ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।