ਕਿਵੇਂ ਕੱਟਾ ਰਾਮਕ੍ਰਿਸ਼ਨਾ ਨੇ ਉੱਚ ਘਣਤਾ ਵਾਲੀ ਰੋਪਣ ਤਕਨੀਕ ਨਾਲ ਕਪਾਹ ਦੀ ਖੇਤੀ ਨੂੰ ਹੋਰ ਦਿਲਚਸਪ ਬਣਾਇਆ
ਕੱਟਾ ਰਾਮਾਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਨਾਗੁਲੂਪੱਲਡੂ ਮੰਡਲ ਦੇ ਨੇੜੇ ਓਬੰਨਾਪਲੇਮ ਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਹਨ। ਉਨ੍ਹਾਂ ਨੇ ਵਿਗਿਆਨੀਆਂ ਦੇ ਸੁਝਾਅ ਅਨੁਸਾਰ ਆਪਣੇ ਕਪਾਹ ਦੇ ਖੇਤ ਵਿੱਚ ਉੱਚ-ਘਣਤਾ ਵਾਲੀ ਰੋਪਣ ਤਕਨੀਕ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ, ਜਿਸ ਨਾਲ ਬਿਹਤਰ ਅਤੇ ਉੱਚ ਪੈਦਾਵਾਰ ਪ੍ਰਾਪਤ ਕੀਤੀ।
ਕੱਟਾ ਰਾਮਾਕ੍ਰਿਸ਼ਨਾ ਦੀ ਇੱਕ ਛੋਟੇ ਜਿਹੇ ਖੇਤਰ ਵਿੱਚ ਜ਼ਿਆਦਾ ਪੌਦੇ ਉਗਾਉਣ ਲਈ ਇਸ ਨਵੀਨਕਾਰੀ ਪਹਿਲਕਦਮੀ ਨੇ ਅਖੀਰ ਪੈਦਾਵਾਰ ਵਿੱਚ ਵਾਧਾ ਕੀਤਾ। ਇਸ ਕਦਮ ਨਾਲ ਉਨ੍ਹਾਂ ਨੇ 10 ਕੁਇੰਟਲ ਪ੍ਰਤੀ ਏਕੜ ਦਾ ਉਤਪਾਦਨ ਕੀਤਾ, ਜਿਸ ਨੇ ਉਨ੍ਹਾਂ ਨੂੰ ਭਾਰਤੀ ਖੇਤੀਬਾੜੀ ਪਰਿਸ਼ਦ (ICAR) ਤੋਂ ਰਾਸ਼ਟਰੀ ਮਾਨਤਾ ਪ੍ਰਾਪਤ ਕਰਵਾਈ ਅਤੇ ਉਨ੍ਹਾਂ ਨੂੰ 2013 ਵਿੱਚ “ਬਾਬੂ ਜਗਜੀਵਨ ਰਾਮ ਅਭਿਨਵ ਕਿਸਾਨ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।
ਬਾਅਦ ਵਿੱਚ, ਜ਼ਿਲ੍ਹਾ ਖੇਤੀਬਾੜੀ ਸਲਾਹਕਾਰ ਅਤੇ ਟ੍ਰਾਂਸਫਰ ਆੱਫ ਤਕਨਾਲੋਜੀ ਕੇਂਦਰ ਦੀ ਅਗਵਾਈ ਨਾਲ ਕੱਟਾ ਰਾਮਾਕ੍ਰਿਸ਼ਨਾ ਨੇ ਇੱਕ ਏਕੜ ਵਿੱਚ 12500 ਪੌਦੇ ਲਗਾਏ ਅਤੇ ਇਸ ਨੂੰ ਆਪਣੀ 5 ਏਕੜ ਜ਼ਮੀਨ ਵਿੱਚ ਲਾਗੂ ਕੀਤਾ ਅਤੇ ਇੱਕ ਏਕੜ ਤੋਂ 22 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕੀਤੀ।
“ਮੇਰੇ ਦੁਆਰਾ ਨਿਵੇਸ਼ ਕੀਤੀ ਗਈ ਹਰ ਰਾਸ਼ੀ ਲਈ, ਮੈਨੂੰ ਬਦਲੇ ਵਿੱਚ ਮੁਨਾਫ਼ੇ ਦੀ ਬਰਾਬਰ ਰਕਮ ਮਿਲੀ”
– ਕੱਟਾ ਰਾਮਾਕ੍ਰਿਸ਼ਨਾ ਨੇ ਮਾਣ ਨਾਲ ਆਪਣਾ ਪੁਰਸਕਾਰ ਦਿਖਾ ਕੇ ਕਿਹਾ ਜੋ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਤੋਂ ਪ੍ਰਾਪਤ ਕੀਤਾ।
ਖੇਤੀਬਾੜੀ ਦੀ ਇਸ ਵਿਧੀ ਨਾਲ 5000 ਰੁਪਏ ਖਰਚਾ ਵੱਧਦਾ ਹੈ ਅਤੇ ਇਸ ਕਿਸਾਨ ਨੇ ਇਸ ਵਿੱਚ 45000 ਰੁਪਏ ਪ੍ਰਤੀ ਏਕੜ ਦਾ ਨਿਵੇਸ਼ ਕੀਤਾ।
“ਆਮ ਤੌਰ ‘ਤੇ ਇੱਕ ਕਿਸਾਨ ਇੱਕ ਏਕੜ ਵਿੱਚ 8000 ਕਪਾਹ ਦੇ ਪੌਦੇ ਲਗਾਉਂਦਾ ਹੈ ਅਤੇ 10-15 ਕੁਇੰਟਲ ਪੈਦਾਵਾਰ ਪ੍ਰਾਪਤ ਕਰਦਾ ਹੈ। ਪਰ ਉਹ ਨਹੀਂ ਜਾਣਦੇ ਕਿ ਪੌਦੇ ਦੀ ਘਣਤਾ ਵਿੱਚ ਵਾਧਾ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦਾ ਹੈ।”
– ਡੀ ਓ ਟੀ ਸੈਂਟਰ ਦੇ ਸੀਨੀਅਰ ਵਿਗਿਆਨੀ Ch. ਵਰਪ੍ਰਸਾਦ ਰਾਓ ਨੇ ਕਿਹਾ।
ਚਿੱਟੇ ਸੋਨੇ ਦੀ ਚੰਗੀ ਉਤਪਾਦਕਤਾ ਤੋਂ ਉਤਸ਼ਾਹਿਤ ਕੱਟਾ ਰਾਮਾਕ੍ਰਿਸ਼ਨਾ ਨੇ ਕਿਹਾ ਕਿ – “ਆਉਣ ਵਾਲੇ ਸਮੇਂ ਵਿੱਚ ਮੈਂ 16000 ਪੌਦੇ ਪ੍ਰਤੀ ਏਕੜ ਵਿੱਚ ਲਗਾ ਕੇ 20-25 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕਰ ਸਕਦਾ ਹਾਂ।”
• ਉਨ੍ਹਾਂ ਨੂੰ ਵਿਭਿੰਨ ਰਾਜਾਂ ਅਤੇ ਰਾਸ਼ਟਰੀ ਸੰਗਠਨਾਂ ਦੁਆਰਾ ਸਨਮਾਨਿਤ ਕੀਤਾ ਗਿਆ।
• ਰਾਮਾਕ੍ਰਿਸ਼ਨਾ ਨੇ ਕਪਾਹ ਦਾ ਸੰਘਣਾ ਰੋਪਣ ਅਪਣਾਇਆ ਜਿਸ ਵਿੱਚ (90×45 ਦੀ ਬਜਾਏ) 90×30 ਸੈ.ਮੀ. ਦਾ ਫਾਸਲਾ ਰੱਖਿਆ ਜਿਸ ਦੇ ਸਿੱਟੇ ਵਜੋਂ ਬਾਰਾਨੀ ਹਾਲਾਤਾਂ ਵਿੱਚ ਚੰਗੀ ਪੈਦਾਵਾਰ (45.10 ਕੁਇੰਟਲ ਪ੍ਰਤੀ ਹੈਕਟੇਅਰ) ਪ੍ਰਾਪਤ ਹੋਈ।
• ਕਪਾਹ ਦੇ ਖੇਤ ਵਿੱਚ ਜ਼ਿਆਦਾ ਜਲ ਸੰਭਾਲ ਲਈ ਹਾਈਡ੍ਰੋਜੈੱਲ ਤਕਨੀਕ ਨੂੰ ਅਪਣਾਇਆ, ਜਿਸ ਦੇ ਸਿੱਟੇ ਵਜੋਂ ਪੈਦਾਵਾਰ ਵਿੱਚ 15% ਵਾਧਾ ਹੋਇਆ।
• ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਲੇ, ਉੜਦ ਅਤੇ ਮੂੰਗ ਆਦਿ ਦੇ ਪਰੀਖਣ ਲਗਾਏ, ਜਿਸ ਦੇ ਸਿੱਟੇ ਵਜੋਂ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤਾਂ ਲਈ ਚੰਗੀਆਂ ਕਿਸਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ।
• ਛੋਲੇ ਦੀ ਫ਼ਸਲ ਵਿੱਚ ਜੈਵਿਕ ਖਾਦਾਂ ਜਿਵੇਂ ਕਿ ਰਾਇਜ਼ੋਬੀਅਮ ਅਤੇ ਫਾਸਫੋਬੈਕਟੀਰੀਆ ਦੀ ਵਰਤੋਂ ਕੀਤੀ ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ।
• ਉਹ ਖੇਤੀਬਾੜੀ ਲਈ ਹਰੀ ਖਾਦ ਅਤੇ ਜੈਵਿਕ ਖਾਦ ਦੀ ਸਿਫਾਰਿਸ਼ ਕਰਦੇ ਹਨ।
• ਉਹ ਕੀਟਨਾਸ਼ਕਾਂ ਨੂੰ ਰੋਕਣ ਲਈ ਨਿੰਮ ਦੇ ਬੀਜਾਂ ਦੀ ਵਰਤੋਂ ਕਰਦੇ ਹਨ।
• ਉਨ੍ਹਾਂ ਨੇ ਸੀ.ਟੀ.ਆਰ.ਆਈ, ਕੰਡੂਕਰ, ਪ੍ਰਕਾਸ਼ਮ ਜ਼ਿਲ੍ਹੇ ਦੇ ਸਹਿਯੋਗ ਨਾਲ ਤੰਬਾਕੂ ਦੇ ਫਾਲਤੂ ਪਦਾਰਥਾਂ ਨੂੰ ਆਪਣੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤ ਕੇ ਨਵੀਂ ਤਕਨੀਕ ਵਿਕਸਿਤ ਕੀਤੀ।
• ਉਨ੍ਹਾਂ ਨੇ ਬੀਜ ਕਮ ਖਾਦ ਡਰਿੱਲ ਨੂੰ ਸੋਧਿਆ ਤਾਂ ਕਿ ਬੀਜ ਅਤੇ ਖਾਦ ਨੂੰ ਮਿੱਟੀ ਦੀ ਵਿਭਿੰਨ ਗਹਿਰਾਈ ‘ਤੇ ਇੱਕੋ ਸਮੇਂ ਬੀਜਿਆ ਜਾਵੇ। ਇਹ ਸੋਧਿਆ ਬੀਜ ਕਮ ਖਾਦ ਡਰਿੱਲ ਸਥਾਨਕ ਕਿਸਾਨਾਂ ਲਈ ਹਰ ਪ੍ਰਕਾਰ ਦੀਆਂ ਦਾਲਾਂ ਲਈ ਲਾਭਦਾਇਕ ਹਨ।
• ਉਨ੍ਹਾਂ ਦੁਆਰਾ ਤਿਆਰ ਕੀਤੀਆਂ ਆਵਿਸ਼ਕਾਰੀ ਤਕਨੀਕਾਂ ਅਤੇ ਸੁਧਰੇ ਹੋਏ ਪੈਕੇਜ ਪ੍ਰੈਕਟਿਸ ਸਥਾਨਕ ਭਾਸ਼ਾਵਾਂ ਵਿੱਚ ਛਪੇ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਫਾਰਮ ‘ਤੇ ਹੋਣ ਵਾਲੇ ਅਨੁਭਵਾਂ ਦੀਆਂ ਅਲੱਗ-ਅਲੱਗ ਰੇਡੀਓ ਅਤੇ ਜਨਤਕ ਮੀਟਿੰਗਾਂ ਵਿੱਚ ਚਰਚਾ ਕੀਤੀ ਜਾਂਦੀ ਹੈ।
• ਉਹ ਆਪਣੇ ਖੇਤਰ ਵਿੱਚ ਦੂਜੇ ਕਿਸਾਨਾਂ ਲਈ ਇੱਕ ਆਦਰਸ਼ ਮਾਡਲ ਅਤੇ ਪ੍ਰੇਰਨਾ ਬਣ ਗਏ ਹਨ।
ਸੰਦੇਸ਼
“ਫ਼ਸਲਾਂ ਦੇ ਬਿਹਤਰ ਵਾਧੇ ਲਈ ਕਿਸਾਨਾਂ ਨੂੰ ਮਿੱਟੀ ਦੇ ਸੂਖਮ ਪੋਸ਼ਕ ਤੱਤਾਂ ਦਾ ਪ੍ਰਬੰਧਨ ਕਰਨ ਲਈ ਮਾਹਿਰਾਂ ਦੁਆਰਾ ਆਪਣੇ ਖੇਤ ਦੀ ਮਿੱਟੀ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ। ਇਸ ਤਰੀਕੇ ਨਾਲ, ਉਹ ਘੱਟ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਟ ਪ੍ਰਬੰਧਨ ਦੇ ਵਧੀਆ ਨਤੀਜਿਆਂ ਨੂੰ ਵੀ ਪ੍ਰਾਪਤ ਕਰ ਸਕਦੇ ਹਨ।”