ਚਮਕੌਰ ਸਿੰਘ

ਪੂਰੀ ਸਟੋਰੀ ਪੜ੍ਹੋ

ਖੇਤੀ ਵਿੱਚ ਸਫਲਤਾ: ਖੇਤੀ ਅਤੇ ਕੰਟ੍ਰੈਕਟ ਫਾਰਮਿੰਗ ਵਿੱਚ ਚਮਕੌਰ ਸਿੰਘ ਜੀ ਦਾ ਸਫ਼ਰ

ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ‘ਈਨਾ ਬਾਜਾ’ ਵਿੱਚ ਰਹਿਣ ਵਾਲੇ ਚਮਕੌਰ ਸਿੰਘ ਜੀ ਨੇ ਖੇਤੀਬਾੜੀ ਵਿੱਚ ਆਪਣਾ ਨਾਮ ਰੌਸ਼ਨ ਕੀਤਾ ਹੈ। ਚਮਕੌਰ ਸਿੰਘ ਨੇ ਆਪਣੀ ਖੇਤੀ ਦੇ ਜਨੂੰਨ ਨਾਲ ਖੇਤੀਬਾੜੀ ਦੀ ਸ਼ੁਰੂਆਤ ਛੋਟੇ ਪੱਧਰ ਤੋਂ ਕੀਤੀ ਅਤੇ ਆਪਣੀ ਆਪਣੀ ਮਿਹਨਤ ਨਾਲ ਵਿਕਸਿਤ ਉਦਯੋਗ ਵਿੱਚ ਬਦਲ ਦਿੱਤਾ, ਜਿਸ ਵਿੱਚ ਉਹ ਕਈ ਤਰ੍ਹਾਂ ਦੀਆਂ ਫਸਲਾਂ ਸ਼ਾਮਿਲ ਹਨ ਅਤੇ ਲਗਭਗ 50 ਵਿਅਕਤੀਆਂ ਨੂੰ ਰੋਜ਼ਗਾਰ ਪ੍ਰਦਾਨ ਕਰ ਰਹੇ ਹਨ।

ਚਮਕੌਰ ਸਿੰਘ ਜੀ ਨੇ ਆਪਣੇ ਖੇਤੀ ਦੇ ਸਫ਼ਰ ਦੀ ਸ਼ੁਰੂਆਤ 1991 ਵਿੱਚ ਕੀਤੀ। ਆਪਣੇ ਦੋਸਤ ਦੇ ਖੇਤਾਂ ਤੋਂ ਪ੍ਰੇਰਿਤ ਹੋ ਕੇ, ਉਹਨਾਂ ਨੇ ਖੇਤੀਬਾੜੀ ਦੇ ਬਾਰੇ ਵਿੱਚ ਸਿੱਖਣਾ ਸ਼ੁਰੂ ਕੀਤਾ ਅਤੇ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਸਿੱਖਿਆ। ਉਹਨਾਂ ਨੇ ਕਿਸੇ ਯੂਨੀਵਰਸਿਟੀ ਤੋਂ ਵੀ ਜਾਣਕਾਰੀ ਪ੍ਰਾਪਤ ਕੀਤੀ, ਜਿਸ ਤੋਂ ਉਹਨਾਂ ਨੂੰ ਖੇਤੀ ਉਦਯੋਗ ਨੂੰ ਸ਼ੁਰੂ ਕਰਨ ਲਈ ਜਾਣਕਾਰੀ ਮਿਲੀ।

ਸ਼ੁਰੂਆਤ ਵਿੱਚ 2 ਕਨਾਲ ਜ਼ਮੀਨ ‘ਤੇ ਆਲੂਆਂ ਦੀ ਕਾਸ਼ਤ ਕੀਤੀ। ਇਸ ਵਿੱਚ ਪ੍ਰਾਪਤ ਸਫਲਤਾ ਨੇ ਉਹਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ, ਜਿਸ ਨਾਲ ਉਹਨਾਂ ਨੇ ਆਪਣੇ ਵਪਾਰ ਨੂੰ 2 ਏਕੜ ਤੱਕ ਵਧਾਇਆ। ਉਹਨਾਂ ਨੇ ਕੁੱਝ ਸਮੇਂ ਬਾਅਦ ਟਮਾਟਰ, ਕਪਾਹ, ਝੋਨਾ, ਕਣਕ, ਸ਼ਿਮਲਾ ਮਿਰਚ ਅਤੇ ਫੁੱਲਗੋਭੀ ਵਰਗੀਆਂ ਫ਼ਸਲਾਂ ਦੀ ਖੇਤੀ ਵੀ ਕਰਨੀ ਸ਼ੁਰੂ ਕੀਤੀ। ਸਮੇਂ ਦੇ ਨਾਲ ਉਹਨਾਂ ਦਾ ਉਦਯੋਗ ਵੱਧ ਕੇ 50 ਏਕੜ ਤੱਕ ਫੈਲ ਗਿਆ ਹੈ।

ਦੱਸਣ ਯੋਗ ਗੱਲ ਇਹ ਹੈ ਕਿ ਚਮਕੌਰ ਜੀ 25 ਏਕੜ ਦੇ ਜ਼ਮੀਨ ‘ਤੇ ਕੇਵਲ ਟਮਾਟਰ ਦੀ ਖੇਤੀ ਹੀ ਕਰਦੇ ਹੈਂ। ਉਹਨਾਂ ਨੇ ਆਪਣੀ ਫ਼ਸਲ ਦੀ ਵਧੀਆ ਉਪਜ ਨੂੰ ਦੇਖਦੇ ਹੋਏ ਕਰੇਮਿਕਾ (Cremica) ਕੰਪਨੀ ਨਾਲ ਇੱਕ ਮਜ਼ਬੂਤ ਸਾਂਝੇਦਾਰੀ ਸਥਾਪਿਤ ਕੀਤੀ। ਰੋਜ਼ਾਨਾ ਤਾਜ਼ੇ ਕੱਟੇ ਹੋਏ ਟਮਾਟਰਾਂ ਨਾਲ ਭਰੇ 2 ਟਰੱਕ ਕਰੇਮਿਕਾ ਕੰਪਨੀ ਜਾਂਦੇ ਹਨ। ਟਮਾਟਰ ਦੀ ਖੇਤੀ ਵਿੱਚ ਆਪਣਾ ਗਿਆਨ ਵਧਾਉਣ ਲਈ, ਚਮਕੌਰ ਜੀ ਨੇ ਹਿਸਾਰ ਵਿੱਚ ਬਲਵਿੰਦਰ ਸਿੰਘ ਭਲੀਮਾਨਸਾ ਤੋਂ ਟਮਾਟਰਾਂ ਦੇ ਬੀਜਾਂ ਦੀ ਚੋਣ ਅਤੇ ਪ੍ਰਬੰਧਨ ਦਾ ਗਿਆਨ ਪ੍ਰਾਪਤ ਕੀਤਾ।

ਚਮਕੌਰ ਸਿੰਘ ਜੀ ਦੀ ਲਗਨ ਅਤੇ ਸਖਤ ਮਿਹਨਤ ਕਿਸੇ ਤੋਂ ਵੀ ਲੁਕੀ ਨਹੀਂ ਰਹੀ। ਉਹਨਾਂ ਦੀ ਖੇਤੀਬਾੜੀ ਵਿੱਚ ਯੋਗਦਾਨ ਨੂੰ ਦੇਖਦੇ ਹੋਏ, 2008 ਵਿੱਚ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਫਸਲਾਂ ਦੀਆਂ ਬਿਮਾਰੀਆਂ ਅਤੇ ਪ੍ਰਬੰਧਨ ਦੇ ਗਿਆਨ ਨੂੰ ਦੇਖਦੇ ਹੋਏ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਖੇਤਾਂ ਨੂੰ ਆਪਣੇ ਨਵੇਂ ਖੇਤੀਬਾੜੀ ਉਤਪਾਦਾਂ ਲਈ ਪ੍ਰਦਰਸ਼ਨ ਦੇ ਸਥਾਨ ਵਜੋਂ ਚੁਣਿਆ। ਆਪਣੀਆਂ ਪ੍ਰਾਪਤੀਆਂ ਦੇ ਬਾਵਜੂਤ ਵੀ ਚਮਕੌਰ ਸਿੰਘ ਨਿਮਰ ਰਹਿੰਦੇ ਹਨ ਅਤੇ ਆਪਣੇ ਕੰਮ ਦੇ ਜ਼ਰੀਏ ਬੋਲਣ ਨੂੰ ਤਰਜੀਹ ਦਿੰਦੇ ਹਨ।

ਉਪਲੱਬਧੀਆਂ ਤੋਂ ਇਲਾਵਾ, ਚਮਕੌਰ ਜੀ ਨੇ ਬਾਗਬਾਨੀ ਵਿਭਾਗ ਤੋਂ ਵੱਖ-ਵੱਖ ਸਬਸਿਡੀਆਂ ਤੋਂ ਲਾਭ ਪ੍ਰਾਪਤ ਕੀਤਾ। ਇਹਨਾਂ ਸਬਸਿਡੀਆਂ ਨੇ ਜ਼ਰੂਰੀ ਉਪਕਰਨਾਂ ਜਿਵੇਂ ਕਿ ਕਰੇਟ, ਸਪਰੇਅ ਪੰਪ, ਪਾਵਰ ਮੀਟਰ, ਅਤੇ ਇੱਥੋਂ ਤੱਕ ਕਿ ਇੱਕ ਛੋਟੇ ਕੋਲਡ ਰੂਮ ਦੀ ਪ੍ਰਾਪਤੀ ਦੀ ਸਹੂਲਤ ਦਿੱਤੀ ਹੈ। ਚਮਕੌਰ ਜੀ ਦਾ ਮੰਨਣਾ ਹੈ ਕਿ ਸਮੱਸਿਆਵਾਂ ਜੀਵਨ ਦਾ ਇੱਕ ਹਿੱਸਾ ਹਨ, ਇਹਨਾਂ ਤੋਂ ਡਰਨਾ ਬਜਾਏ ਸਗੋਂ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਅੱਗੇ ਵੱਧਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।

ਚਮਕੌਰ ਸਿੰਘ ਜੀ ਦੁਆਰਾ ਕੀਤੇ ਗਏ ਕੰਮਾਂ ਵਿੱਚੋਂ ਇੱਕ ਕੰਮ ਕੰਟ੍ਰੈਕਟ ਫਾਰਮਿੰਗ ਵੀ ਹੈ। 1994 ਵਿੱਚ, ਉਹਨਾਂ ਨੇ ਟਮਾਟਰ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਪਜ ਵੇਚਣ ਦਾ ਫੈਸਲਾ ਕੀਤਾ। ਉਹਨਾਂ ਦੀ ਅੱਧੀ ਪੈਦਾਵਾਰ ਨਜ਼ਦੀਕੀ ਫੈਕਟਰੀ ਵਿੱਚ ਭੇਜ ਦਿੰਦੇ ਅਤੇ ਅੱਧੀ ਪੈਦਾਵਾਰ ਨੂੰ ਬਾਜ਼ਾਰ ਵਿੱਚ ਵੇਚਦੇ ਹਨ। ਸਮੇਂ ਦੇ ਨਾਲ, ਉਹਨਾਂ ਦੇ ਪੰਜਾਬ ਐਗਰੋ ਅਤੇ ਕਰੇਮਿਕਾ ਨਾਲ ਸਾਂਝੇਦਾਰੀ ਕੀਤੀ, ਜੋ ਕਿ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ।

ਚਮਕੌਰ ਸਿੰਘ ਜੀ ਨੇ ਆਪਣੇ ਤਜ਼ਰਬਿਆਂ ਨਾਲ ਕੰਟ੍ਰੈਕਟ ਫਾਰਮਿੰਗ ਦੇ ਬਾਰੇ ਜਾਣਿਆ। ਉਹਨਾਂ ਨੇ ਜਾਣਿਆਂ ਕਿ ਕੰਟ੍ਰੈਕਟ ਫਾਰਮਿੰਗ ਨਾਲ ਉਤਪਾਦ ਦੀਆਂ ਕੀਮਤਾਂ ਵਿੱਚ ਆਉਣ ਵਾਲੇ ਬਦਲਾਅ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਕੰਪਨੀਆਂ ਨਾਲ ਕੰਮ ਕਰਨ ਨਾਲ ਤਕਨੀਕੀ ਗਿਆਨ ਵਿੱਚ ਵਾਧਾ ਹੁੰਦਾ ਹੈ ਅਤੇ ਕਿਸਾਨਾਂ ਦੇ ਵਿਕਾਸ ਵਿੱਚ ਵਾਧਾ ਕਰਦਾ ਹੈ। ਚਮਕੌਰ ਜੀ ਕੇਜਨਦੇ ਹਨ ਕਿ ਹਰੇਕ ਕਿਸਾਨ ਨੂੰ ਕੰਟ੍ਰੈਕਟ ਫਾਰਮਿੰਗ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਤਕਨੀਕੀ ਵਿਕਾਸ ਨੂੰ ਵਧਾਉਣਾ ਚਾਹੀਦਾ ਹੈ ਅਤੇ ਹੋਰਨਾਂ ਕਿਸਾਨਾਂ ਦੀ ਮਦਦ ਦੇ ਲਈ ਖੁਦ ਨੂੰ ਇੱਕ ਉਧਾਰਨ ਦੇ ਤੌਰ ‘ਤੇ ਪੇਸ਼ ਕਰਨਾ ਚਾਹੀਦਾ ਹੈ। ਚਮਕੌਰ ਜੀ ਸਭ ਨੂੰ ਸਿਖਲਾਈ ਅਤੇ ਨਰਸਰੀ ਸਹੂਲਤਾਂ ਪ੍ਰਦਾਨ ਕਰਨ ਲਈ ਤਿਆਰ ਹਨ, ਪਰ ਉਹ ਇੱਕ ਗੱਲ ਨੂੰ ਮਹੱਤਵ ਦਿੰਦੇ ਹਨ ਕਿ ਸਫਲਤਾ ਲਈ ਸਖ਼ਤ ਮਿਹਨਤ ਜ਼ਰੂਰੀ ਹੈ।

ਚਮਕੌਰ ਸਿੰਘ ਜੀ ਦੀਆਂ ਪ੍ਰਾਪਤੀਆਂ ਇਕੱਲੇ ਖੇਤੀ ਤੱਕ ਹੀ ਸੀਮਿਤ ਨਹੀਂ ਹਨ। ਉਹ G2 ਅਤੇ G3 ਪੱਧਰ ‘ਤੇ ਆਲੂਆਂ ਦੇ ਬੀਜ ਉਤਪਾਦਨ ‘ਤੇ ਕੰਮ ਕਰ ਰਹੇ ਹਨ।

ਕਿਸਾਨਾਂ ਲਈ ਸੁਨੇਹਾ

ਚਮਕੌਰ ਸਿੰਘ ਜੀ ਕਹਿੰਦੇ ਹਨ ਕਿ ਕਿਸਾਨਾਂ ਨੂੰ ਆਪਣੀ ਮਿਹਨਤ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ ਅਤੇ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਉਹਨਾਂ ਨੂੰ ਇਸ ਸੰਬੰਧ ਵਿੱਚ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਹ ਚਮਕੌਰ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹਨ।

ਸ਼ਮਸ਼ੇਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

 ਜਾਣੋ ਕੀ ਹੁੰਦਾ ਹੈ ਜਦੋਂ ਖੇਤੀਬਾੜੀ ਦੇ ਖੇਤਰ ਵਿੱਚ ਨਰਸਰੀ ਦਾ ਕੰਮ ਸਫ਼ਲਤਾਪੂਰਵਕ ਚੱਲਦਾ ਹੈ

ਜਦੋਂ ਖੇਤੀਬਾੜੀ ਦੀ ਗੱਲ ਆਉਂਦੀ ਹੈ, ਤਾਂ ਕਿਸਾਨ ਨੂੰ ਭੇਡ ਚਾਲ ਬੰਦ ਕਰਨੀ ਚਾਹੀਦੀ ਹੈ ਅਤੇ ਉਹ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਬਿਸਤਰੇ ਤੋਂ ਰੋਜ਼ ਜਗਾਉਣ ਅਤੇ ਖੇਤਾਂ ਵਿੱਚ ਖੜ੍ਹੇ ਹੋਣ ਲਈ ਪ੍ਰੇਰਿਤ ਕਰੇ, ਭਾਵੇਂ ਇਹ ਸਬਜ਼ੀਆਂ ਦੀ ਖੇਤੀ, ਮੁਰਗੀ ਪਾਲਣ, ਸੂਰ ਪਾਲਣ, ਫੁੱਲਾਂ ਦੀ ਖੇਤੀ, ਫੂਡ ਪ੍ਰੋਸੈੱਸਿੰਗ ਜਾਂ ਉਤਪਾਦਾਂ ਨੂੰ ਘਰ-ਘਰ ਜਾ ਕੇ ਵੇਚਣਾ ਹੀ ਹੋਵੇ, ਕਿਉਂਕਿ ਇਸ ਤਰ੍ਹਾਂ ਇੱਕ ਕਿਸਾਨ ਖੇਤੀਬਾੜੀ ਨੂੰ ਵਧੀਆ ਬਣਾ ਸਕਦਾ ਹੈ।

ਜਾਟਾਂ ਦੀ ਧਰਤੀ- ਹਰਿਆਣਾ ਤੋਂ ਇੱਕ ਅਜਿਹੇ ਅਗਾਂਹਵਧੂ ਕਿਸਾਨ – ਸ਼ਮਸ਼ੇਰ ਸਿੰਘ ਸੰਧੂ ਹਨ, ਜੋ ਆਪਣੇ ਵਿਚਾਰਾਂ ਅਤੇ ਸੁਪਨਿਆਂ ਦਾ ਪਾਲਣ ਕਰਕੇ ਖੇਤੀਬਾੜੀ ਦੇ ਰਸਤੇ ਵੱਲ ਗਏ। ਦੂਜੇ ਕਿਸਾਨਾਂ ਤੋਂ ਉਲਟ ਸ. ਸੰਧੂ ਜੀ ਮੁੱਖ ਤੌਰ ‘ਤੇ ਬੀਜਾਂ ਦੀ ਤਿਆਰੀ ਕਰਦੇ ਹਨ, ਜੋ ਉਨ੍ਹਾਂ ਨੂੰ ਰਵਾਇਤੀ ਖੇਤੀ ਤਕਨੀਕਾਂ ਦੀ ਤੁਲਨਾ ਵਿੱਚ ਵਧੀਆ ਫਾਇਦਾ ਦੇ ਰਹੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਪਿਤਾ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ ਸ਼ਮਸ਼ੇਰ ਸਿੰਘ ਜੀ ਨੇ 1979 ਵਿੱਚ ਆਪਣੀ ਪੜ੍ਹਾਈ (ਬੈਚਲਰ ਆੱਫ਼ ਆਰਟਸ) ਪੂਰੀ ਕਰਨ ਤੋਂ ਬਾਅਦ ਵੀ ਖੇਤੀ ਅਪਨਾਉਣ ਦਾ ਫੈਸਲਾ ਕੀਤਾ ਅਤੇ ਅਗਲੇ ਸਾਲ ਉਨ੍ਹਾਂ ਨੇ ਵਿਆਹ ਕਰਵਾ ਲਿਆ। ਪਰ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਦੀ ਖੇਤੀ ਕਰਨਾ ਸਫ਼ਲ ਨਹੀਂ ਸੀ ਅਤੇ ਉਹ ਅਜੇ ਵੀ ਆਪਣੇ ਪੇਸ਼ੇ ਦੇ ਬਾਰੇ ਪਰੇਸ਼ਾਨ ਸਨ।

ਖੇਤੀਬਾੜੀ ਖੇਤਰ ਬਹੁਤ ਸਾਰੇ ਖੇਤਰਾਂ ਅਤੇ ਮੌਕਿਆਂ ਦਾ ਇੱਕ ਵਿਸ਼ਾਲ ਖੇਤਰ ਹੈ, ਸੋ ਉਨ੍ਹਾਂ ਨੂੰ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੌਜਵਾਨ ਕਿਸਾਨ ਸਿਖਲਾਈ ਪ੍ਰੋਗਰਾਮ ਬਾਰੇ ਪਤਾ ਲੱਗਾ, ਇਹ 3 ਮਹੀਨਿਆਂ ਦਾ ਸਿਖਲਾਈ ਪ੍ਰੋਗਰਾਮ ਸੀ ਜਿਸ ਦੇ ਤਹਿਤ 12 ਵਿਸ਼ੇ ਸਨ ਜਿਵੇਂ ਕਿ ਡੇਅਰੀ, ਬਾਗਬਾਨੀ, ਮੁਰਗੀ ਪਾਲਣ ਅਤੇ ਹੋਰ ਆਦਿ। ਉਨ੍ਹਾਂ ਨੇ ਆਪਣਾ ਨਾਮ ਦਰਜ ਕਰਵਾ ਲਿਆ। ਸਿਖਲਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਬਿਨਾਂ ਕਿਸੇ ਸਬਜ਼ੀ ਮੰਡੀ ਅਤੇ ਦੁਕਾਨ ‘ਤੇ ਗਏ, ਘਰ ਬੈਠੇ ਹੀ ਉਨ੍ਹਾਂ ਨੇ ਬੀਜ ਤਿਆਰ ਕਰਕੇ ਚੰਗੀ ਕਮਾਈ ਕੀਤੀ।

ਖੇਤੀਬਾੜੀ ਗਤੀਵਿਧੀਆਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਸੰਧੂ ਵੀ ਇੱਕ ਸਮਾਜਿਕ ਪਹਿਲਕਦਮੀ ਵਿੱਚ ਸ਼ਾਮਲ ਹਨ, ਜਿਸ ਰਾਹੀਂ ਉਹ ਲੋੜਵੰਦਾਂ ਨੂੰ ਕੱਪੜੇ ਦਾਨ ਕਰਕੇ ਜ਼ਰੂਰਮੰਦਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਕੱਪੜੇ ਇਕੱਠੇ ਕਰਨ ਲਈ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦਾ ਇੱਕ ਸਮੂਹ ਬਣਾਇਆ ਹੈ।

ਬੀਜ ਤਿਆਰ ਕਰਨ ਲਈ ਪਹਿਲਾਂ ਸ਼ਮਸ਼ੇਰ ਸਿੰਘ ਸੰਧੂ ਖੁਦ ਯੂਨੀਵਰਸਿਟੀ (ਪੀ.ਏ.ਯੂ ਜਾਂ ਐੱਚ.ਏ.ਯੂ.) ਤੋਂ ਬੀਜ ਖਰੀਦਦੇ ਹਨ, ਬੀਜ ਉਗਾਉਂਦੇ ਹਨ, ਪੂਰੀ ਤਰ੍ਹਾਂ ਪੱਕ ਜਾਣ ‘ਤੇ ਫ਼ਸਲ ਦੀ ਕਟਾਈ ਕਰਦੇ ਹਨ ਅਤੇ ਇਸ ਤੋਂ ਬਾਅਦ ਉਹ ਅਰਧ-ਜੈਵਿਕ ਤਰੀਕੇ ਨਾਲ ਬੀਜਾਂ ਨੂੰ ਹੋਰਨਾਂ ਕਿਸਾਨਾਂ ਤੱਕ ਵੇਚਣ ਤੋਂ ਪਹਿਲਾਂ ਸੋਧਦੇ ਹਨ। ਇਸ ਤਰੀਕੇ ਨਾਲ ਉਹ ਨਰਸਰੀ ਤਿਆਰ ਕਰਨ ਦੇ ਕਾਰੋਬਾਰ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਦਾ ਉੱਦਮ ਇੰਨਾ ਸਫ਼ਲ ਰਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਸਦਕਾ 2015 ਅਤੇ 2018 ਵਿੱਚ ਆਈ.ਏ.ਆਰ.ਆਈ. ਵੱਲੋਂ ਦੋ ਵਾਰ ਇਨੋਵੇਟਿਵ ਕਿਸਾਨ ਅਤੇ ਫੈਲੋ ਕਿਸਾਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ।

ਵਰਤਮਾਨ ਵਿੱਚ ਸ਼ਮਸ਼ੇਰ ਸਿੰਘ ਸੰਧੂ ਬੀਜਾਂ ਦੀ ਤਿਆਰੀ ਦੇ ਨਾਲ ਗੁਆਰ, ਕਣਕ, ਜੌਂ, ਕਪਾਹ ਅਤੇ ਮੌਸਮੀ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ ਅਤੇ ਉਹ ਇਸ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੰਧੂ ਬੀਜ ਫਾਰਮ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਉਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੂਜੇ ਗੁਆਂਢੀ ਸੂਬਿਆਂ ਵਿੱਚ ਵੀ ਬੀਜ ਸਪਲਾਈ ਕਰ ਸਕਣ।

ਸੰਦੇਸ਼
“ਕਿਸਾਨਾਂ ਨੂੰ ਹੋਰ ਬੀਜ ਸਪਲਾਈ ਕਰਨ ਵਾਲਿਆਂ ਦੇ ਬੀਜਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਨਾਲ ਉਹ ਚੰਗੇ ਅਤੇ ਬੁਰੇ ਸਪਲਾਈ ਕਰਨ ਵਾਲਿਆਂ ‘ਚ ਫਰਕ ਜਾਣ ਸਕਦੇ ਹਨ ਅਤੇ ਚੰਗੀ ਚੋਣ ਨਾਲ ਫ਼ਸਲਾਂ ਦੀ ਬਿਹਤਰ ਪੈਦਾਵਾਰ ਲੈ ਸਕਦੇ ਹਨ।”

ਬਲਵਿੰਦਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸ ਨੇ ਖੇਤੀਬਾੜੀ ਦੇ ਪੁਰਾਣੇ ਢੰਗਾਂ ਨੂੰ ਛੱਡ ਕੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ

ਅੱਜ, ਕਿਸਾਨ ਹੀ ਸਿਰਫ਼ ਉਹ ਵਿਅਕਤੀ ਹੈ ਜੋ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਜੈਵਿਕ ਤਰੀਕਿਆਂ ਵੱਲ ਪ੍ਰੇਰਿਤ ਕਰ ਸਕਦਾ ਹੈ ਅਤੇ ਬਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇੱਕ ਸਧਾਰਨ ਅਗਾਂਹਵਧੂ ਕਿਸਾਨ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ।

ਖੈਰ, ਜੈਵਿਕ ਖੇਤੀ ਵੱਲ ਮੁੜਨਾ ਉਨ੍ਹਾਂ ਕਿਸਾਨਾਂ ਲਈ ਆਸਾਨ ਨਹੀਂ ਹੁੰਦਾ ਜੋ ਰਵਾਇਤੀ ਢੰਗ ਨਾਲ ਖੇਤੀ ਕਰਦੇ ਅਤੇ ਉੱਚ ਪੈਦਾਵਾਰ ਪ੍ਰਾਪਤ ਕਰਦੇ ਹਨ। ਪਰ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਇਸ ਰੁਕਾਵਟ ਨੂੰ ਪਾਰ ਕੀਤਾ।

ਇਸ ਤੋਂ ਪਹਿਲਾਂ, 1982 ਤੋਂ 1983 ਤੱਕ ਉਹ ਕਪਾਹ, ਸਰ੍ਹੋਂ ਅਤੇ ਗੁਆਰਾ ਆਦਿ ਫ਼ਸਲਾਂ ਦੀ ਖੇਤੀ ਕਰਦੇ ਸਨ ਪਰ 1997 ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ‘ਤੇ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਵਾਰ-ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਝੋਨੇ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਜੈਵਿਕ ਖੇਤੀ ਦੀ ਸ਼ੁਰੂਆਤ 2011 ਵਿੱਚ ਕੀਤੀ। ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਜੈਵਿਕ ਸਬਜ਼ੀ ਫਾਰਮ ਦੌਰਾ ਕੀਤਾ।

ਜੈਵਿਕ ਫਾਰਮ ‘ਤੇ ਜਾਣ ਬਾਅਦ, ਬਲਵਿੰਦਰ ਸਿੰਘ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਅਤੇ ਫਿਰ ਉਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਉਹ ਕਪਾਹ ਦੀਆਂ ਵਧੀਆ ਕਿਸਮਾਂ ਦੀ ਖਰੀਦ ਕਰਨ ਲਈ ਗੁਜਰਾਤ ਤੱਕ ਗਏ ਅਤੇ ਉੱਥੇ ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਖੀਰੇ, ਸਟ੍ਰਾੱਬੈਰੀ ਅਤੇ ਤਰਬੂਜ਼ ਦੀ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਲਗਾਤਾਰ 3 ਸਾਲ ਕੀਟਨਾਸ਼ਕਾਂ ਦੀ ਮਾਤਰਾ ਘਟਾਉਂਦੇ ਰਹੇ।

ਉਸ ਸਾਲ, ਮਿਰਚ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਹੋਈ ਅਤੇ ਉਨ੍ਹਾਂ ਨੇ ਕੇਵਲ 2 ਏਕੜ ਤੋਂ 500000 ਰੁਪਏ ਦਾ ਲਾਭ ਕਮਾਇਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਦੀ ਲੋਕੇਸ਼ਨ ਦਾ ਵੀ ਫਾਇਦਾ ਚੁੱਕਿਆ। ਉਨ੍ਹਾਂ ਦਾ ਫਾਰਮ ਸੜਕ ਦੇ ਕਿਨਾਰੇ ਸੀ, ਇਸ ਲਈ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ, ਜਿੱਥੇ ਉਨ੍ਹਾਂ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਨੇ ਮਿਰਚ ਦੀ ਪ੍ਰੋਸੈੱਸਿੰਗ ਕਰਕੇ ਮਿਰਚ ਪਾਊਡਰ ਬਣਾਉਣਾ ਵੀ ਸ਼ੁਰੂ ਕੀਤਾ।

“ਜਦੋਂ ਮੈਂ ਮਿਰਚ ਪਾਊਡਰ ਦੀ ਪ੍ਰੋਸੈੱਸਿੰਗ ਸ਼ੁਰੂ ਕੀਤੀ ਸੀ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਤੁਹਾਡੇ ਮਿਰਚ ਪਾਊਡਰ ਦਾ ਰੰਗ ਲਾਲ ਨਹੀਂ ਹੁੰਦਾ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮਿਰਚ ਪਾਊਡਰ ਕਦੇ ਰੰਗ ਵਿੱਚ ਲਾਲ ਨਹੀਂ ਹੁੰਦਾ, ਆਮ ਤੌਰ ‘ਤੇ ਬਾਜ਼ਾਰ ਤੋਂ ਖਰੀਦੇ ਜਾਣ ਵਾਲੇ ਪਾਊਡਰ ਵਿੱਚ ਰੰਗਾਂ ਦੀ ਮਿਲਾਵਟ ਹੁੰਦੀ ਹੈ।”

2013 ਵਿੱਚ, ਬਲਵਿੰਦਰ ਸਿੰਘ ਨੇ ਖੀਰੇ, ਟਮਾਟਰ, ਕੱਦੂ ਅਤੇ ਸ਼ਿਮਲਾ ਮਿਰਚ ਵਰਗੀਆਂ ਹੋਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

“ਜ਼ਿਆਦਾ ਫ਼ਸਲਾਂ ਨੂੰ ਜ਼ਿਆਦਾ ਖੇਤਰ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀਬਾੜੀ ਖੇਤਰ ਨੂੰ ਵਧਾਉਣ ਲਈ ਮੈਂ ਆਪਣੇ ਚਚੇਰੇ ਭਰਾਵਾਂ ਅਤੇ ਸਕੇ ਭਰਾਵਾਂ ਤੋਂ ਠੇਕੇ ‘ਤੇ 40 ਏਕੜ ਜ਼ਮੀਨ ਲਈ। ਸ਼ੁਰੂਆਤ ਵਿੱਚ, ਸਬਜ਼ੀਆਂ ਦਾ ਮੰਡੀਕਰਨ ਕਰਨਾ ਇੱਕ ਵੱਡੀ ਸਮੱਸਿਆ ਸੀ, ਪਰ ਸਮੇਂ ਨਾਲ ਇਸ ਸਮੱਸਿਆ ਦਾ ਵੀ ਹੱਲ ਹੋ ਗਿਆ।”

ਵਰਤਮਾਨ ਵਿੱਚ, ਬਲਵਿੰਦਰ ਸਿੰਘ 8-9 ਏਕੜ ਵਿੱਚ ਸਬਜ਼ੀਆਂ, 1 ਏਕੜ ਵਿੱਚ ਸਟ੍ਰਾੱਬੈਰੀ ਅਤੇ ਬਾਕੀ ਦੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦਕਤਾ ਨੂੰ ਵਧਾਉਣ ਲਈ ਸਾਰੇ ਆਧੁਨਿਕ ਖੇਤੀਬਾੜੀ ਔਜ਼ਾਰ, ਤਕਨਾਲੋਜੀ ਅਤੇ ਵਾਤਾਵਰਨ-ਪੱਖੀ ਪ੍ਰਣਾਲੀ ਜਿਵੇਂ ਕਿ ਟ੍ਰੈਕਟਰ, ਬੈੱਡ ਪਲਾਂਟਰ, ਰੋਟਾਵੇਟਰ, ਕਲਟੀਵੇਟਰ, ਸੁਹਾਗਾ, ਸੀਡਰ, ਤੁਪਕਾ ਸਿੰਚਾਈ, ਮਲਚਿੰਗ, ਕੀਟਨਾਸ਼ਕਾਂ ਦੇ ਸਥਾਨ ‘ਤੇ ਘਰ ਵਿੱਚ ਤਿਆਰ ਖਾਦ ਅਤੇ ਖੱਟੀ ਲੱਸੀ ਦੀ ਸਪਰੇਅ ਨੂੰ ਵੀ ਅਪਣਾਇਆ।

ਪਿਛਲੇ ਚਾਰ ਵਰ੍ਹਿਆਂ ਤੋਂ ਉਹ 2 ਏਕੜ ਜ਼ਮੀਨ ‘ਤੇ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਕੀਟਨਾਸ਼ਕ ਦਵਾਈਆਂ ਅਤੇ ਫੰਗਸਨਾਸ਼ੀ ਦੀ ਵਰਤੋਂ ਘੱਟ ਕਰ ਰਹੇ ਹਨ। ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਖੇਤਰ ਦੇ ਡੀ.ਸੀ. ਨੇ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਉਨ੍ਹਾਂ ਦੇ ਕੰਮ ਦੇ ਬਾਰੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਜਿਸ ਗਤੀ ਨਾਲ ਉਹ ਪ੍ਰਗਤੀ ਕਰ ਰਹੇ ਹਨ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਅਲੱਗ ਹੀ ਪਛਾਣ ਹੋਵੇਗੀ।

ਸੰਦੇਸ਼
“ਹੁਣ ਕਿਸਾਨਾਂ ਨੂੰ ਲਾਭ ਕਮਾਉਣ ਲਈ ਆਪਣੇ ਉਤਪਾਦਨ ਵੇਚਣ ਲਈ ਤੱਕੜੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ, ਕਿਉਂਕਿ ਜੇਕਰ ਉਹ ਆਪਣੀ ਫ਼ਸਲ ਵੇਚਣ ਲਈ ਵਿਚੋਲੇ ਜਾਂ ਡੀਲਰਾਂ ‘ਤੇ ਨਿਰਭਰ ਰਹਿਣਗੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ ਅਤੇ ਠੱਗਾਂ ਦੁਆਰਾ ਵਾਰ-ਵਾਰ ਧੋਖਾ ਖਾਣਗੇ। ਵਿਚੋਲੇ ਉਨ੍ਹਾਂ ਸਾਰੇ ਮੁਨਾਫ਼ਿਆਂ ਨੂੰ ਦੂਰ ਕਰ ਦਿੰਦੇ ਹਨ ਜਿਸ ਉੱਤੇ ਕਿਸਾਨਾਂ ਦਾ ਅਧਿਕਾਰ ਹੁੰਦਾ ਹੈ।”

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਕੱਟਾ ਰਾਮਾਕ੍ਰਿਸ਼ਨਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਕੱਟਾ ਰਾਮਕ੍ਰਿਸ਼ਨਾ ਨੇ ਉੱਚ ਘਣਤਾ ਵਾਲੀ ਰੋਪਣ ਤਕਨੀਕ ਨਾਲ ਕਪਾਹ ਦੀ ਖੇਤੀ ਨੂੰ ਹੋਰ ਦਿਲਚਸਪ ਬਣਾਇਆ

ਕੱਟਾ ਰਾਮਾਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਨਾਗੁਲੂਪੱਲਡੂ ਮੰਡਲ ਦੇ ਨੇੜੇ ਓਬੰਨਾਪਲੇਮ ਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਹਨ। ਉਨ੍ਹਾਂ ਨੇ ਵਿਗਿਆਨੀਆਂ ਦੇ ਸੁਝਾਅ ਅਨੁਸਾਰ ਆਪਣੇ ਕਪਾਹ ਦੇ ਖੇਤ ਵਿੱਚ ਉੱਚ-ਘਣਤਾ ਵਾਲੀ ਰੋਪਣ ਤਕਨੀਕ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ, ਜਿਸ ਨਾਲ ਬਿਹਤਰ ਅਤੇ ਉੱਚ ਪੈਦਾਵਾਰ ਪ੍ਰਾਪਤ ਕੀਤੀ।

ਕੱਟਾ ਰਾਮਾਕ੍ਰਿਸ਼ਨਾ ਦੀ ਇੱਕ ਛੋਟੇ ਜਿਹੇ ਖੇਤਰ ਵਿੱਚ ਜ਼ਿਆਦਾ ਪੌਦੇ ਉਗਾਉਣ ਲਈ ਇਸ ਨਵੀਨਕਾਰੀ ਪਹਿਲਕਦਮੀ ਨੇ ਅਖੀਰ ਪੈਦਾਵਾਰ ਵਿੱਚ ਵਾਧਾ ਕੀਤਾ। ਇਸ ਕਦਮ ਨਾਲ ਉਨ੍ਹਾਂ ਨੇ 10 ਕੁਇੰਟਲ ਪ੍ਰਤੀ ਏਕੜ ਦਾ ਉਤਪਾਦਨ ਕੀਤਾ, ਜਿਸ ਨੇ ਉਨ੍ਹਾਂ ਨੂੰ ਭਾਰਤੀ ਖੇਤੀਬਾੜੀ ਪਰਿਸ਼ਦ (ICAR) ਤੋਂ ਰਾਸ਼ਟਰੀ ਮਾਨਤਾ ਪ੍ਰਾਪਤ ਕਰਵਾਈ ਅਤੇ ਉਨ੍ਹਾਂ ਨੂੰ 2013 ਵਿੱਚ “ਬਾਬੂ ਜਗਜੀਵਨ ਰਾਮ ਅਭਿਨਵ ਕਿਸਾਨ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਬਾਅਦ ਵਿੱਚ, ਜ਼ਿਲ੍ਹਾ ਖੇਤੀਬਾੜੀ ਸਲਾਹਕਾਰ ਅਤੇ ਟ੍ਰਾਂਸਫਰ ਆੱਫ ਤਕਨਾਲੋਜੀ ਕੇਂਦਰ ਦੀ ਅਗਵਾਈ ਨਾਲ ਕੱਟਾ ਰਾਮਾਕ੍ਰਿਸ਼ਨਾ ਨੇ ਇੱਕ ਏਕੜ ਵਿੱਚ 12500 ਪੌਦੇ ਲਗਾਏ ਅਤੇ ਇਸ ਨੂੰ ਆਪਣੀ 5 ਏਕੜ ਜ਼ਮੀਨ ਵਿੱਚ ਲਾਗੂ ਕੀਤਾ ਅਤੇ ਇੱਕ ਏਕੜ ਤੋਂ 22 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕੀਤੀ।

“ਮੇਰੇ ਦੁਆਰਾ ਨਿਵੇਸ਼ ਕੀਤੀ ਗਈ ਹਰ ਰਾਸ਼ੀ ਲਈ, ਮੈਨੂੰ ਬਦਲੇ ਵਿੱਚ ਮੁਨਾਫ਼ੇ ਦੀ ਬਰਾਬਰ ਰਕਮ ਮਿਲੀ”
– ਕੱਟਾ ਰਾਮਾਕ੍ਰਿਸ਼ਨਾ ਨੇ ਮਾਣ ਨਾਲ ਆਪਣਾ ਪੁਰਸਕਾਰ ਦਿਖਾ ਕੇ ਕਿਹਾ ਜੋ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਤੋਂ ਪ੍ਰਾਪਤ ਕੀਤਾ।

ਖੇਤੀਬਾੜੀ ਦੀ ਇਸ ਵਿਧੀ ਨਾਲ 5000 ਰੁਪਏ ਖਰਚਾ ਵੱਧਦਾ ਹੈ ਅਤੇ ਇਸ ਕਿਸਾਨ ਨੇ ਇਸ ਵਿੱਚ 45000 ਰੁਪਏ ਪ੍ਰਤੀ ਏਕੜ ਦਾ ਨਿਵੇਸ਼ ਕੀਤਾ।

“ਆਮ ਤੌਰ ‘ਤੇ ਇੱਕ ਕਿਸਾਨ ਇੱਕ ਏਕੜ ਵਿੱਚ 8000 ਕਪਾਹ ਦੇ ਪੌਦੇ ਲਗਾਉਂਦਾ ਹੈ ਅਤੇ 10-15 ਕੁਇੰਟਲ ਪੈਦਾਵਾਰ ਪ੍ਰਾਪਤ ਕਰਦਾ ਹੈ। ਪਰ ਉਹ ਨਹੀਂ ਜਾਣਦੇ ਕਿ ਪੌਦੇ ਦੀ ਘਣਤਾ ਵਿੱਚ ਵਾਧਾ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦਾ ਹੈ।”
– ਡੀ ਓ ਟੀ ਸੈਂਟਰ ਦੇ ਸੀਨੀਅਰ ਵਿਗਿਆਨੀ Ch. ਵਰਪ੍ਰਸਾਦ ਰਾਓ ਨੇ ਕਿਹਾ।

ਚਿੱਟੇ ਸੋਨੇ ਦੀ ਚੰਗੀ ਉਤਪਾਦਕਤਾ ਤੋਂ ਉਤਸ਼ਾਹਿਤ ਕੱਟਾ ਰਾਮਾਕ੍ਰਿਸ਼ਨਾ ਨੇ ਕਿਹਾ ਕਿ – “ਆਉਣ ਵਾਲੇ ਸਮੇਂ ਵਿੱਚ ਮੈਂ 16000 ਪੌਦੇ ਪ੍ਰਤੀ ਏਕੜ ਵਿੱਚ ਲਗਾ ਕੇ 20-25 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕਰ ਸਕਦਾ ਹਾਂ।”

ਉਨ੍ਹਾਂ ਦੀਆਂ ਉਪਲੱਬਧੀਆਂ

• ਉਨ੍ਹਾਂ ਨੂੰ ਵਿਭਿੰਨ ਰਾਜਾਂ ਅਤੇ ਰਾਸ਼ਟਰੀ ਸੰਗਠਨਾਂ ਦੁਆਰਾ ਸਨਮਾਨਿਤ ਕੀਤਾ ਗਿਆ।

• ਰਾਮਾਕ੍ਰਿਸ਼ਨਾ ਨੇ ਕਪਾਹ ਦਾ ਸੰਘਣਾ ਰੋਪਣ ਅਪਣਾਇਆ ਜਿਸ ਵਿੱਚ (90×45 ਦੀ ਬਜਾਏ) 90×30 ਸੈ.ਮੀ. ਦਾ ਫਾਸਲਾ ਰੱਖਿਆ ਜਿਸ ਦੇ ਸਿੱਟੇ ਵਜੋਂ ਬਾਰਾਨੀ ਹਾਲਾਤਾਂ ਵਿੱਚ ਚੰਗੀ ਪੈਦਾਵਾਰ (45.10 ਕੁਇੰਟਲ ਪ੍ਰਤੀ ਹੈਕਟੇਅਰ) ਪ੍ਰਾਪਤ ਹੋਈ।

• ਕਪਾਹ ਦੇ ਖੇਤ ਵਿੱਚ ਜ਼ਿਆਦਾ ਜਲ ਸੰਭਾਲ ਲਈ ਹਾਈਡ੍ਰੋਜੈੱਲ ਤਕਨੀਕ ਨੂੰ ਅਪਣਾਇਆ, ਜਿਸ ਦੇ ਸਿੱਟੇ ਵਜੋਂ ਪੈਦਾਵਾਰ ਵਿੱਚ 15% ਵਾਧਾ ਹੋਇਆ।

• ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਲੇ, ਉੜਦ ਅਤੇ ਮੂੰਗ ਆਦਿ ਦੇ ਪਰੀਖਣ ਲਗਾਏ, ਜਿਸ ਦੇ ਸਿੱਟੇ ਵਜੋਂ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤਾਂ ਲਈ ਚੰਗੀਆਂ ਕਿਸਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ।

• ਛੋਲੇ ਦੀ ਫ਼ਸਲ ਵਿੱਚ ਜੈਵਿਕ ਖਾਦਾਂ ਜਿਵੇਂ ਕਿ ਰਾਇਜ਼ੋਬੀਅਮ ਅਤੇ ਫਾਸਫੋਬੈਕਟੀਰੀਆ ਦੀ ਵਰਤੋਂ ਕੀਤੀ ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ।

• ਉਹ ਖੇਤੀਬਾੜੀ ਲਈ ਹਰੀ ਖਾਦ ਅਤੇ ਜੈਵਿਕ ਖਾਦ ਦੀ ਸਿਫਾਰਿਸ਼ ਕਰਦੇ ਹਨ।

• ਉਹ ਕੀਟਨਾਸ਼ਕਾਂ ਨੂੰ ਰੋਕਣ ਲਈ ਨਿੰਮ ਦੇ ਬੀਜਾਂ ਦੀ ਵਰਤੋਂ ਕਰਦੇ ਹਨ।

• ਉਨ੍ਹਾਂ ਨੇ ਸੀ.ਟੀ.ਆਰ.ਆਈ, ਕੰਡੂਕਰ, ਪ੍ਰਕਾਸ਼ਮ ਜ਼ਿਲ੍ਹੇ ਦੇ ਸਹਿਯੋਗ ਨਾਲ ਤੰਬਾਕੂ ਦੇ ਫਾਲਤੂ ਪਦਾਰਥਾਂ ਨੂੰ ਆਪਣੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤ ਕੇ ਨਵੀਂ ਤਕਨੀਕ ਵਿਕਸਿਤ ਕੀਤੀ।

• ਉਨ੍ਹਾਂ ਨੇ ਬੀਜ ਕਮ ਖਾਦ ਡਰਿੱਲ ਨੂੰ ਸੋਧਿਆ ਤਾਂ ਕਿ ਬੀਜ ਅਤੇ ਖਾਦ ਨੂੰ ਮਿੱਟੀ ਦੀ ਵਿਭਿੰਨ ਗਹਿਰਾਈ ‘ਤੇ ਇੱਕੋ ਸਮੇਂ ਬੀਜਿਆ ਜਾਵੇ। ਇਹ ਸੋਧਿਆ ਬੀਜ ਕਮ ਖਾਦ ਡਰਿੱਲ ਸਥਾਨਕ ਕਿਸਾਨਾਂ ਲਈ ਹਰ ਪ੍ਰਕਾਰ ਦੀਆਂ ਦਾਲਾਂ ਲਈ ਲਾਭਦਾਇਕ ਹਨ।

• ਉਨ੍ਹਾਂ ਦੁਆਰਾ ਤਿਆਰ ਕੀਤੀਆਂ ਆਵਿਸ਼ਕਾਰੀ ਤਕਨੀਕਾਂ ਅਤੇ ਸੁਧਰੇ ਹੋਏ ਪੈਕੇਜ ਪ੍ਰੈਕਟਿਸ ਸਥਾਨਕ ਭਾਸ਼ਾਵਾਂ ਵਿੱਚ ਛਪੇ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਫਾਰਮ ‘ਤੇ ਹੋਣ ਵਾਲੇ ਅਨੁਭਵਾਂ ਦੀਆਂ ਅਲੱਗ-ਅਲੱਗ ਰੇਡੀਓ ਅਤੇ ਜਨਤਕ ਮੀਟਿੰਗਾਂ ਵਿੱਚ ਚਰਚਾ ਕੀਤੀ ਜਾਂਦੀ ਹੈ।

• ਉਹ ਆਪਣੇ ਖੇਤਰ ਵਿੱਚ ਦੂਜੇ ਕਿਸਾਨਾਂ ਲਈ ਇੱਕ ਆਦਰਸ਼ ਮਾਡਲ ਅਤੇ ਪ੍ਰੇਰਨਾ ਬਣ ਗਏ ਹਨ।

ਸੰਦੇਸ਼
“ਫ਼ਸਲਾਂ ਦੇ ਬਿਹਤਰ ਵਾਧੇ ਲਈ ਕਿਸਾਨਾਂ ਨੂੰ ਮਿੱਟੀ ਦੇ ਸੂਖਮ ਪੋਸ਼ਕ ਤੱਤਾਂ ਦਾ ਪ੍ਰਬੰਧਨ ਕਰਨ ਲਈ ਮਾਹਿਰਾਂ ਦੁਆਰਾ ਆਪਣੇ ਖੇਤ ਦੀ ਮਿੱਟੀ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ। ਇਸ ਤਰੀਕੇ ਨਾਲ, ਉਹ ਘੱਟ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਟ ਪ੍ਰਬੰਧਨ ਦੇ ਵਧੀਆ ਨਤੀਜਿਆਂ ਨੂੰ ਵੀ ਪ੍ਰਾਪਤ ਕਰ ਸਕਦੇ ਹਨ।”

 

ਹਰਤੇਜ ਸਿੰਘ ਮਹਿਤਾ

ਪੂਰੀ ਕਹਾਣੀ ਪੜ੍ਹੋ

ਜੋ ਜੈਵਿਕ ਖੇਤੀ ਪ੍ਰਤੀ ਹੋਰਨਾਂ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਬਿਹਤਰ ਭਵਿੱਖ ਲਈ ਇੱਕ ਅਧਾਰ ਸਥਾਪਿਤ ਕਰ ਰਹੇ ਹਨ।

ਪਹਿਲਾਂ ਜੈਵਿਕ ਇੱਕ ਇਸ ਤਰ੍ਹਾਂ ਦਾ ਸ਼ਬਦ ਸੀ, ਜਿਸ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ। ਬਹੁਤ ਘੱਟ ਕਿਸਾਨ ਸਨ ਜੋ ਜੈਵਿਕ ਖੇਤੀ ਕਰਦੇ ਸਨ ਅਤੇ ਉਹ ਵੀ ਘਰੇਲੂ ਮੰਤਵਾਂ ਦੇ ਲਈ। ਪਰ ਸਮੇਂ ਦੇ ਨਾਲ ਲੋਕਾਂ ਨੂੰ ਪਤਾ ਲੱਗਿਆ ਕਿ ਹਰ ਚਮਕੀਲੀ ਸਬਜ਼ੀ ਜਾਂ ਫਲ ਵਧੀਆ ਦਿਖਦਾ ਹੈ ਪਰ ਉਹ ਸਿਹਤ ਦੇ ਲਈ ਚੰਗਾ ਨਹੀਂ ਹੁੰਦਾ।

ਇਹ ਕਹਾਣੀ ਹੈ, ਹਰਤੇਜ ਸਿੰਘ ਮਹਿਤਾ ਦੀ, ਜਿਨ੍ਹਾਂ ਨੇ 10 ਸਾਲ ਪਹਿਲਾਂ ਬੁੱਧੀਮਾਨੀ ਵਾਲਾ ਫੈਸਲਾ ਲਿਆ ਅਤੇ ਉਹ ਇਸ ਦੇ ਲਈ ਬਹੁਤ ਧੰਨਵਾਦੀ ਵੀ ਹਨ। ਹਰਤੇਜ ਸਿੰਘ ਮਹਿਤਾ ਦੇ ਲਈ, ਜੈਵਿਕ ਖੇਤੀ ਨੂੰ ਜਾਰੀ ਰੱਖਣ ਦਾ ਫੈਸਲਾ ਉਨ੍ਹਾਂ ਦੁਆਰਾ ਲਿਆ ਗਿਆ ਇੱਕ ਸਭ ਤੋਂ ਵਧੀਆ ਫੈਸਲਾ ਸੀ ਅਤੇ ਅੱਜ ਉਹ ਆਪਣੇ ਖੇਤਰ (ਮਹਿਤਾ ਪਿੰਡ – ਬਠਿੰਡਾ) ਵਿੱਚ ਜੈਵਿਕ ਖੇਤੀ ਕਰਨ ਵਾਲੇ ਇੱਕ ਪ੍ਰਸਿੱਧ ਕਿਸਾਨ ਹਨ।

ਪੰਜਾਬ ਦੇ ਮਾਲਵਾ ਖੇਤਰ, ਜਿੱਥੇ ਕਿਸਾਨ ਵਧੀਆ ਉਤਪਾਦਕਤਾ ਪ੍ਰਾਪਤ ਕਰਨ ਲਈ ਕੀਟਨਾਸ਼ਕ ਅਤੇ ਰਸਾਇਣਾਂ ਦਾ ਵਰਤੋਂ ਬਹੁਤ ਉੱਚ ਮਾਤਰਾ ਵਿੱਚ ਕਰਦੇ ਹਨ। ਉੱਥੇ, ਹਰਤੇਜ ਸਿੰਘ ਮਹਿਤਾ ਨੇ ਪ੍ਰਕਿਰਤੀ ਦੇ ਨਾਲ ਤਾਲਮੇਲ ਕਾਇਮ ਰੱਖਣ ਨੂੰ ਚੁਣਿਆ। ਉਹ ਬਚਪਨ ਤੋਂ ਹੀ ਆਪਣੇ ਵਿਰਾਸਤੀ ਕਾਰੋਬਾਰ ਪ੍ਰਤੀ ਸਮਰਪਿਤ ਹਨ ਅਤੇ ਉਨ੍ਹਾਂ ਦੇ ਲਈ ਆਪਣੀਆਂ ਪ੍ਰਾਪਤੀਆਂ ਦੇ ਬਾਰੇ ਸ਼ੇਖੀ ਕਰਨ ਨਾਲੋਂ ਇੱਕ ਸਧਾਰਣ ਜੀਵਨ ਬਤੀਤ ਕਰਨਾ ਜ਼ਿਆਦਾ ਜ਼ਰੂਰੀ ਹੈ।

ਉੱਚ ਯੋਗਤਾ (ਐੱਮ.ਏ. ਪੰਜਾਬੀ, ਐੱਮ.ਏ. ਪਾੱਲੀਟੀਕਲ ਸਾਇੰਸ) ਹੋਣ ਦੇ ਬਾਵਜੂਦ, ਉਨ੍ਹਾਂ ਨੇ ਸ਼ਹਿਰੀ ਜੀਵਨ ਅਤੇ ਸਰਕਾਰੀ ਨੌਕਰੀ ਦੀ ਬਜਾਏ ਜੈਵਿਕ ਖੇਤੀ ਨੂੰ ਚੁਣਿਆ। ਵਰਤਮਾਨ ਵਿੱਚ ਉਨ੍ਹਾਂ ਦੇ ਕੋਲ 11 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਕਪਾਹ, ਕਣਕ, ਸਰ੍ਹੋਂ, ਗੰਨਾ, ਮਸਰ, ਪਾਲਕ, ਮੇਥੀ, ਗਾਜਰ, ਪਿਆਜ਼, ਲਸਣ ਅਤੇ ਲਗਭੱਗ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਉਹ ਹਮੇਸ਼ਾ ਆਪਣੇ ਖੇਤਾਂ ਨੂੰ ਕੁਦਰਤੀ ਤਰੀਕੇ ਨਾਲ ਤਿਆਰ ਕਰਨਾ ਪਸੰਦ ਕਰਦੇ ਹਨ, ਜਿਸ ਵਿੱਚ ਕਪਾਹ(F 1378), ਕਣਕ (1482) ਅਤੇ ਬਾਂਸੀ ਨਾਮ ਦੇ ਬੀਜ ਵਧੀਆ ਪਰਿਣਾਮ ਦਿੰਦੇ ਹਨ।

“ਅਸੰਤੁਸ਼ਟਤਾ, ਅਨਪੜ੍ਹਤਾ ਅਤੇ ਕਿਸਾਨਾਂ ਦੀ ਉੱਚ ਉਤਪਾਦਕਤਾ ਦੀ ਇੱਛਾ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ, ਜਿਸ ਦੇ ਕਾਰਨ ਕਿਸਾਨ ਜੋ ਕਿ ਮੁਕਤੀਦਾਤਾ ਦੇ ਰੂਪ ਵਿੱਚ ਜਾਣੇ ਜਾਂਦੇ ਹਨ, ਹੁਣ ਉਹ ਸਮਾਜ ਨੂੰ ਜ਼ਹਿਰ ਦੇ ਰਹੇ ਹਨ। ਅੱਜ-ਕੱਲ੍ਹ ਕਿਸਾਨ ਕੀਟ ਪ੍ਰਬੰਧਨ ਦੇ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਮਿੱਟੀ ਦੇ ਮਿੱਤਰ-ਕੀਟਾਂ ਅਤੇ ਉਪਜਾਊਪਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਹ ਇਸ ਗੱਲ ਤੋਂ ਅਣਜਾਣ ਨਹੀਂ ਹਨ ਕਿ ਉਹ ਆਪਣੇ ਖੇਤ ਵਿੱਚ ਰਸਾਇਣਾਂ ਦੀ ਵਰਤੋਂ ਕਰਕੇ ਸਾਰੇ ਭੋਜਨ ਨੂੰ ਜ਼ਹਿਰੀਲਾ ਬਣਾ ਰਹੇ ਹਨ। ਇਸ ਦੇ ਇਲਾਵਾ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਨਾ ਕੇਵਲ ਵਾਤਾਵਰਣ ਦੀ ਸਥਿਤੀ ਨੂੰ ਵਿਗਾੜ ਰਹੇ ਹਨ, ਬਲਕਿ ਕਰਜ਼ੇ ਦੇ ਵਾਧੇ ਕਾਰਨ ਵੱਡੇ ਆਰਥਿਕ ਨੁਕਸਾਨ ਦਾ ਵੀ ਸਾਹਮਣਾ ਵੀ ਕਰ ਰਹੇ ਹਨ।” – ਹਰਤੇਜ ਸਿੰਘ ਨੇ ਕਿਹਾ।

ਸ. ਮਹਿਤਾ ਜੀ ਹਮੇਸ਼ਾ ਖੇਤੀ ਦੇ ਲਈ ਕੁਦਰਤੀ ਢੰਗ ਅਪਣਾਉਂਦੇ ਹਨ ਅਤੇ ਜਦੋਂ ਵੀ ਉਨ੍ਹਾਂ ਨੂੰ ਕੁਦਰਤੀ ਖੇਤੀ ਦੇ ਬਾਰੇ ਜਾਣਕਾਰੀ ਦੀ ਲੋੜ ਹੁੰਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਪਿੰਗਲਵਾੜਾ ਸੁਸਾਇਟੀ ਅਤੇ ਐਗਰੀਕਲਚਰ ਹੇਰੀਟੇਜ਼ ਮਿਸ਼ਨ ਨਾਲ ਸੰਪਰਕ ਕਰਦੇ ਹਨ। ਉਹ ਆਮ ਤੌਰ ‘ਤੇ ਗਾਂ ਦੇ ਮੂਤਰ ਅਤੇ ਪਸ਼ੂਆਂ ਦੇ ਗੋਬਰ ਦੀ ਵਰਤੋਂ ਖਾਦ ਬਣਾਉਣ ਲਈ ਕਰਦੇ ਹਨ ਅਤੇ ਇਹ ਮਿੱਟੀ ਦੇ ਲਈ ਵੀ ਵਧੀਆ ਅਤੇ ਵਾਤਾਵਰਣ ਦੇ ਅਨੁਕੂਲ ਵੀ।

ਸ਼੍ਰੀ ਮਹਿਤਾ ਦੇ ਅਨੁਸਾਰ ਕੁਦਰਤੀ ਤਰੀਕੇ ਨਾਲ ਉਗਾਏ ਗਏ ਭੋਜਨ ਦੇ ਉਪਭੋਗ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰੀ ਤਰ੍ਹਾਂ ਤੰਦਰੁਸਤ ਅਤੇ ਰੋਗਾਂ ਤੋਂ ਦੂਰ ਰੱਖਿਆ ਹੈ। ਇਸ ਕਾਰਨ ਸ. ਮਹਿਤਾ ਦਾ ਮੰਨਣਾ ਹੈ ਕਿ ਉਹ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਹਨ ਅਤੇ ਭਵਿੱਖ ਵਿੱਚ ਵੀ ਇਸ ਨੂੰ ਜਾਰੀ ਰੱਖਣਗੇ।

ਸੰਦੇਸ਼
“ਮੈਂ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਹੀ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਪ੍ਰਾਈਵੇਟ ਕੰਪਨੀਆਂ ਦੇ ਬੰਧਨਾਂ ਤੋਂ ਬਾਹਰ ਆਉਣਾ ਚਾਹੀਦਾ ਅਤੇ ਸਮਾਜ ਨੂੰ ਸਿਹਤਮੰਦ ਬਣਾਉਣ ਦੇ ਲਈ ਸਿਹਤਮੰਦ ਭੋਜਨ ਪ੍ਰਦਾਨ ਲਈ ਪ੍ਰਣ ਕਰਨਾ ਚਾਹੀਦਾ ਹੈ।”