿਕ ਖੇਤੀ ਸ਼ੁਰੂ ਕੀਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਖੇਤੀ ਦਾ ਕੰਮ ਪੂਰੀ ਲਗਨ ਨਾਲ ਕਰ ਰਹੇ ਹਨ। ਉਹ ਸਵੇਰ ਤੋਂ ਸ਼ਾਮ ਤੱਕ ਦਾ ਸਮਾਂ ਆਪਣੇ ਫਾਰਮ ਸਟੋਰ ‘ਤੇ ਹੀ ਬਿਤਾਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਵੀ ਉਨ੍ਹਾਂ ਦਾ ਸਾਥ ਦਿੰਦੇ ਹਨ। ਇਹ ਪਿਓ-ਪੁੱਤਰ ਆਪਣੀ ਜ਼ਮੀਨ ਦੇ ਛੋਟੇ ਜਿਹੇ ਹਿੱਸੇ ਨੂੰ ਆਪਣੇ ਪੁੱਤਰ ਵਾਂਗ ਪਾਲਦੇ ਹਨ।

ਉਨ੍ਹਾਂ ਨੇ ਆਪਣੀ ਦੁਕਾਨ ਦੀ ਦਿੱਖ ਪੇਂਡੂ ਤਰੀਕੇ ਨਾਲ ਤਿਆਰ ਕੀਤੀ ਹੈ, ਜਿਸਦੇ ਇੱਕ ਪਾਸੇ ਤੁਸੀਂ ਤਾਜ਼ੀਆਂ ਮੌਸਮੀ ਸਬਜ਼ੀਆਂ ਡਿਸਪਲੇਅ ‘ਤੇ ਲੱਗੀਆਂ ਦੇਖ ਸਕਦੇ ਹੋ ਅਤੇ ਛੱਤ ਤੋਂ ਹੇਠਾਂ ਲਮਕਦੇ ਲਸਣ ਦੀਆਂ ਗੰਢੀਆਂ ਦੇਖ ਸਕਦੇ ਹੋ। ਦੁਕਾਨ ਵਿੱਚ ਦੀ ਇੱਕ ਰਸਤਾ ਪਿੱਛੇ ਬਣੇ ਛੋਟੇ ਫਾਰਮ ਵੱਲ ਜਾਂਦਾ ਹੈ, ਜਿੱਥੇ ਤੁਹਾਨੂੰ ਭਿੰਡੀ, ਤੌਰੀ, ਟਮਾਟਰ, ਕਰੇਲੇ, ਅਰਹਰ, ਵੱਖ-ਵੱਖ ਤਰ੍ਹਾਂ ਦੇ ਲੈਟੱਸ(ਸਲਾਦ ਪੱਤਾ) ਦੀਆਂ ਕਿਸਮਾਂ ਅਤੇ ਹੋਰ ਵੀ ਬਹੁਤ ਤਰ੍ਹਾਂ ਦੀਆਂ ਸਬਜ਼ੀਆਂ ਮਿਲਦੀਆਂ ਹਨ। ਉਨ੍ਹਾਂ ਅਨੁਸਾਰ ਫਾਰਮ ਦੇਖਣ ਲਈ ਸਭ ਤੋਂ ਉਚਿੱਤ ਸਮਾਂ ਜਲਦੀ ਸਵੇਰੇ ਜਾਂ ਸ਼ਾਮ ਵੇਲੇ ਹੁੰਦਾ ਹੈ, ਕਿਉਂਕਿ ਉਸ ਸਮੇਂ ਤੁਸੀਂ ਬਹੁਤ ਵਧੀਆ ਕੁਦਰਤੀ ਰੰਗਾਂ ਨੂੰ ਫਾਰਮ ਦੀ ਖੂਬਸੂਰਤੀ ਨਾਲ ਮਿਲਦੇ ਦੇਖ ਸਕਦੇ ਹੋ। ਫਾਰਮ ਦੇ ਇੱਕ ਕੋਨੇ ‘ਤੇ ਪੋਲਟਰੀ ਫਾਰਮ ਬਣਿਆ ਹੈ, ਜਿੱਥੇ ਤੁਸੀਂ ਕਿੱਲੀ ਨਾਲ ਬੰਨ੍ਹਿਆ ਕੁੱਤਾ ਦੇਖ ਸਕਦੇ ਹੋ। ਸਭ ਕੁੱਝ ਮਿਲਾ ਕੇ ਇਹ ਫਾਰਮ ਇੱਕ ਸੰਪੂਰਣ ਫਾਰਮ ਦੇ ਦੀਦਾਰ ਕਰਵਾਉਂਦਾ ਹੈ। ਉਨ੍ਹਾਂ ਕੋਲ ਖੇਤੀ ਦੇ ਕੰਮਾਂ ਲਈ 2 ਤੋਂ 3 ਮਜ਼ਦੂਰ ਹਨ।

ਅਮਰਜੀਤ ਸਿੰਘ ਜੀ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐੱਮ.ਐੱਸ.ਸੀ. ਦੀ ਡਿਗਰੀ ਪੂਰੀ ਕੀਤੀ ਅਤੇ ਦੇਸ਼ ਲਈ ਸੇਵਾ ਕਰਨਾ ਉਨ੍ਹਾਂ ਲਈ ਇੱਕ ਚੁਣਿਆ ਗਿਆ ਪੇਸ਼ਾ ਸੀ। ਖੇਤੀ ਤੋਂ ਪਹਿਲਾਂ ਸ. ਅਮਰਜੀਤ ਸਿੰਘ ਇੱਕ ਇਮੀਗ੍ਰੇਸ਼ਨ ਕੰਪਨੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਸਨ, ਜਿੱਥੇ ਉਹ ਬੱਚਿਆਂ ਨਾਲ ਗੱਲ ਕਰਕੇ ਭਵਿੱਖ ਦੀ ਜ਼ਿੰਦਗੀ ਦੇ ਨਿਸ਼ਾਨਿਆਂ ਅਤੇ ਉਦੇਸ਼ਾਂ ਬਾਰੇ ਚਰਚਾ ਕਰਦੇ ਸਨ ਅਤੇ ਉਨ੍ਹਾਂ ਨੂੰ ਸਲਾਹ ਦਿੰਦੇ ਸਨ। ਇਸ ਤੋਂ ਇਲਾਵਾ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਜੀ ਦੇ ਵੀ ਪ੍ਰਸਿੱਧ ਸਲਾਹਕਾਰ ਰਹੇ ਹਨ। ਆਪਣੀ ਜ਼ਿੰਦਗੀ ਵਿੱਚ ਇੰਨੀਆਂ ਮਸ਼ਹੂਰ ਪਦਵੀਆਂ ਹਾਸਿਲ ਕਰਨ ਤੋਂ ਬਾਅਦ ਵੀ ਅੱਜ ਉਹ ਕਿਸੇ ਵੀ ਚੀਜ਼ ਦਾ ਘਮੰਡ ਨਹੀਂ ਕਰਦੇ। ਉਹ ਸਾਦਾ ਜੀਵਨ ਬਿਤਾਉਣ ‘ਚ ਯਕੀਨ ਰੱਖਦੇ ਹਨ ਅਤੇ ਕੁਦਰਤ ਦੀ ਇੱਜ਼ਤ ਕਰਦੇ ਹਨ। ਉਹ ਜੈਵਿਕ ਖੇਤੀ ਦੁਆਰਾ ਕੁਦਰਤ ਨੂੰ ਬਚਾਉਣ ਅਤੇ ਸਮਾਜ ਨੂੰ ਤੰਦਰੁਸਤ ਭੋਜਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਅਮਰਜੀਤ ਸਿੰਘ ਜੀ ਦਾ ਇੱਕ ਲੁਕਿਆ ਗੁਣ ਵੀ ਹੈ। ਉਨ੍ਹਾਂ ਦੇ ਕਾਲਜ ਸਮੇਂ ਤੋਂ ਹੀ ਉਹ ਸਾਹਿਤ ਵਿੱਚ ਰੁਚੀ ਰੱਖਦੇ ਸੀ ਅਤੇ ਉਨ੍ਹਾਂ ਨੂੰ ‘ਲਿਓ ਟਾੱਲਸਟਾੱਏ’ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹ ਬਹੁਤ ਵਧੀਆ ਲੇਖਕ ਵੀ ਹਨ ਅਤੇ ਹੁਣ ਵੀ ਜਦੋਂ ਵੀ ਖੇਤੀ ਦੇ ਕੰਮਾਂ ਤੋਂ ਵਿਹਲੇ ਹੁੰਦੇ ਹਨ, ਤਾਂ ਆਪਣੇ ਵਿਚਾਰਾਂ ਅਤੇ ਸੋਚ ਨੂੰ ਸ਼ਬਦਾਂ ਵਿੱਚ ਲਿਖਦੇ ਹਨ।

ਉਨ੍ਹਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਗ੍ਰਾਹਕਾਂ ਦੀ ਮੰਗ ਬਾਰੇ ਚਰਚਾ ਕੀਤੀ ਅਤੇ ਉਨ੍ਹਾਂ ਅਨੁਸਾਰ –

“ਅੱਜ-ਕੱਲ੍ਹ ਗ੍ਰਾਹਕਾਂ ਦੀ ਮੰਗ ਬਹੁਤ ਅਸਵਸਥ ਹੈ। ਆਧੁਨਿਕ ਤਕਨੀਕਾਂ ਅਤੇ ਨਵੇਂ ਤਰੀਕਿਆਂ ਨਾਲ ਖਾਣਾ ਬਚਾ ਕੇ ਅੱਜ ਤੁਸੀਂ ਗਰਮੀਆਂ ਵਿੱਚ ਮਟਰ ਅਤੇ ਗਾਜਰ ਅਤੇ ਸਰਦੀਆਂ ਵਿੱਚ ਲੌਕੀ ਖਾ ਸਕਦੇ ਹੋ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਬਜ਼ੀਆਂ ਮਨੁੱਖੀ ਪਾਚਣ ਕਿਰਿਆ ਵਿੱਚ ਮੁੱਖ ਹਿੱਸਾ ਹੈ ਅਤੇ ਹਰੇਕ ਮੌਸਮ ਸਾਨੂੰ ਬਹੁਤ ਸਾਰੀ ਤਾਜ਼ੀ ਉਪਜ ਪ੍ਰਦਾਨ ਕਰਦਾ ਹੈ। ਇਸ ਲਈ ਜੇਕਰ ਤੁਸੀਂ ਆਪਣੇ ਭੋਜਨ ਵਿੱਚ ਹੋਰ ਜੈਵਿਕ ਮੌਸਮੀ ਫਲ ਅਤੇ ਸਬਜ਼ੀਆਂ ਸ਼ਾਮਲ ਕਰਦੇ ਹੋ, ਤਾਂ ਇਹ ਹੋਰ ਵੀ ਲਾਭਦਾਇਕ ਹੋਵੇਗਾ ਕਿਉਂਕਿ ਖੁਰਾਕ ਵਿੱਚ ਮੌਸਮੀ ਫਲ ਸ਼ਾਮਲ ਕਰਨ ਨਾਲ ਤੁਸੀਂ ਵਧੇਰੇ ਤੱਤਾਂ ਵਾਲੀਆਂ ਸਬਜ਼ੀਆਂ, ਜੋ ਕਿ ਬਿਨ੍ਹਾਂ ਕਿਸੇ ਰਸਾਇਣਾਂ ਤੋਂ ਹੁੰਦੀਆਂ ਹਨ, ਉਨ੍ਹਾਂ ਦਾ ਵਧੀਆ ਸੁਆਦ ਲੈ ਸਕਦੇ ਹੋ। ਇਹ ਭੋਜਨ ਤੁਹਾਡੇ ਸਰੀਰ ਲਈ ਵੀ ਮੌਸਮ ਅਨੁਸਾਰ ਸਹਾਇਕ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਦਿਨ ਗ੍ਰਾਹਕਾਂ ਨੂੰ ਜੈਵਿਕ ਭੋਜਨ ਦੇ ਫਾਇਦਿਆਂ ਬਾਰੇ ਪਤਾ ਲੱਗਾ, ਉਸ ਦਿਨ ਤੋਂ ਜੈਵਿਕ ਸਬਜ਼ੀਆਂ ਅਤੇ ਫਲਾਂ ਦੀ ਮੰਗ ਆਪਣੇ ਆਪ ਵੱਧ ਜਾਵੇਗੀ ਅਤੇ ਜਾਗਰੂਕਤਾ ਵਧਾਉਣ ਲਈ ਕਿਸਾਨਾਂ ਅਤੇ ਗ੍ਰਾਹਕਾਂ ਵਿੱਚ ਸੰਪਰਕ ਹੋਣਾ ਬਹੁਤ ਜ਼ਰੂਰੀ ਹੈ।”

ਉਹ ਖੁਦ ਲੋਕਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਜੈਵਿਕ ਖੇਤੀ ਅਤੇ ਭੋਜਨ ਦੀ ਮਹੱਤਤਾ ‘ਤੇ ਪ੍ਰੇਜੈਂਟੇਸ਼ਨ ਵੀ ਦਿੱਤੀ। ਇਸ ਵੇਲੇ ਉਹ ਜੈਵਿਕ ਖੇਤੀ ਨੂੰ ਜਾਰੀ ਰੱਖਣ ਅਤੇ ਹੋਰਨਾਂ ਲੋਕਾਂ ਨੂੰ ਜੈਵਿਕ ਖੇਤੀ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਦੀ ਯੋਜਨਾ ਬਣਾ ਰਹੇ ਹਨ।

ਭਵਿੱਖ ਵਿੱਚ ਉਨ੍ਹਾਂ ਦੀਆਂ ਯੋਜਨਾਵਾਂ ਇਸ ਪ੍ਰਕਾਰ ਹਨ:

• ਆਪਣੀ ਆੱਨ ਰੋਡ ਮਾਰਕਿਟ ਦੇ ਢਾਂਚੇ ਨੂੰ ਅੱਪਗ੍ਰੇਡ ਕਰਨਾ

• 2000 ਗੱਜ ਵਿੱਚ ਨੈੱਟ ਹਾਊਸ ਬਣਉਣਾ

• ਆਪਣੇ ਫਾਰਮ ਵਿੱਚ ਫਸਲਾਂ ਨੂੰ ਬਚਾਓ ਵਾਲਾ ਵਾਤਾਵਰਨ ਪ੍ਰਦਾਨ ਕਰਨਾ

• ਸਿੰਚਾਈ ਦਾ ਹਾਈਬ੍ਰਿਡ ਸਿਸਟਮ ਲਗਾਉਣਾ

• ਪਾਣੀ ਦੀ ਸਟੋਰੇਜ ਵਧਾਉਣਾ

ਅਮਰਜੀਤ ਸਿੰਘ ਭੱਠਲ ਜੀ ਦੁਆਰਾ ਦਿੱਤਾ ਗਿਆ ਸੰਦੇਸ਼:
“ਤੁਸੀਂ ਉਤਪਾਦ ਦਾ ਮੁੱਲ ਕੰਟਰੋਲ(ਕਾਬੂ) ਨਹੀਂ ਕਰ ਸਕਦੇ, ਕਿਉਂਕਿ ਉਹ ਸਰਕਾਰ ‘ਤੇ ਨਿਰਭਰ ਕਰਦਾ ਹੈ, ਤੁਹਾਨੂੰ ਉਹ ਕਰਨਾ ਚਾਹੀਦਾ ਹੈ, ਜੋ ਤੁਸੀਂ ਕਰ ਸਕਦੇ ਹੋ। ਕਿਸਾਨਾਂ ਨੂੰ ਲਾਗਤ ਮੁੱਲ ‘ਤੇ ਕੰਟਰੋਲ ਕਰਨਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ‘ਤੇ ਜ਼ਿਆਦਾ ਖਰਚਾ ਨਹੀਂ ਆਉਂਦਾ। ਇੱਕ ਸਮਾਂ ਆਵੇਗਾ ਜਦੋਂ ਲੋਕਾਂ ਨੂੰ ਅਹਿਸਾਸ ਹੋਵੇਗਾ ਕਿ ਰਿਵਾਇਤੀ ਖੇਤੀ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਲਈ ਵਧੀਆ ਹੋਵੇਗਾ ਜੇ ਅਸੀਂ ਹੁਣ ਸਮੇਂ ਦੀ ਲੋੜ ਨੂੰ ਸਮਝ ਲਈਏ ਅਤੇ ਇਸਦੇ ਅਨੁਸਾਰ ਹੀ ਕੰਮ ਕਰੀਏ।”

ਡਾ. ਰਮਨਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਭਾਰਤ ਦੇ ਬਹੁਤ ਸਾਰੇ ਐਗਰੀਪ੍ਰਿਨਿਓਰ ਨੂੰ ਸਫ਼ਲ ਬਣਾਉਣ ਵਾਲੇ ਇਨਸਾਨ

ਸਹੀ ਜਾਣਕਾਰੀ ਦੀ ਗੈਰ-ਹਾਜ਼ਰੀ, ਕ੍ਰਿਸ਼ੀ ਮੰਡੀਕਰਨ ਸੁਵਿਧਾਵਾਂ ਅਤੇ ਉਚਿੱਤ ਸਲਾਹ ਦੀ ਕਮੀ ਕਾਰਨ ਅੱਜ ਦੇ ਕਿਸਾਨ ਨੂੰ ਆਪਣੀ ਖੇਤੀ ਉਪਜ ਦੇ ਨਿਪਟਾਰੇ ਲਈ ਸਥਾਨਕ ਵਪਾਰੀਆਂ ਅਤੇ ਦਲਾਲਾਂ ‘ਤੇ ਨਿਰਭਰ ਹੋਣਾ ਪੈਂਦਾ ਹੈ, ਜੋ ਕਿ ਇਸਨੂੰ ਨਾ-ਮਾਤਰ ਕੀਮਤ ‘ਤੇ ਵੇਚਦੇ ਹਨ। ਭਾਰਤੀ ਕਿਸਾਨ ਦੇ ਇਸ ਅਸਹਿਣਯੋਗ ਦੁੱਖ ਨੂੰ ਖਤਮ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਾਰੋਬਾਰ ਪ੍ਰਬੰਧਨ ਦੇ ਪ੍ਰੋਫੈੱਸਰ ਡਾ. ਰਮਨਦੀਪ ਨੇ ਆਪਣੀ ਟੀਮ ਦੇ ਨਾਲ ਕਿਸਾਨਾਂ ਦੀ ਨਵੇਂ ਖੇਤੀ ਅਧਾਰਿਤ ਅਤੇ ਗ੍ਰਾਹਕਾਂ ਵਿੱਚ ਵਧੇਰੇ ਮੰਗ ਵਾਲੇ ਉਤਪਾਦਾਂ ਦੇ ਵਿਕਾਸ ਅਤੇ ਆਮਦਨੀ ਵਧਾਉਣ ਦੇ ਨਾਲ-ਨਾਲ ਗਲੋਬਲ ਮਾਰਕੀਟ ਪ੍ਰਵੇਸ਼ ਕਰਨ ਲਈ ਮਦਦ ਕਰਨ ਦਾ ਫੈਸਲਾ ਕੀਤਾ। ਡਾ. ਰਮਨਦੀਪ ਜੀ ਦਾ ਇਹ ਮੰਨਣਾ ਹੈ ਕਿ ਅੱਜ ਦੇ ਕਿਸਾਨ ‘ਉਤਪਾਦ ਵਿਕਾਸ ਅਤੇ ਮੰਡੀਕਰਨ’ ਦੇ ਮਾਰਗ ‘ਤੇ ਚੱਲ ਕੇ ਹੀ ਨਿਸ਼ਚਿਤ ਮੰਡੀ, ਵਧੇਰੇ ਫਾਇਦੇ, ਘੱਟ ਜ਼ੋਖਮ ਵਾਲੇ ਕਾਰਕ ਅਤੇ ਸਮਾਨੰਤਰ ਆਮਦਨ ਦੇ ਸ੍ਰੋਤ ਦੀ ਪ੍ਰਾਪਤੀ ਕਰ ਸਕਦੇ ਹਨ।

ਸੋਸ਼ਲ ਮੀਡੀਆ ਦੀ ਤਾਕਤ ਦਾ ਅਹਿਸਾਸ ਹੋਣ ਤੋਂ ਬਾਅਦ ਡਾ. ਰਮਨਦੀਪ ਜੀ ਨੇ 12000 ਤੋਂ ਵੱਧ ਕਿਸਾਨਾਂ ਨੂੰ ਇੱਕ ਸਾਂਝੇ ਪਲੇਟਫਾਰਮ ‘ਤੇ ਆਪਸ ਵਿੱਚ ਜੋੜਿਆ, ਜਿੱਥੇ ਉਹ ਸਾਰੇ ਇੱਕ ਦੂਜੇ ਨਾਲ ਆਵਿਸ਼ਕਾਰੀ ਖੇਤੀ ਤਕਨੀਕਾਂ, ਉਤਪਾਦਾਂ ਦੇ ਮੁੱਲ, ਬ੍ਰਾਂਡਿੰਗ ਅਤੇ ਪੈਕਿੰਗ, ਗ੍ਰਾਹਕਾਂ ਦੀ ਲੋੜ ਅਤੇ ਰੁਚੀ ਦੇ ਅਧਿਐਨ ਅਤੇ ਉਤਪਾਦਾਂ ਦੇ ਆੱਨਲਈਨ ਅਤੇ ਆੱਫਲਾਈਨ ਮੰਡੀਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕਰਦੇ ਹਨ, ਤਾਂ ਜੋ ਉਨ੍ਹਾਂ ਨੂੰ ਸੋਚ ਅਨੁਸਾਰ ਅਸਲ ਵਿੱਚ ਮੁਨਾਫਾ ਮਿਲ ਸਕੇ। ਮੀਡੀਆ ਦੇ ਤੌਰ ‘ਤੇ ਡਾ. ਰਮਨਦੀਪ ਜੀ ਸਿੱਖਿਆ ਦੇ ਪਸਾਰ ਲਈ ਵੱਟਸਐਪ, ਫੇਸਬੁੱਕ ਅਤੇ ਯੂ-ਟਿਊਬ ਦੀ ਵਰਤੋਂ ਲਈ ਸਲਾਹ ਦਿੰਦੇ ਹਨ ਅਤੇ ਪੂਰੀ ਦੁਨੀਆ ਦੇ ਕਿਸਾਨਾਂ ਨੂੰ ਇਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੇ ਸੋਸ਼ਲ ਮੀਡੀਆ ਗਰੁੱਪ ਆਧੁਨਿਕ ਅਤੇ ਉਪਯੋਗੀ ਜਾਣਕਾਰੀ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਬੜੀ ਤੇਜ਼ੀ ਨਾਲ ਭਾਰੀ ਗਿਣਤੀ ਵਿੱਚ ਸਰੋਤਿਆਂ ਤੱਕ ਪਹੁੰਚ ਕਰ ਰਹੇ ਹਨ, ਕਿਉਂਕਿ ਉਹ ਨਾ ਕੇਵਲ ਜਾਣਕਾਰੀ ਫੈਲਾਉਣ ਲਈ, ਸਗੋਂ ਖੇਤੀਬਾੜੀ ਵਿੱਚ ਨਵੇਂ ਵਿਚਾਰਾਂ ਅਤੇ ਕੰਮਾਂ ਵਿੱਚ ਕਿਸਾਨਾਂ ਦੇ ਹਿਤ ਨੂੰ ਉਤੇਜਿਤ ਕਰਨ ਲਈ ਇੱਕ ਸੱਚੇ ਸਾਧਨ ਦੇ ਰੂਪ ਵਿੱਚ ਕੰਮ ਕਰਦੇ ਹਨ।

ਡਾ. ਰਮਨਦੀਪ ਅਤੇ ਉਨ੍ਹਾਂ ਦੀ ਟੀਮ ਨੇ ਇਸ ਰਿਕਾਰਡ ਤੋੜ ਪਹਿਲ ਦੇ ਸਿੱਟੇ ਵਜੋਂ ਭਾਰੀ ਸੰਖਿਆ ਵਿੱਚ ਕਿਸਾਨਾਂ ਨੇ ਉਤਪਾਦ ਬਣਾਉਣ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਲਾਗੂ ਕਰਨੀ ਵੀ ਸ਼ੁਰੂ ਕੀਤੀ। ਇਸ ਸਭ ਨਾਲ ਉਨ੍ਹਾਂ ਨੂੰ ਖੁਦ ਤਿਆਰ ਕੀਤੇ ਉਤਪਾਦਾਂ ਦੀ ਮਹੱਤਤਾ ਅਤੇ ਤਾਕਤ ਬਾਰੇ ਅਹਿਸਾਸ ਤਾਂ ਹੋਇਆ ਹੀ, ਨਾਲ ਹੀ ਉਨ੍ਹਾਂ ਨੂੰ ਆਤਮ-ਨਿਰਭਰ ਹੋਣ ਵਿੱਚ ਵੀ ਮਦਦ ਮਿਲੀ। ਡਾ. ਰਮਨਦੀਪ ਜੀ ਦੀ ਕਹਾਣੀ ਖਤਮ ਨਾ ਹੋਣ ਵਾਲੀ ਹੈ, ਉਨ੍ਹਾਂ ਨੇ ਕਿਸਾਨਾਂ ਨੂੰ ਪ੍ਰੇਰਿਤ ਕਰਕੇ ਜਿਨ੍ਹਾਂ ਦੇ ਖੁਦ ਦੇ ਡੇਅਰੀ ਫਾਰਮ ਸੀ, ਉਨ੍ਹਾਂ ਨੂੰ ਪਨੀਰ, ਆਈਸ-ਕਰੀਮ ਅਤੇ ਹੋਰ ਬਹੁਤ ਸਾਰੇ ਦੁੱਧ ਉਤਪਾਦ ਤਿਆਰ ਕਰਨ ਅਤੇ ਮਧੂ-ਮੱਖੀ ਪਾਲਕਾਂ ਦੇ ਸ਼ਹਿਦ ਨੂੰ ਖੁਦ ਆਪਣੇ ਬਰਾਂਡ ਨਾਲ ਵੇਚਣ ਵਿੱਚ ਮਦਦ ਕੀਤੀ। ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇਕਰ ਨੌਜਵਾਨਾਂ ਦੀ ਸਹੀ ਤਰੀਕੇ ਨਾਲ ਅਗਵਾਈ ਕੀਤੀ ਜਾਵੇ, ਤਾਂ ਉਹ ਖੇਤੀਬਾੜੀ ਦੇ ਖੇਤਰ ਵਿੱਚ ਭਾਰੀ ਯੋਗਦਾਨ ਦੇ ਸਕਦੇ ਹਨ। ਇਸ ਲਈ ਡਾ. ਰਮਨਦੀਪ ਜੀ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਨ ਲਈ ਗੈੱਸਟ ਲੈਕਚਰਾਂ, ਸੈਮੀਨਾਰਾਂ ਅਤੇ ਕੌਨਫਰੈੱਸਾਂ ਦੌਰਾਨ ਇੱਕ ਨਿਯਮਿਤ ਪਲੇਟਫਾਰਮ ਅਤੇ ਅਨਿਯਮਿਤ ਤੌਰ ‘ਤੇ ਵੀ ਅਗਵਾਈ ਕਰਨ ਅਤੇ ਸਲਾਹ ਦੇਣ ਲਈ ਉਪਲੱਬਧ ਰਹਿੰਦੇ ਹਨ।

ਤੁਸੀਂ ਵੀ ਪੰਜਾਬ ਐਗਰੀ ਬ੍ਰਾਂਡ, ਪੰਜਾਬ ਹਨੀ, ਪੰਜਾਬ ਪੋਲੀਹਾਊਸ, ਪੰਜਾਬ ਇਨੋਵੇਟਿਵ, ਪੰਜਾਬ ਹੋਰਟੀਕਲਚਰ, ਪੰਜਾਬ ਯੰਗ ਫਾਰਮਰਜ਼, ਯੰਗ ਇਨੋਵੇਟਿਵ ਫਾਰਮਰਜ਼, ਪੰਜਾਬ ਗਲੋਬਲ, ਪੰਜਾਬ ਫਾਰਮ ਟੂਰਿਜ਼ਮ, ਪੰਜਾਬ ਟੋਮੈਟੋ, ਪੰਜਾਬ ਆੱਨ ਫਾਰਮ ਮਾਰਕਿਟਸ, ਪੰਜਾਬ ਮਸ਼ਰੂਮਜ਼, ਪੰਜਾਬ ਵਾਈ ਐੱਫ ਸੀ ਸਠਿਆਲਾ, ਪ੍ਰੋਗਰੈੱਸਿਵ ਫਾਰਮਰ ਪੰਜਾਬ, ਐੱਨ ਐੱਫ ਏ ਸ਼੍ਰੀ ਮੁਕਤਸਰ ਸਾਹਿਬ, ਪੀ ਬੀ, ਹੋਰਟੀਕਲਚਰ ਫਾਰਮਰਜ਼ ਐੱਨ ਐੱਫ ਏ, ਪਟੈਟੋ ਗਰੋਅਰਜ਼, ਪੰਜਾਬ ਪੀ ਐੱਚ ਸੀ ਪੀ ਏ ਯੂ ਆਦਿ ਵੱਟਸਐਪ ਗਰੁੱਪਾਂ ਵਿੱਚ ਸ਼ਾਮਲ ਹੋ ਕੇ ਇਸ ਤੇਜ਼ ਬਦਲਾਅ ਲਈ ਡਾ. ਰਮਨਦੀਪ ਸਿੰਘ ਜੀ ਦੇ ਜੋਸ਼ ਦਾ ਹਿੱਸਾ ਬਣ ਸਕਦੇ ਹੋ। ਡਾ. ਰਮਨਦੀਪ ਜੀ ਫੇਸਬੁੱਕ ਗਰੁੱਪ ਵੀ ਚਲਾ ਰਹੇ ਹਨ ਜਿਵੇਂ ਕਿ: ਫਾਊਂਡੇਸ਼ਨ ਫਾੱਰ ਐਗਰੀ ਬਿਜ਼ਨਸ ਅਵੇਅਰਨੈੱਸ ਐਂਡ ਏਜੂਕੇਸ਼ਨ, ਪੰਜਾਬੀ ਯੰਗ ਇਨੋਵੇਟਿਵ ਫਾਰਮਰਜ਼ ਐਂਡ ਐਗਰੀ-ਪ੍ਰਿਨਿਓਰਸ, ਪ੍ਰੋਗਰੈੱਸਿਵ ਬੀ ਕੀਪਰਸ ਐਸੋਸੀਏਸ਼ਨ।

ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈਨਲਾਂ ਨੇ ਡਾ. ਰਮਨਦੀਪ ਸਿੰਘ ਨੂੰ ਆਪਣੇ ਸ਼ੋਅ ਵਿੱਚ ਖੇਤੀ ਸੰਬੰਧੀ ਰਿਸਰਚ, ਮੰਡੀਕਰਨ ਅਤੇ ਕਾਰੋਬਾਰ ਪ੍ਰਬੰਧਨ ਅਤੇ ਖੇਤੀਬਾੜੀ ਭਾਈਚਾਰੇ ਵਿੱਚ ਬਦਲਾਅ ਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕਰਨ ਲਈ ਬੁਲਾਇਆ। ਅੱਜ ਪੰਜਾਬ ਵਿੱਚ ਲਗਭਗ ਹਰ ਘਰ ਡਾ. ਰਮਨਦੀਪ ਲਈ ਐਗਰੀ ਵਪਾਰ ਦੀ ਧਾਰਣਾ ਦੇ ਪ੍ਰਤੀ ਉਨ੍ਹਾਂ ਦਾ ਜ਼ਿਕਰਯੋਗ ਯੋਗਦਾਨ ਹੈ।

ਅਮਨਦੀਪ ਕੌਰ

ਪੂਰੀ ਕਹਾਣੀ ਪੜ੍ਹੋ

ਇੱਕ ਜਵਾਨ ਕੁੜੀ ਦੀ ਕਹਾਣੀ, ਜੋ ਆਪਣੀ ਉਭਰਦੀ ਹੋਈ ਕਲਾ ਨਾਲ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਅਤੇ ਰਸੋਈ ਕਲਾ ਨਾਲ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਇਹ ਕਿਹਾ ਜਾਂਦਾ ਹੈ ਕਿ ਜੋ ਲੋਕ ਆਪਣੇ ਜੀਵਨ ਵਿੱਚ ਕੁੱਝ ਹਾਸਿਲ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਛੋਟੀ ਜਿਹੀ ਪ੍ਰੇਰਣਾ ਹੀ ਕਾਫੀ ਹੁੰਦੀ ਹੈ। ਪ੍ਰਮਾਤਮਾ ਨੇ ਹਰ ਕਿਸੇ ਨੂੰ ਉਪਹਾਰ ਦੇ ਨਾਲ ਭੇਜਿਆ ਹੈ, ਉਨ੍ਹਾਂ ਵਿੱਚੋਂ ਕੁੱਝ ਹੀ ਉਸ ਪ੍ਰਤਿਭਾ ਨੂੰ ਪਹਿਚਾਣ ਪਾਉਂਦੇ ਹਨ ਅਤੇ ਜ਼ਿਆਦਾਤਰ ਲੋਕ ਵਿਸ਼ਵਾਸ ਦੀ ਕਮੀ ਕਾਰਣ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਦੇ। ਪਰ ਮੋਗੇ ਦੀ ਇੱਕ ਕੁੜੀ ਨੇ ਆਪਣੀ ਪ੍ਰਤਿਭਾ ਨੂੰ ਪਹਿਚਾਣਿਆ ਅਤੇ ਆਤਮ-ਨਿਰਭਰ ਹੋਣ ਲਈ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਹਿੰਮਤ ਕੀਤੀ।

ਅਮਨਦੀਪ ਕੌਰ (25 ਸਾਲ) ਪਿੰਡ ਲੰਡੇ ਕੇ ਮੋਗਾ ਦੀ ਇੱਕ ਉਭਰਦੀ ਹੋਈ ਉੱਦਮਕਰਤਾ ਹੈ, ਜੋ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਹਰ ਨੇਤਾ ਦੇ ਪਿੱਛੇ ਇੱਕ ਸੰਘਰਸ਼ ਦਾ ਤਜ਼ਰਬਾ ਹੁੰਦਾ ਹੈ, ਜੋ ਉਸਨੂੰ ਉਸ ਜਗ੍ਹਾ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸੇ ਤਰ੍ਹਾਂ ਅਮਨਦੀਪ ਕੌਰ ਨਾਲ ਵੀ ਹੈ। ਹੋਰਨਾਂ ਕੁੜੀਆਂ ਵਾਂਗ ਉਹ ਇੱਕ ਜਵਾਨ ਅਤੇ ਉਤਸ਼ਾਹੀ ਆਤਮਾ ਵਾਲੀ ਕੁੜੀ ਹੈ, ਪਰ ਉਸਦਾ ਇਰਾਦਾ ਬਹੁਤ ਪੱਕਾ ਹੈ, ਜੋ ਉਸਨੂੰ ਦੂਜਿਆਂ ਤੋਂ ਅਲੱਗ ਕਰਦਾ ਹੈ। ਇਸ ਵੇਲੇ ਉਹ ਆਪਣੇ ਭਰਾ ਅਤੇ ਮਾਂ ਦੇ ਨਾਲ ਰਹਿ ਰਹੀ ਹੈ। ਉਸਦੇ ਪਿਤਾ ਦਾ ਬਹੁਤ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਅਤੇ ਆਰਥਿਕ ਤੰਗੀ ਕਾਰਨ ਉਸਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਪਰ ਜਿਵੇਂ ਕਿ ਅਸੀਂ ਸੁਣਿਆ ਹੈ ਕਿ ਜੋ ਲੋਕ ਕੁੱਝ ਵੱਡਾ ਕਰਨਾ ਚਾਹੁੰਦੇ ਹਨ ਅਤੇ ਭੀੜ ਤੋਂ ਬਾਹਰ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਰੁਕਦੇ ਨਹੀਂ।

ਅੱਜ ਅਮਨਦੀਪ 7 ਕੁੜੀਆਂ ਦੇ ਗਰੁੱਪ (ਸਵਾਤੀ ਮਹਿਲਾ ਕੋਪਰੇਟਿਵ ਸੁਸਾਇਟੀ) ਦੀ ਪ੍ਰਧਾਨ ਹੈ ਅਤੇ ਇਸ ਬ੍ਰੈਂਡ ਨਾਮ ਦੇ ਤਹਿਤ ਉਹ ਸਫ਼ਲਤਾ ਦੇ ਕੁੱਝ ਕਦਮ ਚੁੱਕ ਰਹੇ ਹਨ। ਇਸ ਗਰੁੱਪ ਦੇ ਬਣਨ ਪਿੱਛੇ ਮਹਿਲਾ ਸਮਾਜ ਸੇਵਕ ਸ਼੍ਰੀਮਤੀ ਸੁੰਦਰਾ ਦਾ ਹੱਥ ਹੈ। ਸ਼੍ਰੀਮਤੀ ਸੁੰਦਰਾ ਨੇ ਇੱਕ ਛੋਟੀ ਜਿਹੀ ਪ੍ਰੇਰਣਾ ਅਮਨਦੀਪ ਨੂੰ ਦਿੱਤੀ, ਜੋ ਕਿ ਉਸ ਲਈ ਕੁੜੀਆਂ ਨੂੰ ਇਕੱਠਾ ਕਰਨ ਅਤੇ ਆਪਣੇ ਘਰ ਤੋਂ ਚਟਨੀ ਅਤੇ ਆਚਾਰ ਤਿਆਰ ਕਰਨ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਾਫੀ ਸੀ।

ਅਮਨਦੀਪ ਕੌਰ ਨੇ ਦੱਸਿਆ ਕਿ ਸ਼੍ਰੀਮਤੀ ਸੁੰਦਰਾ ਨੇ 2003 ਵਿੱਚ ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ, ਉਨ੍ਹਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਕਿ ਉਨ੍ਹਾਂ ਦੀ ਕੀ ਸਮਰੱਥਾ ਹੈ ਅਤੇ ਉਹ ਵਿਹਲੇ ਰਹਿਣ ਦੀ ਬਜਾਏ ਆਪਣੀ ਕਲਾ ਨੂੰ ਕਿਵੇਂ ਉਪਯੋਗੀ ਬਣਾ ਸਕਦੇ ਹਨ। ਉਹ ਅਮਨਦੀਪ ਅਤੇ ਹੋਰਨਾਂ ਕੁੜੀਆਂ ਨੂੰ ਆਚਾਰ, ਚਟਨੀ ਅਤੇ ਕਈ ਹੋਰ ਖਾਣ ਵਾਲੇ ਉਤਪਾਦਾਂ, ਜਿਵੇਂ ਕਿ ਘਰੇਲੂ ਉਤਪਾਦਾਂ ਨੂੰ ਬਣਾਉਣ ਦੀ ਟ੍ਰੇਨਿੰਗ ਵਿੱਚ ਦਾਖਲਾ ਲੈਣ ਵਿੱਚ ਵੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ।

ਅਮਨਦੀਪ ਨਾ-ਸਿਰਫ਼ ਕਮਾਉਣ ਅਤੇ ਆਪਣੇ ਪਰਿਵਾਰ ਨੂੰ ਸਹਿਯੋਗ ਦੇਣ ਲਈ ਕੰਮ ਕਰ ਰਹੀ ਹੈ, ਬਲਕਿ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਵੀ ਕੰਮ ਕਰ ਰਹੀ ਹੈ। ਉਹ ਆਪਣੇ ਕੰਮ ਪ੍ਰਤੀ ਕਾਫੀ ਭਾਵੁਕ ਹੈ ਅਤੇ ਉਸਨੇ ਘਰ ਤੋਂ ਬਣੇ ਉਤਪਾਦਾਂ ਵਿੱਚ ਸਿੱਖਿਆ ਲੈਣ ਦੀ ਯੋਜਨਾ ਬਣਾਈ, ਤਾਂ ਕਿ ਉਹ ਵੱਖ-ਵੱਖ ਖਾਣਯੋਗ ਉਤਪਾਦਾਂ ਨੂੰ ਬਾਜ਼ਾਰ ਵਿੱਚ ਵਿਕਰੀ ਲਈ ਲਿਜਾ ਸਕੇ। ਹੋਰਨਾਂ ਕੁੜੀਆਂ ਦੇ ਨਾਮ ਪਰਮਿੰਦਰ, ਬਲਜੀਤ, ਰਣਜੀਤ, ਗੁਰਪ੍ਰੀਤ, ਚੰਨੀ, ਮਨਜੀਤ ਅਤੇ ਪਵਨਦੀਪ ਹਨ। ਇਹ ਕੁੜੀਆਂ ਸ਼ੁਰੂਆਤੀ 20ਵੇਂ ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਹਨ, ਪਰ ਕੁੱਝ ਹਾਲਾਤਾਂ ਦੇ ਕਾਰਨ ਉਨ੍ਹਾਂ ਨੂੰ ਆਪਣੀ ਸਿੱਖਿਆ ਵਿੱਚ ਹੀ ਛੱਡਣੀ ਪਈ। ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ, ਨਵੀਆਂ ਚੀਜ਼ਾਂ ਦਾ ਪਤਾ ਲਗਾਉਣ, ਆਪਣੀ ਕਮਾਈ ਕਰਨ ਅਤੇ ਆਤਮ-ਨਿਰਭਰ ਹੋਣ ਲਈ ਉਨ੍ਹਾਂ ਵਿੱਚ ਉਤਸ਼ਾਹ ਅਜੇ ਵੀ ਹੈ। ਸਾਰੀਆਂ ਕੁੜੀਆਂ ਆਪਣੇ ਕੰਮ ਪ੍ਰਤੀ ਬਹੁਤ ਉਸ਼ਾਹਿਤ ਹਨ ਅਤੇ ਉਹ ਆਪਣੇ ਕਾਰੋਬਾਰ ਦੇ ਨਾਲ ਪੜ੍ਹਾਈ ਜਾਰੀ ਰੱਖਣ ਵਿੱਚ ਵੀ ਦਿਲਚਸਪੀ ਰੱਖਦੀਆਂ ਹਨ।

ਅਮਨਦੀਪ ਕੌਰ ਅਤੇ ਉਸਦੇ ਗਰੁੱਪ ਦੇ ਬਾਕੀ ਮੈਂਬਰ ਕਾਫੀ ਮਿਹਨਤੀ ਹਨ ਅਤੇ ਜਾਣਦੇ ਹਨ ਕਿ ਆਪਣੇ ਕੰਮ ਦਾ ਸਹੀ ਢੰਗ ਨਾਲ ਕਿਵੇਂ ਪ੍ਰਬੰਧਨ ਕਰਨਾ ਹੈ। ਉਹ ਆਚਾਰ, ਚਟਨੀ ਅਤੇ ਇਤਰ ਬਣਾਉਣ ਲਈ ਖੁਦ ਬਜ਼ਾਰ (ਸਬਜ਼ੀ ਮੰਡੀ) ਤੋਂ ਕੱਚਾ ਮਾਲ ਖਰੀਦਦੇ ਹਨ। ਉਹ 10 ਤਰ੍ਹਾਂ ਦੇ ਆਚਾਰ, 2 ਤਰ੍ਹਾਂ ਦੀ ਚਟਨੀ ਅਤੇ 3 ਤਰ੍ਹਾਂ ਦਾ ਇਤਰ ਅਤੇ ਕੈਂਡੀਜ਼ ਵੀ ਬਣਾਉਂਦੇ ਹਨ। ਸਭ ਕੁੱਝ ਉਨ੍ਹਾਂ ਦੁਆਰਾ ਹੱਥੀਂ ਤਿਆਰ ਕੀਤਾ ਜਾਂਦਾ ਹੈ ਅਤੇ ਕਿਸੇ ਰਸਾਇਣ ਦੀ ਵਰਤੋਂ ਕੀਤੇ ਬਿਨਾਂ ਸ਼ੁੱਧ ਤੌਰ ‘ਤੇ ਬਣਾਇਆ ਜਾਂਦਾ ਹੈ। ਉਨ੍ਹਾਂ ਦੁਆਰਾ ਬਣਾਏ ਗਏ ਉਤਪਾਦਾਂ ਵਿੱਚ ਆਚਾਰ, ਚਟਨੀ ਅਤੇ ਕੈਂਡੀਜ਼ ਬਹੁਤ ਸੁਆਦ ਹੁੰਦੇ ਹਨ ਅਤੇ ਅਸਲ ਸੁਆਦ ਵਾਲੇ ਹੁੰਦੇ ਹਨ ਅਤੇ ਇਹ ਤੁਹਾਨੂੰ ਤੁਹਾਡੀ ਦਾਦੀ ਹੱਥਾਂ ਦੀ ਯਾਦ ਦਿਵਾਉਣਗੇ।

ਅੰਬ ਦੀ ਚਟਨੀ, ਲੱਛੇ ਨਿੰਬੂ ਦਾ ਆਚਾਰ, ਅਦਰਕ ਦਾ ਆਚਾਰ ਅਤੇ ਲਸਣ ਦਾ ਆਚਾਰ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਹੈ। ਉਹ ਕਈ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਜਾਂਦੇ ਹਨ, ਤਾਂ ਕਿ ਉਹ ਆਪਣੇ ਹੱਥੀਂ ਤਿਆਰ ਉਤਪਾਦਾਂ ਨੂੰ ਵੇਚ ਸਕਣ ਅਤੇ ਇਸ ਤੋਂ ਇਲਾਵਾ ਉਹ ਆਪਣੇ ਉਤਪਾਦ ਨੂੰ ਵੇਚਣ ਲਈ ਖੁਦ ਵੱਖ-ਵੱਖ ਸਮਾਜਾਂ ਅਤੇ ਕਮੇਟੀਆਂ ਵਿੱਚ ਜਾ ਕੇ ਦੌਰਾ ਕਰਦੇ ਹਨ। ਹੁਣ ਤੱਕ ਉਹ ਫਤਿਹਗੜ, ਫਿਰੋਜ਼ਪੁਰ, ਲੁਧਿਆਣਾ ਅਤੇ ਮੋਗਾ ਵਿੱਚ ਗਏ ਹਨ ਅਤੇ ਭਵਿੱਖ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਵਿੱਚ ਜਾਣਗੇ। ਆਮ ਤੌਰ ‘ਤੇ ਉਹ ਹਰ ਇੱਕ ਦਿਨ ਵਿੱਚ 1 ਕਿਲੋ ਆਚਾਰ ਦੇ ਲਗਭਗ 100 ਬਕਸੇ ਤਿਆਰ ਕਰਦੇ ਹਨ।

ਇਸ ਸਮੇਂ ਇਸ ਗਰੁੱਪ ਦੀ ਕੁੱਲ ਆਮਦਨ ਕੇਵਲ 20000 ਰੁਪਏ ਪ੍ਰਤੀ ਮਹੀਨਾ ਹੈ ਅਤੇ ਉਨ੍ਹਾਂ ਲਈ ਇਸ ਘੱਟ ਆਮਦਨ ਵਿੱਚ ਪ੍ਰਬੰਧਨ ਕਰਨਾ ਬਹੁਤ ਮੁਸ਼ਕਿਲ ਹੈ। ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਉਤਪਾਦ ਨੂੰ ਵੇਚਣ ਲਈ ਉਨ੍ਹਾਂ ਕੋਲ ਉਚਿੱਤ ਪਲੇਟਫਾਰਮ ਨਹੀਂ ਹੈ ਅਤੇ ਬਹੁਤ ਘੱਟ ਲੋਕ ਸਵਾਤੀ ਮਹਿਲਾ ਕੋਪਰੇਟਿਵ ਸੁਸਾਇਟੀ ਦੇ ਬਾਰੇ ਵਿੱਚ ਜਾਣਦੇ ਹਨ। ਉਨ੍ਹਾਂ ਦੇ ਅਨੁਸਾਰ ਇਹ ਸਿਰਫ਼ ਸ਼ੁਰੂਆਤ ਹੈ ਅਤੇ ਇਸ ਪ੍ਰਕਾਰ ਦੀਆਂ ਮੁਸ਼ਕਿਲਾਂ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰ ਸਕਦੀਆਂ ਅਤੇ ਜੋ ਵੀ ਕੰਮ ਉਹ ਕਰ ਰਹੀਆਂ ਹਨ ਉਸ ਤੋਂ ਰੋਕ ਨਹੀਂ ਸਕਦੀਆਂ।

ਅਮਨਦੀਪ ਕੌਰ ਦੁਆਰਾ ਦਿੱਤਾ ਗਿਆ ਸੰਦੇਸ਼
ਹਰ ਕੁੜੀ ਨੂੰ ਆਪਣਾ ਹੁਨਰ ਪਹਿਚਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਜ਼ੋਰ ‘ਤੇ ਆਤਮ-ਨਿਰਭਰ ਹੋਣ ਲਈ ਬੁੱਧੀਮਾਨੀ ਨਾਲ ਇਸਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅੱਜ ਮਹਿਲਾਵਾਂ ਨੂੰ ਦੂਜਿਆਂ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਆਤਮ-ਨਿਰਧਾਰਿਤ ਅਤੇ ਸਵੈ-ਨਿਯੰਤ੍ਰਿਤ ਹੋਣਾ ਚਾਹੀਦਾ ਹੈ, ਕਿਉਂਕਿ ਵਧੀਆ ਲੱਗਦਾ ਹੈ ਜਦੋਂ ਤੁਹਾਡੇ ਵਿੱਚ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸ਼ਕਤੀ ਹੁੰਦੀ ਹੈ। ਰਸਤਾ ਦਿਖਾਉਣ ਵਿੱਚ ਸਿੱਖਿਆ ਬਹੁਤ ਜ਼ਰੂਰੀ ਹੈ। ਕੰਮ ਅਤੇ ਆਤਮ-ਨਿਰਭਰਤਾ ਤੁਹਾਨੂੰ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਕੀ ਹੋ? ਇਸ ਲਈ ਹਰ ਕੁੜੀ ਨੂੰ ਆਪਣੀ ਸਿੱਖਿਆ ਪੁਰੀ ਕਰਨੀ ਚਾਹੀਦੀ ਹੈ ਅਤੇ ਦਿਲਚਸਪੀ ਨਾਲ ਉਨ੍ਹਾਂ ਨੂੰ ਆਪਣਾ ਰਾਸਤਾ ਚੁਣਨਾ ਚਾਹੀਦਾ ਹੈ, ਜੋ ਕਿ ਵਧੀਆ ਜ਼ਿੰਦਗੀ ਜਿਊਣ ਵਿੱਚ ਮਦਦ ਕਰਦਾ ਹੈ।”

ਗੁਰਦਿਆਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਦੀ ਮਿਹਨਤ ਅਤੇ ਜਨੂੰਨ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੀਲੀ ਕ੍ਰਾਂਤੀ ਲਿਆਂਦੀ

ਪੰਜਾਬ ਰਾਜ ਇੱਕ ਅਜਿਹਾ ਖੇਤਰ ਹੈ, ਜਿੱਥੇ ਕਣਕ ਅਤੇ ਝੋਨੇ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫਾ ਹੁੰਦਾ ਹੈ। ਕਿਸਾਨ ਕਣਕ ਅਤੇ ਝੋਨੇ ਵੱਲ ਖਾਸ ਧਿਆਨ ਇਸ ਲਈ ਵੀ ਦਿੰਦੇ ਹਨ, ਕਿਉਂਕਿ ਇਸਦੀ ਪੈਦਾਵਾਰ ਤੋਂ ਸਹੀ ਨਤੀਜੇ ਪ੍ਰਾਪਤ ਹੁੰਦੇ ਹਨ। ਪਰ ਇੱਕ ਕਿਸਾਨ ਅਜਿਹਾ ਵੀ ਹੈ, ਜੋ ਬਾਕੀ ਕਿਸਾਨਾਂ ਤੋਂ ਅਲੱਗ ਹੈ। ਉਸਨੇ ਖੇਤੀਬਾੜੀ ਵਿੱਚ ਬਦਲਾਵ ਲਿਆਉਣ ਬਾਰੇ ਸੋਚਿਆ ਅਤੇ ‘ਪੀਲੀ ਕਰਾਂਤੀ’ ਸ਼ੁਰੂ ਕੀਤੀ।

ਸ. ਗੁਰਦਿਆਲ ਸਿੰਘ ਪਿੰਡ ਸੱਲੋਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕਿਸਾਨ ਹਨ, ਜੋ ਹਲਦੀ ਦੀ ਖੇਤੀ ਕਰਦੇ ਹਨ। ਉਹ ਇੱਕ ਕਿਸਾਨ, ਇੱਕ ਉਦਯੋਗਪਤੀ ਅਤੇ ਇੱਕ ਹਲਦੀ ਦੀ ਖੇਤੀ ਦੇ ਟ੍ਰੇਨਰ ਵਜੋਂ ਕੰਮ ਕਰ ਰਹੇ ਹਨ। ਉਹ ਹਲਦੀ ਖੇਤੀ ਤੋਂ ਲੈ ਕੇ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦਾ ਮੰਡੀਕਰਨ ਕਰਨ ਤੱਕ ਦਾ ਕੰਮ ਖੁਦ ਕਰਦੇ ਹਨ। ਉਹ ਆਪਣੇ ਉਤਪਾਦ ਵੇਚਣ ਲਈ ਕਿਸੇ ਤੀਜੇ ਬੰਦੇ ‘ਤੇ ਨਿਰਭਰ ਨਹੀਂ ਹਨ। ਉਨ੍ਹਾਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਹੋਰਨਾਂ ਕਿਸਾਨਾਂ ਤੋਂ ਅਲੱਗ ਰਾਸਤਾ ਚੁਣਿਆ। ਇਸ ਸਮੇਂ ਉਨ੍ਹਾਂ ਦੀ ਹਲਦੀ ਦੀ ਸਾਲਾਨਾ ਪੈਦਾਵਾਰ 1500-2000 ਕੁਇੰਟਲ ਹੈ ਅਤੇ ਉਹ ਗ੍ਰੀਨ ਗੋਲਡ ਸਪਾਈਸ ਗਰੁੱਪ ਦੇ ਰਾਜਾ ਹਨ।

ਸਫ਼ਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ, ਇਸਦੇ ਲਈ ਇਨਸਾਨ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਘਾਟਾ ਵੀ ਸਹਿਣਾ ਪੈਂਦਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਹਾਰ ਨਾ ਮੰਨਣ ਅਤੇ ਅੱਗੇ ਵੱਧਦੇ ਰਹਿਣ ਦੀ ਸੋਚ ਹੀ ਇਨਸਾਨ ਨੂੰ ਸਫ਼ਲ ਬਣਾਉਂਦੀ ਹੈ। ਗੁਰਦਿਆਲ ਸਿੰਘ ਜੀ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਹੀ ਹੈ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਸ਼ੁਰੂ ਤੋਂ ਹੀ ਉਹ ਰਵਾਇਤੀ ਖੇਤੀ ਤੋਂ ਸੰਤੁਸ਼ਟ ਨਹੀਂ ਸਨ, ਕਿਉਂਕਿ ਇਸ ਵਿੱਚ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸੀ। ਇਸ ਲਈ 2004 ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਥੋੜ੍ਹੀ ਜਿਹੀ ਜ਼ਮੀਨ ‘ਤੇ ਹਲਦੀ ਦੀ ਖੇਤੀ ਦਾ ਇੱਕ ਪ੍ਰਯੋਗ ਕਰਕੇ ਦੇਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਹਲਦੀ ਪਾਊਡਰ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ, ਉਹ ਵੀ ਬਿਨਾਂ ਕਿਸੇ ਮਸ਼ੀਨਰੀ ਦੀ ਵਰਤੋਂ ਕੀਤੇ।

ਹਲਦੀ ਦੀਆਂ ਗੰਢੀਆਂ ਤੋਂ ਹਲਦੀ ਪਾਊਡਰ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ। ਇਸ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਸੁਝਾਅ ਅਨੁਸਾਰ ਹਲਦੀ ਪਾਊਡਰ ਤਿਆਰ ਕਰਨ ਵਾਲੀ ਮਸ਼ੀਨ ਲਿਆਂਦੀ। ਫਿਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਹੋਰ ਆਧੁਨਿਕ ਮਸ਼ੀਨਾਂ, ਜਿਵੇਂ ਕਿ ਟ੍ਰੈਕਟਰ, ਟਰਾਲੀ, ਲੈਵਲਰ, ਹਲ ਆਦਿ ਵੀ ਲਿਆਂਦੇ। ਇਹ ਸਭ ਕਰਨ ਨਾਲ ਇਸ ਸਮੇਂ ਉਨ੍ਹਾਂ ਦੀ ਕੱਚੀ ਹਲਦੀ ਪੈਦਾਵਾਰ 60 ਕੁਇੰਟਲ ਤੋਂ ਵੱਧ ਕੇ 110 ਕੁਇੰਟਲ ਤੱਕ ਪਹੁੰਚ ਗਈ ਹੈ। ਇਹ ਸਭ ਕਰਦਿਆਂ ਨਾਲ ਹੀ ਉਨ੍ਹਾਂ ਨੇ 2007 ਵਿੱਚ ਗ੍ਰੀਨ ਗੋਲਡ ਮਸਾਲਿਆਂ ਦੇ ਨਾਮ ਦਾ ਹਲਦੀ ਪ੍ਰੋਸੈਸਿੰਗ ਪਲਾਂਟ ਲਾਇਆ, ਜਿਸ ਦੇ ਉਤਪਾਦਾਂ ਵਿੱਚੋਂ ਗ੍ਰੀਨ ਗੋਲਡ ਹਲਦੀ ਵੀ ਇੱਕ ਹੈ। ਉਨ੍ਹਾਂ ਦੇ ਪਰਿਵਾਰ ਚੋਂ ਪਤਨੀ, ਦੋ ਪੁੱਤਰ, ਇੱਕ ਧੀ ਸਭ ਹਲਦੀ ਦੀ ਪ੍ਰੋਸੈੱਸਿੰਗ ਜਿਵੇਂ ਕਿ ਧੁਵਾਈ, ਉਬਾਲਣ, ਪੋਲਿਸ਼ਿੰਗ ਅਤੇ ਪੀਹਣ ਆਦਿ ਕਿਰਿਆਵਾਂ ਵਿੱਚ ਮੁੱਖ ਰੋਲ ਅਦਾ ਕਰਦੇ ਹਨ। ਉਨ੍ਹਾਂ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ 4-5 ਮਜ਼ਦੂਰ ਕੰਮ ਕਰਦੇ ਹਨ ਅਤੇ ਹਲਦੀ ਦੀ ਪੈਕਿੰਗ, ਸੀਲਿੰਗ ਅਤੇ ਸਟੈਂਪਿੰਗ ਕਿਰਿਆਵਾਂ ਵਿੱਚ ਪੂਰਾ ਪਰਿਵਾਰ ਬਰਾਬਰ ਯੋਗਦਾਨ ਦਿੰਦਾ ਹੈ। ਸਾਰਾ ਮਸ਼ੀਨਰੀ ਸਿਸਟਮ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਉਬਾਲੀ ਹਲਦੀ ਨੂੰ ਸੁਕਾਉਣ ਲਈ ਘੱਟ ਜਗ੍ਹਾ ਦਾ ਹੋਣਾ ਹੈ।

ਗੁਰਦਿਆਲ ਸਿੰਘ ਜੀ ਨੇ ਹਲਦੀ ਦੀ ਖੇਤ ਬਾਰੇ ਹੀ ਕਿਉਂ ਸੋਚਿਆ:

• ਇਸਨੂੰ ਸਿੰਚਾਈ ਦੀ ਘੱਟ ਲੋੜ ਹੁੰਦੀ ਹੈ, ਬਿਜਾਈ ਤੋਂ ਪੁਟਾਈ ਤੱਕ (8-10 ਮਹੀਨੇ), ਕੁੱਲ 10-12 ਸਿੰਚਾਈਆਂ ਦੀ ਲੋੜ ਹੁੰਦੀ ਹੈ।

• ਹਲਦੀ ਕੁਦਰਤੀ ਤੌਰ ‘ਤੇ ਇੱਕ ਐਂਟੀ-ਬਾਇਓਟਿਕ ਹੈ, ਇਸ ਲਈ ਇਸ ਫ਼ਸਲ ‘ਤੇ ਕਿਸੇ ਵੀ ਬਿਮਾਰੀ ਆਦਿ ਦਾ ਹਮਲਾ ਨਹੀਂ ਹੁੰਦਾ। ਇਸੇ ਕਰਕੇ ਇਸ ‘ਤੇ ਜ਼ਿਆਦਾ ਰਸਾਇਣਾਂ ਅਤੇ ਸਪਰੇਆਂ ਦੀ ਲੋੜ ਨਹੀਂ ਪੈਂਦੀ।

• ਉਹ ਇੱਕ ਏਕੜ ਵਿੱਚ 35000 ਰੁਪਏ ਨਿਵੇਸ਼ ਕਰਦੇ ਹਨ ਅਤੇ 5 ਕੁਇੰਟਲ ਬੀਜ ਬੀਜਦੇ ਹਨ ਅਤੇ ਪੁਟਾਈ ਲਈ ਆਲੂ ਪੁੱਟਣ ਵਾਲੀ ਮਸ਼ੀਨ ਦੀ ਵੀ ਵਰਤੋਂ ਕਰਦੇ ਹਨ।

• ਉਹ ਕੁੱਲ 6-7 ਏਕੜ ਵਿੱਚ ਹਲਦੀ ਦੀ ਖੇਤੀ ਕਰਦੇ ਹਨ ਅਤੇ ਫਿਰ ਕੁੱਝ ਸਮੇਂ ਬਾਅਦ ਫ਼ਸਲ ਬਦਲ ਕੇ ਬੀਜ ਦਿੱਤੀ ਜਾਂਦੀ ਹੈ, ਕਿਉਂਕਿ ਹਲਦੀ ਦੀ ਖੇਤੀ ਤੋਂ ਬਾਅਦ ਮਿੱਟੀ ਦਾ ਉਪਜਾਊ-ਪਨ ਵੱਧ ਜਾਂਦਾ ਹੈ।

ਇਸ ਲਈ ਜੇਕਰ ਕੋਈ ਵੀ ਕਿਸਾਨ ਹਲਦੀ ਦੀ ਖੇਤੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਬੜੀ ਆਸਾਨੀ ਨਾਲ ਕਰ ਸਕਦਾ ਹੈ। ਹਲਦੀ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ ਸਾਰੀ ਮਸ਼ੀਨਰੀ ਲਈ ਗੁਰਦਿਆਲ ਸਿੰਘ ਜੀ ਨੇ 4.5 ਲੱਖ ਰੁਪਏ ਨਿਵੇਸ਼ ਕੀਤੇ। ਉਨ੍ਹਾਂ ਨੇ ਪੀ.ਏ.ਯੂ. ਤੋਂ ਟ੍ਰੇਨਿੰਗ ਅਤੇ ਹਲਦੀ ਦੇ ਬੀਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਪੰਜਾਬ ਬਾਗਬਾਨੀ ਵਿਭਾਗ ਤੋਂ NHM ਦੀਆਂ ਹਿਦਾਇਤਾਂ ਅਨੁਸਾਰ ‘ਗ੍ਰੀਨ ਗੋਲਡ ਪ੍ਰੋਸੈੱਸਿੰਗ ਯੂਨਿਟ’ ‘ਤੇ 25% ਸਬਸਿਡੀ ਪ੍ਰਾਪਤ ਕੀਤੀ। ਇਸ ਕ੍ਰਾਂਤੀਕਾਰੀ ਕੰਮ ਅਤੇ ਅਲੱਗ ਰਾਸਤਾ ਚੁਣਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਇਨਾਮ ਮਿਲੇ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:

• ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਦਮੀ ਕਿਸਾਨ ਪੁਰਸਕਾਰ 2014

• Datawid ਕਿਸਾਨ ਪੁਰਸਕਾਰ 2015

•ਪੀ.ਏ.ਯੂ. ਲੁਧਿਆਣਾ ਅਤੇ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਚੱਪੜ-ਚਿੜੀ ਵਿਖੇ ਸਨਮਾਨ

ਜਿਸ ਤਰੀਕੇ ਨਾਲ ਉਹ ਆਪਣੀ ਖੇਤੀ ਤਕਨੀਕਾਂ ਨੂੰ ਵਧਾ ਰਹੇ ਹਨ, ਉਸ ਹਿਸਾਬ ਨਾਲ ਇਹ ਸਨਮਾਨ ਬਹੁਤ ਘੱਟ ਹਨ। ਭਵਿੱਖ ਵਿੱਚ ਉਹ ਹੋਰ ਵੀ ਬਹੁਤ ਸਾਰੇ ਸਨਮਾਨ ਹਾਸਿਲ ਕਰਨਗੇ।

ਹਲਦੀ ਦੀ ਖੇਤੀ ਅਤੇ ਪਾਊਡਰ ਬਣਾਉਣ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਹਲਦੀ ਖੇਤੀ ਬਾਰੇ ਸੁਝਾਅ ਦਿੰਦੇ ਹਨ। ਅੱਜ ਉਨ੍ਹਾਂ ਨਾਲ ਲਗਭਗ 60 ਕਿਸਾਨ ਜੁੜੇ ਹਨ, ਜਿਨ੍ਹਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦਿੰਦੇ ਹਨ। ਉਹ ਹੋਰਨਾਂ ਕਿਸਾਨਾਂ ਤੋਂ ਸਹੀ ਮੁੱਲ ‘ਤੇ ਕੱਚੀ ਹਲਦੀ ਖਰੀਦ ਕੇ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਆਪਣੇ ਖੇਤ ਵਿੱਚ ਹਲਦੀ ਦੀ ਖੇਤੀ ਤੋਂ ਇਲਾਵਾ ਆਪਣੇ ਮਿੱਤਰ ਦੀ ਵੀ ਹਲਦੀ ਖੇਤੀ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਸਾਰੇ ਉਤਪਾਦਾਂ ਦੀ ਮਾਰਕਿਟਿੰਗ ਅਤੇ ਪ੍ਰਮੋਸ਼ਨ ਲਈ NABARD ਉਨ੍ਹਾਂ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਗ੍ਹਾ ਲੈ ਕੇ ਦਿੰਦਾ ਹੈ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਹੇਠਾਂ ਕਿਸਾਨ ਮੇਲਿਆਂ ‘ਤੇ ਵੀ ਭੇਜਦੇ ਹਨ।

ਇਨ੍ਹਾਂ ਕੰਮਾਂ ਤੋਂ ਇਲਾਵਾ ਗੁਰਦਿਆਲ ਸਿੰਘ ਜੀ ਨੇ ਮੱਖੀ-ਪਾਲਣ ਦੇ ਕਾਰੋਬਾਰ ਵਿੱਚ ਵੀ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਇਹ ਕੰਮ ਸੰਨ 2000 ਵਿੱਚ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ ਉਨ੍ਹਾਂ ਕੋਲ 100 ਬਕਸੇ ਹਨ। ਮੱਖੀ-ਪਾਲਣ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਮਜ਼ਦੂਰ ਰੱਖੇ ਹਨ। ਬਾਕੀ ਦੀ ਜ਼ਮੀਨ ‘ਤੇ ਉਹ ਮਸਰ(ਹਰੀ ਮੂੰਗੀ), ਸਫੇ਼ਦ ਬੈਂਗਣ, ਭਿੰਡੀ, ਕਣਕ ਅਤੇ ਝੋਨੇ ਆਦਿ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ। ਭਵਿੱਖ ਵਿੱਚ ਉਹ ਗ੍ਰੀਨ ਗੋਲਡ ਹਲਦੀ ਪ੍ਰੋਸੈਸਿੰਗ ਪਲਾਂਟ ਨੂੰ ਹੋਰ ਆਧੁਨਿਕ ਬਣਾਉਣ ਲਈ ਪੈਕਿੰਗ ਲਈ ਹਾਈ-ਟੈੱਕ ਮਸ਼ੀਨਾਂ ਲਗਾਉਣ ਲਈ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਦੀ ਸੋਚ ਅਨੁਸਾਰ,
ਜੇਕਰ ਕਿਸਾਨ ਖੇਤੀਬਾੜੀ ਤੋਂ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ ਅਤੇ ਕਟਾਈ ਤੋਂ ਬਾਅਦ ਫ਼ਸਲ ‘ਚੋਂ ਵੀ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸਨੂੰ ਵਿਚੋਲਿਆਂ(ਦਲਾਲਾਂ) ਨੂੰ ਬਾਹਰ ਕੱਢਣਾ ਪਵੇਗਾ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਖੁਦ ਪ੍ਰੋਸੈਸਿੰਗ ਕਰਨੀ ਪਵੇਗੀ ਅਤੇ ਖੁਦ ਹੀ ਮੰਡੀ ਤੱਕ ਲਿਜਾਣਾ ਪਵੇਗਾ। ਇਹ ਸਭ ਕਰਨ ਲਈ ਬਹੁਤ ਮਿਹਨਤ, ਤਾਕਤ ਅਤੇ ਜੋਸ਼ ਦੀ ਲੋੜ ਹੈ। ਜੇਕਰ ਕਿਸਾਨ ਖੁਦ ਦੇ ਤਿਆਰ ਕੀਤੇ ਉਤਪਾਦ ਮੰਡੀ ਵਿੱਚ ਲਿਜਾਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ, ਤਾਂ ਉਹ ਕਦੇ ਮੁਨਾਫ਼ਾ ਨਹੀਂ ਲੈ ਸਕਦਾ ਅਤੇ ਨਾ ਹੀ ਤਰੱਕੀ ਕਰ ਸਕਦਾ ਹੈ। ਜੇਕਰ ਕੋਈ ਕਿਸਾਨ ਹਲਦੀ ਦੀ ਖੇਤੀ ਵਿੱਚ ਦਿਲਚਸਪੀ ਲੈ ਰਿਹਾ ਹੈ, ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਅਤੇ ਹੋਰ ਹਲਦੀ ਵਾਲੇ ਕਿਸਾਨਾਂ ਤੋਂ ਜਾਣਕਾਰੀ ਲੈ ਸਕਦਾ ਹੈ, ਕਿਉਂਕਿ ਮਾਹਿਰ ਕਿਸਮਾਂ, ਬੀਜਾਂ, ਜਮੀਨ ਦੀਆਂ ਕਿਸਮਾਂ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ।
ਗੁਰਦਿਆਲ ਸਿੰਘ ਜੀ ਦਾ ਸੰਦੇਸ਼-
“ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਰਵਾਇਤੀ ਖੇਤੀ ਕਿਸਾਨਾਂ ਲਈ ਸਹਾਇਕ ਨਹੀਂ ਹੈ। ਜੇਕਰ ਕਿਸਾਨ ਫ਼ਸਲ ਕਟਾਈ ਤੋਂ ਬਾਅਦ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ, ਤਾਂ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਅਧੁਨਿਕ ਖੇਤੀ ਦੇ ਤਰੀਕਿਆਂ ਨਾਲ ਇੱਕ ਛੋਟਾ ਕਿਸਾਨ ਵੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਅੱਜ-ਕੱਲ੍ਹ ਸਮੇਂ ਦੀ ਲੋੜ ਫੂਡ ਪ੍ਰੋਸੈੱਸਿੰਗ ਹੈ, ਸੋ ਕਿਸਾਨਾਂ ਨੂੰ ਅਲੱਗ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਕਿਸਾਨਾਂ ਨੂੰ ਸਮਝਣਾ ਪਵੇਗਾ ਕਿ ਮੰਡੀ ਵਿੱਚ ਖੁਦ ਉਤਪਾਦ ਵੇਚਣ ਲਈ ਦਲਾਲਾਂ ਦੀ ਕੋਈ ਲੋੜ ਨਹੀਂ ਹੈ। ਇਹ ਕੰਮ ਖੁਦ ਕੀਤਾ ਜਾ ਸਕਦਾ ਹੈ।