ਕਿਵੇਂ ਇਸ B.Tech ਗ੍ਰੈਜੂਏਟ ਨੌਜਵਾਨ ਦੀ ਵੱਧਦੀ ਹੋਈ ਦਿਲਚਸਪੀ ਨੇ ਉਸ ਨੂੰ ਆਪਣੇ ਫੁੱਲ ਟਾਈਮ ਰੁਜ਼ਗਾਰ ਦੇ ਤੌਰ ‘ਤੇ ਖੇਤੀਬਾੜੀ ਨੂੰ ਚੁਣਨ ਲਈ ਪ੍ਰੇ੍ਰਿਤ ਕੀਤਾ
ਮਿਲੋ ਲਵਪ੍ਰੀਤ ਸਿੰਘ ਨਾਲ, ਇਕ ਨੌਜਵਾਨ ਜਿਸ ਦੇ ਹੱਥ ਵਿੱਚ B.Tech. ਦੀ ਡਿਗਰੀ ਹੋਣ ਦੇ ਬਾਵਜੂਦ ਉਸ ਨੇ ਡੈਸਕ ਨੌਕਰੀ ਅਤੇ ਆਰਾਮਦਾਇਕ ਸ਼ਹਿਰੀ ਜੀਵਨ ਜਿਉਣ ਦੀ ਥਾਂ ਪਿੰਡ ਵਿੱਚ ਰਹਿ ਕੇ ਖੁਸ਼ਹਾਲੀ ਹਾਸਿਲ ਕਰਨ ਨੂੰ ਚੁਣਿਆ।
ਸੰਗਰੂਰ ਦੇ ਜ਼ਿਲ੍ਹਾ ਹੈੱਡਕੁਆਰਟਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਭਵਾਨੀਗੜ੍ਹ ਤਹਿਸੀਲ ਵਿੱਚ ਪੈਂਦੇ ਪਿੰਡ ਕਪਿਆਲ ਵਿੱਚ ਲਵਪ੍ਰੀਤ ਸਿੰਘ ਆਪਣੇ ਪਿਤਾ, ਦਾਦਾ ਜੀ, ਮਾਤਾ ਅਤੇ ਭੈਣ ਨਾਲ ਰਹਿੰਦੇ ਹਨ।
2008-09 ਵਿੱਚ ਲਵਪ੍ਰੀਤ ਨੇ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਵੱਧਦੀ ਦਿਲਚਸਪੀ ਕਾਰਨ 1 ਏਕੜ ਦੀ ਜ਼ਮੀਨ ‘ਤੇ ਕਣਕ ਦੀ ਜੈਵਿਕ ਖੇਤੀ ਸ਼ੁਰੂ ਕੀਤੀ, ਬਾਕੀ ਦੀ ਜ਼ਮੀਨ ਹੋਰ ਕਿਸਾਨਾਂ ਨੂੰ ਦੇ ਦਿੱਤੀ ਕਿਉਂਕਿ ਲਵਪ੍ਰੀਤ ਦੇ ਪਰਿਵਾਰ ਲਈ ਖੇਤੀਬਾੜੀ ਆਮਦਨੀ ਦਾ ਮੁੱਖ ਸ੍ਰੋਤ ਕਦੇ ਨਹੀਂ ਸੀ। ਇਸ ਤੋਂ ਇਲਾਵਾ ਲਵਪ੍ਰੀਤ ਦੇ ਪਿਤਾ ਜੀ, ਸ. ਸੰਤਪਾਲ ਸਿੰਘ ਜੀ ਦੁਬਈ ਵਿੱਚ ਜਾ ਵਸੇ ਸਨ ਅਤੇ ਉਨ੍ਹਾਂ ਕੋਲ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਧੀਆ ਨੌਕਰੀ ਅਤੇ ਆਮਦਨੀ ਦੋਨੋਂ ਹੀ ਸਨ।
ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਲਵਪ੍ਰੀਤ ਦੀ ਦਿਲਚਸਪੀ ਹੋਰ ਵਧੀ ਅਤੇ ਮਾਤ-ਭੂਮੀ ਨੇ ਉਸ ਨੂੰ ਵਾਪਸ ਬੁਲਾ ਲਿਆ। ਜਲਦੀ ਹੀ ਡਿਗਰੀ ਪੂਰੀ ਕਰਨ ਦੇ ਬਾਅਦ ਉਸ ਨੇ ਖੇਤੀ ਵੱਲ ਨੂੰ ਵੱਡਾ ਕਦਮ ਚੁੱਕਣ ਬਾਰੇ ਸੋਚਿਆ। ਉਸਨੇ ਪੰਜਾਬ ਐਗਰੋ ਦੁਆਰਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਈ ਅਤੇ ਕਿਸਾਨਾਂ ਤੋਂ ਆਪਣੀ ਜ਼ਮੀਨ ਵਾਪਿਸ ਲੈ ਲਈ।
ਅਗਲੀ ਫ਼ਸਲ ਜਿਸਦੀ ਲਵਪ੍ਰੀਤ ਨੇ ਆਪਣੀ ਜ਼ਮੀਨ ‘ਤੇ ਜੈਵਿਕ ਰੂਪ ਨਾਲ ਖੇਤੀ ਕੀਤੀ ਸੀ, ਉਹ ਸੀ ਹਲਦੀ ਅਤੇ ਨਾਲ ਹੀ ਉਸ ਨੇ ਖੁਦ ਹਲਦੀ ਦੀ ਪ੍ਰੋਸੈਸਿੰਗ ਵੀ ਸ਼ੁਰੂ ਕੀਤੀ। ਉਸਨੇ ਇੱਕ ਏਕੜ ਵਿੱਚ ਹਲਦੀ ਅਤੇ 4 ਏਕੜ ਵਿੱਚ ਕਣਕ-ਝੋਨੇ ਦੀ ਫ਼ਸਲ ਉਗਾਉਣੀ ਸ਼ੁਰੂ ਕੀਤੀ। ਪਰ ਲਵਪ੍ਰੀਤ ਦੇ ਪਰਿਵਾਰ ਨੂੰ ਜੈਵਿਕ ਖੇਤੀ ਨੂੰ ਅਪਣਾਉਣਾ ਪੂਰੀ ਤਰ੍ਹਾਂ ਨਾਲ ਸਵੀਕਾਰ ਨਹੀਂ ਸੀ। 2010 ਵਿੱਚ ਜਦੋਂ ਉਸ ਦੇ ਪਿਤਾ ਦੁਬਈ ਤੋਂ ਵਾਪਿਸ ਆਏ ਤਾਂ ਉਹ ਜੈਵਿਕ ਖੇਤੀ ਦੇ ਖ਼ਿਲਾਫ਼ ਸੀ, ਕਿਉਂਕਿ ਉਹਨਾਂ ਦੇ ਵਿਚਾਰ ਵਿੱਚ ਜੈਵਿਕ ਉਪਜ ਦੀ ਘੱਟ ਉਤਪਾਦਕਤਾ ਸੀ, ਪਰ ਬਹੁਤ ਸਾਰੀਆਂ ਆਲੋਚਨਾਵਾਂ ਅਤੇ ਬੁਰੇ ਸ਼ਬਦਾਂ ਵਿੱਚ ਲਵਪ੍ਰੀਤ ਦੇ ਦ੍ਰਿੜ ਇਰਾਦੇ ਨੂੰ ਹਿਲਾਉਣ ਦੀ ਸ਼ਕਤੀ ਨਹੀਂ ਸੀ।
ਆਪਣੀ ਆਮਦਨ ਨੂੰ ਵਧਾਉਣ ਲਈ ਲਵਪ੍ਰੀਤ ਨੇ ਕਣਕ ਦੀ ਜਗ੍ਹਾ ਵੱਡੇ ਪੈਮਾਨੇ ਤੇ ਹਲਦੀ ਦੀ ਖੇਤੀ ਕਰਨ ਦਾ ਫੈਸਲਾ ਲਿਆ। ਹਲਦੀ ਦੀ ਪ੍ਰੋਸੈਸਿੰਗ ਵਿੱਚ ਉਸ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਕਿਉਂਕਿ ਉਸ ਕੋਲ ਇਸ ਦੀ ਜ਼ਿਆਦਾ ਜਾਣਕਾਰੀ ਅਤੇ ਅਨੁਭਵ ਨਹੀਂ ਸੀ। ਪਰ ਉਹ ਆਪਣੇ ਯਤਨਾਂ ਅਤੇ ਮਾਹਿਰਾਂ ਦੀ ਸਲਾਹ ਨਾਲ ਕਈ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਕਾਬਿਲ ਹੋਇਆ। ਉਸ ਨੇ ਉਤਪਾਦਕਤਾ ਅਤੇ ਫ਼ਸਲ ਦੀ ਗੁਣਵੱਤਾ ਵਧਾਉਣ ਲਈ ਗਾਂ ਅਤੇ ਮੱਝ ਦੇ ਗੋਹੇ ਨੂੰ ਖਾਦ ਦੇ ਰੂਪ ਵਿਚ ਪ੍ਰਯੋਗ ਕਰਨਾ ਸ਼ੁਰੂ ਕੀਤਾ।
ਨਤੀਜਾ ਦੇਖਣ ਤੋਂ ਬਾਅਦ ੳਸ ਦੇ ਪਿਤਾ ਨੇ ਵੀ ਖੇਤੀ ਵਿਚ ਉਸਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਉਨ੍ਹਾਂ ਨੇ ਪੰਜਾਬ ਐਗਰੋ ਤੋਂ ਵੀ ਹਲਦੀ ਪਾਊਡਰ ਦਾ ਜੈਵਿਕ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਅਤੇ ਇਸ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਇਹ ਪ੍ਰਾਪਤ ਹੋ ਜਾਵੇਗਾ। ਵਰਤਮਾਨ ਵਿੱਚ ਉਹ ਪੂਰੀ ਤਰ੍ਹਾਂ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਵਿੱਚ ਜੁਟੇ ਹਨ। ਜਦੋਂ ਵੀ ਉਹਨਾਂ ਨੂੰ ਸਮਾਂ ਮਿਲਦਾ ਹੈ, ਤਾਂ ਉਹ PAU ਦਾ ਦੌਰਾ ਕਰਦੇ ਹਨ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਦੁਆਰਾ ਲਿਖੀਆਂ ਗਈਆਂ ਕਿਤਾਬਾਂ ਪੜ੍ਹਦੇ ਹਨ ਤਾਂ ਕਿ ਉਹਨਾਂ ਦੀ ਖੇਤੀ ਵਿੱਚ ਸਾਕਾਰਾਤਮਕ ਨਤੀਜੇ ਆਉਣ। ਪੰਜਾਬ ਐਗਰੋ ਉਹਨਾਂ ਨੂੰ ਲੋੜੀਂਦੀ ਜਾਣਕਾਰੀ ਦੇ ਕੇ ਮਦਦ ਕਰਦਾ ਹੈ ਅਤੇ ਉਹਨਾਂ ਨੂੰ ਹੋਰ ਅਗਾਂਹਵਧੂ ਕਿਸਾਨਾਂ ਨਾਲ ਮਿਲਾਉਂਦਾ ਹੈ, ਜੋ ਜੈਵਿਕ ਖੇਤੀ ਵਿੱਚ ਕੰਮ ਕਰ ਰਹੇ ਹਨ। ਹਲਦੀ ਤੋਂ ਇਲਾਵਾ ਉਹ ਛੋਟੇ ਪੱਧਰ ‘ਤੇ ਕਣਕ, ਝੋਨੇ, ਮੱਕੀ ਅਤੇ ਬਾਜਰੇ ਦੀ ਖੇਤੀ ਵੀ ਕਰਦੇ ਹਨ।
ਉਹ ਭਵਿੱਖ ਵਿੱਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇੱਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਣ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ।
“ਇੱਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ ਉਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਖੇਤੀ ਬਹੁਤ ਮਹੱਤਵਪੂਰਣ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।“