ਕਰਮਜੀਤ ਸਿੰਘ

ਪੂਰੀ ਸਟੋਰੀ ਪੜ੍ਹੋ

ਬੱਬਨਪੁਰ ਵਿੱਚ ਗੁੜ ਉਤਪਾਦਨ ਨੂੰ ਮੁੜ ਸੁਰਜੀਤ ਕਰਕੇ ਕਿਸਾਨਾਂ ਲਈ ਬਣਿਆ ਇੱਕ ਮਿਲਸਾਲ: ਕਰਮਜੀਤ ਸਿੰਘ

ਕਰਮਜੀਤ ਸਿੰਘ ਉੱਤਰੀ ਭਾਰਤ ਦੇ ਮੱਧ ਵਿੱਚ ਸਥਿਤ ਪਿੰਡ ਬੱਬਨਪੁਰ ਦੇ ਨਿਵਾਸੀ ਹਨ ਜਿਹਨਾਂ ਨੇ ਆਪਣੇ ਸਮਰਪਣ, ਨਵੀਨਤਾ (ਇਨੋਵੇਸ਼ਨ) ਅਤੇ ਗੁਣਵੱਤਾ ਦੇ ਮਾਧਿਅਮ ਨਾਲ ਗੁੜ ਉਤਪਾਦਨ ਅਤੇ ਵਿਕਰੀ ਵਿੱਚ ਕ੍ਰਾਂਤੀ ਲਿਆਂਦੀ ਹੈ। ਗੰਨੇ ਦੀ ਖੇਤੀ ਵਿੱਚ ਪਰਿਵਾਰਕ ਵਿਰਾਸਤ ਨੂੰ ਕਰਮਜੀਤ ਜੀ ਇੱਕ ਨਵੀ ਉੱਚਾਈਆਂ ਤੱਕ ਲੈ ਗਏ ਅਤੇ ਉਹਨਾਂ ਨੇ ਗੁੜ ਦੇ ਨਵੇਂ-ਨਵੇਂ ਉਤਪਾਦ ਤਿਆਰ ਕੀਤੇ ਅਤੇ ਜਿਸ ਦੇ ਬਾਅਦ ਸਰਹੱਦ ਦੇ ਪਾਰ ਵੀ ਆਪਣੇ ਉਤਪਾਦ ਪਹੁੰਚਾਏ। ਅੱਜ, ਕਰਮਜੀਤ ਨਾ ਕੇਵਲ ਨਿਰਯਾਤ ਵਿੱਚ ਉੱਤਮ ਹੋਣ ਦੀ ਇੱਛਾ ਰੱਖਦੇ ਹਨ, ਸਗੋਂ ਸਾਰੇ ਪੰਜਾਬੀ ਪਕਵਾਨਾਂ ਨੂੰ ਪ੍ਰਸਿੱਧ ਕਰਨ ਦੇ ਸੁਪਨੇ ਵੀ ਦੇਖਦੇ ਹਨ। ਉਹਨਾਂ ਦੀ ਸਫਲਤਾ ਦੀ ਕਹਾਣੀ ਬਾਕੀ ਕਿਸਾਨਾਂ ਲਈ ਪ੍ਰੇਰਨਾ ਅਤੇ ਮਾਰਗਦਰਸ਼ਨ ਦਾ ਕੰਮ ਕਰਦੀ ਹੈ।

ਕਰਮਜੀਤ ਸਿੰਘ ਦਾ ਗੁੜ ਉਤਪਾਦਨ ਇੱਕ ਲਾਭਦਾਇਕ ਕਾਰੋਬਾਰ ਸਾਬਿਤ ਹੋਇਆ ਹੈ, ਕਿਉਂਕਿ ਮੰਡੀਆਂ ਵਿੱਚ ਰਵਾਇਤੀ ਫਸਲ ਦੀ ਵਿਕਰੀ ਦੇ ਮੁਕਾਬਲੇ ਉਹਨਾਂ ਦੁਆਰਾ ਤਿਆਰ ਕੀਤੇ ਗਏ ਉਤਪਾਦ ਵਿੱਚ ਜ਼ਿਆਦਾ ਮੁਨਾਫ਼ਾ ਪ੍ਰਾਪਤ ਹੋਇਆ। ਇੱਕ ਸਟੈਂਡਰਡ ਸੈੱਟ-ਅੱਪ ਸਥਾਪਿਤ ਕਰਨ ਲਈ ਲਗਭਗ 18 ਲੱਖ ਰੁਪਏ ਦੇ ਨਿਵੇਸ਼ ਦੀ ਲੋੜ ਹੁੰਦੀ ਹੈ। ਕਰਮਜੀਤ ਜੀ ਨੇ ਆਪਣੀ ਯੋਜਨਾ ਦੇ ਤਹਿਤ 25 ਤੋਂ 30 ਏਕੜ ਵਿੱਚ ਗੰਨੇ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਆਪਣੀ ਸਾਰੀ ਫਸਲ ਗੁੜ ਉਤਪਾਦਨ ਕਰਨ ਵਿੱਚ ਸਮਰਪਿਤ ਕੀਤੀ। ਫਸਲ ਨੂੰ ਮਿੱਲ ਵਿੱਚ ਭੇਜਣ ਦੀ ਬਜਾਏ, ਉਹ ਸਾਰੇ ਕੱਚੇ ਮਾਲ ਨੂੰ ਆਪਣੀ ਖੁਦ ਦੀ ਪ੍ਰੋਸੈਸਿੰਗ ਯੂਨਿਟ ਵਿੱਚ ਭੇਜਦੇ ਹਨ, ਜਿਸ ਨਾਲ ਉਤਪਾਦਾਂ ਅਤੇ ਗੁਣਵੱਤਾ ‘ਤੇ ਪੂਰਾ ਕੰਟਰੋਲ ਹੁੰਦਾ ਹੈ।

ਕਰਮਜੀਤ ਨੇ ਰਵਾਇਤੀ ਫਸਲਾਂ ਦੀ ਵਿਕਰੀ ਦੀ ਤੁਲਨਾ ਵਿੱਚ ਗੁੜ ਉਤਪਾਦਨ ਤੋਂ ਜ਼ਿਆਦਾ ਮੁਨਾਫ਼ਾ ਪ੍ਰਾਪਤ ਕੀਤਾ। ਉਹਨਾਂ ਦੇ ਗੁੜ ਅਤੇ ਉਸ ਤੋਂ ਬਣੇ ਉਤਪਾਦਾਂ ਦੀ ਮੰਗ ਦੇ ਵਾਧੇ ਨੇ ਉਹਨਾਂ ਦੀ ਕੁੱਲ ਆਮਦਨ ਵਿੱਚ 40% ਵਾਧਾ ਕੀਤਾ। ਇਸ ਉੱਦਮੀ ਬਦਲਾਅ ਨੇ ਨਾ ਕੇਵਲ ਉਹਨਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੁੱਕਿਆ, ਬਲਕਿ ਇਲਾਕੇ ਦੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਕਾਇਮ ਕੀਤੀ। ਖੇਤੀਬਾੜੀ ਦੇ ਖੇਤਰ ਵਿੱਚ ਕਰਮਜੀਤ ਜੀ ਦੀ ਸਫ਼ਲਤਾ ਦੀ ਕਹਾਣੀ ਵਿਭਿੰਨਤਾ ਅਤੇ ਮੁੱਲ ਵਾਧੇ ਦੀ ਸੰਭਾਵਨਾ ਨੂੰ ਦਰਸਾਉਂਦੀ ਹੈ।

ਕਰਮਜੀਤ ਜੀ ਦੁਆਰਾ ਗੁੜ ਉਤਪਾਦਨ ਨੂੰ ਪਹਿਲ ਦੇਣ ਅਤੇ ਜ਼ਰੂਰੀ ਬੁਨਿਆਦੀ ਚੀਜ਼ਾਂ ਵਿੱਚ ਨਿਵੇਸ਼ ਕਰਨ ਦਾ ਫੈਸਲਾ ਉਹਨਾਂ ਲਈ ਫਾਇਦੇਮੰਦ ਸਾਬਿਤ ਹੋਇਆ। ਮੰਡੀਆਂ ਵਿੱਚ ਕੱਚਾ ਗੰਨਾ ਵੇਚਣ ਤੋਂ ਮਿਲਣ ਵਾਲੇ ਅਨਿਸ਼ਚਿਤ ਆਮਦਨ ‘ਤੇ ਭਰੋਸਾ ਕਰਨ ਦੀ ਬਜਾਏ ਉਹਨਾਂ ਨੇ ਲਾਭਦਾਇਕ ਗੁੜ ਉਤਪਾਦਨ ਅਤੇ ਉਸਦੇ ਵਿਭਿੰਨ ਉਤਪਾਦਾਂ ਦੇ ਲਈ ਲਾਭਦਾਇਕ ਬਾਜ਼ਾਰ ਵਿੱਚ ਕਦਮ ਰੱਖਿਆ। ਉਹਨਾਂ ਦੇ ਇਸ ਕਦਮ ਨੇ ਨਾ ਕੇਵਲ ਬਿਹਤਰ ਵਿੱਤੀ ਸਥਿਰਤਾ ਬਣਾਈ, ਸਗੋਂ ਕਰਮਜੀਤ ਨੂੰ ਉਦਯੋਗ ਵਿੱਚ ਆਪਣੀ ਪਹਿਚਾਣ ਸਥਾਪਿਤ ਕਰਨ ਵਿੱਚ ਵੀ ਸਮਰੱਥ ਬਣਾਇਆ।

ਗੁੜ ਉਤਪਾਦਨ ਦੇ ਕੰਮ ਵਿੱਚ ਕਰਮਜੀਤ ਜੀ ਦਾ ਸਫ਼ਰ ਉਹਨਾਂ ਦੇ ਦਾਦਾ ਜੀ ਨਾਲ ਸ਼ੁਰੂ ਹੋਇਆ, ਜਿਨ੍ਹਾਂ ਨੇ ਗੰਨੇ ਦੀ ਖੇਤੀ ਸ਼ੁਰੂ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ (ਪੀਏਯੂ) ਤੋਂ ਕਈ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ। ਦਾਦਾ ਜੀ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ, ਕਰਮਜੀਤ ਦੇ ਪਿਤਾ ਨੇ 11 ਸਾਲ ਪਹਿਲਾਂ ਗੰਨੇ ਦੇ ਲਈ ਪ੍ਰੋਸੈਸਿੰਗ ਯੂਨਿਟ ਦੀ ਸਥਾਪਨਾ ਕੀਤੀ, ਜਿਸ ਨੇ ਕਰਮਜੀਤ ਦੇ ਭਵਿੱਖ ਵਿੱਚ ਕਰਨ ਵਾਲੇ ਉੱਦਮ ਦੀ ਨੀਂਹ ਰੱਖੀ।

ਕਰਮਜੀਤ ਜੀ ਨੇ ਆਪਣੇ ਗਿਆਨ ਅਤੇ ਹੁਨਰ ਨੂੰ ਵਧਾਉਣ ਲਈ, ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲਈ ਅਤੇ ਪੀ.ਏ.ਯੂ. ਤੋਂ ਮਾਰਗਦਰਸ਼ਨ ਪ੍ਰਾਪਤ ਕੀਤਾ। ਆਪਣੇ ਹੁਨਰ ਦਾ ਪ੍ਰਯੋਗ ਕਰਕੇ ਉਹਨਾਂ ਨੇ ਗੁੜ ਦੇ ਉਤਪਾਦਨ ਲਈ ਪੰਦਰਾਂ ਤਰ੍ਹਾਂ ਵੱਖ-ਵੱਖ ਉਤਪਾਦ ਪੇਸ਼ ਕੀਤੇ। ਸ਼ੁਰੂਆਤ ਵਿੱਚ, ਕਰਮਜੀਤ ਜੀ ਨੂੰ ਆਪਣੇ ਪਿੰਡ ਦੇ ਭਾਈਚਾਰੇ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਪਰ ਆਪਣੀ ਲਗਨ ਅਤੇ ਉਤਪਾਦਾਂ ਦੀ ਉੱਚ ਗੁਣਵੱਤਾ, ਅੱਪਗ੍ਰੇਡ ਮਸ਼ੀਨਰੀ ਨਾਲ ਕਰਮਜੀਤ ਜੀ ਨੇ ਹੋਲੀ-ਹੋਲੀ ਪਿੰਡ ਵਾਲਿਆਂ ਦਾ ਦਿੱਲ ਜਿੱਤ ਲਿਆ। ਅੱਜ, ਪਿੰਡ ਵਾਸੀ ਨਾ ਕੇਵਲ ਉਹਨਾਂ ਦੇ ਉਤਪਾਦਾਂ ਦੀ ਤਾਰੀਫ ਕਰਦੇ ਹਨ, ਬਲਕਿ ਉਹਨਾਂ ਦੀਆਂ ਪ੍ਰਾਪਤੀਆਂ ‘ਤੇ ਵੀ ਮਾਣ ਕਰਦੇ ਹਨ।

ਮਾਰਕੀਟਿੰਗ ‘ਤੇ ਧਿਆਨ ਕੇਂਦਰਿਤ ਕਰਨ ਦੇ ਨਾਲ-ਨਾਲ ਕਰਮਜੀਤ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਪਣਾਇਆ ਅਤੇ ਕਿਸਾਨ ਮੇਲਿਆਂ ਵਿੱਚ ਹਿੱਸਾ ਲਿਆ, ਜਿਸ ਨੇ ਉਦਯੋਗ ਵਿੱਚ ਉਹਨਾਂ ਦਾ ਨਾਮ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਹਨਾਂ ਸਮਾਗਮਾਂ ਰਾਹੀਂ ਉਹਨਾਂ ਨੇ ਆਪਣੇ ਦੁਆਰਾ ਪੇਸ਼ ਕੀਤੇ ਗਏ ਵਿਭਿੰਨ ਪ੍ਰਕਾਰ ਦੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ, ਜਿਸ ਨਾਲ ਦੂਰ-ਦੂਰ ਤੋਂ ਆਏ ਗਾਹਕ ਆਕਰਸ਼ਿਤ ਹੋਏ। ਉਹਨਾਂ ਦੇ ਗੁੜ ਉਤਪਾਦਾਂ ਨੂੰ ਅੰਤਰਰਾਸ਼ਟਰੀ ਮਾਰਕੀਟ ਵਿੱਚ ਵੀ ਜਗ੍ਹਾ ਮਿਲੀ, ਜਿਹੜਾ ਉਹਨਾਂ ਦੇ ਉੱਦਮੀ ਸਫ਼ਰ ਵਿੱਚ ਇੱਕ ਮਹੱਤਵਪੂਰਨ ਰਾਹ ਬਣਿਆ।

ਕਰਮਜੀਤ ਸਿੰਘ ਨੇ ਗੁੜ ਉਤਪਾਦਨ ਵਿੱਚ ਬੇਮਿਸਾਲ ਪ੍ਰਾਪਤੀਆਂ ਹਾਸਿਲ ਕੀਤੀਆਂ। ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਗਿਆਨ ਅਤੇ ਸਮਰਪਣ ਦੇ ਕਾਰਨ ਅਨੇਕਾਂ ਪੁਰਸਕਾਰ ਪ੍ਰਾਪਤ ਕੀਤੇ, ਜਿਸ ਨਾਲ ਉਹਨਾਂ ਨੂੰ ਪੰਜਾਬ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ ਡੀ ਐਫ ਏ) ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। 2019 ਵਿੱਚ, ਕਰਮਜੀਤ ਜੀ ਦੇ ਸ਼ਾਨਦਾਰ ਯਤਨਾਂ ਨਾਲ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪਹਿਲਾ ਪੁਰਸਕਾਰ ਪ੍ਰਾਪਤ ਹੋਇਆ। ਇਸ ਤੋਂ ਇਲਾਵਾ, ਖੇਤੀ ਦੇ ਤਰੀਕਿਆਂ ਵਿੱਚ ਉਹਨਾਂ ਦੇ ਤਜਰਬੇ ਨੇ ਉਸ ਨੂੰ ਮੁੱਖ ਮੰਤਰੀ ਦੁਆਰਾ ਸਨਮਾਨਿਤ ਬਿਹਤਰੀਨ ਪੰਜ ਕਿਸਾਨਾਂ ਵਿੱਚ ਸ਼ਾਮਲ ਕੀਤਾ। ਉਹਨਾਂ ਦੀ ਪ੍ਰਤਿਭਾ ਨੂੰ ਨੈਸ਼ਨਲ ਡੇਅਰੀ ਰਿਸਰਚ ਇੰਸਟੀਚਿਊਟ (ਐਨ ਡੀ ਆਰ ਆਈ) ਕਰਨਾਲ ਤੋਂ ਪੁਰਸਕਾਰ ਨਾਲ ਮਾਨਤਾ ਮਿਲੀ।

ਕਰਮਜੀਤ ਦੇ ਅੱਗੇ ਵੱਧਣ ਦਾ ਕੰਮ ਡੇਅਰੀ ਫਾਰਮਿੰਗ ‘ਤੇ ਹੀ ਨਹੀਂ ਰੁਕਿਆ। ਖੇਤੀਬਾੜੀ ਲਈ ਉਹਨਾਂ ਦੇ ਜਨੂੰਨ ਨੇ ਆਪਣੇ ਯਤਨਾਂ ਵਿੱਚ ਵਿਭਿੰਨਤਾ ਲਿਆਉਣ ਲਈ ਪ੍ਰੇਰਿਤ ਕੀਤਾ। ਗੰਨੇ ਦੀ ਖੇਤੀ ਤੋਂ ਇਲਾਵਾ, ਉਹ ਆਪਣੀ 25 ਏਕੜ ਜ਼ਮੀਨ ‘ਤੇ ਮੱਕੀ ਅਤੇ ਕਪਾਹ ਦੀ ਖੇਤੀ ਕਰਦੇ ਹਨ। ਕਰਮਜੀਤ ਜੀ ਨੇ ਆਪਣੇ ਗੰਨੇ ਦੇ ਉਤਪਾਦਨ ਦੇ ਉਪ-ਉਤਪਾਦਾਂ ਨੂੰ ਇੱਕ ਕੀਮਤੀ ਸਰੋਤ ਵਜੋਂ ਉਪਯੋਗ ਕੀਤਾ। ਇਸ ਦੀ ਰਹਿੰਦ-ਖੂੰਹਦ ਦਾ ਵੀ ਦੋਹਰੇ ਉਦੇਸ਼ ਲਈ ਵਰਤੋਂ ਕੀਤੀ ਜਾਂਦੀ ਹੈ, ਇਸ ਦੀ ਵਰਤੋਂ ਬਾਲਣ ਸਰੋਤ ਅਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਦੋਨਾਂ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਕਰਮਜੀਤ ਸਿੰਘ ਜੀ ਨੇ ਡੇਅਰੀ ਫਾਰਮਿੰਗ ਵਿੱਚ ਪ੍ਰਸ਼ੰਸਾ ਪੱਤਰ ਵੀ ਪ੍ਰਾਪਤ ਕੀਤੇ। ਵਰਤਮਾਨ ਵਿੱਚ, ਪਸ਼ੂ ਪਾਲਣ ਵਿੱਚ ਉਹਨਾਂ ਕੋਲ ਪੰਜ ਗਾਂਵਾਂ ਅਤੇ ਪੰਜ ਮੱਝਾਂ ਹਨ, ਜੋ ਉਹਨਾਂ ਦੇ ਵੱਧ ਰਹੇ ਖੇਤੀਬਾੜੀ ਉਦਯੋਗ ਵਿੱਚ ਯੋਗਦਾਨ ਪਾਉਂਦੀਆਂ ਹਨ।

ਕਰਮਜੀਤ ਜੀ ਨੂੰ ਕੰਮ ਕਰਦੇ ਸਮੇਂ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਤਪਾਦਾਂ ਦੀ ਗੁਣਵੱਤਾ ਬਣਾਈ ਰੱਖਣ ਲਈ ਇਕਸਾਰਤਾ ਅਤੇ ਉੱਤਮਤਾ ਨੂੰ ਯਕੀਨੀ ਬਣਾਉਣ ਲਈ ਲੇਬਰ ਦੀ ਸਖ਼ਤ ਨਿਗਰਾਨੀ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਆਪਣੇ ਉਤਪਾਦਾਂ ਦੀ ਪ੍ਰਭਾਵੀ ਢੰਗ ਨਾਲ ਮਾਰਕੀਟਿੰਗ ਕਰਨ ਲਈ ਰਚਨਾਤਮਕ ਯੋਜਨਾ ਅਤੇ ਨਿਰੰਤਰ ਰੁਝੇਵਿਆਂ ਦੀ ਲੋੜ ਹੁੰਦੀ ਹੈ। ਹਾਲਾਂਕਿ, ਇਹਨਾਂ ਰੁਕਾਵਟਾਂ ਨੂੰ ਲਗਨ ਅਤੇ ਦ੍ਰਿੜ ਇਰਾਦੇ ਨਾਲ ਪਾਰ ਕੀਤਾ ਅਤੇ ਮਾਰਕੀਟ ਵਿੱਚ ਇੱਕ ਮਜ਼ਬੂਤ ਪਕੜ ਬਣਾਈ।

ਕਰਮਜੀਤ ਦੀ ਕਾਮਯਾਬੀ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਉਹਨਾਂ ਦੇ ਨਜ਼ਰੀਏ, ਸਮਰਪਣ ਅਤੇ ਪਰਿਵਾਰ ਦੇ ਵਿਸ਼ਵਾਸ ਨੇ ਉਹਨਾਂ ਨੂੰ ਸਫ਼ਰ ਵਿੱਚ ਅੱਗੇ ਵਧਣ ਵਿੱਚ ਸਹਾਇਤ ਕੀਤੀ। ਇਸ ਤੋਂ ਇਲਾਵਾ, ਕਰਮਜੀਤ ਦੇ ਬੱਚਿਆਂ ਨੇ ਵੀ ਉਹਨਾਂ ਦੇ ਕੰਮ ਵਿੱਚ ਬਹੁਤ ਦਿਲਚਸਪੀ ਦਿਖਾਈ ਹੈ, ਜਿਸ ਨਾਲ ਉਹਨਾਂ ਦੇ ਭਵਿੱਖ ਦਾ ਮਾਰਗ ਸਾਫ ਹੋਇਆ।

ਕਰਮਜੀਤ ਦਾ ਉਦੇਸ਼ ਆਪਣੇ ਨਿਰਯਾਤ ਵਪਾਰ ਨੂੰ ਵਧਾਉਣਾ ਅਤੇ ਪ੍ਰਮਾਣਿਕ ਪੰਜਾਬੀ ਪਕਵਾਨਾਂ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦਰਿਤ ਕਰਨਾ ਹੈ, ਜਿਸ ਵਿੱਚ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਅਤੇ ਮੱਖਣ ਆਦਿ ਸ਼ਾਮਲ ਹਨ। ਉਹ ਆਪਣੇ ਖੇਤਰ ਦੇ ਪ੍ਰਸਿੱਧ ਉਤਪਾਦਾਂ ਨੂੰ ਦੁਨੀਆ ਦੀ ਹਰ ਜਗ੍ਹਾ ਤੱਕ ਪਹੁੰਚਾਉਣ ਦੀ ਕਲਪਨਾ ਕਰਦੇ ਹਨ। ਇਸ ਤੋਂ ਇਲਾਵਾ, ਕਰਮਜੀਤ ਆਪਣੀ ਬਾਕੀ ਦੀ ਜ਼ਮੀਨ ‘ਤੇ ਮੱਕੀ ਅਤੇ ਕਪਾਹ ਦੀ ਖੇਤੀ ਕਰਦੇ ਹੋਏ ਵਿਭਿੰਨ ਖੇਤੀ ਅਭਿਆਸਾਂ ਵਿੱਚ ਸ਼ਾਮਲ ਹੁੰਦੇ ਰਹਿੰਦੇ ਹਨ।

ਕਿਸਾਨਾਂ ਨੂੰ ਸੁਨੇਹਾ

ਕਰਮਜੀਤ ਜੀ ਗੁੜ ਉਤਪਾਦਨ ਵਿੱਚ ਉੱਦਮ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਮਾਰਗਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ। ਉਹ ਕਿਸਾਨਾਂ ਨੂੰ ਸ਼ੁਰੂਆਤੀ ਉਤਪਾਦਨ ਸਥਾਪਿਤ ਕਰਨ ਤੋਂ ਲੈ ਕੇ ਅੰਤਿਮ ਉਤਪਾਦਾਂ ਦੇ ਮੰਡੀਕਰਨ ਤੱਕ, ਆਪਣੇ ਕੰਮਾਂ ਨੂੰ ਬਾਰੀਕੀ ਨਾਲ ਜਾਨਣ ਲਈ ਪ੍ਰੇਰਿਤ ਕਰਦੇ ਹਨ। ਕਰਮਜੀਤ ਜੀ ਦਾ ਮੰਨਣਾ ਹੈ ਕਿ ਖੇਤੀਬਾੜੀ ਭਾਈਚਾਰੇ ਦਾ ਵਾਧਾ ਅਤੇ ਵਿਕਾਸ ਲਈ ਗਿਆਨ ਅਤੇ ਤਜਰਬਾ ਸਾਂਝਾ ਕਰਨਾ ਜ਼ਰੂਰੀ ਹੈ।

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।