ਮੋਹਨ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਨੇ ਆਪਣੇ ਬਚਪਨ ਦੇ ਸ਼ੋਂਕ, ਜੋ ਕਿ ਖੇਤੀ ਸੀ, ਨੂੰ ਆਪਣੀ ਰਿਟਾਇਰਮੈਂਟ ਤੋਂ ਬਾਅਦ ਪੂਰਾ ਕੀਤਾ

ਜਨੂੰਨ ਇੱਕ ਅਦਭੁੱਤ ਭਾਵਨਾ ਹੈ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਜਜ਼ਬਾ ਹੈ ਜੋ ਕਿ ਇਨਸਾਨ ਨੂੰ ਕੁੱਝ ਵੀ ਕਰਨ ਲਈ ਪ੍ਰੇਰਿਤ ਕਰ ਸਕਦਾ ਹੈ। ਮੋਹਨ ਸਿੰਘ ਜੀ ਦੇ ਬਾਰੇ ਪਤਾ ਚੱਲਣ ‘ਤੇ ਜਨੂੰਨ ਨਾਲ ਜੁੜੀ ਹਰ ਸਕਾਰਾਤਮਕ ਭਾਵਨਾ ਸੱਚੀ ਪ੍ਰਤੀਤ ਹੁੰਦੀ ਹੈ ਪਿਛਲੇ 2 ਸਾਲ ਤੋਂ ਇਹ ਰਿਟਾਇਰ ਵਿਅਕਤੀ – ਮੋਹਨ ਸਿੰਘ, ਆਪਣਾ ਹਰ ਇੱਕ ਪਲ ਬਚਪਨ ਦੇ ਸ਼ੌਂਕ ਨੂੰ ਪੂਰਾ ਕਰਨ ਵਿੱਚ ਲਗਾ ਰਹੇ ਹਨ।

ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ BCAM ਦੀ ਸੇਵਾ ਕਰਨ ਤੋਂ ਬਾਅਦ ਮੋਹਨ ਸਿੰਘ ਅਖ਼ੀਰ (ਅੰਤ) 2015 ਵਿੱਚ ਸੰਸਥਾ ਤੋਂ ਬਤੌਰ ਜਨਰਲ ਮੈਨੇਜਰ ਸੇਵਾ ਮੁਕਤ ਹੋਏ ਅਤੇ ਫਿਰ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ, ਜਿਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਕਈ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਵਿੱਚ ਰਹਿ ਗਈ ਸੀ।

ਉਹ ਇੱਕ ਪੜ੍ਹੇ ਲਿਖੇ ਵਿਅਕਤੀ ਹਨ, ਉਨ੍ਹਾਂ ਦੇ ਪਿਤਾ ਫੌਜੀ ਸਨ। ਮੋਹਨ ਸਿੰਘ ਕਦੇ ਵੀ ਰੁਜ਼ਗਾਰ ਦੀ ਚੋਣ ਤੱਕ ਸੀਮਿਤ ਨਹੀਂ ਸਨ, ਉਨ੍ਹਾਂ ਕੋਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਜ਼ਾਦੀ ਸੀ। ਆਪਣੇ ਬਚਪਨ ਦੇ ਸਾਲਾਂ ਵਿੱਚ ਮੋਹਨ ਸਿੰਘ ਨੂੰ ਖੇਤੀ ਨੇ ਇੰਨਾ ਪ੍ਰਭਾਵਿਤ ਕੀਤਾ ਕਿ ਇਸ ਦੇ ਬਾਰੇ ਉਹ ਖੁਦ ਹੀ ਨਹੀਂ ਜਾਣਦੇ ਸਨ।

ਵੱਡੇ ਹੋਣ ਤੇ, ਮੋਹਨ ਸਿੰਘ ਅਕਸਰ ਆਪਣੇ ਪਰਿਵਾਰ ਦੇ ਛੋਟੇ ਜਿਹੇ 5 ਏਕੜ ਦੇ ਫਾਰਮ ‘ਤੇ ਜਾਂਦੇ ਸਨ, ਜਿਸ ਦੀ ਵਰਤੋਂ ਉਨ੍ਹਾਂ ਦਾ ਪਰਿਵਾਰ ਘਰੇਲੂ ਮੰਤਵ ਲਈ ਕਣਕ, ਝੋਨਾ ਅਤੇ ਕੁੱਝ ਮੌਸਮੀ ਸਬਜ਼ੀਆਂ ਉਗਾਉਣ ਲਈ ਕਰਦੇ ਸਨ। ਪਰ ਜਦੋਂ ਹੀ ਉਹ ਵੱਡੇ ਹੋਏ ਤਾਂ ਉਨ੍ਹਾਂ ਦੀ ਜ਼ਿੰਦਗੀ ਹੋਰ ਵੀ ਗੁੰਝਲਦਾਰ ਹੋ ਗਈ, ਜਿਵੇਂ ਕਿ ਪਹਿਲਾਂ ਸਿੱਖਿਆ ਪ੍ਰਣਾਲੀ, ਨੌਕਰੀ ਦੀ ਜ਼ਿੰਮੇਵਾਰੀ ਅਤੇ ਬਾਅਦ ਵਿੱਚ ਪਰਿਵਾਰ ਦੀ ਜ਼ਿੰਮੇਵਾਰੀ।

2015 ਵਿੱਚ ਰਿਟਾਇਰ ਹੋਣ ਤੋਂ ਬਾਅਦ ਮੋਹਨ ਸਿੰਘ ਨੇ ਪ੍ਰਕਾਸ਼ ਆਇਰਨ ਫਾਊਂਡਰੀ, ਆਗਰਾ ਵਿੱਚ ਪਾਰਟ ਟਾਈਮ ਸਲਾਹਕਾਰ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ। ਉਹ ਇੱਕ ਮਹੀਨੇ ਵਿੱਚ ਇੱਕ ਜਾਂ ਦੋ ਵਾਰ ਉੱਥੇ ਜਾਂਦੇ ਹਨ। 2015 ਵਿੱਚ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਛਾ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਉਨ੍ਹਾਂ ਨੇ ਕਾਲੇ ਪਿਆਜ਼ ਅਤੇ ਮਿਰਚ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਨੇ ਇਹ ਕੰਮ ਮਿੱਟੀ ਦੇ 100 ਬੈੱਡਾਂ ਨਾਲ ਸ਼ੁਰੂ ਕੀਤਾ ਅਤੇ ਇਸ ਖੇਤਰ ਨੂੰ ਹੌਲੀ-ਹੌਲੀ 200 ਮਿੱਟੀ ਦੇ ਬੈੱਡਾਂ ਤੱਕ ਵਧਾ ਦਿੱਤਾ ਅਤੇ ਫਿਰ ਉਨ੍ਹਾਂ ਨੇ ਇਸ ਨੂੰ 1 ਏਕੜ ਵਿੱਚ 1,000 ਮਿੱਟੀ ਦੇ ਬੈੱਡਾਂ ਤੱਕ ਫੈਲਾ ਲਿਆ। ਉਨ੍ਹਾਂ ਨੇ ਸੜਕਾਂ ਦੇ ਸਟਾਲ ਲਗਾ ਕੇ ਆਪਣੇ ਉਤਪਾਦਾਂ ਦਾ ਮੰਡੀਕਰਨ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਵਧੀਆ ਹੁੰਗਾਰਾ ਮਿਲਿਆ, ਜਿਸ ਨਾਲ ਉਨ੍ਹਾਂ ਨੂੰ ਸਬਜ਼ੀਆਂ ਦੀ ਨਰਸਰੀ ਤਿਆਰ ਕਰਨ ਲਈ ਪ੍ਰੇਰਨਾ ਮਿਲੀ। ਉਨ੍ਹਾਂ ਆਪਣੇ ਉੱਦਮ ਨੂੰ ਅਗਲੇ ਪੱਧਰ ਤੱਕ ਲਿਜਾਣ ਲਈ ਇੱਕ ਵਿਅਕਤੀ ਨਾਲ ਕਾਂਟਰੈੱਕਟ ਫਾਰਮਿੰਗ ਸ਼ੁਰੂ ਕੀਤੀ, ਜਿਸ ਵਿੱਚ ਉਨ੍ਹਾਂ ਨੇ ਮਿਰਚ ਦੀ ਪਿਛੇਤੀ ਕਿਸਮ ਉਗਾਉਣੀ ਸ਼ੁਰੂ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਜ਼ਿਆਦਾ ਲਾਭ ਹੋਇਆ।

ਕਾਲੇ ਪਿਆਜ਼ ਦੀ ਫ਼ਸਲ ਮੁੱਖ ਫ਼ਸਲ ਹੈ ਜੋ ਕਿ ਪਿਆਜ਼ ਦੀਆਂ ਪੁਰਾਣੀਆਂ ਕਿਸਮਾਂ ਦੀ ਤੁਲਨਾ ਵਿੱਚ ਉਨ੍ਹਾਂ ਨੂੰ ਜ਼ਿਆਦਾ ਲਾਭ ਦਿੰਦੀ ਹੈ, ਕਿਉਂਕਿ ਇਸ ਦੇ ਗਲਣ ਦੀ ਅਵਧੀ ਘੱਟ ਹੈ ਅਤੇ ਇਸ ਦੀ ਸਟੋਰੇਜ਼ ਕਰਨ ਦੀ ਸਮਰੱਥਾ ਜ਼ਿਆਦਾ। ਕੁੱਝ ਮਜ਼ਦੂਰਾਂ ਦੀ ਮਦਦ ਨਾਲ ਉਹ ਆਪਣੇ ਪੂਰੇ ਫਾਰਮ ਨੂੰ ਸੰਭਾਲਦੇ ਹਨ ਅਤੇ ਇਸ ਦੇ ਨਾਲ ਪ੍ਰਕਾਸ਼ ਆਇਰਨ ਫਾਉਂਡਰੀ ਵਿੱਚ ਸਲਾਹਕਾਰ ਦੇ ਤੌਰ ‘ਤੇ ਵੀ ਕੰਮ ਕਰਦੇ ਹਨ। ਉਨ੍ਹਾਂ ਕੋਲ ਸਾਰੀਆਂ ਆਧੁਨਿਕ ਤਕਨੀਕਾਂ ਹਨ, ਜਿਹੜੀਆਂ ਉਨ੍ਹਾਂ ਨੇ ਆਪਣੇ ਫਾਰਮ ‘ਤੇ ਲਾਗੂ ਕੀਤੀਆਂ ਹਨ, ਜਿਵੇਂ ਟ੍ਰੈਕਟਰ, ਹੈਰੋ, ਟਿੱਲਰ ਅਤੇ ਲੈਵਲਰ ਆਦਿ।

ਹਾਲਾਂਕਿ, ਮੋਹਨ ਸਿੰਘ ਦਾ ਸਫ਼ਰ ਖੇਤੀ ਦੇ ਖੇਤਰ ਵਿੱਚ ਕੁੱਝ ਸਮੇਂ ਪਹਿਲਾਂ ਸ਼ੁਰੂ ਹੋਇਆ, ਪਰ ਗੁਣਵੱਤਾ ਵਾਲੇ ਬੀਜ ਅਤੇ ਜੈਵਿਕ ਖਾਦ ਦਾ ਸਹੀ ਢੰਗ ਨਾਲ ਵਰਤੋਂ ਕਰ ਕੇ ਉਨ੍ਹਾਂ ਨੇ ਸਫ਼ਲਤਾ ਅਤੇ ਸੰਤੁਸ਼ਟੀ ਦੋਨੋਂ ਹੀ ਪ੍ਰਾਪਤ ਕੀਤੀਆਂ।

ਵਰਤਮਾਨ ਵਿੱਚ ਮੋਹਨ ਸਿੰਘ ਮੋਹਾਲੀ ਦੇ ਆਪਣੇ ਪਿੰਡ ਦੇਵੀਨਗਰ ਅਬਰਾਵਾਂ ਵਿੱਚ ਇੱਕ ਸੁਖੀ ਕਿਸਾਨ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਭਵਿੱਖ ਵਿੱਚ ਸਥਾਈ ਖੇਤੀਬਾੜੀ ਕਰਨ ਲਈ ਖੇਤੀਬਾੜੀ ਦੇ ਖੇਤਰ ਵਿੱਚ ਆਪਣੀ ਪਹੁੰਚ ਨੂੰ ਵਧਾ ਰਹੇ ਹਨ।

ਮੋਹਨ ਸਿੰਘ ਲਈ ਉਨ੍ਹਾਂ ਦੀ ਪਤਨੀ, ਵਧੀਆ ਸੈੱਟਲ ਦੋ ਪੁੱਤਰ (ਇੱਕ ਪਸ਼ੂਆਂ ਦਾ ਡਾਕਟਰ ਅਤੇ ਦੂਜਾ ਇਲੈਕਟ੍ਰੋਨਿਕਸ ਖੇਤਰ ਵਿੱਚ ਸਫ਼ਲਤਾਪੂਰਵਕ ਕੰਮ ਕਰ ਰਿਹਾ ਹੈ), ਨੂੰਹਾਂ ਅਤੇ ਪੋਤੇ-ਪੋਤੀਆਂ, ਖੇਤੀ ਕਦੇ ਬੋਝ ਨਹੀਂ ਬਣੇ, ਉਹ ਖੇਤੀਬਾੜੀ ਨੂੰ ਖੁਸ਼ੀ ਨਾਲ ਕਰਦੇ ਹਨ। ਉਨ੍ਹਾਂ ਕੋਲ 3 ਮੁੱਰ੍ਹਾ ਮੱਝਾਂ ਹਨ ਜੋ ਘਰੇਲੂ ਮੰਤਵ ਲਈ ਰੱਖੀਆਂ ਹਨ ਅਤੇ ਉਨ੍ਹਾਂ ਦਾ ਪੁੱਤਰ, ਜੋ ਕਿ ਇੱਕ ਪਸ਼ੂਆਂ ਦਾ ਡਾਕਟਰ ਹੈ, ਉਹ ਦੇਖਭਾਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਦਾ ਹੈ।

ਸੰਦੇਸ਼
“ਕਿਸਾਨਾਂ ਨੂੰ ਨਵੇਂ ਵਾਤਾਵਰਣ ਪੱਖੀ ਤਕਨੀਕਾਂ ਅਪਨਾਉਣੀਆਂ ਚਾਹੀਦੀਆਂ ਹਨ ਅਤੇ ਸਬਸਿਡੀ ‘ਤੇ ਨਿਰਭਰ ਰਹਿਣ ਦੀ ਬਜਾਏ ਉਨ੍ਹਾਂ ਗਰੁੱਪਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਜੋ ਉਨ੍ਹਾਂ ਦੀ ਖੇਤੀਬਾੜੀ ਦੇ ਖੇਤਰ ਵਿੱਚ ਮਦਦ ਕਰ ਸਕਣ। ਜੇਕਰ ਉਹ ਦੁੱਗਣਾ ਲਾਭ ਕਮਾਉਣਾ ਚਾਹੁੰਦੇ ਹਨ ਅਤੇ ਫ਼ਸਲੀ ਨੁਕਸਾਨ ਦਾ ਪ੍ਰਬੰਧਨ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਫ਼ਸਲਾਂ ਦੀ ਖੇਤੀ ਦੇ ਨਾਲ-ਨਾਲ ਆਧੁਨਿਕ ਖੇਤੀ ਗਤੀਵਿਧੀਆਂ ਅਪਨਾਉਣੀਆਂ ਚਾਹੀਦੀਆਂ ਹਨ।”

ਇਹ ਬਜ਼ੁਰਗ ਰਿਟਾਇਰਡ ਵਿਅਕਤੀ ਲੱਖਾਂ ਨੌਜਵਾਨਾਂ ਲਈ ਇੱਕ ਮਿਸਾਲ ਹੈ, ਜੋ ਸ਼ਹਿਰ ਦੀ ਚਮਕ ਦੇਖ ਕੇ ਉਲਝੇ ਹੋਏ ਹਨ।