ਮਾਲਵਿੰਦਰ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਪੜ੍ਹੇ ਲਿਖੇ ਨੌਜਵਾਨ ਨੇ ਸਾਬਿਤ ਕੀਤਾ ਕਿ ਆਰਗੈਨਿਕ ਖੇਤੀ ਕਰਕੇ ਵੀ ਮੁਨਾਫ਼ਾ ਲਿਆ ਜਾ ਸਕਦਾ ਹੈ

ਜ਼ਿਆਦਾਤਰ ਇਸ ਦੁਨੀਆਂ ਵਿੱਚ ਕੋਈ ਵੀ ਕਿਸੇ ਦੁਆਰਾ ਬੋਲੀ ਗਈ ਗੱਲ ਉੱਤੇ ਅਮਲ ਨਹੀਂ ਕਰਦਾ ਬੇਸ਼ੱਕ ਉਹ ਗੱਲ ਸਾਡੇ ਭਲਾਈ ਲਈ ਹੀ ਕੀਤੀ ਜਾਵੇ ਪਰ ਉਸ ਦਾ ਅਹਿਸਾਸ ਬਹੁਤ ਸਮੇਂ ਬਾਅਦ ਜਾ ਕੇ ਹੁੰਦਾ ਹੈ, ਪਰ ਕਿਸੇ ਦੁਆਰਾ ਇੱਕ ਛੋਟੀ ਜਿਹੀ ਹਾਸੇ ਵਿੱਚ ਹੀ ਬੋਲੀ ਗਈ ਗੱਲ ਉੱਤੇ ਅਮਲ ਕਰਕੇ ਆਪਣੇ ਖੇਤੀ ਦੇ ਤਰੀਕੇ ਨੂੰ ਬਦਲ ਲੈਣਾ, ਕਿਸੇ ਨੇ ਸੋਚਿਆ ਨਹੀਂ ਸੀ ਅਤੇ ਕੀ ਪਤਾ ਇੱਕ ਦਿਨ ਉਹ ਉਸਦੀ ਕਾਮਯਾਬੀ ਦਾ ਤਾਜ ਬਣ ਕੇ ਸਿਰ ‘ਤੇ ਸਜ ਜਾਵੇਗਾ।

ਇਸ ਸਟੋਰੀ ਦੇ ਰਾਹੀਂ ਜਿਨ੍ਹਾਂ ਦੀ ਗੱਲ ਕਰਨ ਜਾ ਰਹੇ ਹਨ ਉਨ੍ਹਾਂ ਨੇ ਆਰਗੈਨਿਕ ਖੇਤੀ ਦੇ ਤਰੀਕੇ ਨੂੰ ਅਪਣਾ ਕੇ ਅਤੇ ਫ਼ੂਡ ਪ੍ਰੋਸੈਸਿੰਗ ਕਰਕੇ ਮੰਡੀਕਰਨ ਵਿੱਚ ਅਜਿਹੀ ਕ੍ਰਾਂਤੀ ਲੈ ਕੇ ਆਏ ਕਿ ਗ੍ਰਾਹਕਾਂ ਦੇ ਮੂੰਹੋਂ ਹਮੇਸ਼ਾਂ ਹੀ ਉਨ੍ਹਾਂ ਦੇ ਉਤਪਾਦਾਂ ਦੀ ਪ੍ਰਸੰਸਾ ਕੀਤੀ ਗਈ, ਜੋ ਕਿ ਉਦੋਂ ਮਾਲਵਿੰਦਰ ਸਿੰਘ ਜੋ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਉਨ੍ਹਾਂ ਵੱਲੋਂ ਇੱਕ ਛੋਟੇ ਪੱਧਰ ‘ਤੇ ਸ਼ੁਰੂ ਕੀਤਾ ਕਾਰੋਬਾਰ ਸੀ ਜੋ ਅੱਜ ਪੂਰੇ ਪੰਜਾਬ, ਚੰਡੀਗੜ੍ਹ,ਹਰਿਆਣਾ ਅਤੇ ਦਿੱਲੀ ਵਿੱਚ ਵੱਡੇ ਪੱਧਰ ‘ਤੇ ਫੈਲ ਗਿਆ ਹੈ।

ਅੱਜ ਕੱਲ ਦੀ ਇਸ ਭੱਜਦੌੜ ਦੀ ਦੁਨੀਆਂ ਵਿੱਚ ਬਿਮਾਰ ਹੋਣਾ ਇੱਕ ਆਮ ਜਿਹੀ ਗੱਲ ਹੋ ਗਈ ਹੈ ਇਸ ਦੌਰਾਨ ਹੀ ਮਾਲਵਿੰਦਰ ਜੀ ਜਦੋਂ ਛੋਟੇ ਹੁੰਦੇ ਬਿਮਾਰ ਹੋਏ ਜਿਸ ਦਾ ਕਾਰਨ ਅਲਰਜੀ ਸੀ ਤਾਂ ਉਹਨਾਂ ਦੇ ਪਿਤਾ ਦਵਾਈ ਲੈਣ ਦੇ ਲਈ ਡਾਕਟਰ ਕੋਲ ਗਏ ਤਾਂ ਡਾਕਟਰ ਨੇ ਦਵਾਈ ਦੇ ਕੇ ਅੱਗੋਂ ਕਿਹਾ ਕਿ “ਭਾਈ, ਕੀਟਨਾਸ਼ਕਾਂ ਸਪਰੇਆਂ ਦੀ ਵਰਤੋਂ ਨੂੰ ਘਟਾਓ, ਜੇਕਰ ਬਿਮਾਰੀਆਂ ਤੋਂ ਰਾਹਤ ਪਾਉਣੀ ਹੈ।” ਇਹ ਗੱਲ ਸੁਣ ਕੇ ਮਾਲਵਿੰਦਰ ਦੇ ਪਿਤਾ ਜੀ ਦੇ ਮਨ ਵਿੱਚ ਗੱਲ ਇਸ ਤਰ੍ਹਾਂ ਬੈਠ ਗਈ ਕਿ ਉਨ੍ਹਾਂ ਨੇ ਸਪਰੇਆਂ ਦੀ ਵਰਤੋਂ ਕਰਨੀ ਹੀ ਬੰਦ ਕਰ ਦਿੱਤੀ।

ਉਸ ਤੋਂ ਬਾਅਦ ਉਹ ਬਿਨਾਂ ਸਪਰੇਅ ਤੋਂ ਖੇਤੀ ਕਰਨ ਲੱਗੇ ਜਿਸ ਵਿੱਚ ਕਣਕ, ਬਾਸਮਤੀ, ਸਰਸੋਂ ਅਤੇ ਦਾਲਾਂ ਜੋ ਕਿ ਇੱਕ ਏਕੜ ਵਿੱਚ ਕਰਦੇ ਸਨ, ਜੋ 2014 ਵਿੱਚ ਪੂਰੀ ਤਰ੍ਹਾਂ ਜੈਵਿਕ ਹੋ ਗਈ ਅਤੇ ਇਸ ਤਰ੍ਹਾਂ ਖੇਤੀ ਕਰਦੇ ਬਹੁਤ ਸਮਾਂ ਹੋ ਗਿਆ ਸੀ ਤੇ ਸਾਲ 2014 ਵਿੱਚ ਹੀ ਮਾਲਵਿੰਦਰ ਦੇ ਪਿਤਾ ਜੀ ਸਵਰਗ ਸਿਧਾਰ ਗਏ ਜਿਸ ਦਾ ਮਾਲਵਿੰਦਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੀ ਦੁੱਖ ਹੋਇਆ ਕਿਉਂਕਿ ਹਰ ਸਮੇਂ ਪਰਛਾਈ ਬਣ ਕੇ ਨਾਲ ਰਹਿਣ ਵਾਲਾ ਹੱਥ ਸਿਰ ਤੋਂ ਸਦਾ ਦੇ ਲਈ ਉੱਠ ਗਿਆ ਸੀ ਅਤੇ ਘਰ ਦੀ ਜ਼ਿੰਮੇਵਾਰੀ ਸੰਭਾਲਣ ਵਾਲੇ ਉਨ੍ਹਾਂ ਦੇ ਪਿਤਾ ਜੀ ਸਨ, ਉਸ ਸਮੇਂ ਮਾਲਵਿੰਦਰ ਆਪਣੀ ਪੜ੍ਹਾਈ ਕਰ ਰਹੇ ਸਨ।

ਜਦੋਂ ਇਹ ਘਟਨਾ ਵਾਪਰੀ ਤਾਂ ਮਾਲਵਿੰਦਰ ਜੀ ਨੂੰ ਕੋਈ ਖਿਆਲ ਨਹੀਂ ਸੀ ਕਿ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਨੂੰ ਹੀ ਸੰਭਾਲਣੀ ਪੈਣੀ ਹੈ, ਜਦੋਂ ਥੋੜੇ ਸਮੇਂ ਬਾਅਦ ਘਰ ਵਿੱਚ ਮਾਹੌਲ ਸਹੀ ਹੋਇਆ ਤਾਂ ਮਾਲਵਿੰਦਰ ਨੇ ਮਹਿਸੂਸ ਕੀਤਾ ਅਤੇ ਪੜ੍ਹਾਈ ਦੇ ਨਾਲ-ਨਾਲ ਖੇਤੀ ਦੇ ਵਿੱਚ ਆ ਗਏ ਅਤੇ ਘੱਟ ਸਮੇਂ ਵਿੱਚ ਹੀ ਖੇਤੀ ਨੂੰ ਚੰਗੀ ਤਰ੍ਹਾਂ ਜਾਣ ਕੇ ਕੰਮ ਕਰਨ ਲੱਗੇ ਜੋ ਕਿ ਬਹੁਤ ਹੌਂਸਲੇ ਵਾਲੀ ਗੱਲ ਹੈ, ਇਸ ਦੌਰਾਨ ਖੇਤੀ ਸੰਬੰਧੀ ਰਿਸਰਚ ਕਰਦੇ ਰਹਿੰਦੇ ਸਨ ਕਿਉਂਕਿ ਇੱਕ ਪੜ੍ਹਿਆ-ਲਿਖਿਆ ਨੌਜਵਾਨ ਜਦੋਂ ਖੇਤੀ ਦੇ ਵਿੱਚ ਆਉਂਦਾ ਹੈ ਤਾਂ ਉਹ ਕੁਝ ਨਾ ਕੁਝ ਤਬਦੀਲੀ ਲੈ ਕੇ ਹੀ ਆਵੇਗਾ। ਮਾਲਵਿੰਦਰ ਨੇ ਉਂਝ ਤਾਂ ਪੜ੍ਹਾਈ ਵਿੱਚ ਬੀ ਏ, ਐੱਮ ਏ, ਐੱਮ ਫਿੱਲ ਕੀਤੀ ਹੋਈ ਹੈ।

ਮਾਲਵਿੰਦਰ ਜੀ ਜਦੋਂ ਰਿਸਰਚ ਕਰਦੇ ਸਨ ਇਸ ਦੌਰਾਨ ਉਨ੍ਹਾਂ ਨੂੰ ਫ਼ੂਡ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨ ਦਾ ਖਿਆਲ ਆਇਆ ਪਰ ਉਸਨੂੰ ਅਮਲੀ ਰੂਪ ਵਿੱਚ ਲੈ ਕੇ ਨਹੀਂ ਆ ਰਹੇ ਸਨ। ਉਨ੍ਹਾਂ ਕੋਲ ਕੁੱਲ 30 ਏਕੜ ਜ਼ਮੀਨ ਅਤੇ ਉਹ 2 ਭਰਾ ਹਨ, ਉਸ ਸਮੇਂ ਜਦੋਂ ਉਨ੍ਹਾਂ ਨੇ ਖੇਤੀ ਨੂੰ ਸੰਭਾਲਿਆ ਸੀ ਉਦੋਂ ਉਹ ਇੱਕ ਏਕੜ ਵਿੱਚ ਹੀ ਸਪਰੇਅ ਰਹਿਤ ਹੀ ਖੇਤੀ ਕਰਦੇ ਸਨ ਜਿਸ ਵਿੱਚ ਉਹ ਸਿਰਫ ਆਪਣੇ ਘਰ ਲਈ ਹੀ ਉਗਾ ਰਹੇ ਸਨ ਪਰ ਕਦੇ ਵੀ ਮਾਰਕੀਟਿੰਗ ਕਰਨ ਬਾਰੇ ਸੋਚਿਆ ਨਹੀਂ ਸੀ।

ਇਸ ਤਰ੍ਹਾਂ ਹੀ ਖੇਤੀ ਕਰਦੇ ਉਨ੍ਹਾਂ ਨੂੰ 5 ਸਾਲ ਹੋ ਗਏ ਸਨ ਤੇ ਉਸ ਤੋਂ ਬਾਅਦ ਸੋਚਿਆ ਕਿ ਹੁਣ ਕੀਤੀ ਹੋਈ ਰਿਸਰਚ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਦਾ ਸਮਾਂ ਆ ਗਿਆ ਹੈ, ਕਿਉਂਕਿ 2014 ਵਿੱਚ ਉਹ ਪੂਰੀ ਤਰ੍ਹਾਂ ਆਰਗੈਨਿਕ ਖੇਤੀ ਕਰਨ ਲੱਗ ਗਏ ਸਨ, ਬੇਸ਼ੱਕ ਉਹ ਪਹਿਲਾ ਵੀ ਸਪਰੇਅ ਰਹਿਤ ਖੇਤੀ ਕਰਦੇ ਸਨ ਪਰ ਹੁਣ ਪੂਰੀ ਤਰ੍ਹਾਂ ਆਰਗੈਨਿਕ ਤਰੀਕਿਆਂ ਨਾਲ ਹੀ ਖੇਤੀ ਕਰ ਰਹੇ ਸਨ। ਮਾਲਵਿੰਦਰ ਨੇ ਸੋਚਿਆ ਕਿ ਜੇਕਰ ਆਰਗੈਨਿਕ ਦਾਲਾਂ, ਹਲਦੀ, ਕਣਕ ਅਤੇ ਬਾਸਮਤੀ ਦੀ ਪ੍ਰੋਸੈਸਿੰਗ ਕਰਕੇ ਵੇਚਿਆ ਜਾਵੇ ਤਾਂ ਇਸ ਸੰਬੰਧਿਤ ਦੇਰੀ ਨਾ ਕਰਦੇ ਹੋਏ ਸਾਰੇ ਉਤਪਾਦ ਤਿਆਰ ਕਰ ਲਏ ਕਿਉਂਕਿ ਅੱਜ ਕੱਲ ਬਿਮਾਰੀਆਂ ਨੇ ਘਰ-ਘਰ ਵਿੱਚ ਰਾਜ ਕਰ ਲਿਆ ਹੈ ਜਿਸ ਕਰਕੇ ਹਰ ਕੋਈ ਸਾਫ, ਸ਼ੁੱਧ ਅਤੇ ਦੇਸੀ ਖਾਣਾ ਚਾਹੁੰਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਹੀ ਮਾਲਵਿੰਦਰ ਦੀ ਸਭ ਤੋਂ ਮਹੱਤਵਪੂਰਨ ਧਾਰਨਾ ਸੀ ਪਰ ਇਸ ਲਈ ਉਸ ਤਰ੍ਹਾਂ ਦੇ ਇਨਸਾਨ ਵੀ ਜ਼ਰੂਰੀ ਸਨ ਜਿਨ੍ਹਾਂ ਨੂੰ ਇਹਨਾਂ ਸਭ ਉਤਪਾਦਾਂ ਦੀ ਅਹਿਮੀਅਤ ਬਾਰੇ ਪਤਾ ਹੋਵੇ।

ਫਿਰ ਮਾਲਵਿੰਦਰ ਨੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਲਈ ਇੱਕ ਅਜਿਹਾ ਰਸਤਾ ਸੋਚਿਆ ਕਿ ਜਿਸ ਨਾਲ ਉਸ ਬਾਰੇ ਸਭ ਨੂੰ ਪਤਾ ਚੱਲ ਸਕੇ ਜੋ ਸੋਸ਼ਲ ਮੀਡਿਆ ਸੀ ਉੱਥੇ ਉਨ੍ਹਾਂ ਨੇ ਨੀਲੋਵਾਲੀਆ ਨੈਚੂਰਲ ਫਾਰਮ ਨਾਮ ਤੋਂ ਪੇਜ ਬਣਾਇਆ ਅਤੇ ਉਤਪਾਦ ਦੀਆਂ ਫੋਟੋ ਖਿੱਚ ਕੇ ਪਾਉਣ ਲੱਗ ਗਏ ਤੇ ਬਹੁਤ ਲੋਕ ਉਨ੍ਹਾਂ ਨਾਲ ਜੁੜਨ ਲੱਗੇ ਪਰ ਕਿਸੇ ਨੇ ਵੀ ਪਹਿਲ ਨਾ ਕੀਤੀ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਗੱਲ ਕੀਤੀ ਜੋ ਸ਼ਹਿਰ ਵਿੱਚ ਰਹਿੰਦੇ ਸਨ। ਉਨ੍ਹਾਂ ਨਾਲ ਹੋਰ ਵੀ ਬਹੁਤ ਲੋਕ ਜੁੜੇ ਹੋਏ ਸਨ ਜੋ ਕਿ ਹਮੇਸ਼ਾਂ ਚੰਗੇ ਉਤਪਾਦਾਂ ਦੀ ਮੰਗ ਕਰਦੇ ਸਨ ਜੋ ਕਿ ਮਾਲਵਿੰਦਰ ਲਈ ਬਹੁਤ ਬੜੀ ਸਫਲਤਾ ਸੀ। ਇਸ ਵਿੱਚ ਸਾਰੇ ਜਾਣ-ਪਹਿਚਾਣ ਵਾਲਿਆਂ ਨੇ ਪੂਰਾ ਸਾਥ ਦਿੱਤਾ ਜਿਸ ਤਰ੍ਹਾਂ ਹੌਲੀ-ਹੌਲੀ ਕਰਕੇ ਉਨ੍ਹਾਂ ਦੇ ਇੱਕ-ਇੱਕ ਉਤਪਾਦ ਦੀ ਮਾਰਕੀਟਿੰਗ ਹੋਣ ਲੱਗ ਗਈ, ਜਿਸ ਨਾਲ ਬੇਸ਼ੱਕ ਉਨ੍ਹਾਂ ਦੇ ਮਾਰਕੀਟਿੰਗ ਦਾ ਕੰਮ ਚਲ ਪਿਆ ਸੀ ਅਤੇ ਇਸ ਦੌਰਾਨ ਉਹ ਪੜ੍ਹਾਈ ਵੀ ਨਾਲ-ਨਾਲ ਕਰ ਰਹੇ ਸਨ ਅਤੇ ਜਦੋਂ ਕਾਲਜ ਜਾਂਦੇ ਸਨ ਉੱਥੇ ਹਮੇਸ਼ਾਂ ਹੀ ਉਨ੍ਹਾਂ ਦੇ ਪ੍ਰੋਫੈਸਰ ਮਾਲਵਿੰਦਰ ਨਾਲ ਗੱਲਬਾਤ ਕਰਦੇ ਅਤੇ ਫਿਰ ਉਹ ਆਪਣੇ ਆਰਗੈਨਿਕ ਉਤਪਾਦਾਂ ਬਾਰੇ ਉਨ੍ਹਾਂ ਨੂੰ ਦੱਸਣ ਲੱਗ ਜਾਂਦੇ ਜਿਸ ਨਾਲ ਉਨ੍ਹਾਂ ਦੇ ਉਤਪਾਦ ਪ੍ਰੋਫੈਸਰ ਵੀ ਲੈਣ ਲੱਗੇ ਅਤੇ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗ ਗਿਆ।

ਇਸ ਤੋਂ ਮਾਲਵਿੰਦਰ ਨੇ ਸੋਚਿਆ ਕਿ ਕਿਉਂ ਨਾ ਸ਼ਹਿਰ ਦੇ ਲੋਕਾਂ ਨਾਲ ਮੀਟਿੰਗ ਕਰਕੇ ਆਪਣੇ ਉਤਪਾਦਾਂ ਬਾਰੇ ਜਾਣੂ ਕਰਵਾਇਆ ਜਾਵੇ ਜਿਸ ਵਿੱਚ ਉਨ੍ਹਾਂ ਦੇ ਪ੍ਰੋਫੈਸਰ, ਰਿਸ਼ਤੇਦਾਰਾਂ ਅਤੇ ਦੋਸਤਾਂ ਦੁਆਰਾ ਜੋ ਚੰਗੇ ਤਰੀਕੇ ਨਾਲ ਉਨ੍ਹਾਂ ਨੂੰ ਜਾਣਦੇ ਸਨ ਮੀਟਿੰਗ ਬੁਲਾ ਲਈ। ਜਦੋਂ ਉਨ੍ਹਾਂ ਨੇ ਆਪਣੇ ਉਤਪਾਦਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਤਾਂ ਇੱਕ-ਇੱਕ ਉਤਪਾਦ ਕਰਕੇ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ।

ਇਸ ਤਰ੍ਹਾਂ ਕਰਦੇ ਸਾਲ 2016 ਦੇ ਅਖੀਰ ਤੱਕ ਮਾਲਵਿੰਦਰ ਨੇ ਆਪਣੇ ਨਾਲ ਪੱਕੇ ਗ੍ਰਾਹਕ ਜੋੜ ਲਏ ਜੋ ਕਿ ਤਕਰੀਬਨ 80 ਦੇ ਕਰੀਬ ਹਨ ਅਤੇ ਹਮੇਸ਼ਾਂ ਹੀ ਉਨ੍ਹਾਂ ਤੋਂ ਸਾਮਾਨ ਲੈਂਦੇ ਹਨ ਅਤੇ ਨਾਲ ਹੀ ਉਨ੍ਹਾਂ ਨੇ ਆਪਣੇ ਖੇਤੀ ਦੇ ਵਿੱਚ ਵੀ ਵਾਧਾ ਕਰ ਦਿੱਤਾ ਇੱਕ ਏਕੜ ਤੋਂ ਸ਼ੁਰੂ ਕੀਤੀ ਖੇਤੀ ਨੂੰ 3 ਏਕੜ ਦੇ ਵਿੱਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨੀ ਜਲਦੀ ਪ੍ਰਸਾਰ ਹੋਇਆ ਕਿ ਜਿੱਥੇ ਉਹ ਇੱਕ ਉਤਪਾਦ ਖਰੀਦਦੇ ਸਨ ਉੱਥੇ ਹੀ ਉਨ੍ਹਾਂ ਦੇ ਹੋਰ ਉਤਪਾਦ ਦੀ ਵੀ ਵਿਕਰੀ ਹੋਣ ਲੱਗ ਗਈ।

2016 ਵਿੱਚ ਮਾਲਵਿੰਦਰ ਜੀ ਕਾਮਯਾਬ ਹੋਏ ਅਤੇ ਉਸ ਸਮੇਂ ਉਨ੍ਹਾਂ ਨੇ 2018 ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਜਿਸ ਦੀ ਬਹੁਤ ਜ਼ਿਆਦਾ ਮੰਗ ਹੈ।

ਸਾਲ 2021 ਤੱਕ ਆਉਂਦੇ-ਆਉਂਦੇ ਉਨ੍ਹਾਂ ਨੇ 3 ਏਕੜ ਦੀ ਖੇਤੀ ਨੂੰ 8 ਏਕੜ ਵਿੱਚ ਫੈਲਾ ਦਿੱਤਾ ਜਿਸ ਵਿੱਚ ਘਰ ਵਿੱਚ ਹਰ ਇੱਕ ਵਰਤੋਂ ਵਿੱਚ ਆਉਣ ਵਾਲਿਆਂ ਵਸਤਾਂ ਉਗਾਉਣ ਲੱਗੇ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਕਰਦੇ ਹਨ। ਇਸ ਦੌਰਾਨ ਇੱਕ ਟਰਾਲੀ ਵੀ ਤਿਆਰ ਕੀਤੀ ਹੋਈ ਹੈ ਜੋ ਕਿ ਪੂਰੀ ਤਰ੍ਹਾਂ ਪੋਸਟਰ ਲਗਾ ਕੇ ਸਜਾਈ ਹੋਈ ਹੈ ਅਤੇ ਇਸ ਦੇ ਨਾਲ ਇੱਕ ਕਿਸਾਨ ਹੱਟ ਵੀ ਖੋਲੀ ਹੋਈ ਹੈ ਜਿੱਥੇ ਸਾਰਾ ਸ਼ੁੱਧ, ਸਾਫ ਅਤੇ ਆਰਗੈਨਿਕ ਸਾਮਾਨ ਰੱਖਿਆ ਹੋਇਆ ਹੈ, ਉਨ੍ਹਾਂ ਨੇ ਪ੍ਰੋਸੈਸਿੰਗ ਕਰਨ ਦੇ ਲਈ ਮਸ਼ੀਨਾਂ ਰੱਖੀਆਂ ਹੋਈਆਂ ਹਨ ਅਤੇ ਉਤਪਾਦ ਦੀ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਨੀਲੋਵਾਲੀਆ ਨੈਚੂਰਲ ਫਾਰਮ ਨਾਮ ਤੋਂ ਵੇਚ ਰਹੇ ਹਨ।

ਜਿਸ ਨਾਲ ਜੋ ਕੰਮ ਉਨ੍ਹਾਂ ਨੇ ਪਹਿਲਾ ਛੋਟੇ ਪੱਧਰ ‘ਤੇ ਸ਼ੁਰੂ ਕੀਤਾ ਸੀ ਉਸ ਦੇ ਚਰਚੇ ਹੁਣ ਪੂਰੇ ਪੰਜਾਬ ਵਿੱਚ ਹਨ ਅਤੇ ਪੜ੍ਹੇ-ਲਿਖੇ ਇਸ ਨੌਜਵਾਨ ਨੇ ਸਾਬਿਤ ਕੀਤਾ ਕਿ ਖੇਤੀ ਕੇਵਲ ਖੇਤਾਂ ਵਿੱਚ ਮਿੱਟੀ ਨਾਲ ਮਿਲਣਾ ਹੀ ਨਹੀਂ, ਸਗੋਂ ਮਿੱਟੀ ਵਿਚੋਂ ਨਿਕਲ ਕੇ ਲੋਕਾਂ ਸਾਹਮਣੇ ਨਿਖਾਰ ਕੇ ਸਾਹਮਣੇ ਲੈ ਕੇ ਆਉਣਾ ਅਤੇ ਉਸਨੂੰ ਰੋਜ਼ਗਾਰ ਬਣਾਉਣਾ ਹੀ ਖੇਤੀ ਹੈ।

ਭਵਿੱਖ ਦੀ ਯੋਜਨਾ

ਉਹ ਖੇਤੀ ਵਿੱਚ ਹਰ ਇੱਕ ਚੀਜ਼ ਦਾ ਤਜ਼ੁਰਬਾ ਕਰਨਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਚੈਨਲ ਬਣਾਉਣਾ ਚਾਹੁੰਦੇ ਹਨ ਜਿਸ ਨਾਲ ਉਹ ਆਪਣੇ ਅਤੇ ਨਾਲ ਦੇ ਕਿਸਾਨਾਂ ਦੀ ਸਾਰੀ ਉਪਜ ਆਪ ਮੰਡੀਕਰਨ ਕਰਕੇ ਵੇਚ ਸਕਣ ਅਤੇ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਮਿਲ ਸਕੇ।

ਸੰਦੇਸ਼

ਖੇਤੀ ਬੇਸ਼ੱਕ ਕਰੋ ਪਰ ਉਹ ਕਰੋ ਜਿਸ ਨਾਲ ਕਿਸੇ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ ਅਤੇ ਜੇਕਰ ਹੋ ਸਕਦਾ ਹੈ ਤਾਂ ਆਰਗੈਨਿਕ ਖੇਤੀ ਨੂੰ ਹੀ ਪਹਿਲ ਦੇਵੇ ਜੇਕਰ ਹੱਸਦੀ-ਵੱਸਦੀ ਇਸ ਦੁਨੀਆ ਨੂੰ ਦੇਖਣਾ ਚਾਹੁੰਦੇ ਹਨ ਅਤੇ ਕੋਸ਼ਿਸ਼ ਕਰਦੇ ਰਹੋ ਕੀ ਆਪਣੀ ਫ਼ਸਲ ਖੁਦ ਮੰਡੀਕਰਨ ਕਰਕੇ ਵੇਚ ਸਕਣ।

ਕਰਨਬੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਅੰਨਦਾਤਾ ਫੂਡਜ਼ ਦੇ ਨਾਮ ਤੋਂ ਕਿਸਾਨ ਹੱਟ ਚਲਾਉਣ ਵਾਲਾ ਇਹ ਅਗਾਂਹਵਧੂ ਕਿਸਾਨ

ਅੱਜ ਦਾ ਸਮਾਂ ਅਜਿਹਾ ਹੈ ਜਿੱਥੇ ਹਰ ਕੋਈ ਦੂਜੇ ਬਾਰੇ ਨਹੀਂ ਆਪਣੇ ਫਾਇਦੇ ਬਾਰੇ ਜ਼ਿਆਦਾ ਚਿੰਤਿਤ ਰਹਿੰਦੇ ਹਨ ਪਰ ਉਹਨਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਹੁੰਦਾ ਹੈ, ਜਿਸ ਨਾਲ ਉਹ ਦੂਜਿਆਂ ਦੇ ਭਲੇ ਬਾਰੇ ਸੋਚਦਾ ਅਤੇ ਕਰਦਾ ਵੀ ਹੈ ਅਤੇ ਅਜਿਹੇ ਇਨਸਾਨ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਇਸ ਗੱਲ ਨੂੰ ਸਹੀ ਸਾਬਿਤ ਕਰਨ ਵਾਲੇ ਕਰਨਬੀਰ ਸਿੰਘ ਜੋ ਪਿੰਡ ਸਾਫੂਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ MSC ਫ਼ੂਡ ਤਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਨੌਕਰੀ ਛੱਡ ਕੇ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਵਿੱਚ ਸਫਲ ਹੋ ਕੇ ਦਿਖਾਇਆ।

ਸਾਲ 2014 ਦੀ ਗੱਲ ਹੈ ਜਦੋਂ ਕਰਨਬੀਰ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ ਤੇ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ ਉੱਥੇ ਕੀ ਦੇਖਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਤੋਂ ਘੱਟ ਕੀਮਤ ‘ਤੇ ਵਸਤਾਂ ਲੈ ਕੇ ਉਹਨਾਂ ਨੂੰ ਵੱਧ ਕੀਮਤਾਂ ‘ਤੇ ਵੇਚਿਆ ਜਾ ਰਿਹਾ ਹੈ ਅਤੇ ਜਿਸ ਬਾਰੇ ਕਿਸਾਨਾਂ ਨੂੰ ਥੋੜੀ ਬਹੁਤ ਵੀ ਜਾਣਕਾਰੀ ਨਹੀਂ ਸੀ। ਬਹੁਤ ਸਮਾਂ ਉਹ ਇਸ ਤਰ੍ਹਾਂ ਹੀ ਦੇਖੀ ਗਏ ਪਰ ਉਹਨਾਂ ਨੇ ਮਨ ਨੂੰ ਇਹ ਗੱਲ ਬਿਲਕੁੱਲ ਚੰਗੀ ਨਹੀਂ ਲੱਗੀ ਕਿਉਂਕਿ ਜੋ ਉਗਾਉਂਦੇ ਹਨ ਉਹ ਕਮਾ ਨਹੀਂ ਰਹੇ ਸਨ ਅਤੇ ਜੋ ਕਮਾ ਰਹੇ ਸਨ ਉਹ ਪਹਿਲਾ ਹੀ ਵੱਡੇ ਘਰਾਣਿਆਂ ਦੇ ਮਾਲਿਕ ਸਨ।

ਇਹ ਸਭ ਦੇਖ ਕੇ ਕਰਨਬੀਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਆਖਿਰ ਕਰਨਬੀਰ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਖੁਦ ਆ ਕੇ ਘਰ ਖੇਤੀ ਤੇ ਪ੍ਰੋਸੈਸਿੰਗ ਕਰਨ ਲੱਗਾ। ਕਰਨਬੀਰ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਖੇਤੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਕਰਨਬੀਰ ਦੇ ਲਈ ਫਾਇਦੇਮੰਦ ਗੱਲ ਇਹ ਸੀ ਕਿ ਕਰਨਬੀਰ ਦੇ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਪੀ ਏ ਯੂ, ਲੁਧਿਆਣਾ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਜੋ ਸਮੇਂ-ਸਮੇਂ ‘ਤੇ ਹੋਰਨਾਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹਾਂ ਦਿੰਦੇ ਰਹਿੰਦੇ ਸਨ।

ਫਿਰ ਕਰਨਬੀਰ ਨੇ ਆਪਣੇ ਪਿਤਾ ਦੇ ਦੱਸੇ ਰਸਤੇ ਉੱਤੇ ਚੱਲਦੇ ਹੋਏ ਖੇਤੀ ਮਾਹਿਰਾਂ ਵੱਲੋਂ ਦੱਸੇ ਗਏ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਤਰ੍ਹਾਂ ਦੀ ਫਸਲਾਂ ਦੀ ਕਾਸ਼ਤ ਕਰਨ ਸ਼ੁਰੂ ਕਰ ਦਿੱਤੀ। ਫਿਰ ਕਰਨਬੀਰ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਫਸਲ ਪੱਕ ਕੇ ਤਿਆਰ ਹੋਵੇਗੀ ਤਾਂ ਇਸਦੀ ਮਾਰਕੀਟਿੰਗ ਕਿਸ ਤਰ੍ਹਾਂ ਕੀਤੀ ਜਾਵੇਗੀ।

ਫਿਰ ਕਰਨਬੀਰ ਨੇ ਮਾਰਕੀਟਿੰਗ ਕਰਨ ਦਾ ਇੱਕ ਤਰੀਕਾ ਸੋਚਿਆ ਕਿ ਕਿਉਂ ਨਾ ਪਹਿਲਾ ਛੋਟੇ ਪੱਧਰ ਤੋਂ ਮਾਰਕੀਟਿੰਗ ਕਰਨ ਸ਼ੁਰੂ ਕੀਤੀ ਜਾਵੇ, ਉਸ ਤੋਂ ਬਾਅਦ ਜਦੋਂ ਕਰਨਬੀਰ ਕੀਤੇ ਪਿੰਡ ਤੋਂ ਬਾਹਰ ਜਾਂਦਾ ਤਾਂ ਆਪਣੇ ਨਾਲ ਪ੍ਰੋਸੈਸਿੰਗ ਕੀਤੀਆਂ ਆਪਣੀਆਂ ਵਸਤਾਂ ਨਾਲ ਲੈ ਜਾਂਦਾ ਜਿੱਥੇ ਛੋਟੇ-ਛੋਟੇ ਸਮੂਹਾਂ ਦੇ ਲੋਕਾਂ ਦਾ ਇਕੱਠ ਦਿਖਦਾ ਸੀ ਉੱਥੇ ਜਾ ਕੇ ਫਿਰ ਕਰਨਬੀਰ ਆਪਣੇ ਉਤਪਾਦਾਂ ਬਾਰੇ ਦੱਸਦਾ ਅਤੇ ਉਤਪਾਦ ਵੇਚ ਕੇ ਆਉਂਦਾ। ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਅਤੇ ਸ਼ਿਵ ਪ੍ਰੀਤ ਬਾਖੂਬੀ ਨਿਭਾ ਰਹੇ ਹਨ।

ਫਿਰ ਉਨ੍ਹਾਂ ਨੇ ਇਸ ਤੋਂ ਬਾਅਦ ਥੋੜੇ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ ਅਤੇ 2016 ਦੇ ਵਿੱਚ “ਫਰੈਂਡਜ਼ ਟ੍ਰੇਡਿੰਗ” ਨਾਮ ਤੋਂ ਇੱਕ ਕੰਪਨੀ ਰਜਿਸਟਰਡ ਕਰਵਾਈ ਅਤੇ ਟ੍ਰੇਡਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਆਪਣੀ ਫਸਲ ਤਾਂ ਮਾਰਕੀਟ ਲੈ ਕੇ ਜਾਂਦੇ ਹੀ ਸਨ ਉੱਥੇ ਨਾਲ ਹੀ ਹੋਰਨਾਂ ਕਿਸਾਨਾਂ ਦੀ ਫਸਲ ਨੂੰ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ, ਜੋ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਗਾਈਆਂ ਗਈਆਂ ਸਨ। ਇਸ ਤਰੀਕੇ ਨਾਲ ਉਗਾਈ ਗਈ ਫਸਲ ਦੀ ਪੈਦਾਵਾਰ ਉੱਚ ਤੇ ਵਧੀਆ ਹੋਣ ਕਰਕੇ ਫਸਲ ਦੀ ਬਹੁਤ ਮੰਗ ਹੋਈ ਜਿਸ ਨਾਲ ਕਰਨਬੀਰ ਨੂੰ ਅਤੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਮੁਨਾਫ਼ਾ ਹੋਇਆ। ਜਿਸ ਨਾਲ ਬਹੁਤ ਖੁਸ਼ ਹੋਏ।

ਇਸ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਪ੍ਰੋਫੈਸਰ ਰਮਨਦੀਪ ਸਿੰਘ ਜੀ ਨਾਲ ਹੋਈ ਜੋ ਕਿ ਹਰ ਇੱਕ ਕਿਸਾਨ ਦੀ ਬੜੀ ਸ਼ਿੱਦਤ ਦੇ ਨਾਲ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਮਾਰਕੀਟਿੰਗ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਦੇ ਰਹਿੰਦੇ ਹਨ ਅਤੇ ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਫਿਰ ਮਾਰਕੀਟਿੰਗ ਕਰਨ ਦਾ ਤਰੀਕਾ ਬਦਲਣ ਬਾਰੇ ਸੋਚਿਆ।

ਤਾਂ ਦਿਮਾਗ ਵਿੱਚ ਆਇਆ ਕਿ ਜੇਕਰ ਪੈਦਾ ਕੀਤੀ ਜਿਣਸ ਦੀ ਮੁੱਢਲੇ ਪੱਧਰ ਤੇ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕੀਤੀ ਜਾਵੇ ਤਾਂ ਕੀ ਪਤਾ ਇਸ ਤੋਂ ਵਧੀਆ ਹੁੰਗਾਰਾ ਮਿਲ ਸਕਦਾ ਹੈ। ਬਸ ਫਿਰ ਕੀ ਸੀ ਉਨ੍ਹਾਂ ਨੇ ਮੁੱਢਲੇ ਪੱਧਰ ‘ਤੇ ਜਿਨ੍ਹਾਂ ਫਸਲਾਂ ਦੀ ਪ੍ਰੋਸੈਸਿੰਗ ਹੋ ਸਕਦੀ ਸੀ ਕਰਕੇ ਵੇਚਣ ਸ਼ੁਰੂ ਕਰ ਦਿੱਤਾ ਜਿਸ ਦੀ ਸ਼ੁਰੂਆਤ ਉਹਨਾਂ ਨੇ ਕਿਸਾਨ ਮੇਲਿਆਂ ਤੋਂ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ।

ਫਿਰ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਜਾਰੀ ਰੱਖਣ ਲਈ ਇੱਕ ਕਿਸਾਨ ਹੱਟ ਖੋਲਣ ਬਾਰੇ ਸੋਚਿਆ ਜਿੱਥੇ ਕਿ ਇੱਕ ਹੀ ਜਗ੍ਹਾਂ ਹੀ ਉਹਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਅਤੇ ਕਿਸਾਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਦਾ ਸਮਾਨ ਰੱਖ ਕੇ ਵੇਚਿਆ ਜਾ ਸਕੇ, ਜਿਸ ਦਾ ਸਿੱਧਾ ਮੁਨਾਫ਼ਾ ਕਿਸਾਨ ਦੇ ਖਾਤੇ ਵਿੱਚ ਹੀ ਪਵੇ ਨਾ ਕਿ ਵਿਚੋਲਿਆਂ ਦੇ ਹੱਥ ਅਤੇ ਜਿਸ ਨਾਲ ਇੱਕ ਤਾਂ ਉਸਦੀ ਮਾਰਕੀਟ ਬਣੀ ਰਹੇਗੀ ਅਤੇ ਦੂਜਾ ਲੋਕਾਂ ਨੂੰ ਵਧੀਆ ਤੇ ਸਾਫ-ਸਫਾਈ ਵਾਲੀ ਵਸਤਾਂ ਮਿਲਦੀਆਂ ਰਹਿਣਗੀਆਂ।

ਫਿਰ 2019 ਦੇ ਵਿੱਚ ਕਰਨਬੀਰ ਨੇ ਅੰਨਦਾਤਾ ਫੂਡਸ ਨਾਮ ਤੋਂ ਬਰੈਂਡ ਰਜਿਸਟਰਡ ਕਰਵਾ ਕੇ ਮੋਗਾ ਸ਼ਹਿਰ ਵਿਚ ਆਪਣੀ ਕਿਸਾਨ ਹੱਟ ਖੋਲ ਲਈ ਤੇ ਪ੍ਰੋਸੈਸਿੰਗ ਕੀਤਾ ਸਮਾਨ ਰੱਖ ਦਿੱਤਾ। ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਚੱਲਦਾ ਗਿਆ, ਉਸ ਤਰ੍ਹਾਂ ਹੀ ਲੋਕ ਹੌਲੀ-ਹੌਲੀ ਉਨ੍ਹਾਂ ਦੀ ਹੱਟ ਤੋਂ ਸਮਾਨ ਲੈਣ ਆਉਂਦੇ ਰਹੇ ਅਤੇ ਲੋਕਾਂ ਲਈ ਉਹ ਵਸਤਾਂ ਮਨਪਸੰਦ ਬਣ ਗਈਆਂ।

ਜਿਸ ਵਿੱਚ ਬਾਕੀ ਕਿਸਾਨਾਂ ਦੁਆਰਾ ਪ੍ਰੋਸੈਸਿੰਗ ਕੀਤਾ ਸਮਾਨ ਜਿਵੇਂ ਸ਼ਹਿਦ, ਦਾਲਾਂ, GSC 7 ਕਨੌਲ਼ਾ ਸਰਸੋਂ ਦਾ ਤੇਲ, ਛੋਲੇ ਆਦਿ ਬਹੁਤ ਵਸਤਾਂ ਰੱਖ ਕੇ ਵੇਚਦੇ ਹਨ।

ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਪ੍ਰਸਾਰ ਹੋਇਆ ਅਤੇ ਲੋਕ ਉਨ੍ਹਾਂ ਨੂੰ ਅੰਨਦਾਤਾ ਫੂਡਜ਼ ਨਾਮ ਤੋਂ ਜਾਨਣ ਲੱਗ ਗਏ। ਇਸ ਤਰ੍ਹਾਂ 2019 ਵਿੱਚ ਉਹ ਸਫਲ ਹੋਏ ਜਿਸ ਵਿੱਚ ਜ਼ਿਆਦਾ ਸਫਲਤਾ ਦਾ ਸਿਹਰਾ GSC 7 ਕਨੌਲ਼ਾ ਸਰਸੋਂ ਤੇਲ ਨੂੰ ਜਾਂਦਾ ਹੈ ਕਿਉਂਕਿ ਤੇਲ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਬਹੁਤ ਵਾਰ ਮੰਗ ਨੂੰ ਪੂਰਾ ਕਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹ ਤੇਲ ਬਾਕੀਆਂ ਤੇਲ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਇਸ ਤੇਲ ਵਿੱਚ ਬਹੁਤ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਨੂੰ ਮੁਨਾਫ਼ਾ ਤਾਂ ਹੁੰਦਾ ਹੀ ਹੈ ਪਰ ਉਹਨਾਂ ਨਾਲ ਹੋਰਾਂ ਕਿਸਾਨਾਂ ਨੂੰ ਵੀ ਮੁਨਾਫ਼ਾ ਹੋ ਰਿਹਾ ਹੈ।

ਮੇਰਾ ਮੰਨਣਾ ਇਹ ਹੈ ਜੇਕਰ ਅਸੀਂ ਕਿਸਾਨ ਅਤੇ ਗ੍ਰਾਹਕ ਵਿੱਚੋਂ ਵਿਚੋਲੇ ਨੂੰ ਕੱਢ ਦੇਈਏ ਤਾਂ ਹਰ ਇਨਸਾਨ ਵਧੀਆ ਤੇ ਸਾਫ-ਸਫਾਈ ਦੀ ਵਸਤੂ ਖਾ ਸਕਦਾ ਹੈ ਦੂਸਰਾ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਮੁੱਲ ਵੀ ਮਿਲ ਜਾਵੇਗਾ- ਕਰਨਬੀਰ ਸਿੰਘ

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਕਿਸਾਨਾਂ ਦਾ ਸਮੂਹ ਬਣਾ ਕੇ ਓਹੀ ਫਸਲਾਂ ਉਗਾਈਏ ਜਿਨ੍ਹਾਂ ਦੀ ਖਪਤ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ।

ਸੰਦੇਸ਼

ਜੇਕਰ ਕੋਈ ਕਿਸਾਨ ਖੇਤੀ ਕਰਦਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਖੇਤੀ ਮਾਹਿਰਾਂ ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ ‘ਤੇ ਚੱਲ ਕੇ ਹੀ ਰੇਆਂ-ਸਪਰੇਆਂ ਦੀ ਵਰਤੋਂ ਕਰਨ ਜਿੰਨੀ ਫਸਲ ਨੂੰ ਵੱਧਣ-ਫੁੱਲਣ ਲਈ ਲੋੜੀਂਦੀ ਚਾਹੀਦੀ ਹੁੰਦੀ ਹੈ।